ਸਿਵਾਗ, ਸਿਆਗ ਤੇ ਸਮਾਘ ਇਕੋ ਗੋਤ ਹੈ। ਵੱਖ-ਵੱਖ ਖੇਤਰਾਂ ਵਿੱਚ ਉੱਚਾਰਨ ਵਿੱਚ ਫਰਕ ਪੈ ਗਿਆ ਹੈ। ਐਚ. ਏ. ਰੋਜ਼ ਆਪਣੀ ਪੁਸਤਕ ਵਿੱਚ ਸਵਾਗ ਨੂੰ ਖੋਖਰਾਂ ਦੀ ਇੱਕ ਸ਼ਾਖ ਮੰਨਦਾ ਹੈ। ਇਹ ਛੋਟਾ ਜਿਹਾ ਫਿਰਕਾ ਪਹਿਲਾਂ ਮੀਆਂਵਾਲੀ ਖੇਤਰ ਵਿੱਚ ਰਹਿੰਦਾ ਸੀ। ਇਸ ਕਬੀਲੇ ਦਾ ਇੱਕ ਮੁਖੀਆ ਸਾਗੋ ਡੇਰਾ ਗਾਜ਼ੀਖਾਨ ਦੇ ਇਲਾਕੇ ਹਾਜੀਪੁਰ ਤੋਂ ਉੱਠ ਕੇ ਦਰਿਆ ਸਿੰਧ ਦੇ ਪੂਰਬੀ ਖੇਤਰ ਵਿੱਚ ਵਸ ਗਿਆ। ਇਕ ਬਲੋਚੀ ਹਾਕਮ ਨੇ ਉਸ ਨੂੰ ਸ਼ੇਰ ਕਾਬੂ ਕਰਨ ਲਈ ਆਖਿਆ। ਸ਼ੇਰ ਦੀਆਂ ਵਾਗਾਂ ਪਕੜਨ ਕਰਕੇ ਉਸਨੂੰ ਸਿੰਹ ਵਾਗ ਕਹਿਣ ਲੱਗ ਪਏ। ਸਿੰਹ ਵਾਗ ਸ਼ਬਦ ਹੌਲੀ-ਹੌਲੀ ਬਦਲਕੇ ਸਿਵਾਗ ਬਣ ਗਿਆ। ਇਹ ਇਕ ਮਿਥਿਹਾਸਕ ਘਟਨਾ ਹੈ। ਪਹਿਲਾਂ ਪਹਿਲ ਸਵਾਗ ਆਪਣੇ ਸਿਰ ਦੇ ਵਾਲ ਨਹੀਂ ਕੱਟਦੇ ਸਨ । ਮੀਆਂ ਸਰੋਈ ਦੇ ਪ੍ਰਭਾਵ ਕਾਰਨ ਕੁਝ ਸਵਾਗ ਸ਼ੀਆ ਮੁਸਲਮਾਨ ਬਣ ਗਏ ਅਤੇ ਮੀਆਂ ਅਖਵਾਉਣ ਲੱਗ ਪਏ ਸਨ।
ਕੁਝ ਮੁਸਲਮਾਨਾਂ ਤੋਂ ਤੰਗ ਆ ਕੇ ਪੰਜਾਬ ਦੇ ਦੱਖਣੀ ਮਾਲਵੇ ਵਿੱਚ ਘੱਗਰ ਨਾਲੀ ਵੱਲ ਆ ਗਏ। ਕੁੱਝ ਘੱਗਰ ਪਾਰ ਕਰਕੇ ਸਿਰਸਾ, ਹਿਸਾਰ, ਰੋਹਤਕ ਤੇ ਗੁੜਗਾਵਾਂ ਵੱਲ ਚਲੇ ਗਏ। ਕੁਝ ਮੇਰਠ ਤੇ ਮੁਜ਼ਫਰ ਨਗਰ ਵਲ ਚਲੇ ਗਏ। ਬਹੁਤੇ ਬੀਕਾਨੇਰ ਖੇਤਰ ਵਿੱਚ ਆਬਾਦ ਹੋ ਗਏ। ਬੀਕਾਨੇਰ ਵਿੱਚ ਸੂਹੀ ਖੇਤਰ ਵਿੱਚ ਸਿਵਾਗਾਂ ਦਾ ਪਰਜਾਤੰਤਰੀ ਰਾਜ ਸੀ। ਚੌਖਾ ਸਿਆਗ ਇਨ੍ਹਾਂ ਦਾ ਰਾਜਾ ਸੀ। ਸਿਆਗ ਰਾਜਿਆਂ ਦੀ ਮੇਵਾੜ ਖੇਤਰ ਵਿੱਚ ਕੋਟ ਖੋਖਰ ਰਾਜਧਾਨੀ ਸੀ । ਬੀਰਾਗਣਾ ਤੇ ਧੀਰਾਗਣਾ ਆਦਿ ਇਨ੍ਹਾਂ ਦੇ ਪ੍ਰਸਿੱਧ ਰਾਜੇ ਸਨ। ਹਰਿਆਣੇ ਵਿੱਚ ਚੌਟਾਲਾ ਸਿਆਗਾਂ ਦਾ ਪ੍ਰਸਿੱਧ ਪਿੰਡ ਹੈ। ਸਾਬਕ ਉੱਪ-ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਸਿਆਗ ਗੋਤ ਦੇ ਜੱਟ ਹਨ। ਰਾਮ ਸਰੂਪ ਜੂਨ ਨੇ ਆਪਣੀ ਪੁਸਤਕ ‘ਜਾਟ ਇਤਿਹਾਸ’ ਪੰਨਾ-74 ਉੱਤੇ ਲਿਖਿਆ ਹੈ ਕਿ ਸਿਆਗ ਗਣਰਾਜ ਮਹਾਂਭਾਰਤ ਦੇ ਸਮੇਂ ਵੀ ਸੀ। ਕਰਨਲ ਜੇਮਜ਼ ਟਾਡ ਨੇ ਵੀ ਲਿਖਿਆ ਹੈ ਕਿ ਈਸਾ ਤੋਂ ਹਜ਼ਾਰਾਂ ਸਾਲ ਪਹਿਲਾਂ ਹੇਅਰ, ਭੁੱਲਰ ਅਤੇ ਸਿਆਗ ਮੱਧ ਏਸ਼ੀਆ ਦੇ ‘ਸਿਰ’ ਦਰਿਆ ਦੇ ਨਜ਼ਦੀਕ ਹੀ ਆਬਾਦ ਸਨ। ਇਹ ਇਰਾਨ ਦੇ ਰਸਤੇ ਆਕੇ ਪੰਜਾਬ ਦੇ ਮੀਆਂਵਾਲੀ ਖੇਤਰ ਵਿੱਚ ਆਬਾਦ ਹੋਏ ਸਨ। ਹਰਿਆਣੇ ਵਿੱਚ ਮਾਨ, ਸਿਹਾਗ, ਦਲਾਲ, ਦੇਸਵਾਲ ਗੋਤਰਾਂ ਦੇ ਜੱਟ ਇੱਕੋ ਭਾਈਚਾਰਾ ਸਮਝ ਕੇ ਆਪਸ ਵਿੱਚ ਰਿਸ਼ਤੇ ਨਹੀਂ ਕਰਦੇ। ਇਹ ਠੀਕ ਨਹੀਂ” ਇਹ ਇਕੋ ਭਾਈਚਾਰੇ ਵਿਚੋਂ ਨਹੀਂ ਹਨ। ਬੀਕਾਨੇਰ ਖੇਤਰ ਵਿੱਚ ਸਵਾਗਾਂ ਦੇ 25 ਪਿੰਡ ਹਨ। ਪੰਜਾਬ ਵਿੱਚ ਅਬੋਹਰ, ਮੁਕਤਸਰ, ਬਠਿੰਡਾ ਅਤੇ ਮਾਨਸਾ ਦੇ ਖੇਤਰਾਂ ਵਿੱਚ ਸਵਾਗ ਜੱਟ ਕਾਫੀ ਵੱਸਦੇ ਹਨ। ਸਾਧੂ ਸੱਦਾ ਰਾਮ ਜਿਸ ਨੇ ਪੰਜਾਬੀ ਦੇ ਪ੍ਰਸਿੱਧ ਕਿੱਸੇ ਸੋਹਣੀ ਮਹੀਂਵਾਲ ਤੇ ਸੱਸੀ ਪੁੰਨੂੰ ਆਦਿ ਲਿਖੇ ਹਨ, ਸਵਾਗ ਜੱਟ ਸਨ । ਸਵਾਗ ਹਿੰਦੂ ਜਾਟ ਅਤੇ ਜੱਟ ਸਿੱਖ ਵੀ ਹਨ, ਪੰਜਾਬ ਵਿੱਚ ਸਵਾਗ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਹਰਿਆਣੇ ਵਿੱਚ ਇਹ ਉੱਘਾ ਗੋਤ ਹੈ।