ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ ‘ਮੋਰਾਂਵਾਲੀ

ਮੁੱਖ-ਬੰਦ

Contents hide

ਹਰ ਇਨਸਾਨ ਦਾ ਦੁਨੀਆਂ ਅੰਦਰ ਆਉਣ ਦਾ ਕੋਈ ਮਨੋਰਥ ਹੁੰਦਾ ਹੈ। ਆਪਣੇ ਅੰਦਰੋਂ ਇਸ ਮਨੋਰਥ ਨੂੰ ਜੇ ਸਮਝ ਲੈਂਦੇ ਹਨ ਉਹ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ ਅਤੇ ਕਲਗੀਧਰ ਪਾਤਸ਼ਾਹ ਦੇ ਇਸ ਆਦੇਸ਼ ਨੂੰ ਮੁੱਖ ਰੱਖਕੇ “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦੇ ਅਰਥ ਆਪਣੇ ਅੰਦਰੋਂ ਤਲਾਸ਼ ਕਰਦੇ ਹਨ। 

ਇਸ ਭਾਵਨਾ ਨੂੰ ਮੁੱਖ ਰੱਖ ਕੇ ਗਿ. ਜਗਤਾਰ ਸਿੰਘ ਜੀ ਹੁਰਾਂ ਨੇ ਇਹ ਕਿਤਾਬ ਸ਼ਹੀਦ- ਏ-ਆਜ਼ਮ ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲਿਖਣ ਦਾ ਉਪਰਾਲਾ ਕੀਤਾ ਹੈ। ਆਪਣੇ ਇਤਿਹਾਸ ਪਿਛੋਕੜ ਨੂੰ ਜਾਨਣ ਤੋਂ ਬਿਨਾਂ ਬੰਦੇ ਅੰਦਰ ਕੁਰਬਾਨੀ ਦਾ ਜਜ਼ਬਾ ਪੈਦਾ ਨਹੀਂ ਹੁੰਦਾ। ਹਿੰਦੁਸਤਾਨ ਆਜ਼ਾਦ ਕਰਾਉਣ ਲਈ ਸਭ ਤੋਂ ਜ਼ਿਆਦਾ ਸਿੱਖਾਂ ਦੀਆਂ ਕੁਰਬਾਨੀਆਂ ਦਾ ਕਾਰਨ ਇਹੀ ਸੀ, ਦੂਜੇ ਦੇ ਭਲੇ ਲਈ ਜਿਊਣ ਦਾ। ਸ਼ਹੀਦ ਹੋਣ ਦਾ ਜਜ਼ਬਾ ਸਿੱਖਾਂ ਨੂੰ ਆਪਣੇ ਗੁਰੂਆਂ ਦੇ ਵਿਰਸੇ ਵਿਚੋਂ ਮਿਲਿਆ ਹੈ। 

ਸਭ ਤੋਂ ਪਹਿਲਾ ਇਕ ਤੜਪ ਪੈਦਾ ਹੁੰਦੀ ਹੈ, ਕੁਝ ਕਰਨ ਦੀ ਆਪਣੇ ਦੇਸ਼ ਲਈ, ਆਪਣੇ ਧਰਮ ਲਈ, ਆਪਣੀ ਕੌਮ ਲਈ, ਆਪਣੇ ਭਾਈਚਾਰੇ ਲਈ, ਆਪਣੇ ਆਲੇ ਦੁਆਲੇ, ਆਪਣੇ ਪੁਰਖਾਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਰੋਸ਼ਨ ਕਰਨ ਲਈ ਯਤਨਸ਼ੀਲ ਹੋਣਾ ਅਤੇ ਉਨ੍ਹਾਂ ਨੂੰ ਲਿਖਤੀ ਰੂਪ ਦੇ ਕਿਤਾਬ ਦੇ ਰੂਪ ਵਿਚ ਆਪਣੇ ਪਿੰਡ ਦਾ ਗੌਰਵਮਈ ਇਤਿਹਾਸ ਸਾਂਭ ਕੇ ਰੱਖਣਾ, ਜਿਹੜਾ ਕਿ ਪਰਦੇਸੀ ਪੰਜਾਬੀਆਂ ਲਈ ਬਹੁਤ ਹੀ ਜਰੂਰੀ ਹੈ। ਗਿ. ਜਗਤਾਰ ਸਿੰਘ ਜੀ ‘ਮੋਰਾਂਵਾਲੀ’ ਗੁਰਮੁਖ ਸੱਜਣ ਹਨ, ਖੁਦ ਹਰਦੁਆਰ ਉਹ ਉਦਮ ਕਰਕੇ ਪਹੁੰਚ ਤੇ ਉਥੋਂ ਆਪਣੇ ਬਜ਼ੁਰਗਾਂ ਦੇ ਇਤਿਹਾਸ ਦੀ ਖੋਜ਼ ਕੀਤੀ। 

ਅੰਗਰੇਜ਼ਾਂ ਕੋਲੋਂ ਆਪਣਾ ਮੁਲਖ ਆਜ਼ਾਦ ਕਰਵਾਉਣ ਲਈ ਜਿਤਨਾ ਸਿੱਖ ਸੂਰਬੀਰ ਜੋਧਿਆਂ ਨੇ ਆਪਣਾ ਖੂਨ ਡੋਲ੍ਹਕੇ ਕੁਰਬਾਨੀਆਂ ਕੀਤੀਆਂ, ਉਨ੍ਹਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਲੇਖਕ ਨੇ ਇਸ ਪੁਸਤਕ ਅੰਦਰ ਦਰਜ਼ ਕੀਤਾ ਹੈ। ਅਖੀਰ ਵਿਚ ਆਤਮਿਕ ਗਿਆਨ ਪਰ ਵੀ, ਗੁਰਬਾਣੀ ਦੇ ਹਵਾਲੇ ਦੇਕੇ ਰੋਸ਼ਨੀ ਪਾਈ ਹੈ ਤਾਂ ਜੋ ਅਧਿਆਤਮਿਕ ਖੋਜ਼ੀਆਂ ਲਈ ਵੀ, ਇਹ ਪੁਸਤਕ ਲਾਭਦਾਇਕ ਸਾਬਤ ਹੋ ਸਕੇ। ਅੰਤ ਵਿਚ ਹਰ ਕਿਤਾਬ ਦਾ ਫੈਸਲਾ ਪਾਠਕਾਂ ਦੇ ਹੱਥ ਹੁੰਦਾ ਹੈ। 

ਲੇਖਕ ਦਾ ਸ਼ੁਭ ਚਿੰਤਕ 

ਮੁਹਿੰਦਰ ਸਿੰਘ ‘ਖਹਿਰਾ’ 

ਮੁੱਖ ਸੇਵਾਦਾਰ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਬਰਮਿੰਘਮ ਇੰਗਲੈਂਡ। 

ਦੋ ਸ਼ਬਦ 

ਭਾਰਤ ਨੂੰ ਆਜ਼ਾਦ ਕਰਵਾਉਣ ਲਈ ਚਾਹੇ ਕੋਈ ਹਿੰਦੂ, ਮੁਸਲਮਾਨ ਤੇ ਸਿੱਖ ਸੀ, ਸਭਨਾਂ ਨੇ ਰੱਲ੍ਹਕੇ ਸੰਘਰਸ਼ ਕੀਤਾ ਪਰ ਕੁਰਬਾਨੀਆਂ ਸਭ ਤੋਂ ਵੱਧ ਸਿੱਖਾਂ ਨੇ ਦਿੱਤੀਆਂ। ਅਕਹਿ ਤੇ ਅਸਹਿ ਦੁੱਖ, ਤਸ਼ੱਦਦ ਆਪਣੇ ਮਨ ਤੇ ਤਨ ‘ਤੇ ਦੇਸ ਭਗਤਾਂ ਨੇ ਝੱਲਿਆ, ਪੇਟੇਂ ਭੁੱਖੇ ਪਿਆਸੇ ਰਹਿਕੇ ਕਈਆਂ ਨੇ ਜੇਲ੍ਹਾਂ ਕੱਟੀਆਂ, ਕਈ ਹੱਸ ਹੱਸ ਕੇ ਫਾਂਸੀਆਂ ਤੇ ਚੜ੍ਹੇ ਤਾਂ ਕਿਧਰੇ ਭਾਰਤ ਵਾਸੀਆਂ ਨੇ ਆਜ਼ਾਦੀ ਦਾ ਮੂੰਹ ਵੇਖਿਆ। ਗੱਲ ਕੀ, ਆਜ਼ਾਦੀ ਨੂੰ ਪ੍ਰਾਪਤ ਕਰਨ ਵਾਸਤੇ ਦੇਸ਼ ਭਗਤਾਂ ਨੇ ਲੱਖਾਂ ਮੁਸੀਬਤਾਂ ਝੱਲੀਆਂ। ਇਸ ਦਾ ਜ਼ਿਕਰ ਸ. ਕਰਤਾਰ ਸਿੰਘ ਜੀ ਸਰਾਭਾ ਆਪ ਹੀ ਆਪਣੇ ਇਕ ਸ਼ਿਅਰ ਵਿਚ ਇਸ ਤਰ੍ਹਾਂ ਕਰਦੇ ਹਨ:- 

‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, 

ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।  

ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, 

ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ। 

ਇਕ ਲੇਖਕ ਲਈ ਦੇਸ਼ ਭਗਤਾਂ ਦੇ ਅਨੇਕਾਂ ਦੁੱਖਾਂ ਤਸ਼ੱਦਦਾਂ ਨੂੰ ਪੁਸਤਕ ਅੰਦਰ ਕਲਮਬੰਦ ਕਰਨਾ ਬਹੁਤ ਕਠਨ ਕੰਮ ਹੁੰਦਾ ਹੈ। ਫਿਰ ਵੀ ਜੋ ਪ੍ਰਭੂ ਦੀ ਚੇਤਨ ਕਲਾ, ਸ਼ਕਤੀ ਨੇ ਪ੍ਰੇਰਕੇ ਦਾਸ ਤੋਂ ਦੇਸ਼ ਭਗਤਾਂ ਦਾ ਜੀਵਨ ਲਿਖਵਾਇਆ ਹੈ ਉਹ ਲਿਖ ਦਿੱਤਾ ਹੈ। ਪਿੰਡ ਮੋਰਾਂਵਾਲੀ ਦਾ ਇਤਿਹਾਸ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਪਿੰਡ ਮੋਰਾਂਵਾਲੀ ਦੇ ਇਤਿਹਾਸ ਨੂੰ ਸਮਝਣ ਲਈ ਪਹਿਲਾ ਸੰਖੇਪ ਰੂਪ ਵਿਚ ਸਿੱਖ ਇਤਿਹਾਸ ਨੂੰ ਦਰਜ਼ ਕੀਤਾ ਗਿਆ ਹੈ। 

ਕਨੇਡਾ ਨਿਵਾਸੀ ਸ. ਸ਼ਿਵ ਸਿੰਘ ਜੀ ਰਾਏ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਰਿਵਾਰ ਵਿਚ ਹੀ ਸ਼ਹੀਦ ਭਗਤ ਸਿੰਘ ਜੀ ਨੇ ਨਾਨਕੇ ਪਿੰਡ ਮੋਰਾਂਵਾਲੀ ਵਿਚ ਹਨ, ਉਨ੍ਹਾਂ ਦਾ ਤੇ ਸ. ਜਗਤ ਸਿੰਘ ਜੀ ਰਾਏ ਮੋਰਾਂਵਾਲੀ ਕਨੇਡਾ ਨਿਵਾਸੀ ਇਨ੍ਹਾਂ ਗੁਰਸਿੱਖਾਂ ਦਾ ਬਹੁਤ ਸ਼ੁਕਰ ਗੁਜ਼ਾਰ ਹੈ ਜਿਨ੍ਹਾਂ ਨੇ ਸਟਾਕਟਨ ਅਮਰੀਕਾ ਦੇ ਗੁਰਦੁਆਰੇ ਦੀ ਲਾਇਬ੍ਰੇਰੀ ਵਿਚੋਂ ਲਿਖਤੀ ਰੂਪੀ ਵਿਚ 1920 ਈ. ਦੇ ਆਸ ਪਾਸ ਦੇ ਮੋਰਾਂਵਾਲੀ ਦੇ ਬਜ਼ੁਰਗਾਂ ਦੇ ਨਾਮ ਘੜਵਾਕੇ ਦਾਸ ਲੇਖਕ ਨੂੰ ਭੇਜੇ। ਇਹ ਬਜ਼ੁਰਗ ਉਹ ਸਨ ਜਿਨ੍ਹਾਂ ਨੇ ਉਸ ਸਮੇਂ ਭਾਰਤ ਵਾਪਸ ਆਕੇ ਵੱਖੋ ਵੱਖ ਸਿੱਖ ਸੰਘਰਸ਼ਾਂ ਵਿਚ ਹਿੱਸਾ ਪਾਇਆ। ਦਾਸ ਜਗਤ ਸਿੰਘ ਜੀ ਰਾਏ ਮੋਰਾਂਵਾਲੀ ਦਾ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਜਲੰਧਰ ਛਾਉਣੀ ਤੋਂ ਪਿੰਡ ਮੋਰਾਂਵਾਲੀ ਦਾ 1857-60 ਈ. ਦੇ ਵਿਚਕਾਰ ਉੱਠਣਾ ਤੇ ਨਵੇਂ ਥਾਂ ਹੁਸ਼ਿਆਰਪੁਰ ਵਿਚ ਬੈਠਣ ਦਾ ਇਤਿਹਾਸ ਆਪਣੇ ਮੁਖਾਰਵਿੰਦ ਤੋਂ ਆਖਿਆ ਜਿਸ ਨੂੰ ਦਾਸ ਲੇਖਕ ਨੇ ਖੋਜ਼ ਦੀ ਕਸਵਟੀ ਤੇ ਪਰਖ ਕੇ ਸੰਖੇਪ ਰੂਪ ਵਿਚ ਇਸ ਪੁਸਤਕ ਅੰਦਰ ਦਰਜ਼ ਕਰ ਦਿੱਤਾ ਹੈ। ਦਾਸ ਇਸ ਪੁਸਤਕ ਨੂੰ ਲਿਖਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਜੀ ਦੇ ਸਕੇ ਭਰਾ ਸ. ਕੁਲਤਾਰ ਸਿੰਘ ਜੀ ਨੂੰ ਸਹਾਰਨਪੁਰ ਵਿਚ ਮਿਲਿਆ ਤਾਂ ਜੋ ਭਗਤ ਸਿੰਘ ਜੀ ਦੀ ਜੀਵਨੀ ਬਾਰੇ ਵਧੇਰੇ ਜਾਣਕਾਰੀ ਮਿਲ ਸਕੇ। 

ਦਾਸ ਮੁਹਿੰਦਰ ਸਿੰਘ ਜੀ ‘ਖਹਿਰਾ’ ਮੁਖ ਸੇਵਾਦਾਰ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਬਰਮੀਂਘਮ ਇੰਗਲੈਂਡ ਵਾਲਿਆਂ ਦਾ ਬਹੁਤ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਰੋਜ਼ਾਵੀਂ ਭਰੀ ਜ਼ਿੰਦਗੀ ਵਿਚੋਂ ਆਪਣਾ ਕੀਮਤੀ ਸਮਾਂ ਕੱਢਕੇ ਇਸ ਪੁਸਤਕ ਦਾ ਮੁਖ-ਬੰਦ ਲਿਖਿਆ। ਆਪ ਅੱਛੇ ਲੇਖਕ ਵੀ ਹਨ, ਚੰਗੇ ਵਿਦਵਾਨ ਗੁਰ ਸਿੱਖ ਵੀ ਹਨ ਜੋ ਗੁਰ ਇਤਿਹਾਸ, ਸਿੱਖ ਇਤਿਹਾਸ ਤੇ ਗੁਰਬਾਣੀ ਨੂੰ ਅੱਛੀ ਤਰ੍ਹਾਂ ਸਮਝਦੇ ਹਨ। ਇਸ ਹੱਥਲੀ ਪੁਸਤਕ ਲਿਖਣ ਸਮੇਂ ਦਾਸ ਲੇਖਕ ਨੂੰ ਆਪ ਜੀ ਨੇ ਇਤਿਹਾਸਕ ਖੋਜ਼ ਭਰੇ ਅੱਛੇ ਸੁਝਾਉ ਵੀ ਦਿੱਤੇ। 

ਦਾਸ ਨੇ ਇਸ ਪੁਸਤਕ ਨੂੰ ਨਿਰਪੱਖ ਰਹਿ ਕੇ ਲਿਖਿਆ ਹੈ ਕਿਉਂਕਿ ਦਾਸ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ। ਆਪਣੇ ਵੱਲੋਂ ਸਹੀ ਇਤਿਹਾਸ ਤਾਂ ਨਿਰਪੱਖ ਰਹਿ ਕੇ ਹੀ ਲਿਖਿਆ ਜਾ ਸਕਦਾ ਹੈ। ਇਸ ਸੋਚ ਨੂੰ ਅੱਗੇ ਰੱਖਕੇ ਦਾਸ ਨੇ ਪਿੰਡ ਮੋਰਾਂਵਾਲੀ ਦੇ ਅਲੋਪ ਹੋ ਚੁੱਕੇ ਇਤਿਹਾਸ ਨੂੰ ਪਹਿਲੀ ਵਾਰ ਸੰਸਾਰ ਅੰਦਰ ਪ੍ਰਗਟ ਕੀਤਾ ਹੈ। 

ਸ਼ਹੀਦ ਭਗਤ ਸਿੰਘ ਜੀ ਦਾ ਨਾਨਕਾ ਪਿੰਡ ਹੋਣ ਕਾਰਨ? ਸ਼ਹੀਦ ਭਗਤ ਸਿੰਘ ਜੀ ਨੂੰ ਮੋਰਾਂਵਾਲੀ ਪਿੰਡ ਨਾਲ ਬਹੁਤ ਪਿਆਰ ਸੀ। ਉਹ ਇਸ ਪਿੰਡ ਵਿਚ ਆਉਂਦਾ ਜਾਂਦਾ ਸੀ, ਖੇਡਦਾ ਰਿਹਾ ਹੈ। ਉਸ ਦੀ ਯਾਦ ਅੰਦਰ ਅੱਜ ਪਿੰਡ ਮੋਰਾਂਵਾਲੀ ਵਿਚ ਉਸਦਾ ਪੱਗੜੀ ਵਾਲਾ ਬੁੱਤ ਲੱਗਾ ਹੋਇਆ ਹੈ। ਉਸ ਦੇ ਨਾਮ ‘ਤੇ ਗਰਾਂਉਂਡ (ਪਾਰਕ) ਬਣੀ ਹੋਈ ਹੈ ਜਿੱਥੇ ਹਰ ਸਾਲ ਟੂਰਨਾਮੈਂਟ ਕਰਾਏ ਜਾਂਦੇ ਹਨ। ਪੰਜਾਬ ਭਰ ਤੋਂ ਟੀਮਾਂ ਆਉਂਦੀਆਂ ਹਨ ਤੇ ਇਨਾਮ ਜਿੱਤਕੇ ਜਾਂਦੀਆਂ ਹਨ। ਪਿੰਡ ਮੋਰਾਂਵਾਲੀ ਸ਼ਹੀਦ ਭਗਤ ਸਿੰਘ ਜੀ ਦਾ ਨਾਨਕ ਪਿੰਡ ਹੋਣ ਕਾਰਨ ਦੁਨੀਆਂ ਅੰਦਰ ਜਾਣਿਆ ਜਾਂਦਾ ਹੈ। ਇਸੇ ਕਰਕੇ ਇਸ ਪੁਸਤਕ ਦਾ ਨਾਮ ਲੇਖਕ ਨੇ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਂਵਾਲੀ ਦਾ ਗੌਰਵਮਈ ‘ਇਤਿਹਾਸ’ ਰੱਖਿਆ ਹੈ। 

ਸ਼ਹੀਦ ਕੌਮ ਦਾ ਚਾਨਣ ਮੁਨਾਰਾ ਹੁੰਦੇ ਹਨ। ਕੌਮ ਦੇ ਹੀਰੇ ਹੁੰਦੇ ਹਨ। ਆਪਣੇ ਸ਼ਹੀਦਾਂ ਦੇ ਇਤਿਹਾਸ ਨੂੰ ਜਰੂਰ ਪੜ੍ਹ ਨਾ ਚਾਹੀਦਾ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਨਹੀਂ ਪੜ੍ਹਦੀਆਂ, ਇਤਿਹਾਸ ਵਲ ਨਜ਼ਰ ਹੀ ਨਹੀਂ ਮਾਰਦੀਆਂ ਉਹ ਕੌਮਾਂ ਹੌਲੀ ਹੌਲੀ ਸੰਸਾਰ ਤੋਂ ਅਲੋਪ ਹੀ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਜਿਹੜੇ ਪਿੰਡ ਆਪਣੇ ਪਿੰਡ ਦੇ ਇਤਿਹਾਸ ਨੂੰ ਨਹੀਂ ਜਾਣਦੇ ਉਹ ਪਿੰਡ ਵੀ ਸਧਾਰਣ ਜਿਹੇ ਲੋਕਾਂ ਦਾ ਗਰੁੱਪ ਬਣਕੇ ਰਹਿ ਜਾਂਦੇ ਹਨ। ਇਤਿਹਾਸ ਤੋਂ ਹੀ ਪਤਾ ਲੱਗਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਪਿੱਛੇ ਕੀ ਠੀਕ ਕੀਤਾ ਹੈ ਤੇ ਕੀ ਗਲਤ ਕੀਤਾ ਹੈ। ਨਾਲ ਹੀ ਇਹ ਵੀ ਪਤਾ ਲਗਦਾ ਹੈ ਕਿ ਅਸੀਂ ਹੁਣ ਕੀ ਕਰ ਰਹੇ ਹਾਂ ਤੇ ਸਾਨੂੰ ਅਗਾਂਹ ਕੀ ਕਰਨਾ ਚਾਹੀਦਾ ਹੈ? 

ਸੋ ਇਸ ਪੁਸਤਕ ਦੇ ਅਖੀਰ ਵਿਚ ਆਤਮਿਕ ਗਿਆਨ ਪਰ ਰੌਸ਼ਨੀ ਪਾਈ ਗਈ ਹੈ ਤਾਂ ਜੋ ਸਾਨੂੰ ਗੁਰਮਤਿ ਅਨੁਸਾਰ ਆਪਣੇ ਅਸਲ ਜੀਵਨ ਮਨੋਰਥ ਦਾ ਪਤਾ ਲੱਗ ਸਕੇ ਕਿ ਅਸੀਂ ਦੁਨੀਆਂ ਤੇ ਕਿਸ ਵਾਸਤੇ ਆਏ ਹਾਂ ਤੇ ਸਾਨੂੰ ਅਗਾਂਹ ਕੀ ਕਰਨਾ ਚਾਹੀਦਾ ਹੈ? 

ਦਾਸ ਨੂੰ ਆਸ ਹੈ ਇਸ ਪੁਸਤਕ ਨੂੰ ਸ਼ਰਧਾਵਾਨ ਪਾਠਕ ਪੜ੍ਹਕੇ ਜਰੂਰ ਲਾਭ ਉਠਾਉਣਗੇ। 

ਮਾਰਚ 2001 

ਦਾਸ ਲੇਖਕ 

ਗਿਆਨੀ ਜਗਤਾਰ ਸਿੰਘ ‘ਰਾਏ ਮੋਰਾਂਵਾਲੀ’ 

ਸਮੁੱਚੇ ਸਿੱਖ ਇਤਿਹਾਸ ਵੱਲ ਇਕ ਸੰਖੇਪ ਨਜ਼ਰ 

ਸਿੱਖਾਂ ਦਾ ਪਿੰਡ ਮੋਰਾਂਵਾਲੀ ਹੋਣ ਕਰਕੇ ਪਿੰਡ ਮੋਰਾਂਵਾਲੀ ਦੇ ਬਜ਼ੁਰਗਾਂ ਦਾ ਇਤਿਹਾਸ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਆਓ ਪਹਿਲਾਂ ਸਿੱਖ ਇਤਿਹਾਸ ਵੱਲ ਇਕ ਨਜ਼ਰ ਮਾਰੀਏ, ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਅਰਜਨ ਦੇਵ ਜੀ ਤਕ, ਪੰਜ ਗੁਰੂ ਸਾਹਿਬਾਨਾਂ ਨੇ ਗੁਰਮਤਿ ਦੇ ਪ੍ਰਚਾਰ ਰਾਹੀਂ ਸਦੀਆਂ ਤੋਂ ਪੈਰਾਂ ਹੇਠ ਲਿਤਾੜ ਹੋ ਰਹੀ ਜਨਤਾ ਅੰਦਰ ਮਨੁੱਖਤਾ ਦਾ ਅਹਿਸਾਸ ਪੈਦਾ ਕਰਕੇ ਇਕ ਨਵੀਂ ਜਾਗ੍ਰਤੀ ਲਿਆਂਦੀ । ਪਰ ਉੱਚੀ ਜਾਤੀ ਵਾਲੇ ਲੋਕਾਂ ਨੂੰ ਇਹ ਜਾਗ੍ਰਤੀ ਚੰਗੀ ਨਾ ਲੱਗੀ ਉਨ੍ਹਾਂ ਨੇ ਜਹਾਂਗੀਰ ਹੁਕਮਰਾਨ ਦੇ ਕੰਨ੍ਹ ਭਰਨੇ ਸ਼ੁਰੂ ਕਰ ਦਿੱਤੇ। ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਈਰਖਾ ਦੇ ਕਾਰਨ ਉਨ੍ਹਾਂ ਦੇ ਨਾਲ ਹੋ ਤੁਰਿਆ। ਚੰਦੂ ਬ੍ਰਾਹਮਣ ਦੀ ਲੜਕੀ ਦਾ ਰਿਸ਼ਤਾ ਨਾ ਲੈਣ ਕਰਕੇ ਉਹ ਵੀ ਗੁਰੂ ਘਰ ਦਾ ਵੈਰੀ ਬਣ ਬੈਠਾ ਸੀ। ਉਪਰੋਕਤ ਸਾਰੀ ਦੁਸ਼ਟ ਜੁੰਡਲੀ ਦੇ ਭੜਕਾਏ ਹੋਏ ਜਹਾਂਗੀਰ ਨੇ ਬਿਨਾ ਕਿਸੇ ਕਸੂਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ । ਬਾਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਸਤਰ ਚੁੱਕੇ, ਜ਼ੁਲਮ ਦਾ ਨਾਸ਼ ਕੀਤਾ। ਚਾਰ ਜੰਗ ਜਿੱਤੇ, ਗੁਰੂ ਹਰਿ ਗੋਬਿੰਦ ਸਾਹਿਬ ਜੀ ਤੋਂ ਬਾਦ ਤਿੰਨ ਗੁਰੂ ਸਾਹਿਬਾਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਜੰਗ ਉਨ੍ਹਾਂ ਦੇ ਸਮੇਂ ਅੰਦਰ ਕੋਈ ਨਹੀਂ ਹੋਇਆ। ਪਰ ਜਦ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਦਿੱਲੀ ਸ਼ਹੀਦ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰ ਚੁੱਕੇ। ਮੈਦਾਨੇ ਜੰਗ ਅੰਦਰ ਦੁਸ਼ਮਣਾਂ ਦਾ ਚੰਗੀ ਤਰ੍ਹਾਂ ਮੂੰਹ ਤੋੜਿਆ। ਵੈਸਾਖੀ 1699 ਈ. ਨੂੰ ਖ਼ਾਲਸੇ ਦੀ ਸਿਰਜਨਾ ਕੀਤੀ। ਸਦੀਆਂ ਤੋਂ ਸਰੀਰਕ, ਮਾਨਸਕਿ ਤੇ ਆਤਮਿਕ ਤੌਰ ਤੇ ਮਰ ਚੁੱਕੇ ਲੋਕਾਂ ਅੰਦਰ ਨਵੀਂ ਰੂਹ ਫੂਕੀ ਜੋ ਬਾਦ ਵਿਚ ਬਹਾਦਰ ਸੂਰਬੀਰ ਜੋਧੇ ਬਣਕੇ ਨਿਕਲੇ। ਸਵਾ ਸਵਾ ਲੱਖ ਨਾਲ ਮੁਕਾਬਲਾ ਕਰਨ ਦੀ ਤਾਕਤ ਉਨ੍ਹਾਂ ਅੰਦਰ ਪ੍ਰਫੁੱਲਤ ਹੋਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ। ਜਕਰੀਆ ਖਾਨ ਤੇ ਮੀਰ ਮੰਨੂੰ ਨੇ ਐਲਾਨ ਕੀਤਾ ਹੋਇਆ ਸੀ ਕਿ ਜੋ ਸਿੱਖ ਦੀ ਦੱਸ ਪਾਵੇ ਉਸ ਨੂੰ ਦਸ ਰੁਪੈ ਮਿਲਣਗੇ ਜੋ ਜਾਨ ਤੋਂ ਮਾਰੇ ਉਸ ਨੂੰ 50 ਰੁਪੈ ਮਿਲਣਗੇ, ਜੋ ਸਿਰ ਕੱਟ ਕੇ ਲਿਆਵੇ ਉਸ ਨੂੰ 80 ਰੁਪੈ ਮਿਲਣਗੇ। ਇਸ ਤਰ੍ਹਾਂ ਸਿੱਖਾਂ ਦਾ ਘਾਣ ਬੱਚਾ ਪੀੜ੍ਹਿਆ ਜਾ ਰਿਹਾ ਸੀ। ਟੋਟੇ ਟੋਟੇ ਕਰਕੇ ਬੱਚਿਆਂ ਨੂੰ ਮਾਵਾਂ ਦੀ ਝੋਲੀ ਵਿਚ ਪਾਇਆ ਜਾ ਰਿਹਾ ਸੀ। 

ਸਿੰਘ ਜੰਗਲਾਂ ਵਿਚ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟਕੇ ਪਹਾੜੀ ਚੜ੍ਹ ਜਾਂਦੇ, ਬੀਕਾਨੇਰ ਵੀ ਚਲੇ ਜਾਂਦੇ। ਫਿਰ ਸਿੱਖ ਮਿਸਲਾਂ ਬਣੀਆ। ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ। ਧਰਮੀ ਰਾਜਾ ਸੀ, ਸਿੱਖਾਂ ਦੇ ਨਾਲ ਨਾਲ ਬਾਕੀ ਧਰਮਾਂ ਦੇ ਲੋਕਾਂ ਨੇ ਵੀ ਉਸਦੇ ਰਾਜ ਵਿਚ ਬਹੁਤ ਸੁੱਖ ਮਾਣਿਆ। ਡੋਗਰੇ ਗੱਦਾਰਾਂ ਦੀ ਗੱਦਾਰੀ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਰਾਜ ਜਾਂਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਜੀ ਦੀ ਅਣਹੋਂਦ ਨੇ ਸਿੱਖਾਂ ਨੂੰ ਗੁਲਾਮ ਬਣਾ ਦਿੱਤਾ। ਇਸ ਦਾ ਜ਼ਿਕਰ ਸ਼ਾਹ ਮੁਹੰਮਦ ਇਸ ਤਰ੍ਹਾਂ ਕਰਦਾ ਹੈ: 

‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।’ 

1849 ਈ. ਵਿਚ ਅੰਗਰੇਜ਼ਾਂ ਨੇ ਮੁਕੰਮਲ ਤੌਰ ਤੇ ਪੰਜਾਬ ‘ਤੇ ਪੂਰਾ ਰਾਜ ਕਾਇਮ ਕਰ ਲਿਆ। ਅੰਗਰੇਜ਼ਾਂ ਦੀ ਪਹਿਲਾਂ ਤੋਂ ਹੀ ਪਾਲਿਸੀ ਸੀ ਕਿ ਸਮੁੱਚੇ ਭਾਰਤ ਤੇ ਰਾਜ ਕਾਇਮ ਕਰਨਾ ਹੈ। 

ਅੰਗਰੇਜ਼ ਸਰਕਾਰ ਦਾ ਭਾਰਤ ਅੰਦਰ ਵੜ੍ਹਨਾ: 

ਪਹਿਲਾਂ ਪਹਿਲ 1757 ਈ. ਨੂੰ ਈਸਟ ਇੰਡੀਆ ਕੰਪਨੀ ਨੇ ਬੰਗਾਲ ਤੇ ਕਬਜ਼ਾ ਕੀਤਾ। ਆਪਣੀ ਫ਼ੌਜੀ ਤਾਕਤ ਨਾਲ ਉਥੋਂ ਦੇ ਨਵਾਬ ਸੁਰਾਜ-ਉੱਦ-ਦੌਲਾ ਨੂੰ ਹਰਾਕੇ ਆਪਣਾ ਕਬਜ਼ਾ ਕੀਤਾ। ਆਪਣੇ ਰਾਜ ਦਾ ਆਰੰਭ ਕੀਤਾ। 

ਅੰਗਰੇਜ਼ ਸਰਕਾਰ ਹੁਸ਼ਿਆਰ ਰਾਜਨੀਤਕ ਸੀ । ਉਸ ਸਮੇਂ ਦੀ ਰਿਆਸਤਾਂ ਦੇ ਰਾਜਿਆਂ, ਸਰਦਾਰਾਂ, ਜਗੀਰਦਾਰਾਂ ਨੂੰ ਅੰਗਰੇਜ਼ ਚੰਗੀ ਤਰ੍ਹਾਂ ਸਮਝਦਾ ਸੀ। ਉਨ੍ਹਾਂ ਦੀਆਂ ਕਮਜ਼ੋਰੀਆਂ ਦਾ ਅੰਗਰੇਜ਼ ਸਰਕਾਰ ਨੂੰ ਪੂਰਾ ਪਤਾ ਸੀ। ਈਸਟ ਇੰਡੀਆ ਕੰਪਨੀ ਨੇ ਰਾਜਿਆਂ ਦੀ ਆਪਸੀ ਫੁੱਟਾਂ, ਕਮਜ਼ੋਰੀਆਂ ਤੋਂ ਕਾਫੀ ਫ਼ਾਇਦਾ ਉਠਾਇਆ। ਗੋਰਿਆਂ ਨੇ ਇਕ ਰਾਜੇ ਨੂੰ ਦੂਜੇ ਰਾਜੇ ਦੇ ਵਿਰੁੱਧ, ਇਕ ਜਗੀਰਦਾਰ ਨੂੰ ਦੂਜੇ ਜਗੀਰਦਾਰ ਦੇ ਖਿਲਾਫ ਤੇ ਇਕ ਸਰਦਾਰ ਨੂੰ ਦੂਜੇ ਸਰਦਾਰ ਨਾਲ ਭੜਵਾਇਆ। ਆਪਣੀ ਸ਼ੈਤਾਨ ਨੀਤੀ ਨਾਲ ਆਪਣਾ ਫ਼ੌਜੀ ਅਸਲਾ ਇਕ ਦੂਜੇ ਦੇ ਵਿਰੁੱਧ ਵਰਤਣ ਲਈ ਵੇਚਿਆ। 

ਗੱਲ ਕੀ ਗੋਰੀ ਸਰਕਾਰ ਨੇ ਹੌਲੀ ਹੌਲੀ ਉਨ੍ਹਾਂ ਰਾਜਿਆਂ ਨੂੰ ਖੋਖਲਾ ਕਰਕੇ ਉਨ੍ਹਾਂ ਦੀਆਂ ਰਿਆਸਤਾਂ ਤੇ ਕਬਜ਼ਾ ਕਰ ਲਿਆ। ਹਿੰਦੋਸਤਾਨੀ ਰਾਜੇ ਵੀ ਇਸ ਤਰ੍ਹਾਂ ਦੇ ਸਨ ਕਿ ਉਨ੍ਹਾਂ ਨੇ ਆਪਣੀ ਭੋਲੀ ਭਾਲੀ ਜਨਤਾ ਲਈ ਵੀ ਕੁਝ ਨਾ ਕੀਤਾ। ਨਾ ਉਨ੍ਹਾਂ ਆਰਥਿਕ ਪੱਖੋਂ, ਨਾ ਸਮਾਜਿਕ, ਨਾ ਧਾਰਮਿਕ, ਨਾ ਵਿਦਿਅਕ ਪੱਖੋਂ ਕੋਈ ਸੁਧਾਰ ਕੀਤਾ। ਜਨਤਾ ਕਰਜ਼ਾਈ ਹੋ ਚੁੱਕੀ ਸੀ ਅਤੇ ਅਨਪੜ੍ਹਤਾ, ਬੇਕਾਰੀ ਤੇ ਨੰਗ ਭੁੱਖ ਦੀ ਜ਼ਿੰਦਗੀ ਕੱਟ ਰਹੀ ਸੀ। ਅੰਗਰੇਜ਼ ਸਰਕਾਰ ਨੇ ਮੁਗਲ ਰਾਜ ਦਾ ਅਖੀਰਲਾ ਵਾਰਸ ਬਹਾਦਰ ਸ਼ਾਹ ਦੂਜਾ ਤੇ ਉਸ ਦੀ ਰਾਣੀ ਜੀਨਤ ਨੂੰ ਗ੍ਰਿਫਤਾਰ ਕਰਕੇ ਦਿੱਲੀ ਕੈਦਖਾਨੇ ਵਿਚ ਨਜ਼ਰ ਬੰਦ ਕਰ ਦਿੱਤਾ। ਬਾਦ ਵਿਚ ਬਹਾਦਰ ਸ਼ਾਹ ਦੂਜੇ ਦੇ ਤਿੰਨ ਲੜਕਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਜੋ ਮੁਗਲ ਰਾਜ ਦੇ ਆਉਣ ਵਾਲੇ ਵਾਰਸ ਮੁਕੰਮਲ ਤੌਰ ਤੇ ਖਤਮ ਹੋ ਜਾਣ। ਅਖੀਰ ਬਹਾਦਰ ਸ਼ਾਹ ਦੂਜੇ ਨੂੰ ਤੇ ਉਸਦੀ ਪਤਨੀ ਜੀਨਤ ਨੂੰ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ। ਉਥੇ ਮੁਗ਼ਲ ਸਾਮਰਾਜ ਦੇ ਬਾਦਸ਼ਾਹ ਦੀ 7 ਨਵੰਬਰ 1862 ਈ. ਨੂੰ ਮੌਤ ਹੋ ਗਈ। ਇਸ ਤਰ੍ਹਾਂ ਮੁਗ਼ਲ ਰਾਜ ਦਾ ਭਾਰਤ ਦੇ ਇਤਿਹਾਸ ਵਿਚ ਪਿਛੋਕੜ ਦੁੱਖਾਂ ਭਰਿਆਂ ਹੋਇਆ। 

(ਇੱਥੇ ਇਹ ਵੀ ਯਾਦ ਰੱਖਣਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਛੋਟਿਆਂ ਸਾਹਿਬਜ਼ਾਦਿਆਂ ਦਾ ਨੀਹਾਂ ਵਿਚ ਚਣਾ ਕੇ ਸ਼ਹੀਦ ਕਰਵਾ ਦੇਣ ਦਾ ਪਤਾ ਲੱਗਾ ਸੀ ਤਾਂ ਹਜ਼ੂਰ ਨੇ ਕਾਹੀ ਦੇ ਬੂਟੇ ਨੂੰ ਤੀਰ ਨਾਲ ਉਖਾੜਕੇ ਬਚਨ ਕੀਤਾ ਸੀ ਕਿ ਮੁਗ਼ਲ ਰਾਜ ਦੀਆਂ ਹੁਣ ਜੜ੍ਹਾਂ ਪੁੱਟੀਆਂ ਗਈਆਂ ਹਨ। ਉਪਰ ਪਾਠਕ ਪੜ੍ਹ ਚੁੱਕੇ ਹਨ ਕਿ ਅਖੀਰਲਾ ਮੁਗ਼ਲ ਰਾਜਾ ਜੋ ਦੂਜਾ ਬਹਾਦਰ ਸ਼ਾਹ ਸੀ, ਉਹ ਤੇ ਉਸ ਦਾ ਸਾਰਾ ਪਰਵਾਰ ਕਿਵੇਂ ਮੌਤ ਦੀ ਘਾਟ ਉਤਾਰਿਆ ਗਿਆ)। 

ਇਸ ਹਿੰਦੋਸਤਾਨ ਦੀ ਧਰਤੀ ‘ਤੇ ਅਨੇਕਾਂ ਝੱਖੜ ਝੱਲੇ, ਵੱਡੇ ਤੋਂ ਵੱਡੇ ਜ਼ਾਲਮ ਆਏ, ਚਾਹੇ ਮੁਗ਼ਲ ਸਰਕਾਰ ਦੇ ਸਨ, ਚਾਹੇ ਅੰਗਰੇਜ਼ ਸਰਕਾਰ ਦੇ ਸਨ, ਸਭ ਨੇ ਜ਼ੁਲਮ ਤੇ ਤਸ਼ੱਦਦ ਦਾ ਕਹਿਰ ਢਾਹਿਆ। ਉਨ੍ਹਾਂ ਸਾਰਿਆਂ ਦਾ ਜ਼ੁਲਮ ਭਾਰਤ ਦੇ ਕਿਸਾਨਾਂ ਨੇ, ਮਜ਼ਦੂਰਾਂ ਨੇ ਆਪਣੇ ਮਨ ਤੇ ਤਨ ‘ਤੇ ਹੰਢਾਇਆ। 

ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਅੰਦਰ ਸਾਰੀ ਜਨਤਾ ਸੁਖੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਮੁਗਲ ਜ਼ਾਲਮਾਂ ਦਾ ਚੰਗੀ ਤਰ੍ਹਾਂ ਮੂੰਹ ਰੋੜਿਆ। ਪਰ ਧਿਆਨ ਸਿੰਘ ਡੋਗਰਿਆਂ ਦੀ ਗੱਦਾਰੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕੌਡੀਆਂ ਦੇ ਭਾ ਰੋਲ ਦਿੱਤਾ। 

ਅੰਗਰੇਜ਼ ਸਰਦਾਰ ਦੀ ਤਾਂ ਨੀਤੀ ਹੀ ਇਹ ਸੀ ਕਿ ‘ਪਾੜੋ ਤੇ ਰਾਜ ਕਰੋ’। ਅੰਗਰੇਜ਼ ਸਰਕਾਰ ਨੇ ਮੁਕੰਮਲ ਭਾਰਤ ਤੇ ਰਾਜ਼ ਕਰਕੇ ਇਹ ਨੀਤੀ ਵਰਤੀ ਕਿ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾਵੇ ਤਾਂ ਜੋ ਸਾਡੇ ਨਾਲ ਟੱਕਰ ਲੈਣ ਦੀ ਜੁਰਅਤ ਨਾ ਕਰ ਸਕਣ। ਖੇਤੀ ਵਾੜੀ, ਕਿਸਾਨਾਂ ਨੂੰ ਨਹਿਰੀ ਐਕਟ, ਆਬਾਦੀ ਬਿੱਲ, ਮਾਲੀਆ ਟੈਕਸ ਲਾਏ ਗਏ। ਕਿਸਾਨਾਂ ਦੀਆਂ ਫੱਸਲਾਂ ਮੁਫ਼ਤ ਲੁੱਟੀਆਂ ਜਾਣ ਲੱਗੀਆਂ। ਜ਼ਿਮੀਂਦਾਰ ਕਰਜ਼ਾਈ ਹੋ ਗਏ। 1878 ਈ. ਤਕ ਪੰਜਾਬ ਦੇ ਕਰੀਬ ਕਰੀਬ ਕਿਸਾਨ, ਜ਼ਿਮੀਂਦਾਰ ਜ਼ਮੀਨਾਂ ਰਹਿਣ ਕਰ ਚੁੱਕੇ ਸਨ। ਬਾਦ ਵਿਚ 1919 ਈ. ਦੇ ਕਰੀਬ 83% ਕਿਸਾਨ ਸ਼ਾਹੂਕਾਰਾਂ ਦੀ ਬੁੱਕਲ ਵਿਚ ਜਾ ਫਸੇ, ਕਰਜ਼ਿਆਂ ਨੇ ਮੱਤ ਮਾਰ ਲਈ। ਜਨਤਾ ਬੁਰੀ ਤਰ੍ਹਾਂ ਸਿੰਕਜੇ ਵਿਚ ਫਸੀ ਹੋਈ ਸੀ। ਇਸ ਦਾ ਸਿੱਟਾ 1857 ਈ. ਨੂੰ ਗਦਰ ਦੀ ਸ਼ਕਲ ਵਿਚ ਫੱਟਿਆ। ਆਜ਼ਾਦੀ ਲਈ, ਆਪਣੇ ਹੱਕਾਂ ਲਈ ਮਹਾਰਾਣੀ ਝਾਂਸੀ, ਆਪਣੇ ਬੱਚੇ ਨੂੰ ਆਪਣੀ ਪਿੱਠ ਪਿੱਛੇ ਬੰਨ੍ਹ ਕੇ ਮਰਦਾਨਾ ਪਹਿਰਾਵਾ ਪਹਿਨਕੇ ਲੜ੍ਹਾਈ ਵਿਚ ਜੂਝਦੀ ਹੋਈ ਸ਼ਹੀਦੀ ਪ੍ਰਾਪਤ ਕਰ ਗਈ। ਉਸ ਦੀ ਦਲੇਰਤਾ ਭਰੀ ਸ਼ਹੀਦੀ ਨੇ ਇਸਤ੍ਰੀ ਜਾਤੀ ਦੀ ਗ਼ੈਰਤ ਨੂੰ ਟੁੰਬਿਆ ਤੇ ਜਿਸ ਤੋਂ ਅਜੀਜ਼ਲ ਬਾਈ ਮਹਾਨ ਇਸਤ੍ਰੀ ਪ੍ਰਗਟ ਹੋਈ। ਉਹ ਵੀ ਹੱਕਾਂ ਲਈ, ਆਜ਼ਾਦੀ ਲਈ ਜੂਝਦੀ ਹੋਈ ਅਖ਼ੀਰ ਸ਼ਹੀਦੀ ਦਾ ਜਾਮ ਪੀ ਗਈ । ਬਾਦ ਵਿਚ ਤਾਂਤੀਆਂ ਟੋਪੇ ਜੋ ਇਸ ਸੰਘਰਸ਼ ਦਾ ਆਗੂ ਸੀ, 1859 ਈ. ਨੂੰ ਫੜ੍ਹਕੇ ਫਾਂਸੀ ਤੇ ਲਟਕਾ ਦਿੱਤਾ ਗਿਆ। ਇਸ ਤਰ੍ਹਾਂ 1857 ਈ. ਦਾ ਗਦਰ ਫ਼ੇਲ੍ਹ ਹੋ ਗਿਆ। ਕਾਰਨ ਇਹ ਹੋਇਆ ਕਿ ਰਾਜ਼ਿਆਂ, ਜਗੀਰਦਾਰਾਂ, ਸਰਦਾਰਾਂ ਨੇ ਆਪਣੇ ਦੇਸ਼ ਨਾਲ ਗੱਦਾਰੀ ਕੀਤੀ ਤੇ ਅੰਗਰੇਜ਼ ਸਰਕਾਰ ਦਾ ਗਦਰ ਫ਼ੇਲ੍ਹ ਕਰਾਉਣ ਵਿਚ ਪੂਰਾ ਪੂਰਾ ਸਾਥ ਦਿੱਤਾ। ਇਹੋ ਜਿਹੇ ਗੱਦਾਰਾਂ ਨੇ ਡੋਗਰਿਆਂ ਦੇ ਰੂਪ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ਼ ਵੀ ਡੋਬਿਆ ਸੀ। 

ਨਾਮਧਾਰੀ ਲਹਿਰ: 

ਭਾਰਤ ਦੀ ਆਜ਼ਾਦੀ ਦੀ ਲਹਿਰ ਚਲਦੀ ਗਈ। ਫਿਰ ਨਾਮਧਾਰੀ ਜਿਨ੍ਹਾਂ ਨੂੰ ‘ਕੂਕੇ’ ਵੀ ਕਿਹਾ ਜਾਂਦਾ ਹੈ। ਕਈ ਵਿਦਵਾਨਾਂ ਦਾ ਕਹਿਣਾਂ ਹੈ ਕਿ ਨਾਮਧਾਰੀ ਵੀਰ ਸ਼ਬਦ ਨੂੰ “ਕੂਕ ਕੂਕ ਕੇ” ਉੱਚੀ ਉੱਚੀ ਪੜ੍ਹਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਕੂਕੇ ਕਿਹਾ ਜਾਂਦਾ ਹੈ, ਉਨ੍ਹਾਂ ਦਾ ਸਮਾਂ ਆਇਆ। ਇਸ ਸੰਸਥਾ ਦਾ ਮੋਢੀ ਬਾਬਾ ਬਾਲਕ ਸਿੰਘ ਹੋਇਆ। ਉਸ ਨੇ ਸਿੱਖੀ ਦਾ ਕਾਫ਼ੀ ਪ੍ਰਚਾਰ ਕੀਤਾ। ਅਗਾਂਹ ਉਨ੍ਹਾਂ ਦੇ ਚੇਲਿਆਂ ਵਿਚੋਂ ਫ਼ੌਜੀ ਬਾਬਾ ਰਾਮ ਸਿੰਘ ਭੈਣੀ ਜ਼ਿਲ੍ਹਾ ਲੁਧਿਆਣਾ ਵਾਲੇ ਹੋਏ। ਮਹਾਰਾਜਾ ਰਣਜੀਤ ਸਿੰਘ ਜੀ ਦੀ ਫ਼ੌਜ ਵਿਚ ਇਹ ਭਰਤੀ ਸਨ। ਪਰ ਅੰਗਰੇਜ਼ ਸਰਕਾਰ ਦੇ ਜ਼ੁਲਮ ਤੋਂ ਅੱਕ ਕੇ ਬਾਬਾ ਰਾਮ ਸਿੰਘ ਜੀ ਇਨਸਾਫ਼ ਦੇ ਖੇਤਰ ਵਿਚ ਅੱਗੇ ਆਏ। ਸਿੱਖ ਧਰਮ ਵਿਚ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਦ ਤਾਂ ਸਿੱਖ ਸਿੱਖੀ ਸਿਧਾਂਤ ਤੋਂ ਬਹੁਤ ਦੂਰ ਜਾ ਚੁੱਕੇ ਸਨ। ਉਹ ਹਿੰਦੂਆਂ ਦੀਆਂ ਰਹੁ-ਰੀਤੀਆਂ ਤੇ ਫਿਰ ਚੱਲ ਪਏ ਸਨ, ਜਿਨ੍ਹਾਂ ਤੋਂ ਗੁਰੂ ਸਾਹਿਬਾਨਾਂ ਨੇ ਰੋਕਿਆ ਸੀ। ਉਹੀ ਬੁੱਤ ਪੂਜਾ ਕਰਦੇ ਸਨ। ਇਤਿਹਾਸ ਦੱਸਦਾ ਹੈ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਕਈ ਚਿਰ ਮੂਰਤੀਆਂ ਪਈਆਂ ਰਹੀਆਂ, ਸਿੱਖਾਂ ਅੰਦਰ ਉਹੀ ਜਾਤ ਪਾਤ, ਛੂਤਛਾਤ, ਸੂਤਕ ਮ੍ਰਿਤਕ ਕਿਰਿਆਂ, ਪਿੰਡ ਭਰਾਉਣੇ, ਵੇਦੀ ਗੱਡਣੀ, ਗੰਗਾ ਵਿਚ ਮ੍ਰਿਤਕ ਪ੍ਰਾਣੀਆਂ ਦੇ ਫੁੱਲ ਪਾਉਣੇ, ਦੇਵੀ ਦੇਵਤਿਆਂ ਦੀ ਪੂਜਾ ਕਰਨੀ, ਮੜ੍ਹੀਆਂ ਮੱਠਾਂ ਦੀ ਪੂਜਾ ਕਰਨੀ, ਪਿੱਤਰਾਂ ਦੀ ਪੂਜਾ ਕਰਨੀ ਤੇ ਸ਼ਰਾਧ ਖੁਆਉਣੇ ਤੇ ਸ਼ਗਨ ਅਪਸ਼ਗਨ ਵੀ ਮੰਨਣੇ, ਗੁੱਗੇ ਦੀ ਪੂਜਾ ਵੀ ਕਰਨੀ, ਭਾਵ ਜੋ ਹਿੰਦੂ ਧਰਮ ਦੇ ਕਰਮਕਾਂਡ ਸਨ ਉਨ੍ਹਾਂ ਨੂੰ ਸਿੱਖ ਮਨ ਰਿਹਾ ਸੀ। ਜਿਨ੍ਹਾਂ ਕਰਮਾਂ ਤੋਂ ਗੁਰਮਤਿ ਨੇ ਵਰਜਿਆ ਸੀ, ਉਹੀ ਕਰਮ ਕਰ ਰਿਹਾ ਸੀ। ਬਾਬਾ ਰਾਮ ਸਿੰਘ ਜੀ ਭੈਣੀ ਵਾਲਿਆਂ ਵੱਲੋਂ ਉਪਰੋਕਤ ਸਿੱਖਾਂ ਵਿਚੋਂ ਹਿੰਦੂ ਧਰਮ ਦੇ ਸੰਸਕਾਰਾਂ ਨੂੰ ਦੂਰ ਕਰਨ ਲਈ ਪ੍ਰਚਾਰ ਕਰਨਾ ਸ਼ੁਰੂ ਕੀਤਾ। 

ਨਾਮਧਾਰੀ ਲਹਿਰ ਕਾਫ਼ੀ ਇਲਾਕਿਆਂ ਅੰਦਰ ਫ਼ੈਲ ਗਈ। ਇਸ ਲਹਿਰ ਅੰਦਰ ਅੰਮਿ੍ਤਧਾਰੀ ਵੀ ਸਿੱਖ ਸਨ ਤੇ ਸਹਿਜਧਾਰੀ ਵੀ, ਕਈ ਹਿੰਦੂ ਵੀ ਸਨ ਜੋ ਇਸ ਲਹਿਰ ਨਾਲ ਸਹਿਮਤ ਸਨ। ਅੰਗਰੇਜ਼ ਸਰਕਾਰ ਨੂੰ ਇਹ ਲਹਿਰ ਬਹੁਤ ਚੁੱਬਣ ਲੱਗੀ। ਉਨ੍ਹਾਂ ਬਾਬਾ ਰਾਮ ਸਿੰਘ ਜੀ ਨੂੰ ਭੈਣੀ ਵਿਖੇ ਨਜ਼ਰਬੰਦ ਕਰ ਦਿੱਤਾ। ਅੰਗਰੇਜ਼ ਸਰਕਾਰ ਨੇ ਬਾਬਾ ਰਾਮ ਸਿੰਘ ਜੀ ਨੂੰ ਤੰਗ ਕਰਨ ਵਾਸਤੇ ਅੰਮ੍ਰਿਤਸਰ ਵਿਖੇ ਬੁੱਚੜਖਾਨਾ ਖੋਲ੍ਹ ਦਿੱਤਾ। 

ਕੂਕਾ ਲਹਿਰ ਵਿਚ ਇਸ ਗੱਲ ਦਾ ਬਹੁਤ ਰੋਸ ਹੋਇਆ। ਉਨ੍ਹਾਂ ਨੇ ਅੰਮ੍ਰਿਤਸਰ, ਰਾਇਕੋਟ ਤੇ ਮਲੇਰ ਕੋਟਲੇ ਦੇ ਬੁੱਚੜ ਮਾਰ ਦਿੱਤੇ। ਜਿਸ ਕਰਕੇ ਕੂਕਿਆਂ ਨੂੰ ਫਾਂਸੀ, ਉਮਰਕੈਦ ਤੇ ਤੋਪਾਂ ਨਾਲ ਉੜਾਇਆ ਗਿਆ। ਬਾਬਾ ਰਾਮ ਸਿੰਘ ਜੀ ਨੂੰ 1872 ਈ. ਨੂੰ ਰੰਗੂਨ (ਬਰਮਾ) ਵਿਖੇ ਦੇਸ਼ ਨਿਕਾਲਾ ਦੇ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਦੇਹਾਂਤ 1885 ਈ. ਨੂੰ ਹੋਇਆ। 1885 ਈ. ਨੂੰ ਹੀ ਨਵੀਂ ਪਾਰਟੀ ਕਾਂਗਰਸ ਸਾਹਮਣੇ ਆਈ। ਅੰਗਰੇਜ਼ ਸਰਕਾਰ ਦੇ ਵਿਰੁੱਧ ਇਸ ਪਾਰਟੀ ਨੇ ਵਿਦੇਸ਼ੀ ਮਾਲ ਦਾ ਬਾਈਕਾਟ ਕੀਤਾ। ਹੌਲੀ ਹੌਲੀ 1906 ਈ. ਵਿਚ ਮੁਸਲਿਮ ਲੀਗ ਤੇ ਹਿੰਦੂ ਜਥੇਬੰਦੀ ਵੀ ਪੈਦਾ ਹੋਈ। ਇਸ ਤਰ੍ਹਾਂ ਅਜ਼ਾਦੀ ਦੀ ਲਹਿਰ ਤੇਜ਼ ਹੁੰਦੀ ਗਈ। ਬਾਬਾ ਰਾਮ ਸਿੰਘ ਜੀ ਭੈਣੀ ਸਾਹਿਬ ਵਾਲਿਆਂ ਨੇ ਤਾਂ ਸਿੱਖ ਧਰਮ ਵਿਚ ਆਈਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਬਹੁਤ ਉਪਰਾਲੇ ਕੀਤੇ ਪਰ ਸਰਕਾਰ ਨੇ ਜ਼ੁਲਮ ਅੱਤਿਆਚਾਰ ਕਰਕੇ ਕੂਕਾ ਲਹਿਰ ਹੀ ਖਤਮ ਕਰ ਦਿੱਤੀ। ਪਰ ਫਿਰ ਵੀ ਜੋ ਕੂਕਾ ਲਹਿਰ ਨੇ ਸਿੱਖਾਂ ਦੇ ਅੰਦਰ ਸਿੱਖੀ ਸਪੀਰਿਟ ਭਰ ਦਿੱਤੀ ਉਸ ਨੂੰ ਉਹ ਖ਼ਤਮ ਨਾ ਕਰ ਸਕੇ। ਪਰ ਸਦੀਆਂ ਤੋਂ ਭੁੱਲੀ ਭੱਟਕੀ ਜਨਤਾ ਦੇ ਅੰਦਰੋਂ ਹਿੰਦੂ-ਰਹੁ ਰੀਤੀਆਂ ਦਾ ਤਿਆਗ ਕਰਾਉਣਾ ਵੀ ਸੋਖੀ ਖੇਡ ਨਹੀਂ ਸੀ। ਲੋਕਾਂ ਨੇ ਬਾਬਾ ਰਾਮ ਸਿੰਘ ਜੀ ਦੇ ਦੇਹਾਂਤ ਤੋਂ ਬਾਦ ਫਿਰ ਬੁੱਤ-ਪੂਜਾ ਦੇਹਧਾਰੀ ਗੁਰੂ ਤੇ ਹੋਰ ਅਨੇਕਾਂ ਤਰ੍ਹਾਂ ਦੀ ਮਾਨਤਾ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਮਨਮਤਾਂ ਨੂੰ ਦੂਰ ਕਰਨ ਲਈ ਸਿੰਘ ਸਭਾ ਲਹਿਰ ਅੰਮ੍ਰਿਤਸਰ ਦੀ 1873 ਈ. ਨੂੰ ਬੁਨਿਆਦ ਰੱਖੀ ਗਈ। ਇਸ ਵਿਚ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਗੁਰਦਿੱਤ ਸਿੰਘ ਜੀ ਨੇ ਬਹੁਤ ਯੋਗਦਾਨ ਪਾਇਆ। ਬਾਬਾ ਸੁੰਦਰ ਸਿੰਘ ਮਜੀਠੀਆ, ਸ. ਹਰਬੰਸ ਸਿੰਘ ਜੀ ਅਟਾਰੀ ਵਾਲੇ ਤੇ ਸੰਤ ਕਵੀ ਲਿਖਾਰੀ ਭਾਈ ਵੀਰ ਸਿੰਘ ਜੀ ਤੇ ਭਾਈ ਜੋਧ ਸਿੰਘ ਜੀ ਨੇ ਵੀ ਇਸ ਵਿਚ ਮਹਾਨ ਹਿੱਸਾ ਪਾਇਆ। ਫਿਰ 1879 ਈ. ਵਿਚ ਸਿੰਘ ਸਭਾ ਲਾਹੌਰ ਸਥਾਪਤ ਹੋਈ। ਸਿੱਖ ਧਰਮ ਦਾ ਸੁਨੇਹਾ ਲੋਕਾਂ ਤਕ ਪਹੁੰਚਾਉਣ ਲਈ ਪੇਪਰ, ਰਸਾਲੇ ਵੀ ਕੱਢੇ ਗਏ। ਲੋਕਾਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਗਏ। ਉਪਰੋਕਤ ਨਾਮਵਰ ਗੁਰਸਿੱਖਾਂ ਨੇ ਗੁਰਮਤਿ ਦੇ ਪ੍ਰਚਾਰ ਰਾਹੀਂ ਗੁਰਸਿੱਖੀ ਨੂੰ ਲੱਗ ਰਹੀ ਢਾਹ ਤੋਂ ਬਚਾਇਆ। 

1892 ਈ. ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਰੱਖੀ। 1901 ਈ. ਵਿਚ ‘ਚੀਫ਼ ਖ਼ਾਲਸਾ ਦੀਵਾਨ’ ਦੇ ਨਾਮ ਹੇਠ ਵੀ ਇਕ ਸਿੱਖ ਜਥੇਬੰਦੀ ਕਾਇਮ ਕੀਤੀ ਗਈ, ਜਿਸ ਵਿਚ ਭਾਈ ਅਰਜਨ ਸਿੰਘ ਬਾਗੜੀਆ ਤੇ ਸੁੰਦਰ ਸਿੰਘ ਮਜੀਠੀਆ ਨੇ ਕਾਫੀ ਭੂਮਿਕਾ ਨਿਭਾਈ। ਗੱਲ ਕੀ ਸਿੰਘ ਸਭਾ ਲਹਿਰ ਅੰਮ੍ਰਿਤਸਰ, ਸਿੰਘ ਸਭਾ ਲਹਿਰ ਲਾਹੌਰ ਤੇ ਚੀਫ਼ ਖ਼ਾਲਸਾ ਦੀਵਾਨ ਆਦਿ ਜਥੇਬੰਦੀਆਂ ਨੇ ਸਿੱਖ ਕੌਮ ਨੂੰ ਜਗਾ ਕੇ ਰੱਖ ਦਿੱਤਾ ਜੋ ਹਿੰਦੂ ਕਰਮ ਕਾਂਡਾਂ ਵਿਚ ਬੁਰੀ ਤਰ੍ਹਾਂ ਫਸੀ ਹੋਈ ਸੀ। 

ਪਿੱਛੇ ਅਸੀਂ ਪੜ੍ਹ ਆਏ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਦ ਸਿੱਖ ਧਰਮ ਹਿੰਦੂ ਕਰਮ ਕਾਂਡਾਂ ਅਨੁਸਾਰ ਚਲ ਰਿਹਾ ਸੀ। ਦੇਵੀ ਦੇਵਤਿਆਂ, ਮੜ੍ਹੀਆਂ ਮੱਠਾਂ ਦੀ ਪੂਜਾ ਕਰ ਰਿਹਾ ਸੀ। ਹਿੰਦੂ ਧਰਮ ਦਾ ਹਰ ਇਕ ਉਹ ਕਰਮ ਕਾਂਡ ਕਰ ਰਿਹਾ ਸੀ ਜਿਸ ਤੋਂ ਗੁਰਮਤਿ ਨੇ ਵਰਜਿਆ ਹੋਇਆ ਸੀ। 

ਅੰਗਰੇਜ਼ ਸਰਦਾਰ ਦੀ ਆਰਥਿਕ ਪਾਲਿਸੀ ਵੀ ਦੇਸ਼ ਨੂੰ ਕਮਜ਼ੋਰ ਤੇ ਤਬਾਹ ਕਰਨ ਦੀ ਸੀ। ਲੋਕਾਂ ਨੇ ਸ਼ਾਹੂਕਾਰਾਂ ਦੇ ਕਰਜ਼ਿਆਂ ਹੇਠ ਆ ਕੇ ਜ਼ਮੀਨਾਂ ਰਹਿਣ ਕਰ ਦਿੱਤੀਆਂ ਸਨ। 

ਕਈ ਲੋਕ ਬੀਮਾਰੀ ਗਰੀਬੀ ਤੇ ਨੰਗ ਭੁੱਖ ਤੋਂ ਤੰਗ ਆ ਕੇ ਰੋਜ਼ੀ ਦੀ ਖ਼ਾਤਰ ਸਿੰਗਾਪੁਰ, ਮਲਾਇਆ, ਥਾਈਲੈਂਡ, ਚੀਨ, ਹਾਂਗਕਾਂਗ ਆਦਿ ਦੇਸ਼ਾਂ ਅੰਦਰ ਚਲੇ ਗਏ ਸਨ ਤੇ ਉਥੋਂ ਹੌਲੀ ਹੌਲੀ ਕਈ ਅਮਰੀਕਾ, ਕਨੇਡਾ, ਫਿਲਪਾਈਨ, ਅਸਟਰੇਲੀਆ ਪਹੁੰਚ ਗਏ। ਲੋਕ ਨਿਕਲਦੇ ਵੀ ਕਿਉਂ ਨਾ, ਅੰਗਰੇਜ਼ ਸਰਕਾਰ ਨੇ ਆਰਥਿਕ ਪੱਖੋਂ ਲੋਕਾਂ ਨੂੰ ਖਤਮ ਕਰ ਦਿੱਤਾ ਸੀ ਤੇ ਐਜ਼ੂਕੇਸ਼ਨ ਪੱਖੋਂ ਵੀ ਕਈ ਕਾਲਜ਼, ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਤਾਂ ਜੋ ਭਾਰਤਵਾਸੀ ਐਜ਼ੂਕੇਸ਼ਨ ਪੱਖੋਂ ਜਾਗ੍ਰਤ ਨਾ ਹੋ ਸਕਣ। 

ਕਨੇਡਾ ਵੈਨਕੂਵਰ ਦੇ ਆਲੇ ਦੁਆਲੇ ਤੇ ਵਿਕਟੋਰੀਆ ਇਲਾਕੇ ਵਿਚ ਵੀ ਜਿਥੇ ਭਾਰਤੀ ਰੋਜ਼ੀ ਦੀ ਖ਼ਾਤਰ ਪਹੁੰਚੇ ਉਥੇ ਉਨ੍ਹਾਂ ਨੇ ਜੰਗਲ ਦੀਆਂ ਲੱਕੜਾਂ ਕੱਟਕੇ, ਦਿਨ ਰਾਤ ਕਰਕੇ ਆਪਣੀ ਆਰਥਿਕ ਹਾਲਤ ਨੂੰ ਸੁਧਾਰਿਆ ਤੇ ਭਾਰਤ ਅੰਦਰ ਜਾਇਦਾਦਾਂ ਖਰੀਦੀਆਂ। ਨਿਰੀ ਆਪਣੀ ਆਰਥਿਕ ਹਾਲਤ ਹੀ ਚੰਗੀ ਨਹੀਂ ਕੀਤੀ ਸਗੋਂ ਭਾਰਤ ਵਿਚ ਪੈਸੇ ਰਾਹੀਂ ਵਿਦਿਅਕ ਸੰਸਥਾਵਾਂ ਕਾਇਮ ਕਰਨ ਵਿਚ ਮਦਦ ਕੀਤੀ ਤੇ ਕਈ ਹਸਪਤਾਲਾਂ ਨੂੰ ਬਨਾਉਣ ਵਿਚ ਮਾਇਕ ਸਹਾਇਤਾ ਵੀ ਕੀਤੀ ਤਾਂ ਜੋ ਲੋਕ ਸਰੀਰਕ ਤੌਰ ਤੇ ਤੰਦਰੁਸਤ ਰਹਿ ਸਕਣ। 

ਅਮਰੀਕਾ, ਕਨੇਡਾ, ਨਸਲਵਾਦੀ ਸਰਕਾਰਾਂ ਨੇ ਉਸ ਸਮੇਂ ਬਹੁਤ ਭਾਰਤੀ ਲੋਕਾਂ ਤੇ ਸਖ਼ਤੀਆਂ ਕੀਤੀਆਂ। ਫਿਰ ਵੀ ਭਾਰਤੀਆਂ ਨੇ ਆਪਣੇ ਬਚਾ ਲਈ ਨਸਲਵਾਦੀ ਵਿਤਕਰੇ ਵਿਰੁੱਧ ਕਈ ਸੰਸਥਾਵਾਂ ਕਾਇਮ ਕੀਤੀਆਂ। ਭਾਰਤੀ ਲੋਕਾਂ ਲਈ ਉਹ ਕਿਤਨਾ ਅਨੋਖਾ ਸਮਾਂ ਹੋਵੇਗਾ ਜਦ ਕਿ ਭਾਰਤ ਵਿਚ ਅੰਗਰੇਜ਼ ਸਰਕਾਰ ਨੇ ਹਰ ਪੱਖੋਂ ਤੰਗੀ ਦਿੱਤੀ ਹੋਈ ਸੀ ਅਤੇ ਅਮਰੀਕਾ, ਕਨੇਡਾ ਵਿਚ ਭਾਰਤੀਆਂ ਨੂੰ ਨਸਲਵਾਦੀ ਵਿਤਕਰੇ ਦਾ ਮੁਕਾਬਲਾ ਕਰਨਾ ਪੈ ਰਿਹਾ ਸੀ। ਫਿਰ ਵੀ ਬਾਹਰਲੇ ਦੇਸ਼ਾਂ ਅੰਦਰ ਭਾਰਤੀ ਲੋਕਾਂ ਨੇ ਹੌਸਲੇ ਤੋਂ ਕੰਮ ਲਿਆ ਤੇ ਨਸਲਵਾਦੀ ਵਿਤਕਰੇ ਵਿਰੁੱਧ ਜਥੇਬੰਦੀਆਂ, ਸੰਸਥਾਵਾਂ ਕਾਇਮ ਕੀਤੀਆਂ। ਛੋਟੀਆਂ ਛੋਟੀਆਂ ਜਥੇਬੰਦੀਆਂ ਨੂੰ ਹੋਰ ਵੀ ਤਾਕਤਵਰ ਬਨਾਉਣ ਲਈ ਇਕ ਕੇਂਦਰੀ ਤਾਕਤਵਰ ਜਥੇਬੰਦੀ ਕਾਇਮ ਕੀਤੀ ਜਿਸ ਦਾ ਨਾਮ ਬਾਦ ਵਿਚ ‘ਗਦਰ ਪਾਰਟੀ’ ਜਗਤ ਵਿਚ ਪ੍ਰਸਿੱਧ ਹੋਇਆ। 

ਗਦਰ ਪਾਰਟੀ: 

ਗਦਰ ਪਾਰਟੀ ਦਾ ਪ੍ਰਧਾਨ ਬਾਬਾ ਸੋਹਣ ਸਿੰਘ ਜੀ ‘ਭੱਕਨਾ’, ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਤ ਕਾਸ਼ੀ ਰਾਮ ਬਣਿਆ। ਇਨ੍ਹਾਂ ਨੇ ਇਕ ਅਖ਼ਬਾਰ ਜਾਰੀ ਕੀਤਾ, ਜਿਸ ਦਾ ਨਾਮ ‘ਗਦਰ’ ਅਖ਼ਵਾਰ ਰੱਖਿਆ ਗਿਆ ਤੇ ਲਾਲਾ ਹਰਦਿਆਲ ਇਸ ਪੇਪਰ ਦਾ ਸੰਪਾਦਕ ਬਣਿਆ। ਦੇਸ਼ਾਂ, ਪ੍ਰਦੇਸਾਂ ਵਿਚ ਹਜ਼ਾਰਾਂ ਕਾਪੀਆਂ ਉਰਦੂ, ਪੰਜਾਬੀ, ਹਿੰਦੀ ਭਾਸ਼ਾਵਾਂ ਵਿਚ ਛਪਾਕੇ ਵੰਡੀਆਂ ਜਾਂਦੀਆਂ ਤੇ ਰਸਾਲੇ ਵੀ ਕੱਢੇ ਜਾਂਦੇ ਤੇ ਕਈ ਦੇਸ਼ਾਂ ਅੰਦਰ ਵੰਡੇ ਜਾਂਦੇ। ਗੱਲ ਕੀ, ਅਖ਼ਵਾਰ ਤੇ ਰਸਾਲਿਆਂ ਅੰਦਰ ਕੌਮੀ ਪਿਆਰ ਕੁੱਟ ਕੁੱਟ ਕੇ ਭਰਿਆ ਹੁੰਦਾ ਤਾਂ ਜੋ ਲੋਕਾਂ ਅੰਦਰ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਜਾਗ੍ਰਤੀ ਆਵੇ। 

ਬਾਦ ਵਿਚ ਲਾਲਾ ਹਰਦਿਆਲ ਸਕੱਤਰ ਗ੍ਰਿਫ਼ਤਾਰ ਹੋ ਗਿਆ। ਉਸ ਦੀ ਥਾਂ ਸਕੱਤਰ ਦੀ ਜ਼ਿੰਮੇਵਾਰੀ ਭਾਈ ਸੰਤੋਖ ਸਿੰਘ ਨੂੰ ਦਿੱਤੀ ਗਈ। 

‘ਯੁਗਾਤਰ ਆਸ਼ਰਮ’ ਜੋ ਸਾਨਫ੍ਰਾਂਸਿਸਕੋ ਵਿਚ ਕਾਇਮ ਕੀਤਾ ਹੋਇਆ ਸੀ, ਜਿਥੋਂ ‘ਗਦਰ ਪਾਰਟੀ’ ਅਖ਼ਵਾਰ ਨਿਕਲਦਾ ਸੀ ਉਥੇ ਉਸ ਵਿਚ ਕਰਤਾਰ ਸਿੰਘ ਸਰਾਭਾ, ਪੰਡਤ ਕਾਸ਼ੀ ਰਾਮ, ਸੋਹਣ ਲਾਲ ਪਾਠਕ, ਪ੍ਰਿਥਵੀ ਸਿੰਘ, ਹਰਨਾਮ ਸਿੰਘ, ਰਾਮਚੰਦਰ ਆਦਿ ਦੇਸ਼ ਭਗਤਾਂ ਨੇ ਵੀ ਕੰਮ ਕੀਤਾ। ਨਾਲ ਨਾਲ ਇਨਕਲਾਬੀਆਂ ਨੇ ਫ਼ੌਜ਼ੀ ਟ੍ਰੇਨਿੰਗ ਵੀ ਲਈ। 1914 ਈ. ਦੇ ਆਰੰਭ ਵਿਚ ਭਾਈ ਗੁਰਦਿੱਤ ਸਿੰਘ ਜੀ ਨੇ ‘ਕਾਮਾ ਗਾਟਾ’ ਜਪਾਨ ਦਾ ਬਣਿਆ ਹੋਇਆ ਜਹਾਜ਼ ਕਿਰਾਏ ‘ਤੇ ਲਿਆ, ਉਸ ਵਿਚ ਕੁਝ ਕੁ ਮੁਸਾਫ਼ਰ ਚੀਨ, ਜਪਾਨ, ਹਾਂਗਕਾਂਗ ਤੋਂ ਚੜ੍ਹੇ ਤੇ ਕੁਝ ਕਲਕੱਤੇ ਤੋਂ ਮੁਸਾਫ਼ਰ ਲਏ, ਇੰਜ 376 ਵਿਅੱਕਤੀਆਂ ਸਮੇਤ ਜਹਾਜ਼ ਕਨੇਡਾ ਵੈਨਕੂਵਰ ਵੱਲ ਨੂੰ ਚਲ ਪਿਆ। ਪਰ ਕਨੇਡਾ ਸਰਕਾਰ ਨੇ ਕਨੇਡਾ ਅੰਦਰ ਜਹਾਜ਼ ਨੂੰ ਦਾਖ਼ਲ ਨਾ ਹੋਣ ਦਿੱਤਾ। ਕੁਝ ਮਹੀਨੇ ਜਹਾਜ਼ ਨੂੰ ਸਮੁੰਦਰ ਵਿਚ ਰੋਕ ਰੱਖਿਆ। 

ਜਦ ਜਹਾਜ਼ ਕਨੇਡਾ ਤੋਂ ਦੂਰ ਸਮੁੰਦਰ ਵਿਚ ਖੜ੍ਹਾ ਰਿਹਾ ਤਾਂ ਕਨੇਡਾ ਨਿਵਾਸੀ ਪੰਜਾਬੀ ਭਾਰਤੀਆਂ ਦੇ ਮਨਾਂ ਵਿਚ ਬਹੁਤ ਰੋਸ ਜਾਗਿਆ। ਉਨ੍ਹਾਂ ਨੇ ਕਨੇਡਾ ਸਰਕਾਰ ਤੇ ਦਬਾ ਪਾਇਆ ਤੇ ਕੇਸ ਵੀ ਦਰਜ਼ ਕਰ ਦਿੱਤਾ ਕਿ ਜਹਾਜ਼ ਨੂੰ ਨਾ ਰੋਕਿਆ ਜਾਏ। ਪਰ ਕੇਸ ਭਾਰਤੀ ਪੰਜਾਬੀਆਂ ਦੇ ਵਿਰੁੱਧ ਗਿਆ। ਸਰਕਾਰ ਨੇ ਜਹਾਜ਼ ਨੂੰ ਵਾਪਸ ਭੇਜਣ ਦਾ ਹੁਕਮ ਦੇ ਦਿੱਤਾ (ਯਾਦ ਰਹੇ ‘ਕਾਮਾ ਗਾਟਾ ਮਾਰੂ’ ਜਹਾਜ਼ ਦਾ ਨਾਮ ਪੰਜਾਬੀਆਂ ਨੇ ਗੁਰੂ ਨਾਨਕ ਦੇਵ ਜਹਾਜ਼ ਵੀ ਰੱਖਿਆ ਹੋਇਆ ਸੀ)। ਦੁਖੀ ਹੋਏ ਮਜ਼ਬੂਰ ਭਾਰਤੀਆਂ ਨੂੰ ਵਾਪਸ ਭਾਰਤ ਪਰਤਣਾ ਪਿਆ। 

ਜਦ ਜਹਾਜ਼ ਬਜ-ਬਜ (ਕਲਕੱਤਾ) ਦੇ ਘਾਟ ‘ਤੇ ਪਹੁੰਚਿਆ ਤਾਂ ਨਿਰਦੋਸ਼ ਭਾਰਤੀਆਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਸੈਂਕੜੇ ਸ਼ਹੀਦੀਆਂ ਪ੍ਰਾਪਤ ਕਰ ਗਏ। 

ਕਈਆਂ ਨੂੰ ਜੇਲ੍ਹਾਂ ਵਿਚ ਸੁੱਟਿਆ, ਕਈਆਂ ਨੇ ਤਾਂ ਸਮੁੰਦਰ ਵਿਚ ਛਾਲਾਂ ਮਾਰ ਦਿੱਤੀਆਂ। ਇਸ ਵਿਚ ਬਹੁਤੇ ਪੰਜਾਬੀ ਸਨ । ਇਸ ਦੁਰਘਟਨਾ ਦਾ ਭਾਰਤ ਅੰਦਰ ਤੇ ਕਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਅੰਦਰ, ਭਾਰਤੀ ਜਨਤਾ ਅੰਦਰ ਬਹੁਤ ਰੋਸ ਜਾਗਿਆ। ਫਿਰ ਵੀ ਕੁਝ ਕੁ ਦੇਸ਼ ਭਗਤ ਭਾਰਤ ਅੰਦਰ ਦਾਖਲ ਹੋਣ ਵਿਚ ਕਾਮਯਾਬ ਵੀ ਹੋ ਗਏ। 11 ਅਗੱਸਤ 1914 ਈ. ਨੂੰ ਪੰਜਾਬੀਆਂ ਦਾ ਕਰੀਬ 6 ਹਜ਼ਾਰ ਦੇ ਲੱਗਭਗ ਸੈਕਰਾਮੈਂਟੋ ਵਿਚ ਇਕੱਠ ਹੋਇਆ। 1914 ਈ. ਨੂੰ ਬਜ-ਬਜ ਘਾਟ ‘ਤੇ ਹੋਏ ਅੱਤਿਆਚਾਰ ਨੇ ਪੰਜਾਬੀ ਬਹਾਦਰ ਲਹੂ ਨੂੰ ਫਿਰ ਗਰਮਾਇਆ ਤੇ ਉਨ੍ਹਾਂ ਹਿੰਦੋਸਤਾਨ ਨੂੰ ਆਜ਼ਾਦ ਕਰਨ ਲਈ ਭਾਰਤ ਵਲ ਨੂੰ ਜਾਣ ਦੀ ਠਾਣ ਲਈ। ਉਨ੍ਹਾਂ ਦਿਨਾਂ ਅੰਦਰ ਦੁਨੀਆਂ ਦੀ ਪਹਿਲੀ ਜੰਗ ਛਿੜ ਪਈ। ਗਦਰੀ ਬਾਬਿਆਂ ਨੇ ਮੌਕੇ ਦਾ ਫਾਇਦਾ ਉਠਾਇਆ। ਫਿਰ ਉਨ੍ਹਾਂ ਬਹਾਦਰ ਸੂਰਮਿਆਂ ਨੇ ਤੋਸਾਮਾਰੂ ਜਹਾਜ਼ ਰਾਹੀਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਚਾਲੇ ਪਾਏ। ਉਨ੍ਹਾਂ ਨੇ ਸੋਚਿਆ ਕਿ ਸਾਡੀ ਕਮਾਈ ਕੀ ਕਰੇਗੀ, ਜਦਕਿ ਸਾਡੇ ਭਾਰਤਵਾਸੀ ਗਰੀਬੀ, ਬੀਮਾਰੀ ਤੇ ਤਸ਼ੱਦਦ, ਜ਼ੁਲਮ ਭਰੀ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਨਕਲਾਬੀਆਂ ਦੀਆਂ ਖੁੱਲ੍ਹੀਆਂ ਤਕਰੀਰਾਂ ਤੇ ਖੁੱਲ੍ਹੇ ਪ੍ਰਚਾਰ ਦਾ ਸਿੱਟਾ ਇਹ ਹੋਇਆ ਕਿ ‘ਤੋਸ਼ਾ ਮਾਰੂ’ ਜਹਾਜ਼ ਦੇ ਇਨਕਲਾਬੀਆਂ ਨੂੰ ਜਹਾਜ਼ ਤੋਂ ਉਤਰਨ ਸਮੇਂ ਹੀ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ । ਕੁਝ ਕੁ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ ਸਨ। ਫਿਰ ‘ਮਸ਼ੀਨਾਂ ਮਾਰੂ’ ਜਹਾਜ਼ ਰਾਹੀਂ ਵੀ ਭਾਰਤੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆ ਰਹੇ ਸਨ। ਇਸ ਜਹਾਜ਼ ਵਿਚ ਕਈ ਦੇਸ਼ ਭਗਤ ਇਸ ਤਰ੍ਹਾਂ ਦੇ ਸਨ ਜੋ ਬਹੁਤ ਹੀ ਹੁਸ਼ਿਆਰੀ ਨਾਲ ਨਿਕਲ ਕੇ ਪੰਜਾਬ ਪਹੁੰਚਣ ਵਿਚ ਕਾਮਯਾਬ ਹੋ ਗਏ ਸਨ । ਗਦਰ ਪਾਰਟੀ ਦਾ ਹੀਰੋ ਕਰਤਾਰ ਸਿੰਘ ਸਰਾਭਾ ਵੀ ਕੁਝ ਦੇਸ਼ ਭਗਤਾਂ ਸਮੇਤ ਭਾਰਤ ਪਹੁੰਚਣ ‘ਤੇ ਪੁਲੀਸ ਦੀ ਨਿਗਾਹ ਤੋਂ ਬਚ ਕੇ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ। ਹੋਰ ਵੀ ਕਈ ਦੇਸ਼ ਭਗਤ ਕਲਕੱਤੇ ਤੇ ਰਾਵਲਪਿੰਡੀ ਵਿਚ ਪੁਲੀਸ ਦੀ ਨਿਗਾਹ ਤੋਂ ਬਚ ਕੇ ਬਾਹਰ ਨਿਕਲ ਗਏ ਸਨ, ਪਰ ਤੋਸਾ ਮਾਰੂ ਜਹਾਜ਼ ਦੇ ਬਹੁਤ ਗਦਰੀ ਬਾਰੇ ਨਜ਼ਰਬੰਦ ਹੋ ਗਏ ਸਨ। ਦਰਅਸਲ ਖੁਲ੍ਹੀਆਂ ਤਕਰੀਰਾਂ, ਗਦਰ ਦਾ ਖੁੱਲਾ ਮੁਜ਼ਾਹਰਾ, ਆਪਣੇ ਮਕਸਦ ਦਾ ਖੁੱਲ੍ਹਾ ਭੇਤ ਦੇਣਾਂ, ਇਨ੍ਹਾਂ ਕਮਜ਼ੋਰੀਆਂ ਨੇ ਇਸ ‘ਗਦਰ’ ਨੂੰ ਬਹੁਤ ਭਾਰੀ ਸੱਟ ਮਾਰੀ। 

ਫਿਰ ਵੀ ਜੋ ਗਦਰੀ ਬਾਰੇ ਭਾਰਤ ਆਏ, ਉਹ ਸ਼ੰਘਾਈ ਕਲੰਬੂ, ਮਦਰਾਸ ਆਦਿ ਇਲਾਕੀਆਂ ਰਾਹੀਂ ਪਹੁੰਚੇ। ਗਦਰ ਪਾਰਟੀ ਦਾ ਹੀਰੋ ਸੋਹਣ ਸਿੰਘ ‘ਭਕਨਾ’ ਜਹਾਜ਼ ਤੋਂ. ਉਤਰਦਾ ਹੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੂੰ ਬਾਦ ਵਿਚ 16 ਸਾਲ ਸਖ਼ਤ ਕੈਦ ਕੱਟਣੀ ਪਈ। 

(ਨੋਟ: ਜਿੱਥੇ ਪੰਜਾਬੀ ਭਾਰਤੀ ਅਨੇਕਾਂ ਹੀ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਭਾਰਤ ਆ ਰਹੇ ਸਨ, ਉਥੇ ਪਿੰਡ ਮੋਰਾਂਵਾਲੀ ਦਾ ਇਕ ਬਜ਼ੁਰਗ ‘ਤੋਸਾਮਾਰੂ’ ਜਹਾਜ਼ ਰਾਹੀਂ ਭਾਰਤ ਆਇਆ। ਉਸ ਦਾ ਨਾਮ ਸੀ ਅਮਰ ਸਿੰਘ ਬਲਦ ਦੇਵਾ ਸਿੰਘ । 1914 ਈ. ਨੂੰ ਇਹ ਬਜ਼ੁਰਗ ਵੇਨਕੂਵਰ ਤੋਂ ਭਾਰਤ ਆ ਰਿਹਾ ਸੀ ਤੇ ਫੜ੍ਹਿਆ ਗਿਆ । ਬਾਦ ਵਿਚ ਜੇਲ੍ਹ ਵੀ ਹੋਈ।) ਇਤਿਹਾਸਕ ਖੋਜ਼ ਇਸ ਤਰ੍ਹਾਂ ਦੱਸਦੀ ਹੈ:- ‘Who’s who, Punjab Freedom Fighters’ ਪੁਸਤਕ ਵਿਚ ਫੌਜਾ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ ਵਾਲਿਆਂ ਨੇ टिप्न र तिवर टिम उतां वीडा चैः Amar Singh: P. Deva Singh; b.v. Moranwali dt. Hoshiarpur, returnes to India from Vacouver by Tosa Maru in 1914; was interned for some time under grdunance v of 1914. 

(Who’ who, Punjab Freedom Fighters; Page-25 Volume First, Fauja Singh, Punjab University, Patiala). 

ਬੇਸ਼ਕ ਗਦਰ ਪਾਰਟੀ ਕਮਜ਼ੋਰ ਪੈ ਗਈ ਪਰ ਕਨੇਡਾ ਅਮਰੀਕਾ ਵਿਚ ਵਸ ਰਹੇ ਪੰਜਾਬੀ ਭਾਰਤੀ ਚੈਨ ਨਾਲ ਨਾ ਬੈਠੇ। ਗਏ ਤਾਂ ਸਨ ਵਿਚਾਰੇ ਅਮਰੀਕਾ, ਕਨੇਡਾ ਵਿਚ ਆਪਣੀ ਆਰਥਿਕ ਹਾਲਤ ਸੁਧਾਰਨ ਲਈ। ਪਰ ਉਥੇ ਵੀ ਗੋਰੇ ਕਨੇਡੀਅਨ, ਅਮਰੀਕਨ ਲੋਕਾਂ ਤੋਂ ਗਾਲ੍ਹਾਂ ਲਾਹਨਤਾ ਝੱਲਦੇ ਰਹੇ। ਕਨੇਡੀਅਨ, ਅਮਰੀਕਨ ਭਾਰਤੀਆਂ ਨੂੰ ਕਹਿੰਦੇ ਸਨ ਕਿ ਤੁਹਾਡੀ ਗੁਲਾਮ ਲੋਕਾਂ ਦੀ ਵੀ ਕੋਈ ਜ਼ਿੰਦਗੀ ਹੈ, ਤੁਹਾਨੂੰ ਕੋਈ ਝੱਲ ਨਹੀਂ ਰਿਹਾ, ਨਾ ਅਸੀਂ, ਨਾ ਤੁਹਾਨੂੰ ਤੁਹਾਡੇ ਹੀ ਦੇਸ਼ ਵਿਚ ਅੰਗਰੇਜ਼ ਸਰਕਾਰ ਟਿਕਣ ਦੇਂਦੀ ਹੈ। ਦੇਸ਼ ਤੁਹਾਡਾ ਗੁਲਾਮ ਹੈ। ਅਨੇਕਾਂ ਤੁਹਾਡੇ ਦੇਸ਼ ਅੰਦਰ ਧਰਮ ਹਨ। ਤੁਸੀਂ ਕਿਸ ਤਰ੍ਹਾਂ ਆਜ਼ਾਦੀ ਲਵੋਗੇ। ਪਰ ਭਾਰਤੀ ਪੰਜਾਬੀ ਵੀਰ ਉਨ੍ਹਾਂ ਦੀਆਂ ਗੱਲਾਂ ਦੀ ਕੋਈ ਪਰਵਾਹ ਨਾ ਕਰਦੇ। ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅਮਰੀਕਾ ਕਨੇਡੇ ਤੋਂ ਤੁਰਦੇ ਰਹੇ। ਕਸ਼ਟ ਝੱਲਦੇ ਰਹੇ, ਭੁੱਖੇ ਭਾਣੇ, ਜੇਲ੍ਹਾਂ ਅੰਦਰ ਵੀ ਨਰਕ ਭੋਗਦੇ ਰਹੇ। ਪਰ ਉਨ੍ਹਾਂ ਨੇ ਹੌਸਲਾ ਨਾ ਹਾਰਿਆ। ਬਜ-ਬਜ ਘਾਟ ਕਲਕੱਤੇ ਜਹਾਜੋਂ ਉਤਰਦਿਆਂ ਅਨੇਕਾਂ ਸ਼ਹੀਦੀਆਂ ਪ੍ਰਾਪਤ ਕਰ ਗਏ, ਕਈ ਜੇਲ੍ਹਾਂ ਅੰਦਰ ਵੀ ਡੱਕੇ ਗਏ, ਕੁਝ ਨਜ਼ਰ ਬਚਾ ਕੇ ਬਾਹਰ ਵੀ ਨਿਕਲ ਗਏ। ਇਹ ਦਲੇਰਤਾ ਦਾ ਕੰਮ ਸੀ। 

ਕਾਮਾਗਾਟਾ ਮਾਰੂ ਤੇ ਤੋਸਾ ਮਾਰੂ ਜਹਾਜ਼ ਰਾਹੀਂ ਜੋ ਪੁਲੀਸ ਤੋਂ ਨਜ਼ਰ ਬਚਾ ਕੇ ਦੇਸ਼ਭਗਤ ਭਾਰਤ ਅੰਦਰ ਦਾਖ਼ਲ ਹੋਣ ਵਿਚ ਕਾਮਯਾਬ ਹੋ ਗਏ ਸਨ। ਉਨ੍ਹਾਂ ਨੇ ਆਪਣੀ ਸਕੀਮ ਅਨੁਸਾਰ ਗਦਰ ਮਚਾਉਣ ਵਿਚ ਕਾਮਯਾਬ ਹੋ ਜਾਣਾ ਸੀ ਜੇ ਕ੍ਰਿਪਾਲ ਸਿੰਘ ਗੱਦਾਰੀ ਨਾ ਕਰਦਾ ਤੇ ਉਹ ਦੇਸ਼ ਭਗਤ ਫੜ੍ਹੇ ਨਾ ਜਾਂਦੇ। 

24 / ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ (ਨੋਟ: ਫਿਰ ਵੀ ਯਾਦ ਰਹੇ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਪੰਜਾਬੀਆਂ ਦਾ ਲਹੂ ਗਰਮਾ ਦਿੱਤਾ ਜਿਸ ਵਿਚੋਂ ਫਿਰ ਭਗਤ ਸਿੰਘ ਤੇ ਊਦਮ ਸਿੰਘ ਵਰਗੇ ਇਨਕਲਾਬੀ ਬਹਾਦਰ ਜੋਧਿਆਂ ਨੇ ਜਨਮ ਲਿਆ ਤੇ ਅੰਗਰੇਜ਼ ਸਰਕਾਰ ਦਾ ਤਖ਼ਤਾ ਪਲਟਾ ਦਿੱਤਾ।) 

ਗਦਰ ਪਾਰਟੀ ਦੇ ਮਹਾਨ ਹੀਰੋ ਕਰਤਾਰ ਸਿੰਘ ਸਰਾਭਾ ਨੂੰ 14 ਨਵੰਬਰ 1915 ਈ. ਨੂੰ ਲਾਹੌਰ ਜੇਲ੍ਹ ਅੰਦਰ ਫਾਂਸੀ ਲਾਈ ਗਈ। ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਤੋਂ ਬਾਦ ਵੀ ਅਮਰੀਕਾ, ਕਨੇਡਾ ਬੈਠੇ ਭਾਰਤੀਆਂ ਦਾ ਅਣਖੀਲਾ ਲਹੂ ਸ਼ਾਂਤ ਨਾ ਹੋਇਆ। ਫਿਰ ਵੀ ਉਹ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਤੁਰਦੇ ਰਹੇ। ਉਹ ਭਾਰਤੀ ਖਾਸ ਕਰਕੇ ਬਹੁਤੇ ਪੰਜਾਬੀ ਹੀ ਸਨ। ਜਦ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਖੁਸ ਜਾਣ ਤੋਂ ਬਾਦ ਭਾਰਤ ਵਿਚ ਕਿਸਾਨ ਟੈਕਸ ਆਦਿ ਠੋਕੇ ਗਏ ਤਾਂ ਕਿਸਾਨ ਮਜ਼ਦੂਰਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ਤੇ ਉਹ ਅਮਰੀਕਾ ਕਨੇਡਾ ਆਦਿ ਦੇਸ਼ਾਂ ਅੰਦਰ ਰੋਜ਼ੀ ਦੀ ਖਾਤਰ ਨਿਕਲ ਗਏ ਸਨ। ਪਰ ਪੰਜਾਬ ਦੀ ਧਰਤੀ ਦਾ ਉਨ੍ਹਾਂ ਅੰਦਰ ਅੱਣਖੀ ਖੂਨ ਸੀ, ਉਨ੍ਹਾਂ ਪੈਸੇ ਦੀ ਪਰਵਾਹ ਨਾ ਕੀਤੀ। 1915 ਈ. ਤੋਂ ਬਾਦ ਵੀ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਉਂਦੇ ਰਹੇ। ਸਟਾਕਟਿਨ ਅਮਰੀਕਾ ਵਿਚ ਭਾਰਤੀ ਦੇਸ਼ ਭਗਤਾਂ ਦਾ ਕਈ ਦਫ਼ਾ ਇਕੱਠ ਹੁੰਦਾ ਰਿਹਾ, ਤੇ ਕਈ ਕਈ ਗਰੁੱਪ ਵੱਖ ਵੱਖ ਦੇਸ਼ਾਂ ਰਾਹੀਂ ਹੁੰਦੇ ਹੋਏ ਭਾਰਤ ਪਹੁੰਚਦੇ ਰਹੇ। ਸਾਰਿਆਂ ਗਰੁੱਪਾਂ ਦਾ ਮਕਸਦ ਸਿਰਫ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਹੀ ਸੀ। 

ਜਦ ਕਰਤਾਰ ਸਿੰਘ ਸਰਾਭਾ ਸਹੀ ਸਲਾਮਤ ਭਾਰਤ ਪਹੁੰਚ ਚੁੱਕਾ ਸੀ। ਕੁਝ ਹੋਰ ਉਸਦੇ ਸਾਥੀ ਪੁਲਿਸ ਦੀ ਨਿਗਾਹ ਤੋਂ ਬੱਚ ਕੇ ਭਾਰਤ ਅੰਦਰ ਦਾਖ਼ਲ ਹੋ ਚੁੱਕੇ ਸਨ। ਕਾਸ਼ੀ ਰਾਮ ਪੰਡਤ ਤੇ ਪਿੰਗਲੇ ਵਰਗੇ ਦੇਸ਼ ਭਗਤ ਵੀ ਪੰਜਾਬ ਪਹੁੰਚ ਚੁੱਕੇ ਸਨ। 

ਮਿੱਥੀ ਸਕੀਮ ਅਨੁਸਾਰ ਉਨ੍ਹਾਂ ਦੇਸ਼ ਭਗਤਾਂ ਨੇ 21 ਫਰਵਰੀ 1915 ਈ. ਨੂੰ ਦੇਸ਼ ਭਰ ਦੀਆਂ ਮਿਲਟਰੀ ਛਾਉਣੀਆਂ ਉਪਰ ਧਾਵਾ ਬੋਲਣਾ ਸੀ । ਦਦੇਹਿਰ ਵਾਲੇ ਜਥੇ ਨੇ ਲਾਹੌਰ ‘ਤੇ ਧਾਵਾ ਬੋਲਣਾ ਸੀ ਤੇ ਭਾਈ ਰਣਧੀਰ ਸਿੰਘ ਨੇ ਜਥੇ ਸਮੇਤ ਫਿਰੋਜ਼ਪੁਰ ਛਾਉਣੀ ਉਪਰ ਧਾਵਾ ਬੋਲਣਾ ਸੀ। ਮੇਰਠ, ਕਾਨਪੁਰ, ਅੰਬਾਲਾ, ਲਖਨਊ, ਬਨਾਰਸ, ਅਲਾਹਾਬਾਦ ਫ਼ੌਜੀ ਛਾਉਣੀਆਂ ‘ਤੇ ਵੀ ਗਦਰ ਮੱਚਣਾ ਸੀ। 

ਕਰਨੀ ਕਰਤਾਰ ਦੀ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ । ਜਦ ਦੇਸ਼ ਭਗਤ ਬਜ਼ੁਰਗਾਂ ਨੇ ਲਾਹੌਰ ਸ਼ਹਿਰ ਵਿਚ ਇਕ ਕਮਰਾ ਕਿਰਾਏ ‘ਤੇ ਲਿਆ ਤੇ ਸ. ਵਧਾਵਾ ਸਿੰਘ ਗੁਰਿਆਈ ਤੇ ਕਾਲਾ ਸਿੰਘ ਸੁਰ ਸਿੰਘ ਵਾਲਿਆਂ ਨੇ ਬੰਬ ਵੀ ਜਮਾ ਕਰ ਲਏ ਸਨ। 

ਕ੍ਰਿਪਾਲ ਸਿੰਘ ਮਾਧੋਕੇ ਬਰਾੜ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ। ਇਸ ਬੰਦੇ ਨੂੰ ਸਾਰੀ ਸਕੀਮ ਦਾ ਪਤਾ ਸੀ ਕਿ ਕਿਸ ਤਰ੍ਹਾਂ ਗਦਰ ਮੱਚਣਾ ਹੈ, ਤੇ ਕਦੋਂ, ਕਿੱਥੇ ਕੀ ਹੋਣਾ ਹੈ? ਜਦੋਂ ਇਸ ਨੂੰ ਪਤਾ ਲੱਗਾ ਕਿ ਸ. ਵਧਾਵਾ ਸਿੰਘ ਹੁਰੀਂ ਤਾਂ ਬੰਬ ਜਮਾ ਕਰਾ ਰਹੇ ਹਨ ਤਾਂ ਇਸ ਨੇ ਉਦੋਂ ਪੁਲੀਸ ਨੂੰ ਖ਼ਬਰ ਦੇ ਦਿੱਤੀ। ਵਧਾਵਾ ਸਿੰਘ, ਕਾਲਾ ਸਿੰਘ ਆਦਿ ਦੇਸ਼ ਭਗਤ ਫੜੇ ਗਏ। ਅੰਗਰੇਜ਼ ਸਰਕਾਰ ਨੂੰ ਸਾਰੀ ਸਕੀਮ ਦਾ ਪਤਾ ਲੱਗ ਗਿਆ। ਉਨੀਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਜਥੇ ਸਮੇਤ ਫਿਰੋਜ਼ਪੁਰੋਂ ਫੜ ਲਿਆ। ਇੰਜ ‘ਗਦਰ’ ਨੂੰ ਇਕ ਗੱਦਾਰ ਨੇ ਗੱਦਾਰੀ ਕਰਕੇ ਖਤਮ ਕਰ ਦਿੱਤਾ। ਇਹੋ ਜਿਹੇ ਕ੍ਰਿਪਾਲ ਸਿੰਘ ਵਰਗੇ ਗੱਦਾਰ ਹਰ ਸਮੇਂ ਹੁੰਦੇ ਆਏ ਹਨ ਤੇ ਹੁੰਦੇ ਰਹਿਣਗੇ ਪਰ ਦੂਜੇ ਪਾਸੇ ਦੇਸ਼ ਭਗਤ ਦੇਸ਼ ਵਿਚ ਹੁੰਦੇ ਰਹੇ ਹਨ ਤੇ ਰਹਿਣਗੇ। 

“ਕਾਮਾਗਾਟਾ ਮਾਰੂ” ਜਹਾਜ਼ ਤੇ “ ਤੋਸਾ ਮਾਰੂ” ਜਹਾਜ਼ ਵਿਚ ਜੋ ਦੇਸ਼ ਭਗਤ ਯਾਤਰੀ ਭਾਰਤ ਆਏ ਸਨ ਤੇ ਫੜੇ ਗਏ ਸਨ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਬੰਦ ਕਰ ਦਿੱਤਾ। ਉਨ੍ਹਾਂ ਤੇ ਮੁਕੱਦਮੇ ਚਲਾਏ ਗਏ। ਉਨ੍ਹਾਂ ਵਿਚੋਂ 25 ਆਦਮੀਆਂ ਨੂੰ ਫਾਂਸੀ ਦੇਣ ਦਾ ਹੁਕਮ ਹੋਇਆ। ਕਈਆਂ ਨੂੰ ਉਮਰ ਕੈਦ, ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੀ ਸਜ਼ਾ ਹੋਈ ਜੋ 25 ਆਦਮੀਆਂ ਵਿਚ ਸੀ । ਦੇਖੋ ਕਰਤਾਰ ਸਿੰਘ ਸਰਾਭਾ 19 ਕੁ ਸਾਲ ਦੀ ਉਮਰ ਵਿਚ ਫਾਂਸੀ ਚੜ੍ਹਿਆ, ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਟੁੰਡੀਲਾਟ, ਪ੍ਰਿਥਵੀ ਸਿੰਘ, ਲਾਲਾ ਹਰਿ ਦਿਆਲ, ਸੰਤ ਵਸਾਖਾ ਸਿੰਘ, ਜਵਾਲਾ ਸਿੰਘ ਠਟੀਆ, ਕੇਸਰ ਸਿੰਘ ਠਠਗੜ੍ਹ, ਭਾਈ ਗੁਰਦਿੱਤ ਸਿੰਘ, ਭਾਈ ਸੰਤੋਖ ਸਿੰਘ, ਬਲਵੰਤ ਸਿੰਘ ਕਨੇਡੀਅਨ, ਭਾਗ ਸਿੰਘ ਕਨੇਡੀਅਨ ਆਦਿ ਮਹਾਪੁਰਸ਼ ਦੇਸ਼ ਭਗਤਾਂ ਨੇ ‘ਗਦਰ’ ਪਾਰਟੀ ਵਿਚ ਬਹੁਤ ਉਚੇਚੇ ਕੰਮ ਕੀਤੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਬਹੁਤ ਵੱਡੀ ‘ਗਦਰ’ ਪਾਰਟੀ ਲਈ ਦੇਣ ਹੈ। 

ਉਪਰੋਕਤ ‘ਗਦਰ’ ਪਾਰਟੀ ਦੇ ਮਹਾਪੁਰਸ਼ਾਂ ਉਤੇ ਹੋਏ ਜ਼ੁਲਮ ਦੇ ਕਾਰਣ ਭਾਰਤੀ ਜਨਤਾ ਦਾ ਅੰਗਰੇਜ਼ ਸਰਕਾਰ ਤੋਂ ਭਰੋਸਾ ਟੁੱਟ ਚੁੱਕਾ ਸੀ ਪਰ ਫਿਰ ਵੀ ਅੰਗਰੇਜ਼ ਸਰਕਾਰ ਜ਼ੁਲਮ ਤੋਂ ਬਾਜ ਨਾ ਆਈ। 

ਜਲ੍ਹਿਆਂ ਵਾਲਾ ਬਾਗ : 

ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਸੁਣਕੇ ਹਰ ਭਾਰਤਵਾਸੀ ਦੇ ਅੰਦਰ ਅੰਗਰੇਜ਼ਾਂ ਵਿਰੁੱਧ ਨਫ਼ਰਤ ਉਠ ਖੜੋਂਦੀ ਹੈ। ਜਲ੍ਹਿਆਂ ਵਾਲੇ ਬਾਗ਼ ਦੇ ਅੰਦਰ ਸੈਂਕੜੇ ਨਿਰਦੋਸ਼ ਭਾਰਤੀ ਗੋਲੀਆਂ ਨਾਲ ਮਾਰੇ ਗਏ। ਇਸ ਜ਼ੁਲਮ ਦੇ ਕਾਰਨ ਉਸ ਸਮੇਂ ਭਾਰਤੀ ਜਨਤਾ ਅੰਗਰੇਜ਼ ਸਰਕਾਰ ਵਿਰੁੱਧ ਉਠ ਖੜੋਤੀ। ਅੰਗਰੇਜ਼ ਸਰਕਾਰ ਨੇ 18 ਮਾਰਚ 1919 ਈ. ਨੂੰ ਰੌਲਟ ਐਕਟ ਜ਼ਾਰੀ ਕੀਤਾ। ਜਨਤਾ ਨੇ ਵਿਰੋਧ ਕੀਤਾ। ਮਹਾਤਮਾ ਗਾਂਧੀ ‘ਤੇ ਪੰਜਾਬ ਆਉਣ ਦੀ ਪਾਬੰਦੀ ਵੀ ਲਾ ਦਿੱਤੀ ਗਈ। ਪੰਜਾਬ ਦੇ ਦੋ ਉਘੇ ਲੀਡਰ ਡਾਕਟਰ ਕਿਚਲੂ, ਡਾਕਟਰ ਸਤਪਾਲ ਨੂੰ ਜੇਲ੍ਹ ਅੰਦਰ ਡੱਕ ਦਿੱਤਾ। ਹੋਰ ਆਗੂ ਵੀ ਪੰਡਤ ਦੀਨਾ ਨਾਥ, ਕੋਟੂ ਮਲ ਤੇ ਸੁਆਮੀ ਅਨੋਭਾ ਅਨੰਦ ਵਰਗੇ ਵੀ ਗ੍ਰਿਫ਼ਤਾਰ ਕੀਤੇ ਗਏ। 10 ਅਪ੍ਰੈਲ 1919 ਈ. ਨੂੰ ਪੰਜਾਬ ਵਿਚ ਲਾਹੌਰ ਅੰਦਰ ਹੜਤਾਲ ਹੋ ਗਈ। ਸਰਕਾਰ ਨੇ ਗੋਲੀ ਚਲਾਈ ਕਈ ਕਤਲ ਵੀ ਹੋਏ। ਬਹੁਤ ਸਰਕਾਰੀ ਨੁਕਸਾਨ ਸਾੜ ਫੂਕ ਵਿਚ ਹੋਇਆ। ਇਸਤੀਆਂ, ਬੱਚੇ, ਹਿੰਦੂ, ਮੁਸਲਮਾਲ, ਸਿੱਖ ਸਭ ਇਸ ਸੰਘਰਸ਼ਾਂ ਵਿਚ ਸ਼ਾਮਲ ਸਨ। 

ਅੰਗਰੇਜ਼ ਸਰਕਾਰ ਡਾਕਟਰ ਕਿਚਲੂ ਤੇ ਡਾਕਟਰ ਸਤਪਾਲ ਨੂੰ ਬਾਹਰ ਲੈ ਗਈ ਜਿੱਥੇ ਉਨ੍ਹਾਂ ਨੂੰ ਜਲਾਵਤਨ ਕਰ ਦਿੱਤਾ। ਜਨਤਾ ਅੰਦਰ ਇਸ ਦਾ ਬਹੁਤ ਰੋਹ ਚੜ੍ਹਿਆ, ਪੁਲੀਸ ਵਿਚਕਾਰ ਜਨਤਾ ਦੀ ਟੱਕਰ ਹੋਈ, ਕਈ ਜ਼ਖ਼ਮੀ ਤੇ ਸ਼ਹੀਦ ਹੋਏ, ਅੰਮ੍ਰਿਤਸਰ ਸ਼ਹਿਰ ਦਾ ਪਾਣੀ ਵੀ ਬੰਦ ਕਰ ਦਿੱਤਾ। ਜਨਤਾ ਉਤੇ ਜਿਤਨਾ ਜੁਲਮ ਕਰਨਾ ਸੀ ਅੰਗਰੇਜ਼ ਸਰਕਾਰ ਨੇ ਕਰਨਾ ਸ਼ੁਰੂ ਕਰ ਦਿੱਤਾ। ਬਥੇਰੇ ਲਾਠੀਆਂ ਨਾਲ ਕੁੱਟੇ ਗਏ ਤੇ ਗੋਲੀਆਂ ਦਾ ਸ਼ਿਕਾਰ ਹੋਏ। ਜਦ 13 ਅਪ੍ਰੈਲ 1919 ਈ. ਨੂੰ ਲੋਕ ਵਿਸਾਖੀ ਮਨਾਉਣ ਲਈ ਅੰਮ੍ਰਿਤਸਰ ਪਹੁੰਚੇ ਤਾਂ ਸ਼ਹਿਰ ਵਿਚ ਮਾਰਸ਼ਲ ਲਾਅ ਲੱਗਾ ਹੋਇਆ ਸੀ। ਜਨਤਾ ਨਿਧੜਕ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਸੀ। ਮਾਰਸ਼ਲ ਲਾਅ ਤੋਂ ਜਨਤਾ ਬੇਖਬਰ ਸੀ। ਮਾਇਕਲ ਜਨਰਲ ਡਾਇਰ ਭਾਰਤੀ ਜਨਤਾ ਦੇ ਲਹੂ ਦਾ ਪਿਆਸਾ ਸੀ। 

ਉਹ ਉਸ ਸਮੇਂ ਦੀ ਉਡੀਕ ਵਿਚ ਸੀ ਜਦਕਿ ਭਾਰਤੀ ਲੋਕਾਂ ਦਾ ਇਕੱਠ ਹੋਵੇ ਤੇ ਉਹ ਅੰਨ੍ਹੇ ਵਾਹ ਗੋਲੀਆਂ ਨਾਲ ਭਾਰਤੀ ਲੋਕਾਂ ਦੇ ਹਿਰਦਿਆਂ ਨੂੰ ਛਾਨਣੀ ਕਰੇ। ਹੋਇਆ ਵੀ ਇਸੇ ਤਰ੍ਹਾਂ। 20 ਹਜ਼ਾਰ ਭਾਰਤੀ ਲੋਕਾਂ ਦਾ ਇਕੱਠ ਹੋਇਆ ਜਿਸ ਵਿਚ ਹਿੰਦੂ, ਮੁਸਲਮਾਨ, ਸਿੱਖ, ਬੁੱਢੇ, ਜਵਾਨ, ਬੱਚੇ, ਬੱਚੀਆਂ, ਇਸਤੀਆਂ, ਮਰਦ ਸਭ ਸ਼ਾਮਲ ਸਨ । ਸਾਰੇ ਜਲ੍ਹਿਆਂ ਵਾਲੇ ਬਾਗ਼ ਵਿਚ ਜਲਸਾ ਮਨਾਉਣ ਲਈ ਇਕੱਠੇ ਹੋਏ ਸਨ। ਉਥੇ ਗੁਲਾਮੀ ਨੂੰ ਗਲੋਂ ਲਾਉਣ ਲਈ ਵੱਖੋ ਵੱਖ ਤਕਰੀਰਾਂ ਹੋ ਰਹੀਆਂ ਸਨ। ਤਕਰੀਰਾਂ ਨੂੰ ਸੁਣ ਕੇ ਜਨਰਲ ਡਾਇਰ ਨੂੰ ਅੱਗ ਲੱਗ ਗਈ। ਉਸਨੇ ਜੱਲ੍ਹਿਆਂ ਵਾਲੇ ਬਾਗ਼ ਦੇ ਦੋਵੇਂ ਦਰਵਾਜੇ ਫ਼ੌਜ ਰਾਹੀਂ ਬੰਦ ਕਰਵਾ ਦਿੱਤੇ ਤੇ ਫੌਜੀਆਂ ਨੂੰ ਹੁਕਮ ਦੇ ਦਿੱਤਾ ਕਿ ਇਥੋਂ ਕੋਈ ਵੀ ਬਚੇ ਕੇ ਨਾ ਨਿਕਲੇ। ਗੋਲੀ ਚੱਲਣੀ ਸ਼ੁਰੂ ਹੋ ਗਈ, ਲੋਥਾਂ ਤੇ ਲੋਥਾਂ ਡਿੱਗਣ ਲੱਗੀਆਂ, ਲਹੂ ਦੀਆਂ ਤਤੀਰੀਆਂ ਚੱਲਣ ਲੱਗੀਆਂ, ਅਨੇਕਾਂ ਜ਼ਖ਼ਮੀ ਹੋਕੇ ਜ਼ਮੀਨ ਤੇ ਡਿੱਗ ਪਏ। ਕਈ ਸੈਂਕੜੇ ਬੱਚੇ, ਬੁੱਢੇ, ਮਰਦ, ਇਸਤ੍ਰੀਆਂ ਨੇ ਸ਼ਹੀਦੀ ਦਾ ਜਾਮ ਪੀਤਾ। ਕਈਆਂ ਨੇ ਜਲ੍ਹਿਆਂ ਵਾਲੇ ਬਾਗ਼ ਦੇ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਤੇ ਸ਼ਹੀਦੀ ਪ੍ਰਾਪਤ ਕਰ ਗਏ। ਸਿੱਖ ਇਤਿਹਾਸ ਅਨੁਸਾਰ ਕਰੀਬ 350 ਲਾਸ਼ਾਂ ਖੂਹ ਵਿਚੋਂ ਨਿਕਲੀਆਂ। 

ਇਸ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਨੇ ਭਾਰਤ ਦੀ ਜਨਤਾ ਨੂੰ ਝੰਝੋੜ ਕੇ ਰੱਖ ਦਿੱਤਾ। ਕਰੀਬ 1600 ਗੋਲੀਆਂ ਚੱਲੀਆਂ ਸਨ। ਹਾਹਾਕਾਰ ਦੇਸ਼ ਭਰ ਵਿਚ ਫੈਲ ਗਿਆ। ਮਹਾਤਮਾ ਗਾਂਧੀ ਨੇ ਸ਼ਾਂਤਮਈ ਢੰਗ ਨਾਲ ਕਾਂਗਰਸ ਪਾਰਟੀ ਰਾਹੀਂ ਅੰਗਰੇਜ਼ ਸਰਕਾਰ ਨਾਲ ਨਾ ਮਿਲਵਰਤਨ ਲਹਿਰ ਚਲਾਈ। ਕਈ ਵਾਰ ਗ੍ਰਿਫ਼ਤਾਰੀਆਂ ਹੋਈਆਂ ਤੇ ਜੇਲ੍ਹਾਂ ਅੰਦਰ ਵੀ ਡੱਕਿਆ ਗਿਆ ਪਰ ਲਹਿਰ ਚਲਦੀ ਗਈ ਜਦ ਤਕ ਕਿ ਸੰਪੂਰਨ ਆਜ਼ਾਦੀ ਨਾ ਮਿਲੀ। 

ਕਾਂਗਰਸ ਪਾਰਟੀ ਵਿਚ ਉਸ ਸਮੇਂ ਹਿੰਦੂ, ਮੁਸਲਮਾਨ, ਸਿੱਖ ਸਭ ਰਲ੍ਹ ਕੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਨ। ਜਦ ਜਲ੍ਹਿਆਂ ਵਾਲੇ ਬਾਗ਼ ਅੰਦਰ ਗੋਲੀ ਚੱਲੀ ਸੀ ਤਾਂ ਉਸ ਸਮੇਂ 20 ਹਜ਼ਾਰ ਲੋਕਾਂ ਦੀ ਭੀੜ ਦੇ ਇਕੱਠ ਵਿਚ ਊਧਮ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਜਲ ਪਿਆਉਣ ਦੀ ਸੇਵਾ ਕਰ ਰਿਹਾ ਸੀ । ਬੱਬਰ ਅਕਾਲੀ ਪਾਰਟੀ ਨਾਲ ਊਧਮ ਸਿੰਘ ਦਾ ਸਬੰਧ ਸੀ। ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਭਾਣੇ ਦੇ ਵਰਤਣ ਤੋਂ ਬਾਦ ਊਧਮ ਸਿੰਘ ਕਿਧਰੇ ਲੋਥਾਂ ਨੂੰ ਵੇਖ ਰਿਹਾ ਸੀ, ਕਿਧਰੇ ਰੋਂਦੇ ਬੱਚਿਆਂ ਨੂੰ ਜੋ ਆਪਣੀਆਂ ਮਾਵਾਂ ਨੂੰ ਟੋਲ ਰਹੇ ਸਨ। ਇਸ ਭਿਆਨਕ ਸਾਕੇ ਨੂੰ ਵੇਖਕੇ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ਼ ਵਿਖੇ ਸ਼ਹੀਦਾਂ ਦੇ ਖੂਨ ਦੀ ਕਸਮ ਖਾਧੀ ਕਿ ਇਸ ਥਾਂ ਤੇ ਖੂਨੀ ਸਾਕਾ ਵਰਤਾਉਣ ਵਾਲੇ ਮਾਇਕਲ ਜਨਰਲ ਡਾਇਰ ਤੋਂ ਮੈਂ ਬਦਲਾ ਜਰੂਰ ਲਵਾਂਗਾ। ਫਿਰ ਊਧਮ ਸਿੰਘ ਨੇ ਹਰਿਮੰਦਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਪ੍ਰਣ ਨੂੰ ਤੁਸੀਂ ਪੂਰਾ ਕਰਨਾ ਹੈ । ਜੋ ਮੈਂ ਕਸਮ ਖਾਧੀ ਹੈ ਮਾਇਕਲ ਜਨਰਲ ਡਾਇਰ ਨੂੰ ਮਾਰਨ ਦੀ, ਤੁਸਾਂ ਉਸ ਕਸਮ ਨੂੰ ਪੂਰਾ ਕਰਨਾ ਹੈ। (ਨੋਟ: ਸ਼ਹੀਦ ਭਗਤ ਸਿੰਘ ਦੀ ਉਮਰ ਉਸ ਸਮੇਂ 12 ਕੁ ਸਾਲ ਦੀ ਸੀ ਜਦ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਵਰਤਿਆ ਤੇ ਇਸ ਦਾ ਭਗਤ ਸਿੰਘ ਤੇ ਬਹੁਤ ਡੂੰਘਾ ਅਸਰ ਹੋਇਆ ਤੇ ਉਹ ਜਲ੍ਹਿਆਂ ਵਾਲੇ ਬਾਗ਼ ਵਿਚ ਪਹੁੰਚਾ ਤੇ ਉਸ ਥਾਂ ਨੂੰ ਵੇਖਿਆ ਜਿਥੇ ਅੰਨ੍ਹੇ ਵਾਹ ਗੋਲੀਆਂ ਚੱਲੀਆਂ ਤੇ ਅਨੇਕਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਥੋਂ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਠਾਣ ਲਈ। ਊਧਮ ਸਿੰਘ ਦੀ ਭਗਤ ਸਿੰਘ ਨਾਲ ਵੀ ਦੋਸਤੀ ਸੀ। ਚਿੱਠੀ ਪੱਤਰਾਂ ਰਾਹੀਂ ਇਨ੍ਹਾਂ ਦਾ ਸਬੰਧ ਜਾਰੀ ਰਿਹਾ। ਲਾਹੌਰ ਜੇਲ੍ਹ ਵਿਚ ਵੀ ਇਹ ਇਕੱਠੇ ਰਹੇ ਸਨ। ਊਧਮ ਸਿੰਘ ਪਿੰਡ ਸੁਨਾਮ ਦਾ ਰਹਿਣ ਵਾਲਾ ਸੀ। ਉਸ ਨੇ ਮਾਇਕਲ ਜਨਰਲ ਡਾਇਰ ਤੋਂ ਬਦਲਾ ਲੈਣ ਲਈ ਭੇਸ ਬਦਲ ਲਿਆ। ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਊਧਮ ਸਿੰਘ ਕਿਹਾ ਵੀ ਕਰਦਾ ਸੀ ਕਿ ਮੈਂ ਰਾਮ ਮੁਹੰਮਦ ਸਿੰਘ ਨਾਮ ਤਾਂ ਰੱਖਿਆ ਹੈ ਇਸ ਵਿਚ ਸਾਰੇ ਧਰਮ ਆ ਜਾਂਦੇ ਹਨ। ਮੈਂ ਸਾਰਿਆਂ ਧਰਮਾਂ ਨਾਲ ਪਿਆਰ ਕਰਦਾ ਹਾਂ। ਅਖ਼ੀਰ ਭੇਸ ਬਦਲ ਕੇ ਕਈ ਦੇਸ਼ਾਂ ਰਾਹੀਂ ਹੁੰਦਾ ਹੋਇਆ ਊਧਮ ਸਿੰਘ ਲੰਡਨ ਪਹੁੰਚ ਗਿਆ। ਆਪਣੀ ਕਸਮ ਨੂੰ ਪੂਰਾ ਕਰਨ ਲਈ ਉਸ ਨੇ ਮਾਇਕਲ ਜਨਰਲ ਡਾਇਰ ਦੀ ਨੌਕਰੀ ਕਰਨੀ ਵੀ ਸ਼ੁਰੂ ਕਰ ਦਿੱਤੀ। ਘਰ ਤੋਂ ਬਾਹਰ ਉਹ ਡਾਇਰ ਨੂੰ ਮਾਰ ਸਕਦਾ ਸੀ ਪਰ ਉਸ ਨੇ ਇਸ ਤਰ੍ਹਾਂ ਮਾਰਨਾ ਨਹੀਂ ਸੀ। ਉਹ ਚਾਹੁੰਦਾ ਸੀ ਕਿ ਕਿਸੇ ਜਲਸੇ ਵਿਚ ਡਾਇਰ ਭਾਰਤ ਤੇ ਭਾਰਤੀ ਲੋਕਾਂ ਦੀ ਜਦ ਨਿਖੇਪੀ ਕਰੇਗਾ ਤਦ ਮੈਂ ਮਾਰਾਂਗਾ। ਇੰਜ ਹੀ ਹੋਇਆ। 13 ਮਾਰਚ 1940 ਈ. ਨੂੰ ਲੰਡਨ ਵਿਖੇ ਇੰਡੀਆ ਹਾਊਸ ਵਿਚ ਇਕ ਵੱਡਾ ਜਲਸਾ ਹੋ ਰਿਹਾ ਸੀ। ਊਧਮ ਸਿੰਘ ਵੀ ਉਥੇ ਪਹੁੰਚ ਗਿਆ। ਜਦ ਮਾਇਕਲ ਡਾਇਰ ਨੇ ਭਾਰਤੀ ਲੋਕਾਂ ਦੇ ਖਿਲਾਫ਼ ਤਕਰੀਰ ਕੀਤੀ ਤਾਂ ਊਧਮ ਸਿੰਘ ਨੇ ਗੋਲੀਆਂ ਦਾਗ ਦਿੱਤੀਆਂ। ਮਾਇਕਲ ਜਨਰਲ ਡਾਇਰ ਢੇਰੀ ਹੋ ਗਿਆ ਤੇ ਨਰਕਾਂ ਨੂੰ ਕੂਚ ਕਰ ਗਿਆ। ਉਸ ਸਮੇਂ ਇੰਡੀਆ ਹਾਊਸ ਵਿਚ ਪੰਜਾਬ ਦੇ ਬਹਾਦਰ ਸੂਰਮੇ ਊਧਮ ਸਿੰਘ ਨੇ ਗਰਜ਼ ਕੇ ਕਿਹਾ ਕਿ ਅੱਜ ਮੈਂ ਆਪਣੇ ਮਕਸਦ ਵਿਚ ਪਾਸ ਹੋ ਗਿਆ ਹਾਂ। ਜਲ੍ਹਿਆਂ ਵਾਲੇ ਬਾਗ਼ ਦੇ ਨਿਰਦੋਸ਼ ਭਾਰਤੀਆਂ ਦੇ ਖੂਨ ਦਾ ਬਦਲਾ ਮੈਂ ਅੱਜ ਲੈ ਲਿਆ ਹੈ। ਅੱਜ ਮੈਂ ਬਹੁਤ ਖੁਸ਼ ਹਾਂ। ਮੈਨੂੰ ਹੁਣ ਭਾਵੇਂ ਜੇਲ੍ਹ ਕਰੋ, ਫਾਂਸੀ ਦਿਉ, ਮੈਂ ਆਪਣੇ ਮਿਸ਼ਨ ਵਿਚੋਂ ਪਾਸ ਹੋ ਗਿਆ ਹਾਂ। ਇਹ 13 ਮਾਰਚ 1940 ਈ. ਦੀ ਗੱਲ ਹੈ। ਬਾਦ ਵਿਚ ਊਧਮ ਸਿੰਘ ਨੂੰ ਅਦਾਲਤ ਨੇ ਫਾਂਸੀ ਦਾ ਹੁਕਮ ਦਿੱਤਾ ਤੇ ਉਹ ਪੰਜਾਬ ਦਾ ਅਣਖੀਲਾ ਜੁਆਨ ਹੱਸਦਾ ਹੱਸਦਾ 31 ਜੁਲਾਈ 1940 ਨੂੰ ਫਾਂਸੀ ਤੇ ਚੜ੍ਹਿਆ ਤੇ ਪਿੱਛੇ ਆਪਣਾ ਗੌਰਵਮਈ ਇਤਿਹਾਸ ਛੱਡ ਗਿਆ। ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਵੈਸਾਖੀ 1919 ਈ. ਨੂੰ ਵਾਪਰਿਆ ਸੀ, ਜਿਸ ਨੇ ਸਮੁੱਚੇ ਭਾਰਤ ਦੀ ਅੱਣਖ ਨੂੰ ਲਲਕਾਰਿਆ। ਉਸ ਸਮੇਂ ਲੋਕ ਅੰਗਰੇਜ਼ ਸਰਕਾਰ ਦੇ ਬਿਲਕੁੱਲ ਵਿਰੁੱਧ ਹੋਣੇ ਸ਼ੁਰੂ ਹੋ ਗਏ। ਭਾਰਤ ਨੂੰ ਆਜ਼ਾਦ ਕਰਾਉਣ ਲਈ ਉਨ੍ਹਾਂ ਹਰ ਤਰ੍ਹਾਂ ਦੇ ਗਰਮ ਨਰਮ ਪ੍ਰੋਗਰਾਮ ਉਲੀਕਣੇ ਸ਼ੁਰੂ ਕਰ ਦਿੱਤੇ। 

ਪਿੱਛੇ ਅਸੀਂ ਪੜ੍ਹ ਆਏ ਹਾਂ ਕਿ 1873 ਈ. ਵਿਚ ਸਿੰਘ ਸਭਾ ਲਹਿਰ ਅੰਮ੍ਰਿਤਸਰ ਹੋਂਦ ਅੰਦਰ ਆਈ। ਫਿਰ 1879 ਈ. ਵਿਚ ਸਿੰਘ ਸਭਾ ਲਾਹੌਰ ਦਾ ਆਗਮਨ ਹੋਇਆ। 1892 ਈ. ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਹੋਂਦ ਵਿਚ ਆਇਆ। ਉਪਰੋਕਤ ਸੰਸਥਾਵਾਂ ਨੇ ਸਿੱਖ ਧਰਮ ਨੂੰ ਬ੍ਰਾਹਮਣਬਾਦ ਦੇ ਕਰਮਕਾਂਡਾਂ ਦੇ ਜਾਲ੍ਹਾਂ ਤੋਂ ਬਾਹਰ ਕੱਢਿਆ। ਜੋ ਸਦੀਆਂ ਤੋਂ ਭੋਲੀ ਭਾਲੀ ਜਨਤਾ ਨੂੰ ਕਰਮਕਾਂਡਾਂ ਅੰਦਰ ਫਸਾ ਕੇ ਗੁੰਮਰਾਹ ਕਰ ਰਿਹਾ ਸੀ। ਸਿੱਖ ਆਪਣੀਆਂ ਉਪਰੋਕਤ ਜਥੇਬੰਦੀਆਂ ਰਾਹੀਂ ਜਾਗ੍ਰਤ ਹੋ ਰਹੇ ਸਨ। 5 ਅਕਤੂਬਰ 1920 ਈ. ਨੂੰ ਸਿੱਖਾਂ ਨੇ ਬਾਬੇ ਦੀ ਬੇਰ ਗੁਰਦੁਆਰਾ ਸਿਆਲਕੋਟ ਮਹੰਤਾਂ ਤੋਂ ਆਜ਼ਾਦ ਕਰਵਾ ਲਿਆ ਤੇ ਉਥੇ ਆਪਣੀ ਕਮੇਟੀ ਬਣਾ ਲਈ। ਫਿਰ 12 ਅਕਤੂਬਰ 1920 ਈ. ਨੂੰ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ‘ਤੇ ਵੀ ਮਹੰਤਾਂ ਨੂੰ ਹਟਾ ਕੇ ਆਪਣੀ ਕਮੇਟੀ ਬਣਾ ਲਈ। ਸਿੱਖਾਂ ਅੰਦਰ ਜਾਗ੍ਰਤੀ ਤੇਜ਼ੀ ਨਾਲ ਆ ਰਹੀ ਸੀ। ਨਵੰਬਰ 1920 ਈ. ਨੂੰ ਗੁਰਦੁਆਰਾ ਪੰਜਾ ਸਾਹਿਬ ਤੇ 25 ਜਨਵਰੀ 1921 ਈ. ਨੂੰ ਗੁ. ਤਰਨ ਤਾਰਨ ਤੇ ਸਿੱਖਾਂ ਨੇ ਕਬਜ਼ੇ ਕਰ ਲਏ। 

ਸਿੰਘ ਸਭਾ ਅੰਮ੍ਰਿਤਸਰ, ਸਿੰਘ ਸਭਾ ਲਾਹੌਰ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਭੜਕੀਲੇ ਲੇਖਾਂ, ਰਸਾਲਿਆਂ, ਪੇਪਰਾਂ ਨੇ ਸਿੱਖਾਂ ਅੰਦਰ ਖੂਬ ਜਾਗ੍ਰਤੀ ਲਿਆਂਦੀ । 

ਖੈਰ! ਮਹੰਤਾਂ ਤੋਂ ਸਿੱਖਾਂ ਨੇ ਗੁਰਦੁਆਰੇ ਆਜ਼ਾਦ ਕਰਵਾਉਣ ਦੀ ਠਾਣ ਲਈ। ਮਹੰਤ ਆਚਰਣਹੀਨ ਹੋ ਚੁੱਕੇ ਸਨ। 15-16 ਨਵੰਬਰ 1920 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆ ਗਈ। ਬਾਦ ਵਿਚ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਬਣ ਗਿਆ। ਸਿੱਖਾਂ ਨੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਢੰਗ ਵਰਤਿਆ। ਮਹੰਤ ਆਪਣੇ ਫਰਜ਼ ਭੁੱਲ ਬੈਠੇ ਸਨ । ਗੁਰਦੁਆਰਿਆਂ ਨੂੰ ਖੁੱਲ੍ਹੀਆਂ ਆਮਦਨਾਂ ਆ ਰਹੀਆਂ ਸਨ। ਮਹੰਤ ਗੁਰਦੁਆਰਿਆਂ ਦਾ ਚੜਾਵਾ ਆਪ ਹੀ ਹੜਪ ਕਰੀ ਜਾ ਰਹੇ ਸਨ। ਗੁਰਦੁਆਰਿਆਂ ਦੇ ਧਨ ‘ਤੇ ਆਪਣੀ ਹੀ ਮਾਲਕੀ ਸਮਝਦੇ ਸਨ। ਆਚਰਨ ਇਨ੍ਹਾਂ ਲੋਕਾਂ ਦਾ ਇਨਾਂ ਗਿਰ ਚੁੱਕਾ ਸੀ ਕਿ ਗੁਰਦੁਆਰਿਆਂ ਅੰਦਰ ਹੀ ਇਨ੍ਹਾਂ ਰਖੈਲਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਮੱਥਾ ਟੇਕਣ ਆਈਆਂ ਜ਼ਨਾਨੀਆਂ ਦੀਆਂ ਇਨ੍ਹਾਂ ਇੱਜ਼ਤਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ। ਗੱਲ ਕੀ, ਪੂਰਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ । ਸਿੱਖ ਧਰਮ ਨੂੰ ਇਨ੍ਹਾਂ ਨੇ ਕੀ ਫੈਲਾਉਣਾ ਸੀ ਇਹ ਤਾਂ ਹਿੰਦੂ ਧਰਮ ਦੇ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਗੁਰਦੁਆਰਿਆਂ ਅੰਦਰ ਵੀ ਦੇਵੀ ਦੇਵਤਿਆਂ ਦੇ ਬੁੱਤ ਮੂਰਤੀਆਂ ਲੈ ਆਏ। ਪਿੱਛੇ ਅਸੀਂ ਪੜ੍ਹ ਆਏ ਹਾਂ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਅੰਦਰ ਵੀ ਇਹ ਮਸੰਦ ਬੁੱਤ ਲੈ ਆਏ ਸਨ। ਜਿਨ੍ਹਾਂ ਤੋਂ ਗੁਰਮਤਿ ਨੇ ਵਰਜਿਆ ਸੀ। ਅਖ਼ੀਰ ਸਿੱਖ ਸੰਸਥਾਵਾਂ ਦੇ ਪ੍ਰਚਾਰ ਨੇ ਇਨ੍ਹਾਂ ਲੋਕਾਂ ਦੇ ਪੰਜੇ ਵਿਚੋਂ ਲੋਕਾਂ ਨੂੰ ਕੱਢਿਆ। ਇਹੋ ਜਿਹੇ ਭੈੜੇ ਮਸੰਦਾਂ ਨੂੰ ਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇਲ੍ਹ ਦੇ ਕੜਾਹਿਆਂ ਵਿਚ ਸੁੱਟਿਆ ਸੀ। 

ਨਨਕਾਣਾ ਸਾਹਿਬ ਦਾ ਸਾਕਾ: 

ਨਨਕਾਣਾ ਸਾਹਿਬ ਦੇ ਗੁਰਦੁਆਰੇ ਨੂੰ ਬਹੁਤ ਜਗੀਰ ਲੱਗੀ ਹੋਈ ਸੀ। ਕਈ ਹਜ਼ਾਰ ਸਾਲਾਨਾਂ ਆਮਦਨ ਸੀ। ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਅਸਥਾਨ ਕਰਕੇ ਸਿੱਖ ਧਰਮ ਅੰਦਰ ਬਹੁਤ ਮਹੱਤਤਾ ਰੱਖਦਾ ਹੈ। ਉਸ ਸਮੇਂ ਮਹੰਤ ਨਰੈਣ ਦਾਸ ਹਜ਼ਾਰਾਂ ਦਾ ਚੜ੍ਹਾਵਾ ਚੜ੍ਹਣ ਕਰਕੇ ਬਹੁਤ ਫਿੱਟਿਆ ਹੋਇਆ ਸੀ। ਪੂਜਾ ਦੇ ਧਨ ਨੇ ਉਸ ਦੀ ਮੱਤ ਮਾਰੀ ਹੋਈ ਸੀ। ਗੁਰਦੁਆਰੇ ਨੂੰ ਮਹੰਤ ਨਰੈਣ ਦਾਸ ਦੇ ਕਬਜ਼ੇ ਹੇਠੋਂ ਕੱਢਣ ਲਈ ਭਾਈ ਲੱਛਮਣ ਸਿੰਘ ਜੀ ਦੇ ਜਥੇ ਨੇ ਨਨਕਾਣੇ ਸਾਹਿਬ ਨੂੰ ਕੂਚ ਕੀਤਾ। ਲੱਛਮਣ ਸਿੰਘ ਨੇ ਆਪਣੇ ਸਾਥੀਆਂ ਸਮੇਤ ਇਹ ਪ੍ਰਣ ਕੀਤਾ ਹੋਇਆ ਸੀ ਕਿ ਸ਼ਾਂਤਮਈ ਢੰਗ ਹੀ ਅਪਨਾਉਣਾਂ ਹੈ। ਕੋਈ ਲੜਾਈ ਝਗੜਾ ਨਹੀਂ ਕਰਨਾ ਹੈ। ਚਾਹੇ ਦੁਸ਼ਮਣ ਵਾਰ ਹੀ ਕਿਉਂ ਨਾ ਕਰੇ, ਅਸੀਂ ਹੱਥ ਨਹੀਂ ਚੁੱਕਣਾ। 

ਆਖ਼ਿਰ ਭਾਈ ਟਹਿਲ ਸਿੰਘ ਤੇ ਲੱਛਮਣ ਆਪਣੇ ਜਥੇ ਸਮੇਤ ਗੁਰਦੁਆਰੇ ਨਨਕਾਣੇ ਸਾਹਿਬ ਅੰਦਰ ਦਾਖ਼ਲ ਹੋ ਗਏ। ਅੰਦਰ ਪਹੁੰਚਣ ਦੇ ਸਾਰ ਹੀ ਦਰਸ਼ਨੀ ਡਿਊਢੀ ਦਾ ਗੇਟ ਦੁਸ਼ਮਣਾਂ ਵੱਲੋਂ ਬੰਦ ਕਰਵਾ ਦਿੱਤਾ ਗਿਆ। ਜਦ ਮਹੰਤ ਨਰੈਣ ਦਾਸ ਨੂੰ ਜਥੇ ਦੇ ਅੰਦਰ ਦਾਖ਼ਲ ਹੋਣ ਦਾ ਪਤਾ ਲੱਗਾ ਤਾਂ ਉਹ ਬਹੁਤ ਹੀ ਕ੍ਰੋਧ ਅੰਦਰ ਆਇਆ। ਉਸ ਨੂੰ ਇਹ ਤਾਂ ਪਤਾ ਹੀ ਸੀ ਕਿ ਇਕ ਦਿਨ ਅਕਾਲੀ ਜਥੇ ਨੇ ਜਰੂਰ ਇਥੇ ਪਹੁੰਚਣਾ ਹੈ। ਇਸ ਕਰਕੇ ਉਸ ਨੇ ਪਹਿਲਾ ਹੀ ਬਦਮਾਸ਼ ਇਕੱਠੇ ਕੀਤੇ ਹੋਏ ਸਨ। ਜਿਨ੍ਹਾਂ ਕੋਲ ਬੰਦੂਕਾਂ, ਗੰਡਾਸੇ, ਛੱਵੀਆਂ ਆਦਿ ਸ਼ਸਤਰ ਇਕੱਤਰ ਕੀਤੇ ਹੋਏ ਸਨ। ਗੁਰਦੁਆਰੇ ਦੇ ਅੰਦਰਲੇ ਦਰਵਾਜੇ ਬਾਹਰ ਜਾਣ ਲਈ ਅੰਦਰੋਂ ਹੀ ਬੰਦ ਕੀਤੇ ਹੋਏ ਸਨ। ਫਿਰ ਕੀ ਸੀ, ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਗੰਡਾਸੇ, ਛੱਵੀਆਂ ਵਰਤੀਆਂ ਗਈਆਂ, ਲਹੂ ਲੁਹਾਣ ਹੋ ਗਿਆ। ਕਈ ਸਿੱਖ ਪਰਲੋਕ ਸਿਧਾਰ ਗਏ, ਸ਼ਹੀਦੀ ਜਾਮ ਪੀ ਗਏ, ਕਈ ਜ਼ਖ਼ਮੀ ਹੋ ਗਏ। ਇਥੋਂ ਤਕ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵੀ ਗੋਲੀਆਂ ਲੱਗੀਆਂ। ਭਾਈ ਲੱਛਮਣ ਸਿੰਘ ਜੀ ਵੀ ਮਹਾਰਾਜ ਦੀ ਤਾਬਿਆ ਬੈਠਾ ਹੋਇਆ ਗੋਲੀਆਂ ਨਾਲ ਜ਼ਖ਼ਮੀ ਹੋ ਗਿਆ। ਕਾਤਲਾਂ ਨੇ ਕੋਈ ਤਰਸ ਨਾ ਕੀਤਾ, ਲੱਛਮਣ ਸਿੰਘ ਜੋ ਜ਼ਖ਼ਮੀ ਸੀ ਉਸ ਨੂੰ ਜਿਊਂਦਿਆਂ ਹੀ ਜੰਡ ਨਾਲ ਬੰਨ੍ਹ ਕੇ, ਉਪਰ ਤੇਲ ਪਾਕੇ ਅੱਗ ਲਾ ਦਿੱਤੀ ਗਈ। ਬਾਕੀ ਦੋ ਕੁ ਸੌ ਨਿਹੱਥੇ ਸਿੱਖ ਬਚੇ ਸਨ ਉਨ੍ਹਾਂ ਨੂੰ ਪਹਿਲਾਂ ਗੋਲੀਆਂ ਮਾਰੀਆਂ, ਫਿਰ ਗੰਡਾਸਿਆਂ, ਬਰਛਿਆਂ ਨਾਲ ਵੱਢਿਆ ਗਿਆ ਤੇ ਕਈਆਂ ਨੂੰ ਤੇਲ ਪਾਕੇ ਸਾੜਿਆ ਗਿਆ। ਇਸ ਤਰ੍ਹਾਂ ਨਨਕਾਣੇ ਸਾਹਿਬ ਦਾ ਇਹ ਖ਼ੂਨੀ ਸਾਕਾ ਵਾਪਰਿਆ। ਜੋ ਹੋਰਨਾਂ ਨੇ ਨਹੀਂ ਕੀਤਾ ਸਗੋਂ ਆਪਣੇ ਹੀ ਪੂਜਾ ਦਾ ਧਨ ਖਾਣ ਵਾਲੇ, ਸਿੱਖੀ ਸਰੂਪ ਅੰਦਰ ਬਦਮਾਸ਼ ਭੇੜੀਏ ਮਸੰਦਾਂ ਨੇ ਕੀਤਾ। ਮਹੰਤ ਨਰੈਣ ਦਾਸ ਰਾਜਨੀਤਕ ਬੰਦਾ ਸੀ। ਇਕ ਪਾਸੇ ਉਹ ਅੰਗਰੇਜ਼ਾਂ ਲਾਲ ਦੋਸਤੀ ਰੱਖਦਾ ਸੀ, ਦੂਜੇ ਪਾਸੇ ਸਿੱਖ ਆਗੂਆਂ ਨਾਲ। ਪਰ ਅੰਦਰੋਂ ਸਿੱਖਾਂ ਨੂੰ ਖਤਮ ਕਰਨ ਲਈ ਉਸ ਨੇ ਬਦਮਾਸ਼ ਵੀ ਪਾਲ ਰੱਖੇ ਸਨ। ਨਨਕਾਣਾ ਸਾਹਿਬ ਦੇ ਸਾਕੇ ਅੰਦਰ 200 ਕੁ ਸਿੰਘ ਸ਼ਹੀਦ ਹੋਏ ਤੇ ਕਈਆਂ ਨੂੰ ਸਾੜਿਆ ਗਿਆ। 

ਸਿੱਖ ਕੌਮ ਦਾ ਉਸ ਵੇਲੇ ਦਾ ਬਹਾਦਰ ਜੋਧਾ ਕਰਤਾਰ ਸਿੰਘ ਝੱਬਰ, ਜਦ ਉਸ ਨੂੰ ਪਤਾ ਲੱਗਾ ਕਿ ਭਾਈ ਦਲੀਪ ਸਿੰਘ ਤੇ ਭਾਈ ਲੱਛਮਣ ਸਿੰਘ ਦਾ ਜੱਥਾ ਸ਼ਾਂਤਮਈ ਢੰਗ ਨਾਲ ਨਨਕਾਣਾਂ ਸਾਹਿਬ ਨੂੰ ਆਜ਼ਾਦ ਕਰਵਾਉਣ ਖ਼ਾਤਰ ਸ਼ਹੀਦ ਹੋ ਗਿਆ ਹੈ ਤਾਂ ਉਸ ਸ਼ੇਰ ਤੋਂ ਰਿਹਾ ਨਾ ਗਿਆ, ਝੱਟ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸਾ ਸੋਧ ਕੇ ਆਪਣੇ ਜਥੇ ਸਮੇਤ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ। ਅੱਗੇ ਅੰਗਰੇਜ਼ ਫ਼ੌਜ ਕਬਜ਼ਾ ਕਰੀ ਬੈਠੀ ਸੀ ।ਕਰਤਾਰ ਸਿੰਘ ਝੱਬਰ ਨੇ ਦੋ ਦੋ ਸੌ ਦਾ ਇਕ ਇਕ ਜੱਥਾ ਬਣਾਇਆ ਹੋਇਆ ਸੀ। ਇਸ ਤਰ੍ਹਾਂ ਗਿਆਰ੍ਹਾਂ ਜਥੇ ਬਣਾਏ ਹੋਏ ਸਨ ਜੋ 22 ਸੌ ਦੀ ਗਿਣਤੀ ਵਿਚ ਸਨ।           (ਨੋਟ: ਇਨ੍ਹਾਂ ਜੱਥਿਆਂ ਅੰਦਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਮਾਮੇ ਸੁੰਦਰ ਸਿੰਘ ਰਾਏ ਪੱਤੀ ਸੱਤ ਢੇਰੀ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਵਾਲੇ ਨੇ ਇਕ ਸੌ ਦਾ ਜੱਥਾ ਮੋਰਾਂਵਾਲੀ ਅਤੇ ਕੁਝ ਆਲੇ ਦੁਆਲੇ ਦੇ ਪਿੰਡਾਂ ਵਿਚੋਂ ਇਕੱਠਾ ਕਰਕੇ ਕਰਤਾਰ ਸਿੰਘ ਝੱਬਰ ਦੀ ਮਦਦ ਲਈ ਨਨਕਾਣਾ ਸਾਹਿਬ ਨੂੰ ਭੇਜਿਆ ਸੀ ਜਿਨ੍ਹਾਂ ਵਿਚ ਖ਼ੁਦ ਭਗਤ ਸਿੰਘ ਜੀ ਦਾ ਸਕਾ ਮਾਮਾ ਸੁੰਦਰ ਸਿੰਘ, ਜਥੇਦਾਰ ਜਰਨੈਲ ਸਿੰਘ ਹੇਹਰ, ਮਿਲਖਾ ਸਿੰਘ ਬਲਦ ਉਤਮ ਸਿੰਘ ਹੇਹਰ ਪੱਤੀ ਮੋਰਾਂਵਾਲੀ, ਅਮਰ ਸਿੰਘ ਬਲਦ ਜਵਾਰ ਸਿੰਘ, ਭੁੱਲਾ ਸਿੰਘ, ਬੂਟਾ ਸਿੰਘ, ਜਥੇਦਾਰ ਵੀਰ ਸਿੰਘ ਹੇਹਰ, ਪੱਤੀ ਮੋਰਾਂਵਾਲੀ ਇਹੋ ਸਭ ਬਜ਼ੁਰਗ ਸ਼ਹੀਦ ਭਗਤ ਸਿੰਘ ਜੀ ਦੇ ਮਾਮੇ ਸੁੰਦਰ ਸਿੰਘ ਜੀ ਦੇ ਨਾਲ ਸਨ । ਸ਼ਹੀਦ ਭਗਤ ਸਿੰਘ ਦੀ ਉਮਰ 14 ਕੁ ਸਾਲਾ ਦੀ ਸੀ ਜਦ ਨਨਕਾਣਾ ਸਾਹਿਬ ਦਾ ਸਕਾ ਵਰਤਿਆ ਸੀ ਅਤੇ ਆਪਣੇ ਪਿਤਾ ਕ੍ਰਿਸ਼ਨ ਸਿੰਘ ਨਾਲ ਭਗਤ ਸਿੰਘ ਨਨਕਾਣਾ ਸਾਹਿਬ ਪਹੁੰਚਾ ਸੀ। ਇਸ ਖੂਨੀ ਭਰੇ ਸਾਕੇ ਤੋਂ ਭਗਤ ਸਿੰਘ ਨੇ ਇਹ ਅਨੁਭਵ ਕੀਤਾ ਕਿ ਅਗਾਂਹ ਹਥਿਆਰਬੰਦ ਹੋਕੇ ਹੀ ਜੰਗ ਕਰਨ ਦਾ ਸਮਾਂ ਆ ਰਿਹਾ ਹੈ)। 

ਕਰਤਾਰ ਸਿੰਘ ਝੱਬਰ ਨੇ ਨਨਕਾਣਾਂ ਸਾਹਿਬ ਪਹੁੰਚ ਕੇ ਸਭ ਜੱਥਿਆਂ ਨੂੰ ਕਿਹਾ ਕਿ ਖ਼ਾਲਸਾ ਜੀ ਹੁਣ ਪਿੱਛੇ ਨਹੀਂ ਮੁੜਨਾ, ਚਾਹੇ ਆਪਾਂ ਸਾਰੇ ਸ਼ਹੀਦੀਆਂ ਹੀ ਪ੍ਰਾਪਤ ਕਿਉਂ ਨਾ ਕਰ ਜਾਈਏ। ਹੁਣ ਨਨਕਾਣੇ ਸਾਹਿਬ ਦਾ ਕਬਜ਼ਾ ਜਰੂਰ ਲੈਣਾ ਹੈ। ਅਗਿਓਂ ਜੋ ਵੀ ਮੁਕਾਬਲੇ ਲਈ ਗੋਰਾ ਆਵੇ, ਉਸ ਨੂੰ ਪਾਰ ਬੁਲਾ ਦੇਣਾ, ਇਕ ਵੀ ਨਾ ਬਚੇ। ਉਸ ਸਮੇਂ ਸਿੱਖ ਜਥੇ, ਕਰਤਾਰ ਸਿੰਘ ਝੱਬਰ ਹੁਰੀਂ ਬਹੁਤ ਜੋਸ਼ ਤੇ ਗੁੱਸੇ ਵਿਚ ਸਨ ਕਿਉਂਕਿ ਅੰਗਰੇਜ਼ ਸਰਕਾਰ ਦੇ ਚੰਮਚੇ ਮਹੰਤ ਨਰੈਣ ਦਾਸ ਨੇ ਬਿਨਾਂ ਕਿਸੇ ਕਸੂਰ ਸ਼ਾਂਤਮਈ ਲੱਛਮਣ ਸਿੰਘ ਦੇ ਜਥੇ ਨੂੰ ਗੋਲੀਆਂ ਨਾਲ ਅਤੇ ਤੇਲ ਪਾਕੇ ਜਿਊਂਦਿਆਂ ਅੱਗ ਲਾਕੇ ਸਾੜਿਆ ਸੀ । 

ਜਦ ਅੰਗਰੇਜ਼ ਸਰਕਾਰ ਨੇ ਸਿੱਖ ਜੱਥਿਆਂ ਦੇ ਮਰ ਮਿਟਣ ਵਾਲੇ ਗੁੱਸੇ ਨੂੰ ਦੇਖਿਆ ਤਾਂ ਮਿ. ਕਿੰਗ ਕਮਿਸ਼ਨਰ ਲਾਹੌਰ, ਐਮਰਸਨ ਡੀ.ਆਈ.ਜੀ. ਪੁਲੀਸ ਲਾਹੌਰ, ਡਿਪਟੀ ਕਮਿਸ਼ਨਰ ਕਰੀ ਸ਼ੇਖੂ ਪੁਰਾ ਤੇ ਫ਼ੌਜ ਕਮਾਂਡਰ ਉਸ ਸਮੇਂ ਦਾ ਤੇ ਹੋਰ ਕਈ ਅਫਸਰਾਂ ਨੇ ਗੱਲ ਨਜਿੱਠਣ ਲਈ ਸਿੱਖ ਲੀਡਰਾਂ, ਜਿਨ੍ਹਾਂ ਵਿਚ ਸ. ਹਰਬੰਸ ਸਿੰਘ, ਪ੍ਰੋਫੈਸਰ ਜੋਧ ਸਿੰਘ, ਸ. ਲਾਲ ਸਿੰਘ ਤੇ ਸ. ਮਹਿਤਾਬ ਸਿੰਘ ਹੁਰਾਂ ਨੂੰ ਨਾਲ ਲਿਆ ਤੇ ਲੜ੍ਹਾਈ ਹੋਣ ਤੋਂ ਅੱਗੇ ਹੀ ਇਹ ਇਕੱਠੇ ਹੋ ਕੇ ਸਿੱਖਾਂ ਦੇ ਜੱਥਿਆਂ ਨੂੰ ਆ ਮਿਲੇ। 

ਅੰਗਰੇਜ਼ ਅਫਸਰ ਨੇ ਸਿੱਖ ਜੱਥਿਆਂ ਨੂੰ ਕਿਹਾ ਕਿ ਅੱਗੇ ਨੂੰ ਨਾ ਜਾਇਓ ਨਹੀਂ ਤਾਂ ਫ਼ੌਜ ਗੋਲੀ ਚਲਾ ਦੇਵੇਗੀ। ਕਰਤਾਰ ਸਿੰਘ ਝੱਬਰ ਨੇ ਜੋਸ਼ ਵਿਚ ਕਿਹਾ ਚਲਾਉ ਗੋਲੀ, ਅਸੀਂ 2200 ਤੋਂ ਵੀ ਉਪਰ ਹਾਂ ਤੇ ਤੁਸੀਂ ਕੋਈ 150 ਹੋਵੋਗੇ, ਬੱਚਕੇ ਤੁਸੀਂ ਵੀ ਨਹੀਂ ਜਾਉਗੇ। ਜਦ ਸਿੰਘਾਂ ਦਾ ਦ੍ਰਿੜ੍ਹ ਮਰ ਮਿਟਣ ਦਾ ਇਰਾਦਾ ਅੰਗਰੇਜ਼ ਅਫਸਰਾਂ ਨੇ ਵੇਖਿਆ ਤਾਂ ਕਮਿਸ਼ਨਰ ਸਾਹਿਬ ਨੇ ਨਨਕਾਣੇ ਸਾਹਿਬ ਦੇ ਗੁਰਦੁਆਰੇ ਦੀਆਂ ਚਾਬੀਆਂ ਜਥੇਦਾਰ ਨੂੰ ਸੌਂਪ ਦਿੱਤੀਆਂ ਤੇ ਆਪ ਫ਼ੌਜ ਪਿੱਛੇ ਹਟਾ ਲਈ ਤਾਂ ਜੋ ਕਰਤਾਰ ਸਿੰਘ ਝੱਬਰ ਹੁਰਾਂ ਦੇ ਨੌਜੁਆਨ ਨਨਕਾਣਾ ਸਾਹਿਬ ਅੰਦਰ ਦਾਖ਼ਲ ਹੋ ਸਕਣ। 

ਇਸ ਤਰ੍ਹਾਂ ਸਿੱਖਾਂ ਨੇ ਨਨਕਾਣਾ ਸਾਹਿਬ ਮਹੰਤ ਨਰੈਣ ਦਾਸ ਤੋਂ ਛੁਡਾਇਆ। ਇਹੋ ਨਨਕਾਣਾ ਸਾਹਿਬ ਦਾ ਖੂਨੀ ਸਾਕਾ 20 ਫਰਵਰੀ 1921 ਨੂੰ ਵਾਪਰਿਆ ਸੀ। ਜਿਸ ਵਿਚ ਭਾਈ ਲੱਛਮਣ ਸਿੰਘ ਹੁਰਾਂ ਦਾ ਸ਼ਾਂਤਮਈ ਜੱਥਾ ਆਪਣੀਆਂ ਜਾਨਾਂ ਦੇਕੇ ਨਨਕਾਣਾ ਸਾਹਿਬ ਨੂੰ ਗੁੰਡੇ ਭੇੜੀਏ ਮਹੰਤ ਨਰੈਣ ਦਾਸ ਤੋਂ ਆਜ਼ਾਦ ਕਰਵਾ ਗਿਆ। ਭਾਈ ਲਛਮਣ ਸਿੰਘ ਜੀ ਨੇ ਤਾਂ ਸ਼ਾਂਤਮਈ ਢੰਗ ਇਸ ਕਰਕੇ ਧਾਰਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਤੇ ਖ਼ੂਨ ਖ਼ਰਾਬਾ ਨਾ ਹੋਵੇ ਪਰ ਦੁਸ਼ਮਣ ਨੇ ਸ਼ਾਂਤਮਈ ਢੰਗ ਨਾ ਸਮਝਿਆ ਤੇ ਖ਼ੂਨ ਖ਼ਰਾਬਾ ਕੀਤਾ। ਬਾਦ ਤਦ ਹੀ ਕਰਤਾਰ ਸਿੰਘ ਨੇ ਹਥਿਆਰ ਚੁੱਕੇ ਤੇ ਦੁਸ਼ਮਣ ਨੂੰ ਮੂੰਹ ਦੀ ਖਾਣੀ ਪਈ। 

ਗੁਰੂ ਕਾ ਬਾਗ਼ ਮੋਰਚਾ: 

ਗੁਰੂ ਕੇ ਬਾਗ਼ ਮੋਰਚੇ ਦੀ ਲੜਾਈ ਇਸ ਗੱਲ ਤੋਂ ਸ਼ੁਰੂ ਹੋਈ ਕਿ ਜੋ ਗੁਰਦੁਆਰਾ ਗੁਰੂ ਕਾ ਬਾਗ਼ ਸੀ ਉਸ ਦੇ ਇਕ ਹਿੱਸੇ ਵਿਚ ਦਰੱਖਤ ਲਾਏ ਗਏ ਸਨ ਤਾਂ ਜੋ ਲੰਗਰ ਤਿਆਰ ਕਰਨ ਸਮੇਂ ਲੱਕੜਾਂ ਦੀ ਘਾਟ ਪੂਰੀ ਹੋ ਸਕੇ। ਲੱਕੜਾਂ ਨੂੰ ਵਰਤੋਂ ਵਿਚ ਲਿਆਇਆ ਜਾ ਸਕੇ। ਮਹੰਤ ਸੁੰਦਰ ਦਾਸ ਚੁੱਣੀ ਹੁਰੀਂ ਕਮੇਟੀ ਦੇ ਅਧੀਨ ਗੁਰਦੁਆਰੇ ਦਾ ਪ੍ਰਬੰਧ ਚਲਾ ਰਿਹਾ ਸੀ। 

ਕੁਝ ਚਿਰਾਂ ਤੋਂ ਬਾਦ ਮਹੰਤ ਸੁੰਦਰ ਦਾਸ ਅਕਾਲੀਆਂ ਤੋਂ ਆਕੀ ਹੋ ਬੈਠਾ। ਉਸ ਨੇ ਅੰਗਰੇਜ਼ ਸਰਕਾਰ ਕੋਲ ਕੇਸ ਦਰਜ਼ ਕਰਵਾ ਦਿੱਤਾ ਕਿ ਅਕਾਲੀ ਗੁਰਦੁਆਰੇ ਵਿਚੋਂ ਦਰੱਖ਼ਤ ਕਟਵਾ ਰਹੇ ਹਨ। ਇਹ ਗੱਲ 8 ਅਗਸਤ 1922 ਈ. ਦੀ ਹੈ। ਬਸ ਫਿਰ ਕੀ ਸੀ, ਪੁਲੀਸ ਨੇ ਸਿੱਖਾਂ ਨੂੰ ਅਪਰਾਧੀ ਸਮਝਕੇ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਵਿਰੁੱਧ ਕੇਸ ਚਲਾ ਦਿੱਤਾ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ ਸਰਕਾਰ ਵਿਰੁੱਧ ਗੁਰੂ ਕੇ ਬਾਗ਼ ਦਾ ਮੋਰਚਾ ਸ਼ੁਰੂ ਕਰ ਦਿੱਤਾ। ਪਾਠਕ ਪਿੱਛੇ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਬਾਰੇ ਤਾਂ ਪੜ੍ਹ ਹੀ ਆਏ ਹਨ। ਇਥੇ ਵੀ ਉਸੇ ਤਰ੍ਹਾਂ ਦਾ ਅਕ੍ਰਿਤਘਣ ਮਹੰਤ ਬੈਠਾ ਹੋਇਆ ਸੀ। ਇਹ ਮਹੰਤ ਵੀ ਆਚਰਨ ਤੋਂ ਹੀਨ ਸੀ। ਇਨ੍ਹੇ ਵੀ ਰਖੈਲਾਂ ਰੱਖੀਆਂ ਹੋਈਆਂ ਸਨ। ਪੂਜਾ ਦੇ ਧਨ ਨਾਲ ਫਿੱਟਿਆ ਹੋਇਆ ਸੀ। ਕਰਤਾਰ ਸਿੰਘ ਝੱਬਰ ਉਸੇ ਸਮੇਂ ਬਹੁਤ ਜੋਸ਼ੀਲਾ ਨਿਧੜਕ ਸਿੱਖਾਂ ਅੰਦਰ ਜਥੇਦਾਰ ਜਰਨੈਲ ਮੰਨਿਆ ਜਾਂਦਾ ਸੀ। ਉਸ ਨੇ 100 ਸਿੰਘਾਂ ਦਾ ਜੱਥਾ ਤਿਆਰ ਕੀਤਾ ਤੇ ਅਕਾਲ ਤਖ਼ਤ ਸਾਹਿਬ ਵਿਖੇ ਜਥੇ ਸਮੇਤ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ- ਅਸੀਂ ਸ਼ਾਂਤਮਈ ਢੰਗ ਨਾਲ ਗਿ੍ਫ਼ਤਾਰੀਆਂ ਦੇਵਾਂਗੇ, ਜਦ ਤਕ ਕਿ ਮੋਰਚਾ ਫਤਹਿ ਨਹੀਂ ਹੁੰਦਾ। ਇਹ ਪ੍ਰਣ ਕਰਕੇ ਜੱਥਾ ਅਕਾਲ ਤਖ਼ਤ ਤੋਂ ਗੁਰੂ ਕੇ ਬਾਗ਼ ਵੱਲ ਨੂੰ ਚੱਲ ਪਿਆ ਜੋ ਅੰਮ੍ਰਿਤਸਰ ਤੋਂ ਕਰੀਬ ਕਰੀਬ 13 ਕੁ ਮੀਲ ਦੀ ਵਿੱਥ ਤੇ ਹੋਵੇਗਾ। ਪੁਲੀਸ ਨੇ ਜਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਲਾਠੀ ਚਾਰਜ਼ ਵੀ ਕੀਤਾ ਪਰ ਕਾਮਯਾਬ ਨਾ ਹੋ ਸਕੀ। ਇਸ ਤਰ੍ਹਾਂ ਹਿੰਸਕ ਵਾਰਦਾਤਾਂ ਹੁੰਦਿਆਂ ਵੀ ਸਿੰਘਾਂ ਨੇ ਸ਼ਾਂਤਮਈ ਢੰਗ ਅਖ਼ਤਿਆਰ ਕਰੀ ਰੱਖਿਆ। ਜਦ ਜੱਥਾ ਗੁਰੂ ਕੇ ਬਾਗ਼ ਵਲ ਜਾ ਰਿਹਾ ਸੀ ਤਾਂ ਇਕ ਗੁਰੂ ਦੇ ਸਿੰਘ ਭਾਈ ਬੰਤਾ ਸਿੰਘ ਜੀ ਨੂੰ ਰਸਤੇ ਵਿਚ ਸੱਪ ਨੇ ਡੰਗ ਮਾਰਿਆ। ਜਥੇ ਨੇ ਸਲਾਹ ਕੀਤੀ ਕਿ ਭਾਈ ਬੰਤਾ ਸਿੰਘ ਪਿੱਛੇ ਮੁੜ ਜਾਏ ਪਰ ਭਾਈ ਬੰਤਾ ਸਿੰਘ ਨੇ ਮੌਤ ਦੀ ਪਰਵਾਹ ਨਾ ਕੀਤੀ ਤੇ ਆਪਣੇ ਗੁਰ ਸਿੱਖ ਭਰਾਵਾਂ ਨਾਲ ਗੁਰੂ ਦੇ ਬਾਗ਼ ਵੱਲ ਨੂੰ ਹੋ ਤੁਰਿਆ। ਪਰ ਰਸਤੇ ਵਿਚ ਹੀ ਜ਼ਹਿਰ ਜ਼ੋਰ ਫੜ ਗਈ ਤੇ ਉਹ ਮਹਿਮੂਦ ਪੁਰ ਪਹੁੰਚ ਕੇ ਬੇਸੁਰਤ ਹੋ ਗਿਆ। ਜੱਥਾ ਭਾਈ ਬੰਤਾ ਸਿੰਘ ਜੀ ਨੂੰ ਕਿਸੇ ਦੇ ਸਪੁਰਦ ਕਰਕੇ ਆਪ ਅਗਾਂਹ ਨੂੰ ਚਲ ਪਿਆ। ਬੰਤਾ ਸਿੰਘ ਇਥੋਂ ਪੂਰਾ ਠੀਕ ਠਾਕ ਹੋ ਕੇ ਵਾਪਸ ਪਰਤ ਗਿਆ। ਇਹੋ ਸੀ ਪੁਰਾਣੇ ਦੇਸ਼ ਭਗਤ ਅਕਾਲੀ ਸਿੰਘ। ਜੋ ਕੌਮ ਤੋਂ ਮਰ ਮਿਟਣ ਵਾਲੇ ਸੂਰਵੀਰ ਜੋਧੇ ਸਨ। ਭਾਈ ਬੰਤਾ ਸਿੰਘ ਵੱਲ ਹੀ ਦੇਖੋ, ਮੌਤ ਦੀ ਪਰਵਾਹ ਨਹੀਂ ਕੀਤੀ ਭਾਵੇਂ ਸੱਪ ਲੱੜ ਗਿਆ, ਫਿਰ ਵੀ ਕੌਮੀ ਸੰਘਰਸ਼ ਵਿਚ ਕੁੱਦਣ ਲਈ ਆਪ ਅੱਗੇ ਹੋਕੇ ਜਾ ਰਿਹਾ ਸੀ। 22 ਅਗਸਤ 1922 ਈ. ਤੋਂ ਕਰੀਬ ਕਰੀਬ ਹਰ ਰੋਜ਼ ਸੌ ਸੌ ਸਿੰਘਾਂ ਦਾ ਜੱਥਾ ਗੁਰੂ ਕੇ ਬਾਗ਼ ਵੱਲ ਨੂੰ ਅਕਾਲ ਤਖ਼ਤ ਤੋਂ ਤੁਰਦਾ। ਰਸਤੇ ਵਿਚ ਪੁਲੀਸ ਬਥੇਰਾ ਬੇਦਰਦੀ ਨਾਲ ਕੁੱਟਦੀ ਮਾਰਦੀ। ਲਾਠੀ ਚਾਰਜ ਵੀ ਕਰਦੀ ਪਰ ਹਰ ਇਕ ਜੱਥਾ ਸ਼ਾਂਤਮਈ ਢੰਗ ਨਾਲ ਤੁਰਿਆ ਜਾਂਦਾ ਸੀ। ਇਸ ਬਹਾਦਰੀ ਦੀ ਸ਼ਲਾਘਾ ਉਸ ਸਮੇਂ ਕਾਂਗਰਸੀ ਲੀਡਰ ਵੀ ਕਰਦੇ ਸਨ। ਜਥੇ ਹਰ ਰੋਜ਼ ਗੁਰੂ ਕੇ ਬਾਗ਼ ਵੱਲ ਨੂੰ ਸ਼ਾਂਤੀ ਨਾਲ ਤੁਰੇ ਜਾਂਦੇ। ਅੰਗਰੇਜ਼ ਸਰਕਾਰ ਅਖ਼ੀਰ ਥੱਕ ਗਈ। ਗਿ੍ਫ਼ਤਾਰੀਆਂ ਉਨ੍ਹਾਂ ਕਰਨੀਆਂ ਬੰਦ ਕਰ ਦਿੱਤੀਆਂ । ਲਾਠੀ ਚਾਰਜ ਵੀ ਉਨ੍ਹਾਂ ਕਰਨਾਂ ਬੰਦ ਕਰ ਦਿੱਤਾ। 

17 ਨਵੰਬਰ 1922 ਈ. ਤਕ ਕਰੀਬ 5605 ਸਿੰਘ ਸਨ ਜਿਨ੍ਹਾਂ ਨੂੰ ਗੁਰੂ ਕੇ ਬਾਗ਼ ਮੋਰਚੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 936 ਉਹ ਸਿੰਘ ਸਨ ਜੋ ਜ਼ਖ਼ਮੀ ਹੋ ਗਏ ਸੀ। ਬਾਦ ਵਿਚ ਜਿਨ੍ਹਾਂ ਨੂੰ ਹਸਪਤਾਲ ਅੰਦਰ ਦਾਖ਼ਲ ਕੀਤਾ ਗਿਆ ਸੀ। 

ਇੰਜ ਸ਼ਾਂਤਮਈ ਢੰਗ ਨਾਲ ਗੁਰੂ ਕੇ ਬਾਗ਼ ਦਾ ਮੋਰਚਾ ਵੀ ਸਿੰਘਾਂ ਨੇ ਫ਼ਤਹਿ ਕੀਤਾ। 

(ਨੋਟ: ਯਾਦ ਰਹੇ ਜਦ ਗੁਰੂ ਕੇ ਬਾਗ਼ ਦੇ ਮੋਰਚੇ ਅੰਦਰ ਗ੍ਰਿਫ਼ਤਾਰ ਕੀਤੇ ਹੋਏ ਕੈਦੀਆਂ ਨੂੰ ਅਟਕ ਜੇਲ੍ਹ ਅੰਦਰ ਲਿਜਾਇਆ ਜਾ ਰਿਹਾ ਸੀ ਤਾਂ ਪੰਜਾ ਸਾਹਿਬ ਦੀਆਂ ਸੰਗਤਾਂ ਨੇ ਮੋਰਚੇ ਅੰਦਰ ਕੀਤੇ ਹੋਏ ਕੈਦੀਆਂ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੇ ਆਪ ਨੂੰ ਗੱਡੀ ਅੱਗੇ ਪਾ ਦਿੱਤਾ। ਹੋਇਆ ਕੀ, ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਗੱਡੀ ਹੇਠਾਂ ਆਕੇ ਸ਼ਹੀਦੀ ਜਾਮ ਪੀ ਗਏ ਪਰ ਕੈਦੀਆਂ ਨੂੰ ਪ੍ਰਸ਼ਾਦਾ ਜਰੂਰ ਛਕਾ ਗਏ)। 

ਗੁਰੂ ਕੇ ਬਾਗ਼ ਤੋਂ ਬਾਦ ਕਰਤਾਰ ਸਿੰਘ ਝੱਬਰ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਹੋਰ ਵੀ ਤੇਜ਼ ਕਰ ਦਿੱਤਾ ਕਿਉਂਕਿ ਹਰ ਪਾਸੇ ਅੰਗਰੇਜ਼ ਸਰਕਾਰ ਦੇ ਟਾਊਟ, ਭ੍ਰਿਸ਼ਟਾਚਾਰ ਫੈਲਾਈ ਬੈਠੇ ਸਨ। ਪੂਜਾ ਦਾ ਧਨ ਖਾ ਖਾ ਕੇ ਉਹ ਫਿੱਟੇ ਹੋਏ ਸਨ, ਆਚਰਨਹੀਨ ਸਨ। ਗੁਰਮਤਿ ਸਿਧਾਂਤਾਂ ਤੋਂ ਉਲਟ ਕਰਮ ਕਰ ਰਹੇ ਸਨ। ਕਰਤਾਰ ਸਿੰਘ ਝੱਬਰ ਹੁਰਾਂ ਦਾ ਗੁਰੂ ਪਰ ਅਤੁੱਟ ਵਿਸ਼ਵਾਸ ਤੇ ਦ੍ਰਿੜ੍ਹ ਇਰਾਦੇ ਸੱਦਕੇ ਹੀ ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ ਨਾਲ ਚੱਲ ਰਹੀ ਸੀ। ਗੁਰਦੁਆਰਿਆਂ ਅੰਦਰ ਗੁਰਮਤਿ ਨੂੰ ਲਿਆਉਣਾ ਤੇ ਮਨਮਤ ਨੂੰ ਉਥੋਂ ਉਠਾਉਣਾਂ ਹੀ ਇਸ ਲਹਿਰ ਦਾ ਮੁੱਖ ਆਸ਼ਾ ਸੀ। 

ਜੈਤੋ ਦਾ ਮੋਰਚਾ: 

ਜੈਤੋ ਦਾ ਮੋਰਚਾ ਮਹਾਰਾਜਾ ਰਿਪੁਦਮਨ ਸਿੰਘ ਨਾਭੇ ਦੇ ਰਾਜ ਅੰਦਰ ਲੱਗਾ। ਦਰਅਸਲ ਮਹਾਰਾਜ ਰਿਪੁਦਮਨ ਸਿੰਘ ਸਿੱਖ ਸਿਧਾਂਤਾਂ ਅਨੁਸਾਰ ਹੀ ਜੰਮਿਆ ਪਲਿਆ ਸੀ। ਸਿੱਖੀ ਜਜ਼ਬਾ ਤੇ ਪੰਥ ਪਿਆਰ ਉਸ ਦੇ ਹਿਰਦੇ ਅੰਦਰ ਘਰ ਕਰ ਚੁੱਕਾ ਸੀ। ਵੈਸੇ ਵੀ ਨਾਭਾ ਰਿਆਸਤ ਨੂੰ ਗੁਰੂ ਹਰਿ ਰਾਇ ਸਾਹਿਬ ਜੀ ਨੇ ਵਰ ਦਿੱਤਾ ਹੋਇਆ ਸੀ ਕਿ ਰਾਜ ਭਾਗ ਪ੍ਰਾਪਤ ਹੋਵੇਗਾ। ਜਦ ਚੌਧਰੀ ਕਾਲਾ ਆਪਣਾ ਦੋ ਭਤੀਜੇ ਫੂਲ ਤੇ ਸੰਦਲੀ ਨੂੰ ਗੁਰੂ ਦਰਬਾਰ ਵਿਚ ਲੈਕੇ ਹਾਜ਼ਰ ਹੋਇਆ ਸੀ। ਗੁਰੂ ਹਰਿ ਰਾਇ ਸਾਹਿਬ ਜਦ ਪ੍ਰਚਾਰਕ ਦੌਰੇ ਸਮੇਂ ਪਿੰਡ ਮਰਾਤ ਪਹੁੰਚੇ ਸਨ ਤਾਂ ਇਸ ਪਿੰਡ ਵਿਚ ਕਾਲਾ ਆਪਣੇ ਦੋ ਭਤੀਜ਼ੀਆਂ ਨੂੰ ਜਿਨ੍ਹਾਂ ਦੇ ਮਾਤਾ ਪਿਤਾ ਮਰ ਚੁੱਕੇ ਸਨ, ਉਨ੍ਹਾਂ ਨੂੰ ਨਾਲ ਲੈਕੇ ਗੁਰੂ ਚਰਨਾਂ ਵਿਚ ਹਾਜ਼ਰ ਹੋਇਆ। ਫੂਲ ਤੇ ਸੰਦਲੀ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਆਪਣੇ ਭੁੱਖੇ ਪੇਟ ਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਸਤਿਗੁਰੂ ਅੰਤਰ ਜਾਮੀ ਸਮਝ ਗਏ ਪਰ ਫਿਰ ਵੀ ਕਾਲੇ ਨੂੰ ਪੁੱਛਿਆ, ਭਾਈ ਇਹ ਕੀ ਮੰਗਦੇ ਹਨ। ਕਾਲੇ ਨੇ ਉੱਤਰ ਦਿੱਤਾ, ਮਹਾਰਾਜ ਇਹ ਭੁੱਖੇ ਹਨ, ਮਾਤਾ ਪਿਤਾ ਇਨ੍ਹਾਂ ਦੇ ਮਰ ਚੁੱਕੇ ਹਨ, ਖਾਣਾ ਮੰਗਦੇ ਹਨ। ਗੁਰੂ ਜੀ ਨੇ ਵਰ ਦਿੱਤਾ ਕਿ ਇਨ੍ਹਾਂ ਦੀ ਸੰਤਾਨ ਤਾਂ ਰਾਜ ਕਰੇਗੀ। ਇਸ ਤਰ੍ਹਾਂ ਫੂਲਕੀਆਂ ਰਿਆਸਤਾਂ ਵਿਚੋਂ ਨਾਭਾ ਰਿਆਸਤ ਦੀ ਇਹ ਗੱਲ ਹੈ । ਬਾਦ ਵਿਚ ਭਾਈ ਫੂਲ ਦੇ ਘਰ ਦੋ ਪੁੱਤਰ ਭਾਈ ਤਿਲੋਕਾ ਤੇ ਭਾਈ ਰਾਮਾ ਹੋਏ। ਗੁਰੂ ਗੋਬਿੰਦ ਜੀ ਮਹਾਰਾਜ ਦੇ ਜੰਗਾਂ ਅੰਦਰ ਇਨ੍ਹਾਂ ਨੇ ਹਿੱਸਾ ਪਾਇਆ ਸੀ। ਇਨ੍ਹਾਂ ਉਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹੁਤ ਬਖਰਸ਼ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਫੂਲ ਦੇ ਦੋਨਾਂ ਸਪੁੱਤਰਾਂ ਭਾਈ ਤਿਲੋਕਾ ਤੇ ਭਾਈ ਰਾਮਾ ਜੀ ਨੇ ਅੰਮ੍ਰਿਤ ਛੱਕਿਆ ਸੀ। 

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਨ੍ਹਾਂ ਨੂੰ ਵਰ ਦਿੱਤਾ ਸੀ ਕਿ ” ਤੇਰਾ ਘਰ ਮੇਰਾ ਘਰ ਹੈ” ਭਾਵ ਆਪਣੇ ਹੀ ਇਨ੍ਹਾਂ ਨੂੰ ਕਹਿ ਕੇ ਨਿਵਾਜ਼ਿਆ ਸੀ। ਇਸੇ ਪਰਵਾਰ ਅੰਦਰ ਭਾਈ ਤਿਲੋਕਾ ਸਿੰਘ ਦੇ ਪੜਪੋਤੇ ਨੇ ਨਾਭਾ ਰਾਜ ਦਾ ਮੁੱਢ ਬੱਧਾ ਤੇ ਇਸੇ ਪਰਵਾਰ ਅੰਦਰ ਮਹਾਰਾਜਾ ਹੀਰਾ ਸਿੰਘ ਤੋਂ ਬਾਦ ਰਾਜਾ ਰਿਪੁਦਮਨ ਸਿੰਘ ਨਾਭੇ ਰਿਆਸਤ ਦਾ ਰਾਜਾ ਬਣਿਆ। ਇਸ ਤਰ੍ਹਾਂ ਇਸ ਰਿਆਸਤ ਦਾ ਗੁਰੂ ਘਰ ਨਾਲ ਸਬੰਧ ਚਲਦਾ ਆ ਰਿਹਾ ਸੀ। ਗੁਰੂ ਹਰਿ ਰਾਇ ਸਾਹਿਬ ਜੀ ਦੇ ਵਰ ਅਨੁਸਾਰ ਹੀ ਫੂਲਕੀਆਂ ਰਿਆਸਤਾਂ ਨਾਭਾ, ਪਟਿਆਲਾ, ਜੀਂਦ ਹੋਂਦ ਵਿਚ ਆਈਆਂ। ਜੋ ਵਰ ਗੁਰੂ ਜੀ ਨੇ ਦਿੱਤਾ ਸੀ ਉਹ ਪੂਰਾ ਹੋਇਆ ਸੀ। 

ਰਿਆਸਤ ਨਾਭੇ ਦਾ ਰਾਜਾ ਰਿਪੁਦਮਨ ਸਿੰਘ ਕੌਮ ਪ੍ਰਸਤ ਰਾਜਾ ਸੀ। ਹਰ ਪੱਖੋਂ ਸਿੱਖੀ ਦੀ ਮਦਦ ਕਰਦਾ ਸੀ। ਇਹ ਗੱਲ ਅੰਗਰੇਜ਼ ਸਰਦਾਰ ਨੂੰ ਚੰਗੀ ਨਹੀਂ ਸੀ ਲੱਗਦੀ। ਉਨ੍ਹਾਂ ਰਾਜੇ ਰਿਪੁਦਮਨ ਸਿੰਘ ਨੂੰ ਗੱਦੀਓਂ ਲਾਹ ਦਿੱਤਾ। ਇਸ ਦਾ ਸਿੱਖ ਕੌਮ ਉਤੇ ਬਹੁਤ ਹੀ ਰੋਸਮਈ ਡੂੰਘਾ ਅਸਰ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਭਾ ਦਿਵਸ 9 ਸਤੰਬਰ 1923 ਈ. ਨੂੰ ਹਰ ਥਾਂ ਮਨਾਉਣ ਦਾ ਹੁਕਮ ਦਿੱਤਾ। ਅਤੇ ਨਾਭੇ ਦੇ ਗੁਰਦੁਆਰਿਆਂ ਅੰਦਰ ਸਿੱਖਾਂ ਨੇ ਅਖੰਡ ਪਾਠ ਕਰਨੇ ਵੀ ਸ਼ੁਰੂ ਕਰ ਦਿੱਤੇ। ਇਸ ਦੇ ਸਬੰਧ ਵਿਚ ਗੁਰਦੁਆਰਾ ਗੰਗਸਰ ਜੈਤੋ ਵਿਖੇ ਵੀ ਅਖੰਡ ਪਾਠ ਸ਼ੁਰੂ ਕਰਵਾਇਆ ਗਿਆ ਜੋ ਬਾਦ ਵਿਚ ਪੁਲੀਸ ਨੇ ਖੰਡਤ ਕਰ ਦਿੱਤਾ। 14 ਸਤੰਬਰ 1923 ਈ. ਨੂੰ ਸੰਗਤਾਂ ਗੁਰਦੁਆਰੇ ਸਾਹਿਬ ਅੰਦਰ ਪਾਠ ਸੁਣ ਰਹੀਆਂ ਸਨ। ਹੋਇਆ ਕੀ, ਪੁਲੀਸ ਨੇ ਸ਼ਰੋਤਿਆਂ ਨੂੰ ਵੀ ਫੜ ਲਿਆ ਤੇ ਆਗੂਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਸਿੰਘਾਂ ਅੰਦਰ ਮਰ ਮਿਟਣ ਵਾਲਾ ਜੋਸ਼ ਫਿਰ ਜਾਗਿਆ। ਇਥੋਂ ਜੈਤੋ ਦਾ ਮੋਰਚਾ ਸ਼ੁਰੂ ਹੋ ਗਿਆ। ਸਿੱਖਾਂ ਨੇ ਸੋਚਿਆ ਕਿ ਅੱਜ ਪੁਲੀਸ ਨੇ ਗੁਰਦੁਆਰੇ ਸਾਹਿਬ ਅੰਦਰ ਆਕੇ ਅਖੰਡ ਪਾਠ ਸਾਹਿਬ ਖੰਡਤ ਕੀਤਾ ਹੈ, ਕੱਲ੍ਹ ਨੂੰ ਕਿਸੇ ਹੋਰ ਗੁਰਦੁਆਰੇ ਸਾਹਿਬ ਜਾਕੇ ਖੰਡਤ ਕਰੇਗੀ। ਇਸ ਦਾ ਸਬਕ ਤਾਂ ਅੰਗਰੇਜ਼ਾਂ ਨੂੰ ਹੁਣ ਹੀ ਦੇਣਾ ਪਵੇਗਾ। ਸਿੱਖਾਂ ਦੀ ਇਸ ਵੀਚਾਰ ਨਾਲ ਸਾਰਾ ਸਿੱਖ ਪੰਥ ਸਹਿਮਤ ਸੀ। ਜਿੱਥੇ ਸਮੁੱਚੇ ਸਿੱਖ ਜਗਤ ਅੰਦਰ ਇਸ ਗੱਲ ਦਾ ਰੋਸ ਜਾਗਿਆ ਉਥੇ ਉਸ ਸਮੇਂ ਦੇ ਭਾਰਤੀ ਲੀਡਰ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਹੁਰਾਂ ਨੇ ਵੀ ਇਸ ਕੰਮ ਦੀ ਨਿਖੇਪੀ ਕੀਤੀ ਕਿ ਮਹਾਰਾਜਾ ਨਾਭੇ ਨੂੰ ਕਿਉਂ ਗੱਦੀਓਂ ਲਾਹਿਆ ਤੇ ਚਲ ਰਹੇ ਅਖੰਡ ਪਾਠ ਸਾਹਿਬ ਨੂੰ ਪੁਲੀਸ ਨੇ ਕਿਉਂ ਅੰਦਰ ਜਾਕੇ ਖੰਡਤ ਕੀਤਾ। 

ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਤੋਂ ਖਿਲਾਫ਼ ਚੱਲਣ ਵਾਲੀਆਂ ਪਾਰਟੀਆਂ ਕਰਾਰ ਦੇ ਦਿੱਤਾ। ਸਿੱਖਾਂ ਦੇ ਕਰੀਬ ਕਰੀਬ 48 ਆਗੂ ਗ੍ਰਿਫ਼ਤਾਰ ਕਰ ਲਏ ਗਏ। ਕੁਝ ਚਿਰ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਰੱਖਿਆ ਤੇ ਬਾਦ ਲਾਹੌਰ ਜੇਲ੍ਹ ਅੰਦਰ ਟਰਾਂਸਫਰ ਕਰ ਦਿੱਤਾ। ਸਿੱਖਾਂ ਵਿਚ ਉਸ ਸਮੇਂ ਕੁਝ ਉੱਘੇ ਉੱਘੇ ਲੀਡਰ ਇਹ ਸਨ: 

ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ. ਮਹਿਤਾਬ ਸਿੰਘ ਤੇ ਮੀਤ ਪ੍ਰਧਾਨ ਸ. ਤੇਜਾ ਸਿੰਘ ਸਮੁੰਦਰੀ, ਅਕਾਲ ਤਖ਼ਤ ਦਾ ਜਥੇਦਾਰ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਮਾਸਟਰ ਤਾਰਾ ਸਿੰਘ, ਪ੍ਰੋਫੈਸਰ ਤੇਜਾ ਸਿੰਘ ਤੇ ਗਿਆਨੀ ਸ਼ੇਰ ਸਿੰਘ ਆਦਿ ਲੀਡਰ ਗ੍ਰਿਫ਼ਤਾਰ ਕੀਤੇ ਗਏ । ਨਵੀਂ ਬਣੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਗ੍ਰਿਫ਼ਤਾਰ ਕਰ ਲਏ ਗਏ। ਕਾਂਗਰਸ ਲੀਡਰਾਂ ਨੇ ਵੀ ਜੈਤੋ ਦੇ ਮੋਰਚੇ ਵਿਚ ਹਿੱਸਾ ਪਾਇਆ। ਜਵਾਹਰ ਲਾਲ ਨਹਿਰੂ ਵੀ ਜੈਤੋ ਵਿਚ ਗ੍ਰਿਫ਼ਤਾਰ ਹੋਇਆ। ਜੈਤੋ ਦੇ ਮੋਰਚੇ ਲਈ ਜਥੇ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਜੈਤੋ ਪਹੁੰਚਦੇ। ਰਾਹ ਵਿਚ ਸੰਗਤ ਜੱਥਿਆਂ ਨੂੰ ਲੰਗਰ ਛਕਾਉਂਦੀ। ਅੰਗਰੇਜ਼ ਸਰਕਾਰ ਨੇ ਕਿਹਾ ਹੋਇਆ ਸੀ ਕਿ ਜੋ ਲੰਗਰ ਛਕਾਵੇਗਾ ਉਸ ਦੀ ਜ਼ਮੀਨ ਕੁਰਕ ਲਈ ਜਾਵੇਗੀ। ਜੁਰਮਾਨਾਂ ਵੀ ਕੀਤਾ ਜਾ ਸਕਦਾ ਹੈ। ਤੇ ਜੇਲ੍ਹ ਵੀ ਦਿੱਤੀ ਜਾ ਸਕਦੀ ਹੈ। ਉਸ ਸਮੇਂ ਸ਼ਹੀਦ ਭਗਤ ਸਿੰਘ ਨੇ ਜੈਤੋ ਦੇ ਮੋਰਚੇ ਨੂੰ ਜਾਂਦੇ ਜੱਥਿਆਂ ਨੂੰ ਲੰਗਰ ਆਪ ਛਕਾਇਆ। ਨਾ ਹੀ ਜ਼ਮੀਨ ਦੇ ਕੁਰਕਣ ਦੀ, ਨਾ ਜੁਰਮਾਨੇ ਦੀ, ਨਾ ਹੀ ਜੇਲ੍ਹ ਦੀ ਪਰਵਾਹ ਕੀਤੀ। 

ਜੈਤੋ ਦਾ ਮੋਰਚਾ ਦਿਨ-ਬ-ਦਿਨ ਭੱਖਦਾ ਗਿਆ। ਜਦੋਂ ਜੈਤੋ ਗਏ ਇਕ ਜਥੇ ਦੇ 100 ਸਿੰਘ ਗੋਲੀਆਂ ਲੱਗਣ ਨਾਲ ਸ਼ਹੀਦੀ ਪ੍ਰਾਪਤ ਕਰ ਗਏ, ਸੈਂਕੜੇ ਲਾਠੀਆਂ ਨਾਲ ਜ਼ਖ਼ਮੀ ਹੋ ਗਏ। ਇਸ ਵਿਚ ਬੱਚੇ, ਜਵਾਨ, ਬਿਰਧ ਬਜ਼ੁਰਗ ਤੇ ਮਾਈਆਂ ਵੀ ਸਨ। ਇਸ ਨੂੰ ਵੇਖਕੇ ਅੰਗਰੇਜ਼ ਸਰਕਾਰ ਨੂੰ ਆਪ ਹੀ ਸ਼ਰਮਸਾਰ ਹੋਣਾ ਪਿਆ। ਪਰ ਸਿੰਘਾਂ ਦਾ ਜੋਸ਼ ਠੰਡਾ ਨਾ ਹੋਇਆ। ਸਿੰਘਾਂ ਦੇ ਜਥੇ ਭਾਰਤ ਤੋਂ ਇਲਾਵਾ ਕਨੇਡਾ, ਹਾਂਗਕਾਂਗ, ਸੰਘਾਈ ਆਦਿ ਮੁਲਕਾਂ ਵਿਚੋਂ ਵੀ ਆਉਂਦੇ ਰਹੇ। ਦੁੱਖਾਂ ਭਰੇ ਬਿਖੜੇ ਰਾਹਾਂ ਤੋਂ ਹੁੰਦੇ ਹੋਏ ਜੈਤੋ ਆਕੇ ਗ੍ਰਿਫ਼ਤਾਰ ਹੁੰਦੇ ਰਹੇ। ਅਖ਼ੀਰ ਅੰਗਰੇਜ਼ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਨ੍ਹਾਂ 14 ਸਤੰਬਰ 1923 ਈ. ਨੂੰ ਇਕ ਜਥੇ ਨੂੰ ਆਗਿਆ ਦੇ ਦਿੱਤੀ ਕਿ ਤੁਸੀਂ ਗੁਰਦੁਆਰੇ ਅੰਦਰ ਅਖੰਡ ਪਾਠ ਕਰ ਸਕਦੇ ਹੋ। (ਨੋਟ: ਯਾਦ ਰਹੇ ਜੈਤੋ ਦੇ ਮੋਰਚੇ ‘ਤੇ ਕਈ ਗੁਰਸਿੱਖ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਤੋਂ ਵੀ ਗਏ ਸੀ ਜਿਨ੍ਹਾਂ ਦਾ ਜ਼ਿਕਰ ਅਗਾਂਹ ” ਪਿੰਡ ਮੋਰਾਂਵਾਲੀ ਦਾ ਗੋਰਵਮਈ ਇਤਿਹਾਸ” ਅੰਦਰ ਆਵੇਗਾ)। 

ਇਸ ਤਰ੍ਹਾਂ ਜੈਤੋ ਦਾ ਮੋਰਚਾ, ਸਿੰਘਾਂ, ਸਿੰਘਣੀਆਂ, ਬੱਚੇ, ਬੱਚੀਆਂ ਤੇ ਬਿਰਧਾਂ ਨੇ ਆਪਣਾ ਲਹੂ ਡੋਲ੍ਹ ਕੇ ਜਿੱਤਿਆ। ਇਸ ਮੋਰਚੇ ਅੰਦਰ ਕਈ ਸਿੰਘ ਸੱਟਾਂ ਖਾਣ ਨਾਲ ਨਕਾਰੇ ਵੀ ਹੋ ਗਏ। ਕਈ ਜੇਲ੍ਹਾਂ ਅੰਦਰ ਹੀ ਦਮ ਤੋੜ ਗਏ, ਕਈ ਬਾਹਰ ਨਿਕਲ ਕੇ ਦਮ ਤੋੜ ਗਏ। ਕਈਆਂ ਦੀਆਂ ਸਰਕਾਰ ਨੇ ਜਾਇਦਾਦਾਂ ਕੁਰਕ ਲੀਆਂ ਤੇ ਘਰੋਂ ਬੇਘਰ ਹੋ ਗਏ। ਪਰ ਕੰਮ ਤੋਂ ਮਰ ਮਿਟਣ ਵਾਲੇ ਪਰਵਾਨਿਆਂ ਨੇ ਕਿਸੇ ਚੀਜ਼ ਦੀ ਪਰਵਾਹ ਨਾ ਕੀਤੀ। ਉਹ ਤਾਂ ਸਿਰਫ ਇਹ ਚਾਹੁੰਦੇ ਸਨ ਕਿ ਸਿੱਖ ਮਰਯਾਦਾ, ਗੁਰਮਤਿ ਅਨੁਸਾਰ ਕਾਇਮ ਰਹੇ। ਇਸ ਵਿਚ ਕੋਈ ਵੀ ਰੁਕਾਵਟ ਨਾ ਪਾਵੇ। ਸਿੱਖ ਆਪਣੀ ਅੱਣਖ ਭਰੀ ਜ਼ਿੰਦਗੀ ਬਤੀਤ ਕਰਦੇ ਰਹਿਣ। ਦੁਆਬੇ, ਮਾਲਵੇ, ਮਾਝੇ ਤੋਂ ਉਪਰੰਤ ਕਾਨਪੁਰ, ਦਿੱਲੀ, ਸਹਾਰਨਪੁਰ, ਬਨਾਰਸ, ਲਖਨਊ ਆਦਿ ਭਾਰਤ ਦੇ ਇਲਾਕਿਆਂ ਅੰਦਰੋਂ ਵੀ ਸਿੱਖ ਸ਼ਹੀਦੀਆਂ ਪ੍ਰਾਪਤ ਕਰਨ ਲਈ ਜੈਤੋ ਪੁੱਜੇ ਸਨ। ਕਈ ਇਨ੍ਹਾਂ ਵਿਚੋਂ ਸ਼ਹੀਦ ਹੋ ਗਏ ਸਨ ਤੇ ਕਈ ਫੱਟੜ ਹੋ ਗਏ ਸਨ। ਇਸ ਤਰ੍ਹਾਂ ਸਿੰਘ ਸੂਰਵੀਰਾਂ ਨੇ ਜੈਤੋ ਦਾ ਸੰਘਰਸ਼ ਆਪਣਾਂ ਖੂਨ ਡੋਲ੍ਹਕੇ ਜਿੱਤਿਆ। ਜੈਤੋ ਦਾ ਇਹ ਮੋਰਚਾ ਸ਼ੁਰੂ 14 ਸਤੰਬਰ 1923 ਈ. ਤੋਂ ਹੋਇਆ ਤੇ ਇਕ ਸਾਲ ਤੋਂ ਉਪਰ ਸਮੇਂ ਅੰਦਰ ਜਿੱਤਿਆ ਗਿਆ। 

(ਨੋਟ: ਇਥੇ ਇਹ ਗੱਲ ਵਰਨਣ ਜੋਗ ਹੈ ਕਿ ਸੰਤ ਹਰਨਾਮ ਸਿੰਘ ਜੀ ਜਿਆਣ ਵਾਲੇ ਆਪ ਮਾਹਲਪੁਰ (ਹੁਸ਼ਿਆਰਪੁਰ) ਸ਼ਹੀਦੀ ਗੁਰਦੁਆਰਿਓਂ ਜੈਤੋ ਦੇ ਮੋਰਚੇ ਨੂੰ ਜਥੇ ਸਿੰਘਾਂ ਦੇ ਭੇਜਦੇ ਰਹੇ ਸਨ। ਜਥੇ ਵਿਚ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਥੇਦਾਰ ਜਰਨੈਲ ਸਿੰਘ ਹੇਹਰ, ਜਥੇਦਾਰ ਮਿਲਖਾ ਸਿੰਘ ਹੇਹਰ, ਗਿਆਨੀ ਬਲਦੇਵ ਸਿੰਘ ਹੇਹਰ, ਮੋਰਾਂਵਾਲੀ ਭਾਈ ਵੀਰ ਸਿੰਘ ਰਾਏ, ਸ਼ਹੀਦ ਭਗਤ ਸਿੰਘ ਦਾ ਮਾਮਾ ਸੁੰਦਰ ਸਿੰਘ ਜੀ ਰਾਏ ਆਦਿ ਗੁਰਸਿੱਖ ਸ਼ਾਮਲ ਸਨ। ਪਿੰਡ ਮੋਰਾਂਵਾਲੀ ਦੇ ਆਸ ਪਾਸ ਲੱਗਦੇ ਪਿੰਡਾਂ ਵਿਚੋਂ ਵੀ ਸਿੱਖ ਸੰਤ ਹਰਨਾਮ ਸਿੰਘ ਜੀ ਜਿਐਣ ਵਾਲਿਆਂ ਦੇ ਜਥੇ ਵਿਚ ਸ਼ਾਮਲ ਸਨ। ਜਿਵੇਂ ਹਰੀ ਸਿੰਘ ਦਦਿਆਲ, ਗੁਰਬਖਸ਼ ਸਿੰਘ ਜੋਸੋਵਾਲ ਆਦਿ ਸਿੱਖ ਸ਼ਾਮਲ ਸਨ। 

ਜਦ ਜਥੇ ਜੈਤੋ ਦੇ ਮੋਰਚੇ ਨੂੰ ਜਾ ਰਹੇ ਸਨ ਤਾਂ ਕੁਝ ਅਕਾਲੀ ਸਿੰਘਾਂ ਨੇ ਆਪਸੀ ਗੱਲ ਕੀਤੀ ਕਿ ਸੰਤ ਹਰਨਾਮ ਸਿੰਘ ਜੀ ਜਿਆਣ ਵਾਲਿਆਂ ਨੂੰ ਖੁਦ ਆਪ ਜਥੇ ਦੇ ਨਾਲ ਜਾਣਾ ਚਾਹੀਦਾ ਹੈ। ਇਸ ਗੱਲ ਦਾ ਜਦੋਂ ਬਾਬਾ ਜੀ ਨੂੰ ਪਤਾ ਲੱਗਾ ਤਾਂ ਬਾਬਾ ਹਰਨਾਮ ਸਿੰਘ ਜੀ ਆਪ ਜਥੇ ਨੂੰ ਨਾਲ ਲੈਕੇ ਜੈਤੋ ਦੇ ਮੋਰਚੇ ਨੂੰ ਚਲ ਪਏ। ਆਪ ਜੀ ਨੇ ਇਹ ਪ੍ਰਣ ਵੀ ਕਰ ਲਿਆ ਕਿ ਜਿਤਨਾ ਚਿਰ ਜੈਤੋ ਦਾ ਮੋਰਚਾ ਫ਼ਤਹਿ ਨਹੀਂ ਹੁੰਦਾ ਉਤਨਾ ਚਿਰ ਉਹ ਅੰਨ੍ਹ ਮੂੰਹ ਨਹੀਂ ਲਾਉਣਗੇ। ਜਦੋਂ ਬਾਬਾ ਹਰਨਾਮ ਸਿੰਘ ਜੀ ਜਿਐਣ ਵਾਲਿਆਂ ਦਾ ਅਖ਼ੀਰਲਾ ਜੱਥਾ ਜੈਤੋ ਪਹੁੰਚਿਆ ਤਾਂ ਪਹੁੰਚਣ ਸਾਰ ਹੀ ਮੋਰਚਾ ਫ਼ਤਹਿ ਹੋ ਗਿਆ। ਇਸ ਤਰ੍ਹਾਂ ਇਸ ਮੋਰਚੇ ਨੂੰ ਫ਼ਤਹਿ ਕਰਨ ਲਈ ਸੰਤ ਹਰਨਾਮ ਸਿੰਘ ਜੀ ਜਿਆਣ ਵਾਲਿਆਂ ਦੀ ਬਹੁਤ ਵੱਡੀ ਭੂਮਿਕਾ ਸੀ। ਇਹ ਵੀ ਇਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਸੰਤ ਹਰਨਾਮ ਸਿੰਘ ਜੀ ਜਿਆਣ ਵਾਲਿਆਂ ਨੇ ਸ੍ਰੀ ਕੇਸ ਗੜ੍ਹ ਸਾਹਿਬ ਆਨੰਦਪੁਰ ਸਾਹਿਬ ਜੀ ਦੀ ਉਸਾਰੀ ਜਦ ਕੀਤੀ ਤਾਂ ਨੀਹਾਂ ਅੰਦਰ ਸੋਨਾ ਪਾਇਆ ਸੀ । ਜਦ ਆਪ ਜੀ ਨੇ ਸੰਗਤਾਂ ਨੂੰ ਸੋਨੇ ਦੀ ਅਪੀਲ ਕੀਤੀ ਤਾਂ ਸੋਨੇ ਦਾ ਢੇਰ ਲੱਗ ਗਿਆ ਸੀ। ਜੋ ਉਸ ਸਮੇਂ ਕੇਸ ਗੜ੍ਹ ਸਾਹਿਬ ਜੀ ਦੀਆਂ ਨੀਹਾਂ ਅੰਦਰ ਪਾਇਆ ਗਿਆ ਸੀ। 

ਭਾਈ ਫੇਰੂ ਦਾ ਮੋਰਚਾ: 

ਜਦ ਅਜੇ ਜੈਤੋ ਦਾ ਮੋਰਚਾ ਚੱਲ ਹੀ ਰਿਹਾ ਸੀ ਕਿ ਨਾਲ ਹੀ ਭਾਈ ਫੇਰੂ ਦਾ ਮੋਰਚਾ ਜਨਵਰੀ 1924 ਈ. ਤੋਂ ਸ਼ੁਰੂ ਹੋ ਗਿਆ। ਗੱਲ ਕੀ ਸਿੱਖਾਂ ਉਤੇ ਇਕ ਤਰ੍ਹਾਂ ਦਾ ਬਹੁਤ ਵੱਡਾ ਸੰਕਟ ਆਇਆ ਹੋਇਆ ਸੀ। ਭਾਈ ਫੇਰੂ ਗੁਰਦੁਆਰਾ ਜ਼ਿਲ੍ਹਾ ਲਾਹੌਰ ਵਿਚ ਸੀ। ਉਥੇ ਮਹੰਤ ਕ੍ਰਿਸ਼ਨ ਦਾਸ ਦਾ ਕਬਜ਼ਾ ਸੀ। ਉਸ ਨੇ ਉਥੋਂ ਦੀ ਜ਼ਮੀਨ ਗੁਰਦੁਆਰੇ ਦੇ ਹਵਾਲੇ ਕਰਕੇ ਆਪ 400 ਰੁਪਏ (ਉਸ ਸਮੇਂ ਦੇ) ਮਹੀਨੇ ਦੇ ਤੇ ਰਸਦ ਕਮੇਟੀ ਤੋਂ ਲੈਣੀ ਮੰਨ ਲਈ । ਪਰ ਬਾਦ ਵਿਚ ਮੁਕਰ ਗਿਆ ਤੇ ਗੁਰਦੁਆਰੇ ਦੇ ਮੁਲਾਜ਼ਮਾਂ ਤੇ ਕੇਸ ਕਰ ਦਿੱਤਾ। ਪੁਲੀਸ ਨੇ ਕੋਈ 11 ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿੰਘਾਂ ਦੇ ਹੋਰ ਵੀ ਜਥੇ ਕਬਜ਼ਾ ਕਰਨ ਗਏ ਪਰ ਸਭ ਗਿ੍ਫ਼ਤਾਰ ਕੀਤੇ ਗਏ। ਇਸ ਭਾਈ ਫੇਰੂ ਦਾ ਮੋਰਚਾ ਵੀ ਜੈਤੋਂ ਦੇ ਮੋਰਚੇ ਨਾਲ ਹੀ ਆਰੰਭ ਹੋ ਗਿਆ। ਕਈ ਸਿੰਘਾਂ ਨੂੰ ਕਈ ਕਈ ਸਾਲ ਕੈਦ ਵੀ ਹੋਈ। ਮੁਲਤਾਨ ਜੇਲ੍ਹ ਵਿਚ ਸਿੰਘਾਂ ਤੇ ਬਹੁਤ ਤਸ਼ੱਦਦ ਢਾਇਆ ਗਿਆ। ਜੇਲ੍ਹ ਦੇ ਛੋਟੇ ਜਿਹੇ ਕਮਰੇ ਵਿਚ ਕੈਦੀ ਨੇ ਸੌਣਾ, ਉੱਠਣਾ, ਬੈਠਣਾ ਤੇ ਜੋ ਪਾਣੀ ਥੋੜ੍ਹਾਂ ਜਿਹਾ ਮਿਲਣਾ ਉਸ ਵਿਚੋਂ ਕੁਝ ਪੀਣਾ ਤੇ ਕੁਝ ਜੰਗਲ ਪਾਣੀ ਸਮੇਂ ਵਰਤਣਾ (ਭਾਵ ਜੋ ਵੀ ਕਰਨਾ ਛੋਟੇ ਜਿਹੇ ਕਮਰੇ ਅੰਦਰ ਹੀ ਕਰਨਾ, ਗੱਲ ਕੀ ਹਾਲਤ ਬਹੁਤ ਹੀ ਭਿਆਨਕ ਨਰਕ ਬਣੀ ਹੋਈ ਸੀ।) ਪਰ ਸਿੰਘ ਸਿੱਖੀ ਨੂੰ ਬਚਾਉਣ ਲਈ ਇਹੋ ਜਿਹਾ ਨਰਕ ਭਰਿਆ ਜੀਵਨ ਪ੍ਰਭੂ ਦੇ ਭਾਣੇ ਅੰਦਰ ਖੁਸ਼ੀ ਖੁਸ਼ੀ ਝੱਲ ਰਹੇ ਸਨ। ਸਿੰਘਾਂ ਉਤੇ ਜੇਲ੍ਹ ਵਿਚ ਅਸਹਿ ਤੇ ਅਕਹਿ ਤਸ਼ੱਦਦ ਢਾਹਿਆ ਗਿਆ। ਹੱਥ, ਪੈਰ ਬੰਨ੍ਹੇ ਹੋਏ ਤੇ ਉਪਰੋਂ ਬੈਂਤਾਂ ਦੀ ਮਾਰ ਪੈਣੀ। ਸਿੱਖਾਂ ਨੂੰ ਹਰ ਕੈਦ ਅੰਦਰ ਤੰਗ ਕੀਤਾ ਜਾਂਦਾ ਸੀ । ਸਿੱਖਾਂ ਦਾ ਕਸੂਰ ਕੀ ਸੀ, ਉਹ ਆਜ਼ਾਦੀ ਨਾਲ ਤੇ ਗੁਰਮਤਿ ਅਨੁਸਾਰ ਆਪਣਾ ਜੀਵਨ ਜੀਊਣਾ ਚਾਹੁੰਦੇ ਸਨ। ਇਸ ਭਾਈ ਫੇਰੂ ਮੋਰਚੇ ਵਿਚ ਕੋਈ 5000 ਸਿੱਖ ਕੈਦ ਕੀਤੇ ਗਏ ਸਨ। ਅਖ਼ੀਰ ਅੰਗਰੇਜ਼ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਬਾਦ 1925 ਈ. ਵਿਚ ਸਿੱਖ ਗੁਰਦੁਆਰਾ ਐਕਟ ਵੀ ਹੋਂਦ ਵਿਚ ਆਇਆ। ਇਸ ਨਾਲ ਗੁਰਦੁਆਰਿਆਂ ਦੀਆਂ ਆਮਦਨਾਂ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਹੋ ਗਿਆ। 

ਬੱਬਰ ਅਕਾਲੀ ਲਹਿਰ: 

ਬੱਬਰ ਅਕਾਲੀ ਲਹਿਰ ਵਿਚ ਸਿੱਖ ਪੰਥ ਦੇ ਜੁਝਾਰੂ ਸਿੰਘ ਸ਼ਾਮਲ ਸਨ। ਉਨ੍ਹਾਂ ਨੇ ਉਨ੍ਹਾਂ ਗੱਦਾਰਾਂ ਨੂੰ ਚੰਗੀ ਤਰ੍ਹਾਂ ਸੋਧਿਆ ਜੋ ਗੁਰਦੁਆਰਿਆਂ ਦਾ ਚੜਾਵਾ ਹੜਪ ਕਰ ਜਾਂਦੇ ਸਨ, ਤੇ ਭ੍ਰਿਸ਼ਟਾਚਾਰ ਫੈਲਾਉਂਦੇ ਸਨ । ਝੋਲੀ ਚੁੱਕਾਂ ਨੂੰ ਵੀ ਜੁਝਾਰੂ ਬੱਬਰਾਂ ਨੇ ਚੰਗੀ ਤਰ੍ਹਾਂ ਸੋਧਿਆ ਜੋ ਅੰਗਰੇਜ਼ ਸਰਕਾਰ ਦੇ ਟੱਟੂ ਬਣੇ ਹੋਏ ਸਨ। ਦੇਸ਼ ਭਗਤਾਂ ਨੂੰ ਫੜਾਕੇ ਜਾਂ ਦੇਸ਼ ਭਗਤਾਂ ਦਾ ਭੇਤ ਦੇਕੇ ਅੰਗਰੇਜ਼ ਸਰਕਾਰ ਤੋਂ ਮਰੱਬੇ ਲੈਂਦੇ ਸਨ। ਬੱਬਰ ਅਕਾਲੀ ਲਹਿਰ ਦੇ ਜੁਝਾਰੂ ਸਿੰਘ ਨਨਕਾਣਾਂ ਸਾਹਿਬ, ਗੁਰੂ ਦਾ ਬਾਗ਼, ਜੈਤੋ ਦਾ ਮੋਰਚਾ ਤੇ ਇਨ੍ਹਾਂ ਤੋਂ ਪਹਿਲਾਂ ਗਦਰ ਪਾਰਟੀ ਤੇ ਜਲ੍ਹਿਆਂ ਵਾਲੇ ਬਾਗ਼ ਦਾ ਸਾਕਾ ਇਨ੍ਹਾਂ ਸਭਨਾਂ ਸਾਕਿਆਂ ਨੂੰ ਅੱਖੀਂ ਵੇਖ ਚੁੱਕੇ ਸਨ। ਉਨ੍ਹਾਂ ਸੋਚਿਆ ਕਿ ਸ਼ਾਂਤਮਈ ਢੰਗ ਅਪਨਾਉਣ ਦੀ ਵੀ ਕੋਈ ਹੱਦ ਹੁੰਦੀ ਹੈ, ਜਿੱਥੇ ਧੱਕੇ ਸ਼ਾਹੀ, ਬੇਇਨਸਾਫ਼ੀ ਦੀ ਕੋਈ ਹੱਦ ਹੀ ਨਾ ਹੋਵੇ, ਜਿੱਥੇ ਸਾਰੇ ਰਸਤੇ ਫੇਲ੍ਹ ਹੋ ਜਾਣ, ਦੁਸ਼ਮਣ ਸਮਝੇ ਹੀ ਨਾ, ਉਥੇ ਤਲਵਾਰ ਦੀ ਮੁੱਠ ਉਤੇ ਹੱਥ ਰੱਖਣਾਂ ਜਾਇਜ਼ ਹੈ, ਤੇ ਰੱਖਣਾਂ ਵੀ ਚਾਹੀਦਾ ਹੈ। ਇਸ ਤਰ੍ਹਾਂ ਬੱਬਰਾਂ ਨੇ ਬਸਤਰ ਚੁੱਕੇ ਤੇ ਦੁਸ਼ਮਣ ਗੱਦਾਰਾਂ ਨੂੰ ਸੋਧਣਾ ਸ਼ੁਰੂ ਕੀਤਾ ਜੋ ਕੌਮ ਨੂੰ ਘੁੱਣ ਵਾਂਗ ਖਾ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਫੁਰਮਾਨ ਨੂੰ ਬੱਬਰ ਅਕਾਲੀ ਲਹਿਰ ਦੇ ਜੁਝਾਰੂ ਸਿੰਘਾਂ ਨੇ ਅਪਨਾਇਆ 

“ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ,  ਹਲਾਲ ਅਸਤ ਬੁਰਦਨ-ਬ-ਸ਼ਮਸ਼ੀਰ ਦਸਤ॥” 

ਭਾਵ ਜਿੱਥੇ ਸਾਰੇ ਰਸਤੇ ਫੇਲ੍ਹ ਹੋ ਜਾਣ ਉਥੇ ਤਲਵਾਰ ਚੁੱਕਣੀ ਜ਼ਾਇਜ਼ ਹੈ। ਬੱਬਰ ਅਕਾਲੀ ਲਹਿਰ ਵਿਚ ਕਿਸ਼ਨ ਸਿੰਘ ਗੜਗੱਜ ਜਿਸ ਨੇ ਸਿੱਖਾਂ ਉਤੇ ਸਰਕਾਰੀ ਤਸ਼ੱਦਦ ਵੇਖਕੇ ਸਰਕਾਰ ਦੀ ਨੌਕਰੀ ਛੱਡ ਦਿੱਤੀ ਤੇ ਅੰਗਰੇਜ਼ ਸਰਕਾਰ ਵਿਰੁੱਧ ਜੰਗ ਸ਼ੁਰੂ ਕਰ ਦਿੱਤੀ ਤੇ ਝੋਲੀ ਚੁੱਕਾਂ ਨੂੰ ਸੋਧਣ ਦਾ ਬੇੜਾ ਚੁੱਕਿਆ। ਬੱਬਰਾਂ ਨੇ ਪੰਜਾਬ ਅੰਦਰ ਹਰ ਵੱਖੋ ਵੱਖ ਥਾਵਾਂ ਤੇ ਆਪਣੇ ਕੇਂਦਰ ਬਣਾਏ। ਹੁਸ਼ਿਆਰਪੁਰ, ਜਲੰਧਰ ਆਦਿ ਜ਼ਿਲ੍ਹਿਆਂ ਅੰਦਰ ਕਾਫ਼ੀ ਭਾਸ਼ਣ ਵੀ ਦਿੱਤੇ। ਦੁਆਬੇ ਅੰਦਰ ਬੱਬਰ ਅਕਾਲੀ ਲਹਿਰ ਦਾ ਕਾਫ਼ੀ ਬੋਲ ਬਾਲਾ ਸੀ। 

ਅੰਗਰੇਜ਼ ਸਰਕਾਰ ਵਿਰੁੱਧ ਜੰਗ ਕਰਨ ਲਈ ਤੇ ਝੋਲੀ ਚੁੱਕਾਂ ਨੂੰ ਸੋਧਣ ਲਈ ਹਥਿਆਰ ਵੀ ਇਕੱਠੇ ਕੀਤੇ ਗਏ। ਉਨ੍ਹਾਂ ਦੀ ਸਕੀਮ ਸੀ “ਗਦਰ ਪਾਰਟੀ” ਦੀ ਤਰ੍ਹਾਂ ਕਿ ਹਥਿਆਰ ਇਕੱਠੇ ਕਰਕੇ ਤੇ ਫ਼ੌਜੀ ਭਰਾਵਾਂ ਨੂੰ ਨਾਲ ਗੰਢਕੇ, ਫ਼ੌਜੀ ਛੋਣੀਆਂ ਤੇ ਧਾਵਾਂ ਬੋਲਣਾ ਹੈ। ਇਸ ਤਰ੍ਹਾਂ ਹੀ ਭਾਰਤ ਨੂੰ ਆਜ਼ਾਦ ਕਰਵਾਉਣਾ ਹੈ। ਵਰਿਆਮ ਸਿੰਘ ਧੁੱਗਾ ਵਰਗੇ ਜੋ ਪਹਿਲਾਂ ਢਾਕੇ ਮਾਰਦੇ ਸਨ, ਬੱਬਰ ਲਹਿਰ ਵਿਚ ਆਕੇ ਮਹਾਨ ਦੇਸ਼ ਭਗਤ ਬਣ ਗਏ। ਬੱਬਰ ਪਿੰਡਾਂ ਪਿੰਡਾਂ ਅੰਦਰ ਜਾ ਕੇ ਸਰਕਾਰ ਦੇ ਵਿਰੁੱਧ ਪ੍ਰਚਾਰ ਕਰਦੇ, ਜੋ ਪਿੰਡਾਂ ਅੰਦਰ ਬੱਬਰਾਂ ਨੂੰ ਸਾਂਭਦੇ, ਰੋਟੀ ਪਾਣੀ ਛਕਾਉਂਦੇ, ਪੁਲੀਸ ਉਨ੍ਹਾਂ ਦੇ ਪਰਵਾਰਾਂ ਨੂੰ ਤੰਗ ਕਰਦੀ, ਪਨਾਹ ਦੇਣ ਵਾਲਿਆਂ ਨੂੰ ਵੀ ਬਹੁਤ ਕੁੱਟ ਮਾਰਦੀ। ਬੱਬਰ ਅਕਾਲੀ ਪਹਿਲਾਂ ਚਕ੍ਰਵਰਤੀ ਦਲ ਨਾਲ ਜਾਣੇ ਜਾਂਦੇ ਸਨ। ਫਿਰ ਇਹ ਬੱਬਰ ਅਕਾਲੀ ਜਾਣੇ ਜਾਣ ਲੱਗੇ। ਸਰਕਾਰ ਨੇ ਬੱਬਰ ਲਹਿਰ ਨੂੰ ਫੇਲ੍ਹ ਕਰਨ ਲਈ ਪਿੰਡਾਂ ਦੇ ਨੰਬਰਦਾਰਾਂ ਨੂੰ, ਜ਼ੈਲਦਾਰਾਂ ਨੂੰ ਟਾਊਟਾਂ ਨੂੰ, ਚੌਧਰੀਆਂ ਨੂੰ, ਸੁਫੈਦ ਪੋਸ਼ਾਂ ਨੂੰ ਆਪਣੇ ਨਾਲ ਗੰਢ ਲਿਆ। ਇਹ ਸਾਰੀਆਂ ਜਥੇਬੰਦੀਆਂ ਦੇ ਰੂਪ ਵਿਚ ਸਰਕਾਰ ਦਾ ਪੱਖ ਪੂਰਦੀਆਂ ਤੇ ਬੱਬਰ ਲਹਿਰ ਨੂੰ ਕਮਜ਼ੋਰ ਕਰਦੀਆਂ ਸਨ। ਅੰਗਰੇਜ਼ ਸਰਕਾਰ ਦੀ ਤਾਂ ਚਾਲ ਹੀ ਇਹ ਸੀ ਕਿ “ਪਾੜੋ ਤੇ ਰਾਜ ਕਰੋ”। 

ਅਸਲ ਵਿਚ ਬੱਬਰ ਅਕਾਲੀ ਲਹਿਰ ਫੇਲ੍ਹ ਵੀ ਝੋਲੀ ਚੁੱਕਾਂ, ਜ਼ੈਲਦਾਰਾਂ, ਚੌਧਰੀਆਂ, ਸੁਫੈਦ ਪੋਸ਼ਾਂ ਦੀ ਗੱਦਾਰੀ ਕਰਕੇ ਹੋਈ ਹੈ। ਇਨ੍ਹਾਂ ਗੱਦਾਰਾਂ ਨੂੰ ਤਾਂ ਮਰੱਬੇ, ਜਗੀਰਾਂ ਚਾਹੀਦੀਆਂ ਸਨ ਨਾਂ ਕਿ ਆਜ਼ਾਦੀ। ਸਰਕਾਰ ਨੇ ਬੱਬਰ ਲੀਡਰਾਂ ਨੂੰ ਫੜਨ ਲਈ ਵੱਡੇ ਵੱਡੇ ਇਨਾਮ ਵੀ ਰੱਖ। ਪਿੰਡਾਂ ਵਿਚ ਬੱਬਰਾਂ ਦੇ ਇਸ਼ਤਿਹਾਰ ਵੀ ਲਾਏ ਗਏ। ਟਾਊਟਾਂ ਤੇ ਸਫੈਦ-ਪੋਸ਼ਾਂ, ਜੈਲਦਾਰਾਂ, ਚੌਧਰੀਆਂ ਤੋਂ ਬੱਬਰ ਲਹਿਰ ਨੂੰ ਖਤਰਾ ਪੈ ਗਿਆ ਕਿਉਂਕਿ ਬੱਬਰ ਜਾਣਦੇ ਸਨ ਕਿ ਇਹ ਲੋਕ ਲਾਲਚ ਕਰਕੇ ਕੁਝ ਵੀ ਕਰ ਸਕਦੇ ਹਨ। ਜਮੀਰਾਂ ਇਨ੍ਹਾਂ ਲੋਕਾਂ ਦੀਆਂ ਮਰ ਚੁੱਕੀਆਂ ਹਨ। 25 ਦਸੰਬਰ 1922 ਈ. ਨੂੰ ਬੱਬਰ ਲਹਿਰ ਦੇ ਆਗੂਆਂ ਨੇ ਮੀਟਿੰਗ ਕੀਤੀ ਕਿ ਉੱਘੇ ਉੱਘੇ ਝੋਲੀ ਚੁੱਕਾਂ ਨੂੰ ਤੇ ਸਫੈਦ-ਪੋਸ਼ਾਂ ਨੂੰ ਸੋਧਿਆ ਜਾਏ, ਨਹੀਂ ਤਾਂ ਬੱਬਰ ਲਹਿਰ ਨੂੰ ਇਨ੍ਹਾਂ ਤੋਂ ਬਹੁਤ ਖਤਰਾ ਹੋ ਸਕਦਾ ਹੈ। ਨਾਲ ਹੀ ਬੱਬਰ ਲੀਡਰਾਂ ਨੇ ਫੈਸਲਾ ਕੀਤਾ ਕਿ ਜਦੋਂ ਝੋਲੀ ਚੁੱਕਾਂ ਨੂੰ ਮਾਰਨਾਂ ਹੈ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਕੁਝ ਨਹੀਂ ਕਹਿਣਾ, ਨਾ ਹੀ ਉਨ੍ਹਾਂ ਦੇ ਕਿਸੇ ਸਮਾਨ ਦਾ ਨੁਕਸਾਨ ਕਰਨਾ ਹੈ। ਬੱਬਰ ਅਕਾਲੀ ਲਹਿਰ ਦੇ ਜੁਝਾਰੂ ਸਿੰਘਾਂ ਨੇ ਫਿਰ ਝੋਲੀ ਚੁੱਕਾਂ ਵਿਚ ਜ਼ੈਲਦਾਰ, ਸਫੈਦ-ਪੋਸ਼ ਤੇ ਕਈ ਚੋਧਰੀਆਂ ਨੂੰ ਸੋਧਿਆ। ਬਿਸ਼ਨ ਸਿੰਘ ਜ਼ੈਲਦਾਰ, ਰਾਣੀ ਧੂਆਂ, ਮਾਹਲਪੁਰ ਦਾ ਜ਼ੈਲਦਾਰ ਰਾਮ ਨਰੈਣ ਜੋ ਬੱਬਰਾਂ ਦੇ ਸੋਧਣ ਦੇ ਡਰ ਨਾਲ ਹੀ ਸਰੀਰ ਛੱਡ ਗਿਆ। ਪਿੰਡ ਨੰਗਲ ਸ਼ਾਮਾ ਉਥੋਂ ਦੇ ਬੂਟੇ ਨਾਮ ਦੇ ਬੰਦੇ ਨੂੰ ਸੋਧਿਆ।ਡਾਨਸੀਵਾਲ ਛਿੰਜ ਪੈ ਰਹੀ ਸੀ ਉਥੇ ਬੱਬਰ ਵੀ ਪਹੁੰਚੇ। ਇਕ ਗੱਦਾਰ ਲਾਭ ਸਿੰਘ ਮਿਸਤਰੀ ਜੋ ਸੀ.ਆਈ.ਡੀ. ਦਾ ਕੰਮ ਕਰਦਾ ਸੀ। ਉਹ ਆਪਣੇ ਲੜਕੇ ਸਮੇਤ ਜਾ ਰਿਹਾ ਸੀ ਤਾਂ ਧੰਨਾ ਸਿੰਘ ਨੇ ਉਸ ਦੇ ਗੋਲੀ ਮਾਰੀ ਤਾਂ ਉਹ ਉਥੇ ਹੀ ਪਰਲੋਕ ਸਿਧਾਰ ਗਿਆ। ਉਸ ਦੇ ਲੜਕੇ ਨੂੰ ਕੁਝ ਨਹੀਂ ਕਿਹਾ। ਉਸ ਨੂੰ ਸਗੋਂ ਨਸੀਹਤ ਦਿੱਤੀ ਕਿ ਤੇਰਾ ਪਿਤਾ ਇਕ ਗੱਦਾਰ ਸੀ, ਉਸ ਨੇ ਆਪਣੇ ਦੇਸ਼ ਨਾਲ ਗੱਦਾਰੀ ਕੀਤੀ ਹੈ। ਇਸ ਕਰਕੇ ਅਸੀਂ ਉਸ ਨੂੰ ਸੋਧਿਆ ਹੈ। ਤੂੰ ਨਾ ਅਗਾਂਹ ਆਪਣੇ ਬਾਪੂ ਦੀ ਤਰ੍ਹਾਂ ਦੇਸ਼ ਨਾਲ ਗੱਦਾਰੀ ਕਰੀਂ। ਇਸ ਤਰ੍ਹਾਂ ਕਈ ਝੋਲੀ ਚੁੱਕ ਗੱਦਾਰਾਂ ਨੂੰ ਸੋਧਿਆ ਗਿਆ। ਪਰ ਝੋਲੀ ਚੁੱਕ ਬਹੁਤ ਸਨ। ਅਖ਼ੀਰ ਬੱਬਰ ਲਹਿਰ ਦੇ ਆਗੂ ਹੌਲੀ ਹੌਲੀ ਕਈ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਕਈਆਂ ਨੂੰ ਉਮਰ ਕੈਦ ਤੇ ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ। ਕੁਝ ਕੁ ਬੱਬਰਾਂ ਨੂੰ ਫਾਂਸੀ ਦੀ ਸਜ਼ਾ ਵੀ ਹੋਈ ਜਿਨ੍ਹਾਂ ਵਿਚ ਜਥੇਦਾਰ ਕਿਸ਼ਨ ਸਿੰਘ ਗੜਗੱਜ ਵੀ ਸ਼ਾਮਲ ਸੀ। ਥੋੜ੍ਹਿਆਂ ਨੂੰ ਚਾਰ ਸਾਲ ਤੋਂ 11 ਸਾਲਾ ਤਕ ਸਜ਼ਾਵਾਂ ਦਿੱਤੀਆਂ ਗਈਆਂ। ਕਈ ਰਿਹਾ ਵੀ ਕੀਤੇ ਗਏ। ਇਹੋ ਗੱਲਾਂ ਫਰਵਰੀ 1925 ਈ. ਦੀਆਂ ਹਨ। ਧੰਨਾ ਸਿੰਘ, ਵਰਿਆਮ ਸਿੰਘ ਧੁੱਗਾ, ਬੰਤਾ ਸਿੰਘ ਵਰਗੇ ਮਹਾਨ ਸੂਰਮੇ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਗੱਦਾਰਾਂ ਨੇ ਭਾਰਤ ਅੰਦਰ ਕਈ ਲਹਿਰਾਂ ਨੂੰ ਫੇਲ੍ਹ ਕਰਵਾਇਆ। ਫੇਲ੍ਹ ਕਰਵਾਉਣ ਵਾਲੇ ਵੀ ਸਾਡੇ ਲਾਲਚੀ ਲੋਕ ਸਨ ਜੋ ਸਰਕਾਰ ਦੇ ਟਾਊਟ ਸਨ। ਮਾਇਆ ਜੋ ਸਦਾ ਰਹਿੰਦੀ ਨਹੀਂ ਉਸ ਨੂੰ ਪ੍ਰਾਪਤ ਕਰਨ ਲਈ ਆਪਣੇ ਹੀ ਦੇਸ਼ ਭਗਤਾਂ ਨੂੰ ਉਨ੍ਹਾਂ ਨੇ ਮੌਤ ਦੇ ਘਾਟ ਤੇ ਪਹੁੰਚਾਉਣ ਤਕ ਆਪਣਾ ਹਿੱਸਾ ਪਾਇਆ। 

ਸ਼ਾਂਤਮਈ ਢੰਗ ਨਾਲ ਕਈ ਸਿੰਘ ਜਲ੍ਹਿਆਂ ਵਾਲਾ ਬਾਗ਼, ਨਨਕਾਣਾ ਸਾਹਿਬ, ਗੁਰੂ ਕਾ ਬਾਗ਼, ਜੈਤੋ ਦਾ ਮੋਰਚਾ, ਭਾਈ ਫੇਰੂ ਦਾ ਮੋਰਚਾ ਇਨ੍ਹਾਂ ਮੋਰਚਿਆਂ ਅੰਦਰ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਨ। ਇਸ ਕਰਕੇ ਬੱਬਰ ਅਕਾਲੀ ਲਹਿਰ ਵਿਚ ਪੰਜਾਬ ਦਾ ਜੋਸ਼ੀਲਾ ਗੱਭਰੂ ਤਬਕਾ ਭਰਤੀ ਸੀ ਜੋ ਸ਼ਾਂਤਮਈ ਅੰਦੋਲਨ ਤੋਂ ਥੱਕ ਚੁੱਕਾ ਸੀ। ਪਾਠਕ ਪਿੱਛੇ ਪੜ੍ਹ ਹੀ ਆਏ ਹਨ ਕਿ ਕਿਸ ਤਰ੍ਹਾਂ ਸਿੱਖ ਕੌਮ ਨੂੰ ਸੰਘਰਸ਼ ਕਰਨਾ ਪਿਆ। ਕਿਤਨੇ ਦੁੱਖ ਦਰਿੱਦਰ ਝੱਲਣੇ ਪਏ, ਗੋਲੀਆਂ ਨਾਲ, ਲਾਠੀਆਂ ਨਾਲ ਕਿਤਨੇ ਨਿਕਾਰੇ ਹੋਏ। ਆਪਣੇ ਸ਼ਰੀਰਾਂ ਨੂੰ ਕਿਸ ਤਰ੍ਹਾਂ ਉਮਰ ਕੈਦਾਂ ਵਿਚ ਉਨ੍ਹਾਂ ਹੰਢਾਇਆ, ਤਾਂ ਕਿਧਰੇ ਜਾਕੇ ਉਨ੍ਹਾਂ ਨੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ। ਇਥੋਂ ਤਕ ਹੀ ਨਹੀਂ ਭਾਰਤ ਨੂੰ ਵੀ ਆਜ਼ਾਦ ਕਰਵਾਉਣ ਲਈ ਪੰਜਾਬੀ ਸੂਰਵੀਰਾਂ ਨੇ ਅੱਸੀ ਫੀਸਦੀ ਤੋਂ ਉਪਰ ਆਪਣੀਆਂ ਕੁਰਬਾਨੀਆਂ ਦੇਕੇ ਆਜ਼ਾਦ ਕਰਵਾਇਆ।         ਸਿੱਖਾਂ ਅੰਦਰ ਸ਼ਾਂਤਮਈ ਵੀ ਢੰਗ ਵਰਤਿਆ ਜਾਂਦਾ ਰਿਹਾ ਹੈ ਤੇ ਹਥਿਆਰ ਬੰਦ ਦਾ ਵੀ।ਦੇਖੋ ਸ਼ਾਂਤਮਈ ਸ਼ਹੀਦੀ ਗੁਰੂ ਅਰਜਨ ਦੇਵ ਜੀ ਨੇ ਤੇ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ। ਜੰਗ ਵਿਚ ਜੂਝਣ ਦੀ ਸਿੱਖਿਆ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ। ਜਦ ਭਾਈ ਲੱਛਮਣ ਸਿੰਘ ਜੀ ਦਾ ਜੱਥਾਂ ਸ਼ਾਂਤਮਈ ਢੰਗ ਨਾਲ ਆਪਣੀ ਸ਼ਹਾਦਿਤ ਦੇ ਗਿਆ ਤਾਂ ਬਾਦ ਕਰਤਾਰ ਸਿੰਘ ਝੱਬਰ ਨੇ ਹਥਿਆਰ ਚੁੱਕੇ। ਸਿੱਖ ਕੌਮ ਵਿਚ ਵੱਡੇ ਵੱਡੇ ਬਹਾਦਰ ਸੂਰਮੇ ਹੋਏ ਹਨ। ਧੰਨਾਂ ਸਿੰਘ ਬੱਬਰ ਦੀ ਬਹਾਦਰੀ ਦੇਖੋ, ਬੰਬ ਉਸ ਦੀ ਜੇਬ ਵਿਚ ਸੀ, ਉਸਨੇ ਕਸਮ ਖਾਧੀ ਹੋਈ ਸੀ ਕਿ ਮੈਂ ਜਿਊਂਦੇ ਜੀ ਨਹੀਂ ਫੜ ਹੋਣਾ ਪਰ ਗੱਦਾਰਾਂ ਨੇ ਉਸ ਨੂੰ ਧੋਖੇ ਨਾਲ ਫੜਵਾ ਦਿੱਤਾ। ਧੰਨਾ ਸਿੰਘ ਨੇ ਆਪਣੀ ਜੇਬ ਵਿਚ ਪਏ ਹੋਏ ਬੰਬ ਤੇ ਕੁਹਣੀ ਮਾਰੀ, ਬੰਬ ਫੱਟ ਗਿਆ ਤੇ ਕਈ ਪੁਲੀਸ ਮੁਲਾਜ਼ਮਾਂ ਨੂੰ ਨਾਲ ਉਡਾ ਗਿਆ। ਧੰਨਾ ਸਿੰਘ ਆਪ ਵੀ ਸ਼ਹੀਦੀ ਪ੍ਰਾਪਤ ਕਰ ਗਿਆ। ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਦੇਸਾਂ ਪਰਦੇਸ਼ਾਂ ਤੋਂ ਚੱਲਕੇ ਹਰ ਤਰ੍ਹਾਂ ਨਾਲ ਕੁਰਬਾਨੀਆਂ ਕੀਤੀਆਂ। ਚਾਹੇ ਜੇਲ੍ਹਾਂ ਕੱਟਣੀਆਂ ਪਈਆਂ, ਚਾਹੇ ਗੋਲੀਆਂ ਖਾਣੀਆਂ ਪਈਆਂ, ਚਾਹੇ ਫਾਂਸੀਆਂ ਤੇ ਚੜ੍ਹਨਾ ਪਿਆ। ਹਰ ਤਰ੍ਹਾਂ ਦਾ ਕਸ਼ਟ ਉਨ੍ਹਾਂ ਆਪਣੇ ਤਨ ਤੇ ਭੋਗਿਆ ਤਾਂ ਜੋ ਸਿੱਖ ਕੌਮ ਸਿਰ ਉੱਚਾ ਚੁੱਕ ਕੇ ਇੱਜ਼ਤ ਮਾਣ ਨਾਲ ਜ਼ਿੰਦਗੀ ਬਤੀਤ ਕਰ ਸਕੇ ਤੇ ਭਾਰਤੀ ਆਜ਼ਾਦੀ ਦਾ ਸਾਹ ਲੈ ਸਕਣ। ਉਨ੍ਹਾਂ ਸਮਿਆਂ ਅੰਦਰ ਹੀ ਸ਼ਹੀਦ ਭਗਤ ਸਿੰਘ ਜੀ ਹੁਰੀਂ ਵੀ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਜੂਝ ਰਹੇ ਸਨ। 

(ਭਗਤ ਸਿੰਘ ਜੀ ਦੀ ਜੀਵਨੀ ਬਾਰੇ ਪਾਠਕ ਅਗਾਂਹ ਭਗਤ ਸਿੰਘ ਦੇ ਕਾਂਡ ਅੰਦਰ ਪੜ੍ਹਨਗੇ ਜੋ ਕੰਮ ਸੂਰਮੇ ਭਗਤ ਸਿੰਘ ਨੇ ਕੀਤੇ ਸਨ । ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੁਰਾਂ ਦੀ ਫਾਂਸੀ ਤੋਂ ਬਾਦ ਕਰੀਬ ਕਰੀਬ ਭਾਰਤ ਦੀ ਜਨਤਾ ਅੰਗਰੇਜ਼ ਸਰਕਾਰ ਦੇ ਖਿਲਾਫ਼ ਹੋ ਚੁੱਕੀ ਸੀ ਤੇ ਉਨ੍ਹਾਂ ਅੰਗਰੇਜ਼ ਸਰਕਾਰ ਵਿਰੁੱਧ ਆਪਣਾ ਸੰਘਰਸ਼ ਜ਼ਾਰੀ ਹੀ ਰੱਖਿਆ। ਬਾਦ ਵਿਚ ਆਜ਼ਾਦ ਹਿੰਦ ਫ਼ੌਜ ਵੀ ਆਜ਼ਾਦੀ ਲਈ ਖੜ੍ਹ ਗਈ)। 

ਆਜ਼ਾਦ ਹਿੰਦ ਫ਼ੌਜ : 

1942 ਈ. ਵਿਚ ਬੈਂਕਾਕ ਵਿਚ ਕਾਨਸ ਹੋਈ, ਜਿਸ ਵਿਚ ਆਜ਼ਾਦ ਹਿੰਦ ਫ਼ੌਜ ਬਣਾਉਣ ਦਾ ਮਤਾ ਪਾਸ ਹੋਇਆ। 

ਕੈਪਟਨ ਮੋਹਨ ਸਿੰਘ ਦੀ ਨਿਗਰਾਨੀ ਹੇਠ ਆਜ਼ਾਦ ਹਿੰਦ ਫ਼ੌਜ ਖੜ੍ਹੀ ਕੀਤੀ ਗਈ।ਜਿਸ ਵਿਚ ਹਜ਼ਾਰਾਂ ਭਾਰਤੀ ਜੰਗੀ ਕੈਦੀ ਸ਼ਾਮਲ ਕੀਤੇ ਗਏ। ਬਾਦ ਵਿਚ ਜਾਪਾਨੀ ਆਜ਼ਾਦ ਹਿੰਦ ਫ਼ੌਜ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪਏ। ਇਥੋਂ ਤਕ ਕਿ ਹਰ ਚੀਜ਼ ਨੂੰ ਸੈਂਸਰ ਕਰਨ ਲੱਗ ਪਏ। ਆਜ਼ਾਦ ਹਿੰਦ ਫ਼ੌਜ ਦੇ ਇਕ ਅਫ਼ਸਰ ਕਰਨਲ ਨਰਿੰਜਨ ਸਿੰਘ ਨੂੰ ਵੀ ਜਾਪਾਨੀਆਂ ਗ੍ਰਿਫ਼ਤਾਰ ਕਰ ਲਿਆ। ਇਹ ਵੇਖਕੇ ਕੈਪਟਨ ਮੋਹਨ ਸਿੰਘ ਦਾ ਜਾਪਾਨੀਆਂ ਨਾਲ ਮਤਭੇਦ ਹੋ ਗਿਆ ਤੇ ਉਸਨੇ 1942 ਈ. ਦੇ ਅਖ਼ੀਰ ਵਿਚ ਆਜ਼ਾਦ ਹਿੰਦ ਫ਼ੌਜ ਨੂੰ ਭੰਗ ਕਰ ਦਿੱਤਾ। ਬਾਦ ਵਿਚ ਜਾਪਾਨੀਆਂ ਨੇ ਕੈਪਟਨ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ 1943 ਈ. ਵਿਚ ਸੁਭਾਸ਼ ਚੰਦਰ ਬੋਸ ਜਰਮਨ ਤੋਂ ਵਾਪਸ ਜਾਪਾਨ ਆਏ। ਜਾਪਨ ਦੇ ਪ੍ਰਧਾਨ ਮੰਤਰੀ ਤੇਜੋਂ ਨਾਲ ਮੁਲਾਕਾਤ ਕਰਨ ਤੋਂ ਉਪਰੰਤ ਸੁਭਾਸ਼ ਚੰਦਰ ਸਿੰਗਾਪੁਰ ਗਏ। 21 ਅਕਤੂਬਰ 1943 ਈ. ਨੂੰ ਇੰਡੀਅਨ ਇੰਡੀਪੈਂਡੈਂਸ ਲੀਗ ਦਾ ਉਹ ਪ੍ਰਧਾਨ ਬਣਿਆ ਤੇ ਸਿੰਗਾਪੁਰ ਵਿਚ ਆਰਜ਼ੀ ਤੌਰ ‘ਤੇ ਉਸਨੇ ਹਿੰਦੋਸਤਾਨ ਆਜ਼ਾਦ ਸਰਕਾਰ ਬਣਾ ਦਿੱਤੀ। ਇਸ ਬਣੀ ਹੋਈ ਆਰਜ਼ੀ ਸਰਕਾਰ ਨੂੰ ਜਰਮਨ, ਜਾਪਾਨ ਤੇ ਬਾਈਲੈਂਡ ਨੇ ਫੋਰਨ ਹੀ ਮਾਨਤਾ ਦਾ ਰੂਪ ਦੇ ਦਿੱਤਾ। ਜਾਪਾਨ ਵੱਲੋਂ ਇਸ ਸਰਕਾਰ ਨੂੰ ਅੰਡੇਮਾਨ ਤੇ ਨਿਕੋਬਾਰ ਜਜ਼ੀਰੇ ਆਰਜ਼ੀ ਤੌਰ ਤੇ ਸੌਂਪ ਦਿੱਤੇ ਗਏ। 

ਇਸ ਕਰਕੇ ਆਜ਼ਾਦ ਹਿੰਦ ਫ਼ੌਜ ਸੰਸਾਰ ਅੰਦਰ ਜਾਣੀ ਜਾਣ ਲੱਗੀ। ਬਾਦ ਵਿਚ ਆਜ਼ਾਦ ਹਿੰਦ ਫ਼ੌਜ ਨੂੰ ਬਰਮਾ ਇੰਡੀਆ ਬਾਰਡਰ ਤੇ ਜੰਗ ਕਰਨ ਲਈ ਭੇਜਿਆ ਗਿਆ। ਕਾਫ਼ੀ ਚਿਰ ਸੰਘਰਸ਼ ਚਲਦਾ ਰਿਹਾ। ਅਖੀਰ ਹਾਰ ਦਾ ਮੂੰਹ ਦੇਖਣਾ ਪਿਆ। 6 ਅਗਸਤ 1945 ਈ. ਨੂੰ ਜਦ ਅਮਰੀਕਾ ਦੇ ਰਾਹੀਂ ਹੀਰੋਸ਼ੀਮਾ ‘ਤੇ ਨਾਗਾਸਾਕੀ ਤੇ ਐਟਮੀ ਬੰਬ ਡਿੱਗੇ ਤਾਂ ਜਾਪਾਨੀਆਂ ਨੇ ਆਪਣੀ ਹਾਰ ਮੰਨ ਲਈ। ਨਾਲ ਹੀ ਆਜ਼ਾਦ ਹਿੰਦ ਫ਼ੌਜ ਨੇ ਆਪਣੇ ਹਥਿਆਰ ਸੁੱਟ ਦਿੱਤੇ। ਸੁਭਾਸ਼ ਚੰਦਰ ਬੋਸ ਦੀ ਵੀ ਮੌਤ ਉਨ੍ਹਾਂ ਦਿਨਾਂ ਅੰਦਰ ਹੀ 18 ਅਗਸਤ 1945 ਈ. ਨੂੰ ਟੋਕੀਓ ਜਾ ਰਹੇ ਇਕ ਹਵਾਈ ਹਾਦਸੇ ਅੰਦਰ ਹੋ ਗਈ। 

ਬਾਦ ਵਿਚ ਆਜ਼ਾਦ ਹਿੰਦ ਦੇ ਸੈਨਿਕਾਂ, ਅਫ਼ਸਰਾਂ ਨੂੰ ਕੈਦ ਕਰ ਲਿਆ ਗਿਆ। ਉਨ੍ਹਾਂ ਵਿਚੋਂ ਕਈਆਂ ਨੂੰ ਫਿਰ ਫਾਂਸੀ ਹੋਈ ਤੇ ਕਈਆਂ ਨੂੰ ਜੇਲ੍ਹਾਂ ਅੰਦਰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਕਈਆਂ ਸੈਨਿਕਾਂ, ਅਫਸਰਾਂ ‘ਤੇ ਮੁਕੱਦਮਾ ਚਲਾਉਣ ਲਈ ਭਾਰਤ ਵੀ ਲਿਆਂਦਾ ਗਿਆ। ਇਸ ਤਰ੍ਹਾਂ ਆਜ਼ਾਦ ਹਿੰਦ ਦੇ ਸੈਨਿਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ, ਤਕਲੀਫਾਂ, ਸੰਕਟਾਂ ਵਿਚੋਂ ਦੀ ਗੁਜ਼ਰਨਾ ਪਿਆ, ਅਖ਼ੀਰ 15 ਅਗਸਤ 1947 ਈ. ਨੂੰ ਭਾਰਤ ਨੇ ਆਜ਼ਾਦੀ ਦਾ ਮੂੰਹ ਵੇਖਿਆ। 

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ 

ਸ਼ਹੀਦ ਭਗਤ ਸਿੰਘ ਜੀ ਦਾ ਜਨਮ 27 ਸਤੰਬਰ 1907 ਈ. ਨੂੰ ਸ. ਕਿਸ਼ਨ ਸਿੰਘ ਜੀ ਸੰਧੂ ਤੇ ਮਾਤਾ ਇੰਦ ਕੌਰ (ਵਿੱਦਿਆਵੱਤੀ) ਜੀ ਦੇ ਘਰ ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ। ਭਗਤ ਸਿੰਘ ਜੀ ਦੀ ਮਾਤਾ ਦਾ ਨਾਮ ਜਨਮ ਸਮੇਂ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਇੰਦ ਕੌਰ ਦੇ ਨਾਮ ਨਾਲ ਉਨ੍ਹਾਂ ਦੇ ਪਿਤਾ ਵਰਿਆਮ ਸਿੰਘ ਜੀ ਨੇ ਰੱਖਿਆ ਸੀ ਜੋ ਬਾਦ ਵਿਚ ਸਹੁਰੇ ਪਰਿਵਾਰ ਵਿਚ ਵਿੱਦਿਆਵੱਤੀ ਦੇ ਨਾਮ ‘ਤੇ ਪ੍ਰਚੱਲਤ ਹੋਇਆ। ਭਗਤ ਸਿੰਘ ਜੀ ਦਾ ਜੱਦੀ ਪਿੰਡ ਖੱਟਕੜ ਕਲਾਂ ਜ਼ਿਲ੍ਹਾ ਨਵਾਂ ਸ਼ਹਿਰ ਜੋ ਅੱਜ “ਸ਼ਹੀਦ ਭਗਤ ਸਿੰਘ ਜੀ ਨਗਰ” ਦੇ ਨਾਮ ਨਾਲ ਰੱਖਿਆ ਗਿਆ ਹੈ ਉਸ ਅੰਦਰ ਆ ਜਾਂਦਾ ਹੈ। 

ਸ਼ਹੀਦ ਭਗਤ ਸਿੰਘ ਜੀ ਦੇ ਬਾਬੇ ਦਾ ਨਾਮ ਸ. ਅਰਜਨ ਸਿੰਘ ਜੀ ਸੀ। ਉਨ੍ਹਾਂ ਦੀ ਪ੍ਰੇਰਨਾਂ ਸਦਕਾ ਹੀ ਭਗਤ ਸਿੰਘ ਜੀ ਹੁਰਾਂ ਦਾ ਸਾਰਾ ਪਰਿਵਾਰ ਇਨਕਲਾਬੀ ਵਿਚਾਰਧਾਰਾ ਦਾ ਹੋਇਆ। ਸ. ਅਰਜਨ ਸਿੰਘ ਜੀ ਦੇ ਤਿੰਨ ਸਪੁੱਤਰ ਸਨ। ਸ. ਕਿਸ਼ਨ ਸਿੰਘ ਜੀ, ਸ. ਅਜੀਤ ਸਿੰਘ ਜੀ ਤੇ ਸ. ਸਵਰਨ ਸਿੰਘ ਜੀ। ਇਹ ਸਭ ਦੇਸ਼ ਭਗਤ ਸਨ। 

ਸ. ਕਿਸ਼ਨ ਸਿੰਘ ਜੀ ਦੇ ਘਰ ਛੇ ਸਪੁੱਤਰਾਂ ਤੇ ਤਿੰਨ ਸਪੁੱਤਰੀਆਂ ਨੇ ਜਨਮ ਲਿਆ ਸਪੁੱਤਰਾਂ ਦੇ ਨਾਮ ਇਸ ਤਰ੍ਹਾਂ ਹਨ- ਸ. ਜਗਤ ਸਿੰਘ, ਸ. ਭਗਤ ਸਿੰਘ, ਸ. ਕੁਲਵੀਰ ਸਿੰਘ, ਸ. ਕੁਲਤਾਰ ਸਿੰਘ, ਸ. ਰਜਿੰਦਰ ਸਿੰਘ ਤੇ ਸ. ਰਣਵੀਰ ਸਿੰਘ। 

ਸਪੁੱਤਰੀਆਂ ਦੇ ਨਾਂ ਇਸ ਤਰ੍ਹਾਂ ਹਨ— ਬੀਬੀ ਅਮਰ ਕੌਰ, ਬੀਬੀ ਪ੍ਰਕਾਸ਼ ਕੌਰ ਤੇ ਬੀਬੀ ਸਕੁੰਤਲਾ ਜੀ। 

ਭਗਤ ਸਿੰਘ ਜੀ ਦੇ ਦੋ ਚਾਚੇ ਸਨ- ਸ. ਅਜੀਤ ਸਿੰਘ ਤੇ ਸਵਰਨ ਸਿੰਘ ਜੀ। ਦੋ ਚਾਚੀਆਂ ਸਨ। ਬੀਬੀ ਸ੍ਰੀਮਤੀ ਹਰਨਾਮ ਕੌਰ ਤੇ ਬੀਬੀ ਸ੍ਰੀਮਤੀ ਹੁਕਮ ਕੌਰ ਜੀ । ਸ. ਅਰਜਨ ਸਿੰਘ ‘ਆਰੀਆ ਸਮਾਜ’ ਨਾਲ ਸਬੰਧਤ ਸਨ। ਗਿਆਨੀ ਦਿੱਤ ਸਿੰਘ ਤੇ ਗੁਰਮੁਖ ਸਿੰਘ ਇਹ ਵੀ ਉਘੇ ਸਿੱਖ ਆਰੀਆ ਸਮਾਜ ਨਾਲ ਸਬੰਧਤ ਸਨ। ਆਰੀਆ ਸਮਾਜ ਜਦ ਨਿਰਾ ਹਿੰਦੂ ਸਮਾਜ ਬਣਕੇ ਰਹਿ ਗਿਆ ਤਾਂ ਉਪਰੋਕਤ ਸਿੱਖਾਂ ਨੇ ਆਰੀਆ ਸਮਾਜ ਨਾਲ ਆਪਣਾ ਸਬੰਧ ਤੋੜ ਲਿਆ। ਸ. ਅਰਜਨ ਸਿੰਘ ਜੀ ਹੁਰਾਂ ਦੀ ਵੀ ਆਰੀਆ ਸਮਾਜ ਨਾਲੋਂ ਦੂਰੀ ਹੋ ਗਈ। 

ਸ਼ਹੀਦ ਭਗਤ ਸਿੰਘ ਜੀ ਦਾ ਨਾਨਕਾ ਪਰਿਵਾਰ 

ਸ਼ਹੀਦ ਭਗਤ ਸਿੰਘ ਜੀ ਦੇ ਨਾਨੇ ਦਾ ਨਾਂ ਸੀ ਸ. ਵਰਿਆਮ ਸਿੰਘ ਜੀ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਤੇ ਇਕੋ ਇਕ ਭਗਤ ਸਿੰਘ ਜੀ ਦਾ ਮਾਮਾ ਜੀ ਸਨ ਸ. ਸੁੰਦਰ ਸਿੰਘ ਜੀ ਰਾਏ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਸ. ਵਰਿਆਮ ਸਿੰਘ ਜੀ ਦੀ ਇਕੋ ਸਪੁੱਤਰੀ ਸੀ ਬੀਬੀ ਇੰਦ ਕੌਰ ਭਗਤ ਸਿੰਘ ਜੀ ਦੀ ਮਾਤਾ। ਇਹੋ ਸਾਰਾ ਪਰਿਵਾਰ ਸੀ ਸ.ਵਰਿਆਮ ਸਿੰਘ ਜੀ ਦਾ। 

ਸ. ਵਰਿਆਮ ਸੰਘ ਜੀ ਦੇ ਦੋ ਭਰਾ ਸਨ ਸ. ਦੇਵਾ ਸਿੰਘ ਤੇ ਸ. ਬਸੰਤ ਸਿੰਘ। ਉਨ੍ਹਾਂ ਦੀ ਤਾਂ ਹੁਣ ਤਕ ਪੀੜ੍ਹੀ-ਦਰ-ਪੀੜ੍ਹੀ ਸੰਤਾਨ ਚਲਦੀ ਆ ਰਹੀ ਹੈ ਪਰ ਸ. ਵਰਿਆਮ ਸਿੰਘ ਜੀ ਦੇ ਘਰ ਤਾਂ ਉਨ੍ਹਾਂ ਦਾ ਇਕੋ ਹੀ ਸਪੁੱਤਰ ਸ. ਸੁੰਦਰ ਸਿੰਘ ਜੀ ਦੇ ਅਗਾਂਹ ਕੋਈ ਸੰਤਾਨ ਨਹੀਂ ਹੋਈ। ਪਿੰਡ ਮੋਰਾਂਵਾਲੀ ਵਿਚ ਕਈ ਬਜ਼ੁਰਗਾਂ ਦੀ ਉਮਰ ਸੌ ਸਾਲ ਤੋਂ ਵੀ ਉਪਰ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਦਾ ਨਾਨਾ ਸ. ਵਰਿਆਮ ਸਿੰਘ ਤੇ ਮਾਮਾ ਸੁੰਦਰ ਸਿੰਘ ਤੇ ਵਰਿਆਮ ਸਿੰਘ ਜੀ ਦੇ ਭਰਾ ਦੇਵਾ ਸਿੰਘ ਤੇ ਬਸੰਤ ਸਿੰਘ ਸਭ ਪਰਿਵਾਰ ਕੀਰਤਨ ਕਰਿਆ ਕਰਦੇ ਸਨ। ਇਹ ਅੰਮ੍ਰਿਤਧਾਰੀ ਸਨ। ਸਿੱਖ ਮੋਰਚਿਆਂ ਵਿਚ ਵੀ ਜਾਇਆ ਕਰਦੇ ਸਨ। ਇਸ ਕਰਕੇ ਅੱਜ ਵੀ ਸ਼ਹੀਦ ਭਗਤ ਸਿੰਘ ਜੀ ਦੇ ਨਾਨਕੇ ਪਰਿਵਾਰ ਨੂੰ ਸ਼ਬਦੀਆਂ ਦਾ ਪਰਿਵਾਰ ਕਿਹਾ ਜਾਂਦਾ ਹੈ। ਨਿਰੋਲ ਗੁਰਬਾਣੀ ਸ਼ਬਦ ਕੀਰਤਨ ਕਰਦੇ ਸਨ। ਜੇ ਅੱਜ ਵੀ ਕਿਸੇ ਨੇ ਭਗਤ ਸਿੰਘ ਦੇ ਨਾਨਕੇ ਘਰ ਪਿੰਡ ਮੋਰਾਂਵਾਲੀ ਵਿਚ ਜਾਣਾ ਹੋਵੇ ਤਾਂ ਸ਼ਬਦੀਆਂ ਦੇ ਘਰ ਜਾਣ ਲਈ ਕਹਿਣਾ ਪੈਂਦਾ ਹੈ। ਸ਼ਹੀਦ ਭਗਤ ਸਿੰਘ ਜੀ ਦਾ ਪੱਗੜੀ ਵਾਲਾ ਬੜਾ ਸੁੰਦਰ ਬੁੱਤ ਪਿੰਡ ਮੋਰਾਂਵਾਲੀ ਵਿਚ ਲਗਵਾਉਣ ਲਈ ਸ. ਵਰਿਆਮ ਸਿੰਘ ਜੀ ਦੇ ਭਾਈ ਸ. ਦੇਵਾ ਸਿੰਘ ਜੀ ਦੇ ਪੋਤੇ ਸ. ਪੂਰਨ ਸਿੰਘ ਜੀ ਮੋਰਾਂਵਾਲੀ ਵਾਲੇ ਨੇ ਬਹੁਤ ਉਪਰਾਲਾ ਕੀਤਾ ਸੀ। 

ਉਪਰੋਕਤ ਪਾਠਕ ਸ਼ਹੀਦ ਭਗਤ ਸਿੰਘ ਜੀ ਦੇ ਦਾਦਕੇ ਪਰਿਵਾਰ ਤੇ ਨਾਨਕੇ ਪਰਿਵਾਰ ਦਾ ਪਿਛੋਕੜ ਪੜ੍ਹ ਚੁੱਕੇ ਹਨ। ਦੋਨੋਂ ਘਰਾਣੇ ਸਿੱਖੀ ਨਾਲ ਜੁੜੇ ਹੋਏ ਸਨ। ਇਥੋਂ ਤਕ ਕਿ ਸ਼ਹੀਦ ਭਗਤ ਸਿੰਘ ਜੀ ਦਾ ਨਾਨਾ ਸ. ਵਰਿਆਮ ਸਿੰਘ ਜੀ ਤੇ ਮਾਮਾ ਸ. ਸੁੰਦਰ ਸਿੰਘ ਜੀ ਤਾਂ ਨਿਰੋਲ ਗੁਰਬਾਣੀ ਸ਼ਬਦ ਦਾ ਕੀਰਤਨ ਵੀ ਕਰਿਆ ਕਰਦੇ ਸਨ। 

ਭਾਈ ਰਣਧੀਰ ਸੰਘ ਜੀ ਦੀ ਪੁਸਤਕ ਜੇਲ੍ਹ ਚਿੱਠੀਆਂ ਦੇ ਅਨੁਸਾਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਜੀ ਨਾਲ ਲਾਹੌਰ ਜੇਲ੍ਹ ਵਿਚ ਹੋਈ। ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਨੂੰ ਕਿਹਾ ਕਿ ਮੈਂ ਮਜ਼ਬੂਰਨ ਹੀ ਆਪਣੇ ਸਾਥੀਆਂ ਦੇ ਕਹਿਣ ਤੇ ਆਪਣਾ ਭੇਸ ਬਦਲਣ ਲਈ ਕੇਸ ਦਾੜ੍ਹਾ ਕਤਲ ਕਰਵਾਇਆ ਸੀ। ਇਹ ਮੇਰੇ ਕੋਲੋਂ ਬੇਅਦਬੀ ਹੋਈ ਹੈ। ਭਗਤ ਸਿੰਘ ਨੇ ਇਹ ਵੀ ਭਾਈ ਸਾਹਿਬ ਨੂੰ ਕਿਹਾ ਕਿ ਮੈਂ ਦਿਲੋਂ ਸਿੱਖ ਨਹੀਂ ਹਾਂ। ਨਾਸਤਕ ਹਾਂ। ਰੱਬ ਨੂੰ ਨਹੀਂ ਮੰਨਦਾ ਪਰ ਜੇ ਤੁਹਾਡੀ ਹੋਰ ਸੰਗਤ ਹੁੰਦੀ ਤਾਂ ਮੇਰੇ ਨਾਸਤਕ ਵਾਲੇ ਖਿਆਲ ਬਦਲ ਜਾਂਦੇ। ਬ੍ਰਹਮ ਗਿਆਨੀ ਪਰਉਪਕਾਰੀ, ਦਯਾ ਦੇ ਸੋਮੇ ਹੁੰਦੇ ਹਨ। ਭਾਈ ਰਣਧੀਰ ਸਿੰਘ ਜੀ ਤਾਂ ਨਾਮ ਰਸ ਵਿਚ ਭਿੱਝੀ ਹੋਈ ਪਵਿੱਤਰ ਆਤਮਾ ਸਨ। ਉਨ੍ਹਾਂ ਨੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ। ਭਗਤ ਸਿੰਘ ਨੂੰ ਕ੍ਰਿਪਾ ਦ੍ਰਿਸ਼ਟੀ ਨਾਲ ਇਸ ਤਰ੍ਹਾਂ ਦੇ ਚੜ੍ਹਦੀ ਕਲਾ ਦੇ ਅਜ਼ਰ ਅਮਰ ਆਤਮਿਕ ਬਚਨ ਆਖੇ ਕਿ ਭਗਤ ਸਿੰਘ ਦੀ ਨਾਸਤਕ ਵਿਚਾਰਧਾਰਾ ਟੁੱਟ ਗਈ ਤੇ ਉਹ ਆਸਤਕ ਹੋ ਗਿਆ। 

ਕਹਿੰਦੇ ਹਨ ਜਦ ਭਗਤ ਸਿੰਘ ਦਾ ਸੰਸਕਾਰ ਕੀਤਾ ਸੀ ਤਾਂ ਛੇ ਛੇ ਇੰਚ ਉਸ ਦੇ ਕੇਸ ਸਨ। ਸਿੱਖ ਧਰਮ ਅਨੁਸਾਰ ਹੀ ਭਗਤ ਸਿੰਘ ਦਾ ਸੰਸਕਾਰ ਕੀਤਾ ਗਿਆ ਸੀ। ਇਸ ਗੱਲ ਦਾ ਜ਼ਿਕਰ ਭਾਈ ਸਾਹਿਬ ਭਾਈ ਰਣਧੀਰ ਸਾਹਿਬ ਜੀ ਦੀ ਪੁਸਤਕ ਜੇਲ੍ਹ ਚਿੱਠੀਆਂ ਅੰਦਰ ਭਗਤ ਸਿੰਘ ਨਾਲ ਹੋਈ ਮੁਲਾਕਾਤ ਵਿਚ ਕੀਤਾ ਗਿਆ ਹੈ। 

ਆਉ ਹੁਣ ਉਨ੍ਹਾਂ ਮਹਾਨ ਕ੍ਰਾਂਤੀਕਾਰੀ ਕਾਰਨਾਮਿਆਂ ਵਲ ਸੰਖੇਪ ਜਿਹੀ ਨਜ਼ਰ ਮਾਰੀਏ ਜੋ ਭਗਤ ਸਿੰਘ ਜੀ ਨੇ ਥੋੜ੍ਹੀ ਜਿਹੀ ਉਮਰ ਅੰਦਰ ਕੀਤੇ। 

ਸ਼ਹੀਦ ਭਗਤ ਸਿੰਘ ਪੜ੍ਹਿਆ ਲਿਖਿਆ ਪੰਜਾਬ ਦਾ ਨੌਜੁਆਨ ਗੱਭਰੂ ਸੀ। ਮਹਾਰਾਣੀ ਝਾਂਸੀ ਦੀ ਕੁਰਬਾਨੀ, ਨਾਮਧਾਰੀ ਕੂਕਿਆਂ ਦਾ ਤੋਪਾਂ ਨਾਂਲ ਉਡਾਉਣਾ, ‘ਗਦਰ-ਪਾਰਟੀ’ ਦੇ ਹੀਰੋ ਕਰਤਾਰ ਸਿੰਘ ਸਰਾਭੇ ਹੁਰਾਂ ਦਾ ਫਾਂਸੀ ਤੇ ਚੜ੍ਹਨਾ, ਜਲ੍ਹਿਆਂ ਵਾਲਾ ਬਾਗ਼, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰਾਂ ਦਾ ਸੰਘਰਸ਼, ਨਨਕਾਣਾ ਸਾਹਿਬ ਸਾਕਾ, ਗੁਰੂ ਕਾ ਬਾਗ਼, ਜੈਤੋ ਦਾ ਮੋਰਚਾ ਆਦਿ ਘੱਲੂਘਾਰਿਆਂ ਦੇ ਸਾਕਿਆਂ ਦਾ ਦ੍ਰਿਸ਼ ਜਦ ਸ਼ਹੀਦ ਭਗਤ ਸਿੰਘ ਜੀ ਦੀ ਅੱਖਾਂ ਅੱਗਿਓਂ ਲੰਘਦਾ ਤਾਂ ਇਸ ਨੌਜੁਆਨ ਗਭਰੂ ਦਾ ਖੂਨ ਅੰਗਰੇਜ਼ ਸਰਕਾਰ ਦੇ ਵਿਰੁੱਧ ਨਫ਼ਰਤ ਨਾਲ ਉਬਾਲੇ ਖਾਣ ਲੱਗ ਪੈਂਦਾ। ਜਦ ਭਗਤ ਸਿੰਘ ਜੁਆਨ ਹੋਇਆ ਤਾਂ ਭਗਤ ਸਿੰਘ ਜੀ ਨੇ ਪਰਮਾਨੰਦ ਤੇ ਲਾਲਾ ਲਾਜਪਤ ਹੁਰਾਂ ਦੇ ਸਥਾਪਿਤ ਕੀਤੇ ਹੋਏ ਨੈਸ਼ਨਲ ਕਾਲਜ ਲਾਹੌਰ ਵਿਖੇ ਆਪਣੀ ਪੜ੍ਹਾਈ ਸ਼ੁਰੂ ਕੀਤੀ । ਐਫ਼.ਏ. ਕਰਨ ਉਪਰੰਤ ਫਿਰ ਭਗਤ ਸਿੰਘ ਨੇ ਬੀ.ਏ. ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। 

(ਨੋਟ: ਪਾਠਕ ਪਿੱਛੇ ਪੜ੍ਹ ਹੀ ਆਏ ਹਨ ਜੈਤੋ ਨੂੰ ਜਾ ਰਹੇ ਜੱਥਿਆਂ ਨੂੰ ਭਗਤ ਸਿੰਘ ਨੇ ਆਪ ਲੰਗਰ ਛਕਾਇਆ। ਜਦ ਜਥੇ ਪਿੰਡ ਬੰਗੇ ਵਿਚੋਂ ਦੀ ਹੁੰਦੇ ਹੋਏ ਜੈਤੋ ਨੂੰ ਜਾਂਦੇ ਸਨ ਤਾਂ ਸ. ਕਿਸ਼ਨ ਸਿੰਘ ਜੀ ਦੀ ਪ੍ਰੇਰਨਾ ਦੁਆਰਾ ਭਗਤ ਸਿੰਘ ਨੇ ਜੱਥਿਆਂ ਨੂੰ ਖੂਬ ਕੜਾਹ ਪ੍ਰਸਾਦ, ਪੂੜੀਆਂ, ਦਾਲਾ, ਸਬਜ਼ੀਆਂ ਦਾ ਲੰਗਰ ਛਕਾਇਆ) 

ਭਗਤ ਸਿੰਘ ਦੇ ਵੱਡੇ ਭਰਾ ਸ. ਜਗਤ ਸਿੰਘ ਦਾ ਦੇਹਾਂਤ ਹੋ ਗਿਆ ਤਾਂ ਘਰ ਵਿਚ ਵੱਡੇ ਥਾਂ ਤੇ ਭਗਤ ਸਿੰਘ ਜੀ ਸਨ । ਘਰ ਵਾਲਿਆਂ ਨੂੰ ਚਾਅ ਸੀ ਕਿ ਭਗਤ ਸਿੰਘ ਦਾ ਵਿਆਹ ਕਰ ਦਿੱਤਾ ਜਾਵੇ। ਪਰ ਭਗਤ ਸਿੰਘ ਨੇ ਕਸਮ ਖਾਧੀ ਹੋਈ ਸੀ ਕਿ ਪਹਿਲਾਂ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ। ਬੀ.ਏ. ਦੀ ਪੜ੍ਹਾਈ ਛੱਡਕੇ ਭਗਤ ਸਿੰਘ ਕਾਨਪੁਰ ਵਿਚ ਰਹਿ ਰਹੇ ਭਾਰਤ ਦੇ ਵੱਡੇ ਵੱਡੇ ਕ੍ਰਾਂਤਕਾਰੀਆਂ ਪੰਡ ਰਾਮ ਪ੍ਰਸਾਦਿ ਬਿਸਮਿਲ, ਰਜਿੰਦਰ ਨਾਥ ਲਹਿਰੀ, ਸਚਿੰਦਰ ਨਾਥ ਸਨਿਆਲ ਆਦਿ ਦੇਸ਼ ਭਗਤਾਂ ਨਾਲ ਜਾ ਰਲਿਆ। ਦੇਸ਼ ਭਗਤ ਇਥੇ ਬੰਬ ਵੀ ਬਣਾਉਂਦੇ ਸਨ, ਇਥੇ ਹੀ ਇਨ੍ਹਾਂ ਦਾ ਅੱਡਾ ਹਿੰਦੋਸਤਾਨ ਰੀਪਬਲਿਕ ਐਸੋਸੀਏਸ਼ਨ ਦੇ ਨਾਮ ਤੇ ਸੀ ਜੋ ਬਾਦ ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕ ਐਸੋਸੀਏਸ਼ਨ ਦੇ ਨਾਮ ਤੋਂ ਜਾਣਿਆ ਜਾਣ ਲੱਗਾ। ਇਥੋਂ ਹੀ ਕ੍ਰਾਂਤੀਕਾਰੀ ਸਿਰ ਧੜ੍ਹ ਦੀ ਬਾਜੀ ਲਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੂਝ ਰਹੇ ਸਨ। ਭਗਤ ਸਿੰਘ ਨੇ ‘ਪ੍ਰਤਾਪ’ ਅਖ਼ਬਾਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਿਨਾਂ ਅੰਦਰ ਛੇ ਬੱਬਰ ਅਕਾਲੀਆਂ ਨੂੰ ਜਦ ਫਾਂਸੀ ਹੋਈ ਤਾਂ ਭਗਤ ਸਿੰਘ ਨੇ ਪ੍ਰਤਾਪ ਪੇਪਰ ਵਿਚ ਲੇਖ ਲਿਖਿਆ ‘ਹੋਲੀ ਕੇ ਦਿਨ ਰਕਤ ਕੇ ਛੱਟੇ’। 

ਹਰ ਮੂਵਮਿੰਟ ਨੂੰ ਚਲਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ। ਪੈਸੇ ਦੀ ਲੋੜ ਨੂੰ ਮੁਖ ਰੱਖਕੇ ਕ੍ਰਾਂਤੀਕਾਰਾਂ ਨੇ ਹਰਦੋਈ ਤੋਂ ਲਖਨਊ ਨੂੰ ਖਜ਼ਾਨੇ ਨਾਲ ਜਾ ਰਹੀ ਗੱਡੀ ਨੂੰ ਕਾਕੋਰੀ ਲਾਗੇ ਲੁੱਟਿਆ। ਜਦ ਗੋਰਿਆਂ ਨੂੰ ਪਤਾ ਲੱਗਾ ਉਨ੍ਹਾਂ ਨੇ ਗੁੱਸੇ ਵਿਚ ਆਕੇ ਦੇਸ਼ ਭਗਤਾਂ ਨੂੰ ਥਾਂ ਥਾਂ ਤੇ ਲੱਭਣਾ ਸ਼ੁਰੂ ਕਰ ਦਿੱਤਾ। ਭਗਤ ਸਿੰਘ ਤਾਂ ਸਮਾਂ ਵੀਚਾਰ ਕੇ ਪੰਜਾਬ ਵਾਪਸ ਆ ਗਿਆ।ਪਰ ਪੰਡਤ ਰਾਮ ਪ੍ਰਸਾਦਿ ਬਿਸਮਿਲ ਤੇ ਰਜਿੰਦਰ ਸਿੰਘ ਲਹਿਰੀ, ਰੌਸ਼ਨ ਸਿੰਘ ਆਦਿ ਦੇਸ਼ ਭਗਤ ਫੜੇ ਗਏ ਤੇ ਉਨ੍ਹਾਂ ਨੂੰ ਫਾਂਸੀ ਤੇ ਚਾੜ੍ਹਿਆ ਗਿਆ ਤੇ ਕਈ ਦੇਸ਼ ਭਗਤਾਂ ਨੂੰ ਉਮਰ ਕੈਦ ਵੀ ਹੋਈ। 

ਭਗਤ ਸਿੰਘ ਹੁਰਾਂ ਨੇ ਕਾਲਜ ਵਿਚ ਪੜ੍ਹਨ ਸਮੇਂ ਨੌਜੁਆਨ ਭਾਰਤ ਸਭਾ ਇਕ ਜਥੇਬੰਦੀ ਬਣਾਈ ਹੋਈ ਸੀ, ਜਿਸ ਵਿਚ ਭਗਵਤੀ ਚਰਨ, ਰਾਧਾ ਕਿਸ਼ਨ, ਸੁਖਦੇਵ, ਜਸਪਾਲ, ਖੁਦ ਭਗਤ ਸਿੰਘ, ਰਾਜਗੁਰੂ, ਜੈ ਗੋਪਾਲ, ਜਤਿੰਦਰ ਨਾਥ ਆਦਿ ਦੇਸ਼ ਭਗਤ ਕੰਮ ਕਰ ਰਹੇ ਸਨ। ਭਗਤ ਸਿੰਘ ਇਸ ਬਣੀ ਹੋਈ ਪਾਰਟੀ ਨੂੰ ਪੁਰਾਤਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਦੁਹਰਾਕੇ ਉਨ੍ਹਾਂ ਅੰਦਰ ਆਜ਼ਾਦੀ ਦੀ ਭਾਵਨਾ ਨੂੰ ਪੈਦਾ ਕਰਦਾ ਰਹਿੰਦਾ ਸੀ।ਆਜ਼ਾਦੀ ਲਈ ਤਾਂ ਨਹਿਰੂ, ਗਾਂਧੀ ਵੀ ਲੜ੍ਹਦੇ ਸਨ ਪਰ ਉਨ੍ਹਾਂ ਦੀ ਨੀਤੀ ਸ਼ਾਂਤਮਈ ਢੰਗ ਦੀ ਸੀ। ਭਗਤ ਸਿੰਘ ਹੁਰਾਂ ਦੀ ਲਹਿਰ ਜੁਝਾਰੂ ਕ੍ਰਾਂਤੀਕਾਰੀ ਦੀ ਸੀ। 1928 ਫਰਵਰੀ ਦੇ ਦਿਨਾਂ ਅੰਦਰ ਸਾਈਮਨ ਕਮੀਸ਼ਨ ਵਿਰੁੱਧ ਭਾਰਤ ਅੰਦਰ ਜਨਤਾ ਬਹੁਤ ਭੜਕੀ ਹੋਈ ਸੀ।ਮਹਾਰਾਸ਼ਟਰ, ਬੰਗਾਲ, ਬਿਹਾਰ ਆਦਿ ਇਲਾਕਿਆਂ ਅੰਦਰ ਸਾਈਮਨ ਕਮਿਸ਼ਨ ਟੀਮ ਦੇ ਵਿਰੁੱਧ ਨਾਹਰੇ ਲਾਏ ਗਏ। ਕਾਲੀਆਂ ਝੰਡੀਆਂ ਨਾਲ ਜਲੂਸ ਕੱਢੇ। ਜਨਤਾ ਚੀਕ ਚੀਕ ਕੇ ਕਹਿ ਰਹੀ ਸੀ ਸਾਈਮਨ ਵਾਪਸ ਜਾਓ। ਭਾਰਤ ਸਿਰਫ਼ ਭਾਰਤਵਾਸੀਆਂ ਦਾ ਹੈ। ਸਾਈਮਨ ਕਮਿਸ਼ਨ ਦੇ ਟੋਲੇ ਨੇ ਲੋਕਾਂ ਅੰਦਰ ਜਾਗ੍ਰਤੀ ਦੇਖਣੀ ਸੀ ਕਿ ਇਹ ਲੋਕ ਕਿਤਨੇ ਕੁ ਆਜ਼ਾਦੀ ਦੇ ਹੱਕ ਵਿਚ ਹਨ। ਬਾਦ ਵਿਚ ਉਨ੍ਹਾਂ ਨੇ ਸਰਕਾਰ ਨੂੰ ਆਪਣੀ ਰਿਪੋਰਟ ਦੇਣੀ ਸੀ। ਜਦ ਸਾਈਮਨ ਕਮਿਸ਼ਨ ਲਾਹੌਰ ਪੁੱਜਾ ਤਾਂ ਇਸ ਦਾ ਵਿਰੋਧ ਲਾਲਾ ਲਾਜਪਤ ਰਾਏ ਤੇ ਭਗਤ ਸਿੰਘ ਹੁਰਾਂ ਦੀ ਪਾਰਟੀ ਨੇ ਸ਼ਾਂਤਮਈ ਢੰਗ ਨਾਲ ਜਲੂਸ ਦੀ ਸ਼ਕਲ ਵਿਚ ਪਰੋਟੈਸਟ ਕੀਤਾ। ਪਰ ਪੁਲੀਸ ਨੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ। ਲਾਠੀਆਂ ਨਾਲ ਅਨੇਕਾਂ ਜ਼ਖ਼ਮੀ ਹੋਏ, ਲਾਲਾ ਲਾਜਪਤ ਰਾਏ ਵੀ ਕੁਝ ਜ਼ਖ਼ਮੀ ਹੋਇਆ। ਪਰ ਕੁਝ ਚਿਰ ਬਾਦ ਬਿਮਾਰੀ ਦੇ ਕਾਰਣ ਉਸ ਦਾ ਦੇਹਾਂਤ ਹੋ ਗਿਆ। ਬੇਗੁਨਾਹਾਂ ਤੇ ਚਲਾਈਆਂ ਲਾਠੀਆਂ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਪੁਲੀਸ ਕਪਤਾਨ ਮਿਸਟਰ ਸਕਾਟ ਨੂੰ ਸੂਟ ਕਰਨ ਦੀ ਠਾਣ ਲਈ ਪਰ ਗਲਤੀ ਨਾਲ ਮਿਸਟਰ ਸਕਾਟ ਦੀ ਥਾਂ ਉਸ ਦਾ ਸਹਾਇਕ ਜੇ.ਪੀ.ਸਾਂਡਰਸ ਰਾਜਗੁਰੂ ਦੀ ਗੋਲੀ ਨਾਲ ਢੇਰੀ ਹੋ ਗਿਆ। ਭਗਤ ਸਿੰਘ ਨੇ ਵੀ ਪਿਤਸੋਲ ਨਾਲ ਫਾਇਰ ਕੀਤਾ। ਬਾਦ ਵਿਚ ਪੁਲੀਸ ਹੌਲਦਾਰ ਚੰਨਣ ਸਿੰਘ ਨੇ ਭਗਤ ਸਿੰਘ ਹੁਰਾਂ ਤੇ ਗੋਲੀ ਚਲਾਈ ਪਰ ਚੰਦਰ ਸ਼ੇਖਰ ਦੀ ਗੋਲੀ ਨਾਲ ਉਹ ਮਾਰਿਆ ਗਿਆ। 

ਸਭ ਪਾਸੇ ਹਫੜਾ-ਦਫੜੀ ਪੈ ਗਈ। ਪੁਲੀਸ ਨੇ ਇਕ ਸਿੱਖ ਨੌਜੁਆਨ ਪੱਗੜੀ ਵਾਲਾ ਜੋ ਭਗਤ ਸਿੰਘ ਸੀ ਉਸ ਨੂੰ ਵੇਖਿਆ। ਭਗਤ ਸਿੰਘ ਦੇ ਸਾਥੀਆਂ ਨੇ ਸਲਾਹ ਕੀਤੀ ਕਿ ਸਿੱਖ ਪਗੜੀ ਕਰਕੇ ਭਗਤ ਸਿੰਘ ਨੂੰ ਉਨ੍ਹਾਂ ਪਛਾਣ ਲੈਣਾ ਹੈ ਕਿਉਂ ਨਾ ਭੇਸ ਬਦਲ ਕੇ ਭਗਤ ਸਿੰਘ ਨੂੰ ਬਾਹਰ ਕਲਕੱਤਾ ਭੇਜ ਦਿੱਤਾ ਜਾਵੇ। ਇਸੇ ਤਰ੍ਹਾਂ ਕੀਤਾ ਗਿਆ। ਦੋਸਤਾਂ ਦੇ ਮਜ਼ਬੂਰ ਕਰਨ ‘ਤੇ ਭਗਤ ਸਿੰਘ ਨੇ ਹੈਟ ਤੇ ਮੁੱਛਾਂ ਰੱਖੀਆਂ ਤੇ ਆਪਣੇ ਦੋਸਤ ਸਾਥੀ ਭਗੌਤੀ ਚਰਣ ਦੀ ਸੁਪਤਨੀ ਦੁਰਗਾ ਦੇਵੀ ਨੂੰ ਨਾਲ ਲਿਆ ਤਾਂ ਜੋ ਕੋਈ ਉਸ ਤੇ ਸ਼ੱਕ ਨਾ ਕਰੋ। ਇਸ ਤਰ੍ਹਾਂ ਭਗਤ ਸਿੰਘ ਆਪਣਾ ਭੇਸ ਬਦਲਕੇ ਕਲਕੱਤੇ ਨੂੰ ਨਿਕਲ ਗਿਆ। ਪੰਜਾਬ ਛੱਡਕੇ ਭਗਤ ਸਿੰਘ ਉਤਰ ਪ੍ਰਦੇਸ਼, ਕਲਕੱਤੇ ਆਦਿ ਇਲਾਕਿਆਂ ਅੰਦਰ ਭੇਸ ਬਦਲਕੇ ਵਿਚਰਦਾ ਰਿਹਾ। ਫਿਰ ਚੰਦਰ ਸ਼ੇਖਰ ਆਜ਼ਾਦ ਦੇ ਕਹਿਣ ‘ਤੇ ਦਿੱਲੀ ਪਹੁੰਚ ਗਿਆ। ਦਿੱਲੀ ਅਸੈਂਬਲੀ ਹਾਲ ਵਿਚ ‘ਟ੍ਰੇਡ ਡਿਸਪਿਊਟਸ’ ਤੇ ‘ਪਬਲਿਕ ਸੇਫਟੀ’ ਦੇ ਬਿਲ ਪਾਸ ਹੋਣੇ ਸਨ। ਇਸ ਨਾਲ ਭਾਰਤ ਅੰਦਰ ਉਭਰ ਰਹੀਆਂ ਲਹਿਰਾਂ ਨੂੰ ਹੋਰ ਵੀ ਪਹਿਲਾਂ ਨਾਲੋਂ ਕੁੱਚਲਣਾ ਸੀ। ਪਰ ਲੋਕਾਂ ਨੂੰ ਅੰਗਰੇਜ਼ ਸਰਕਾਰ ਕਹਿੰਦੀ ਸੀ ਕਿ ਇਨ੍ਹਾਂ ਬਿੱਲਾਂ ਰਾਹੀਂ ਜਨਤਾ ਦੀ ਜਾਨ ਤੇ ਮਾਲ ਵੀ ਬਚ ਜਾਣਗੇ। ਪਰ ਜਨਤਾ ਨਹੀਂ ਸੀ ਚਾਹੁੰਦੀ ਕਿ ਇਹ ਬਿਲ ਪਾਸ ਹੋਣ । ਭਗਤ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਹੁਰੀਂ ਸਲਾਹ ਕੀਤੀ ਕਿ ਅਸੈਂਬਲੀ ਹਾਲ ਅੰਦਰ ਬੰਬ ਸੁੱਟਿਆ ਜਾਏ ਤੇ ਨਾਲ ‘ਇਨਕਲਾਬ ਜ਼ਿੰਦਾਬਾਦ’ ਦੇ ਨਾਹਰੇ ਲਾਏ ਜਾਣ ਤਾਂ ਜੋ ਅੰਗਰੇਜ਼ ਸਰਕਾਰ ਨੂੰ ਪਤਾ ਲੱਗ ਜਾਏ ਕਿ ਭਾਰਤ ਹੁਣ ਜਾਗ ਉੱਠਿਆ ਹੈ ਤੇ ਉਹ ਹੁਣ ਅੱਤਿਆਚਾਰ, ਜ਼ੁਲਮ, ਤਸ਼ੱਦਦ ਤੇ ਲੁੱਟ ਖਸੁੱਟ ਨਹੀਂ ਬਰਦਾਸ਼ਤ ਕਰੇਗਾ। ਨਾਲੇ ਅਸੈਂਬਲੀ ਹਾਲ ਵਿਚ ਬੰਬ ਸੁੱਟਣ ਨਾਲ ਸੰਸਾਰ ਭਰ ਅੰਦਰ, ਖਾਸ ਕਰਕੇ ਇੰਗਲੈਂਡ ਵਿਚ ਬੈਠੇ ਗੋਰਿਆਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਭਾਰਤ ਹੁਣ ਬਹੁਤਾ ਚਿਰ ਗੁਲਾਮ ਨਹੀਂ ਰਹੇਗਾ ਤੇ ਲੋਕ ਹੁਣ ਉਥੋਂ ਦੇ ਜਾਗ ਚੁੱਕੇ ਹਨ। ਮਿੱਥੀ ਗਈ ਸਕੀਮ ਅਨੁਸਾਰ ਭਗਤ ਸਿੰਘ ਤੇ ਬੀ.ਕੇ. ਦੱਤ ਅਸੈਂਬਲੀ ਹਾਲ ਵਿਚ ਬੰਬ ਸੁੱਟਣ ਲਈ ਤਿਆਰ ਕੀਤੇ ਗਏ। ਔਖੇ ਸੌਖੇ ਦੋਨੋਂ ਅਸੈਂਬਲੀ ਹਾਲ ਅੰਦਰ ਪਹੁੰਚ ਗਏ ਤੇ ਦਰਸ਼ਕਾਂ ਦੇ ਰੂਪ ਵਿਚ ਬੈਠ ਗਏ। ਜਦ 9 ਅਪ੍ਰੈਲ 1929 ਈ. ਨੂੰ ਬਿੱਲ ਪੇਸ਼ ਹੋਏ ਤਾਂ ਸਰ ਜਾਰਜ ਨੇ ਤਕਰੀਰ ਕਰਨੀ ਸ਼ੁਰੂ ਕੀਤੀ। ਉਹ ਦੱਸਣਾ ਤਾਂ ਇਹ ਚਾਹੁੰਦਾ ਸੀ ਕਿ ਇਨ੍ਹਾਂ ਬਿੱਲਾਂ ਰਾਹੀਂ ਚੋਰੀਆਂ, ਡਕੈਤੀਆਂ, ਕਤਲ, ਮਾਰਧਾੜ ਜੋ ਹੋ ਰਹੀ ਹੈ ਉਹ ਫਿਰ ਹੱਟ ਜਾਏਗੀ। ਵਪਾਰਕ ਝਗੜਾ ਵੀ ਠੀਕ ਹੋ ਜਾਵੇਗਾ। ਜਨਤਾ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਸੁਖੀ ਵਸੇਗੀ, ਇਹ ਦੱਸਣਾ ਚਾਹੁੰਦਾ ਸੀ। ਪਰ ਅੰਗਰੇਜ਼ ਸਰਕਾਰ ਦੀ ਲੁੱਟ-ਖਸੁੱਟ ਨੂੰ ਕੌਣ ਨਹੀਂ ਸੀ ਜਾਣਦਾ, ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੇ ਹਿੰਦੂ ਮੁਸਲਮਾਨ ਭਾਈਚਾਰੇ ਨੂੰ ਮਜ੍ਹਬ ਦਾ ਰੰਗ ਦੇਕੇ ਇਨ੍ਹਾਂ ਨੇ ਆਪਸ ਵਿਚ ਭਿੜਵਾ ਦਿੱਤਾ ਸੀ। ਹੁਣ ਜਦ ਆਜ਼ਾਦੀ ਲਈ ਹਿੰਦੂ, ਮੁਸਲਮਾਨ ਤੇ ਸਿੱਖ ਸਾਰੇ ਇਕ ਪਲੇਟਫਾਰਮ ਤੇ ਇੱਕਠੇ ਹੋਏ ਤਾਂ ਇਨ੍ਹਾਂ ਤੋਂ ਝੱਲ ਨਾ ਹੋਇਆ।ਇਨ੍ਹਾਂ ਨੇ ਇਸ ‘ਪਬਲਿਕ ਸੇਫਟੀ’ ਵਰਗੇ ਬਿਲਾਂ ਦਾ ਨਾਮ ਦੇ ਕੇ ਜਨਤਾ ਨੂੰ ਹੋਰ ਕੁੱਚਲਣਾ ਸੀ। ਹਿੰਦੋਸਤਾਨ ਜਾਗ ਚੁੱਕਾ ਸੀ। ਉਹ ਅੰਗਰੇਜ਼ ਸਰਕਾਰ ਦੀ ਨੀਤੀ ਨੂੰ ਜਾਣਦਾ ਸੀ ਤਾਂਹੀ ਤਾਂ ਕਾਲੀਆਂ ਝੰਡੀਆਂ ਲਾ ਕੇ ਜਨਤਾ ਨੇ ਨਾਹਰੇ ਲਾਏ ਸੀ ‘ਸਾਈਮਨ ਵਾਪਸ ਜਾਉ ਭਾਰਤ ਹੁਣ ਜਾਗ ਉੱਠਾ ਹੈ’। 

ਸਰ ਜਾਰਜ਼ ਦੇ ਤਕਰੀਰ ਕਰਦੇ ਸਮੇਂ ਭਗਤ ਸਿੰਘ ਨੂੰ ਬੀ.ਕੇ. ਦੱਤ ਨੇ ਬੰਬ ਸੁੱਟਣ ਦਾ ਇਸ਼ਾਰਾ ਕੀਤਾ। ਭਗਤ ਸਿੰਘ ਨੇ ਬੰਬ ਸਰ ਜਾਰਜ਼ ਦੀ ਕੁਰਸੀ ਦੇ ਬਿਲਕੁਲ ਨੇੜ੍ਹੇ ਸੁੱਟਿਆ।ਭਗਤ ਸਿੰਘ ਦਾ ਕਿਸੇ ਦੀ ਹੱਤਿਆ ਕਰਨ ਦਾ ਕੋਈ ਇਰਾਦਾ ਨਹੀਂ ਸੀ। ਬੰਬ ਫੱਟਣ ਸਾਰ ਹੀ ਅਸੈਂਬਲੀ ਹਾਲ ਵਿਚ ਚੀਕ ਚਿਹਾੜਾ ਪੈ ਗਿਆ। ਧੂਏ ਨਾਲ ਸਾਰਾ ਅਸੈਂਬਲੀ ਹਾਲ ਭਰ ਗਿਆ। ਕੁਝ ਅਸੈਂਬਲੀ ਮੈਂਬਰ ਤਾਂ ਕੁਰਸੀਆਂ ਥੱਲੇ ਵੜ੍ਹ ਗਏ, ਇਸ ਕਰਕੇ ਕਿ ਹੁਣ ਕਿਧਰੇ ਗੋਲੀਆਂ ਹੀ ਨਾ ਚੱਲਣ ਲੱਗ ਪੈਣ। ਭਗਤ ਸਿੰਘ ਤੇ ਬੀ.ਕੇ.ਦੱਤ ਕੋਲ ਰਿਵਾਲਵਰ ਤਾਂ ਸਨ ਪਰ ਉਨ੍ਹਾਂ ਦਾ ਇਰਾਦਾ ਕਿਸੇ ਦੀ ਜਾਨ ਲੈਣ ਦਾ ਨਹੀਂ ਸੀ। ਸਿਰਫ ਅੰਗਰੇਜ਼ ਸਰਕਾਰ ਨੂੰ ਬੰਬ ਰਾਹੀਂ ਦੱਸਣਾ ਸੀ ਕਿ ਆਪਣੀਆਂ ਹੁਣ ਲੂੰਬੜ ਚਾਲਾਂ ਨੂੰ ਬੰਦ ਕਰੋ ਤੇ ਇੰਗਲੈਂਡ ਦਾ ਰਾਹ ਫੜੇ, ਭਾਰਤ ਸਾਡਾ ਹੈ। 

ਅਸੈਂਬਲੀ ਹਾਲ ਵਿਚ ਹੌਲੀ ਹੌਲੀ ਰੌਲਾ ਰੱਪਾ ਬੰਦ ਹੋ ਗਿਆ। ਭਗਤ ਸਿੰਘ ਤੇ ਬੀ.ਕੇ. ਦੱਤ ਕਿਧਰੇ ਨੱਸੇ ਨਹੀਂ। ਇਕ ਥਾਂ ਤੇ ਹੀ ‘ਇਲਕਲਾਬ ਜ਼ਿੰਦਾਬਾਦ’ ਦੇ ਨਾਹਰੇ ਲਾ ਰਹੇ ਸਨ ਤੇ ਕੁਝ ਕੁ ਪਰਚੇ ਵੀ ਅਸੈਂਬਲੀ ਹਾਲ ਵਿਚ ਸੁੱਟ ਰਹੇ ਸਨ ਕਿ ਹੁਣ ਭਾਰਤ ਜਾਗ ਉਠਾ ਹੈ ਤੁਸੀਂ ਆਪਣੇ ਇਹੋ ਜਿਹੇ ਬਿੱਲਾਂ ਦਾ ਢੋਂਗ ਬੰਦ ਕਰੋ। 

ਅਖ਼ੀਰ ਭਗਤ ਸਿੰਘ ਦੇ ਬੀ.ਕੇ. ਦੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੰਬ ਕੇਸ ਪਰ ਮੁਕੱਦਮਾ ਚਲਾਇਆ ਗਿਆ। ਜਿਸ ਵਿਚ ਭਗਤ ਸਿੰਘ ਤੇ ਬੀ.ਕੇ. ਦੱਤ ਨੂੰ ਉਮਰ ਕੈਦ ਹੋਈ। ਦੂਜਾ “ਲਾਹੌਰ ਸਾਜ਼ਿਸ” ਕੇਸ ਜੋ ਮਿਸਟਰ ਜੇ.ਪੀ. ਸਾਂਡਰਸ ਦੇ ਕਤਲ ਦਾ ਸੀ ਉਸ ਦਾ ਫੈਸਲਾ ਹੋਇਆ ਜਿਸ ਵਿਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਹੋਈ। 

ਕੈਦ ਵਿਚ ਭਗਤ ਸਿੰਘ, ਬੀ.ਕੇ. ਦੱਤ ਤੇ ਜਤਿੰਦਰ ਦਾਸ ਤੇ ਹੋਰ ਅਨੇਕਾਂ ਨੇ ਦੁੱਖ ਦਰਿੰਦਰ ਝੱਲੇ । ਜੇਲ੍ਹ ਸੁਧਾਰ ਲਈ ਜੇਲ੍ਹ ਅੰਦਰ ਭੁੱਖ ਹੜਤਾਲ ਹੋਈ, ਖਾਣਾ ਸੁੱਕੀਆਂ ਰੋਟੀਆਂ ਸਨ, ਜਿਨ੍ਹਾਂ ਵਿਚ ਰੋੜੇ ਕੰਕਰ ਪਏ ਹੋਏ ਸਨ। ਪਾਣੀ ਪੀਣ ਨੂੰ ਨਾ ਦਿੱਤਾ ਜਾਂਦਾ, ਜ਼ੇਲ ਵਾਲਿਆਂ ਨੂੰ ਕੁੱਟਿਆ ਮਾਰਿਆ ਵੀ ਜਾਂਦਾ। ਭਗਤ ਸਿੰਘ ਤੇ ਉਸ ਦੇ ਸਾਥੀ ਭੁੱਖ ਹੜਤਾਲ ਕਾਰਨ ਬਹੁਤ ਕਮਜ਼ੋਰ ਹੋ ਗਏ ਸਨ। ਪਰ ਆਤਮਾ ਉਨ੍ਹਾਂ ਦੀ ਬਹੁਤ ਬਲਵਾਨ ਚੜ੍ਹਦੀ ਕਲਾ ਵਿਚ ਸੀ। ਅਖ਼ੀਰ ਭਗਤ ਸਿੰਘ ਹੁਰਾਂ ਦੀਆਂ ਸ਼ਰਤਾਂ ਅੱਗੇ ਜੇਲ੍ਹ ਅਧਿਕਾਰੀਆਂ ਨੂੰ ਝੁੱਕਣਾ ਹੀ ਪਿਆ। ਭਗਤ ਸਿੰਘ ਹੁਰਾਂ ਦਾ ਇਕ ਸਾਥੀ ਚੰਦਰ ਸ਼ੇਖਰ ਆਜ਼ਾਦ 27 ਫਰਵਰੀ 1931 ਨੂੰ ਅਲਾਹਾਬਾਦ ਦੀ ਇਕ ਪਾਰਕ ਅੰਦਰ ਪੁਲੀਸ ਨਾਲ ਟੱਕਰ ਲੈਂਦਾ ਹੋਇਆ ਸ਼ਹੀਦ ਹੋ ਗਿਆ। ਅਖ਼ੀਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਇਕ ਦਿਨ ਪਹਿਲਾਂ ਹੀ 23 ਮਾਰਚ 1931 ਈ. ਨੂੰ ਰਾਤ ਦੇ ਸਮੇਂ ਫਾਂਸੀ ਦਿੱਤੀ ਗਈ। ਇਨ੍ਹਾਂ ਦੇਸ਼ ਭਗਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਨਹੀਂ ਕੀਤਾ ਬਲਕਿ ਪੁਲੀਸ ਨੇ ਰਾਤੋ ਰਾਤ ਸਤਲੁਜ ਦਰਿਆ ਦੇ ਕੰਡੇ ਸੰਸਕਾਰ ਕਰ ਦਿੱਤਾ। ਪਰ ਉਨ੍ਹਾਂ ਦੇ ਸ਼ਹੀਦੀ ਖੂਨ ਨੇ ਭਾਰਤ ਦੀ ਤਕਦੀਰ ਹੀ ਬਦਲ ਦਿੱਤੀ। ਤਦ ਹੀ ਕਿਸੇ ਕਵੀ ਨੇ ਕਿਹਾ ਹੈ ਕਿ- “ਜਦ ਡੁਲ੍ਹੇ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ”। ਸ਼ਹੀਦ ਭਗਤ ਸਿੰਘ ਦਾ ਪਰਵਾਰ ਤੇ ਹੋਰ ਅਨੇਕਾਂ ਲੋਕ ਭਗਤ ਸਿੰਘ ਹੁਰਾਂ ਨੂੰ ਜੇਲ੍ਹ ਅੰਦਰ ਮਿਲਣ ਆਏ ਸਨ । ਭਗਤ ਸਿੰਘ ਦਾ ਸਕਾ ਮਾਮਾ ਸੁੰਦਰ ਸਿੰਘ ਰਾਏ ਮੋਰਾਂਵਾਲੀ ਵੀ ਕਈ ਗੁਰਸਿੱਖਾਂ ਨੂੰ ਨਾਲ ਲੈ ਕੇ ਆਖਰੀ ਵਾਰ ਭਗਤ ਸਿੰਘ ਨੂੰ ਲਾਹੌਰ ਜੇਲ੍ਹ ਵਿਚ ਮਿਲਣ ਆਇਆ ਸੀ। ਅਫ਼ਸੋਸ ਇੱਥੇ ਆਕੇ ਸਾਰਿਆਂ ਨੂੰ ਪਤਾ ਲੱਗਾ ਕਿ ਰਾਤ ਨੂੰ ਹੀ 23 ਮਾਰਚ 1931 ਈ. ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤਿੰਨਾ ਦੇਸ਼ ਭਗਤਾਂ ਨੂੰ ਫਾਂਸੀ ਲਾ ਦਿੱਤੀ ਗਈ ਹੈ। ਭਗਤ ਸਿੰਘ ਦੀ ਜ਼ਬਾਨ ਤੇ ਰਾਮ ਪ੍ਰਸਾਦਿ ਬਿਸਮਿਲ ਦੀ ਇਹ ਗਜ਼ਲ ਸਦਾ ਗੁਨਗੁਨਾਉਂਦੀ ਰਹਿੰਦੀ ਸੀ। 

ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।

ਦੇਖਨਾ ਹੈ ਜ਼ੋਰ ਕਿਤਨਾ ਬਾਜ਼ੁਏ ਕਾਤਿਲ ਮੇਂ ਹੈ। 

(ਦੇਸ਼ ਭਗਤ ਸ਼ਹੀਦ ਰਾਮ ਪ੍ਰਸਾਦਿ ਬਿਸਮਿਲ) 

ਸ਼ਹੀਦ ਭਗਤ ਸਿੰਘ ਜੀ ਦੇ ਭਰਾ ਸ. ਕੁਲਤਾਰ ਸਿੰਘ ਜੀ ਨੂੰ ਦਾਸ ਲੇਖਕ ਜਦ ਸਹਾਰਨਪੁਰ ਵਿਚ 5-2-2000 ਈ. ਨੂੰ ਮਿਲਿਆ ਤਾਂ ਦਾਸ ਨੇ ਸ. ਕੁਲਤਾਰ ਸਿੰਘ ਜੀ ਨੂੰ ਪੁੱਛਿਆ ਕਿ ਭਗਤ ਸਿੰਘ ਨੂੰ ਭਾਰਤ ਆਜ਼ਾਦ ਕਰਵਾਉਣ ਦੀ ਪ੍ਰੇਰਨਾ ਕਿੱਥੋਂ ਮਿਲੀ। ਤਾਂ ਉਨ੍ਹਾਂ ਦਾਸ ਨੂੰ ਦੱਸਿਆ ਕਿ ਗੱਦਰੀ ਬਾਬਿਆਂ ਦੀਆਂ ਕੁਰਬਾਨੀਆਂ ਤੋਂ, ਕਰਤਾਰ ਸਿੰਘ ਸਰਾਭੇ ਦੀ ਫੋਟੋ ਤਾਂ ਭਗਤ ਸਿੰਘ ਜੀ ਕੋਲ ਸਦਾ ਰਹਿੰਦੀ ਸੀ। ਜਦ ਕਰਤਾਰ ਸਿੰਘ ਸਰਾਭੇ ਨੂੰ 19 ਕੁ ਸਾਲ ਦੀ ਉਮਰ ਵਿਚ ਲਾਹੌਰ ਫਾਂਸੀ ਤੇ ਟੰਗਿਆ ਗਿਆ ਤਾਂ ਦੇਸ਼ ਵਿਚ ਹਾਹਾਕਾਰ ਮੱਚ ਗਿਆ ਸੀ। ਭਗਤ ਸਿੰਘ ਦੀ ਉਮਰ ਭਾਵੇਂ ਉਸ ਸਮੇਂ 8 ਕੁ ਸਾਲ ਦੀ ਸੀ। ਉਸਦੇ ਮਨ ਤੇ ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ। ਜਾਂ ਇਸ ਤਰ੍ਹਾਂ ਕਹਿ ਲਉ ਕਰਤਾਰ ਸਿੰਘ ਸਰਾਭੇ ਦਾ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸਪਨੇ ਨੂੰ ਪੂਰਾ ਕਰਨ ਲਈ ਭਗਤ ਸਿੰਘ ਅੱਗੇ ਹੋਕੇ ਤੁਰਿਆ। ਭਗਤ ਸਿੰਘ ਨੇ ਕਰਤਾਰ ਸਿੰਘ ਸਰਾਭੇ ਨੂੰ ਜ਼ਿੰਦਗੀ ਭਰ ਆਪਣਾ ਆਦਰਸ਼ ਮੰਨਿਆ। ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਤੋਂ ਬਾਦ 13 ਅਪ੍ਰੈਲ ਵੈਸਾਖੀ 1919 ਈ. ਨੂੰ ਜਲ੍ਹਿਆਂ ਵਾਲੇ ਬਾਗ਼ ਦਾ ਖ਼ੂਨੀ ਸਾਕਾ ਹੋਇਆ। ਇਸ ਨੇ ਵੀ ਭਗਤ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ। ਭਾਵੇਂ ਉਸ ਸਮੇਂ ਵੀ ਅਜੇ ਭਗਤ ਸਿੰਘ ਦੀ ਉਮਰ 12 ਕੁ ਸਾਲ ਦੀ ਸੀ। ਫਿਰ ਗੁਰਦੁਆਰਾ ਸੁਧਾਰ ਲਹਿਰ ਚੱਲੀ। ਸਿੱਖਾਂ ਨੇ ਮੋਰਚੇ ਲਾਏ, ਸਿੱਖ ਜੱਥਿਆਂ ਤੇ ਪੁਲੀਸ ਨੇ ਬਹੁਤ ਤਸ਼ੱਦਦ ਕੀਤਾ। ਇਹ ਸਭ ਕੁਝ ਭਗਤ ਸਿੰਘ ਨੇ ਆਪਣੀ ਅੱਖੀਂ ਦੇਖਿਆ। ਇਨ੍ਹਾਂ ਉਪਰੋਕਤ ਸਾਰੀਆਂ ਦੁਰਘਟਨਾਵਾਂ ਦਾ ਭਗਤ ਸਿੰਘ ਤੇ ਅਸਰ ਪੈਂਦਾ ਗਿਆ ਤੇ ਅਖ਼ੀਰ ਉਸਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਠਾਣ ਲਈ। ਇਹੀ ਉਸ ਦੀ ਜ਼ਿੰਦਗੀ ਦਾ ਇਕ ਮਕਸਦ ਰਹਿ ਗਿਆ ਸੀ। ਇਕ ਸੁਪਨਾ ਰਹਿ ਗਿਆ ਸੀ ਜੋਕਿ ਉਸ ਦੀ ਸ਼ਹੀਦੀ ਤੋਂ ਬਾਦ 1947 ਨੂੰ ਪੂਰਾ ਹੋਇਆ। * 

ਜੀਊਂਦੇ ਜੀ ਭਗਤ ਸਿੰਘ ਜੀ ਦੀ ਜ਼ਬਾਨ ਤੇ ਸਦਾ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਇਹ ਸ਼ਿਅਰ ਗੁਣਗੁਣਾਉਂਦਾ ਸੀ: 

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, 

ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।

ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ।

ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ। 

ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ 

ਪਿੰਡ ਮੋਰਾਂਵਾਲੀ ਦੇ ਬਜ਼ੁਰਗਾਂ ਦੇ ਨਾਮ ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਆਪਣਾ ਯੋਗਦਾਨ ਹਿੱਸਾ ਪਾਇਆ 

ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕਾ ਬਾਗ਼, ਜੈਤੋ ਕਾ ਮੋਰਚਾ, ਭਾਈ ਫੇਰੂ ਦਾ ਮੋਰਚਾ ਤੇ ਬੱਬਰ ਅਕਾਲੀ ਲਹਿਰ ਇਨ੍ਹਾਂ ਸਾਰੀਆਂ ਲਹਿਰਾਂ ਵਿਚ ਸੰਸਾਰ ਭਰ ਦੇ ਸਿੱਖਾਂ ਨੇ ਆਕੇ ਭਾਗ ਲਿਆ। ਪਿੰਡ ਮੋਰਾਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੁਰਸਿੱਖ ਇਨ੍ਹਾਂ ਲਹਿਰਾਂ ਅੰਦਰ ਸ਼ਾਮਲ ਸਨ। ਕਈਆਂ ਨੂੰ ਸਖ਼ਤ ਸਜ਼ਾਵਾਂ ਵੀ ਹੋਈਆਂ, ਕਈ ਜ਼ਖ਼ਮੀ ਵੀ ਹੋਏ ਤੇ ਕਈ ਬਾਦ ਵਿਚ ਅਕਾਲ ਚਲਾਣਾ ਵੀ ਕਰ ਗਏ। ਆਜ਼ਾਦ ਹਿੰਦ ਫ਼ੌਜ ਵਿਚ ਵੀ ਕਈ ਮੋਰਾਂਵਾਲੀ ਦੇ ਬਜ਼ੁਰਗਾਂ ਨੇ ਹਿੱਸਾ ਪਾਇਆ। ਫੌਜਾ ਸਿੰਘ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਵਾਲਿਆਂ रोश्रो र प्रमड “Who’s who, Punjab Freedom Fighters” ਅੰਦਰ ਪਿੰਡ ਮੋਰਾਂਵਾਲੀ ਦੇ ਬਜ਼ੁਰਗਾਂ ਦਾ ਵੀ ਸੰਘਰਸ਼ ਭਰਿਆ ਇਤਿਹਾਸ ਦਰਜ਼ ਹੈ ਜੋ ਕਿ ਇਸ ਪੁਸਤਕ “ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਂਵਾਲੀ’ ਦਾ ਗੌਰਵਮਈ ਇਤਿਹਾਸ” ਨੂੰ ਸਿਰੇ ਚਾੜ੍ਹਨ ਵਿਚ ਕਾਫੀ ਮਦਦਗਾਰ ਬਣੀਆਂ। ਦਾਸ ਫੌਜਾ ਸਿੰਘ ਜੀ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਬਹਾਦਰ, ਸੂਰਬੀਰ, ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਦੋ ਪੁਸਤਕਾਂ ‘Who’s who, Punjab Freedom Fighters’ ਅੰਦਰ ਦਰਜ਼ ਕਰ ਦਿੱਤਾ ਹੈ ਜਿਨ੍ਹਾਂ ਤੋਂ ਆਉਣ ਵਾਲੇ ਲੇਖਕ ਵੀ ਸੇਧ ਲੈਂਦੇ ਰਹਿਣਗੇ। ਪਿੰਡ ਮੋਰਾਂਵਾਲੀ ਦੇ ਉਨ੍ਹਾਂ ਹੀ ਬਜ਼ੁਰਗਾਂ ਦੇ ਨਾਂ ਇਸ ਪੁਸਤਕ ਅੰਦਰ ਦਰਜ਼ ਕੀਤੇ ਗਏ ਹਨ ਜਿਨ੍ਹਾਂ ਦੇ ਪੂਰੇ ਪਰੂਫ ਅਨੁਸਾਰ ਰਜਿਸਟਰ ਵਿਚ ਨਾਂ ਦਰਜ ਹਨ। ਸਿੱਖ ਸੰਘਰਸ਼ਾਂ ਵਿਚ ਕੁੱਦਣ ਵਾਲੇ ਪਿੰਡ ਮੋਰਾਵਾਲੀ ਦੇ ਗੁਰਸਿਖਾਂ ਦੇ ਨਾਂ ਇਸ ਤਰ੍ਹਾਂ ਦਰਜ ਹਨ। ਹੇਠਲਾ ਗੁਰਸਿੱਖ ਅਮਰ ਸਿੰਘ ਸ. ਕਰਤਾਰ ਸਿੰਘ ਸਰਾਭੇ ਨਾਲ ਵੀ ਰਿਹਾ ਸੀ। 

  1. Amar Singh: P. Deva Singh; b.V. Moranwali, dt, Hoshiarpur, returned to India from Vancouver by Tosamaru in 1914. Wasinterned for some time under ordinance V of 1914. 

(Who’s who, Punjab Freedom Fighters’ Page 25, Volume First, Fauja Singh Panjab University, Patiala) 

  1. Baldev Singh: P. Jarnail Singh; b.V. & P. O. Moranwali, dt. Hoshiarpur, delivered anti-Govt. Speeches at Anandpur Sahib; suffered imprisonment for 4 montlis. 

(Who’s who Punjab Freedom Fighters; Page 123, Volume First) 

  1. Beant Singh: Rup Singh; b. V. & P.O. Moranwali, Teh. Garshankar, dt. Hoshiarpur; ed, Literate; occ Agriculture; contributed Rs. 1500/- To The I.N.A. Fund and bought one Photo of Neta Ji for Rs. 500/-; served I.N.A. from 1942 to 1945. 

(Who’s who Punjab Freedom Fighters; Page 162, Volume First) 

  1. Bir Singh: P. Dhera Singh and Gabo. b. 1900, V. Moranwali Teh. Garshankar, dt. Hoshiarpur, ed. Literate, Suffered imprisonment for 15 months, (R.I) and 3 months (S.1) remained in Multan and Jullundur Jails.d. March 1953. 

(Who’s who Punjab Freedom Fighters; Page 225, Volume First) 

  1. Dalip Singh: P. Chanda Singh b. 12 1897, V. Moranwali, dt. Hoshiarpur: ed, Literate; took part in Babar Akali Activities and Guru Ka Bagh Morcha; suffered 2½ months and 11 months imprisonment respectively; served as editor of ‘Desh Sewak’ Jullandar was arrested under Press Act. underwent 3 years R.I; Kept in Montgomery. 

(Who’s who Punjab Freedom Fighters; Page 308, Volume First) 

  1. Gian Singh: P. Basant Singh; b. 1906 V. Moranwali, T. Garshankar, dt. Hoshiarpur; took part in Jaito Morcha: was arrested in 1924 for 21/2 years in Bhai Pheru Morcha: underwent 3 months R.I. in 1922; remained in Multan and Lahore jails. 

(Who’s who Punjab Freedom Fighters; Page 428, Volume First) 

  1. Gujjar Singh: P. Partap Singh; b. 1898 V. Moranwali T. Garshankar dt. Hoshiarpur; occ. Agriculture; took part in Babar Akali Movement in 1922, underwent 3 months R.I. in Rohtak Jail. 

(Who’s who Punjab Freedom Fighters; Page 448, Volume First) 

  1. Harbans Singh: P. Bhagwan Singh; b.v. & P.O. Moranwali, T. Grarhankar, dt. Hoshiarpur; occ. Labour; served I.A. as NK; joined I.N.A. in 1942 and served up to 1945; fought action on the Burma Front. 

(Who’s who Punjab Freedom Fighters; Page 507, Volume First) 

  1. Harnam Singh: P. Ishar Singh; b. 1888 V. Moranwali; T. Garshankar, dt. Hoshiarpur; took part in Guru Ka Bagh Morcha; was imprisoned for 2½ years (R.I) in Lahore Jail; Participated in Jaito and Bhai Pheru Morchas; was given severe beating. 

(Who’s who Punjab Freedom Fighters; Page 546, Volume First) 

  1. Labh Singh: P. Wadhwa Singh; V. Moranwali, T. Garshankar, dt. Hoshiarpur, took part in Jaito Morcha; suffered 1½ years imprisonment in Nabha Jail subjected to brutal tortures in jail died soon after his release. 

(Who’s who Punjab Freedom Fighters; Page 168, Volume Second) 

  1. Mohan Singh: P. Bir Singh; b. 1898; V. Moranwali, T. Garshankar, dt. Hoshiarpur, took part in Akali movement and Babar Akali Movement; under went imprisonment for 6 months in each; remained in Hoshiarpur and Lodhiana Jails. 

(Who’s who Punjab Freedom Fighters; Page 211, Volume Second) 

  1. Mehar Singh; P. Sunder Singh, b. 1886 V. & P.O. Moranwali T. Garshankar, Dt. Hoshiarpur, ed, literate, occ. Agriculture, took part in Babar Akali Activities, sentenced to 2 months R.I.U.S. 108 I.P.C. suffered 4 months detention of distributing anti-Govt. literature; kept in Hoshiarpur and Lodhiana jails. 

(Who’s who Punjab Freedom Fighters; Page 276, Volume Second) 

  1. Milka Singh: P. Uttam Singh; b. 1903, V. & P.O. Moranwali Dt. Hoshiarpur ooc, Agriculture; underwent 8 months R.I. in 1922 U/S 1081 P.C. in Babar Akali Movement. Remained in Rohtak and Jullandar Jails was kept under detention for 3 years. 

(Who’s who Punjab Freedom Fighters; Page 291, Volume Second) 

  1. Mohinder Singh: P. Wasawa Singh; b. 1916, V. P.O. Moranwali, Dt. Hoshiarpur, knows Urdu; occ. Agriculture; jointed I.A. on 13 Oct. 1934 was serving as L/NK; jointed I.N.A. in 1942 and served for 3 years and 3 months wounded in action. (Who’s who Punjab Freedom Fighters; Page 310, Volume Second) 
  2. Phuman Singh: P. Devi Chand: b. 1871, V. P.O. Moranwali, Dt. Hoshiapur, T. Garshankar, ed, literate; took part in N.C.M/ was arrrested U/S 117 A in 1921 sentenced to 6 months R.I; kept under trial for 11/2 years in 1922 for Babar Akali Activities; released on bail for Rs. 2000. Kept in Hoshiarpur and Jullundar jails. 

(Who’s who Punjab Freedom Fighters; Page 440, Volume Second)  

  1. Samund Singh: P. Lal Singh; b.V. Moranwali, Dt. Hoshiapur, ed. literate; took part in Guru Ka Bagh Morcha; suffered imprisonment for 9 months; joined 4th Jatha to Jaito Morcha detained for 1 year, remained in Lahore and Nabha Bir jails. 

(Who’s who Punjab Freedom Fighters; Page 606, Volume Second) 

  1. Udham Singh: P. Maiya Singh; b. 1902 V. & P.O. Moranwali T. Garshankar, Dt. Hoshiarpur: ed. Literate; occ. Service; joined I.A. on 21 Sept. 1925; served assubds joined I.N.A. in 1942 discharged from service on 15 Jan. 1946. 

(Who’s who Punjab Freedom Fighters; Page 835, Volume Second) 

  1. Wattan Singh: P. Nand Singh; b. 1888, V. & P.O. Moranwali, Dt. Hoshiarpur; took part in Guru Ka Bagh Morcha; imprisonment 1922 for 22 years (R.I) in Lahore jail. 

(Who’s who Punjab Freedom Fighters; Page 881, Volume Second)

Key to Abbreviations 

b.v.____Date and village of birth dt._____District Ι.Ν.Α.___Indian National Army L/NK___Lance Naik N.C.M.__Non Commissioned Officer occ.____Occupation P.O.____Post Office P______Parents R.I.____Rigorous Imprisonment T(The)__Tehsil U/S____Under Section                Who’s who Punjab Freedom Fighters Fauja Singh (Punjab University Patiala) 

Above Names are only Freedom Fighters and Brave Sikhs of village Moranwali, Dist. Hoshiarpur. 

ਅੰਗ੍ਰੇਜੀ ਤੋਂ ਪੰਜਾਬੀ ਵਿਚ ਉਪਰਕੋਤ ਹੋ ਚੁੱਕੇ ਮੋਰਾਂਵਾਲੀ ਦੇ ਬਜ਼ੁਰਗਾਂ ਦੇ ਨਾਂ, ਪਤੀਅ ਤੇ ਅੱਲਾਂ ਨੂੰ ਚੰਗੀ ਤਰ੍ਹਾਂ ਹੇਠਾਂ ਸਮਝਾ ਕੇ ਲਿਖਿਆ ਜਾ ਰਿਹਾ ਹੈ ਤਾਂ ਜੋ ਅੰਗ੍ਰੇਜੀ ਨਾ ਸਮਝਣ ਵਾਲੇ ਭੈਣ, ਭਾਈ, ਖਾਸ ਕਰਕੇ ਪਿੰਡ ਮੋਰਾਂਵਾਲੀ ਦੇ ਨਿਵਾਸੀ ਚੰਗੀ ਤਰ੍ਹਾਂ ਆਪਣੇ ਹੋ ਚੁੱਕੇ ਬਜ਼ੁਰਗਾਂ ਦੇ ਸੰਘਰਸ਼ਮਈ ਜੀਵਨ ਤੋਂ ਜਾਣੂ ਹੋ ਸਕਣ, ਜਿਨ੍ਹਾਂ ਬਜ਼ੁਰਗਾਂ ਨੇ ਪਿੰਡ ਮੋਰਾਂਵਾਲੀ ਨੂੰ ਸੰਸਾਰ ਅੰਦਰ ਉਜਾਗਰ ਕੀਤਾ ਹੈ। ਪੱਤੀ ਅੱਲ ਲਿਖਣ ਦਾ ਕਾਰਨ ਇਹੀ ਹੈ ਕਿ ਪਿੰਡ ਮੋਰਾਂਵਾਲੀ ਵੱਡਾ ਪਿੰਡ ਹੋਣ ਕਾਰਨ, ਇਕ ਇਕ ਨਾਂ ਦੇ ਕਈ ਕਈ ਬਜ਼ੁਰਗ ਹੋ ਚੁੱਕੇ ਹਨ, ਨਹੀਂ ਤਾਂ ਸਮਝਣਾਂ ਔਖਾ ਹੋਵੇਗਾ। ਹੇਠਾਂ ਜੋ ਬਜ਼ੁਰਗਾਂ ਦੀਆਂ ਪੱਤੀਆਂ ਤੇ ਕੁਝ ਕੁ ਅੱਲਾਂ ਵਾਰੇ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਇਸ ਤਰ੍ਹਾਂ ਸਾਰਿਆਂ ਦੇ ਨਾਂ ਦਰਜ ਹਨ: 

  1. ਅਮਰ ਸਿੰਘ ਬਲਦ ਦੇਵਾ ਸਿੰਘ ਪੱਤੀ ਹੇਹਰ, ਨਹਿੰਗਾ ਵਿਚੋਂ, ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਇਹ ਵਿੰਨਕੂਵਰ ਤੋਂ 1914 ਈ. ਨੂੰ ਤੋਸ਼ਾ ਮਾਰੂ ਜਹਾਜ਼ ਰਾਹੀਂ ਭਾਰਤ ਆਇਆ ਤੇ ਇਹ ਫੜਿਆ ਗਿਆ। ਫਿਰ ਇਸ ਨੂੰ ਜੇਲ੍ਹ ਹੋਈ। 
  2. ਬਲਦੇਵ ਸਿੰਘ ਬਲਦ ਜਰਨੈਲ ਸਿੰਘ ਪੱਤੀ ਹੇਹਰ, ਗੋਲਾਬ ਸਿੰਘ ਕਿਆਦਾ, ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਇਸ ਨੇ ਗੌਰਮਿੰਟ ਦੇ ਵਿਰੁੱਧ ਆਨੰਦਪੁਰ ਸਾਹਿਬ ਵਿਚ ਸਪੀਚਾਂ ਕੀਤੀਆਂ, ਜਿਸ ਕਰਕੇ ਇਸ ਨੂੰ ਚਾਰ ਮਹੀਨੇ ਕੈਦ ਹੋਈ। 
  3. ਬੇਅੰਤ ਸਿੰਘ ਬਲਦ ਰੂਪ ਸਿਘ ਜੱਟ ਜਿੰਮੀਂਦਾਰ ਬਿਰਾਦਰੀ ਦਾ, 1500 ਰੁਪੈ ਇਸ ਨੇ ਆਜ਼ਾਦ ਫ਼ੌਜ ਨੂੰ ਦਿੱਤੇ, ਇਕ ਫੋਟੋ 500 ਰੁਪੈ ਦੀ ਇਸ ਨੇ ਸੁਭਾਸ਼ ਚੰਦਰ ਬੋਸ ਦੀ ਖਰੀਦੀ। ਇਹੋ ਪੱਤੀ ਵੱਡੇ ਦਰਵਾਜ਼ੇ ਮੋਰਾਂਵਾਲੀ ਦਾ ਹੈ। 1942 ਤੋਂ 1945 ਤਕ I.N.A. ਸਰਵਿਸ ਕਰਦਾ ਰਿਹਾ। 
  4. ਬੀਰ ਸਿੰਘ ਬਲਦ ਢੇਰਾ ਸਿੰਘ ਪਿੰਡ ਮੋਰਾਂਵਾਲੀ, ਜ਼ਿਲ੍ਹਾ ਹੁਸ਼ਿਆਰਪੁਰ। ਜਨਮ 1900 ਈ. ਨੂੰ ਹੋਇਆ। ਇਸ ਨੇ 15 ਮਹੀਨੇ ਇਕ ਤੇ ਤਿੰਨ ਮਹੀਨੇ ਇਕ ਮੁਲਤਾਨ ਤੇ ਜਲੰਧਰ ਵਿਚ ਜੇਲ੍ਹ ਕੱਟੀ। 
  5. ਦਲੀਪ ਸਿੰਘ ਬਲਦ ਚੰਦਾ ਸਿੰਘ ਕਾਫੀ ਪੜ੍ਹਿਆ ਹੋਇਆ ਸੀ। ਇਹ ਵੱਡੇ ਦਰਵਾਜ਼ੇ ਪੱਤੀ ਦਾ ਰਹਿਣ ਵਾਲਾ ਸੀ। ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ, ਝੀਰ ਬਿਰਾਦਰੀ ਦਾ ਸੀ। ਇਸ ਨੇ 1887 ਈ. ਨੂੰ ਬੱਬਰ ਅਕਾਲੀ ਲਹਿਰ ਵਿਚ ਕੰਮ ਕੀਤਾ। ਗੁਰੂ ਦੇ ਬਾਗ਼ ਮੋਰਚੇ ਵਿਚ ਹਿੱਸਾ ਪਾਇਆ । ਇਸ ਨੇ ਢਾਈ ਮਹੀਨੇ ਦੀ ਕੈਦ ਕੱਟੀ ਤੇ 11 ਮਹੀਨੇ ਦੀ ਇਕ ਹੋਰ ਕੈਦ ਕੱਟੀ, ਇਹ ਜਲੰਧਰ ਦੇਸ਼ ਸੇਵਕ ਦਾ ਐਡੀਟਰ ਸੀ। ਪਰੈਸ ਐਕਟ ਅਨੁਸਾਰ ਇਸ ਨੂੰ 3 ਸਾਲਾ ਸਖ਼ਤ ਕੈਦ ਹੋਈ। ਮਿੰਟਗੁਮਰੀ ਜੇਲ੍ਹ ਵਿਚ ਇਸ ਨੇ ਕੈਦ ਕੱਟੀ। (ਪਿੰਡ ਮੋਰਾਵਾਲੀ ਦੇ ਬਹੁਤਿਆਂ ਬੰਦਿਆਂ ਨੇ ਇਸ ਮਹਾਪੁਰਸ਼ ਦੇ ਦਰਸ਼ਨ ਕੀਤੇ ਹੋਣਗੇ। ਇਹ ਪੱਤੀ ਵੱਡੇ ਦਰਵਾਜ਼ੇ ਮੋਰਾਂਵਾਲੀ ਨਿੰਮ ਵਾਲੇ ਗੁਰਦੁਆਰਾ ਸਾਹਿਬ ਵਿਖੇ ਬੈਠੇ ਹੁੰਦੇ ਸਨ। ਦਾਸ ਲੇਖਕ ਨੇ ਇਸ ਦੇ ਦਰਸ਼ਨ ਕੀਤੇ ਹਨ। ਇਹ ਗੱਲ ਕੋਈ 1962 ਦੇ ਕਰੀਬ ਦੀ ਹੈ। ਬਹੁਤ ਠੰਡੇ ਸੁਭਾਅ ਦੇ ਮਹਾਂਪੁਰਸ਼ ਸਨ। ਨੀਲੀ ਦਸਤਾਰ ਬੰਨ੍ਹਦੇ ਸਨ। ਦਾਸ ਇਨ੍ਹਾਂ ਨੂੰ ਤਾਇਆ ਜੀ ਕਹਿ ਕੇ ਬੁਲਾਇਆ ਕਰਦਾ ਸੀ। ਦਾਸ ਦੇ ਪਿਤਾ ਸ. ਸਾਧੂ ਸਿੰਘ ਜੀ ਦਾ ਇਨ੍ਹਾਂ ਨਾਲ ਕਾਫੀ ਪਿਆਰ ਸੀ। 6. ਗਿਆਨ ਸਿੰਘ ਬਲਦ ਬਸੰਤ ਸਿੰਘ ਰਾਏ, ਜਨਮ 1906 ਈ. ਨੂੰ ਪੱਤੀ ਵੱਡਾ ਦਰਵਾਜ਼ਾ, ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਇਹ ਜੈਤੋ ਦੇ ਮੋਰਚੇ ‘ਤੇ ਗਿਆ ਹੋਇਆ 1924 ਈ. ਨੂੰ ਫੜਿਆ ਗਿਆ। ਇਸ ਨੇ ਢਾਈ ਸਾਲ ਦੀ ਕੈਦ ਕੱਟੀ। ਭਾਈ ਫੇਰੂ ਦੇ ਮੋਰਚੇ ਦੀ ਵੀ 3 ਮਹੀਨੇ ਜੇਲ੍ਹ 1922 ਨੂੰ ਕੱਟੀ। ਇਸ ਨੇ ਮੁਲਤਾਨ ਤੇ ਲਾਹੌਰ ਜੇਲ੍ਹ ਵਿਚ ਕੈਦ ਕੱਟੀ। 
  6. ਗੂਜਰ ਸਿੰਘ ਬਲਦ ਪ੍ਰਤਾਪ ਸਿੰਘ ਜੱਟ, ਜਨਮ 1898 ਈ. ਨੂੰ ਪੱਤੀ ਹੇਹਰ ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਬੱਬਰ ਅਕਾਲੀ ਪਾਰਟੀ ਵਿਚ ਇਸ ਨੇ ਹਿੱਸਾ ਪਾਇਆ, 3 ਮਹੀਨੇ ਰੋਹਤਕ ਵਿਚ ਇਸਨੇ ਕੈਦ वॅटी। 
  7. ਹਰਬੰਸ ਸਿੰਘ ਬਲਦ ਭਗਵਾਨ ਸਿੰਘ ਰਾਏ, ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਪੱਤੀ ਸੱਤ ਢੇਰੀ ਕਾਨ੍ਹ ਸਿੰਘ ਕਿਆ ਦੇ ਵਿਚੋਂ ਸਨ। ਇੰਡੀਅਨ ਆਰਮੀ ਵਿਚ ਨਾਇਕ ਪੋਸਟ ਤੇ ਸਨ, ਫ਼ੌਜ ਨੂੰ ਛੱਡ ਕੇ 1942 ਵਿਚ ਇਹ ਆਜ਼ਾਦ ਹਿੰਦ ਫ਼ੌਜ ਵਿਚ ਚਲੇ ਗਏ, 1942 ਤੋਂ 1945 ਈ. ਤਕ ਆਜ਼ਾਦ ਹਿੰਦ ਫ਼ੌਜ ਬਰਮਾ ਫਰੰਟ ‘ਤੇ ਇਹ ਲੜੇ ਸਨ। 
  8. ਹਰਨਾਮ ਸਿੰਘ ਬਲਦ ਈਸ਼ਰ ਸਿੰਘ ਰਾਏ ਪੱਤੀ ਵੱਡਾ ਦਰਵਾਜ਼ਾ ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਇਹ ਗੁਰੂ ਕੇ ਮੋਰਚੇ ਵਿਚ ਗਏ, ਇਨ੍ਹਾਂ ਨੇ ਢਾਈ ਸਾਲ ਸਖ਼ਤ ਕੈਦ ਲਾਹੌਰ ਜੇਲ੍ਹ ਵਿਚ ਕੱਟੀ। ਜੈਤੋ ਦੇ ਮੋਰਚੇ ਵਿਚ ਤੇ ਭਾਈ ਫੇਰੂ ਦੇ ਮੋਰਚੇ ਵਿਚ ਵੀ ਹਿੱਸਾ ਲਿਆ। ਇਨ੍ਹਾਂ ਨੂੰ ਪੁਲੀਸ ਨੇ ਬਹੁਤ ਕੁੱਟਿਆ ਸੀ। 
  9. ਲਾਭ ਸਿੰਘ ਬਲਦ ਵਿਧਾਵਾ ਸਿੰਘ ਰਾਏ ਪੱਤੀ ਛੋਟਾਂ ਦਰਵਾਜ਼ਾ (ਮੱਲਕਿਆਂ ਦੇ ਪਰਵਾਰ ਵਿਚੋਂ) ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਇਹ ਜੈਤੋ ਦੇ ਮੋਰਚੇ ਵਿਚ ਗਿਆ। 12 ਸਾਲ ਨਾਭਾ ਜੇਲ੍ਹ ਵਿਚ ਇਸ ਨੇ ਕੈਦ ਕੱਟੀ। ਇਸ ਨੂੰ ਬਹੁਤ ਤਸੀਹੇ ਦਿੱਤੇ ਗਏ। ਬਾਦ ਵਿਚ ਛੱਡਣ ‘ਤੇ ਛੇਤੀ ਹੀ ਇਸ ਦੀ ਮੌਤ ਹੋ ਗਈ। 
  10. ਮੋਹਨ ਸਿੰਘ ਬਲਦ ਵੀਰ ਸਿੰਘ ਪੱਤੀ ਵੱਡਾ ਦਰਵਾਜ਼ਾ ਝੀਉਰ ਬਿਰਾਦਰੀ ਵਿਚੋਂ ਸਨ, ਜਨਮ 1898 ਈ. ਨੂੰ ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਇਸਨੇ ਅਕਾਲੀ ਲਹਿਰ ਤੇ ਬੱਬਰ ਅਕਾਲੀ ਲਹਿਰ ਅੰਦਰ ਹਿੱਸਾ ਪਾਇਆ ਤੇ ਇਸ ਨੂੰ ਛੇ ਮਹੀਨੇ ਕੈਦ ਹੋਈ ਤੇ ਉਹ ਕੈਦ ਇਸ ਨੇ ਹੁਸ਼ਿਆਰਪੁਰ ਤੇ ਲੁਧਿਆਣੇ ਜੇਲ੍ਹ ਵਿਚ ਕੱਟੀ। 
  11. ਮੇਹਰ ਸਿੰਘ ਬਲਦ ਸੁੰਦਰ ਸਿੰਘ ਜਨਮ 1886 ਈ. ਨੂੰ ਪਿੰਡ ਮੋਰਾਂਵਾਲੀ, ਜੱਟ ਬਰਾਦਰੀ, ਤਹਿਸੀਲ ਗੜ੍ਹ ਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ । ਬੱਬਰ ਅਕਾਲੀ ਲਹਿਰ ਵਿਚ ਇਸ ਨੇ ਕੰਮ ਕੀਤਾ। 2 ਮਹੀਨੇ ਇਕ ਇਸ ਨੂੰ ਜੇਲ੍ਹ ਹੋਈ ਤੇ 4 ਮਹੀਨੇ ਇਕ ਜੇਲ੍ਹ ਕੱਟੀ। ਗੌਰਮਿੰਟ ਖਿਲਾਫ ਪ੍ਰਚਾਰ ਕਰਦਾ ਸੀ। ਹੁਸ਼ਿਆਪੁਰ ਲੁਧਿਆਣਾ ਜੇਲ੍ਹ वॅटी। 
  12. ਮਿਲਖਾ ਸਿੰਘ ਬਲਦ ਉਤਮ ਸਿੰਘ ਪੱਤੀ ਹੇਹਰ, ਜੱਟ ਜਨਮ 1903 ਈ. ਨੂੰ ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਇਹ ਗੁਲਾਬ ਸਿੰਘ ਕਿਆਂ ਦੇ ਪਰਵਾਰ ਵਿਚੋਂ ਹੋਇਆ। ਇਸ ਨੇ 8 ਮਹੀਨੇ ਸਖ਼ਤ ਕੈਦ 1922 ਈ. ਵਿਚ ਕੱਟੀ ਤੇ ਬੱਬਰ ਅਕਾਲੀ ਲਹਿਰ ਵਿਚ ਵੀ ਇਸ ਨੇ 3 ਸਾਲ ਸਖ਼ਤ ਕੈਦ ਰੋਹਤਕ ਤੇ ਜਲੰਧਰ ਜੇਲ੍ਹ ਅੰਦਰ ਕੱਟੀ। 
  13. ਮੁਹਿੰਦਰ ਸਿੰਘ ਬਲਦ ਵਸਾਵਾ ਸਿੰਘ ਰਾਏ ਜਨਮ 1916 ਈ. ਨੂੰ ਜੱਟ ਬਿਰਾਦਰੀ ਪੱਤੀ ਵੱਡਾ ਦਰਵਾਜ਼ਾ, ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਇਸ ਨੇ ਇੰਡੀਅਨ ਆਰਮੀ ਵਿਚ ਸਰਵਿਸ ਕੀਤੀ। 13 ਅਕਤੂਬਰ 1934 ਈ. ਨੂੰ ਲਾਂਸ ਨਾਇਕ ਦੀ ਸਰਵਿਸ ‘ਤੇ ਵੀ ਰਿਹਾ। 1942 ਈ. ਵਿਚ ਫਿਰ ਆਜ਼ਾਦ ਹਿੰਦ ਫ਼ੌਜ ਵਿਚ 3 ਸਾਲ ਤੇ 3 ਮਹੀਨੇ ਇਸ ਨੇ ਸਰਵਿਸ ਕੀਤੀ ਤੇ ਲੜਾਈ ਅੰਦਰ ਇਹ ਜ਼ਖ਼ਮੀ ਹੋ ਗਿਆ ਸੀ। 
  14. ਫੁੱਮਣ ਸਿੰਘ ਬਲਦ ਦੇਵੀ ਚੰਦ ਪੱਤੀ ਮਾਣੇ ਕਿਆ ਵਿਚੋਂ, ਇਹ ਸੁਨਿਆਰੇ ਪਰਵਾਰ ਵਿਚੋਂ ਸੀ। ਫੁੱਮਣ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਸੀ ਜਦ ਕਿ ਉਸ ਦਾ ਪਿਤਾ ਦੇਵੀ ਚੰਦ ਸਹਜਧਾਰੀ ਸਿੱਖ ਸੀ। ਇਸ ਦਾ ਜਨਮ 1871 ਈ. ਨੂੰ ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਇਹ ਪੜ੍ਹਿਆ ਹੋਇਆ ਸੀ। ਇਸ ਨੇ 6 ਮਹੀਨੇ ਇਕ ਤੇ ਫਿਰ ਡੇਢ ਸਾਲ ਹੋਰ ਜੇਲ੍ਹ ਕੱਟੀ। ਬੱਬਰ ਅਕਾਲੀ ਲਹਿਰ ਵਿਚ ਇਸ ਨੇ ਹਿੱਸਾ ਪਾਇਆ। ਹੁਸ਼ਿਆਰਪੁਰ, ਜਲੰਧਰ ਜੇਲ੍ਹ ਵਿਚ ਇਸਨੇ ਜੇਲ੍ਹ ਕੱਟੀ। ਫਿਰ ਢਾਈ ਹਜ਼ਾਰ ਰੁਪੈ ਦੀ ਜਮਾਨਤ ‘ਤੇ ਇਸ ਨੂੰ ਛੱਡ ਦਿੱਤਾ ਗਿਆ। 
  15. ਸੁਮੰਦ ਸਿੰਘ ਬਲਦ ਲਾਲ ਸਿੰਘ ਜਨਮ 1894 ਈ. ਨੂੰ ਹੇਹਰ ਪੱਤੀ ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਇਹ ਪੜ੍ਹਿਆ ਹੋਇਆ ਸੀ। ਇਹ ਹੇਹਰ ਪੱਤੀ ਮਹਾਜਨਾਂ ਦੇ ਪਰਵਾਰ ਵਿਚੋਂ ਸੀ। ਇਸ ਨੇ ਗੁਰੂ ਕੇ ਬਾਗ਼ ਮੋਰਚੇ ਵਿਚ ਹਿੱਸਾ ਪਾਇਆ ਤੇ 9 ਮਹੀਨੇ ਇਸ ਨੇ ਕੈਦ ਕੱਟੀ। ਚੌਥੇ ਜਥੇ ਵਿਚ ਜੈਤੋ ਦੇ ਮੋਰਚੇ ‘ਤੇ ਵੀ ਗਿਆ ਸੀ। ਇਕ ਸਾਲ ਫਿਰ ਇਸ ਨੇ ਕੈਦ ਕੱਟੀ। ਇਸ ਨੇ ਲਾਹੌਰ ਤੇ ਨਾਭਾ ਜੇਲ੍ਹ ਅੰਦਰ ਸਖ਼ਤ ਕੈਦ ਕੱਟੀ। 
  16. ਉਦਮ ਸਿੰਘ ਬਲਦ ਮਇਆ ਸਿੰਘ ਰਾਏ ਪੱਤੀ ਵੱਡਾ ਦਰਵਾਜ਼ਾ ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ। ਇਹ ਪੜ੍ਹੇ ਲਿਖੇ ਸਨ। ਇਨ੍ਹਾਂ ਦਾ ਜਨਮ 1902 ਈ. ਨੂੰ ਹੋਇਆ। ਇਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ ਵਿਚ ਸਰਵਿਸ ਕੀਤੀ ਸੀ ਤੇ 15 ਜਨਵਰੀ 1946 ਨੂੰ ਸਰਵਸ ਛੱਡ ਦਿੱਤੀ। 
  17. ਵਤਨ ਸਿੰਘ ਬਲਦ ਨੰਦ ਸਿੰਘ ਰਾਏ ਪੱਤੀ ਮਾਣੇ ਕਿਆ ਵਿਚੋਂ ਇਹ ਸਨ। ਜਨਮ ਇਨਾਂ ਦਾ 1888 ਈ. ਨੂੰ ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਇਹ ਨੰਬਰਦਾਰ ਪਰਵਾਰ ਵਿਚੋਂ ਸਨ। ਇਸਨੇ ਗੁਰੂ ਕੇ ਬਾਗ਼ ਮੋਰਚੇ ਵਿਚ ਹਿੱਸਾ ਪਾਇਆ ਅਤੇ 1922 ਈ. ਨੂੰ 2 ਸਾਲ ਦੀ ਸਖ਼ਤ ਕੈਦ ਇਸ ਨੂੰ ਹੋਈ ਜੋ ਇਸ ਨੇ ਲਾਹੌਰ ਜੇਲ੍ਹ ਵਿਚ ਕੱਟੀ। 

ਇਸ ਤਰ੍ਹਾਂ ਉਪਰੋਕਤ ਬਜ਼ੁਰਗਾਂ ਦੇ ਨਾਂ ਵਧ ਤੋਂ ਵਧ ਅੱਲ ਪੱਤੀਆਂ ਦੇ ਕੇ ਸਮਝਾਏ ਗਏ ਹਨ। 

ਪਿੰਡ ਮੋਰਾਂਵਾਲੀ ਦਾ ਜਥੇਦਾਰ ਜਰਨੈਲ ਸਿੰਘ ਹੇਹਰ ਤਖ਼ਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਬਣਿਆ 

1922-23 ਈ. ਦੇ ਆਸ ਪਾਸ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਚ ਵੀ ਕਾਫ਼ੀ ਖੱਪਖਾਨਾ ਪਇਆ ਹੋਇਆ ਸੀ ਕਿਉਂਕਿ ਗੁਰੂ ਘਰ ਦੇ ਸੇਵਾਦਾਰ ਮਸੰਦ ਹਰ ਥਾਂ ਤੇ ਮਨ ਮਰਜ਼ੀਆਂ ਕਰਦੇ ਸਨ। ਉਸ ਸਮੇਂ ਕਰਤਾਰ ਸਿੰਘ ਝੱਬਰ ਤੇ ਬਾਬਾ ਖੜਕ ਸਿੰਘ ਕੁਝ ਗੁਰਸਿੱਖਾਂ ਨੂੰ ਆਪਣੇ ਨਾਲ ਲੈਕੇ ਪਿੰਡ ਮੋਰਾਂਵਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਏ। ਪੱਤੀ ਵੱਡੇ ਦਰਵਾਜ਼ੇ ਵਿਚ ਮੋਰਾਂਵਾਲੀ ਵਿਚ ਨਿੰਮ ਵਾਲੇ ਗੁਰਦੁਆਰੇ ਮੁਹਰੇ ਖੁੱਲ੍ਹੀ ਥਾਂ ਤੇ ਇਨ੍ਹਾਂ ਨੇ ਬਹੁਤ ਜੋਸ਼ ਭਰੀਆਂ ਤਕਰੀਰਾਂ ਕੀਤੀਆਂ। (ਨੋਟ: ਗੁਰਦੁਆਰੇ ਨੂੰ ਨਿੰਮ ਵਾਲਾ ਗੁਰਦੁਆਰ ਤਾਂ ਕਿਹਾ ਜਾਂਦਾ ਹੈ। ਇਥੇ ਬਹੁਤ ਦੇਰ ਤੋਂ ਗੁਰਦੁਆਰੇ ਅੰਦਰ ਨਿੰਮ ਹੈ, ਜਿਸ ਤੋਂ ਨਿੰਮ ਵਾ ਗੁਰਦੁਆਰਾ ਕਿਹਾ ਜਾਂਦਾ ਹੈ। ਇਸੇ ਗੁਰਦੁਆਰੇ ਤੋਂ ਪਿੰਡ ਨਿਵਾਸੀ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਨਗਰ ਕੀਰਤਨ ਕਰਾਉਂਦੇ ਹਨ।) ਕਰਤਾਰ ਸਿੰਘ ਝੱਬਰ ਨੇ ਤਕਰੀਰ ਅੰਦਰ ਕਿਹਾ ਕਿ ਅਸੀਂ ਤਾਂ ਅਨੰਦਪੁਰ ਸਾਹਿਬ ਤੋਂ ਦੂਰ ਵੱਸਦੇ ਹਾਂ, ਤੁਹਾਡਾ ਸਿੱਮ ਦਾ ਪਿੰਡ ਮੋਰਾਂਵਾਲੀ ਅਨੰਦਪੁਰ ਸਾਹਿਬ ਦੇ ਲਾਗੇ ਹੀ ਵੱਸਦਾ ਹੈ। ਹੋਵੇਗਾ ਕੋਈ ਤੇਢ ਘ. ਦਾ ਸਫ਼ਰ, ਕਿਉਂ ਨਹੀਂ ਫਿਰ ਕੇਸਗੜ ਗੁਰਦੁਆਰੇ ਦੀ ਸੇਵਾ ਸੰਭਾਲ ਤੁਸੀਂ ਸਾਂਭਦੇ। ਨਾਲ ਹੀ ਕਰਤਾਰ ਸਿੰਘ ਝੱਬਰ ਨੇ ਜਥੇਦਾਰ ਦੇ ਨਾਤੇ ਸੰਗਤ ਨੂੰ ਹੁਕਮ ਦਿੱਤਾ ਕਿ ਤੁਸੀਂ ਕੁਝ ਗੁਰਸਿੱਖ ਪਿੰਡ ਮੋਰਾਂਵਾਲੀ ਤੋਂ ਤੇ ਕੁਝ ਕੁ ਆਲੇ ਦੁਆਲੇ ਦੇ ਪਿੰਡਾਂ ਵਿਚੋਂ ਸਿੱਖ ਇਕੱਠੇ ਕਰੋ। ਜਿਵੇਂ ਤੁਹਾਡੇ ਪਿੰਡ ਦੇ ਲਾਗੇ ਇਹ ਪਿੰਡ ਹਨ, ਅਕਾਲ ਗੜ੍ਹ, ਮੋਲਾ, ਬਾਦਪੁਰ, ਜੱਸੋਵਾਲ, ਕੁੱਕੜਾਂ, ਭੱਜਲਾਂ, ਦਦਿਆਲ ਆਦਿ। ਸਾਰੇ ਇਕੱਠੇ ਹੋਕੇ ਇਕ ਜਥਾ ਬਣਾਉ ਤੇ ਤਖ਼ਤ ਕੇਸਗੜ੍ਹ ਸਾਹਿਬ ਗੁਰਦੁਆਰੇ ਦੀ ਸੇਵਾ ਸੰਭਾਲੋ। 

ਕਰਤਾਰ ਸਿੰਘ ਝੱਬਰ ਦੀ ਗੱਲ ਸਾਰਿਆਂ ਨੇ ਮੰਨ ਲਈ ਤੇ ਪਿੰਡ ਮੋਰਾਂਵਾਲੀ ਦੇ ਗੁਰਸਿੱਖ ਤੇ ਆਸ ਪਾਸ ਦੇ ਪਿੰਡਾਂ ਦੇ ਗੁਰਸਿੱਖਾਂ ਨੇ ਇਕੱਠੇ ਹੋਕੇ ਇਕ ਜਥਾ ਤਿਆਰ ਕੀਤਾ। ਜਿਸ ਵਿਚ ਸ਼ਹੀਦ ਭਗਤ ਸਿੰਘ ਦਾ ਮਾਮਾ ਸੁੰਦਰ ਸਿੰਘ ਵੀ ਸ਼ਾਮਲ ਸੀ। ਜਰਨੈਲ ਸਿੰਘ ਹੇਹਰ ਪਿੰਡ ਮੋਰਾਂਵਾਲੀ ਦੇ ਗੁਰਸਿੱਖ ਨੂੰ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਨੂੰ ਨਿਯੁੱਕਤ ਕਰਨ ਵਿਚ ਪਠਲਾਵੇ ਪਿੰਡ ਦੇ ਮਹਾਂਪੁਰਸ਼ ਸੰਤ ਬਾਬਾ ਘਨਇਆ ਸਿੰਘ ਜੀ, ਹਰਨਾਮ ਸਿੰਘ ਜਐਣ ਵਾਲੇ ਤੇ ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਦੀ ਬਹੁਤ ਵੱਡੀ ਭੂਮਿਕਾ ਹੈ। ਇਸ ਤਰ੍ਹਾਂ ਕੇਸਗੜ੍ਹ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਦੀ ਸੇਵਾ ਸੰਭਾਲ ਜਰਨੈਲ ਸਿੰਘ ਹੇਹਰ ਨੇ ਸੰਭਾਲੀ ਜੋ ਕਿ ਪਿੰਡ ਮੋਰਾਂਵਾਲੀ ਦੇ ਲਈ ਬਹੁਤ ਗੌਰਵ ਦੀ ਗੱਲ ਹੈ।   ਪਿੱਛੇ ਪਾਠਕ ਪੜ੍ਹ ਹੀ ਆਏ ਹਨ ਕਿ ਕਿਸ ਤਰ੍ਹਾਂ ਪਿੰਡ ਮੋਰਾਂਵਾਲੀ ਦੇ ਬਜ਼ੁਰਗਾਂ ਨੇ ਸਿੱਖ ਮੋਰਚਿਆਂ ਅੰਦਰ ਆਪਣਾ ਵੱਧ ਚੜ੍ਹ ਕੇ ਹਿੱਸਾ ਪਾਇਆ। ਮੋਰਾਂਵਾਲੀ ਪਿੰਡ ਅਕਾਲੀਆਂ ਦਾ ਹੋਣ ਕਰਕੇ ਕਰਤਾਰ ਸਿੰਘ ਝੱਬਰ ਤੇ ਬਾਬਾ ਖੜਕ ਸਿੰਘ ਅਕਸਰ ਪਿੰਡ ਮੋਰਾਂਵਾਲੀ ਆਇਆ ਕਰਦੇ ਸਨ। ਪਿੰਡ ਮੋਰਾਂਵਾਲੀ ਫਿਰ ਕਈ ਕਈ ਦਿਨ ਕਾਨਸ ਹੁੰਦੀ ਰਹਿੰਦੀ ਸੀ। ਪਿੰਡ ਮੋਰਾਂਵਾਲੀ ਵਿਚ ਇਨ੍ਹਾਂ ਲੀਡਰਾਂ ਦੀ ਰਿਹਾਇਸ਼ ਨਿੰਮ ਵਾਲੇ ਗੁਰਦੁਆਰੇ ਵੱਡੇ ਦਰਵਾਜ਼ੇ ਜਾਂ ਪੱਤੀ ਲਾਭੇ ਕੇ ਵਿਚ ਸਿਪਲਕਿਆਂ ਦੇ ਘਰ ਹੁੰਦੀ ਸੀ। ਸਿਪਲਕਿਆਂ ਦਾ ਜੋ ਘਰ ਹੈ ਉਥੇ ਖੂਹੀ ਚੱਲਦੀ ਹੁੰਦੀ ਸੀ ਤੇ ਬਹੁਤ ਖੁੱਲ੍ਹੀ ਥਾਂ ਕਰਕੇ ਇਥੇ ਵੱਡੇ ਵੱਡੇ ਲੀਡਰਾਂ ਦੀ ਰਿਹਾਇਸ਼ ਕਰਾਈ ਜਾਂਦੀ ਸੀ ਤੇ ਗੁਰੂ ਦਾ ਲੰਗਰ ਚਲਾਇਆ ਜਾਂਦਾ ਸੀ। ਅੱਜ ਵੀ ਉਹ ਖੂਹੀ ਉਸੇ ਥਾਂ ਤੇ ਕਾਇਮ ਹੈ ਜੋ ਪੁਰਾਣੀ ਯਾਦ ਨੂੰ ਸਾਂਭੀ ਬੈਠੀ ਹੈ। ਦਾਸ ਲੇਖਕ ਨੇ ਉਸ ਪਰਿਵਾਰ ਨੂੰ ਕਿਹਾ ਹੈ ਕਿ ਇਸਨੂੰ ਪੂਰਿਓ ਨਾਂ ਇਸ ਨੂੰ ਪੁਰਾਣੇ ਸਿੱਖ ਇਤਿਹਾਸ ਨਾਲ ਜੁੜੀ ਹੋਈ ਕਰਕੇ ਸਾਂਭਕੇ ਰੱਖਣਾ ਹੈ ਤਾਂ ਜੋ ਆਉਣ ਵਾਲੀ ਪਨੀਰੀ ਨੂੰ ਪਤਾ ਲੱਗੇ ਕਿ ਇਥੇ ਸਿੱਖ ਲੀਡਰ ਆ ਕੇ ਇਸ਼ਨਾਨ ਕਰਦੇ ਸਨ। ਜਦੋਂ ਕਰਤਾਰ ਸਿੰਘ ਝੱਬਰ ਹੁਰੀਂ ਤਕਰੀਰਾਂ ਕਰਨੀਆਂ ਤਾਂ ਆਲੇ ਦੁਆਲੇ ਦੇ ਪਿੰਡ ਵੀ ਮੋਰਾਂਵਾਲੀ ਇਕੱਠੇ ਹੋ ਜਾਂਦੇ ਸਨ। ਅੰਗਰੇਜ਼ ਸਰਕਾਰ ਨਹੀਂ ਸੀ ਚਾਹੁੰਦੀ ਕਿ ਸਿੱਖਾਂ ਦਾ ਇਕੱਠ ਹੋਵੇ, ਉਨ੍ਹਾਂ ਨੇ ਪੁਲੀਸ ਚੌਕੀ ਪਿੰਡ ਮੋਰਾਂਵਾਲੀ ਪਾ ਦਿੱਤੀ। ਨਾਲ ਹੀ ਉਸ ਸਮੇਂ ਪਿੰਡ ਮੋਰਾਂਵਾਲੀ ਦੇ ਆਸ ਪਾਸ ਦੇ ਪਿੰਡਾਂ ਅੰਦਰ ਵੀ ਉਸ ਸਮੇਂ ਪੁਲੀਸ ਚੌਕੀਆਂ ਪਾਈਆਂ ਗਈਆਂ। ਉਹ ਪਿੰਡ ਸਨ ਜੱਸੋਵਾਲ, ਕੋਟਫਤੂਹੀ, ਮੌਲਾ, ਦਦਿਆਲ, ਸਰਹਾਲਾ ਖੁਰਦ, ਰੁੜ੍ਹਕੀ, ਛੱਬਲਪੁਰ, ਬੁਲ੍ਹੇਵਾਲ, ਅਕਾਲਗੜ੍ਹ ਆਦਿ ਪਿੰਡਾਂ ਅੰਦਰ 1923 ਈ. ਵਿਚ ਪੁਲੀਸ ਚੌਕੀ ਪਈ ਹੋਈ ਸੀ । ਗੰਗਾ ਸਿਘ ਬਲਦ ਵਜ਼ੀਰ ਸਿੰਘ ਪਿੰਡ ਕੋਟ ਫਤੂਹੀ, ਹੁਕਮ ਸਿੰਘ ਬਲਦ ਸੁੰਦਰ ਸਿੰਘ ਪਿੰਡ ਪੋਸੀ, ਹਰਬਖਸ਼ ਸਿੰਘ ਬਲਦ ਹਰਨੇਕ ਸਿੰਘ ਪਿੰਡ ਜੱਸੋਵਾਲ, ਹਜ਼ਾਰਾ ਸਿੰਘ ਬਲਦ ਨਰੈਣ ਸਿੰਘ ਸਤਨੌਰ, ਹਜ਼ਾਰਾ ਸਿੰਘ ਬਲਦ ਤੇਜਾ ਸਿੰਘ ਪਿੰਡ ਬਿੰਜੋ, ਹੁਕਮ ਸਿੰਘ ਬਲਦ ਵਰਿਆਮ ਸਿੰਘ ਕੋਟ ਫਤੂਹੀ, ਕਰਤਾਰ ਸਿੰਘ ਬਲਦ ਰਲਾ ਸਿੰਘ ਚਾਲ੍ਹਪੁਰ, ਹਰੀ ਸਿੰਘ ਬਲਦ ਸੁਰਜਨ ਸਿੰਘ ਪਿੰਡ ਜਸੋਵਾਲ, ਉਜਾਗਰ ਸਿੰਘ ਬਲਦ ਵਸਾਖਾ ਸਿੰਘ ਕੋਲਗੜ੍ਹ, ਸੁੱਚਾ ਸਿੰਘ ਬਲਦ ਗੰਗਾ ਸਿੰਘ ਪੱਖੋਵਾਲ, ਬੰਤਾ ਸਿੰਘ ਬਲਦ ਜੈਮਲ ਸਿੰਘ ਪਿੰਡ ਬਾਹੋਵਾਲ, ਹਰੀ ਸਿੰਘ ਪਿੰਡ ਦਦਿਆਲ ਆਦਿ ਗੁਰਸਿੱਖਾਂ ਨੇ ਸਿੱਖ ਸੰਘਰਸ਼ਾਂ ਅੰਦਰ ਵੱਧ ਚੜ੍ਹਕੇ ਹਿੱਸਾ ਪਾਇਆ। ਇਨ੍ਹਾਂ ਦੇ ਨਾਮ ਸਿੱਖ ਇਤਿਹਾਸ ਅੰਦਰ ਵੀ ਦਰਜ਼ ਹਨ। 

ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਹੀ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਕ ਸਾਰੇ ਗੁਰੂਆਂ ਨੇ ਗੁਰਮਤਿ ਪ੍ਰਚਾਰ ਰਾਹੀਂ ਲੋਕਾਂ ਨੂੰ ਕਰਮਕਾਂਡਾਂ ਵਿਚੋਂ ਕੱਢਿਆ। ਉਸ ਸਮੇਂ ਦੇ ਲੋਕ ਇਤਨੇ ਬੁਜ਼ਦਿਲ ਹੋ ਚੁੱਕੇ ਸਨ ਕਿ ਬਾਬਰ ਵਰਗੇ ਦੂਜੇ ਦੇਸ਼ ਤੋਂ ਜ਼ਾਲਮ ਰਾਜੇ ਆਉਂਦੇ ਤੇ ਭਾਰਤ ਵਾਸੀਆਂ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਲੁੱਟਦੇ ਤੇ ਗਜ਼ਨੀ ਵਰਗੇ ਬਾਜ਼ਾਰਾਂ ਵਿਚ ਟੱਕੇ ਟੱਕੇ ਨੂੰ ਵੇਚ ਦੇਂਦੇ ਸਨ। ਭਾਰਤ ਦੇ ਉਸ ਸਮੇਂ ਦੇ ਮਰਦ ਆਪਣੀ ਮਰਦਾਨਗੀ ਖੋ ਚੁੱਕੇ ਸਨ ਤੇ ਬੁਰੀ ਤਰ੍ਹਾਂ ਗੁਲਾਮ ਹੋ ਚੁੱਕੇ ਸਨ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਬਹਾਦਰ ਨਿਡਰ ਖ਼ਾਲਸਾ ਸਾਜਿਆ ਜੋ ਸਵਾ ਸਵਾ ਲੱਖ ਨਾਲ ਲੜਿਆ। ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਕਾਇਮ ਕੀਤਾ। ਉਸ ਤੋਂ ਬਾਦ ਮਹਾਰਾਜਾ ਰਣਜੀਤ ਸਿੰਘ ਨੇ ਪਠਾਣਾਂ ਦੇ ਉਹ ਮੂੰਹ ਭੰਨੇ ਜਿਨ੍ਹਾਂ ਦੀ ਫਿਰ ਭਾਰਤ ਵੱਲ ਨੂੰ ਆਉਣ ਦੀ ਜੁਰਅਤ ਨਾ ਪਈ। ਇਕ ਬਹੁਤ ਵੱਡੇ ਖਾਲਸਾ ਰਾਜ ਦੀ ਸਿਰਜਨਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਦਰਿਆ ਖੈਬਰ ਨੂੰ ਬੰਦ ਕਰ ਦਿੱਤਾ, ਜਿਸ ਰਸਤੇ ਰਾਹੀਂ ਹਮਲਾਵਰ ਦੂਜੇ ਮੁਲਖਾਂ ਤੋਂ ਆਉਂਦੇ ਸਨ ਤੇ ਹਿੰਦੋਸਤਾਨ ਨੂੰ ਲੁੱਟਕੇ ਰਾਹ ਪੈਂਦੇ। ਮਹਾਰਾਜਾ ਰਣਜੀਤ ਸਿੰਘ ਤੋਂ ਬਾਦ ਸਿੱਖ ਵਿਸ਼ਿਆਂ ਵਿਕਾਰਾਂ ਵਿਚ ਤੇ ਹਿੰਦੂ ਕਰਮ ਕਾਂਡਾਂ ਵਿਚ ਫਸ ਗਏ। ਉਹੀ ਹਿੰਦੂਆਂ ਵਾਲੇ ਕਰਮਕਾਂਡ, ਗੁੱਗੇ ਨੂੰ ਪੂਜਣਾ, ਪਿੰਡ ਕਰਾਉਣੇ, ਜੰਮਣ ਪਰ ਸੂਤਕ ਦਾ ਵਹਿਮ, ਖਾਸ ਕਰਕੇ ਗੰਗਾ ਫੁੱਲ ਪਾਉਣੇ, ਛਿੱਕ ਦਾ ਵਹਿਮ, ਸ਼ਨੀਵਾਰ, ਮੰਗਲਵਾਰ ਦਿਨਾਂ ਦਾ ਵੀ ਭਰਮ ਕਰਨਾ, ਜਦ ਕਿ ਸਾਰੇ ਦਿਨ ਇਕ ਪ੍ਰਭੂ ਜੀ ਦੇ ਹੀ ਹਨ। ਮੜੀਆਂ, ਮੱਠਾਂ ਦੀ ਮਾਨਤਾ, ਦੇਵੀ ਦੇਵਤਿਆਂ ਦੀ ਪੂਜਾ, ਪਿੱਤਰ ਲੋਕ ਪੂਜਣੇ, ਤੀਰਥਾਂ ਦੀ ਯਾਤਰਾ ਕਰਨੀ, ਨਹਾਉਣਾ ਤੇ ਪੁੰਨਦਾਨ ਕਰਨਾ, ਗਊ ਬ੍ਰਾਹਮਣ ਨੂੰ ਦਾਨ ਕਰਨਾ ਤਾਂ ਜੋ ਮਰਨ ਤੋਂ ਬਾਦ ਬੇਤਰਣੀ ਨਦੀ ਮ੍ਰਿਤਕ ਪ੍ਰਾਣੀ ਸੌਖਾ ਹੀ ਪਾਰ ਕਰ ਜਾਏ। ਇਸ ਦੀ ਕਥਾ ਗਰੁੜ ਪੁਰਾਣ ਅੰਦਰ ਹੈ। ਇਹੋ ਜਿਹੇ ਅਨੇਕਾਂ ਕਰਮ ਕਾਂਡ ਸਨ, ਜਿਨ੍ਹਾਂ ਅੰਦਰ ਸਿੱਖ ਫਿਰ ਫਸ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਉਪਰੋਕਤ ਸਭਨਾਂ ਕਰਮਕਾਂਡਾਂ ਨੂੰ ਖਤਮ ਕੀਤਾ ਸੀ ਤੇ ਖ਼ਾਲਸੇ ਨੂੰ ਸਿਰਫ ਅਕਾਲ ਪੁਰਖ ਦੀ ਜੋਤ ਦਾ ਹੀ ਜਾਪ ਕਰਨ ਨੂੰ ਕਿਹਾ ਸੀ। 

ਯਥਾ: 

“ਜਾਗਤ ਜੋਤਿ ਜਪੈ ਨਿਸ ਬਾਸੁਰ ਏਕ ਬਿਨਾਂ ਮਨ ਨੈਕ ਨ ਆਨੈ॥

ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜ੍ਹੀ ਮੱਟ ਭੂਨ ਨਾ ਮਾਨੈ॥

ਤੀਰਥ ਨਾਨ ਦਇਆ ਤਪ ਸੰਜਮ ਏਕ ਬਿਨਾਂ ਨਹਿ ਏਕ ਪਛਾਨੈ॥

ਪੂਰਨ ਜੋਤਿ ਜਗੈ ਘਟ ਮੈ ਤਬ ਖ਼ਾਲਸ ਤਾਹਿ ਨਖ਼ਾਲਸ ਜਾਨੈ॥ 

(ਗੁਰੂ ਗੋਬਿੰਦ ਸਿੰਘ ਜੀ ਮਹਾਰਾਜ) 

ਮਹਾਰਾਜ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਦ ਕ੍ਰਿਸ਼ਚੀਅਨ ਲੋਕਾਂ ਨੇ ਆਪਣਾ ਪ੍ਰਚਾਰ ਪੰਜਾਬ ਅੰਦਰ ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਪਹਿਲਾਂ ਹੀ ਗੁਰਮਤਿ ਤੋਂ ਉਲਟ ਹਿੰਦੂਆਂ ਦੀਆਂ ਰਹੁ ਰੀਤੀਆਂ ਤੇ ਚੱਲ ਰਹੇ ਸਨ। ਨਾਮਧਾਰੀ ਲਹਿਰ ਹੋਂਦ ਵਿਚ ਆਈ। ਬਾਬਾ ਬਾਲਕ ਸਿੰਘ ਇਸ ਲਹਿਰ ਦਾ ਮੋਢੀ ਸੀ। ਬਾਦ ਵਿਚ ਬਾਬਾ ਰਾਮ ਸਿੰਘ ਜੀ ਨੇ ਸਿੱਖੀ ਦਾ ਖੂਬ ਪ੍ਰਚਾਰ ਕੀਤਾ। ਨਾਮਧਾਰੀ ਲਹਿਰ ਨੇ ਸਿੱਖੀ ਨੂੰ ਕਰਮਕਾਂਡਾਂ ਵਿਚੋਂ ਕੱਢਣ ਲਈ ਖ਼ੂਬ ਯੋਗਦਾਨ ਹਿਸਾ ਪਾਇਆ। ਨਾਮਧਾਰੀ ਲਹਿਰ ਨੂੰ ਫੇਲ੍ਹ ਕਰਨ ਲਈ ਅੰਗਰੇਜ਼ਾਂ ਨੇ 66 ਕੂਕੇ ਤੋਪਾਂ ਅੱਗੇ ਖੜ੍ਹੇ ਕਰਕੇ ਸ਼ਹੀਦ ਕਰ ਦਿੱਤੇ। ਇਹੀ ਤਾਂ ਪਹਿਲੀ ਇਨਕਲਾਬੀ ਪਾਰਟੀ ਸੀ ਜੋ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਹੋਂਦ ਵਿਚ ਆਈ। ਇਥੇ ਹੀ ਅੰਗਰੇਜ਼ ਸਰਕਾਰ ਦਾ ਜ਼ੁਲਮ ਬੰਦ ਨਾ ਹੋਇਆ। ਉਨ੍ਹਾਂ ਨੇ 66 ਕੂਕਿਆਂ ਨੂੰ ਤੋਪਾਂ ਅੱਗੇ ਖੜ੍ਹੇ ਕਰਕੇ ਸ਼ਹੀਦ ਕਰਨ ਉਪਰੰਤ ਕਈਆਂ ਨੂੰ ਫਾਂਸੀ ਤੇ ਚਾੜਿਆ, ਕਈਆਂ ਨੂੰ ਜੇਲ੍ਹਾਂ ਅੰਦਰ ਸੁੱਟਿਆ ਗਿਆ ਤੇ ਕਈਆਂ ਨੂੰ ਕੁੱਟਿਆ ਗਿਆ। ਪਰ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਤੇ ਸਿੱਖੀ ਰਹੁ ਰੀਤੀਆਂ ਨੂੰ ਬਚਾਉਣ ਲਈ ਨਾਮਧਾਰੀ ਕੂਕੇ ਆਪਣਾ ਮਹਾਨ ਪਾਰਟ ਅਦਾ ਕਰ ਗਏ। ਨਾਮਧਾਰੀ ਲਹਿਰ ਤੋਂ ਬਾਦ ਸਿੰਘ ਸਭਾ ਲਹਿਰਾਂ ਤੇ ਸਿੱਖ ਕਾਲਜਾਂ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਜਿਸ ਰਾਹੀਂ ਲੋਕਾਂ ਅੰਦਰ ਗੁਰਮਤਿ ਜਾਗ੍ਰਤੀ ਆਈ। 

ਦਰਅਸਲ ਜਦ ਧਰਮ ਪਾਖੰਡ ਬਣ ਕੇ ਰਹਿ ਜਾਏ, ਧਰਮ ਅੰਦਰ ਕੁਰੀਤੀਆਂ ਆ ਜਾਣ ਤਾਂ ਕੁਦਰਤ ਵੱਲੋਂ ਕੋਈ ਨਾ ਕੋਈ ਪੀਰ ਪੈਗੰਬਰ ਸੰਸਾਰ ਵਿਚ ਆਉਂਦਾ ਹੈ, ਚਾਹੇ ਉਹ ਰਾਮ ਚੰਦ੍ਰ ਹੋਵੇ, ਕ੍ਰਿਸ਼ਨ ਹੋਵੇ, ਜਾਂ ਬੁੱਧ ਜਾਂ ਮੁਹੰਮਦ ਹੋਵੇ ਜਾਂ ਗੁਰੂ ਸਾਹਿਬਾਨ ਜਾਂ ਭਗਤ ਜਨ ਹੋਣ। ਇਹੋ ਜਿਹੇ ਮਹਾਪੁਰਸ਼ ਸਭ ਦੇ ਸਾਂਝੇ ਹੁੰਦੇ ਹਨ। ਪਰ ਅਸੀਂ ਇਹੋ ਜਿਹੇ ਤੰਗ ਦਿਲ, ਅਗਿਆਨਤਾ ਦੇ ਭਰੇ ਹੋਏ ਲੋਕ ਹਾਂ ਕਿ ਇਨ੍ਹਾਂ ਨੂੰ ਵੀ ਆਪੋ ਆਪਣੇ ਮਜ੍ਹਬ ਦੇ ਦਾਇਰੇ ਅੰਦਰ ਹੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਗਿਆਨ ਦੇ ਸਮੁੰਦਰ ਹਨ ਇਨ੍ਹਾਂ ਨੂੰ ਕੁੱਜੇ ਵਿਚ ਬੰਦ ਨਹੀਂ ਕੀਤਾ ਜਾ ਸਕਦਾ। ਇਹੋ ਸਮੁੱਚੀ ਮਨੁੱਖਤਾ ਦੇ ਰਹਿਬਰ ਹੁੰਦੇ ਹਨ। 

ਜਦ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਤਾਂ ਉਸ ਸਮੇਂ ਜੋ ਭਾਰਤ ਦੀ ਹਾਲਤ ਸੀ ਉਸ ਦਾ ਜ਼ਿਕਰ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਨਾਲ ਕੀਤਾ ਹੈ ਕਿ ਕਲਜੁਗ ਦੀ ਦੁਨੀਆਂ ਕੁੱਤੇ ਮੂੰਹੀਂ ਹੋ ਗਈ ਹੈ । ਜੀਵਾਂ ਦਾ ਖਾਣਾ ਪੀਣਾ ਪਰਾਇਆ ਹੱਕ ਹੋ ਗਿਆ ਹੈ। ਰਾਜੇ ਪਾਪ ਕਮਾਉਂਦੇ ਹਨ, ਉਲਟੀ ਵਾੜ ਹੀ ਖੇਤ ਨੂੰ ਖਾ ਰਹੀ ਹੈ। ਇਥੇ ਪਰਜਾ ਦਾ ਹਾਲ ਇਹ ਹੈ ਕਿ ਉਹ ਗਿਆਨ ਤੋਂ ਬਿਨਾ ਅੰਧੀ ਤੇ ਝੂਠ ਕੁਧਰਮ ਮੂੰਹੋਂ ਬੋਲ ਰਹੀ ਹੈ। ਚਾਰ ਵਰਨ ਜਗ ਵਿਚ ਹਿੰਦੂਆਂ ਦੇ ਹਨ ਤੇ ਚਾਰ ਮਜ਼ਬ ਮੁਸਲਮਾਨਾਂ ਦੇ ਹਨ। 

ਇਹ ਖੁਦੀ, ਬਖੀਲੀ, ਹੰਕਾਰ ਤੇ ਆਪਸ ਵਿਚ ਧੱਕੇ ਕਰਨ ਲੱਗ ਪਏ ਸਨ। ਹਿੰਦੂ ਗੰਗਾ ਬਨਾਰਸ ਨੂੰ ਪਵਿੱਤਰ ਤੇ ਮੁਸਲਮਾਨ ਮੱਕੇ ਕਾਬੇ ਨੂੰ ਖੁਦਾ ਦਾ ਘਰ ਸਮਝਦੇ ਸਨ। 

ਮੁਸਲਮਾਲ ਸੁੰਨਤ ਤੇ ਹਿੰਦੂ ਤਿਲਕ ਜੰਝੂ ਨੂੰ ਪ੍ਰੇਮ ਕਰਦੇ। ਆਰਥਿਕ ਹਾਲਤ ਵੀ ਬਹੁਤ ਮਾੜੀ ਸੀ। ਅਮੀਰ ਗਰੀਬ ਤੇ ਮਜ਼ਦੂਰ ਦਾ ਲਹੂ ਚੂਸਦਾ ਸੀ। ਸਭ ਪਾਸੇ ਕੂੜ ਹੀ ਕੂੜ ਸੀ। 

ਇਹੋ ਜਿਹੇ ਸਮੇਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਜਨਮ ਸਮੇਂ ਤੋਂ ਹੀ ਸੰਸਾਰ ਤੋਂ ਅਗਿਆਨਤਾ ਰੂਪੀ ਹਨ੍ਹੇਰਾ ਦੂਰ ਹੋ ਗਿਆ। ਜਿਵੇਂ ਸੂਰਜ ਦੇ ਨਿਕਲਣ ਨਾਲ ਤਾਰੇ ਅਲੋਪ ਹੋ ਜਾਂਦੇ ਹਨ, ਜਿਵੇਂ ਸ਼ੇਰ ਦੀ ਭਬਕ ਨਾਲ ਹਰਨਾਂ ਦੀ ਡਾਰ ਭੱਜ ਜਾਂਦੀ ਹੈ, ਧੀਰਜ ਨਹੀਂ ਧਰਦੀ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਪਾਪਾਂ ਦੁੱਖਾਂ ਨੂੰ ਭਾਜੜ ਪੈ ਗਈ। ਜਿੱਥੇ ਬਾਬਾ ਪੈਰ ਰੱਖਦਾ ਉਥੇ ਹੀ ਪੂਜਾ ਦੇ ਆਸ਼ਣ ਦੀ ਥਾਪਣਾ ਹੋ ਜਾਂਦੀ ਸੀ । ਯਥਾ: 

ਕਲਿਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰ ਗੁਸਾਈ।

ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।

ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਹੀ। 

(ਭਾਈ ਗੁਰਦਾਸ ਜੀ, ਵਾਰ ੧ ਪਉੜੀ ੩੦) 

ਚਾਰ ਵਰਨਿ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ। ਖੁਦੀ ਬਖੀਲੀ ਤਕਬਰੀ ਖਿਚੋਤਾਣਿ ਕਰੇਨਿ ਧਿਙਾਣੇ। ਗੰਗਾ ਬਨਾਰਿਸ ਹਿੰਦੂਆਂ ਮਕਾ ਕਾਬਾ ਮੁਸਲਮਾਣੇ। ਸੁੰਨਤਿ ਮੁਸਲਮਾਣ ਦੀ ਤਿਲਕ ਜੰਝੂ ਹਿੰਦੂ ਲੋਭਾਣੇ। 

(ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੧) 

ਸਤਿਗੁਰ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ। ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ। ਜਿਥੈ ਬਾਬਾ ਪੈਰੁ ਧਰੈ ਪੂਜਾ ਆਸਣੁ ਥਾਪਣਿ ਸੋਆ। 

(ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੭) 

ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਪ੍ਰਭੂ ਹਰ ਸਮੇਂ ਕਿਸੇ ਨਾ ਕਿਸੇ ਮਹਾ ਪੁਰਸ਼ ਨੂੰ ਦੁਨੀਆਂ ਦੇ ਉਧਾਰ ਲਈ ਭੇਜਦਾ ਹੈ। 

ਪਿੰਡ ਮੋਰਾਂਵਾਲੀ ਵਿਚ ਦੋ ਵੱਡੇ ਗੋਤ ‘ਰਾਏ’ ਤੇ ‘ਹੇਹਰ’ ਵਸ ਰਹੇ ਹਨ, ਆਉ ਪਹਿਲਾਂ ਰਾਏ ਗੋਤ ਦਾ ਪਿਛੋਕੜ ਵੇਖੀਏ। 

ਰਾਏ ਗੋਤ ਦਾ ਪਿਛੋਕੜ 

ਜਿਸ ਤਰ੍ਹਾਂ ਸੰਸਾਰ ਦੀ ਹੋਂਦ ਦਾ ਕੋਈ ਖਾਸ ਪਤਾ ਨਹੀਂ ਲੱਗਦਾ ਕਿ ਕਦੋਂ ਹੋਇਆ, ਉਸੇ ਤਰ੍ਹਾਂ ਵੱਖੋ ਵੱਖ ਗੋਤਾਂ ਦੀ ਹੋਂਦ ਦਾ ਵੀ ਠੀਕ ਠਾਕ ਪਤਾ ਨਹੀਂ ਲੱਗਦਾ ਕਿ ਕਦੋਂ ਤੋਂ ਚੱਲਦੇ ਆ ਰਹੇ ਹਨ। ਦੁਨੀਆਂ ਅੰਦਰ ਮਸ਼ਹੂਰ ਗੋਤਾਂ ਨੂੰ ਆਮ ਲੋਕ ਵੀ ਧਾਰਨ ਲੱਗ ਪੈਂਦੇ ਹਨ ਜਿਵੇਂ ਸਮਰਾਟ ਅਸ਼ੋਕ ਦੇ ਬੁੱਧ ਧਰਮ ਵਿਚ ਆਉਣ ਨਾਲ ਅਨੇਕਾਂ ਹੀ ਲੋਕ ਬੁੱਧ ਧਰਮ ਵਿਚ ਸ਼ਾਮਲ ਹੋ ਗਏ ਸਨ। ਮਹਾਨ ਕੋਸ਼ ਅੰਦਰ ਕਾਨ੍ਹ ਸਿੰਘ ਜੀ ਨਾਭਾ ਨੇ ਰਾਏ ਗੋਤ ਦੇ ਅਰਥ ਕੀਤੇ ਹਨ- ਰਾਜਾ, ਅਮੀਰ, ਕਰਤਾਰ, ਪਾਰਬ੍ਰਹਮ, ਪ੍ਰਭੂ ਆਦਿ। ਖਾਸ ਕਰਕੇ ਰਾਏ ਗੋਤ ਨੂੰ ਅਮੀਰ ਪਰਵਾਰ ਆਪਣੇ ਨਾਮਾਂ ਨਾਲ ਜੋੜ ਲੈਂਦੇ ਹਨ। ਤਾਂ ਹੀ ਰਾਏ ਗੋਤ ਦੁਨੀਆਂ ਅੰਦਰ ਕਾਫ਼ੀ ਪ੍ਰਫੁੱਲਤ ਹੋਇਆ ਹੈ। ਆਮ ਬਹੁਤੇ ਗੋਤ ਪੁਰਾਤਨ ਸਮਿਆਂ ਦੇ ਰਿਸ਼ੀਆਂ ਮੁਨੀਆਂ ਦੇ ਨਾਮਾਂ ਤੋਂ ਚਲੇ ਆ ਰਹੇ ਹਨ। ਜਿਸ ਤਰ੍ਹਾਂ ਰਿਗਵੇਦ ਅਨੁਸਾਰ ਵਿਸ੍ਵਾਮਿੱਤਰ ਦਾ ਪਿਤਾ ਕੌਸ਼ਿਕ ਰਿਸ਼ੀ ਸੀ। ਬਾਦ ਵਿਚ ਫਿਰ ਵਿਸ਼ਵਾ ਮਿੱਤਰ ਕੌਸ਼ਿਕ ਅਖਵਾਇਆ। ਗੱਲ ਕੀ ਗੋਤ ਤਾਂ ਜੁੱਗਾਂ ਜੁੱਗਾਂ ਤੋਂ ਚਲੇ ਆ ਰਹੇ ਹਨ। ਕਈਆਂ ਨੂੰ ਈਸਾ ਤੋਂ ਕੁਝ ਸਮਾਂ ਪਹਿਲਾਂ ਤੋਂ ਹੋਂਦ ਵਿਚ ਆਇਆ ਕਿਹਾ ਹੈ। 

ਰਾਏ ਗੋਤ ਅੰਦਰ ਜੱਟ ਸਿੰਘ, ਹਿੰਦੂ, ਖੱਤ੍ਰੀ, ਬ੍ਰਾਹਮਣ ਆਦਿ ਤੇ ਕਈ ਮੁਸਲਮਾਨ ਵੀ ਸ਼ਾਮਲ ਹਨ। ਗੁਰੂ ਸਾਹਿਬਾਨ ਆਪ ਵੀ ਰਾਏ ਗੋਤ ਵਿਚ ਹੋਏ ਹਨ। ਜਿਸ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਮ ਬਚਪਨ ਦਾ ਗੋਬਿੰਦ ਰਾਇ ਸੀ। ਰਾਏ ਗੋਤ ਬਾਰੇ ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਤੇਤੇ ਜੁੱਗ ਦੇ ਅਵਤਾਰ ਸ੍ਰੀ ਰਾਮ ਚੰਦ ਜੀ ਦੇ ਸਪੁੱਤਰ ਲਵ ਦੀ ਅਗਾਂਹ ਕੁੱਲ ਵਿਚ ਕਾਲ ਰਾਇ ਰਾਜੇ ਦੇ ਨਾਮ ‘ਤੋਂ ਚਲਿਆ ਆ ਰਿਹਾ ਹੈ। ਅਸਲ ਸਭ ਤੋਂ ਵੱਡਾ ਸਬੂਤ ਬਚਿੱਤ੍ਰ ਨਾਟਕ ਵਿਚੋਂ ਰਾਏ ਗੋਤ ਦਾ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਰਾਮਚੰਦ੍ਰ ਜੀ ਦੇ ਦੋ ਸਪੁੱਤਰ ਲਵ ਅਤੇ ਕੁਸ਼ ਹੋਏ ਹਨ। ਜਿਨ੍ਹਾਂ ਦੀ ਕੁੱਲ ਅੰਦਰ ਅਗਾਂਹ ਦੇ ਰਾਜੇ ਕਾਲਕੇਤ ਤੇ ਕਾਲ ਰਾਇ ਹੋਏ ਹਨ। 

ਕਾਲ ਰਾਇ ਦਾ ਸਪੁੱਤਰ ‘ਸੋਢੀ ਰਾਇ’ ਹੋਇਆ ਜਿਸ ਤੋਂ ਸੋਢ ਵੰਸ਼ ਚਲਿਆ। ਸੋਢੀ ਰਾਇ ਦੀ ਬੰਸ ਅਗਾਂਹ ਸੰਸਾਰ ‘ਤੇ ‘ਸੋਢੀ’ ਵੰਸ਼ ਕਹਾਈ ਗਈ । ਇਸ ਤਰ੍ਹਾ ਰਾਇ ਗੋਤ ਗੁਰੂ ਸਾਹਿਬਾਨਾਂ ਨਾਲ ਵੀ ਸਬੰਧਤ ਹੈ। ਇਹੀ ਸਾਬਤ ਹੁੰਦਾ ਹੈ ਕਿ ਰਾਏ ਗੋਤ ਦਾ ਆਗਮਨ ਸ੍ਰੀ ਰਾਮ ਚੰਦ ਜੀ ਦੇ ਸਪੁੱਤਰ ਲਵ ਦੀ ਅਗਾਂਹ ਕੁੱਲ ਅੰਦਰ ਪੈਦਾ ਹੋਏ ਰਾਜੇ ਕਾਲ ਰਾਇ ਦੇ ਨਾਮ ਤੋਂ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਦਾ ਨਕਸ਼ਾ ਬਚਿੱਤ੍ਰ ਨਾਟਕ ਦਸਮ 

ਗ੍ਰੰਥ ਸਾਹਿਬ ਜੀ ਵਿਚ ਇਸ ਤਰ੍ਹਾਂ ਖਿੱਚਿਆ ਹੈ: 

ਪ੍ਰਿਥਮ ਜਯੋ ਤਿਹ ਰਾਜ ਕੁਮਾਰਾ॥ ਭਰਥ ਲੱਛਮਣ ਸਤ੍ਰ ਬਿਦਾਰਾ॥

ਬਹੁਤ ਕਾਲ ਤਿਨ ਰਾਜ ਕਮਾਯੋ॥ ਕਾਲ ਪਾਇ ਸੁਰ ਪੁਰਹਿ ਸਿਧਾਯੋ॥੨੨॥ 

ਭਾਵ ਅਰਥ: ਪਹਿਲਾ ਪੁੱਤਰ (ਦਸ਼ਰਥ ਤੇ ਕੁਸ਼ਲਿਆ ਦੇ ਘਰ) ਰਾਜ ਕੁਮਾਰ ਰਾਮ ਚੰਦ੍ਰ ਜੀ ਪੈਦਾ ਹੋਇਆ। ਫਿਰ ਦੂਜੀਆਂ ਰਾਣੀਆਂ, ਕੈਕਈ ਦੀ ਕੁੱਖੋਂ ਭਰਤ ਤੇ ਸੁਮਿੱਤਰਾ ਦੀ ਕੁੱਖੋਂ ਲਛਮਣ ਤੇ ਸਤਘਣ ਪੈਦਾ ਹੋਏ। ਇਨ੍ਹਾਂ ਨੇ ਬਹੁਤ ਸਮਾਂ ਰਾਜ ਕੀਤਾ। ਅਖ਼ੀਰ ਅੰਤ ਸਮਾਂ ਪਾਕੇ ਸ੍ਵਰਗ ਲੋਕ ਨੂੰ ਚਲੇ ਗਏ। 

ਸੀਅ ਸੁਤ ਬਹੁਰਿ ਭਏ ਦੁਇ ਰਾਜਾ॥ ਰਾਜ ਪਾਟ ਉਨ ਹੀ ਕਉ ਛਾਜਾ॥ 

ਮੱਦ ਦੇਸ ਏ ਸੂਰਜ ਬਰੀ ਜਬ॥ ਭਾਂਤਿ ਭਾਂਤਿ ਕੇ ਜੱਗ ਕੀਏ ਤਬ॥੨੩॥ 

ਭਾਵ ਅਰਥ: (ਬਾਦ ਵਿਚ ਫਿਰ) ਸੀਤਾ ਦੇ ਦੋ ਪੁੱਤਰ ਲਵ ਤੇ ਕੁਸ਼ ਦੋ ਰਾਜਾ ਹੋਏ। ਰਾਜ ਗੱਦੀ ਉਨ੍ਹਾਂ ਨੂੰ ਹੀ ਸੋਭਦੀ ਸੀ। ਪੰਜਾਬ ਦੀਆਂ ਰਾਜ ਕੁਮਾਰੀਆਂ ਨਾਲ ਉਨ੍ਹਾਂ ਦੇ ਵਿਆਹ ਹੋਏ। ਉਸ ਸਮੇਂ ਉਨ੍ਹਾਂ ਨੇ ਕਈ ਕਈ ਤਰ੍ਹਾਂ ਦੇ ਜੱਗ ਕੀਤੇ। 

ਤਹੀ ਤਿਨੈ ਬਾਂਧੇ ਦੁਇ ਪੁਰਵਾ॥ ਏਕ ਕਸੂਰ ਦੁਤੀਯ ਲਹੂ ਰਵਾ॥

ਅਧਕ ਪੁਰੀ ਤੇ ਦੋਊ ਬਿਰਾਜੀ॥ ਨਿਮਖ ਲੋਕ ਅਮਰਾਵਤਿ ਲਾਜੀ॥੨੪॥ 

ਭਾਵ ਅਰਥ: ਉਥੇ ਪੰਜਾਬ ਦੀ ਧੁਤੀ ‘ਤੇ ਉਨ੍ਹਾਂ ਦੋ ਸ਼ਹਿਰ ਬਣਾਏ। ਇਕ ਦਾ ਨਾਂ ਕਸੂਰ ਤੇ ਦੂਜੇ ਦਾ ਲਾਹੌਰ ਨਾਮ ਰੱਖਿਆ। ਦੋਨੋਂ ਸ਼ਹਿਰ ਬਹੁਤ ਸੁੰਦਰ ਤੇ ਸ਼ੋਭਨੀਕ ਹੋਏ। ਜਿਨ੍ਹਾਂ ਦੀ ਸੁੰਦਰਤਾ ਦੇਖਕੇ ਲੋਕਾ ਤੇ ਇੰਦਰਪੁਰੀ ਵੀ ਸ਼ਰਮਾਉਂਦੀ ਸਨ। 

ਬਹੁਤ ਕਾਲ ਤਿਕ ਰਾਜ ਕਮਾਯੋ॥ ਜਾਲ ਕਾਲ ਕੇ ਅੰਤ ਫਸਾਯੋ॥ 

ਤਿਨ ਤੇ ਪੁਤ੍ਰ ਪੋਤ੍ਰ ਜੇਵਏ॥ ਰਾਜ ਕਰਤ ਇਹ ਜਗ ਕੋ ਭਹੋ ॥੨੫॥ 

ਭਾਵ ਅਰਥ: (ਦੋਨੋਂ ਰਾਜਿਆਂ) ਲਵ ਤੇ ਕੁਸ਼ ਨੇ ਬਹੁਤ ਚਿਰ ਰਾਜ ਕੀਤਾ ਤੇ ਅੰਤ ਨੂੰ ਮੌਤ ਦੇ ਜਾਲ੍ਹ ਵਿਚ ਫਸ ਗਏ। (ਅਗਾਂਹ) ਉਨ੍ਹਾਂ ਦੇ ਪੁੱਤਰਾਂ, ਪੋਤਰਿਆਂ ਨੇ ਇਸ ਜਗ ਤੇ ਰਾਜ ਕੀਤਾ। 

ਕਹਾਂ ਲਗੇ ਤੇ ਬਰਨ ਸੁਨਾਉਂ॥ ਤਿਨ ਕੇ ਨਾਮ ਨ ਸੰਖਿਆ ਪਾਉ॥ ਹੋਤ ਚਹੂੰ ਜੁਗ ਮੈ ਜੇ ਆਏ॥ ਤਿਨ ਕੇ ਨਾਮ ਨ ਜਾਤ ਗਨਾਏ॥੨੬॥ 

ਭਾਵ ਅਰਥ: (ਗੁਰੂ ਜੀ ਆਖਦੇ ਹਨ ਕਿ) ਉਨ੍ਹਾਂ ਦੀ ਕਥਾ ਕਿਥੋਂ ਤਕ ਸੁਣਾਵਾਂ (ਜੇ ਅਗਾਂਹ ਰਾਜੇ ਹੋਏ ਹਨ) ਉਨ੍ਹਾਂ ਦੇ ਨਾਮਾਂ ਦੀ ਗਿਣਤੀ ਮੈਂ ਨਹੀਂ ਪਾ ਸਕਦਾ। ਜੇ ਚੌਹਾਂ ਜੁਗਾਂ ਅੰਦਰ ਵੀ ਹੋਏ ਹਨ। ਉਨ੍ਹਾਂ ਦੇ ਨਾਮ ਵੀ ਨਹੀਂ ਗਿਣੇ ਜਾ ਸਕਦੇ। 

ਜੋ ਅਬ ਤੋ ਕਿਰਪਾ ਬਲ ਪਾਊਂ॥ ਨਾਮ ਜਥਾ ਮਤ ਭਾਖ ਸੁਨਾਉਂ॥ ਕਾਲਕੇਤ ਅਰੁ ਕਾਲ ਰਾਇ ਭਨ॥ ਤਿਨ ਕੇ ਭਏ ਪੁਤ੍ਰ ਘਰ ਅਨਗਨ ॥੨੭॥ 

ਭਾਵ ਅਰਥ: (ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਭੂ ਜੀ ਅੱਗੇ ਬੇਨਤੀ ਕਰਦੇ ਹਨ ਕਿ) ਹੋ ਪ੍ਰਭੂ- ਜੇ ਮੈਂ ਹੁਣ ਤੇਰੇ ਕੋਲੋਂ ਕ੍ਰਿਪਾ ਦੀ ਤਾਕਤ ਹਾਸਲ ਕਰ ਲਵਾਂ ਤਾਂ ਹੀ ਮੈਂ ਆਪਣੀ ਮੌਤ ਅਨੁਸਾਰ ਕੁਝ ਕੁ ਰਾਜਿਆਂ ਦੇ ਨਾਂ ਸੁਣਾ ਸਕਦਾ ਹਾਂ। ਕਾਲਕੇਤ ਤੇ ਕਾਲ ਰਾਇ ਰਾਜਿਆਂ ਦੇ ਅਗਾਂਹ ਅਨੇਕਾਂ ਹੀ ਪੁੱਤਰਾਂ ਨੇ ਜਨਮ ਲਿਆ। 

ਕਾਲਕੇਤ ਭਯੋ ਬਲੀ ਅਪਾਰਾ॥ ਕਾਲ ਰਾਇ ਜਿਨਿ ਨਗਰ ਨਿਕਾਰਾ॥ ਭਾਜ ਸਨੌਢ ਦੇਸ ਤੇ ਗਏ॥ ਤਹੀ ਭੂਪਕਾ ਬਿਆਹਤ ਭਏ॥੨੮॥ 

ਭਾਵ ਅਰਥ: ਕਾਲਕੇਤ (ਕਸੂਰ ਦਾ ਰਾਜਾ) ਬਹੁਤ ਹੀ ਸੂਰਮਾ ਹੋਇਆ। ਜਿਸ ਨੇ ਕਾਲ ਰਾਇ ਨੂੰ (ਉਸ ਦੇ) ਨਗਰ (ਲਾਹੌਰ) ਤੋਂ ਬਾਹਰ ਕੱਢ ਦਿੱਤਾ। ਉਹ ਉਥੋਂ (ਸਨੌਢ) ਦੇਸ਼ ਨੂੰ ਭੱਜ ਗਿਆ। ਉਥੇ ਦੇ ਰਾਜੇ ਦੀ ਇਕ ਰਾਜ ਕੁਮਾਰੀ ਨਾਲ ਉਸ ਦੀ ਸ਼ਾਦੀ ਹੋ ਗਈ॥28॥ 

ਤਿਹ ਤੇ ਪੁਤ੍ਰ ਭਯੋ ਜੋ ਧਾਮਾ॥ ਸੋਢੀ ਰਾਇ ਧਰਾ ਤਿਹਿ ਨਾਮਾ॥ ਬੰਸ ਸਨੋਢ ਤਾ ਦਿਨ ਤੇਥੀਆ॥ ਪਰਮ ਪਵਿਤ੍ਰ ਪੁਰਖੁ ਜੂਕੀਆ॥੨੯॥ 

ਭਾਵ ਅਰਥ: (ਉਸ ਰਾਜ ਕੁਮਾਰੀ ਤੋਂ) ਜਿਸ ਪੁੱਤਰ ਨੇ ਜਨਮ ਲਿਆ ਉਸ ਦਾ ਨਾਂ ਸੋਢੀ ਰਾਏ ਰੱਖਿਆ ਗਿਆ। ਸਨੌਢ ਵੰਸ਼ ਉਸ ਦਿਨ ਤੋਂ ਹੀ ਸ਼ੁਰੂ ਹੋਇਆ। ਜਿਸ ਨੂੰ ਪਰਮ ਪਵਿਤ੍ ਸਰਬ ਵਿਆਪਕ ਪ੍ਰਭੂ ਜੀ ਨੇ ਆਪ ਸ਼ੁਰੂ ਕੀਤਾ ਸੀ॥29॥ 

(ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਬਚਿੱਤ੍ਰ ਨਾਟਕ ਦਸਮ ਗ੍ਰੰਥ ਸਾਹਿਬ ਜੀ ਵਿਚੋਂ) 

ਇਸ ਤਰ੍ਹਾਂ ਉਪਰੋਕਤ ਖੋਜ਼ ਅਨੁਸਾਰ ਕਾਲ ਰਾਇ ਤੋਂ ਹੀ ਰਾਏ ਗੋਤ ਦਾ ਆਗਮਨ ਹੋਇਆ ਹੈ। ਮਸ਼ਹੂਰ ਗੋਤ ਹੋਣ ਕਾਰਨ ਇਸ ਰਾਏ ਗੋਤ ਨੂੰ ਅਨੇਕਾਂ ਨੇ ਧਾਰਨ ਕੀਤਾ। ਇਸ ਗੋਤ ਅੰਦਰ ਹਰ ਧਰਮ ਦੇ ਬੰਦੇ ਵੇਖੇ ਗਏ ਹਨ ਚਾਹੇ ਉਹ ਸਿੱਖ ਜੱਟ ਹੈ, ਚਾਹੇ ਖੱਤਰੀ ਬ੍ਰਾਹਮਣ, ਚਾਹੇ ਮੁਸਲਮਾਨ, ਹਰ ਵਰਗ ਦੇ ਲੋਕ ਸ਼ਾਮਲ ਹਨ। ਪਿੱਛੇ ਰਾਜੇ ਵੱਡੇ ਵੱਡੇ ਬੰਦਿਆਂ ਨੂੰ ਰਾਏ ਦੀ ਪਦਵੀ ਨਾਲ ਨਿਵਾਜ਼ਦੇ ਸਨ। ਪਿੰਡ ਮੋਰਾਂਵਾਲੀ ਰਾਏ ਗੋਤ ਅੰਦਰ ਇਕ ਬਹੁਤ ਹੀ ਭਜਨੀਕ ਗੁਰ ਸਿੱਖ ਬ੍ਰਹਮ ਗਿਆਨੀ ਬਾਬਾ ਭਗਤੂ ਜੀ ਹੋਏ ਹਨ ਜੋ ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਅੰਦਰ ਹੋਏ ਹਨ ਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਵਿਚ ਗੁਰੂ ਧਾਰਨ ਕੀਤਾ ਸੀ, ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਚ ਖੇਤੀ ਕਰਦੇ ਸਨ। ਇਸੇ ਕਰਕੇ ਪਿੰਡ ਮੋਰਾਂਵਾਲੀ ਦੇ ਰਾਏ ਗੋਤ ਦਾ ਪਿਛੋਕੜ ਇਥੇ ਦੱਸਣਾ ਬਹੁਤ ਜ਼ਰੂਰੀ ਸੀ। ਸੋ ਰਾਏ ਗੋਤ ਤ੍ਰੇਤੇ ਤੋਂ ਚੱਲਦਾ ਆ ਰਿਹਾ ਹੈ। ਇਸ ਵਿਚ ਹਰ ਬਿਰਾਦਰੀ ਦੇ ਲੋਕ ਸ਼ਾਮਲ ਹਨ। 

ਪਿੰਡ ਮੋਰਾਂਵਾਲੀ ਦੇ ‘ਹੇਅਰ’ ਗੋਤ ਦਾ ਪਿਛੋਕੜ 

ਪਿੰਡ ਮੋਰਾਂਵਾਲੀ ਤਹਿਸੀਲ ਗੜ੍ਹ ਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੱਡੇ ਦੋ ਗੋਤ ‘ਰਾਏ’ ਤੇ ‘ਹੇਅਰ’ ਵਸ ਰਹੇ ਹਨ। ਰਾਏ ਗੋਤ ਦਾ ਪਿਛੋਕੜ ਪਾਠਕ ਪਿੱਛੇ ਪੜ੍ਹ ਆਏ ਹਨ। ਹੁਣ ਆਉ ‘ਹੇਅਰ’ ਗੋਤ ਦੇ ਪਿਛੋਕੜ ਵਲ ਨਜ਼ਰ ਮਾਰੀਏ। 

ਵੱਡੇ ਵੱਡੇ ਵਿਦਵਾਨਾਂ ਦਾ ਕਹਿਣਾ ਤਾਂ ਇਹੀ ਹੈ ਕਿ ਸਨਾਤਨ ਹਿੰਦੂ ਧਰਮ ਵਿਚ ਗੋਤ ਰਿਸ਼ੀਆਂ ਮੁਨੀਆਂ ਦੇ ਨਾਮਾਂ ਤੋਂ ਜਾਂ ਵੱਡੇ ਵੱਡੇ ਕਬੀਲਿਆਂ ਤੋਂ ਜਾਂ ਰਾਜਿਆਂ ਦੇ ਨਾਮਾਂ ਤੋਂ ਚੱਲਦੇ ਆ ਰਹੇ ਹਨ। ਜਿਸ ਤਰ੍ਹਾਂ ਪਾਠਕ ਪਿੱਛੇ ਪੜ੍ਹ ਹੀ ਆਏ ਹਨ ਕਿ ਵਿਸ਼ਵਾ ਮਿੱਤਰ ਦਾ ਕੌਸ਼ਿਕ ਗੋਤ ਸੀ ਤੇ ਹੁਣ ਬਹੁਤੇ ਹਿੰਦੂਆਂ ਅੰਦਰ ਕੌਸ਼ਿਕ ਗੋਤ ਚੱਲਦਾ ਆ ਰਿਹਾ ਹੈ।ਰਿਗਵੇਦ ਅਨੁਸਾਰ ਭਰਤ ਇਕ ਕਬੀਲਾ ਸੀ। ਬਾਦ ਭਰਤ ਤੋਂ ਭਾਰਤ ਦੇਸ਼ ਪੈ ਗਿਆ। ਰਾਏ ਗੋਤ ਵੀ ਜਿਸ ਤਰ੍ਹਾਂ ਕਾਲ ਰਾਇ ਰਾਜੇ ਦੇ ਨਾਂ ਤੋਂ ਚਲਿਆ ਆ ਰਿਹਾ ਹੈ ਤੇ ਉਸ ਨੂੰ ਹਰ ਬਰਾਦਰੀ ਦੇ ਲੋਕਾਂ ਨੇ ਗ੍ਰਹਿਣ ਕੀਤਾ ਹੈ। ਕਿਸੇ ਮਹਾਨ ਹਸਤੀ ਜਾਂ ਮਹਾਨ ਰਾਜੇ ਦੇ ਨਾਂ ਤੋਂ ਜਾਂ ਕਿਸੇ ਕਬੀਲੇ ਦੇ ਨਾਮ ਤੋਂ ਜਾਂ ਕਿਸੇ ਮਹਾਨ ਰਿਸ਼ੀ ਦੇ ਨਾਂ ਤੋਂ ਗੋਤ ਚਲਦੇ ਆ ਰਹੇ ਹਨ। ਇਹ ਵੀ ਵੇਖਣ ਵਿਚ ਆਇਆ ਹੈ ਕਿ ਕਬੀਲਾ ਜੋ ਕਰਮ ਕਰਦਾ ਹੈ ਉਸ ਦੇ ਕਰਮ ਨੂੰ ਵੇਖਕੇ ਵੀ ਉਸੇ ਤਰ੍ਹਾਂ ਦਾ ਗੋਤ ਰੱਖਿਆ ਗਿਆ ਹੈ ਜਿਵੇਂ ਹੇਅਰ ਗੋਤ ਵਾਰੇ ਸੰਤ ਵਿਸਾਖਾ ਸਿੰਘ ਜੀ ਨੇ ਮਾਲਵਾ ਇਤਿਹਾਸ ਵਿਚ ਹੇਅਰ ਗੋਤ ਨੂੰ ਸ਼ੱਕ ਵੰਸ਼ ਵਿਚੋਂ ਹੋਇਆ ਮੰਨਿਆ ਹੈ। ਬੀ.ਐਸ. ਦਾਹੀਆ ‘ਜਾਟਸ’ ਪੁਸਤਕ ਵਿਚ ਹੇਅਰਾਂ ਨੂੰ ਕੁਸ਼ਨ ਜਾਤੀ ਦੀ ਹੇਰਓਸ ਸਾਖਾ ਹੋਇਆ ਲਿਖਦਾ ਹੈ। ਕਈਆਂ ਦਾ ਵਿਚਾਰ ਹੈ ਕਿ ਹੇਅਰ ਉੱਤਰ ਪ੍ਰਦੇਸ਼ ਦੇ ਮੱਥਰਾ ਇਲਾਕੇ ਦੇ ਹੂਣਾਂ ਵਿਚੋਂ ਹੋਇਆ ਹੈ। ਹੇਅਰ ਗੋਤੀ ਬਹੁਤ ਪਸ਼ੂ ਪਾਲਦੇ ਹਨ। ਪਸ਼ੂਆਂ ਦੀਆਂ ਹੇੜ੍ਹਾਂ ਰੱਖਦੇ ਸਨ ਜਿਸ ਤੋਂ ਹੇਅਰ ਗੋਤ ਪ੍ਰਚੱਲਤ ਹੋਇਆ। ਇਹ ਸ਼ਿਵ ਜੀ ਦੇ ਭਗਤ ਸਨ। ਸ਼ਿਵ ਜਟੇਸ਼ਵਰੀ ਸਨ। ਜੱਟ ਸਭ ਤੋਂ ਵੱਧ ਸ਼ਿਵ ਜੀ ਨੂੰ ਦੇਵਤਾ ਮੰਨਦੇ ਸਨ। ਤਿੰਨ ਵੱਡੇ ਗੋਤ ਮਾਨ, ਭੁੱਲਰ ਤੇ ਹੇਅਰ ਇਹ ਸ਼ਿਵ ਜੀ ਦੀ ਪੂਜਾ ਕਰਦੇ ਸਨ। ਕਹਿੰਦੇ ਈਸਾ ਤੋਂ ਬਹੁਤ ਸਮਾਂ ਪਹਿਲਾਂ ਹੇਅਰ, ਦਹੀਆ, ਭੁਲਰ ਇਰਾਨ ਦੇ ਜਾਟਾਲੀ ਇਲਾਕੇ ਅੰਦਰ ਵੱਸਦੇ ਸਨ ਉਥੋਂ ਉੱਠਕੇ ਇਹ ਪੰਜਾਬ ਅੰਦਰ ਆ ਵਸੇ। ਇਹ ਤਿੰਨੇ ਗੋਤ ਆਪਣੇ ਆਪ ਨੂੰ ਅਸਲ ਜੱਟ ਸਮਝਦੇ ਹਨ। ਹੇਅਰ ਗੋਤ ਹੁਣ ਪੰਜਾਬ ਅੰਦਰ ਕਾਫੀ ਫੈਲਿਆ ਹੋਇਆ ਹੈ। ਇਸ ਤਰ੍ਹਾਂ ਵੱਖੋ ਵੱਖ ਹੇਅਰ ਗੋਤ ਬਾਰੇ ਖੋਜ਼ है। 

ਗੁਰੂ ਨਾਨਕ ਦੇਵ ਜੀ ਦੇ ਸਮੇਂ ਇਕ ਸਿੱਖ ਬਾਬਾ ਭਗਤੂ ਜੀ ਰਾਏ ਪਿੰਡ ਮੋਰਾਂਵਾਲੀ ਵਿਚ ਵੀ ਪੈਦਾ ਹੋਏ ਹਨ 

ਪਿਹਲਾ ਪਿੰਡ ਮੋਰਾਵਾਲੀ 1400-1500 ਈ. ਦੇ ਵਿਚਕਾਰ ਧੋੜ ਕੋਟ ਡਾਲਾ ਮਾਲਵੇ ਇਲਾਕੇ ਵਿਚ ਜੋ ਮੋਗੇ ਦੇ ਲਾਗੇ ਹੈ ਉਥੋਂ ਉੱਠ ਕੇ ਜਲੰਧਰ ਛਾਉਣੀ ਵਿਚ ਆ ਵਸਿਆ ਸੀ। 

ਜਲੰਧਰ ਛਾਉਣੀ ਪਿੰਡ ਮੋਰਾਂਵਾਲੀ ਅੰਦਰ ਮਹਾਪੁਰਸ਼ ਬਾਬਾ ਭਗਤੂ ਜੀ ਰਾਏ ਗੋਤ ਅੰਦਰ ਪੈਦਾ ਹੋਏ ਸਨ। ਇਹ ਮਹਾਪੁਰਸ਼ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੈਦਾ ਹੋਇਆ ਹੈ। ਦੂਜੇ ਇਕ ਮਹਾਪੁਰਸ਼ ਗੁਰੂ ਅੰਸ਼ ਭਾਈ ਭਗਤੂ ਜੀ ਬਾਬੇ ਆਦਮ ਜੀ ਦੇ ਸਪੁੱਤਰ ਹੋਏ ਹਨ। ਭਾਈ ਭਗਤੂ ਜੀ ਤਾਂ ਗੁਰੂ ਅੰਸ਼ ਹੋਣ ਕਰਕੇ ਗੁਰੂ ਇਤਿਹਾਸ ਵਿਚ ਪ੍ਰਗਟ ਹੋ ਗਏ ਪਰ ਬਾਬਾ ਭਗਤੂ ਜੀ ਮੋਰਾਂਵਾਲੀ ਵਾਲੇ ਇਤਿਹਾਸ ਦੀ ਖੋਜ਼ ਨਾ ਕਰਨ ਕਰਕੇ ਸਿੱਖ ਇਤਿਹਾਸ ਅੰਦਰ ਅਲੋਪ ਹੀ ਰਹੇ। ਪਰ ਹੁਣ ਜਦ ਸੰਤ ਬਾਬਾ ਲਾਭ ਸਿੰਘ ਜੀ (ਕਾਰ ਸੇਵਾ ਵਾਲ) ਕਿਲ੍ਹਾ ਅਨੰਦ ਗੜ੍ਹ ਸਾਹਿਬ ਵਾਲਿਆਂ ਦੀ ਕ੍ਰਿਪਾ ਦੁਆਰਾ ਬਾਬਾ ਭਗਤੂ ਜੀ ਦਾ ਇਕ ਮਹਾਨ ਗੁਰਦੁਆਰਾ ਪਿੰਡ ਮੋਰਾਂਵਾਲੀ ਵਿਚ ਪ੍ਰਗਟ ਹੋ ਗਿਆ ਤਾਂ ਇਸ ਦੀ ਖੋਜ਼ ਕਰਨੀ ਵੀ ਬਹੁਤ ਜਰੂਰੀ ਹੋ ਗਈ ਸੀ। ਇਸ ਕਰਕੇ ਵੀ ਕਿ ਜੇ ਕੋਈ ਸਾਨੂੰ ਬਾਹਰੋਂ ਆਇਆ ਵੀਰ ਇਹ ਪੁੱਛੇ ਕਿ ਇਹ ਸੁੰਦਰ ਗੁਰਦੁਆਰਾ ਬਾਬਾ ਭਗਤੂ ਜੀ ਦਾ ਬਣਿਆ ਹੋਇਆ ਹੈ, ਪਰ ਇਹ ਕੌਣ ਮਹਾਪੁਰਸ਼ ਹੋਏ ਹਨ। ਤਾਂ ਫਿਰ ਅਸੀਂ ਕੀ ਜਵਾਸ ਦੇਵਾਂਗੇ ਜੇ ਸਾਨੂੰ ਪੂਰਾ ਬਾਰੇ ਭਗਤੂ ਜੀ ਦੇ ਇਤਿਹਾਸ ਦਾ ਪਤਾ ਹੀ ਨਾ ਹੋਇਆ। ਕਈ ਲੋਕ ਤਾਂ ਬਾਬਾ ਭਗਤੂ ਜੀ ਮੋਰਾਂਵਾਲੀ ਵਾਲਿਆਂ ਨੂੰ ਭਾਈ ਭਗਤੂ ਜੀ ਬਾਬੇ ਆਦਮ ਜੀ ਦੇ ਇਕਲੌਤੇ ਸਪੁੱਤਰ ਦੇ ਇਤਿਹਾਸ ਨਾਲ ਜੋੜ ਦੇਂਦੇ ਸਨ। ਇਹ ਸਭ ਅੱਖੀਂ ਦੇਖਕੇ ਬਾਬਾ ਭਗਤੂ ਜੀ ਦੀ ਕ੍ਰਿਪਾ ਨਾਲ ਦਾਸ ਲੇਖਕ 1997 ਈ. ਦੇ ਆਰੰਭ ਵਿਚ ਬਾਬਾ ਭਗਤੂ ਜੀ ਦੇ ਜੀਵਨ ਦੀ ਖੋਜ਼ ਲਈ ਘਰੋਂ ਨਿਕਲਿਆ ਸੀ। ਜੋ ਵੀ ਖੋਜ ਅਨੁਸਾਰ ਬਾਬਾ ਭਗਤੂ ਜੀ ਦਾ ਇਤਿਹਾਸ ਇਕੱਠਾ ਕੀਤਾ ਸੀ ਉਹ ਇਸ ਪੁਸਤਕ ਅੰਦਰ ਦਰਜ ਕਰ ਦਿੱਤਾ ਹੈ। ਆਓ ਹੁਣ ਦੋਹਾਂ ਮਹਾਂ ਪੁਰਸ਼ਾਂ ਦੇ ਜੀਵਨ ਵੱਲ ਇਕ ਨਜ਼ਰ ਮਾਰੀਏ। 

ਬਾਬਾ ਭਗਤੂ ਜੀ ਮੋਰਾਂਵਾਲੀ ਵਾਲੇ ਕੌਣ ਸਨ 

ਪਿੰਡ ਮੋਰਾਂਵਾਲੀ ਰਾਏ ਗੋਤ ਦੇ ਵੱਡੇ ਵਡੇਰੇ ਬਜ਼ੁਰਗ ਬਾਬਾ ਭਗਤੂ ਜੀ, ਜਗਤੂ ਜੀ ਤੇ ਬਾਬਾ ਸ਼ਕਤੂ ਜੀ ਤਿੰਨੇ ਭਰਾ ਜਲੰਧਰ ਛਾਉਣੀ ਵਿਚ ਜਨਮੇ ਸਨ। ਉਸ ਸਮੇਂ ਜਲੰਧਰ ਛਾਉਣੀ ਦਾ ਨਾਂ ਮੋਰਾਂਵਾਲੀ ਸੀ। ਪਿੰਡ ਮੋਰਾਂਵਾਲੀ ਤੇ ਪਿੰਡ ਖੁਸਰੋ ਪੁਰ ਇਨ੍ਹਾਂ ਬਜ਼ੁਰਗਾਂ ਦੀ ਹੀ ਸੰਤਾਨ ਪੀੜ੍ਹੀ-ਦਰ-ਪੀੜ੍ਹੀ ਚਲਦੀ ਆ ਰਹੀ ਹੈ। ਇਨ੍ਹਾਂ ਭਰਾਵਾਂ ਦੀ ਇਕ ਭੈਣ ਸੀ ਜੋ ਪਿੰਡ ਹੇਹਰ ਜ਼ਿਲ੍ਹਾ ਜਲੰਧਰ ਵਿਚ ਵਿਆਹੀ ਹੋਈ ਸੀ। ਇਸ ਕਰਕੇ ਹੇਹਰ ਪਰਵਾਰ ਬਾਬਾ ਭਗਤੂ ਜੀ ਹੁਣਾਂ ਦਾ ਦੋਹਤਾ ਪਰਵਾਰ ਕਿਹਾ ਜਾਂਦਾ ਹੈ । ਬਾਬਾ ਭਗਤੂ ਜੀ, ਜਗਤੂ ਜੀ ਤੇ ਬਾਬਾ ਸ਼ਕਤੂ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ। ਜਦੋਂ ਗੁਰੂ ਨਾਨਕ ਦੇਵ ਜੀ 1522 ਈ. ਨੂੰ ਕਰਤਾਰ ਪੁਰ ਵਿਖੇ ਖੇਤੀਬਾੜੀ ਕਰਦੇ ਸਨ ਉਸ ਸਮੇਂ ਸੰਗਤਾਂ ਦੂਰੋਂ ਦੂਰੋਂ ਗੁਰੂ ਦਰਸ਼ਨਾਂ ਨੂੰ ਆਉਂਦੀਆਂ ਤੇ ਸਿੱਖੀ ਧਾਰਨ ਕਰਦੀਆਂ ਸਨ। ਉਸ ਸਮੇਂ ਅੰਦਰ ਹੀ ਬਾਬਾ ਭਗਤੂ ਜੀ, ਜਗਤੂ ਜੀ ਤੇ ਬਾਬਾ ਸ਼ਕਤੂ ਜੀ ਹੁਣਾਂ ਤਿੰਨਾਂ ਭਰਾਵਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਧਾਰਨ ਕੀਤੀ ਸੀ। ਅਗਾਂਹ ਬਾਬਾ ਭਗਤੂ ਜੀ ਹੁਣਾਂ ਨੇ ਜਲੰਧਰ ਛਾਉਣੀ (ਪੁਰਾਣੀ ਵਸ ਰਹੀ ਮੋਰਾਂਵਾਲੀ ਅੰਦਰ) ਸਿੱਖੀ ਦਾ ਪ੍ਰਚਾਰ ਕੀਤਾ ਜਿਸ ਦਾ ਸਦਕਾ ਮੋਰਾਂਵਾਲੀ ਇਕ ਇਨਕਲਾਬੀ ਵਿਚਾਰਧਾਰਾ ਦਾ ਪਿੰਡ ਸੰਸਾਰ ਅੰਦਰ ਪ੍ਰਗਟ ਹੋਇਆ। ਵੱਡੇ ਵੱਡੇ ਮੋਰਚਿਆਂ ਅੰਦਰ ਮੋਰਾਂਵਾਲੀ ਦੇ ਗੁਰਸਿੱਖ ਨੇ ਹਿੱਸਾ ਪਾਇਆ। ਗੁਰੂ ਕਾ ਬਾਗ਼, ਜੈਤੋ ਦਾ ਮੋਰਚਾ, ਅਕਾਲੀ ਲਹਿਰ, ਗਦਰ ਪਾਰਟੀ, ਆਜ਼ਾਦ ਹਿੰਦ ਫ਼ੌਜ ਆਦਿ ਵੱਖੋ ਵੱਖ ਸੰਘਰਸ਼ਾਂ ਵਿਚ ਮੇਰਾਂਵਾਲੀ ਦੇ ਗੁਰਸਿੱਖ ਜੂਝ ਕੇ ਲੜੇ। ਸਿੱਖ ਇਤਿਹਾਸ ਅੰਦਰ ਮੇਰਾਂਵਾਲੀ ਦੇ ਸਿੱਖਾਂ ਦੀਆਂ ਕੁਰਬਾਨੀਆਂ ਦਰਜ ਹਨ। ਜਦ ਭਾਰਤ ਤੇ ਗੋਰਿਆਂ ਦਾ ਰਾਜ ਸੀ ਤਾਂ ਮੋਰਾਂਵਾਲੀ ਦੇ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਯੋਗਦਾਨ ਹਿੱਸਾ ਪਾਇਆ। ਅਕਾਲੀਆਂ ਦਾ ਪਿੰਡ ਮੋਰਾਂਵਾਲੀ ਹੋਣ ਕਰਕੇ ਗੋਰਾ ਸਰਕਾਰ ਮੋਰਾਂਵਾਲੀ ਦੇ ਲੋਕਾਂ ਨੂੰ ਉਸ ਸਮੇਂ ਨੌਕਰੀ ਨਹੀਂ ਸੀ रेटरी। 

ਫਿਰ ਇਕ ਗੱਲ ਹੋਰ ਸੀ, ਸ਼ਹੀਦ ਭਗਤ ਸਿੰਘ ਵੀ ਗੈਰਾ ਸਰਕਾਰ ਨਾਲ ਟੱਕਰ ਲੈਂਦਾ ਸੀ ਤੇ ਭਗਤ ਸਿੰਘ ਦੇ ਨਾਨਕੇ ਵੀ ਪਿੰਡ ਮੋਰਾਂਵਾਲੀ ਸੀ। ਸੁੰਦਰ ਸਿੰਘ ਭਗਤ ਸਿੰਘ ਦਾ ਮਾਮਾ ਸੀ ਤੇ ਵਰਿਆਮ ਸਿੰਘ ਭਗਤ ਸਿੰਘ ਦਾ ਨਾਨਾ ਸੀ। ਇਹ ਪਰਵਾਰ ਵੀ ਇਨਕਲਾਬੀ ਵਿਚਾਰਧਾਰਾ ਦਾ ਸੀ। ਇਸ ਕਰਕੇ ਵੀ ਗੋਰਾ ਸਰਕਾਰ ਪਿੰਡ ਮੋਰਾਂਵਾਲੀ ਤੇ ਖਾਸ ਕਰਕੇ ਅੱਖ ਰੱਖਦੀ ਸੀ। ਪਿੰਡ ਮੋਰਾਂਵਾਲੀ ਦੇ ਨਿਵਾਸੀਆਂ ਲਈ ਵੀ ਇਹ ਬਹੁਤ ਗੌਰਵ ਦੀ ਗੱਲ ਹੈ ਕਿ ਬਾਬਾ ਭਗਤੂ ਜੀ ਦੇ ਰਾਏ ਪਰਵਾਰ ਅੰਦਰ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਬੀਬੀ ਇੰਦ ਕੌਰ ਨੇ ਜਨਮ ਧਾਰਿਆ। ਜਿਸ ਦੀ ਕੁੱਖ ਤੋਂ ਉਹ ਮਹਾਨ ਯੋਧੇ ਸ਼ਹੀਦ ਭਗਤ ਸਿੰਘ ਨੇ ਜਨਮ ਧਾਰਿਆ ਜਿਸ ਨੇ ਹਿੰਦੋਸਤਾਨ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਿਆ ਤੇ ਮੁਲਖ ਨੂੰ ਆਪਣੀ ਭਰ ਜੁਆਨੀ ਅੰਦਰ ਕੁਰਬਾਨੀ ਦੇਕੇ ਆਜ਼ਾਦ ਕਰਵਾਇਆ। 

ਪਿੰਡ ਖੁਸਰੋ ਪੁਰ 

ਬਾਬਾ ਭਗਤੁ ਜੀ ਦੇ ਜੀਵਨ ਦੀ ਖੋਜ਼ ਬਾਰੇ ਪਹਿਲਾਂ ਦਾਸ ਪਿੰਡ ਖੁਸਰੋ ਪੁਰ 20 ਮਾਰਚ 1997 ਈ. ਨੂੰ ਪਹੁੰਚਿਆ ਸੀ। ਪਿੰਡ ਦੇ ਬਾਹਰ ਇਕ ਖੇਤਾਂ ਵਿਚ ਟਿਊਬਵੈਲ ਚਲ ਰਿਹਾ ਸੀ।ਦਾਸ ਨੇ ਟਿਊਬਵੈਲ ਤੇ ਪਹੁੰਚ ਕੇ ਕੁਝ ਬੈਠੇ ਬਜ਼ੁਰਗਾਂ ਨੂੰ ਪੁੱਛਿਆ ਕਿ ਬਾਬਾ ਭਗਤੂ ਜੀ ਦਾ ਗੁਰਦੁਆਰਾ ਕਿੱਥੇ ਹੈ। ਇਕ ਨੇ ਉੱਤਰ ਦਿੱਤਾ ਕਿ ਤੁਸੀਂ ਸਿੱਧੇ ਚਲੇ ਜਾਉ, ਪਿੰਡ ਦੇ ਦੂਜੇ ਪਾਸੇ ਹੈ। ਨਾਲ ਹੀ ਇਕ ਬੈਠੇ ਬਜ਼ੁਰਗ ਨੇ ਕਿਹਾ ਕਿ ਬਾਬਿਆਂ ਦੀ ਜਗ੍ਹਾ ਬਹੁਤ ਸ਼ਕਤੀ ਵਾਲੀ ਹੈ। ਬਹੁਤ ਕਰਨੀ ਵਾਲੇ ਮਹਾਪੁਰਸ਼ ਹਨ, ਬਾਬਾ ਭਗਤੂ ਜੀ ਹੁਣੀਂ। ਇਹ ਗੱਲਾਂ ਸੁਣਕੇ ਦਾਸ ਦੀ ਲਾਲਸਾ ਬਹੁਤ ਵੱਧ ਗਈ ਕਿ ਛੇਤੀ ਬਾਬਾ ਭਗਤੂ ਜੀ ਦੇ ਗੁਰਦੁਆਰੇ ਦੇ ਦਰਸ਼ਨ ਕਰਾਂ। ਟਿਊਬਵੈੱਲ ਤੋਂ ਦਾਸ ਪਿੰਡ ਖੁਸਰੋ ਪੁਰ ਵੱਲ ਨੂੰ ਤੁਰ ਪਿਆ। ਪਹਿਲਾਂ ਗੇਟ ਆਇਆ। ਗੇਟ ਵਿਚੋਂ ਦੀ ਹੁੰਦੇ ਹੋਏ ਦਾਸ ਪਿੰਡ ਖੁਸਰੋਪੁਰ ਪਹੁੰਚ ਗਿਆ । ਲਾਗੇ ਜਾਕੇ ਕਿਸੇ ਬਜ਼ੁਰਗ ਨੂੰ ਪੁੱਛਿਆ ਤਾਂ ਉਸ ਨੇ ਸਿੱਧਾ ਬਾਬਾ ਭਗਤੂ ਜੀ ਦੇ ਗੁਰਦੁਆਰੇ ਵੱਲ ਇਸ਼ਾਰਾ ਕੀਤਾ। ਦਾਸ ਗੁਰਦੁਆਰੇ ਪਹੁੰਚ ਗਿਆ। ਕੀ ਵੇਖਦਾ ਹੈ, ਗੁਰਦੁਆਰੇ ਸਾਹਿਬ ਦਾ ਗੇਟ ਬੰਦ ਹੈ। ਅੰਦਰ ਤਿੰਨ ਸਮਾਧਾਂ ਵਿਖਾਈ ਦੇ ਰਹੀਆਂ ਹਨ। ਗੁਰਦੁਆਰੇ ਦਾ ਗੇਟ ਬੰਦ ਵੇਖਕੇ ਦਾਸ ਦੀ ਨਿਗਾਹ ਇਕ ਲਾਗੇ ਘਰ ਤੇ ਪਈ ਜਿੱਥੇ ਘਰ ਦੇ ਬਾਹਰ ਇਕ ਗਿਆਨ ਸਿੰਘ ਨੇ ਨਾਮ ਦਾ ਸਿੱਖ ਖੜਾ ਸੀ ਜੋ ਦਾਸ ਨੂੰ ਵੇਖ ਕੇ ਦਾਸ ਵੱਲ ਨੂੰ ਆਇਆ। ਪੁੱਛਣ ਤੋਂ ਪਤਾ ਲੱਗਾ ਕਿ ਉਹ ਸੱਜਣ ਗਿਆਨ ਸਿੰਘ ਵਲਦ ਕੈਪਟਨ ਸਰਵਣ ਸਿੰਘ ਵਲਦ ਠਾਕੁਰ ਸਿੰਘ ਜੀ ਦੇ ਸਪੁੱਤਰ ਹਨ ਤੇ ਬਾਬਾ ਭਗਤੂ ਜੀ ਦੇ ਗੁਰਦੁਆਰੇ ਦੀ ਸੇਵਾ ਸੰਭਾਲ ਆਪ ਕਰਦੇ ਹਨ। ਉਨ੍ਹਾਂ ਦਾਸ ਨੂੰ ਦੱਸਿਆ ਕਿ ਉਹ ਜੋ ਤਿੰਨ ਸਮਾਧਾਂ ਵਿਖਾਈ ਦੇ ਰਹੀਆਂ ਹਨ, ਗੱਭਲੀ ਬਾਬਾ ਭਗਤੂ ਜੀ ਦੀ ਹੈ ਤੇ ਖੱਬੇ ਪਾਸੇ ਬਾਬਾ ਜਗਤੂ ਜੀ ਦੀ ਹੈ ਤੇ ਸੱਜੇ ਪਾਸੇ ਬਾਬਾ ਸ਼ਕਤੂ ਜੀ ਦੀ ਹੈ। ਬਾਬਾ ਭਗਤੂ ਜੀ ਵੱਡੇ ਸਨ ਤੇ ਬਾਬਾ ਜਗਤੂ ਜੀ ਤੇ ਸ਼ਕਤੂ ਜੀ ਉਨ੍ਹਾਂ ਦੇ ਛੋਟੇ ਭਰਾ ਸਨ। ਪਰ ਹੈ ਸਭ ਹੀ ਬਹੁਤ ਸ਼ਕਤੀ ਵਾਲੇ ਸਨ । ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ, ਸਿਮਰਨ, ਬੰਦਗੀ ਵਾਲੇ ਸਨ। ਅੰਦਰ ਖੱਬੇ ਪਾਸੇ ਗੁਰਦੁਆਰਾ ਬਣਿਆ ਹੋਇਆ ਹੈ ਤੇ ਸੱਜੇ ਪਾਸੇ ਲੰਗਰ ਹਾਲ ਹੈ। ਗੁਰਦੁਆਰੇ ਦੇ ਦਰਸ਼ਨਾਂ ਤੋਂ ਬਾਦ ਗਿਆਨ ਸਿੰਘ ਦਾਸ ਨੂੰ ਆਪਣੇ ਪਿੰਡ ਦੇ ਪੜ੍ਹੇ ਲਿਖੇ ਬਜ਼ੁਰਗ ਡਾਕਟਰ ਪ੍ਰੀਤਮ ਸਿੰਘ ਜੀ ਦੇ ਪਾਸ ਲੈ ਗਿਆ ਜੋ ਕਿ ਬਹੁਤ ਹੀ ਧਾਰਮਿਕ ਤੇ ਇਤਿਹਾਸਕ ਲਿੱਟਲੇਚਰ ਪੜ੍ਹਦੇ ਰਹਿੰਦੇ ਸਨ। ਬਹੁਤ ਹੀ ਸਿਆਣੇ ਸੁਲਝੇ ਹੋਏ ਸਿੱਖ ਸਨ। ਉਨ੍ਹਾਂ ਨੇ ਪੀੜ੍ਹੀ-ਦਰ-ਪੀੜ੍ਹੀ ਜੋ ਵੀ ਪਿਛਲੇ ਬਜ਼ੁਰਗਾਂ ਤੋਂ ਬਾਬਾ ਭਗਤੂ ਜੀ ਹੁਣਾਂ ਦੇ ਜੀਵਨ ਬਾਰੇ ਸੁਣਿਆ ਹੋਇਆ ਸੀ ਉਹ ਦਾਸ ਨੂੰ ਸੁਣਾਇਆ। ਉਨ੍ਹਾਂ ਦੱਸਿਆ ਕਿ ਬਾਬਾ ਭਗਤੂ ਜੀ, ਜਗਤੂ ਜੀ ਤੇ ਸ਼ਕਤੂ ਜੀ ਤਿੰਨ ਭਰਾ ਸਨ। ਇਨ੍ਹਾਂ ਦੀ ਇਕ ਭੈਣ ਸੀ ਜੋ ਪਿੰਡ ਹੇਹਰਾ ਜ਼ਿਲ੍ਹਾ ਜਲੰਧਰ ਵਿਚ ਵਿਆਹੀ ਹੋਈ ਸੀ। ਜਿਸ ਕਰਕੇ ਹੇਹਰ ਪਰਵਾਰ ਨੂੰ ਰਾਏ ਗੋਤ ਦਾ ਦੋਹਤਾ ਪਰਵਾਰ ਕਿਹਾ ਜਾਂਦਾ ਹੈ। ਡਾਕਟਰ ਪ੍ਰੀਤਮ ਸਿੰਘ ਜੀ ਕਹਿਣ ਲੱਗੇ ਕਿ ਪਿੰਡ ਮੋਰਾਂਵਾਲੀ ਤੇ ਪਿੰਡ ਖੁਸਰੋਪੁਰ ਇਕ ਹੀ ਪਿੰਡ ਜਲੰਧਰ ਛਾਉਣੀ ਵਿਚ ਪਿੰਡ ਮੋਰਾਂਵਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਬਾਬਾ ਭਗਤੂ ਜੀ ਹੁਣਾਂ ਦੇ ਸਮੇਂ ਅਜੇ ਪਿੰਡ ਖੁਸਰੋਪੁਰ ਹੋਂਦ ਵਿਚ ਨਹੀਂ ਸੀ ਆਇਆ। 

ਬਾਬੇ ਭਗਤੂ ਜੀ ਹੁਣਾਂ ਬਾਰੇ ਡਾਕਟਰ ਪ੍ਰੀਤਮ ਸਿੰਘ ਜੀ ਕਹਿਣ ਲੱਗੇ ਕਿ ਅਸੀਂ ਪੀੜ੍ਹੀ-ਦਰ-ਪੀੜ੍ਹੀ ਇਹੀ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਕਿ ਜਦੋਂ 1522 ਈ. ਨੂੰ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਖੇਤੀ ਕਰਦੇ ਸਨ, ਸੰਗਤਾਂ ਦੂਰੋਂ ਦੂਰੋਂ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਂਦੀਆਂ ਸਨ ਤੇ ਸਿੱਖੀ ਧਾਰਨ ਕਰਦੀਆਂ ਸਨ। ਉਨ੍ਹਾਂ ਦਿਨਾਂ ਅੰਦਰ ਹੀ ਬਾਬਾ ਭਗਤੂ ਜੀ, ਬਾਬਾ ਜਗਤੂ ਤੇ ਬਾਬਾ ਸ਼ਕਤੂ ਜੀ ਨੇ ਕਰਤਾਰਪੁਰ ਜਾਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤੇ ਸਿੱਖੀ ਧਾਰਨ ਕੀਤੀ। ਇਹ ਤਿੰਨੇ ਭਰਾ ਨਾਂ ਜਪਦੇ ਸਨ, ਧਰਮ ਦੀ ਕਿਰਤ ਕਰਦੇ ਸਨ ਤੇ ਵੰਡਕੇ ਛੱਕਦੇ ਸਨ ਜੋ ਸਿੱਖ ਧਰਮ ਦੇ ਮੁੱਢਲੇ ਅਸੂਲ ਹਨ। ਬਾਬਾ ਭਗਤੂ ਜੀ ਪ੍ਰਭੂ ਸਿਮਰਨ ਵਿਚ ਬਹੁਤ ਹੀ ਲੀਨ ਹੁੰਦੇ ਸਨ। ਇਥੋਂ ਤਕ ਕਿ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਪਹੁੰਚ ਗਏ। ਤੁਰੀਆ ਅਵਸਥਾ ਨੂੰ ਜੋ ਚੌਥੀ ਪ੍ਰਭੂ ਲੀਨ ਦੀ ਅਵਸਥਾ ਹੈ ਉਸ ਅਵਸਥਾ ਤੇ ਅਪੜ ਗਏ। ਰਿੱਧੀਆਂ ਸਿੱਧੀਆਂ ਵੀ ਉਨ੍ਹਾਂ ਪਿੱਛੇ ਲੱਗ ਗਈਆਂ ਸਨ। 

ਇਸ ਤਰ੍ਹਾਂ ਦੀ ਅਵਸਥਾ ਦਾ ਗੁਰਬਾਣੀ ਅੰਦਰ ਫੁਰਮਾਨ ਹੈ: 

ਤੀਨਿ ਬਿਆਪਤਿ ਜਗਤ ਕਉ ਤੁਰੀਆ ਪਾਵੈ ਕੋਇ॥

ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ॥੩॥ 

(ਗੁਰੂ ਗ੍ਰੰਥ ਸਾਹਿਬ ਜੀ, 

ਰਾਗੁ ਥਿਤੀ ਗਉੜੀ ਮਹਲਾ ੫, ਪੰਨਾ ੨੯੭) ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ॥੨॥ 

(ਸੋਰਠਿ ਮਹਲਾ ੩॥ ਪੰਨਾ ੬੩੭) 

ਬਾਬਾ ਭਗਤੂ ਜੀ ਦੇ ਕੁਝ ਕੁ ਕੌਤਕ: 

ਡਾਕਟਰ ਪ੍ਰੀਤਮ ਸਿੰਘ ਕਹਿਣ ਲੱਗੇ ਕਿ ਅਸੀਂ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਇਕ ਵਾਰ ਬਾਬਾ ਭਗਤੂ ਜੀ ਆਪ ਖੇਤਾਂ ਵਿਚ ਕਣਕ ਤੇ ਛੋਲਿਆਂ ਦੇ ਬੀਜ ਦਾ ਛਿੱਟਾ ਦੇ ਆਏ। ਪਿੰਡ ਦੇ ਕੁਝ ਬੰਦਿਆਂ ਨੇ ਮਾਤਾ ਜੀ ਪਾਸ ਸ਼ਿਕਾਇਤ ਕੀਤੀ ਕਿ ਬਾਬਾ ਭਗਤੂ ਜੀ ਕਣਕ ਤੇ ਛੋਲਿਆਂ ਦਾ ਬੀਜ਼ ਖਰਾਬ ਕਰ ਆਏ ਹਨ। ਬਾਦ ਵਿਚ ਪਿੰਡ ਵਿਚ ਜਦੋਂ ਸਭ ਨਾਲੋਂ ਜ਼ਿਆਦਾ ਫਸਲ ਹੋਈ ਤਾਂ ਲੋਕੀ ਬਰਮਿੰਦੇ ਹੋਏ। 

ਇਸੇ ਤਰ੍ਹਾਂ ਇਕ ਹੋਰ ਚਮਤਕਾਰ ਹੋਇਆ, ਜਲੰਧਰ ਛਾਉਣੀ ਜੋ ਉਸ ਸਮੇਂ ਪੁਰਾਣੀ ਮੋਰਾਂਵਾਲੀ ਸੀ ਉਥੇ ਇਕ ਛੋਟੇ ਬੱਚੇ ਦੀ ਮੌਤ ਹੋ ਗਈ। ਬੀਬੀਆਂ ਰੋ ਰਹੀਆਂ ਸਨ। ਇਤਨੇ ਨੂੰ ਬਾਬਾ ਭਗਤੂ ਜੀ ਬਾਹਰੋਂ ਘਰ ਆਏ, ਰੋਣ ਦਾ ਕਾਰਨ ਪੁੱਛਿਆ। ਮਾਤਾ ਜੀ ਨੇ ਕਿਹਾ ਕਿ ਛੋਟੀ ਉਮਰ ਦੇ ਬੱਚੇ ਦੀ ਮੌਤ ਹੋ ਗਈ ਹੈ। ਬਾਬਾ ਭਗਤੂ ਜੀ ਦਾ ਕੋਮਲ ਹਿਰਦਾ ਪਿਘਲ ਗਿਆ। ਅੰਤਰ ਆਤਮੇ ਅਕਾਲ ਪੁਰਖ ਦੀ ਪ੍ਰੇਰਨਾ ਹੋਈ ਕਿ ਅੰਮ੍ਰਿਤ ਦਾ ਛਿੱਟਾ ਦੇ ਦਿਉ। ਇੰਜ ਹੀ ਕੀਤਾ ਗਿਆ। ਬੱਚਾ ਜਿਉਂਦਾ ਉਠਕੇ ਖੜ੍ਹੋ ਗਿਆ। ਬਾਬਾ ਭਗਤੂ ਜੀ ਦੀ ਕੀਰਤੀ ਸਭ ਪਾਸੇ ਫੈਲਣੀ ਸ਼ੁਰੂ ਹੋ ਗਈ। 

ਡਾਕਟਰ ਪ੍ਰੀਤਮ ਸਿੰਘ ਜੀ ਕਹਿੰਦੇ ਕਿ ਅਸੀਂ ਇਹ ਵੀ ਬਜ਼ੁਰਗਾਂ ਤੋਂ ਸੁਣਿਆ ਕਿ ਇਕ ਵਾਰੀ ਬਾਬਾ ਭਗਤੂ ਜੀ ਪਿੰਡ ਬਿੱਰਕੀ ਜਾ ਰਹੇ ਸਨ। ਰਸਤੇ ਵਿਚ ਚਹੇੜੂ ਦੀ ਨਦੀ ਪੈ ਰਹੀ ਸੀ। ਉਨ੍ਹਾਂ ਦਿਨਾਂ ਅੰਦਰ ਮੀਂਹ ਬਹੁਤ ਪਿਆ। ਚਹੇੜੂ ਦੀ ਨਦੀ ਬਹੁਤ ਚੜ੍ਹ ਗਈ। ਬਾਬਾ ਭਗਤੂ ਜੀ ਬਿੱਰਕੀ ਜਾਣ ਲਈ ਨਦੀ ਤੇ ਪਹੁੰਚ ਗਏ, ਮਲਾਹ ਨੂੰ ਕਿਹਾ ਭਾਈ ਬੇੜੀ ਪਾ, ਅਸੀਂ ਪਿੰਡ ਬਿੱਰਕੀ ਜਾਣਾ ਹੈ। ਮਲਾਹ ਕਹਿਣ ਲੱਗਾ ਬਾਬਾ ਜੀ ਨਦੀ ਬਹੁਤ ਚੜ੍ਹ ਹੈ, ਮੇਰੀ ਬੇੜੀ ਰੁੜ੍ਹ ਜਾਏਗੀ। ਇਸ ਕਰਕੇ ਮੈਂ ਬੇੜੀ ਨਹੀਂ ਪਾ ਸਕਦਾ। ਬਾਬਾ ਭਗਤੂ ਜੀ ਤੋਂ ਸਹਜ ਸੁਭਾ ਹੀ ਨਿਕਲ ਗਿਆ ਕਿ ਮੈਨੂੰ ਤਾਂ ਇੰਜ ਅਨੁਭਵ ਹੁੰਦਾ ਹੈ ਕਿ ਇਸ ਨਦੀ ਤੇ ਪੁਲ ਛੇਤੀ ਬਣ ਜਾਣਾ ਹੈ। ਮਲਾਹ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਸ ਦੀ ਰੋਜ਼ੀ ਬੇੜੀ ਦੇ ਆਸਰੇ ਸੀ। ਬਾਬਾ ਜੀ ਦੇ ਤਪੱਸਵੀ ਚਿਹਰੇ ਵਲ ਵੇਖਕੇ ਮਲਾਹ ਪੈਰੀਂ ਪੈ ਗਿਆ ਤੇ ਮਾਫੀ ਮੰਗਣ ਲੱਗਾ। ਪਰ ਬਾਬਾ ਭਗਤੂ ਜੀ ਦਾ ਬਚਨ ਅਟੱਲ ਰਿਹਾ। ਕੁਝ ਦਿਨਾਂ ਤੋਂ ਬਾਦ ਆਗਰੇ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸ਼ੇਰ ਸ਼ਾਹ ਸੂਰੀ ਦੀ ਬੇਗਮ ਨੇ ਰਸਤੇ ਵਿਚ ਚਹੇੜੂ ਦੀ ਨਦੀ ਨੂੰ ਚੜ੍ਹੀ ਦੇਖ ਕੇ ਹੁਕਮ ਦੇ ਦਿੱਤਾ ਕਿ ਇਸ ਤੇ ਪੁੱਲ ਬਣਾ ਦਿੱਤਾ ਜਾਵੇ। ਇਹ ਗੱਲ ਕੋਈ 1540 ਈ. ਦੇ ਆਸ ਪਾਸ ਦੀ ਹੈ ਜਦ ਸ਼ੇਰ ਸ਼ਾਹ ਸੂਰੀ ਦੇ ਮੁਕਾਬਲੇ ਹਮਾਯੂੰ ਹਾਰ ਖਾ ਕੇ ਕਾਬਲ ਨੂੰ ਭੱਜਾ ਜਾਂਦਾ ਹੋਇਆ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਤੋਂ ਵਰਦਾਨ ਲੈਣ ਆਇਆਸੀ। 

ਸਿੱਖ ਇਤਿਹਾਸ ਇਸ ਦਾ ਜ਼ਿਕਰ 1540 ਈ. ਦਾ ਕਰਦਾ ਹੈ। ਸ਼ੇਰ ਸ਼ਾਹ ਸੂਰੀ ਦੀ ਬੇਰਾਮ 1540 ਈ. ਤੋਂ ਬਾਦ ਹੀ ਪੰਜਾਬ ਆਈ। ਉਸ ਸਮੇਂ ਮੁੱਲਖ ਦਾ ਰਾਜ ਖੁਦ ਸ਼ੇਰ ਸ਼ਾਹ ਸੂਰੀ ਦੇ ਹੱਥ ਵਿਚ ਸੀ। ਸੜਕਾਂ ਬਨਾਉਣ ਦਾ ਕੰਮ ਸ਼ੇਰ ਸ਼ਾਹ ਸੂਰੀ ਦਾ ਹੀ ਸੀ। ਜਿਸ ਦੀ ਇਹ ਮੁਲਖ ਨੂੰ ਬਹੁਤ ਵੱਡੀ ਦੇਣ ਦਿੱਤੀ। 

ਇਸ ਤਰ੍ਹਾਂ ਬਾਬਾ ਭਗਤੂ ਜੀ ਦੇ ਬਚਨਾਂ ਦੁਆਰਾ ਚਹੇੜੂ ਦਾ ਪੁੱਲ ਹੋਂਦ ਵਿਚ ਆਇਆ। ਇਥੋਂ ਇਹ ਵੀ ਸਾਬਤ ਹੁੰਦਾ ਹੈ ਕਿ ਬਾਬਾ ਭਗਤੂ ਜੀ ਦਾ ਜਨਮ 1490-1500 ਈ. ਦੇ ਆਸ ਪਾਸ ਹੀ ਹੋਇਆ ਹੋਵੇਗਾ। ਉਸ ਸਮੇਂ ਬਾਬਾ ਭਗਤੂ ਜੀ ਜਿਊਂਦੇ ਸਨ ਜਦ ਕਿ 1540 ਈ. ਤੋਂ ਬਾਦ ਸ਼ੇਰ ਸ਼ਾਹ ਸੂਰੀ ਦੀ ਬੇਗਮ ਪੰਜਾਬ ਆਈ ਤੇ ਚਹੇੜੂ ਦੀ ਨਦੀ ਤੇ ਪੁੱਲ ਬਣਨ ਦਾ ਹੁਕਮ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ. ਨੂੰ ਹੋਇਆ ਸੀ ਤੇ ਆਪ ਜੀ 5 ਸਤੰਬਰ 1539 ਈ. ਨੂੰ ਜੋਤੀ ਜੋਤ ਸਮਾ ਗਏ ਸਨ। 

ਇਤਿਹਾਸਕ ਖੋਜ਼ ਤੋਂ ਇਹੀ ਸਾਬਤ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਬਾਬਾ ਭਗਤੂ ਜੀ ਸੰਸਾਰ ਵਿਚ ਮੌਜੂਦ ਸਨ । ਤਾਂ ਹੀ ਤਾਂ 1522 ਈ. ਨੂੰ ਜਦ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਚ ਖੇਤੀ ਕਰਨੀ ਸ਼ੁਰੂ ਕੀਤੀ ਸੀ ਤਾਂ ਬਾਬਾ ਭਗਤੂ ਜੀ ਨੇ ਕਰਤਾਰਪੁਰ ਵਿਚ ਆਪ ਜੀ ਦੀ ਸਿੱਖੀ ਧਾਰਨ ਕੀਤੀ ਸੀ । ਡਾਕਟਰ ਪ੍ਰੀਤਮ ਸਿੰਘ ਜੀ ਨੇ ਦੱਸਿਆ ਕਿ ਬਾਬਾ ਭਗਤੂ ਜੀ, ਬਾਬਾ ਜਗਤੂ ਜੀ ਤੇ ਬਾਬਾ ਸ਼ਕਤੂ ਜੀ ਤਿੰਨੇ ਭਰਾ ਜਲੰਧਰ ਛਾਉਣੀ ਜੋ ਪੁਰਾਣੀ ਮੋਰਾਂਵਾਲੀ ਸੀ ਉਥੇ ਜਨਮੇ ਸਨ, ਉਥੇ ਹੀ ਉਹ ਰਹੇ ਤੇ ਉਥੇ ਹੀ ਉਨ੍ਹਾਂ ਨੇ ਅਕਾਲ ਚਲਾਣਾ ਕੀਤਾ ਸੀ । ਡਾਕਟਰ ਪ੍ਰੀਤਮ ਸਿੰਘ ਜੀ ਤੋਂ ਛੁੱਟੀ ਲੈਕੇ ਬਾਦ ਵਿਚ ਗਿਆਨ ਸਿੰਘ ਜੀ ਦਾਸ ਨੂੰ ਜਲੰਧਰ ਛਾਉਣੀ ਵਿਚ ਲੈ ਗਏ ਜਿੱਥੇ ਅੱਜ ਵੀ ਬਾਬਾ ਭਗਤੂ ਜੀ, ਬਾਬਾ ਜਗਤੂ ਜੀ ਤੇ ਬਾਬਾ ਸ਼ਕਤੂ ਜੀ ਦੀਆਂ ਸਮਾਧਾਂ ਮੌਜੂਦ ਹਨ। ਇਸ ਕਿਤਾਬ ਵਿਚ ਸਮਾਧਾਂ ਦੀ ਫੋਟੋ ਵੀ ਦਿੱਤੀ ਗਈ ਹੈ। ਪੁਰਾਣਾ ਛੱਪੜ ਵੀ ਅਜੇ ਜਲੰਧਰ ਛਾਉਣੀ ਵਿਚ ਕਾਇਮ ਹੈ ਜਿਥੇ ਪਿੰਡ ਮੋਰਾਂਵਾਲੀ ਜਦ ਵਸ ਰਿਹਾ ਸੀ ਤਾਂ ਜਾਨਵਰ ਪਸ਼ੂ ਪੰਛੀ ਪਾਣੀ ਪੀਂਦੇ ਹੋਣਗੇ। ਪੁਰਾਣੇ ਸਮਿਆਂ ਅੰਦਰ ਮਹਾਪੁਰਸ਼ਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਸਮਾਧਾਂ ਬਣਾ ਦੇਂਦੇ ਸਨ ਪਰ ਹੁਣ ਮਹਾਪੁਰਸ਼ਾਂ ਦੀਆਂ ਯਾਦਾਂ ਨੂੰ ਕਾਇਮ ਰੱਖਣ ਲਈ ਗੁਰਦੁਆਰੇ ਉਨ੍ਹਾਂ ਦੇ ਨਾਂ ਦੇ ਬਣਾ ਦੇਂਦੇ ਹਨ ਤਾਂ ਜੋ ਉਥੋਂ ਵੀ ਸਿੱਖੀ ਦਾ ਪ੍ਰਚਾਰ ਹੋ ਸਕੇ। ਗੁਰਮਤਿ ਦਾ ਪ੍ਰਚਾਰ ਹੋ मवे। 

ਸੋ ਬਾਬਾ ਭਗਤੂ ਜੀ ਮੋਰਾਂਵਾਲੀ ਵਾਲਿਆਂ ਮਹਾਪੁਰਸ਼ਾਂ ਦੀ ਵੀ ਇਤਿਹਾਸਕ ਖੋਜ਼ ਪਹਿਲਾਂ ਨਹੀਂ ਕੀਤੀ ਗਈ। ਇਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ। ਖੋਜ਼ ਤੋਂ ਬਿਨਾ ਇਨ੍ਹਾਂ ਦਾ ਇਤਿਹਾਸ ਅਲੋਪ ਹੀ ਰਿਹਾ ਸੀ । ਹੁਣ ਬਾਬਾ ਭਗਤੂ ਜੀ ਦੀ ਪ੍ਰੇਰਨਾ ਦੁਆਰਾ ਇਹ ਉਨ੍ਹਾਂ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ। ਜਾਂ ਇਸੇ ਤਰ੍ਹਾਂ ਕਹਿ ਲਉ ਉਹ ਆਪ ਹੀ ਦਾਸ ਤੋਂ ਇਹ ਸੇਵਾ ਲੈ ਰਹੇ ਹਨ। ਦਾਸ ਤਾਂ ਸਿਰਫ ਨਮਿੱਤ ਮਾਤਰ ਹੀ ਹੈ ਉਹ ਆਪ ਹੀ ਇਕ ਤਰ੍ਹਾਂ ਲਿਖ ਲਿਖਾ ਰਹੇ ਹਨ। ਕਈ ਵਿਦਵਾਨ ਵੀਰ ਬਾਬਾ ਭਗਤੂ ਜੀ ਦੇ ਜੀਵਨ ਤੋਂ ਅਣਜਾਣ ਕਰਕੇ ਭਾਈ ਭਗਤੂ ਜੀ ਦੇ ਜੀਵਨ ਨੂੰ ਬਾਬਾ ਭਗਤੂ ਜੀ ਦਾ ਜੀਵਨ ਸਮਝਕੇ ਪ੍ਰਚਾਰ ਕਰ ਜਾਂਦੇ ਹਨ। ਅਗਾਂਹ ਭਾਈ ਭਗਤੂ ਜੀ ਦਾ ਇਤਿਹਾਸ ਦਰਜ਼ ਕੀਤਾ ਜਾਂਦਾ ਹੈ । 

ਗੁਰੂ ਅੰਸ਼ ਭਾਈ ਭਗਤੂ ਜੀ ਕੌਣ ਸਨ 

ਗੁਰੂ ਅੰਸ਼ : ਭਾਈ ਭਗਤੂ ਜੀ ਬਾਬਾ ਆਦਮ ਜੀ ਦੇ ਇਕਲੌਤੇ ਸਪੁੱਤਰ ਹੋਏ ਹਨ। ਇਨ੍ਹਾਂ ਮਹਾਪੁਰਸ਼ਾਂ ਦਾ ਇਤਿਹਾਸ ਮਿਲ ਜਾਂਦਾ ਹੈ। ਕਿਉਂਕਿ ਗੁਰੂ ਅੰਸ਼ ਹੋਣ ਕਰਕੇ ਇਨ੍ਹਾਂ ਦਾ ਇਤਿਹਾਸ ਗੁਰੂ ਰਾਮ ਦਾਸ ਜੀ ਦੇ ਇਤਿਹਾਸ ਵਿਚ ਆ ਜਾਂਦਾ ਹੈ। ਇਨ੍ਹਾਂ ਮਹਾਪੁਰਸਾਂ ਦੇ ਕਈ ਗੁਰਦੁਆਰੇ ਵੱਖੋ ਵੱਖ ਪੰਜਾਬ ਅਦਰ ਸੁਸ਼ੋਭਿਤ ਹਨ। ਇਨ੍ਹਾਂ ਦੇ ਜੀਵਨ ਦੀ ਖੋਜ ਕਰਨ ਵਾਸਤੇ ਦਾਸ ਜ਼ਿਲ੍ਹਾ ਬਠਿੰਡਾ ਦੇ ਇਕ ਪਿੰਡ ਚੱਕ ਰਾਮ ਸਿੰਘ ਵਿਚ ਗਿਆ। ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮੇਂ ਭਾਈ ਭਗਤੂ ਜੀ ਮਾਲਕੇ ਦੇ ਇਲਾਕੇ ਦਾ ਪ੍ਰਚਾਰਕ ਸੀ। ਇਸ ਕਰਕੇ ਭਾਈ ਭਗਤੂ ਜੀ ਦੇ ਜੀਵਨ ਦੀ ਖੋਜ ਕਰਨ ਲਈ ਦਾਸ ਨੇ ਮਾਲਵੇ ਦੇ ਇਲਾਕੇ ਦੀ ਖੋਜ ਕਰਨੀ ਸ਼ੁਰੂ ਕੀਤੀ। ਕਈ ਥਾਵਾਂ ਤੋਂ ਹੁੰਦਾ ਹੋਇਆ ਦਾਸ ਭੁੱਚੋਂ ਮੰਡੀ ਤੋਂ 5 ਕਿਲੋਮੀਟਰ ਦੂਰ ਚੱਕ ਰਾਮ ਸਿੰਘ ਵਿਚ ਪਹੁੰਚਾ। ਜਿੱਥੇ ਭਾਈ ਭਗਤੂ ਜੀ ਦਾ ਗੁਰਦੁਆਰਾ ਸ਼ਸ਼ੋਭਿਤ ਹੈ।ਗੁਰਦੁਆਰੇ ਅੰਦਰ ਜਾਕੇ ਦਾਸ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਬਾਹਰ ਆਕੇ ਭਾਈ ਭਗਤੂ ਜੀ ਦਾ ਲਿਖਿਆ ਹੋਇਆ ਇਤਿਹਾਸ ਇਸ ਤਰ੍ਹਾਂ ਪੜ੍ਹਿਆ। 

ੴ ਸਤਿਗੁਰ ਪ੍ਰਸਾਦਿ॥ 

ਇਸ ਸਥਾਨ ਦੀ ਮਹੱਤਤਾ 

ਸੋਢੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੀ ਪਾਤਸ਼ਾਹੀ ਦੇ ਸਮੇਂ ਦੀ ਗੱਲ ਹੈ ਕਿ ਅੰਮ੍ਰਿਤਸਰ ਵਿਖੇ ਚਲ ਰਹੀ ਸੇਵਾ ਵਿਚ ਇਕ ਬਿਰਦ ਬਾਬਾ ਆਦਮ ਜੀ ਹੋਏ ਹਨ। ਉਨ੍ਹਾਂ ਦੇ ਘਰੋਂ ਮਾਤਾ ਜੀ ਵੀ ਸਨ ਜੋ ਲੱਕੜਾਂ ਦੀ ਇਕ ਭਰੀ ਗੁਰੂ ਦੇ ਲੰਗਰ ਅਤੇ ਇਕ ਭਰੀ ਆਪਣੇ ਡੇਰੇ ਵਿਚ ਰੱਖੀ ਜਾਂਦੇ ਸਨ। ਸਰਦੀ ਦੀ ਰੁੱਤ ਵਿਚ ਲੰਗਰ ਵਿੱਚਲਾ ਬਾਲਣ ਜ਼ਿਆਦਾ ਬਾਰਿਸ਼ ਕਾਰਨ ਭਿੱਜ ਗਿਆ। ਬਾਬਾ ਆਦਮ ਜੀ ਨੇ ਘਰੋਂ ਜ਼ਮਾਂ ਕੀਤਾ ਹੋਇਆ ਸੁੱਕਾ ਬਾਲਣ ਮੰਗਵਾ ਕੇ ਲੰਗਰ ਵਿਚ ਖੜੋਤ ਨਾ ਆਉਣ ਦਿੱਤੀ। 

ਸਤਿਗੁਰਾਂ ਨੇ ਸੰਗਤ ਪਾਸੋਂ ਜਦੋਂ ਬਾਬਾ ਜੀ ਨੂੰ ਦਰਬਾਰ ਵਿਚ ਬੁਲਾ ਕੇ ਕਿਹਾ, ਬਾਬਾ ਜੀ ਤੁਹਾਡੀ ਸੇਵਾ ਭਗਤੀ ਪੂਰੀ ਹੋ ਗਈ ਹੈ। ਕੋਈ ਇੱਛਾ ਦੱਸੋ। ਬਾਬਾ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ ਹਜ਼ੂਰ ਜਾਣੀ-ਜਾਣ ਹੋ, ਸੰਤਾਨ ਦੀ ਬਖਸ਼ਿਸ਼ ਕਰੋ। ਅੰਤਰ ਧਿਆਨ ਹੋਣ ਉਪਰੰਤ ਸਤਿਗੁਰੂ ਨੇ ਕਿਹਾ, ਤੇਰੇ ਕਰਮਾਂ ਵਿਚ ਤਾਂ ਨਹੀਂ ਪਰ ਗੁਰੂ ਘਰ ਤੋਂ ਕੋਈ ਖਾਲੀ ਨਹੀਂ ਗਿਆ। ਅਸੀਂ ਆਪਣੀ ਸੰਤਾਨ ਵਿਚੋਂ ਚੌਥਾ ਪੁੱਤਰ ਜਿਸ ਨੇ ਸਾਡੇ ਘਰ ਪੈਦਾ ਹੋਣਾ ਸੀ, ਤੈਨੂੰ ਬਖਸ਼ ਰਹੇ ਹਾਂ। ਨਾਮ “ਭਗਤੂ” ਰੱਖਣਾ, ਇਹ ਗੁਰੂ ਘਰ ਦਾ ਅੰਨਿਨ ਸੇਵਕ ਹੋਵੇਗਾ। ਭਾਈ ਭਗਤੂ ਨੂੰ ਗੁਰੂ ਅੰਸ਼ ਸਮਝਦੇ ਹੋਏ ਗੁਰੂ ਸਾਹਿਬ ਜੀ ‘ਭਾਈ ਸਾਹਿਬ’ ਕਹਿ ਕੇ ਬੁਲਾਉਂਦੇ ਰਹੇ। ਭਾਈ ਭਗਤੂ ਜੀ ਦੇ ਦੋ ਸਪੁੱਤਰ ਭਾਈ ਜਿਉਣਾ ਜੀ ਤੇ ਭਾਈ ਗੌਰਾ ਜੀ ਸਨ। ਉਨ੍ਹਾਂ ਦੇ ਮਾਤਾ ਜੀ ਗੁਜਰ ਗਏ ਸਨ । ਸ. ਗੁਰੂ ਹਰ ਰਾਏ ਜੀ ਹਾਸੇ ਭਾਣੇ ਕਹਿ ਦਿਆ ਕਰਦੇ ਸਨ, ਭਾਈ ਭਗਤੂ ਵਿਆਹ ਕਰਵਾ ਲੈ। ਸੰਨ 1708 ਬਿਕ੍ਰਮੀ ਨੂੰ ਭਾਈ ਭਗਤੂ ਜੀ ਨੇ ਡਿੱਖ ਪਿੰਡ ਦੀ ਇਕ ਮੁਟਿਆਰ ਵੇਖੀ ਜੋ ਮਣੇ ਤੇ ਖੜੀ ਬਾਜਰੇ ਤੋਂ ਜਨੌਰ ਉਡਾ ਰਹੀ ਸੀ। ਤਾਂ ਗੁਰੂ ਬਚਨ ਯਾਦ ਆਇਆ: 

ਘੋੜੇ ਸਣੇ ਮਣੇ ਦੁਆਲੇ ਚਾਰ ਲਾਵਾਂ ਲੈ ਲਈਆਂ। 

ਬੀਬੀ ਦੇ ਪੁੱਛਣ ਤੇ ਦੱਸਿਆ ਕਿ ਅਸੀਂ ਤੇਰੇ ਨਾਲ ਵਿਆਹ ਕਰ ਚੁੱਕੇ ਹਾਂ, ਮਣਾ ਗਵਾਹ ਹੈ। ਬੀਬੀ ਬੀਰੋ ਦੇ ਮਾਪੇ ਜਦ ਵਰ ਟੋਲ੍ਹਣ ਲੱਗੇ ਤਾਂ ਬੀਰੋ ਨੇ ਸਾਰੀ ਕਹਾਣੀ ਕਹਿ ਸੁਣਾਈ ਤੇ ਭਾਈ ਦੇ ਕਹਿਣ ਅਨੁਸਾਰ ਮਣੇ ਦੀਆਂ ਹਰੀਆਂ ਹੋ ਚੁੱਕੀਆਂ ਚਾਰੇ ਲੱਕੜਾਂ ਗਵਾਹੀ ਭਰ ਰਹੀਆਂ ਸਨ । ਫਿਰਕ ਦੇ ਮਾਪਿਆਂ ਨੂੰ ਬੀਰੇ ਨੇ ਵਿਧਵਾ ਭੇਸ ਧਾਰਕੇ ਸਪੱਸ਼ਟ ਕਹਿ ਦਿੱਤਾ ਕਿ ਮੈਂ ਹੋਰ ਕਿਤੇ ਨਹੀਂ ਜਾਵਾਂਗੀ। ਪੰਚਾਇਤ ਦੇ ਕਹਿਣ ਤੇ ਭਾਈ ਗੋਰਾ ਜੀ ਮਾਤਾ ਬੀਰੋ ਜੀ ਨੂੰ ਬੜੀ ਖੁਸ਼ੀ ਨਾਲ ਆਪਣੇ ਘਰ ਲੈ ਜਾਕੇ ਮਾਤਾ ਸਮਾਨ ਸੇਵਾ ਕਰਨ ਲੱਗੇ ਤੇ ਘਰ ਦੀ ਸਾਰੀ ਮੁੱਖ ਤਿਆਰੀ ਮਾਤਾ ਜੀ ਨੂੰ ਸੌਂਪ ਦਿੱਤੀ। ਮਾਤਾ ਜੀ ਹਰ ਸਮੇਂ ਭਜਨ ਬੰਦਗੀ ਵਿਚ ਲੀਨ ਰਹਿੰਦੇ ਸਨ। ਭੁੱਚੋ ਕਲਾ ਤੇ ਭੁੱਚੋ ਖੁਰਦ ਭਾਈ ਗੋਰੇ ਦੇ ਤੇ ਚੱਕ ਭਾਈ ਜਿਉਣ ਦੀ ਸੰਤਾਨ ਹਨ। 

ਇਸ ਪਾਵਨ ਅਸਥਾਨ ਤੇ ਮੱਸਿਆ ਤੇ ਵਿਸਾਖੀ ਨੂੰ ਜੋੜ ਮੇਲਾ ਲੱਗਦਾ ਹੈ। ਗੁਰੂ ਜੀ ਦਾ ਅਤੁੱਟ ਲੰਗਰ ਚਲਾਇਆ ਜਾਂਦਾ ਹੈ। 

ਧੰਨਵਾਦ ਸਹਿਤ 

ਗੁਰੂ ਸੰਗਤ ਚੱਕ ਰਾਮ ਸਿੰਘ ਵਾਲਾ (ਬਠਿੰਡਾ) 

ਇਹ ਹੈ ਭਾਈ ਭਗਤੂ ਜੀ ਦੀ ਜੀਵਨੀ। ਇਨ੍ਹਾਂ ਦੇ ਕਈ ਗੁਰਦੁਆਰੇ ਪੰਜਾਬ ਅੰਦਰ ਵੱਖੋ ਵੱਖ ਥਾਵਾਂ ਤੇ ਬਣੇ ਹੋਏ ਹਨ। ਚੱਕ ਰਾਮ ਸਿੰਘ ਵਾਲੇ ਵਿਚ ਭਾਈ ਜੋਗਿੰਦਰ ਸਿੰਘ ਜੋ ਭਾਈ ਭਗਤੂ ਜੀ ਦੇ ਗੁਰਦੁਆਰੇ ਵਿਚ ਸੇਵਾ ਕਰ ਰਹੇ ਹਨ। ਉਸ ਨੇ ਦੱਸਿਆ ਕਿ ਭਗਤ ਪੂਰਾ ਰਾਜਸਥਾਨ ਵਿਚ ਕੋਈ ਪਿੰਡ ਹੈ, ਉਥੋਂ ਦੇ ਲੋਕਾਂ ਨੇ ਇਥੋਂ ਇੱਟਾਂ ਲੈ ਜਾ ਕੇ ਉਥੇ ਗੁਰਦੁਆਰਾ ਭਾਈ ਭਗਤੂ ਜੀ ਦਾ ਬਣਾਇਆ ਹੈ। ਸੋ ਇਹ ਸਾਬਤ ਹੋ ਗਿਆ ਹੈ ਕਿ ਇਹ ਮਹਾਪੁਰਸ਼ ਭਾਈ ਭਗਤੂ ਜੀ ਸੰਧੂ ਗੋਤ ਵਿਚ ਹੋਏ ਹਨ ਜੋ ਬਾਬਾ ਆਦਮ ਜੀ ਦੇ ਇਕਲੌਤੇ ਸਪੁੱਤਰ ਹੋਏ ਹਨ ਤੇ ਗੁਰੂ ਰਾਮਦਾਸ ਜੀ ਦੇ ਬਚਨਾਂ ਦੁਆਰਾ ਹੋਏ ਹਨ। ਅੰਤ ਇਨ੍ਹਾਂ ਦਾ ਦਿਹਾਂਤ ਕਰਤਾਰਪੁਰ ਵਿਚ ਹੋਇਆ ਤੇ ਗੁਰੂ ਹਰਿ ਰਾਇ ਜੀ ਨੇ ਆਪਣੇ ਹੱਥੀਂ ਇਨ੍ਹਾਂ ਦਾ ਸੰਸਕਾਰ ਕੀਤਾ ਸੀ। 

ਦੂਜੇ ਮਹਾਪੁਰਸ਼ ਬਾਬਾ ਭਗਤੂ ਜੀ ਰਾਏ ਗੋਤ ਪਿੰਡ ਮੋਰਾਂਵਾਲੀ (ਜਲੰਧਰ ਛਾਉਣੀ) ਵਿਚ ਪੈਦਾ ਹੋਏ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਏ ਹਨ ਤੇ ਉਨ੍ਹਾਂ ਦੇ ਸਿੱਖ ਸਨ। ਬਾਬਾ ਭਗਤੂ ਜੀ ਦੇ ਦੋ ਭਰਾ ਬਾਬਾ ਜਗਤੂ ਜੀ ਤੇ ਬਾਬਾ ਸ਼ਕਤੂ ਜੀ ਸਨ। ਇਨ੍ਹਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰਨ ਕੀਤੀ। ਇਸ ਤਰ੍ਹਾਂ ਦੋਹਾਂ ਮਹਾਪੁਰਸ਼ਾਂ ਦਾ ਵੱਖੋ ਵੱਖ ਇਤਿਹਾਸ ਹੈ ਜੋ ਵੱਖੋ ਵੱਖ ਸਮਿਆਂ ਅੰਦਰ ਹੋਇਆ। 

ਜਲੰਧਰ ਛਾਉਣੀ ਤੋਂ ਪਿੰਡ ਮੋਰਾਂਵਾਲੀ ਦਾ ਉੱਠਣਾ 

ਪਿੰਡ ਮੋਰਾਂਵਾਲੀ ਜਲੰਧਰ ਛਾਉਣੀ ਵਿਚ 1400-1500 ਈ. ਦੇ ਵਿਚਕਾਰ ਧੂੜਕੋਟ ਡਾਲੇ ਮੋਗੇ ਸ਼ਹਿਰ ਦੇ ਕੋਲੋਂ ਉੱਠ ਕੇ ਪਹਿਲਾਂ ਜਲੰਧਰ ਛਾਉਣੀ ਵਸੀ ਸੀ। ਪਰ ਇਥੇ ਵੀ ਇਸ ਪਿੰਡ ਨੂੰ ਬਹੁਤਾ ਚਿਰ ਨਾ ਬੈਠਣਾ ਪਿਆ, ਜਦ ਕਿ ਅੰਗਰੇਜ਼ ਸਰਕਾਰ ਨੇ 1849 ਈ. ਨੂੰ ਪੂਰੇ ਪੰਜਾਬ ਤੇ ਕਬਜ਼ਾ ਤਾਂ ਜਲੰਧਰ ਛਾਉਣੀ ਜੋ ਮੋਰਾਂਵਾਲੀ ਸੀ ਉਸ ਨੂੰ ਮਿਲਟਰੀ ਵਿਚ ਤਬਦੀਲ ਕਰਨ ਦਾ ਮਨ ਬਣਾ ਲਿਆ। ਦੁਆਬੇ ਵਿਚ ਉਨ੍ਹਾਂ ਨੇ ਮਿਲਟਰੀ ਛਾਉਣੀ ਪਾਉਣੀ ਸੀ ਕਿਉਂਕਿ ਲਾਹੌਰ ਤੇ ਫਿਰੋਜ਼ਪੁਰ ਦੂਰ ਸੀ । ਜਲੰਧਰ ਵਿਚ ਛਾਉਣੀ ਪਾਉਣ ਲਈ ਉਨ੍ਹਾਂ ਵਸ ਰਹੇ ਸਿੱਖਾਂ ਦੇ ਪਿੰਡ ਮੋਰਾਂਵਾਲੀ ਨੂੰ ਉਜਾੜਣ ਦੀ ਸਕੀਮ ਬਣਾਈ। 

(ਨੋਟ: ਅੰਮ੍ਰਿਤਧਾਰੀ ਗੁਰਸਿੱਖ ਭਾਈ ਜਗਤ ਸਿੰਘ ਜੀ ਰਾਏ ਕਿਰਤੀ ਛੋਟਾ ਦਰਵਾਜ਼ਾ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ 82 ਸਾਲ ਦੇ ਬਜ਼ੁਰਗ ਨੇ ਦਾਸ ਨੂੰ ਦੱਸਿਆ ਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਕਿਸ ਤਰ੍ਹਾਂ ਮੋਰਾਂਵਾਲੀ ਜਲੰਧਰ ਛਾਉਣੀ ਤੋਂ ਉਠੀ ਸੀ ਤੇ ਨਵੇਂ ਥਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵਸੀ ਸੀ। ਕੋਈ ਬਹੁਤਾ ਚਿਰ ਨਹੀਂ ਹੋਇਆ 1857-1860 ਦੇ ਵਿਚਕਾਰ ਹੀ ਮੋਰਾਂਵਾਲੀ ਜਲੰਧਰ ਛਾਉਣੀ ਵਿਚੋਂ ਉਠੀ ਸੀ। ਕਈ ਤਾਂ ਬਜ਼ੁਰਗ ਵੀ 110 ਸਾਲ ਦੀ ਉਮਰ ਦੇ ਹੋਏ ਹਨ। ਇਸ ਕਰਕੇ ਬਜ਼ੁਰਗਾਂ ਤੋਂ ਇਤਿਹਾਸ ਸਹੀ ਮਿਲ ਸਕਦਾ ਸੀ ਕਿਉਂਕਿ ਪਹਿਲਾਂ ਕਿਸੇ ਨੇ ਮੋਰਾਂਵਾਲੀ ਪਿੰਡ ਦੇ ਇਤਿਹਾਸ ਦੀ ਕੋਈ ਕਿਤਾਬ ਨਹੀਂ ਲਿਖੀ, ਨਹੀਂ ਤਾਂ ਉਸ ਕਿਤਾਬ ਦਾ ਹਵਾਲਾ ਦੇ ਦੇਂਦੇ। ਭਾਈ ਜਗਤ ਸਿੰਘ ਕਿਰਤੀ ਨੇ ਜੋ ਆਪਣੇ ਬਜ਼ੁਰਗਾਂ ਤੋਂ ਸੁਣਿਆ ਉਹ ਦਰਜ਼ ਹੈ। ਭਾਈ ਜਗਤ ਸਿੰਘ ਜੀ ਕਹਿੰਦੇ ਕਿ ਜਦੋਂ ਪਿੰਡ ਮੋਰਾਂਵਾਲੀ ਜਲੰਧਰ ਛਾਉਣੀ ਤੋਂ ਉੱਠਿਆ ਤਾਂ ਪਿੰਡ ਵਾਸੀਆਂ ਨੇ ਬਹੁਤ ਤਕਲੀਫਾਂ ਝੱਲੀਆਂ। ਇਹ ਤਾਂ ਦਾਸ ਲੇਖਕ ਦੇ ਪਿਤਾ ਸ. ਸਾਧੂ ਸਿੰਘ ਜੀ ਵੀ ਦਾਸ ਨੂੰ ਦੱਸਦੇ ਸਨ ਕਿ ਬਜ਼ੁਰਗ ਦੱਸਦੇ ਸਨ ਕਿ ਗੋਰਾ ਸਰਕਾਰ ਨੇ ਪਿੰਡ ਮੋਰਾਂਵਾਲੀ ਦੇ ਬਜ਼ੁਰਗਾਂ ਨੂੰ ਬਹੁਤ ਤੰਗੀਆਂ ਦਿੱਤੀਆਂ। ਪਿੰਡ ਨੂੰ ਛੱਡਣਾ ਮੋਰਾਂਵਾਲੀ ਦੇ ਬਜ਼ੁਰਗਾਂ ਲਈ ਬਹੁਤ ਔਖਾ ਸੀ। ਜਦ ਮੋਰਾਂਵਾਲੀ ਜਲੰਧਰ ਛਾਉਣੀ ਵਿਚ ਵਸ ਰਹੀ ਸੀ ਤਾਂ ਹਰ ਧਰਮ ਦੇ ਲੋਕ ਉਥੇ ਇਕੱਠੇ ਵਸ ਰਹੇ ਸਨ। ਮੁਸਲਮਾਨ ਵੀ ਕਾਫ਼ੀ ਧਨਾਢ ਵਸਦੇ ਸਨ।ਜਲੰਧਰ ਉਪਰੰਤ ਮੁਸਲਮਾਨਾਂ ਦਾ ਹੋਰ ਥਾਵਾਂ ਤੇ ਵੀ ਕਾਫ਼ੀ ਕਾਰੋਬਾਰ ਚਲਦਾ ਸੀ। ਹੁਣ ਵੀ ਜਲੰਧਰ ਕਾਫ਼ੀ ਲੋਕਾਂ ਦਾ ਕਾਰੋਬਾਰ ਚੱਲ ਰਿਹਾ ਹੈ। 

ਆਖ਼ਰ ਅੰਗਰੇਜ਼ ਸਰਕਾਰ ਨੇ ਪਿੰਡ ਮੋਰਾਂਵਾਲੀ ਦੇ ਪਤਪਤੇ ਬਜ਼ੁਰਗਾਂ ਨੂੰ ਸੱਦਿਆ ਤੇ ਦੱਸਿਆ ਕਿ ਤੁਹਾਡੇ ਪਿੰਡ ਨੂੰ ਇਥੋਂ ਜਰੂਰ ਉਠਣਾ ਪਵੇਗਾ। ਤੁਹਾਡੇ ਪਾਸ ਦੋ ਥਾਵਾਂ ਹਨ ਜਾਣ ਲਈ, ਇਕ ਥਾਂ ਹੈ ਟੋਡਰ ਪੁਰ, ਜਿੱਥੇ ਤੁਸੀਂ ਸੈਟਲ ਹੋ ਸਕਦੇ ਹੋ, ਰਕਬਾ ਕਰੀਬ ਉਥੇ ਹੈ 2600 ਤੋਂ 2700 ਏਕੜ। ਦੂਜੀ ਥਾਂ ਹੈ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕੋਈ 4 ਹਜ਼ਾਰ ਏਕੜ ਦੇ ਆਸ ਪਾਸ ਜ਼ਮੀਨ ਹੈ ਜਾਂ ਫਿਰ ਉਥੇ ਸੈਟਲ ਹੋ ਸਕਦੇ ਹੋ। ਮੋਰਾਂਵਾਲੀ ਦੇ ਬਜ਼ੁਰਗਾਂ ਨੇ ਸਲਾਹ ਕੀਤਾ ਕਿ ਜਦ ਉਜੜਣਾ ਹੀ ਹੈ ਤਾਂ ਕਿਉਂ ਨਾ ਖੁੱਲ੍ਹੀ ਵੱਡੀ ਜਗ੍ਹਾ ਅੰਦਰ ਜਾਈਏ। ਟੋਡਰ ਪੁਰ ਤਾਂ ਸਾਡੇ ਲਈ ਛੋਟਾ ਰਕਬਾ ਹੈ। ਅਸੀਂ ਹੁਸ਼ਿਆਰਪੁਰ ਦੇ ਇਲਾਕੇ ਵਿਚ ਚਲੇ ਜਾਂਦੇ ਹਾਂ।ਸਾਰਿਆਂ ਨੇ ਮਜ਼ਬੂਰੀ ਦੀ ਹਾਲਤ ਕਾਰਨ ਉਠਣ ਦਾ ਫੈਸਲਾ ਕਰ ਲਿਆ ਤੇ 1860 ਈ. ਦੇ ਆਸ ਪਾਸ ਜਲੰਧਰ ਛਾਉਣੀ ਛੱਡ ਦਿੱਤੀ ਤੇ ਸਾਰਾ ਘਰ ਬਾਰ ਦਾ ਸਮਾਨ ਗੱਡਿਆਂ ‘ਤੇ ਲੱਦਿਆ ਤੇ ਅਣਡਿੱਠੀ ਧਰਤੀ ਵਲ ਚਾਲੇ ਪਾ ਦਿੱਤੇ। ਰਸਤੇ ਵਿਚ ਬਹੁਤ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਤੰਗੀਆਂ ਵੀ ਆਈਆਂ। ਇਕ ਥਾਂ ਤੋਂ ਉਜੜ ਕੇ ਨਵੇਂ ਥਾਂ ਵੱਸਣਾ ਕੋਈ ਖਾਲਾ ਜੀ ਦਾ ਵਾੜਾ ਤਾਂ ਨਹੀਂ ਸੀ । ਜਦ ਮੋਰਾਂਵਾਲੀ ਨਵੇਂ ਥਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬੈਠੀ ਤਾਂ ਆਲੇ ਦੁਆਲੇ ਇਹ ਪਿੰਡ ਵਸ ਰਹੇ ਸਨ ਜੋ ਹੁਣ ਵੀ ਹਨ। ਉਹ ਪਿੰਡ ਹਨ ਬਿੱਜੋ, ਐਮਾ ਜੱਟਾਂ ਦਾ, ਪਠਲਾਵਾ, ਪੋਸੀ, ਰਾਇਪੁਰ, ਗੂਜਰਾ, ਕਿੱਤਣਾ, ਬਾਧਪੁਰ, ਨੂਰਪੁਰ, ਫ਼ਤਹਿ ਪੁਰ,ਐਮਾਂ ਮੁਗ਼ਲਾਂ, ਮੌਲਾ, ਚਾਲਪੁਰ, ਸੁੱਜੋ, ਭੌਰਾ, ਮਾਲ ਗਹਿਲਾ, ਉੱਚਾ ਲਧਾਣਾ ਆਦਿ। 

ਪੁਰਾਣੇ ਰਿਕਾਰਡ ਮੁਤਾਬਿਕ ਜਿਸ ਥਾਂ ‘ਤੇ ਮੋਰਾਂਵਾਲੀ ਆ ਕੇ ਬੈਠੀ ਸੀ ਉਸ ਥਾਂ ਦਾ ਕੋਈ ਮਾਲਕ ਨਹੀਂ ਸੀ। ਸਿਰਫ਼ ਆਲੇ ਦੁਆਲੇ ਦੇ ਪਿੰਡਾਂ ਦੇ ਪਸ਼ੂ ਚਾਰਨ ਦੀ ਚਰਾਂਦ ਬਣੀ ਹੋਈ ਸੀ। ਵੱਡੇ ਵੱਡੇ ਮੁਸਲਮਾਨ ਵੀ ਆਲੇ ਦੁਆਲੇ ਦੇ ਪਿੰਡਾਂ ਵਿਚ ਵੱਸ ਰਹੇ ਸਨ। ਮੁਸਲਮਾਨ ਤਾਂ 1947 ਈ. ਦੇ ਬਟਬਾਰੇ ਤੋਂ ਬਾਦ ਹੀ ਇਥੋਂ ਗਏ ਸਨ। ਪਹਿਲਾਂ ਹਿੰਦੂ, ਸਿੱਖ, ਮੁਸਲਮਾਨ ਸਾਰੇ ਬਹੁਤ ਹੀ ਪਿਆਰ ਨਾਲ ਰਹਿੰਦੇ ਸਨ। ਜਦ ਮੋਰਾਂਵਾਲੀ ਇਥੇ ਨਵੇਂ ਥਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬੈਠੀ ਤਾਂ ਮੁਸਲਮਾਨਾਂ ਨੇ ਲੜਾਈਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਤਾਂ ਸਾਡੇ ਪਸ਼ੂਆਂ ਵਾਸਤੇ ਚਰਾਂਦ ਸੀ, ਪਰ ਤੁਸੀਂ ਇੱਥੇ ਕਿੱਥੋਂ ਆਕੇ ਵਸ ਗਏ ਹੋ। ਉਸ ਸਮੇਂ ਪਿੰਡ ਮੋਰਾਂਵਾਲੀ ਦੇ ਬਜ਼ੁਰਗਾਂ ਨੂੰ ਬਹੁਤ ਤਕਲੀਫ ਹੋਈ। ਇਕ ਤਾਂ ਨਵੇਂ ਥਾਂ ਪਾਣੀ ਪੀਣ ਦਾ ਕੋਈ ਸਾਧਨ ਨਹੀਂ ਸੀ। ਵੇਈਂ ਵਿਚੋਂ ਢੋਲਾਂ ਰਾਹੀਂ ਪਾਣੀ ਲਿਆਉਣਾ, ਉਹ ਪੀਣਾ ਤੇ ਫਿਰ ਪਸ਼ੂਆਂ ਨੂੰ ਪਿਲਾਉਣਾ। ਦੂਜਾ ਮੁਸਲਮਾਨ ਤੰਗ ਕਰਦੇ ਸਨ ਕਿ ਸਾਡੀ ਚਰਾਂਦ ਇਨ੍ਹਾਂ ਲੋਕਾਂ ਨੇ ਸਾਂਭ ਲਈ ਹੈ। ਉਸ ਸਮੇਂ ਬਜ਼ੁਰਗਾਂ ਦੀ ਹਾਲਤ ਸੀ ਕਿ ਜਾਈਏ ਤਾਂ ਜਾਈਏ ਕਿ ਹਰਾ ਭਰਾ ਸੰਸਾਰ ਛੱਡ ਕੇ ਆਏ ਸਨ । ਹੁਣ ਖਾਣ ਪੀਣ ਤੇ ਰਹਿਣ ਦੇ ਲਾਲੇ ਪਏ ਹੋਏ ਸ ਸੋਚਦੇ ਹੋਣਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਦਾ ਸਭ ਤੋਂ ਵੱਡਾ ਘਾਟਾ 3 ਸਾਨੂੰ ਪਿਆ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ 1839 ਈ. ਨੂੰ ਦਿਹਾਂਤ ਹੋ ਗਿਆ ਸੀ। 1849 ਈ. ਵਿਚ ਗੋਰੇ ਸੰਪੂਰਨ ਤੌਰ ਤੇ ਪੰਜਾਬ ਤੇ ਕਾਬਜ਼ ਹੋ ਗਏ ਸਨ ਤੇ ਬਾਦ 18 ਈ. ਦੇ ਆਸ ਪਾਸ ਪਿੰਡ ਮੋਰਾਂਵਾਲੀ ਨੂੰ ਜਲੰਧਰ ਛਾਉਣੀ ਤੋਂ ਉਠਾ ਦਿੱਤਾ। 

ਪੁਰਾਣੀ ਕਹਾਵਤ ਹੈ ਕਿ ਦੁੱਖੀ ਮਨੁੱਖ ਫਿਰ ਕੀ ਨਹੀਂ ਕਰਦਾ। ਮੋਰਾਂਵਾਲੀ ਦੇ ਬਜ਼ੁਰਗਾ ਨੇ ਮੁਸਲਮਾਨ ਜੋ ਉਨ੍ਹਾਂ ਨੂੰ ਤੰਗ ਕਰਦੇ ਸਨ, ਉਨ੍ਹਾਂ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ।ਕਈਆਂ ਨੂੰ ਕੁੱਟਿਆ, ਕਈਆਂ ਨੂੰ ਮਾਰਿਆ, ਫਿਰ ਅੰਗਰੇਜ਼ ਸਰਕਾਰ ਨੇ ਮੁਸਲਮਾਨਾਂ ਨੂੰ ਦੱਬਕਿਆ ਕਿ ਜੇ ਹੁਣ ਸ਼ਰਾਰਤ ਕੀਤੀ ਤਾਂ ਜੇਲ੍ਹ ਵਿਚ ਡੱਕ ਦਿਆਂਗੇ। ਬਜ਼ੁਰਗ ਜਗਤ ਸਿੰਘ ਕਿਰਤੀ ਦੱਸਦੇ ਹਨ ਕਿ ਸਾਡੇ ਬਜ਼ੁਰਗ ਦੱਸਦੇ ਹਨ ਕਿ ਪਿੰਡ ਕਿੱਤਣਾ, ਫ਼ਤਹਿਪੁਰ ਨਾਲ ਉਸ ਸਮੇਂ ਜੋ ਚਰਾਂਦ ਲੱਗਦੀ ਸੀ, ਉਸ ਥਾਂ ਨੂੰ ਬਾਸ ਬਰੇਲੀ ਦਾ ਥਾਂ ਆਖਦੇ ਸਨ ਤੇ ਪਟਵਾਰੀ ਮਹਿਕਮੇ ਦੇ ਅਨੁਸਾਰ ਹੁਣ ਵੀ ਉਸ ਥਾਂ ਨੂੰ ਬਾਸ ਬਰੇਲੀ ਦਾ ਰਕਬਾ ਕਿਹਾ ਜਾਂਦਾ ਹੈ। ਉਸ ਸਮੇਂ ਸ਼ਾਮਲਾਟ ਵਿਚ ਇਕ ਪਾਸੇ ਰਾਏ ਪਰਵਾਰ ਜੋ ਜਲੰਧਰ ਛਾਉਣੀ ਤੋਂ ਆਇਆ ਸੀ ਉਹ ਬੈਠਾ ਸੀ ਤੇ ਦੂਜੇ ਪਾਸੇ ਕਿੱਤਣੇ ਫ਼ਤਹਿਪੁਰ ਦੀ ਚਰਾਂਦ ਵਿਚ ਹੇਹਰ ਪਰਵਾਰ ਬੈਠਾ ਹੋਇਆ ਸੀ। ਜਿਸ ਥਾਂ ਦੀ ਚਰਾਂਦ ਨੂੰ ਬਾਸ ਬਰੇਲੀ ਦੀ ਥਾਂ ਕਹਿ ਦੇਂਦੇ ਹਨ। ਮੋਰਾਂਵਾਲੀ ਦੇ ਰਾਏ ਗੋਤੀ ਨੰਬਰਦਾਰ ਛਨਾਥ ਸਿੰਘ, ਨੰਬਰਦਾਰ ਭੂਪ ਸਿੰਘ, ਨੰਬਰਦਾਰ ਫ਼ਤਹਿ ਸਿੰਘ ਇਨ੍ਹਾਂ ਨੰਬਰਦਾਰਾਂ ਨੇ ‘ਹੇਹਰ’ ਗੋਤ ਦੇ ਨੰਬਰਦਾਰ ਖਜ਼ਾਨ ਸਿੰਘ ਹੁਣਾਂ ਨਾਲ ਸਲਾਹ ਕੀਤੀ ਕਿ ਆਪਾਂ ਦੋਨੋਂ ਗੋਤ ਇਕੱਠੇ ਰਹੀਏ। ਇਕੱਠੇ ਰਹਿਣ ਨਾਲ ਆਲੇ ਦੁਆਲੇ ਦੇ ਜੋ ਮੁਸਲਮਾਨ ਆਪਾਂ ਨੂੰ ਤੰਗ ਕਰਦੇ ਹਨ ਉਨ੍ਹਾਂ ਦਾ ਰੱਲ ਕੇ ਮੁਕਾਬਲਾ ਕਰ ਸਕਦੇ ਹਾਂ। ਨਹੀਂ ਤਾਂ ਦੋਹਾਂ ਗੋਤਾਂ ਨੂੰ ਵੱਖੋ ਵੱਖ ਥਾਵਾਂ ਤੇ ਰਹਿਣਾ ਖੱਤਰੇ ਤੋਂ ਖਾਲ੍ਹੀ ਨਹੀਂ। ਇਸ ਤਰ੍ਹਾਂ ਦੋਨੋਂ ਗੋਤ ਰਾਏ ਤੇ ਹੇਹਰ ਇਕੱਠੇ ਪਿੰਡ ਮੋਰਾਂਵਾਲੀ ਵਿਚ ਵੱਸਣ ਲੱਗੇ। ਇਹੋ ਇਤਿਹਾਸ ਸ. ਜਗਤ ਸਿੰਘ ਕਿਰਤੀ ਰਾਏ ਮੋਰ ਵਾਲੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਇਥੇ ਦਰਜ਼ ਕੀਤਾ ਹੈ। 

(ਨੋਟ: ਦਾਸ ਜਦ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਬਾਰੇ ਖੋਜ ਕਰ ਰਿਹਾ ਸੀ ਤਾਂ ਉਸ ਦੇ ਭਰਾ ਸ. ਕੁਲਤਾਰ ਸਿੰਘ ਜੀ ਨੂੰ ਸਹਾਰਨਪੁਰ ਮਿਲਣ ਗਿਆ ਤਾਂ ਬਾਦ ਵਿਚ 6-2-2000 ਈ. ਨੂੰ ਦਾਸ ਹਰਦੁਆਰ ‘ਹੇਹਰ’ ਪਰਿਵਾਰ ਦੀ ਖੋਜ ਕਰਨ ਗਿਆ। ਉਥੇ ਮੋਰਾਂਵਾਲੀ ਦੇ ਪੰਡਤ ਮੁਹਿੰਦਰ ਕੁਮਾਰ ਨੇ ਰਜਿਸਟਰ ਕੱਢਕੇ ਦੱਸਿਆ ਕਿ ਰਾਏ ਗੋਤੀ ਮੋਰਾਂਵਾਲੀ ਤੇ ਹੇਹਰ ਗੋਤੀ ਬਜ਼ੁਰਗਾਂ ਦਾ ਸਾਂਝਾ ਰਿਕਾਰਡ ਇਕ ਹੀ ਮੋਰਾਂਵਾਲੀ ਦੇ ਰਜਿਸਟਰ ਤੇ ਹੁਣ ਦਰਜ ਹੈ। ਉਸ ਨੇ ਮੋਰਾਂਵਾਲੀ ਦੇ ਰਜਿਸਟਰ ਪੰਨਾ 290 ਵਿਚੋਂ ਹੇਹਰ ਪਰਿਵਾਰ ਦੇ ਬਜ਼ੁਰਗਾਂ ਦੇ ਨਾਂ ਵੀ ਕੱਢਕੇ ਦੱਸੇ। ਇਹ ਵੀ ਮੁਹਿੰਦਰ ਪੰਡਤ ਨੇ ਦੱਸਿਆ ਕਿ ਦੋਵੇਂ ਗੋਤ ਹੁਣ ਇਕ ਪਿੰਡ ਵਿਚ ਵੱਸਦੇ ਕਰਕੇ ਇਕ ਹੀ ਰਜਿਸਟਰ ਵਿਚ ਦਰਜ਼ ਕਰ ਦਿੱਤੇ ਸਨ। ਕੀਰਤਪੁਰ ਸਾਹਿਬ ਫੁੱਲ ਪਾਉਣ ਤੋਂ ਪਹਿਲਾਂ ਲੋਕੀ ਹਰਦੁਆਰ ਵਿਚ ਹੀ ਪਾਉਂਦੇ ਸਨ ਤੇ ਉਥੇ ਮਿਰਤਕ ਪ੍ਰਾਣੀ ਦੇ ਫੁੱਲ ਪਾਉਣ ਵਾਲੇ ਦਾ ਨਾਂ ਤੇ ਪਿੰਡ ਦਰਜ਼ ਕੀਤਾ ਜਾਂਦਾ ਸੀ। ਇਸ ਕਰਕੇ ਰਾਏ ਤੇ ਹੇਹਰ ਪਰਿਵਾਰ ਇਕ ਹੀ ਪਿੰਡ ਮੋਰਾਂਵਾਲੀ ਦੇ ਰਜਿਸਟਰ ਵਿਚ ਦਰਜ ਕੀਤੇ ਜਾਂਦੇ ਸਨ। ਜੋ ਮੋਰਾਂਵਾਲੀ ਪਿੰਡ ਦਾ ਰਜਿਸਟਰ ਹਰਦੁਆਰ ਪੰਡਤ ਮੁਹਿੰਦਰ ਕੁਮਾਰ ਪਾਸ ਹੈ ਉਸ ਰਜਿਸਟਰ ਤੇ ਬਾਹਰ ਪਿੰਡ ਮੋਰਾਂਵਾਲੀ ਦਾ ਨਾਂ ਮੋਲਾਂਵਾਲੀ ਲਿਖਿਆ ਹੋਇਆ ਹੈ। ਲੱਗਦਾ ਹੈ ਮੋਲਾਵਾਲੀ ਨਾਂ ਹੌਲੀ ਹੌਲੀ ਮੋਰਾਂਵਾਲੀ ਵਿਚ ਬਦਲ ਗਿਆ।) 

ਮੋਰਾਂਵਾਲੀ ਜਦ ਹੁਸ਼ਿਆਰਪੁਰ ਚਰਾਂਦ ਵਾਲੀ ਥਾਂ ਤੇ ਬੈਠੀ ਉਸ ਥਾਂ ਨੂੰ ਛੰਨਾ ਵਾਲਾ ਥਾਂ ਕਿਹਾ ਗਿਆ। ਕਿਉਂਕਿ ਜਿੱਥੇ ਬਜ਼ੁਰਗਾਂ ਨੇ ਡੇਰਾ ਲਾਇਆ ਉਥੇ ਉਸ ਸਮੇਂ ਉਨ੍ਹਾਂ ਨੇ ਛੰਨਾ ਲਾਈਆਂ ਸਨ। ਫਿਰ ਉਸ ਥਾਂ ਤੇ ਮਿਸਤਰੀਆਂ ਨੇ ਇਕ ਖੂਹ ਪਾਣੀ ਪੀਣ ਵਾਸਤੇ ਲਾਇਆ ਜਿਸ ਨੂੰ ਫਿਰ ਛੰਨਾ ਵਾਲਾ ਖੂਹ ਕਿਹਾ ਜਾਣ ਲੱਗਾ। ਉਹ ਖੂਹ ਅੱਜ ਵੀ ਮੌਜੂਦ ਹੈ। ਛੰਨਾਂ ਵਾਲੇ ਖੂਹ ਤੇ ਟਿਕਾਣਾ ਕਰਨ ਉਪਰੰਤ ਫਿਰ ਪਿੰਡ ਵਾਲਿਆਂ ਨੇ ਸਲਾਹ ਕੀਤੀ ਕਿ ਇਥੇ ਹੁਣ ਪਿੰਡ ਮੋਰਾਵਾਲੀ ਦੀ ਮੋਹੜੀ ਗੱਡੀਐ। ਸਾਰੇ ਪਿੰਡ ਦੇ ਸਿਆਣਿਆਂ ਦੇ ਵਿਚਾਰ ਨਾਲ ਸਾਰੇ ਪਿੰਡ ਦੀ ਇਕੋ ਜਿਹੀ ਲੀਕ ਪਾਈ। ਫਿਰ ਉਸ ਵਿਚ ਚਾਰ ਹਿੱਸੇ ਬਣਾਏ। ਅੱਜ ਵੀ ਤੁਸੀਂ ਪਿੰਡ ਮੋਰਾਂਵਾਲੀ ਪਿੰਡ ਦੀ ਵਣਤਰ ਨੂੰ ਵੇਖਕੇ ਅੰਦਾਜ਼ਾ ਲਾ ਸਕਦੇ ਹੋ ਕਿ ਬਜ਼ੁਰਗਾਂ ਨੇ ਪਿੰਡ ਨੂੰ ਕਿੰਨੇ ਸੋਹਣੇ ਢੰਗ ਨਾਲ ਵੰਡਿਆ। ਚਾਰ ਪੱਤੀਆਂ ਬਣਾਈਆਂ। ਪਿੰਡ ਦੇ ਅੰਦਰਲੇ ਪਾਸੇ ਬਹੁਤ ਸੁਹਣੇ ਤਰੀਕੇ ਨਾਲ ਇਕ ਗੈਲਰੀ ਬਣਾਈ। ਬਜ਼ੁਰਗਾਂ ਦੀ ਸਕੀਮ ਸੀ ਕਿ ਜੇ ਕੋਈ ਬੰਦਾ ਭੁੱਲ ਜਾਏ ਤਾਂ ਉਸ ਨੂੰ ਮੁੜ ਉਥੇ ਹੀ ਆਉਣ ਪਊਗਾ। ਜੇ ਪਿੰਡ ਦੀ ਬਾਹਰਲੀ ਗੈਲਰੀ ਵਿਚ ਜਾਵੇਗਾ ਤਾਂ ਹੀ ਉਹ ਬਾਹਰ ਨਿਕਲ ਸਕੇਗਾ। ਨਹੀਂ ਤਾਂ ਅੰਦਰਲੀ ਗੈਲਰੀ ਵਿਚ ਹੀ ਰਹੇਗਾ। ਇਸ ਤਰ੍ਹਾਂ ਬਾਹਰੋਂ ਚੋਰ, ਉੱਚਕੇ, ਡਕੈਤੀਆਂ ਤੋਂ ਬਚਾ ਹੋ ਸਕਦਾ ਸੀ ਕਿਉਂਕਿ ਉਸ ਸਮੇਂ ਨਵੇਂ ਥਾਂ ‘ਤੇ ਬੈਠਣ ਕਰਕੇ ਬਾਹਰਲੇ ਮਾਰਧਾੜ ਵਾਲੇ ਲੋਕਾਂ ਤੋਂ ਡਰ ਸੀ ਕਿ ਕਿਧਰੇ ਹਮਲਾ ਹੀ ਨਾ ਕਰ ਦੇਣ। 

ਉਸ ਸਮੇਂ ਲਾਗੇ ਦੇ ਪਿੰਡ ਵਿਚ ਤਕੜੇ ਮੁਸਲਮਾਲ ਵੱਸਦੇ ਸਨ। ਉਹ ਨਹੀਂ ਸੀ ਚਾਹੁੰਦੇ ਕਿ ਸਾਡੇ ਕੋਲ ਤਕੜਾ ਇਕ ਸਿੱਖ ਦਾ ਪਿੰਡ ਵਸੇ ਤੇ ਸਾਡੀ ਪਸ਼ੂਆਂ ਦੀ ਚਰਾਂਦ ਵੀ ਜਾਂਦੀ ਲੱਗੇ। ਪਰ ਉਹ ਕਰ ਕੁਝ ਨਹੀਂ ਸਕੇ। ਜਿਸ ਤਰ੍ਹਾਂ ਜਲੰਧਰ ਛਾਉਣੀ ਵਿਚ ਪਿੰਡ ਮੋਰਾਂਵਾਲੀ ਬੈਠਾ ਸੀ ਹੂ-ਬ-ਹੂ ਉਸੇ ਤਰ੍ਹਾਂ ਇਕੋ ਨਵੇਂ ਥਾਂ ਪਿੰਡ ਮੋਰਾਂਵਾਲੀ ਹੁਸ਼ਿਆਰਪੁਰ ਵਿਚ ਬੈਠਾ। ਇਥੇ ਨਵੇਂ ਥਾਂ ਮੋਰਾਂਵਾਲੀ ਵਿਚ ਚੌਹਾਂ ਪੱਤੀਆਂ ਦੇ ਚਾਰ ਉਸ ਸਮੇਂ ਨੰਬਰਦਾਰ ਸਨ। ਪੱਤੀ ਵੱਡਾ ਦਰਵਾਜਾ ਨੰਬਰਦਾਰ ਭੂਪ ਸਿੰਘ, ਪੱਤੀ ਛੋਟਾ ਦਰਵਾਜ਼ਾ ਨੰਬਰਦਾਰ ਛਨਾਖ ਸਿੰਘ, ਪੱਤੀ ਸੱਤ ਢੇਰੀ ਨੰਬਰਦਾਰ ਫਤਹਿ ਸਿੰਘ ਤੇ ਪੱਤੀ ‘ਹੇਹਰ’ ਨੰਬਰਦਾਰ ਖਜ਼ਾਨ ਸਿੰਘ ਸਨ। 

ਪਿੰਡ ਮੋਰਾਂਵਾਲੀ ਦੀ ਸ਼ਾਮਲਾਟ: ਜੋ ਉਸ ਸਮੇਂ ਪਿੰਡ ਮੋਰਾਵਾਲੀ ਦੀ ਸ਼ਾਮਲਾਟ ਸੀ।ਉਸ ਵਿਚ ਬਾਲਮੀਕ ਤੇ ਹਰੀਜਨ ਵਸੋਂ ਨੂੰ ਬਿਠਾਇਆ ਗਿਆ। ਸ਼ਾਮਲਾਟ ਵਿਚੋਂ ਹੀ ਹਸਪਤਾਲ ਨੂੰ ਥਾਂ ਦਿੱਤਾ, ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਟੋਭਿਆਂ ਛੱਪੜਾਂ ਨੂੰ ਵੀ ਸ਼ਾਮਲਾਟ ਵਿਚੋਂ ਥਾਂ ਦਿੱਤਾ। ਕੁੱਝ 50 ਘੁਮਾ ਮਰੱਬਾ ਬੰਦੀ ਵਿਚ ਥਾਂ ਦਰਜ਼ ਕੀਤੀ ਗਈ ਸੀ।ਮਰੱਬੇ ਬੰਦੀ 1950-51 ਈ. ਵਿਚ ਹੋਈ ਸੀ। 

ਨਵੀਂ ਆਬਾਦੀ ਸੱਤ ਢੇਰੀ ਦੇ ਪਾਸੇ, ਜਿੱਥੇ ਹੱਲਟੀ ਲੱਗੀ ਹੋਈ ਹੈ, ਇਹ ਸ਼ਾਮਲਾਟ ਵਿਚੋਂ ਥਾਂ ਦਿੱਤੀ ਹੋਈ ਹੈ। ਹਸਪਤਾਲ, ਸਲੋਤਰ ਖਾਨਾ ਇਹ ਇਕ ਏਕੜ ਦੀ ਥਾਂ ਜੋ ਹੈ ਪਿੰਡ ਦੇ ਸਾਂਝੇ ਮੁਸ਼ਤਰਕੇ ਥਾਂ ਵਿਚੋਂ ਛੱਡਿਆ ਹੋਇਆ ਹੈ। ਛੋਟੇ ਦਰਵਾਜ਼ੇ ਜਿੱਥੇ ਛੱਪੜ ਹੈ ਉਹ ਵੀ ਮੁਸ਼ਤਰਕੇ ਥਾਂ ਵਿਚੋਂ ਛੱਡਿਆ ਹੋਇਆ ਹੈ। ਇਕ ਹਿੱਸਾ 25 ਘੁਮਾ ਪਿੰਡ ਦੇ ਚੜ੍ਹਦੇ ਪਾਸੇ ਜਿੱਥੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਨਾਂ ‘ਤੇ ਗਰਾਂਉਂਡ ਛੱਡੀ ਹੋਈ ਹੈ ਉਧਰ ਥਾਂ ਛੱਡਿਆ ਗਿਆ ਹੈ। ਦੂਜਾ ਹਿੱਸਾ 25 ਘੁਮਾ ਪਿੰਡ ਦੇ ਲਹਿੰਦੇ ਪਾਸੇ ਛੋਟੇ ਦਰਵਾਜ਼ੇ ਵੱਲ ਛੱਡਿਆ ਗਿਆ। ਇਸ ਤਰ੍ਹਾਂ ਕੁੱਲ 50 ਘੁਮਾ ਦਾ ਰਕਬਾ ਛੱਡਿਆ ਗਿਆ। ਉਸ ਸਮੇਂ ਪਿੰਡ ਦੇ ਸਿਆਣਿਆਂ ਨੇ ਸੋਚਿਆ ਕਿ ਸਾਂਝੀ ਸ਼ਾਮਲਾਟ ਦਾ ਪਿੰਡ ਦੇ ਹਰ ਇਕ ਬੰਦੇ ਨੂੰ ਭਾਵੇਂ ਮਿਸਤਰੀ, ਬਾਲਮੀਕ, ਹਰੀਜਨ, ਘੁਮਾਰ, ਨਾਈ, ਛੀਂਬੇ ਸਾਰੀਆਂ ਜ਼ਮਾਤਾਂ ਨੂੰ ਫ਼ਾਇਦਾ ਹੋਵੇਗਾ। ਮਰੱਬੇ ਬੰਦੀ ਵਿਚ ਪਿੰਡ ਦੇ ਸਿਆਣੇ ਬਜ਼ੁਰਗਾਂ ਨੇ ਪਟਿਵਾਰਨ ਮਹਿਕਮੇ ਨੂੰ ਕਿਹਾ ਕਿ ਕੁੱਲ ਸਾਰੇ ਪਿੰਡ ਦੀ ਜ਼ਮੀਨ ਤਾਂ ਫਿਰ ਘਟ ਜਾਏਗੀ ਜੇ 50 ਏਕੜ ਸ਼ਾਮਲਾਟ ਸਾਰੇ ਪਿੰਡ ਦੇ ਰਕਬੇ ਵਿਚੋਂ ਛੱਡੀ। ਪਟਿਵਾਰਨ ਮਹਿਕਮੇ ਨੇ ਫਿਰ ਸਲਾਹ ਦਿੱਤੀ ਕਿ ਅਸੀਂ ਇਸ ਤਰ੍ਹਾਂ ਕਰ ਦੇਂਦੇ ਹਾਂ ਕਿ 50 ਘੁਮਾ ਵਿਚੋਂ ਕੁਝ ਰਕਬਾ ਅਸੀਂ ਰਾਹਾਂ ਦੇ ਮੁਜ਼ਰੇ ਗਿਣ ਦੇਂਦੇ ਹਾਂ। ਪਿੰਡ ਦੀ ਸਹਿਮਤੀ ਨਾਲ਼ ਫਿਰ ਇਸੇ ਤਰ੍ਹਾਂ ਕੀਤਾ ਗਿਆ। ਜੋ ਪਰਵਾਰ ਜਲੰਧਰ ਛਾਉਣੀ ਤੋਂ ਪਿੰਡ ਮੋਰਾਂਵਾਲੀ ਦੇ ਉਠੇ ਸਨ ਉਨ੍ਹਾਂ ਦੇ ਨਾਮਾਂ ਦਾ ਜੋ ਪਤਾ ਲੱਗ ਸਕਿਆ ਹੈ ਉਹ ਇਥੇ ਦਰਜ਼ ਕੀਤੇ ਜਾਂਦੇ ਹਨ, ਪਰ ਹੁਣ ਤਾਂ ਉਨ੍ਹਾਂ ਪਰਵਾਰਾਂ ਦੀ ਪੀੜ੍ਹੀ-ਦਰ-ਪੀੜ੍ਹੀ ਸੰਤਾਨ ਚਲਦੀ ਆ ਰਹੀ ਹੈ। 

  1. ਪੱਤੀ ਵੱਡਾ ਦਰਵਾਜ਼ਾ ਨੰਬਰਦਾਰ ਭੂਪ ਸਿੰਘ: ਇਸ ਪੱਤੀ ਵਿਚ ਪ੍ਰੇਮ ਸਿੰਘ ਬਲਦ ਭੂਪ ਸਿੰਘ ਨੰਬਰਦਾਰ, ਪੁਸ਼ਾਲ ਸਿੰਘ, ਫਤਹਿ ਸਿੰਘ, ਰੂਪ ਸਿੰਘ, ਵੀਰ ਸਿੰਘ, ਗੰਢਾ ਸਿੰਘ ਬਲਦ ਮੁਹੰਥ ਸਿੰਘ, ਸੁੰਦਰ ਸਿੰਘ, ਵੀਰ ਸਿੰਘ, ਜਵਾਲਾ ਸਿੰਘ, ਇੰਦਰ ਸਿੰਘ, ਫੂਲਾ ਸਿੰਘ, ਕਾਬਲ ਸਿਘ, ਬੂਟਾਂ ਸਿੰਘ ਹੌਲਦਾਰ, ਲੱਖਾ ਸਿੰਘ, ਨੰਦ ਸਿੰਘ, ਦੇਵਾ ਸਿੰਘ, ਮੂਲਾ ਸਿੰਘ, ਸਰਵਨ ਸਿੰਘ, ਚੰਨਣ ਸਿੰਘ, ਵਤਨ ਸਿੰਘ, ਅਰਜਨ ਸਿੰਘ, ਮੇਹਰ ਸਿੰਘ, ਗਿਆਨ ਸਿੰਘ, ਗੂਜਰ ਸਿੰਘ, ਮੋਤਾ ਸਿੰਘ, ਛੱਜਾ ਸਿੰਘ, ਇੰਦਰ ਸਿੰਘ ਸ਼ੇਖ, ਦੇਵਾ ਸਿੰਘ, ਨਾਹੰਗ ਸਿੰਘ,ਬਸੰਤ ਸਿੰਘ, ਹਜ਼ਾਰਾ ਸਿੰਘ, ਸੂਬੇਦਾਰ ਪਾਲ ਸਿੰਘ ਬਲਦ ਵੀਰ ਸਿੰਘ, ਜੈਮਲ ਸਿੰਘ ਰਾਗੀ ਹਰਨਾਮ ਸਿੰਘ ਦਾ ਪਿਤਾ, ਹੁਕਮ ਸਿੰਘ, ਨਗੀਨਾ ਸਿੰਘ ਅਣੋਖੀਕਿਆਂ ਦਾ, ਲਾਭ ਸਿੰਘ, ਜਵਾਲਾ ਸਿੰਘ, ਭਗਵਾਨ ਸਿੰਘ, ਹਰਨਾਮ ਸਿੰਘ, ਧੰਨ ਸਿੰਘ, ਰਣ ਸਿੰਘ ਦਾਸ ਲੇਖਕ ਦਾ ਪੜਦਾਦਾ, ਮਾਸਟਰ ਦੀਦਾਰ ਸਿੰਘ (ਦਾਰੀ) ਦਾ ਬਾਬਾ ਪ੍ਰਤਾਪ ਸਿੰਘ। ਇਹੋ ਉਪਰੋਕਤ ਸਾਰੇ ਘਰ ਪੱਤੀ ਵੱਡੇ ਦਰਵਾਜ਼ੇ ਅੰਦਰ ਆ ਜਾਂਦੇ ਹਨ। ਇਹੋ ਸਭ ਬਜ਼ੁਰਗ ਜਲੰਧਰ ਛਾਉਣੀ ਤੋਂ ਉਠਕੇ ਆਏ ਸਨ। 
  2. ਪੱਤੀ ਛੋਟਾ ਦਰਵਾਜ਼ਾ ਛਨਾਖ ਸਿੰਘ ਨੰਬਰਦਾਰ: ਛਨਾਖ ਸਿੰਘ ਨੰਬਰਦਾਰ 

ਜਲੰਧਰ ਛਾਉਣੀ ਤੋਂ ਆਇਆ ਸੀ। ਚੌਧਰੀਆਂ ਦੇ ਪਰਿਵਾਰ ਵਿਚੋਂ ਹਰੀ ਸਿੰਘ ਚੌਧਰੀ ਆਇਆ ਸੀ। ਮੱਲਕਿਆਂ ਦੇ ਪਰਿਵਾਰ ਵਿਚੋਂ ਜੈਮਲ ਸਿੰਘ, ਰੂੜ ਸਿੰਘ, ਦਲ ਸਿੰਘ, ਗੂਜਰ ਸਿੰਘ, ਜਮੀਦ ਸਿੰਘ, ਮੀਹਾ ਸਿੰਘ। ਝੰਡੇਰਿਆਂ ਦੇ ਪਰਿਵਾਰ ਵਿਚੋਂ ਅਤਰ ਸਿੰਘ, ਦਲੀਪ ਸਿੰਘ ਤੇ ਭਗਵਾਨ ਸਿੰਘ ਆਏ ਸਨ। ਪੋਸਤੀਆਂ ਦੇ ਪਰਿਵਾਰ ਵਿਚੋਂ ਦੇਵਾ ਸਿੰਘ, ਅਮੋਲਕ ਸਿੰਘ ਤੇ ਅਮਰ ਸਿੰਘ। ਇਹ ਉਪਰਕੋਤ ਸਾਰੇ ਬਜ਼ੁਰਗ ਜਲੰਧਰ ਛਾਉਣੀ ਤੋਂ ਆਏ ਸਨ। 

  1. ਪੱਤੀ ਲਾਭੇ ਕੀ: ਲੱਖਾ ਸਿੰਘ, ਭੋਲਾ ਸਿੰਘ, ਭੂਪ ਸਿੰਘ, ਕਰਤਾਰ ਸਿੰਘ, ਪ੍ਰਤਾਪ ਸਿੰਘ, ਹਰਦਿੱਤ ਸਿੰਘ, ਬੂਟਾ ਸਿੰਘ, ਮੀਂਹਾ ਸਿੰਘ। ਇਹ ਸਭ ਜਲੰਧਰ ਛਾਉਣੀ ਤੋਂ ਆਏ ਸਨ। 

ਪੱਤੀ ਸੱਤ ਢੇਰੀ ਫ਼ਤਹਿ ਸਿੰਘ ਨੰਬਰਦਾਰ: ਡ ਫ਼ਤਹਿ ਸਿੰਘ ਡਾਕਟਰ ਜੰਗ ਬਹਾਦਰ ਦਾ ਬਾਬਾ ਖੁਦ ਆਪ ਜਲੰਧਰ ਛਾਉਣੀ ਤੋਂ ਉਠਕੇ ਆਇਆ ਸੀ। ਨੰਦ ਸਿੰਘ, ਹਰਨਾਮ ਸਿੰਘ, ਭਗਵਾਨ ਸਿੰਘ, ਫ਼ਤਹਿ ਸਿੰਘ। ਪੱਤੀ ਭਾਰੇ ਕੀ ਅੰਦਰ ਇੰਦਰ ਸਿੰਘ, ਹੀਰਾ ਸਿੰਘ, ਵਰਿਆਮ ਸਿੰਘ (ਸ਼ਹੀਦ ਭਗਤ ਸਿੰਘ ਜੀ ਦਾ ਨਾਨਾ), ਦੇਵਾ ਸਿੰਘ, ਬਸੰਤ ਸਿੰਘ, ਨਿੱਕਾ ਸਿੰਘ, ਰਲਾ ਸਿੰਘ, ਕਾਨ੍ਹ ਸਿੰਘ, ਅਰਜਨ ਸਿੰਘ, ਜੈਮਲ ਸਿੰਘ, ਖੁਸ਼ਾਲ ਸਿੰਘ, ਹਜ਼ਾਰਾ ਸਿੰਘ। ਉਪਰੋਕਤ ਸਾਰੇ ਬਜ਼ੁਰਗ ਰਾਏ ਗੋਤੀ ਜਲੰਧਰ ਛਾਉਣੀ ਤੋਂ ਉਠਕੇ ਆਏ ਸਨ। 

  1. ਪੱਤੀ ਹੇਹਰਾਂ ਅੰਦਰ ਨੰਬਰਦਾਰ ਖਜ਼ਾਨ ਸਿੰਘ: ਨੰਬਰਦਾਰ ਖਜ਼ਾਨ ਸਿੰਘ, ਗੁਲਾਬ ਸਿੰਘ, ਖੇਮ ਸਿੰਘ, ਜੈਮਲ ਸਿੰਘ, ਫ਼ਤਹਿ ਸਿੰਘ, ਰਣ ਸਿੰਘ, ਸੌਣ ਸਿੰਘ, ਰਾਣਾ ਸੁਰਜਨ ਸਿੰਘ, ਸੇਵਾ ਸਿੰਘ ਭਾਈਕਿਆਂ ਦਾ, ਲਾਭ ਸਿੰਘ ਮਿੱਠਿਆਂ ਦਾ, ਸ਼ੇਰ ਸਿੰਘ, ਢੇਰਾ ਸਿੰਘ, ਜਥੇਦਾਰ ਵੀਰ ਸਿੰਘ ਦਾ ਪਿਤਾ ਬੂਟਾਂ ਸਿੰਘ, ਕਿਸ਼ਨ ਸਿੰਘ, ਸੰਤੋਖ ਸਿੰਘ ਮਹਾਜਨਾ ਦਾ, ਹੀਰਾ ਸਿੰਘ, ਲਾਲ ਸਿੰਘ, ਫ਼ਤਹਿ ਸਿੰਘ, ਗਿਆਨ ਸਿੰਘ, ਮੀਹਾ ਸਿੰਘ, ਬੂਟਾ ਸਿੰਘ ਹੋਹਰ। ਇਹ ਸਭ ਹੇਹਰ ਪਰਿਵਾਰ ਦੇ ਘਰ ਹਨ ਜੋ 1860 ਈ. ਦੇ ਆਸ ਪਾਸ ਦੇ ਸਮੇਂ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਰਾਏ ਗੋਤ ਦੇ ਨਾਲ ਵਸੇ ਸਨ। 

ਹਰੀਜਨਾਂ ਦੇ ਘਰ: ਹਰੀਜਨਾਂ ਦੇ ਘਰ ਵੀ ਜਲੰਧਰ ਛਾਉਣੀ ਤੋਂ ਨਾਲ ਹੀ ਆਏ ਸਨ। ਉਹ ਟੱਬਰ ਸਨ ਹੁਕਮੀ ਦਾ ਟੱਬਰ, ਦੁੱਲਚੀ, ਝੱਗੂ, ਆਕੋ, ਰੱਲਾ, ਢੇਰੂ, ਵਰਿਆਮਾ, ਚਿੰਤਾ, ਠੁੱਮੀ, ਛੱਜੂ, ਨੰਦੂ, ਉਤਮ ਆਦਿ ਬਜ਼ੁਰਗਾਂ ਦਾ ਪਤਾ ਲੱਗ ਸਕਿਆ ਹੈ। ਹੁਣ ਉਨ੍ਹਾਂ ਦੀ ਪੀੜ੍ਹੀ-ਦਰ-ਪੀੜ੍ਹੀ ਔਲਾਦ ਚਲੀ ਆ ਰਹੀ ਹੈ। ਹੁਣ ਤਾਂ ਕਈ ਬਾਹਰੋਂ ਹੋਰ ਪਰਿਵਾਰ ਵੀ ਰੋਜ਼ੀ ਦੀ ਖ਼ਾਤਰ ਪਿੰਡ ਮੋਰਾਂਵਾਲੀ ਵਿਚ ਸੈਟਲ ਹੋ ਚੁੱਕੇ ਹਨ। ਮੋਰਾਂਵਾਲੀ ਦੇ ਪੁਰਾਣੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਹਰੀਜਨ ਬਜ਼ੁਰਗਾਂ ਨੇ ਕਾਫ਼ੀ ਜੱਟ ਜ਼ਿੰਮੀਂਦਾਰਾਂ ਦੀ ਉਸ ਸਮੇਂ ਮਦਦ ਕੀਤੀ ਸੀ ਜਦੋਂ ਉਹ ਜਲੰਧਰ ਛਾਉਣੀ ਤੋਂ ਉਠਕੇ ਇਥੇ ਨਵੇਂ ਥਾਂ ਵਸੇ ਸਨ। ਕੋਈ ਵੀ ਪਿੰਡ ਜਾਂ ਮੁੱਲਖ ਜੇ ਤਰੱਕੀ ਕਰਦਾ ਹੈ ਤਾਂ ਉਹ ਇਕੱਠੇ ਇਕਮਿਕ ਹੋਕੇ ਚੱਲਣ ਨਾਲ ਹੀ ਕਰਦਾ ਹੈ। 

ਬਾਲਮੀਕਾਂ ਦੇ ਘਰ: ਜਲੰਧਰ ਛਾਉਣੀ ਤੋਂ ਬਾਲਮੀਕ ਬਜ਼ੁਰਗ ਉਠਕੇ ਜੋ ਆਏ ਸਨ ਉਮਰਾ, ਪੀਪਾ, ਦਿੱਤੋ ਰਾਮ, ਲੱਭੂ ਰਾਮ, ਗਾਉਂਟੀ ਰਾਮ, ਨੱਛੂ ਰਾਮ, ਬਾਨੀ ਰਾਮ, ਮੱਝ, ਬੰਤਾ, ਰੁਲੀਆ, ਮੁਨਛੀ, ਦੀਨਾ, ਬੀਰੂ, ਮਿੱਲਖੀ, ਨਿੱਕਾ, ਅੱਲਾ ਦਿੱਤਾ, ਸਾਂਦੀ ਰਾਮ, ਬੁੱਧੂ ਆਦਿ ਇਹੋ ਬਾਲਮੀਕ ਪਰਿਵਾਰਾਂ ਦੇ ਆਗੂ ਸਨ ਤੇ ਇਨ੍ਹਾਂ ਨੇ ਵੀ ਉਸ ਸਮੇਂ ਕਾਫ਼ੀ ਜੱਟ ਜ਼ਿੰਮੀਂਦਾਰਾਂ ਦੇ ਨਾਲ ਹੋਕੇ ਕਾਫ਼ੀ ਸਹਾਇਤਾ ਕੀਤੀ। ਇਨ੍ਹਾਂ ਦੀ ਸੰਤਾਨ ਹੁਣ ਪੀੜ੍ਹੀ-ਦਰ-ਪੀੜ੍ਹੀ ਪਿੰਡ ਮੋਰਾਂਵਾਲੀ ਅੰਦਰ ਚੱਲਦੀ ਆ ਰਹੀ ਹੈ। 

ਮਿਸਤਰੀ: ਮਿਸਤਰੀ ਬਜ਼ੁਰਗ ਜਲੰਧਰ ਛਾਉਣੀ ਤੋਂ ਉਠਕੇ ਨਵੇਂ ਥਾਂ ਮੋਰਾਂਵਾਲੀ ਜਿਨ੍ਹਾ ਹੁਸ਼ਿਆਰਪੁਰ ਵਿਚ ਜੋ ਵਸੇ ਸਨ ਉਨ੍ਹਾਂ ਦੇ ਨਾਂ ਇਹ ਸਨ: ਨੰਦ ਸਿੰਘ ਬਲਦ ਦੇਵਾ ਸਿੰਘ ਬਲਦ ਕ੍ਰਿਸ਼ਨ ਸਿੰਘ ਬਲਦ ਗੁਰਮੁਖ ਸਿੰਘ। ਮਿਸਤਰੀ ਲਾਭ ਸਿੰਘ, ਇੰਦਰ ਸਿੰਘ, ਢੇਰਾ ਸਿੰਘ, ਕ੍ਰਿਪਾ ਸਿੰਘ, ਸਾਧੂ ਸਿੰਘ, ਗੋਦਾ ਸਿੰਘ, ਹਰਨਾਮ ਸਿੰਘ ਅਤੇ ਨੱਥਾ ਸਿੰਘ। ਇਨ੍ਹਾਂ ਦਾ ਗੋਤ ‘ਵਿਰਦੀ ਹੈ। ਜਦੋਂ ਮੋਰਾਂਵਾਲੀ ਨਵੇਂ ਥਾਂ ਤੇ ਆਕੇ ਬੈਠੀ ਸੀ ਤਾਂ ਉਪਰੋਕਤ ਬਜ਼ੁਰਗਾਂ ਨੇ ਨਵੇਂ ਖੂਹ ਆਪ ਲਾਏ ਤੇ ਆਪਣੀ ਕੁਰਬਾਨੀ ਦਾ ਸਬੂਤ ਦਿੱਤਾ। ਹੁਣ ਉਨ੍ਹਾਂ ਬਜ਼ੁਰਗਾਂ ਦੀ ਔਲਾਦ ਪੀੜ੍ਹੀ-ਦਰ-ਪੀੜ੍ਹੀ ਚਲਦੀ ਆ ਰਹੀ ਹੈ। 

ਘੁਮਾਰ: ਘੁਮਾਰ ਜੋ 1860 ਈ. ਦੇ ਆਸ ਪਾਸ ਜਲੰਧਰ ਛਾਉਣੀ ਤੋਂ ਉਠਕੇ ਆਏ ਸਨ। ਉਨ੍ਹਾਂ ਦੇ ਨਾਂ ਸਨ ਖੇਮਾ ਪੁੱਤਰ ਅਗਾਂਹ ਸੁੰਦਰ ਸਿੰਘ, ਡੋਗਰ ਸਿੰਘ ਇਨ੍ਹਾਂ ਦਾ ਗੋਤ “ਮੱਲੀ” ਹੈ। ਇਸ ਪਰਿਵਾਰ ਅੰਦਰ ਸੁੰਦਰ ਸਿੰਘ ਦਾ ਸਪੁੱਤਰ ਚੰਨਾਂ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਜਾਣਿਆ ਪਛਾਣਿਆ ਬੰਦਾ ਹੈ। ਖੁਸ਼ਾਲ ਸਿੰਘ, ਕਾਲਾ ਸਿੰਘ, ਖੇਮਾ, ਸੰਤ ਸਿੰਘ, ਮਨੀ ਸਿੰਘ, ਪੂਰਨ ਸਿੰਘ, ਲੱਖਾ ਇਹੋ ਸਭ ਘੁਮਾਰ ਬਿਰਾਦਰੀ ਦੇ ਬਜ਼ੁਰਗ ਸਨ ਜੋ ਜਲੰਧਰ ਛਾਉਣੀ ਤੋਂ ਆਏ ਸਨ। ਅਗਾਂਹ ਇਨ੍ਹਾਂ ਦੀ ਔਲਾਦ ਪੀੜ੍ਹੀ-ਦਰ-ਪੀੜ੍ਹੀ ਚਲਦੀ ਆ ਰਹੀ है। 

ਨਾਈ ਪਰਿਵਾਰ: ਨਾਈ ਪਰਿਵਾਰ ਜਲੰਧਰ ਛਾਉਣੀ ਤੋਂ ਜੋ ਉਠਕੇ ਆਏ ਸਨ ਉਨ੍ਹਾਂ ਦੇ ਨਾਂ ਇਸ ਤਰ੍ਹਾਂ ਸਨ। ਭਾਨਾ ਲਾਬੇਕਿਆਂ ਦਾ ਜਿਸ ਦੀ ਔਲਾਦ ਅਗਾਂਹ ਜੋਗਿੰਦਰ ਸਿੰਘ, ਸੀਤਲ ਸਿੰਘ, ਭਿੰਦੀ ਤੇ ਤਰਲੋਚਨ ਸਿੰਘ ਹੋਈ। ਇਨ੍ਹਾਂ ਦੀ ਔਲਾਦ ਪੀੜ੍ਹੀ-ਦਰ-ਪੀੜ੍ਹੀ ਚਲਦੀ ਆ ਰਹੀ ਹੈ। ਇਸ ਪਰਿਵਾਰ ਵਿਚੋਂ ਜੋਗਿੰਦਰ ਸਿੰਘ ਬਹੁਤ ਹੀ ਹਸਮੁੱਖ ਬੰਦਾ ਸੀ। ਪਿੰਡ ਦਾ ਹਰ ਇਕ ਬੰਦਾ ਉਸ ਨਾਲ ਪਿਆਰ ਕਰਦਾ ਸੀ। ਉਸਦਾ ਸਤਿਕਾਰ ਕਰਦਾ ਸੀ। ਦਾਸ ਲੇਖਕ ਦੇ ਮਾਤਾ ਪਿਤਾ ਦੀ ਉਸਨੇ ਕੋਈ 20 ਸਾਲਾ ਸੇਵਾ ਕੀਤੀ। ਜਦੋਂ ਦਾਸ ਦੇ ਮਾਤਾ ਪਿਤਾ ਦਾ ਦੇਹਾਂਤ ਹੋਣ ਲੱਗਾ ਤਾਂ ਜੋਗਿੰਦਰ ਸਿੰਘ ਉਨ੍ਹਾਂ ਨੂੰ ਕਹਿਣ ਲੱਗਾ ਤੁਸੀਂ ਮੇਰੇ ਧਰਮ ਦੇ ਮਾਤਾ ਪਿਤਾ ਹੈ। ਇਕੱਠੇ ਆਪਾਂ ਰਹੇ ਹਾਂ, ਤੁਹਾਡੇ ਪਰਲੋਕ ਸੁਧਾਰਨ ਤੋਂ ਬਾਦ ਮੈਂ ਵੀ ਤੁਹਾਡੇ ਪਿੱਛੇ ਆ ਜਾਣਾ ਹੈ। ਕਰਨੀ ਕਰਤਾਰ ਦੀ ਕੀ ਹੋਇਆ, ਦਾਸ ਲੇਖਕ ਦਾ ਪਿਤਾ 1992 ਈ. ਨੂੰ ਅਕਾਲ ਚਲਾਣਾ ਕਰ ਗਿਆ। ਮਾਤਾ 1993 ਈ. ਨੂੰ ਅਕਾਲ ਚਲਾਣਾ ਕਰ ਗਈ ਤੇ ਜੋਗਿੰਦਰ ਸਿੰਘ 1994 ਨੂੰ ਅਕਾਲ ਚਲਾਣਾ ਕਰ ਗਿਆ। ਇਸ ਤਰ੍ਹਾਂ ਇਸ ਮਹਾਨ ਹਸਮੁੱਖ ਆਤਮਾ ਦਾ ਫੁਰਨਾ ਪੂਰਾ ਹੋ ਗਿਆ। ਨਾਈ ਪਰਿਵਾਰ ਦੇ ਕੁਝ ਹੋਰ ਬਜ਼ੁਰਗ ਇਹ ਸਨ:- ਲਕਛਰੀ ਹੇਹਰ ਪੱਤੀ ਮੋਰਾਂਵਾਲੀ ਅੰਦਰ ਆਕੇ ਵੱਸਿਆ। ਅਗਾਂਹ ਉਨ੍ਹਾਂ ਦੀ ਔਲਾਦ ਚਲਦੀ ਆ ਰਹੀ ਹੈ। 

ਝੀਰ: ਜਲੰਧਰ ਛਾਉਣੀ ਤੋਂ ਜੋ ਬਜ਼ੁਰਗ ਆਏ ਸਨ ਉਹ ਸਨ ਵੀਰ ਸਿੰਘ, ਚੰਦਾ ਸਿੰਘ ਚੌਕੀਦਾਰ, ਬੇਲਾ ਸਿੰਘ, ਮਾਖਾ ਸਿੰਘ ਵੱਡਾ ਦਰਵਾਜ਼ਾ ਪੱਤੀ, ਭਗਵਾਨਾ ਝੀਰ, ਰੌਸ਼ਾ, ਤਾਰਾ ਸਿੰਘ, ਗੁਰਬਚਨ ਸਿੰਘ ਬਲਦ ਵੀਰ ਸਿੰਘ ਅੰਤ ਹੇਹਰ ਪੱਤੀ ਪਿੰਡ ਮੋਰਾਂਵਾਲੀ ਅੰਦਰ ਰਾਮ ਚੰਦ ਦਾ ਪਰਿਵਾਰ ਆਕੇ ਵੱਸਿਆ ਸੀ। ਅਗਾਂਹ ਪੀੜ੍ਹੀ-ਦਰ-ਪੀੜ੍ਹੀ ਉਨ੍ਹਾਂ ਦੀ ਔਲਾਦ ਚਲਦੀ ਆ ਰਹੀ ਹੈ। ਬ੍ਰਾਹਮਣਾਂ ਦੇ ਦੋ ਕੁ ਘਰ ਹਨ ਮੋਰਾਂਵਾਲੀ ਪਿੰਡ ਵਿਚ ਅੰਮ੍ਰਿਤਸਰੀਆਂ ਤੇ ਨੌਰੀਆਂ। ਅਗਾਂਹ ਉਨ੍ਹਾਂ ਦੀ ਔਲਾਦ ਚਲਦੀ ਆ ਰਹੀ ਹੈ। 

ਮੋਚੀ: ਮੋਢੀਆਂ ਦਾ ਟੱਬਰ ਜੋ ਜਲੰਧਰ ਛਾਉਣੀ ਤੋਂ ਉਠਕੇ ਇਥੇ ਨਵੇਂ ਥਾਂ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੱਸਿਆ ਸੀ ਉਹ ਸੀ ਹੁਕਮੀ ਲੱਭੂ ਦਾ ਟੱਬਰ, ਦੁਲਚੀ ਦਾ ਟੱਬਰ। ਇਹ ਹਰੀਜਨ ਪਰਿਵਾਰ ਹੈ। ਇਨ੍ਹਾਂ ਦਾ ਟੱਬਰ ਅਗਾਂਹ ਹੁਣ ਪੀੜ੍ਹੀ-ਦਰ-ਪੀੜ੍ਹੀ ਚਲਦਾ ਆ ਰਿਹਾ ਹੈ। 

ਛੀਂਬੇ: ਛੀਂਬਿਆਂ ਦੇ ਵੀ ਕੁਝ ਘਰ ਜਲੰਧਰ ਛਾਉਣੀ ਤੋਂ ਆਏ ਸਨ। ਅਗਾਂਹ ਉਨ੍ਹਾਂ ਦੀ ਔਲਾਦ ਕਰੀਬ ਕਰੀਬ ਹੁਣ ਸਭ ਬਾਹਰਲੇ ਸ਼ਹਿਰਾਂ ਅੰਦਰ ਸੈਟਲ ਹੋ ਚੁੱਕੀ ਹੈ। ਪਰ ਜੋ ਬਜ਼ੁਰਗ ਜਲੰਧਰ ਛਾਉਣੀ ਤੋਂ ਆਏ ਸਨ ਉਹ ਸਨ- ਮੁਨਛਾ ਸਿੰਘ, ਨਾਨਕ ਸਿੰਘ, ਬੂਟਾ ਸਿੰਘ ਤੇ ਹੁਕਮਾ ਜੋ ਦੇਸੀ ਹਕੀਮ ਵੀ ਸੀ। ਇਹੋ ਛੀਂਬਿਆਂ ਦੇ ਬਜ਼ੁਰਗ ਸਨ। 

ਚੌਕੀਦਾਰ: ਜੋ ਜਲੰਧਰ ਛਾਉਣੀ ਤੋਂ ਆਏ ਸਨ ਉਹ ਸਨ ਚੰਦਾ ਸਿੰਘ ਮੀਰੂ ਮਰਾਸੀ, ਮੁਨਸ਼ਾ ਸਿੰਘ, ਨਾਨਕ ਦਾਸ, ਲੇਹਣੋਂ, ਵੀਰ ਸਿੰਘ, ਗੰਗਾ ਸਿੰਘ, ਦਲੀਪ ਸਿੰਘ, ਗੁਰਬਚਨ ਸਿੰਘ, ਲੱਖਾ ਸਿੰਘ, ਬੇਲਾ ਸਿੰਘ। ਇਨ੍ਹਾਂ ਬਜ਼ੁਰਗਾਂ ਦੀ ਹੁਣ ਪੀੜ੍ਹੀ-ਦਰ-ਪੀੜ੍ਹੀ ਔਲਾਦ ਚਲਦੀ ਆ ਰਹੀ ਹੈ। ਪਿੰਡ ਮੋਰਾਂਵਾਲੀ ਦੇ ਬਜ਼ੁਰਗਾਂ ਦੇ ਨਾਂ ਦੀ ਜਾਣਕਾਰੀ ਸ. ਜਗਤ ਸਿੰਘ ਰਾਏ ਕਿਰਤੀ ਪੱਤੀ ਛੋਟਾ ਦਰਾਵਾਜ਼ਾ ਪਿੰਡ ਮੋਰਾਂਵਾਲੀ ਦੇ ਬਜ਼ੁਰਗ ਨੇ ਦਿੱਤੀ ਹੈ ਜੋ ਇਸ ਕਿਤਾਬ ਅੰਦਰ ਦਰਜ਼ ਕੀਤੀ ਗਈ ਹੈ। 

ਪਿੰਡ ਮੋਰਾਂਵਾਲੀ ਦੇ ਚਾਰ ਗੁਰਦੁਆਰੇ ਕਿਵੇਂ ਹੋਂਦ ਵਿਚ ਆਏ? 

ਪਹਿਲਾ ਗੁਰਦੁਆਰਾ ਨਿੰਮ ਵਾਲਾ ਵੱਡੇ ਦਰਵਾਜ਼ੇ ਨੰਬਰਦਾਰ ਭੂਪ ਸਿੰਘ ਦੀ ਪੱਤੀ ਅੰਦਰ ਬਣਿਆ। ਉਸ ਸਮੇਂ ਨੰਬਰਦਾਰ ਭੂਪ ਸਿੰਘ ਦਾ ਪਰਿਵਾਰ ਅਤੇ ਵਕੀਲਾਂ ਦੇ ਪਰਿਵਾਰ ਦੇ ਇੰਦਰ ਸਿੰਘ, ਵੀਰ ਸਿੰਘ, ਭਾਈ ਜਵਾਲਾ ਸਿੰਘ, ਛੱਜਾ ਸਿੰਘ ਤੇ ਹੋਰ ਪਤਵੰਤੇ ਸਿੱਖਾਂ ਨੇ ਨਿੰਮ ਵਾਲਾ ਗੁਰਦੁਆਰਾ ਬਨਾਉਣਾ ਸ਼ੁਰੂ ਕੀਤਾ। ਜਦ ਗੁਰਦੁਆਰਾ ਬਣਾਉਣਾਂ ਸ਼ੁਰੂ ਹੀ ਕੀਤਾ ਸੀ ਕਿ ਅੰਗਰੇਜ਼ ਸਰਕਾਰ ਨੇ ਅੜਿੱਕਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਤੁਸੀਂ ਇੱਥੇ ਸਾਡੇ ਵਿਰੁੱਧ ਪ੍ਰਾਪੇਗੰਡਾ ਕਰਨਾ ਹੈ ਕਿਉਂਕਿ ਅਸੀਂ ਤੁਹਾਨੂੰ ਜਲੰਧਰ ਛਾਉਣੀ ਤੋਂ ਉਠਾ ਦਿੱਤਾ ਹੈ ਤੇ ਤੁਹਾਡਾ ਪਿੰਡ ਵੀ ਸਿੱਖਾਂ ਦਾ ਹੈ, ਤੁਸੀਂ ਸਾਡੇ ਵਿਰੁੱਧ ਬਗਾਵਤ ਕਰਨੀ ਹੈ। ਮੋਰਾਂਵਾਲੀ ਦੇ ਸਿੱਖ ਕਹਿਣ ਲੱਗੇ ਤੁਸੀਂ ਸਾਨੂੰ ਉਜਾੜ ਤਾਂ ਦਿੱਤਾ ਹੀ ਹੈ, ਹੁਣ ਤੁਸੀਂ ਸਾਨੂੰ ਗੁਰੂ ਨਾਲ ਵੀ ਨਹੀਂ ਜੁੜਨ ਦੇਂਦੇ । ਗੁਰਬਾਣੀ ਬਿਨਾਂ ਅਸੀਂ ਕਿਸ ਤਰ੍ਹਾਂ ਰਹਿ ਸਕਦੇ ਹਾਂ, ਬੜੀ ਜੱਦੋ ਜਹਿਦ ਨਾਲ ਗੁਰਦੁਆਰਾ ਨਿੰਮ ਵਾਲਾ ਮੋਰਾਂਵਾਲੀ, ਵੱਡੇ ਦਰਵਾਜ਼ੇ ਪੱਤੀ ਅੰਦਰ ਬਣਿਆ। (ਯਾਦ ਰਹੇ ਇਸ ਗੁਰਦੁਆਰੇ ਵਿਚ ਸਿੱਖ ਪੰਥ ਦੇ ਮਹਾਨ ਉਸੇ ਸਮੇਂ ਦੇ ਜੋਧੇ ਕਰਤਾਰ ਸਿੰਘ ਜੀ ਝੱਬਰ ਤੇ ਬਾਬਾ ਖੜਕ ਸਿੰਘ ਆਇਆ ਕਰਦੇ ਸਨ, ਤੇ ਖੁਲ੍ਹੀਆਂ ਅੰਗਰੇਜ਼ ਸਰਕਾਰ ਦੇ ਵਿਰੁੱਧ ਤੇ ਗੁਰਦੁਆਰਿਆਂ ਤੇ ਕਾਬਜ਼ ਮਹੰਤਾਂ ਦੇ ਖਿਲਾਫ਼ ਸਪੀਚਾਂ ਕਰਦੇ ਸਨ)। ਇਸ ਗੁਰਦੁਆਰੇ ਤੋਂ ਹਰ ਸਾਲ ਗੁਰੂ ਨਾਨਕ ਦੇਵ ਜੀ ਜਨਮ ਦਿਹਾੜੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਫੁੱਲਾਂ ਭਰੀ ਪਾਲਕੀ ਸਣੇ ਨਗਰ ਕੀਰਤਨ ਕੱਢਿਆ ਜਾਂਦਾ ਹੈ ਤੇ ਆਤਸ਼ਬਾਜ਼ੀ ਵੀ ਚੱਲਦੀ ਹੈ। ਇਹ ਜਦ ਪਹਿਲਾ ਗੁਰਦੁਆਰਾ ਪਿੰਡ ਮੋਰਾਵਾਲੀ ਵਿਚ ਬਣਿਆ ਤਾਂ ਅੰਗਰੇਜ਼ ਸਰਕਾਰ ਨੇ ਪੁਲੀਸ ਚੌਕੀ ਬਿਠਾ ਦਿੱਤੀ। ਉਹ ਸਮਾਂ ਇਸ ਤਰ੍ਹਾਂ ਦਾ ਸੀ ਕਿ ਕੋਈ ਵੀ ਪਿੰਡ ਮੋਰਾਂਵਾਲੀ ਦਾ ਬੰਦਾ ਜੇ ਅੰਗਰੇਜ਼ ਸਰਕਾਰ ਤੋਂ ਨੌਕਰੀ ਮੰਗਦਾ ਤਾਂ ਪਿੰਡ ਅਕਾਲੀਆਂ ਦਾ ਹੋਣ ਕਰਕੇ ਨੌਕਰੀ ਤੋਂ ਜਵਾਬ ਹੋ ਜਾਂਦਾ। ਅੰਗਰੇਜ਼ ਜਾਣਦਾ ਸੀ ਕਿ ਆਰਥਿਕ ਤੌਰ ਤੇ ਵੀ ਇਸ ਅਕਾਲੀਆਂ ਦੇ ਪਿੰਡ ਨੂੰ ਕਮਜ਼ੋਰ ਕੀਤਾ ਜਾਏ ਤਾਂ ਜੋ ਸਾਡੇ ਵਿਰੁੱਧ ਆਉਣ ਵਾਲੇ ਸਮੇਂ ਅੰਦਰ ਬਗਾਵਤ ਨਾ ਕਰ ਸਕੇ। 

ਪਿੰਡ ਮੋਰਾਵਾਲੀ ਵੱਡਾ ਹੋਣ ਕਰਕੇ ਦੂਜੇ ਪਾਸੇ ਦੀ ਪੱਤੀ ਨੂੰ ਵੱਡੇ ਦਰਵਾਜ਼ੇ ਦੀ ਪੱਤੀ ਅੰਦਰ ਆਉਣਾ ਔਖਾ ਸੀ। ਸੱਤ ਢੇਰੀ ਦੇ ਨੰਬਰਦਾਰ ਫ਼ਤਹਿ ਸਿੰਘ ਹੁਣੀਂ ਜਿਸ ਦਾ ਪੁੱਤਰ ਚੈਚਲ ਸਿੰਘ ਸੀ ਤੇ ਜਿਸ ਦਾ ਹੁਣ ਪੋਤਾ ਡਾਕਟਰ ਜੰਗ ਬਹਾਦਰ ਹੈ ਉਨ੍ਹਾਂ ਸਲਾਹ ਕੀਤੀ ਕਿ ਮੀਂਹ ਪੈਂਦੇ ਸਮੇਂ ਬੱਚਿਆਂ, ਬਜ਼ੁਰਗਾਂ, ਬੀਬੀਆਂ ਨੂੰ ਵੱਡੇ ਦਰਵਾਜ਼ੇ ਨਿੰਮ ਵਾਲੇ ਗੁਰਦੁਆਰੇ ਮੱਥਾ ਟੇਕਣ ਆਉਣਾ ਮੁਸ਼ਕਲ ਹੋ ਜਾਂਦਾ ਹੈ ਕਿਉਂ ਨਾ ਆਪਣੇ ਪਾਸੇ ਸੱਤ ਢੇਰੀ ਅੰਦਰ ਗੁਰਦੁਆਰਾ ਬਣਾ ਲਈਏ। ਪਿੰਡ ਦੇ ਸਿਆਣਿਆਂ ਨੇ ਕਿਹਾ ਕਿ ਠੀਕ ਹੈ, ਬਣਾ ਲਉ। ਜਦ ਦੂਜਾ ਗੁਰਦੁਆਰਾ ਬਣਾਉਣ ਸ਼ੁਰੂ ਕੀਤਾ ਤਾਂ ਅੰਗਰੇਜ਼ ਸਰਕਾਰ ਨੇ ਫਿਰ ਅੜਿੱਕਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਇਕ ਤਾਂ ਠੀਕ ਹੈ ਹੁਣ ਤੁਸੀਂ ਦੂਜਾ ਗੁਰਦੁਆਰਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਕਿਹਾ ਕਿ ਦੂਜੇ ਪਾਸੇ ਤੋਂ ਇਧਰ ਸਿਆਣਿਆਂ, ਬੱਚਿਆਂ, ਬਜ਼ੁਰਗਾਂ ਨੂੰ ਆਉਣਾ ਔਖਾ ਹੈ ਤਾਂ ਬਣਾ ਰਹੇ ਹਾਂ ਤੁਹਾਨੂੰ ਤਾਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ। ਅਖ਼ੀਰ ਗੋਰਾ ਸਰਕਾਰ ਦੀ ਕੋਈ ਪੇਸ਼ ਨਾ ਗਈ। ਉਨ੍ਹਾਂ ਗੁਰਦੁਆਰਿਆਂ ਲਈ ਅੜਿੱਕਾ ਪਾਉਣਾ ਛੱਡ ਦਿੱਤਾ। ਦੂਜਾ ਗੁਰਦੁਆਰਾ ਪੱਤੀ ਸੱਤ ਢੇਰੀ ਸ਼ਹੀਦ ਭਗਤ ਸਿੰਘ ਜੀ ਦੇ ਨਾਨਕੇ ਘਰ ਵਾਲੇ ਪਾਸੇ ਬਣ ਗਿਆ। ਜਿਥੋਂ ਹਰ ਸਾਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਪਰ ਨਗਰ ਕੀਤਰਨ ਕੱਢਿਆ ਜਾਂਦਾ ਹੈ। ਥਾਂ ਥਾਂ ਤੇ ਗਰਮੀ ਦੀ ਰੁੱਤ ਕਰਕੇ ਠੰਡੇ ਸ਼ਰਬਤ ਦੀਆਂ ਛਬੀਲਾਂ ਲੱਗਦੀਆਂ ਹਨ। 

ਫਿਰ ਪੱਤੀ ਛੋਟਾ ਦਰਵਾਜ਼ਾ ਨੰਬਰਦਾਰ ਛਨਾਖ ਸਿੰਘ ਦੇ ਪਾਸੇ ਗੁਰਦੁਆਰਾ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਗੁਰਦੁਆਰੇ ਨੂੰ ਜਾਮਣ ਵਾਲਾ ਗੁਰਦੁਆਰਾ ਕਹਿੰਦੇ ਹਨ ਕਿਉਂਕਿ ਬਹੁਤ ਸਮੇਂ ਤੋਂ ਉਥੇ ਜਾਮਣ ਲੱਗੀ ਹੋਈ ਹੈ। ਅੰਗਰੇਜ਼ ਸਰਕਾਰ ਔਖੀ ਤਾਂ ਬਹੁਤ ਸੀ ਪਰ ਉਨ੍ਹਾਂ ਦੀ ਫਿਰ ਪੇਸ਼ ਨਾ ਗਈ। ਗੁਰਦੁਆਰਾ ਉਥੇ ਵੀ ਬਣ ਗਿਆ। ਹਰ ਸਾਲ ਇਸ ਗੁਰਦੁਆਰੇ ਤੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਨਗਰ ਕੀਰਤਨ ਨਿਕਲਦਾ ਹੈ। ਇਹ ਗੁਰਦੁਆਰਾ ਹੁਣ ਸ. ਜਸਮੇਰ ਸਿੰਘ ਜੀ ਰਾਏ ਨੇ ਆਪਣੀ ਮਾਤਾ ਤੇਜ ਕੌਰ ਤੇ ਦਾਦੀ ਬਸੰਤ ਕੌਰ ਦੀ ਯਾਦ ਵਿਚ ਬਣਵਾਇਆ ਹੈ। ਫਿਰ ਹੇਹਰ ਪੱਤੀ ਪਿੰਡ ਮੋਰਾਂਵਾਲੀ ਅੰਦਰ ਨੰਬਰਦਾਰ ਖਜ਼ਾਨ ਸਿੰਘ ਹੁਣਾਂ ਦੇ ਪਾਸੇ ਬਾਬਾ ਅਜੀਤ ਸਿੰਘ ਜੀ ਦਾ ਗੁਰਦੁਆਰਾ ਬਣਿਆ। ਜਿਥੋਂ ਹਰ ਸਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰ ਪੁਰਬ ਤੇ ਨਗਰ ਕੀਰਤਨ ਨਿਕਲਦਾ ਹੈ। (ਜੋਸ਼ੀਲੇ ਢਾਡੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਤੇ ਖੂਬ ਰੌਸ਼ਨੀ ਪਾਉਂਦੇ ਹਨ। ਖ਼ਾਸ ਕਰਕੇ ਪਿੰਡ ਮੋਰਾਂਵਾਲੀ ਗਿਆਨੀ ਤਰਸੇਮ ਸਿੰਘ ਜੀ ਦੇ ਢਾਡੀ ਜਥੇ ਨੂੰ ਤਾਂ ਹੁਣ ਦੁਨੀਆਂ ਭਰ ਦੀ ਸੰਗਤ ਜਾਣਦੀ ਹੈ। ਮਹਾਰਾਜ ਦੀ ਬਖਸ਼ਸ਼ ਨਾਲ ਭਾਈ ਤਰਸੇਮ ਸਿੰਘ ਜੀ ਨੇ ਕਾਫੀ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਗਿਆਨੀ ਗਿਆਨ ਸਿੰਘ ਸੁਰਜੀਤ ਸੰਚਾਲਕ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਦੇ ਸੰਚਾਲਕ ਸਨ ਜੋ ਫਗਵਾੜੇ ਲਾਗੇ ਸ਼ਸ਼ੋਭਿਤ ਹੈ ਉਨ੍ਹਾਂ ਨੇ ਪਿੰਡ ਮੋਰਾਂਵਾਲੀ ਦਾ ਨਾਂ ਰੌਸ਼ਨ ਕੀਤਾ ਹੈ। ਢੱਡ ਸਾਨਗੀ ਨਾਲ ਗਾਉਂਦੇ ਸਨ) । ਫਿਰ ਬਾਦ ਵਿਚ ਬਾਬਾ ਭਗਤੂ ਜੀ ਦਾ ਗੁਰਦੁਆਰਾ ਪਹਿਲਾਂ ਛੋਟਾ ਬਣਿਆ, ਹੁਣ ਤਾਂ ਵਾਹਿਗੁਰੂ ਦੀ ਮੇਹਰ ਸਦਕਾ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਵਾਲਿਆਂ ਨੇ ਬਹੁਤ ਸੁੰਦਰ ਗੁਰਦੁਆਰਾ ਬਾਬਾ ਭਗਤੂ ਜੀ ਦਾ ਬਣਾਇਆ ਹੈ ਜਿਥੋਂ ਗੁਰਮਤਿ ਦਾ ਪ੍ਰਚਾਰ ਹੋ ਰਿਹਾ ਹੈ। ਬਾਬਾ ਭਗਤੂ ਜੀ ਦੇ ਗੁਰਦੁਆਰੇ ਉਪਰੰਤ ਰਵਿਦਾਸ ਗੁਰਦੁਆਰਾ, ਬਾਲਮੀਕ ਗੁਰਦੁਆਰਾ ਹੋਂਦ ਵਿਚ ਆਏ ਜਿਥੋਂ ਹਰ ਸਾਲ ਨਗਰ ਕੀਰਤਨ ਨਿਕਲਦੇ ਹਨ। 

ਮੰਦਰ ਤੇ ਤਪੋ ਅਸਥਾਨ ਨਾਗੇ ਪੀਰ ਦਾ ਪੁਰਾਣੀ ਆਬਾਦੀ (ਬਾਲਮੀਕ ਆਬਾਦੀ) ਅੰਦਰ ਬਣਿਆ। ਇਕ ਪੁਰਾਣੀ ਆਬਾਦੀ ਅੰਦਰ ਸ. ਜਸ਼ਮੇਰ ਸਿੰਘ ਜੀ ਰਾਏ ਨੇ ਸਰਾਂ ਦੇ ਨਾਲ ਇਕ ਗੁਰਦੁਆਰਾ ਬਣਾਇਆ। 

ਦਾਸ ਲੇਖਕ ਦੇ ਪਿਤਾ ਸ. ਸਾਧੂ ਸਿੰਘ ਜੀ ਨੇ ਗੁਰੂ ਨਾਨਕ ਪਬਲਿਕ ਸਕੂਲ ਮੋਰਾਂਵਲੀ ਪੱਤੀ ਵੱਡੇ ਦਰਵਾਜ਼ੇ ਅੰਦਰ ਬਣਾਇਆ। ਇਕ ਬੈਂਕ ਵੀ ਬਣਵਾਉਣ ਵਿਚ ਕਾਫ਼ੀ ਉਦਮ ਕੀਤਾ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਬੁੱਤ ਲਗਵਾਉਣ ਵਿਚ ਸ. ਸਾਧੂ ਸਿੰਘ ਜੀ ਨੇ ਤੇ ਸ. ਪੂਰਨ ਸਿੰਘ ਜੀ ਰਾਏ ਪ੍ਰਦੇਸ਼ੀ ਮੋਰਾਂਵਾਲੀ ਜੋ ਸ਼ਹੀਦ ਭਗਤ ਸਿੰਘ ਦੇ ਨਾਨਕੇ ਘਰ ਵਿਚੋਂ ਸਨ ਉਨ੍ਹਾਂ ਨਾਲ ਹੋਕੇ ਕਾਫ਼ੀ ਉਦਮ ਕੀਤਾ। ਪਿੰਡ ਮੋਰਾਵਾਲੀ ਵਿਚ ਹੁਣ ਪੰਜਾਬ ਨੈਸ਼ਨਲ ਬੈਂਕ ਵੀ ਬਣੀ ਹੋਈ ਹੈ ਜੋ ਪੱਤੀ ਸੱਤ ਢੇਰੀ ਲਾਬੇਕੇ ਪਾਸੇ ਹੈ। ਇਕ ਡਾਕਖਾਨਾ ਵੀ ਦੇਰ ਤੋਂ ਬਣਿਆ ਹੋਇਆ ਹੈ। ਜੰਝਘਰ ਵੀ ਪੱਤੀ ਸੱਤ ਢੇਰੀ ਅੰਦਰ ਬਣਿਆ ਹੋਇਆ ਹੈ। ਸਰਕਾਰੀ ਹਸਪਤਾਲ ਵੀ ਖੁੱਲ੍ਹਾ ਹੋਇਆ ਹੈ। ਹਸਪਤਾਲ ਜੋ ਸੜਕ ਬੰਗਿਆ ਤੋਂ ਪਿੰਡ ਮੋਰਾਂਵਾਲੀ ਵਿਚੀ ਸੈਲੇ ਨੂੰ ਜਾ ਰਹੀ ਹੈ ਉਸ ਤੇ ਪਿੰਡ ਮੋਰਾਂਵਾਲੀ ਅੰਦਰ ਬਣਿਆ ਹੋਇਆ ਹੈ। ਸਲੋਤਰ ਖਾਲਾ ਵੀ ਹਸਪਤਾਲ ਦੇ ਨਾਲ ਹੀ ਬਣਿਆ ਹੋਇਆ ਹੈ। ਇਕ ਸਕੂਲ ਪੱਤੀ ਹੇਹਰ ਦੀ ਵਿਚ ਕਾਫ਼ੀ ਪੁਰਾਣਾ ਬਣਿਆ ਹੋਇਆ ਹੈ, ਦਾਸ ਲੇਖਕ ਪਹਿਲਾਂ ਪਹਿਲਾਂ ਉਸੇ ਸਕੂਲ ਅੰਦਰ ਪੜ੍ਹਿਆ ਸੀ। ਇਕ ਹੋਰ ਵੱਡਾ ਸਕੂਲ ਦੋ ਪਿੰਡਾਂ ਦਾ ਬਣਿਆ ਹੋਇਆ ਹੈ ਜਿਸ ਦਾ ਨਾਂ ਐਸ.ਜੀ.ਐਸ. ਖ਼ਾਲਸਾ ਹਾਈ ਸਕੂਲ ਪਠਲਾਵਾ ਮੋਰਾਂਵਾਲੀ ਹੈ। ਇਹ ਸਕੂਲ ਪਠਲਾਵੇ ਦੇ ਮਹਾਪੁਰਸ਼ ਸੰਤ ਘਨੈਯਾ ਸਿੰਘ ਜੀ ਦੇ ਨਾਂ ‘ਤੇ ਰੱਖਿਆ ਹੋਇਆ ਹੈ। ਇਥੇ ਵੀ ਕੁਝ ਸਾਲ ਦਾਸ ਲੇਖਕ ਪੜ੍ਹਦਾ ਰਿਹਾ ਹੈ। ਪਿੰਡ ਮੋਰਾਂਵਾਲੀ ਵਿਚ 5 ਵੱਡੇ ਗੇਟ ਬਣੇ ਹੋਏ ਹਨ। ਇਸ ਪਿੰਡ ਦੇ ਕਈ ਪਤਵੰਤੇ ਵੀਰ ਸਾਬਕਾ ਹੈੱਡ ਗ੍ਰੰਥੀ ਗਿਆਨੀ ਗੁਰਮੇਲ ਸਿੰਘ ਜੀ ਸਮੈਥਿਕ ਗੁਰਦੁਆਰਾ ਬਰਮੀਂਘਮ ਵਾਲੇ, ਗਿਆਨੀ ਤਰਸੇਮ ਸਿੰਘ ਢਾਡੀ ਜਥੇ ਵਾਲੇ, ਗਿਆਨੀ ਗਿਆਨ ਸਿੰਘ ਜੀ ਸੁਰਜੀਤ, ਸ. ਕਸ਼ਮੀਰ ਸਿੰਘ ਲੈਂਸਟਰ ਇੰਗਲੈਂਡ ਵਾਲੇ ਤੇ ਕਈ ਹੋਰ ਵੀਰ ਵੀ ਅਵਤਾਰ ਸਿੰਘ ਰਾਏ ਗਰੇਵਜੰਟ, ਸੁਖਵਿੰਦਰ ਸਿੰਘ ਹੇਹਰ ਗਰੇਵਜੰਟ, ਗੁਰਦਿਆਲ ਸਿੰਘ ਰਾਏ ਐਮ.ਬੀ.ਈ. ਡਾਰਟ ਫੋਰਡ, ਜੋਰਵਾਰ ਸਿੰਘ ਰਾਏ ਬਰਮੀਂਘਮ, ਬਲਵੀਰ ਸਿੰਘ ਰਾਏ ਸਾਊਥਹਾਲ, ਹਰਜਿੰਦਰ ਸਿੰਘ ਰਾਏ ਲੈਸਟਰ ਆਦਿ ਚੰਗੀਆਂ ਚੰਗੀਆਂ ਪੋਸਟਾਂ ਤੇ ਸੈਟਲ ਹਨ। ਸ. ਰੇਸ਼ਮ ਸਿੰਘ ਹੇਹਰ, ਸ. ਹਰਦਿਆਲ ਸਿੰਘ ਰਾਏ (ਐਨ.ਆਰ. ਆਈ.) ਅੰਦਰ ਚੰਗੀਆਂ ਪੋਸਟਾਂ ਤੇ ਸੈਟਲ ਹਨ। ਤੇ ਜਨਤਾ ਦੀ ਸੇਵਾ ਕਰ ਰਹੇ ਹਨ। ਸ.ਅਵਤਾਰ ਸਿੰਘ ਜੀ ਵਕੀਲ ਸਨ, ਉਸ ਪਰਿਵਾਰ ਵਿਚੋਂ ਸ. ਜਸਵੀਰ ਸਿੰਘ ਰਾਏ ਗੜ੍ਹਸ਼ੰਕਰ ਅੰਦਰ ਐਡਵੋਕੇਟ ਹਨ । ਇਸ ਪਿੰਡ ਵਿਚ ਲੋਚੀ, ਲੋਕ ਆਦਿ ਕਾਫ਼ੀ ਫੁੱਟਬਾਲ ਦੇ ਨਾਮਵਰ ਮਸ਼ਹੂਰ ਪਲੇਅਰ ਹੋਏ ਹਨ। ਪਹਿਲਵਾਨ ਵੀ ਬਾਵਾਂ, ਮਾਗੋ ਨਾਂ ਦੇ ਹੋਏ ਹਨ। ਪੱਤੀ ਵੱਡੇ ਦਰਵਾਜ਼ੇ ਦੇ ਚਰਨੇ ਤੋਂ ਵੀ ਮੋਰਾਂਵਾਲੀ ਕਾਫ਼ੀ ਮਸ਼ਹੂਰ ਹੋਈ ਹੈ। ਦੇਸਾਂ ਪ੍ਰਦੇਸਾਂ ਅੰਦਰ ਕਈ ਇਸ ਪਿੰਡ ਦੇ ਹੁਣ ਡਾਕਟਰ, ਵਕੀਲ, ਪ੍ਰੋਫੈਸਰ, ਲੇਖਕ, ਇੰਜੀਨੀਅਰ ਆਦਿ ਪੋਸਟਾਂ ਤੇ ਆਪਣਾ ਨਾਂ ਕਮਾ ਰਹੇ ਹਨ। ਇੰਗਲੈਂਡ, ਕਨੇਡਾ ਆਦਿ ਪ੍ਰਦੇਸ਼ਾਂ ਅੰਦਰ ਤਾਂ ਪਿੰਡ ਮੋਰਾਂਵਾਲੀ ਦੇ ਨਿਵਾਸੀਆਂ ਦੀਆਂ ਕੱਪੜੇ ਦੀਆਂ ਫੈਕਟਰੀਆਂ, ਹੋਟਲ ਕਾਰ ਗੈਰਜਾਂ ਤੇ ਸੁਪਰਮਾਰਕੀਟਾਂ ਖੁਲ੍ਹੀਆਂ ਹੋਈਆਂ ਹਨ। ਬਿਲਡਰ ਠੇਕੇਦਾਰ ਵੀ ਕਾਫੀ ਇਸੇ ਪਿੰਡ ਦੇ ਹਨ। ਦਾਸ ਲੇਖਕ ਦਾ ਭਰਾ ਸ. ਬਲਦੇਵ ਸਿੰਘ ਕਾਫ਼ੀ ਮੰਨਿਆ ਪ੍ਰਮੰਨਿਆ ਬਿਲਡਰ ਕਵੈਟਰੀ ਸ਼ਹਿਰ ਇੰਗਲੈਂਡ ਵਿਚ ਵਸ ਰਿਹਾ ਹੈ। 1965 ਈ. ਤੋਂ ਪਹਿਲਾਂ ਜਦ ਸਾਰੇ ਪਰਿਵਾਰ ਪਿੰਡ ਮੋਰਾਵਾਲੀ ਅੰਦਰ ਰਹਿ ਰਹੇ ਸਨ ਤਾਂ ਬਹੁਤ ਰੌਣਕ ਸੀ। ਉਸ ਸਮੇਂ ਆਬਾਦੀ ਵੀ ਕਾਫ਼ੀ ਸੀ। Census 1971 ਦੀ ਕਿਤਾਬ ਵਿਚ ਜੋ ਪਿੰਡ ਮੋਰਾਂਵਾਲੀ ਦੀ ਆਬਾਦੀ ਲਿਖੀ ਗਈ ਹੈ ਉਹ ਇਸ ਤਰ੍ਹਾਂ ਦਰਜ਼ ਹੈ। ਕੁਲ ਆਬਾਦੀ ਪਿੰਡ ਮੋਰਾਂਵਾਲੀ ਦੀ 2974 ਸੀ। ਜਿਨ੍ਹਾਂ ਵਿਚੋਂ 1549 ਮਰਦ ਸਨ ਤੇ 1425 ਇਸਤ੍ਰੀਆਂ ਸਨ। ਜਿਵੇਂ ਜਿਵੇਂ ਸਮਾ ਬਦਲਦਾ ਗਿਆ ਪਿੰਡ ਵਿਚੋਂ ਲੋਕਾਂ ਨੇ ਰੋਜ਼ੀ ਦੀ ਖ਼ਾਤਰ ਪ੍ਰਦੇਸਾਂ ਨੂੰ ਚਾਲੇ ਪਾ ਦਿੱਤੇ। 1960 ਈ. ਤੋਂ ਬਾਦ ਗਿਆਨ ਚੰਦ ਏਜੰਟ ਜੋ ਗੜ੍ਹ ਸ਼ੰਕਰ ਤੇ ਹੁਸ਼ਿਆਰਪੁਰ ਵਿਚ ਰਹਿੰਦਾ ਸੀ ਉਸ ਨੇ ਮੋਰਾਂਵਾਲੀ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਇੰਗਲੈਂਡ ਭੇਜਿਆ। ਇਹ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕਾਫ਼ੀ ਮਸ਼ਹੂਰ ਏਜੰਟ ਸੀ। ਇਸਨੇ ਕਰੀਬ ਸਾਰੇ ਇਲਾਕੇ ਦੇ ਲੋਕਾਂ ਨੂੰ ਪ੍ਰਦੇਸਾਂ ਵਿਚ ਭੇਜਿਆ। 

ਪਿੰਡ ਮੋਰਾਂਵਾਲੀ ਦੇ ਪ੍ਰਦੇਸੀ ਸਿੱਖ 

1890 ਈ. ਦੇ ਕਰੀਬ ਕਈ ਭਾਰਤੀ ਰੋਜ਼ੀ ਦੀ ਖ਼ਾਤਰ ਸਿੰਗਾਪੁਰ, ਮਲਾਇਆ, ਥਾਈਲੈਂਡ ਆਦਿ ਮੁਲਖਾਂ ਰਾਹੀਂ ਕਨੇਡਾ, ਅਮਰੀਕਾ ਪਹੁੰਚੇ। ਉਥੇ ਉਸ ਸਮੇਂ ਲੱਕੜ ਦਾ ਕਾਫ਼ੀ ਕੰਮ ਹੁੰਦਾ ਸੀ। ਉਥੇ ਵੀ ਹਿੰਦੋਸਤਾਨੀਆਂ ਨੂੰ ਗੋਰੇ ਅਫ਼ਸਰਾਂ ਦੀਆਂ ਲਾਹਨਤਾਂ ਝੱਲਣੀਆਂ ਪਈਆਂ। ਗੋਰੇ ਚਾਹੇ ਕਨੇਡੀਅਨ ਸਨ ਜਾਂ ਅਮਰੀਕਨ ਸਾਰੇ ਭਾਰਤੀਆਂ ਨੂੰ ਕਹਿੰਦੇ ਸਨ ਕਿ ਤੁਹਾਡੀ ਕਈ ਕਰੋੜ ਆਬਾਦੀ ਹੈ ਪਰ ਮੁੱਠੀ ਭਰ ਅੰਗਰੇਜ਼ ਸਰਕਾਰ ਦੇ ਤੁਸੀਂ ਗੁਲਾਮ ਹੋ। ਇਥੇ ਕੀ ਕਰਨ ਆਏ ਹੋ, ਉਹ ਤੁਹਾਡਾ ਮੁਲਖ ਸੋਨੇ ਦੀ ਖਾਨ ਹੈ, ਪਰ ਉਸ ਨੂੰ ਲੁੱਟ ਰਿਹਾ ਹੈ ਅੰਗਰੇਜ਼। ਜਾਓ ਪਹਿਲਾਂ ਉਸ ਨੂੰ ਆਜ਼ਾਦ ਕਰਵਾਉ, ਇਸ ਤਰ੍ਹਾਂ ਦੀਆਂ ਗੱਲਾਂ ਉਸ ਸਮੇਂ ਭਾਰਤੀ ਲੋਕਾਂ ਨੂੰ ਸੁਨਣੀਆਂ ਪੈਂਦੀਆਂ ਸਨ। ਜਿਥੇ ਉਸ ਸਮੇਂ ਭਾਰਤ ਵਿਚੋਂ ਵੱਖੋ ਵੱਖ ਥਾਵਾਂ ਤੋਂ ਰੋਜ਼ੀ ਦੀ ਖ਼ਾਤਰ ਭਾਰਤੀ ਕਨੇਡਾ, ਅਮਰੀਕਾ ਪਹੁੰਚੇ ਸਨ, ਉਥੇ ਹੀ ਪਿੰਡ ਮੋਰਾਂਵਾਲੀ ਦੇ ਬਜ਼ੁਰਗ ਵੀ ਰੋਜ਼ੀ ਦੀ ਖ਼ਾਤਰ ਕਨੇਡਾ, ਅਮਰੀਕਾ ਪਹੁੰਚੇ ਸਨ। 

ਸਟਾਕਟਿਨ ਅਮਰੀਕਾ ਦੇ ਗੁਰਦੁਆਰੇ ਦੀ ਲਾਇਬ੍ਰੇਰੀ ਦੇ ਰਿਕਾਰਡ ਵਿਚ 1921-22 ਈ. ਦੇ ਆਸ ਪਾਸ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਜ਼ੁਰਗ ਜੋ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਵਾਪਸ ਭਾਰਤ ਆਏ ਸਨ, ਉਨ੍ਹਾਂ ਦੇ ਨਾਂ ਸ਼ਿਵ ਸਿੰਘ ਰਾਏ ਕਨੇਡਾ ਨਿਵਾਸੀ ਤੇ ਸ. ਜਗਤ ਸਿੰਘ ਰਾਏ ਕਿਰਤੀ ਕਨੇਡਾ ਨਿਵਾਸੀ ਬਜ਼ੁਰਗਾਂ ਨੇ ਘੜ੍ਹਵਾਕੇ ਦਾਸ ਨੂੰ ਲਿਖਤੀ ਰੂਪ ਵਿਚ ਭੇਜੇ। ਜੋ ਇਸ ਤਰ੍ਹਾਂ ਹਨ:- 

ਜਰਨੈਲ ਸਿੰਘ ਬਲਦ ਘਨ ਸਿੰਘ ਰਾਏ ਪਿੰਡ ਮੋਰਾਂਵਾਲੀ। ਪ੍ਰਤਾਪ ਸਿੰਘ ਬਲਦ ਵਧਾਵਾ ਸਿੰਘ ਰਾਏ ਪਿੰਡ ਮੋਰਾਂਵਾਲੀ। ਮੁਨਛਾ ਸਿੰਘ ਬਲਦ ਗੁਜਰ ਸਿੰਘ ਰਾਏ ਪਿੰਡ ਮੋਰਾਂਵਾਲੀ । ਰਲਾ ਸਿੰਘ ਬਲਦ ਭੂਪ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ।ਸਰਬਣ ਸਿੰਘ ਬਲਦ ਜਵਾਰ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਸ਼ਿਵ ਸਿੰਘ ਬਲਦ ਵਰਿਆਮ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਲਾਭ ਸਿੰਘ ਬਲਦ ਮੀਂਹਾ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਠਾਕਰ ਸਿੰਘ ਬਲਦ ਕਾਬਲ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਦਿਵਾਨ ਸਿੰਘ ਬਲਦ ਨੰਦ ਸਿੰਘ ਰਾਏ ਪਿੰਡ ਮੋਰਾਂਵਾਲੀ। ਅਰਜਨ ਸਿੰਘ ਬਲਦ ਘਨ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਜੱਸਾ ਸਿੰਘ ਬਲਦ ਕਾਨ੍ਹ ਸਿੰਘ ਰਾਏ ਪਿੰਡ ਮੋਰਾਂਵਾਲੀ। ਵਰਿਆਮ ਸਿੰਘ ਬਲਦ ਠਾਕੁਰ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਮਿਲਖਾ ਸਿੰਘ ਬਲਦ ਜਵਾਲਾ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਅਰਜਨ ਸਿੰਘ ਬਲਦ ਜਵਾਰ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ । ਜਵਾਲਾ ਸਿੰਘ ਬਲਦ ਬਸੰਤ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਮੂਲਾ ਸਿੰਘ ਬਲਦ ਰਘਵੀਰ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਦੇਵਾ ਸਿੰਘ ਬਲਦ ਮੋਤਾ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਅਮਰ ਸਿੰਘ ਬਲਦ ਮੋਤਾ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਆਤਮਾ ਸਿੰਘ ਬਲਦ ਦੇਵਾ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਸੋਹਨ ਸਿੰਘ ਬਲਦ ਜਵਾਲਾ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਰੂਰ ਸਿੰਘ ਬਲਦ ਭੂਪ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਬੂਟਾ ਸਿੰਘ ਬਲਦ ਜੱਸਾ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਰੂਰ ਸਿੰਘ ਬਲਦ ਚਤਰ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਹਰਨਾਮ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਬੂਜਾ ਸਿੰਘ ਬਲਦ ਜੱਸਾ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਜੈਮਲ ਸਿੰਘ ਬਲਦ ਕਾਨ੍ਹ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ। ਸਰਬਣ ਸਿੰਘ ਉਰਫ਼ ਕਰਤਾਰ ਸਿੰਘ ਬਲਦ ਕਾਨ੍ਹ ਸਿੰਘ ਰਾਏ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ । ਉਪਰੋਕਤ ਬਜ਼ੁਰਗ 1921-22 ਈ. ਦੇ ਆਸ ਪਾਸ ਦੇ ਸਮੇਂ ਅੰਦਰ ਅਮਰੀਕਾ ਕਨੇਡੇ ਤੋਂ ਵਾਪਸ ਭਾਰਤ ਆ ਗਏ ਸਨ। ਭਾਰਤ ਆਕੇ ਇਨ੍ਹਾਂ ਵਿਚੋਂ ਬਹੁਤਿਆਂ ਨੇ ਗੁਰੂ ਦੇ ਬਾਗ ਤੇ ਜੈਤੋ ਦੇ ਮੋਰਚੇ ਅੰਦਰ ਵੀ ਹਿੱਸਾ ਪਾਇਆ। ਗੱਲ ਕੀ ਕ੍ਰਾਂਤੀਕਾਰੀ ਇਨ੍ਹਾਂ ਦਾ ਮਨ ਸੀ | ਅੰਗਰੇਜ਼ ਸਰਕਾਰ ਦੇ ਵਿਰੁੱਧ ਜੂਝਦੇ ਹੀ ਰਹੇ ਸਨ। 

ਸਮਾਂ ਆਪਣਾ ਤੋਰੇ ਤੁਰਿਆ ਜਾ ਰਿਹਾ ਸੀ। ਬਾਦ ਵਿਚ ਫਿਰ ਪਿੰਡ ਮੋਰਾਂਵਾਲੀ ਦੇ ਬਜ਼ੁਰਗਾਂ ਨੇ 1950 ਈ. ਦੇ ਆਸ ਪਾਸ ਇੰਗਲੈਂਡ, ਅਮਰੀਕਾ, ਕਨੇਡਾ ਆਦਿ ਮੁਲਖਾਂ ਅੰਦਰ ਆਉਣਾ ਸ਼ੁਰੂ ਕੀਤਾ। ਹੁਣ ਕੋਈ ਵੈਨਕੁਵਰ ਬੀ, ਸੀ ਕਨੇਡਾ ਵਿਚ 100 ਘਰ ਪਿੰਡ ਮੋਰਾਂਵਾਲੀ ਦੇ ਨਿਵਾਸਿਆਂ ਦੇ ਹਨ। ਟਰਾਂਟੋ ਕੈਨੇਡਾ ਅੰਦਰ ਵੀ 100 ਕੁ ਘਰ ਪਿੰਡ ਮੋਰਾਂਵਾਲੀ ਦੇ ਨਿਵਾਸਿਆਂ ਦੇ ਹਨ। ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਚ ਕੋਈ 300 ਘਰ ਪਿੰਡ ਮੋਰਾਂਵਾਲੀ ਦੇ ਨਿਵਾਸੀਆਂ ਦੇ ਹਨ ਅਤੇ ਇੰਗਲੈਂਡ ਦੇ ਲੈਂਸਟਰ ਸ਼ਹਿਰ ਅੰਦਰ ਵੀ ਕੋਈ 300 ਘਰ ਪਿੰਡ ਮੋਰਾਂਵਾਲੀ ਦੇ ਨਿਵਾਸੀਆਂ ਦੇ ਹਨ। ਬਾਕੀ ਕੁਝ ਘਰ ਵੱਖੋ ਵੱਖ ਸ਼ਹਿਰਾਂ ਅੰਦਰ ਵੀ ਪਿੰਡ ਮੋਰਾਂਵਾਲੀ ਦੇ ਨਿਵਾਸੀਆਂ ਦੇ ਹਨ। ਯੂਰਪ ਦੇ ਕਈ ਮੁਲਖਾਂ ਅੰਦਰ ਵੀ ਪਿੰਡ ਮੋਰਾਂਵਾਲੀ ਦੇ ਕਈ ਘਰ ਵਸ ਰਹੇ ਹਨ। ਇੰਗਲੈਂਡ, ਕਨੇਡਾ, ਅਮਰੀਕਾ ਅੰਦਰ ਮੋਰਾਂਵਾਲੀ ਦੇ ਬਜ਼ੁਰਗਾਂ ਨੂੰ ਏਜੰਟ ਗਿਆਨ ਚੰਦ ਹੁਸ਼ਿਆਰਪੁਰ ਵਾਲਿਆਂ ਨੇ ਪਹੁੰਚਾਇਆ ਸੀ। ਕੁਝ ਕੁ ਪਰਿਵਾਰਾਂ ਨੂੰ ਮੋਰਾਂਵਾਲੀ ਦੇ ਸ. ਅਵਤਾਰ ਸਿੰਘ ਜੀ ਰਾਏ ਵਕੀਲ ਐਡਵੋਕੇਟ ਨੇ ਪ੍ਰਦੇਸਾਂ ਵਿਚ ਭੇਜਿਆ ਸੀ। ਸ. ਅਵਤਾਰ ਸਿੰਘ ਵਕਲੀ ਦੇ ਪਿਤਾ ਜੀ ਨੇ ਵੀ ਕਈ ਪਰਿਵਾਰਾਂ ਨੂੰ ਪਹਿਲਾਂ ਪ੍ਰਦੇਸਾਂ ਵਿਚ ਭੇਜਿਆ ਸੀ। ਹੁਣ ਪਿੰਡ ਮੋਰਾਂਵਾਲੀ ਦੇ ਪਰਿਵਾਰ ਜੋ ਇੰਗਲੈਂਡ, ਅਮਰੀਕਾ, ਕਨੇਡਾ ਆਦਿ ਮੁਲਖਾਂ ਵਿਚ ਵਸ ਰਹੇ ਹਨ ਉਥੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਹਰ ਸਾਲ ਸ਼ਹੀਦੀ ਦਿਨ ਕਾਫ਼ੀ ਸ਼ਰਧਾਂ ਨਾਲ ਗੁਰਦੁਆਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਕੇ ਮਨਾਉਂਦੇ ਹਨ। ਇਸ ਤਰ੍ਹਾਂ ਪਿੰਡ ਮੋਰਾਂਵਾਲੀ ਕਾਫ਼ੀ ਪ੍ਰਦੇਸਾਂ ਵਿਚ ਵੀ ਫੈਲ ਗਿਆ ਹੈ। 

ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਆਸ ਪਾਸ ਦੇ ਨਾਮਵਰ ਮਹਾਂਪੁਰਸ਼ਾਂ ਦੇ ਗੁਰਦੁਆਰੇ 

ਪਿੰਡ ਮੋਰਾਂਵਾਲੀ ਬਾਬਾ ਭਗਤੂ ਜੀ ਦਾ ਗੁਰਦੁਆਰਾ ਸ਼ਸ਼ੋਭਤ ਹੈ । ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਏ ਹਨ। ਪਿੰਡ ਮੋਰਾਂਵਾਲੀ ਦੇ ਬਸੀਮੇ ਦੇ ਨਾਲ ਹੀ ਪਠਲਾਵੇ ਪਿੰਡ ਵਿਚ ਸੰਤ ਘਨੱਯਾ ਸਿੰਘ ਜੀ ਦਾ ਗੁਰਦੁਆਰਾ ਸ਼ਸ਼ੋਭਤ ਹੈ। ਇਥੇ ਸੰਤ ਘਨੱਯਾ ਸਿੰਘ ਜੀ ਦੀ ਸਾਲਾਨਾ ਯਾਦ ਮੇਲੇ ਦੇ ਰੂਪ ਵਿਚ ਮੱਗਰ ਦੀ ਸੰਗਰਾਂਦ ਮਨਾਈ ਜਾਂਦੀ ਹੈ ਤੇ ਇੰਜ ਹੀ ਸੰਤ ਕਰਤਾਰ ਸਿੰਘ ਜੀ ਦੀ ਯਾਦ ਵੀ 5 ਪੋਹ ਨੂੰ ਮਨਾਈ ਜਾਂਦੀ ਹੈ । ਸੰਤ ਘਨੱਯਾ ਸਿੰਘ ਜੀ ਨੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ (ਅਨੰਦਪੁਰ) ਦੀ ਸੇਵਾ ਦਾ ਆਰੰਭ ਕੀਤਾ ਸੀ। ਹਜ਼ਾਰਾਂ ਪ੍ਰਾਣੀਆਂ ਨੂੰ ਆਪ ਜੀ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ। ਸਰੋਵਰ ਦੇ ਖਾਰੇ ਪਾਣੀ ਨੂੰ ਆਪ ਜੀ ਨੇ ਮਿੱਠਾ ਕੀਤਾ ਸੀ। 

ਸੰਤ ਹਰਨਾਮ ਸਿੰਘ ਜੀ ਜਿਐਣ ਵਾਲੇ 

ਸੰਤ ਬਾਬਾ ਹਰਨਾਮ ਸਿੰਘ ਜੀ ਪਿੰਡ ਜਿਐਣ ਵਾਲਿਆਂ ਦਾ ਗੁਰਦੁਆਰਾ ਪਿੰਡ ਜਿਐਣ ਵਿਚ ਹੀ ਸ਼ਸ਼ੋਭਿਤ ਹੈ। ਆਪ ਜੀ ਦਾ ਸੰਪ੍ਰਦਾਇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੋਂ ਚੱਲੀ ਸੀ। ਜੋ ਬਾਦ ਵਿਚ ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਦੇ ਕੋਲ ਆਈ ਸੀ। ਸੰਤ ਬਾਬਾ ਹਰਨਾਮ ਸਿੰਘ ਜੀ ਜਿਐਣ ਵਾਲਿਆਂ ਦਾ ਗੁਰਦੁਆਰਾ ਮਾਹਿਲਪੁਰ ਦੇ ਲਾਗੇ ਹੀ ਹੈ। ਪਿੱਛੇ ਪਾਠਕ ਪੜ੍ਹ ਹੀ ਆਏ ਹਨ ਕਿ ਸੰਤ ਹਰਨਾਮ ਸਿੰਘ ਜੀ ਜਿਐਣ ਵਾਲਿਆਂ ਦੇ ਜੈਤੋ ਪੁੱਜਣ ਤੇ ਜੈਤੋ ਦਾ ਮੋਰਚਾ ਫ਼ਤਹਿ ਹੋਇਆ ਸੀ। ਆਪ ਜੀ ਨੇ ਬਚਨ ਕੀਤਾ ਸੀ ਕਿ ਮੋਰਚਾ ਜਿੱਤਕੇ ਹੀ ਪ੍ਰਸ਼ਾਦਾ ਛਕਾਂਗੇ। ਜਿਐਣ ਪਿੰਡ ਵਿਚ ਆਪ ਜੀ ਦੇ ਸਮੇਂ ਦੀ ਖੂਹੀ ਮੌਜੂਦ ਹੈ ਜਿਸ ਤੋਂ ਮਹਿਸੂਸ ਹੁੰਦਾ ਹੈ ਕਿ ਆਪ ਜੀ ਦੇ ਸੇਵਕ ਖੂਹੀ ਵਿਚੋਂ ਜਲ ਕੱਢਕੇ ਆਪ ਜੀ ਨੂੰ ਇਸ਼ਨਾਨ ਕਰਾਉਂਦੇ ਹੋਣਗੇ। ਗੁਰਦੁਆਰੇ ਦਰਬਾਰ ਸਾਹਿਬ ਅੰਦਰ ਆਪ ਜੀ ਦੇ ਅਣਖੀਲੇ ਸ਼ਸ਼ਤਰ ਵੀ ਸ਼ਸ਼ੋਭਿਤ ਹਨ। ਜੋ ਉਸ ਸਮੇਂ ਆਪ ਜੀ ਪਹਿਨਦੇ ਹੋਣਗੇ ਕਿਉਂਕਿ ਆਪ ਜੀ ਸੰਤ ਸਿਪਾਹੀ ਧਾਰਨੀ ਦੇ ਮਹਾਪੁਰਸ਼ ਸਨ। ਆਪ ਜੀ ਸੰਸਾਰ ਤੋਂ ਅਕਾਲ ਚਲਾਣਾ ਕਰਨ ਸਮੇਂ ਆਪਣੇ ਸੇਵਕ ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਨੂੰ ਸਾਰੀਆਂ ਸ਼ਕਤੀਆਂ ਦੇ ਮਾਲਕ ਬਣਾ ਗਏ ਸਨ। ਆਪਣੇ ਜੀਵਨ ਕਾਲ ਸਮੇਂ ਆਪ ਜੀ ਨੇ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਤੇ ਗੁਰਮਤਿ ਦੇ ਰਾਹ ਪਾਇਆ। ਗੁਰਦੁਆਰਾ ਸੁਧਾਰ ਲਹਿਰਾਂ ਅੰਦਰ ਵੀ ਹਿੱਸਾ ਪਾਇਆ ਤੇ ਗੁਰਦੁਆਰਿਆਂ ਦਾ ਸੁਧਾਰ ਕੀਤਾ। 

ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲੇ 

ਸੰਤ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਦਾ ਪਿੰਡ ਕਹਾਰਪੁਰ ਵਿਚ ਗੁਰਦੁਆਰਾ ਸ਼ਸ਼ੋਭਿਤ ਹੈ। ਆਪ ਜੀ ਸੰਤ ਹਰਨਾਮ ਸਿੰਘ ਜੀ ਜਿਐਣ ਵਾਲਿਆਂ ਨੂੰ ਬਹੁਤ ਮੰਨਦੇ ਸਨ।ਆਪ ਜੀ ਆਪਣੇ ਪਾਸ ਕਈ ਘੋੜ ਸਵਾਰ ਰੱਖਦੇ ਸਨ। ਦਸਤਾਰ ਵਿਚ ਕਈ ਰੇਸ਼ਮੀ ਰਮਾਲ ਵੀ ਸਜਾਂਦੇ ਸਨ। ਸੰਤ ਸਿਪਾਹੀ ਸਨ। ਨਰਸਿੰਗੇ ਵੱਜਦੇ ਸਨ ਜਦ ਆਪ ਜੀ ਕਿਧਰੇ ਜਾਂਦੇ ਸਨ। ਸੰਤ ਬਾਬਾ ਹਰੀ ਸਿੰਘ ਜੀ ਨੇ 1936 ਤੋਂ 1947 ਈ. ਤਕ ਕੇਸਗੜ੍ਹ ਦੀ ਨਵੀਂ ਇਮਾਰਤ ਦੀ ਕਾਰਸੇਵਾ ਕਰਵਾਈ ਤੇ ਅਨੰਦਪੁਰ ਸਾਹਿਬ ਸਰਵਰ ਦੀ ਸੇਵਾ ਵੀ ਆਪ ਨੇ ਕਰਵਾਈ ਸੀ। ਜਿਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ਦੀ ਕਾਰ ਸੇਵਾ ਕਰਵਾਈ, ਉਥੇ ਵਿੱਦਿਅਕ ਤੌਰ ਤੇ ਵੀ ਸਕੂਲ ਕਾਲਜ ਖੋਲ੍ਹੇ। ਗੁਰਮਤਿ ਪ੍ਰਚਾਰ ਰਾਹੀਂ ਆਪ ਜੀ ਨੇ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਕੇ ਗੁਰੂ ਦੇ ਲੜ ਲਾਇਆ। ਆਪ ਜੀ ਦਸਵੰਧ ਕੱਢਣ ਲਈ ਪ੍ਰੇਰਦੇ ਸਨ ਤੇ ਪੂਜਾ ਦੇ ਧਨ ਨੂੰ ਖਾਣ ਤੋਂ ਵਰਜਦੇ ਸਨ। ਇਸ ਨਾਲ ਕਹਿੰਦੇ ਹੁੰਦੇ ਸਨ ਬੰਦੇ ਦੀ ਬੁੱਧੀ ਭ੍ਰਿਸ਼ਟ ਹੁੰਦੀ ਹੈ। ਮਾਸ, ਸ਼ਰਾਬ, ਤੰਬਾਕੂ ਵਰਤਣ ਦੀ ਮਨਾਹੀ ਤੇ ਬਹੁਤ ਜ਼ੋਰ ਦੇਂਦੇ ਸਨ। ਮਾਹਿਲਪੁਰ ਅੰਬਾਂ ਦਾ ਘਰ ਮੰਨਿਆ ਜਾਂਦਾ ਸੀ । ਹੁਣ ਵੀ ਮੰਨਿਆ ਜਾਂਦਾ ਹੈ। ਕਹਿੰਦੇ ਜਦ ਅੰਬ ਪੱਕਦੇ ਸਨ ਤਾਂ ਸੰਤ ਬਾਬਾ ਹਰੀ ਸਿੰਘ ਕਹਾਰਪੁਰ ਵਾਲੇ ਦੂਰ ਦੁਰਾਡੇ ਦੀਆਂ ਸੰਗਮਾਂ ਨੂੰ ਖੱਤ ਪਾ ਦੇਂਦੇ ਸਨ ਕਿ ਸੰਗਤ ਜੀ ਕਹਾਰਪੁਰ ਆਕੇ ਅੰਬ ਚੂਪ ਜਾਉ। ਅੰਬ ਪੱਕ ਗਏ ਹਨ। ਜਦ 1921 ਈ. ਦੇ ਆਸ ਪਾਸ ਅਨੰਦਪੁਰ ਸਾਹਿਬ ਵਿਚ ਕਾਫੀ ਖੱਪਖਾਨਾ ਪਿਆ ਹੋਇਆ ਸੀ ਤਾਂ ਸੰਤ ਹਰੀ ਸਿੰਘ ਜੀ ਨੇ ਸੰਗਤ ਸਮੇਤ ਜਾਕੇ ਉਥੇ ਖੱਪਖਾਨਾਂ ਬੰਦ ਕਰਵਾਇਆ। ਪਿੰਡ ਮੋਰਾਂਵਾਲੀ ਦੇ ਗੁਰਸਿੱਖ ਵੀ ਆਪ ਜੀ ਦੀ ਸੰਗਤ ਵਿਚ ਹੀ ਸਨ। ਜਥੇਦਾਰ ਜਰਨੈਲ ਸਿੰਘ ਹੇਹਰ ਮੋਰਾਂਵਾਲੀ ਦੇ ਨੂੰ ਆਪ ਜੀ ਨੇ ਸਰਬ ਸੰਮਤੀ ਦੇ ਨਾਲ ਕੇਸਗੜ੍ਹ ਸਾਹਿਬ ਦਾ ਜਥੇਦਾਰ ਬਣਾਇਆ, ਸੰਤ ਹਰਨਾਮ ਸਿੰਘ ਜੀ ਜਿਐਣ ਵਾਲਿਆਂ ਦਾ ਗੁਰਦੁਆਰਾ ਤੇ ਸੰਤ ਹਰੀ ਸਿੰਘ ਜੀ ਦਾ ਗੁਰਦੁਆਰਾ ਕਹਾਰਪੁਰ ਵਿਚ ਜੋ ਹੈ ਇਹ ਦੋਨੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆ ਜਾਂਦੇ ਹਨ। 

ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ . 

ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਗੁਰਦੁਆਰਾ ਸੰਤਗੜ੍ਹ ਜੋ ਹੈ ਇਹ ਵੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੈ। ਆਪ ਜੀ ਫ਼ੌਜ ਅੰਦਰ ਭਰਤੀ ਸਨ । ਸੰਤ ਬਾਬਾ ਆਇਆ ਜੀ ਦੀ ਸ਼ਰਨ ਵਿਚ ਆਉਣ ਨਾਲ ਆਪ ਜੀ ਉੱਚ ਕੋਟੀ ਦੇ ਆਤਮਿਕ ਦਰਸ਼ੀ ਹੋ ਗਏ। ਸੰਤ ਬਾਬਾ ਆਇਆ ਸਿੰਘ ਜੀ ਸੰਤ ਬਾਬਾ ਕਰਮ ਸਿੰਘ ਜੀ ਹੋਰੀਂ ਮਰਦਾਨ ਵਾਲਿਆਂ ਦੀ ਸੰਪ੍ਰਦਾਇ ਦੇ ਸੇਵਾਦਾਰ ਹੋਏ ਹਨ। ਅਗਾਂਹ ਇਨ੍ਹਾਂ ਦੇ ਸੇਵਾਦਾਰ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਹੋਏ ਹਨ। ਆਪ ਜੀ ਨੇ ਆਪਣੇ ਜੀਵਨ ਕਾਲ ਸਮੇਂ ਅਨੇਕਾਂ ਜੀਵਾਂ ਦਾ ਉਧਾਰ ਕੀਤਾ। ਆਪ ਜੀ ਦੀ ਪਲਟਨ ਵਿਚ ਇਕ ਲਾਲਚੀ ਗ੍ਰੰਥੀ ਸੀ ਜੋ ਮਰਕੇ ਸੱਪ ਦੀ ਜੂਨੇ ਪੈ ਗਿਆ ਤੇ ਆਪ ਜੀ ਦੇ ਚਰਨੀਂ ਆਇਆ ਤਾਂ ਆਪ ਜੀ ਨੇ ਆਪਣੇ ਚਰਨਾਂ ਦਾ ਅੰਗੂਠਾ ਲਾ ਕੇ ਉਸ ਦਾ ਉਧਾਰ ਕੀਤਾ। ਇਹੋ ਘਟਨਾ ਆਪ ਜੀ ਦੀਆਂ ਸਾਖੀਆਂ ਅੰਦਰ ਦਰਜ਼ ਹੈ।      ਇਸੇ ਤਰ੍ਹਾਂ ਆਪ ਨੇ ਇਕ ਭੈੜੀ ਪ੍ਰੇਤ ਰੂਹ ਦਾ ਉਧਾਰ ਕੀਤਾ। ਇਕ ਵਾਰ ਕਹਿੰਦੇ ਜਦੋਂ ਆਪ ਜੀ ਇਕ ਅੰਬ ਹੇਠਾਂ ਰਾਤ ਨੂੰ ਸਿਮਰਨ ਕਰਦੇ ਸਨ। ਇਕ ਪ੍ਰੇਤ ਰੂਹ ਆਕੇ ਵੱਖੋ ਵੱਖ ਢੰਗਾਂ ਨਾਲ ਸ਼ਕਲਾਂ ਬਣਾਕੇ ਆਪ ਜੀ ਨੂੰ ਡਰਾਉਣ ਲੱਗੀ। ਜਦ ਆਪ ਜੀ ਦੇ ਨੇਤਰ ਖੁਲ੍ਹੇ ਤਾਂ ਉਹ ਪ੍ਰੇਤ ਰੂਹ ਧੜੰਮ ਕਰਕੇ ਜ਼ਮੀਨ ਤੇ ਜਾ ਡਿੱਗੀ। ਲੱਗੀ ਆਪਣੇ ਉਧਾਰ ਵਾਸਤੇ ਅਰਜ਼ੋਈਆਂ ਕਰਨ। ਆਪ ਜੀ ਨੂੰ ਤਰਸ ਆਇਆ। ਇਸ਼ਨਾਨ ਆਦਿ ਕਰਨ ਉਪਰੰਤ ਉਸ ਰੂਹ ਨੂੰ ਆਪਣੇ ਅੱਗੇ ਬਿਠਾਕੇ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ। ਪਾਠ ਸੰਪੂਰਨ ਹੋਣ ਤੇ ਉਸ ਭੈੜੀ ਰੂਹ ਤੇ ਅੰਮ੍ਰਿਤ ਦੇ ਛਿੱਟੇ ਮਾਰੇ ਤੇ ਉਹ ਪ੍ਰੇਤ ਪਿੰਜਰ ਛੱਡਕੇ ਸਵਰਗ ਨੂੰ ਗਈ। ਇਹ ਭੈੜੀ ਰੂਹ ਇਕ ਮੁਸਲਮਾਨ ਚੌਧਰੀ ਦੀ ਸੀ ਜੋ ਆਪਣੇ ਮਨੁੱਖ ਜਾਮੇ ਅੰਦਰ ਦੂਜੇ ਦੀਆਂ ਧੀਆਂ ਭੈਣਾ ਦੀਆਂ ਇੱਜ਼ਤਾਂ ਲੁੱਟਦਾ ਸੀ। ਜਿਸ ਕਰਕੇ ਮਰਕੇ ਪ੍ਰੇਤ ਜੂਨ ਦਾ ਭਾਗੀ ਬਣਿਆ ਸੀ। 

ਇਸੇ ਤਰ੍ਹਾਂ ਇਕ ਹੋਰ ਰੂਹ ਜੋ ਪ੍ਰੇਤ ਬਣ ਗਈ ਸੀ ਉਸ ਦਾ ਉਧਾਰ ਕੀਤਾ। ਉਹ ਰੂਹ ਮਨੁੱਖਾ ਜਨਮ ਸਮੇਂ ਆਪਣੇ ਗੁਰੂ ਨਾਲ ਲੜਦੀ, ਝਗੜਦੀ ਹੁੰਦੀ ਸੀ। ਗੁਰੂ ਨੇ ਉਸ ਨੂੰ ਪ੍ਰੇਤ ਬਣਨ ਦਾ ਸਰਾਪ ਦੇ ਦਿੱਤਾ ਤੇ ਉਸ ਨੂੰ ਪ੍ਰੇਤ ਜੂਨੀ ਮਿਲੀ। ਇਕ ਦਿਨ ਸੰਤ ਜਵਾਲਾ ਸਿੰਘ ਜੀ ਦੋ ਸਿੰਘਾਂ ਸੇਵਕਾਂ ਸਣੇ ਜੰਗਲ ਵਿਚੋਂ ਜਾ ਰਹੇ ਸਨ ਤਾਂ ਉਹ ਪ੍ਰੇਤ ਰੂਹ ਲੱਗੀ ਰੋੜ, ਕੰਕਰ ਫੈਂਕਣ। ਜਦ ਕੋਈ ਪੇਸ਼ ਨਾ ਗਈ ਤਾਂ ਅਖ਼ੀਰ ਸੰਤਾਂ ਦੇ ਚਰਨੀਂ ਢਹਿ ਪਈ ਤੇ ਲੱਗੀ ਉਧਾਰ ਦਾ ਵਾਸਤਾ ਪਾਉਣ। ਸੰਤ ਦਿਆਲੂ ਹੁੰਦੇ ਹਨ, ਸੰਤਾਂ ਨੇ ਉਸ ਪ੍ਰੇਮ ਰੂਹ ਨੂੰ ਆਪਣੇ ਅੱਗੇ ਬਿਠਾਕੇ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ। ਪਾਠ ਦੀ ਸਮਾਪਤੀ ਤੇ ਪ੍ਰੇਤ ਰੂਹ ਤੇ ਗੜ੍ਹਵੇ ਵਿਚੋਂ ਅੰਮਿ੍ਤ ਰੂਪ ਜਲ ਦੇ ਛਿੱਟੇ ਮਾਰੇ ਤੇ ਉਹ ਪ੍ਰੇਤ ਰੂਹ ਪ੍ਰੇਤ ਜੂਨ ਤੋਂ ਛੁਟਕੇ ਦੇਵਤਾ ਲੋਕ ਨੂੰ ਗਈ। ਇਸ ਤਰ੍ਹਾਂ ਸੰਤਾਂ ਨੇ ਅਨੇਕਾਂ ਰੂਹਾਂ ਦਾ ਉਧਾਰ ਕੀਤਾ ਤੇ ਕਈਆਂ ਨੂੰ ਪੁੱਤਰ ਵੀ ਬਖਸ਼ੇ। ਗੁਰਮਤਿ ਅਨੁਸਾਰ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਵੀ ਛਕਾਇਆ। ਆਪ ਜੀ ਬਹੁਤ ਸਿਮਰਨ ਅਭਿਆਸੀ ਸਨ। ਆਪ ਜੀ ਮਗਰ ਰਿਧੀਆਂ ਸਿਧੀਆਂ ਮਗਰ ਲੱਗੀਆਂ ਫਿਰਦੀਆਂ ਸਨ। ਸਿੱਖ ਜਗਤ ਅੰਦਰ ਆਪ ਜੀ ਨੂੰ ਕਰੀਬ ਕਰੀਬ ਹਰ ਗੁਰਸਿੱਖ ਜਾਣਦਾ ਹੈ। 

ਸੰਤ ਬਾਬਾ ਹਰੀ ਸਿੰਘ ਜੀ ਮੰਨਣਹਾਣੇ ਵਾਲੇ 

ਪਿੰਡ ਮੋਰਾਂਵਾਲੀ ਦੇ ਲਾਗੇ ਹੀ ਕੁਝ ਮੀਲਾਂ ਤੇ ਗੁਰਦੁਆਰਾ ਮੰਨਣਹਾਣੇ ਦਾ ਸ਼ਸ਼ੋਭਿਤ ਹੈ। ਜੋ ਸੰਤ ਬਾਬਾ ਹਰੀ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਹਰੀ ਸਰ ਦੇ ਨਾਮ ਪਰ ਹੈ। ਆਪ ਜੀ ਬਹੁਤ ਤਪੱਸਵੀ ਮਹਾਪੁਰਸ਼ ਹੋਏ ਹਨ। ਅਨੇਕਾਂ ਪ੍ਰਾਣੀਆਂ ਨੂੰ ਆਪ ਜੀ ਨੇ ਤਾਰਿਆ ਹੈ।ਆਪ ਜੀ ਸਮੁੱਚੀ ਕਾਇਨਾਤ ਨੂੰ ਪਿਆਰ ਕਰਦੇ ਸਨ। ਸਭ ਵਿਚ ਆਪ ਜੀ ਪ੍ਰਭੂ ਦੀ ਜੋਤ ਨੂੰ ਵੇਖਦੇ ਸਨ। ਕਹਿੰਦੇ ਸੱਪ ਵੀ ਆਪ ਜੀ ਦੇ ਚਰਨਾਂ ਵਿਚ ਆਕੇ ਮੱਥਾ ਟੇਕਦੇ ਸਨ। 

ਆਤਮਿਕ ਸ਼ਕਤੀਆਂ ਕਾਰਨ ਆਪਣੇ ਸੇਵਕਾਂ ਨੂੰ ਦੋਸਾਂ ਪ੍ਰਦੇਸਾਂ ਵਿਚ ਵੀ ਦਰਸ਼ਨ ਦੇ ਜਾਂਦੇ ਸਨ। ਕਹਿੰਦੇ ਹਨ ਆਤਮਿਕ ਸ਼ਕਤੀ ਦੇ ਨਾਲ ਸੰਤ ਬਾਬਾ ਹਰੀ ਸਿੰਘ ਜੀ ਦੇ ਪੰਜ ਭੌਤਕ ਸਰੀਰ ਦੇ ਅੰਗ ਵੱਖੋ ਵੱਖ ਹੋ ਜਾਂਦੇ ਸਨ। ਭਾਵ ਲੱਤਾਂ, ਬਾਹਾਂ, ਹੱਥ, ਪੈਰ, ਧੜ ਸਭ ਵੱਖਰੇ ਹੋ ਜਾਂਦੇ ਸਨ। ਜੇ ਕੋਈ ਆਪ ਜੀ ਨੂੰ ਯਾਦ ਕਰਦਾ ਤਾਂ ਆਪ ਜੀ ਉਥੇ ਹੀ ਪ੍ਰਗਟ ਹੋਕੇ ਦਰਸ਼ਨ ਦੇ ਜਾਂਦੇ ਸਨ। ਅੰਤਰਜਾਮੀ ਮਹਾਪੁਰਸ਼ ਸਨ। ਕਹਿੰਦੇ ਜਦ ਬਾਬਾ ਹਰੀ ਸਿੰਘ ਮੰਨਣਹਾਣੇ ਵਾਲਿਆਂ ਨੇ ਸਰੀਰ ਛੱਡਿਆਂ ਤਾਂ ਇਕ ਸੰਤਾਂ ਦੇ ਸੇਵਕ ਧਨੀ ਰਾਮ ਨੇ ਸੋਚਿਆ ਕਿ ਚੰਦਨ ਦੀ ਲਕੜੀ ਦਾ ਬੰਦੋਬਸਤ ਕਰਨਾ ਹੈ, ਕਿਥੋਂ ਕੀਤਾ ਜਾਵੇ, ਤਾਂ ਅਚਾਨਕ ਉਸ ਦੇ ਕੰਨੀਂ ਆਵਾਜ਼ਾਂ ਪਈਆਂ ਕਿ ਤੂੰ ਫਗਵਾੜੇ ਜਾ, ਉਥੇ ਫਲਾਣੇ ਨਾਮ ਦਾ ਜੋ ਬਾਣੀਆਂ ਹੈ, ਉਸ ਦੇ ਪਾਸ 52 ਕਿਲੋ, ਚੰਦਨ ਦੀ ਲੱਕੜੀ ਪਈ ਹੈ, ਅਜੇ ਉਹ ਰਾਤ ਹੀ ਲੈਕੇ ਆਇਆ ਹੈ। ਸੰਤਾਂ ਨੇ ਇਹ ਵੀ ਦੱਸ ਦਿੱਤਾ ਕਿ ਉਸਨੇ ਤੇਰ੍ਹਾਂ ਰੁਪੈ ਕਿਲੋ ਖਰੀਦੀ ਹੈ। ਇਸ ਤਰ੍ਹਾਂ ਇਹ ਕਰਨੀ ਵਾਲੇ ਮਹਾਪੁਰਸ਼ ਮੰਨਣਹਾਣੇ ਹੋਏ ਹਨ। ਇਨ੍ਹਾਂ ਦੇ ਗੁਰਦੁਆਰੇ ਹਰੀਸਰ ਦੀ ਬਹੁਤ ਮਾਣਤਾ ਹੈ, ਨਾਲ ਹੀ ਸਰੋਵਰ ਤੇ ਟਾਵਰ ਬਣਿਆ ਹੋਇਆ ਹੈ। 

ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜ੍ਹੇ ਵਾਲੇ 

ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਹੀ ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜ੍ਹੇ ਵਾਲੇ ਹੋਏ ਹਨ। ਇਕ ਉਜਾੜ ਜਗ੍ਹਾਂ ‘ਤੇ ਆਪ ਜੀ ਨੇ ਸੁੰਦਰ ਗੁਰਦੁਆਰਾ ਬਣਾਇਆ, ਜੋ ਸਿੱਖੀ ਦਾ ਕੇਂਦਰ ਬਣਿਆ ਤੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਕੇ ਆਪ ਜੀ ਨੇ ਗੁਰੂ ਦੇ ਲੜ ਲਾਇਆ। ਜਿਸ ਥਾਂ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਸਨ ਉਸ ਥਾਂ ਨੂੰ ਪਹਿਲਾਂ ਆਪਣੇ ਪਵਿੱਤਰ ਹੱਥਾਂ ਨਾਲ ਧੋਂਦੇ ਸਨ, ਝਾੜੂ ਦੇਂਦੇ ਸਨ। ਆਪ ਖੁਦ ਸੇਵਾ ਕਰਦੇ ਸਨ। ਕਦੇ ਕਦੇ ਹੋਰ ਸੇਵਾਦਾਰ ਵੀ ਆਪ ਜੀ ਦੇ ਸਾਥ ਸੇਵਾ ਕਰਦੇ ਸਨ। ਆਪ ਜੀ ਨੇ ਗੁਰਬਾਣੀ ਦੇ ਵੱਖ ਵੱਖ ਸ਼ਬਦਾਂ ਦੇ ਲੱਖਾਂ ਲੱਖਾਂ ਜਾਪ ਕੀਤੇ ਸਨ। ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ ਪ੍ਰਤੱਖ ਦਰਸ਼ਨ ਵੀ ਦਿੱਤੇ ਸਨ। ਜਦ ਪਾਕਿਸਤਾਨ ਬਣਿਆ ਤਾਂ ਆਪ ਜੀ ਨੇ ਆਪਣੇ ਭਰਾਵਾਂ ਨੂੰ ਆਪ ਦਿੱਤਾ ਸੀ ਕਿ ਸਾਨੂੰ ਅੰਤਰ ਧਿਆਨ ਅਨੁਭਵ ਹੋਇਆ ਹੈ ਕਿ ਮੁਲਖ ਦਾ ਬਟਵਾਰਾ ਹੋਣਾ ਹੈ। ਮਾਰ ਧਾੜ, ਖੂਨ ਖ਼ਰਾਬਾ ਹੋਣਾ ਹੈ। ਜਦ ਕਹਿੰਦੇ ਰਾਮਪੁਰ ਖੇੜੇ ਗੁਰਦੁਆਰਾ ਆਰੰਭ ਹੋਇਆ ਤਾਂ ਭੂਤ, ਪ੍ਰੇਤਾਂ ਤੇ ਕਈ ਭੈੜੀਆਂ ਰੂਹਾਂ ਨੇ ਆਪ ਜੀ ‘ਤੇ ਹਮਲਾ ਕੀਤਾ ਪਰ ਵਾਹਿਗੁਰੂ ਸਿਮਰਨ ਅੱਗੇ ਉਨ੍ਹਾਂ ਦੀ ਪੇਸ਼ ਨਾ ਗਈ ਤੇ ਉਨ੍ਹਾਂ ਨੂੰ ਉਥੋਂ ਜਾਣਾ ਪਿਆ। ਅਖ਼ੀਰ 1982 ਈ. ਨੂੰ ਸਿੱਖ ਧਰਮ ਮੋਰਚੇ ਲਈ ਬਾਬਾ ਜੀ ਨੇ ਗ੍ਰਿਫ਼ਤਾਰੀ ਵੀ ਦਿੱਤੀ। ਬਿਰਧ ਉਮਰ ਸੀ। ਬੀਮਾਰ ਹੋ ਗਏ ਤੇ ਅਖ਼ੀਰ ਆਪ ਜੀ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ। 

ਗੁਰਦੁਆਰਾ ਹਰੀਆਂ ਵੇਲਾਂ: ਮਾਹਿਲਪੁਰ ਦੇ ਲਾਗੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਹਰੀਆਂ ਵੇਲਾਂ ਗੁਰਦੁਆਰਾ ਹੈ। ਗੁਰਦੁਆਰੇ ਅੰਦਰ ਇਸ ਤਰ੍ਹਾਂ ਇਤਿਹਾਸ ਲਿਖਿਆ ਹੋਇਆ ਹੈ ਜੋ ਦਾਸ ਲੇਖਕ ਨੇ ਇਸ ਕਿਤਾਬ ਅੰਦਰ ਦਰਜ਼ ਕੀਤਾ ਹੈ: 

ੴ ਸਤਿਗੁਰੂ ਪ੍ਰਸਾਦਿ॥ 

ਸਤਿਨਾਮ ਵਾਹਿਗੁਰੂ 

ਪਵਿੱਤਰ ਇਤਿਹਾਸਕ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ 

“ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ॥”     ਗੁਰਦੁਆਰਾ ਸਾਹਿਬ ਹਰੀਆਂ ਵੇਲਾਂ ਉਹ ਪਵਿੱਤਰ ਅਸਥਾਨ ਹੈ ਜਿੱਥੇ ਸਤਿਗੁਰੂ ਜੀ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਨੇ ਪੰਜਾਬ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਸ੍ਰੀ ਕੀਰਤਪੁਰ ਸਾਹਿਬ ਤੋਂ ਚਲਕੇ ਆਪਣੇ ਮਹਿਲਾਂ ਅਤੇ 2200 ਘੋੜ ਸਵਾਰ ਸੈਨਾ ਸਮੇਤ 1851 ਈ. ਸੰਮਤ 1708 ਬਿਕ੍ਰਮੀ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਦੀ ਛੋਹ ਦੁਆਰਾ ਇਸ ਪਾਵਨ ਅਸਥਾਨ ਨੂੰ ਰਮਣੀਕ ਬਣਾਇਆ ਸੀ। ਸਤਿਗੁਰੂ ਜੀ ਇਸ ਜਗ੍ਹਾ ਤੇ ਤਿੰਨ ਦਿਨ ਰਹੇ। ਆਪ ਜੀ ਨੇ ਬਾਬਾ ਪਰਜਾ ਪਤਿ ਜੀ ਦੇ ਅਥਾਹ ਪ੍ਰੇਮ ਨੂੰ ਦੇਖਕੇ ਉਸ ਦੇ ਘਰ ਨੂੰ ਭਾਗ ਲਾਏ। ਜਿਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਥੇ ਬਾਬਾ ਜੀ ਦਾ ਘਰ ਸੀ। ਮਹਾਰਾਜ ਦੇ ਆਉਣ ਨੂੰ ਸੁਣਕੇ ਸਭ ਸੰਗਤਾਂ ਇਕੱਤਰ ਹੋ ਗਈਆਂ। ਬਖ਼ਸ਼ਸਾਂ ਦੇ ਭੰਡਾਰ ਨੂਰੀ ਜੋਤਿ ਦੇ ਅਗੰਮੀ ਨਾਦ ਸ਼ਬਦਾਂ ਦੀ ਧੁੰਨ ਨੇ ਅੰਧੇਰੇ ਜਗਤ ਨੂੰ ਇਕ ਦਮ ਜਗਮਗਾ ਦਿੱਤਾ। ਰੱਬ ਦੇ ਪਿਆਰ ਵਾਲੇ ਭੌਰੇ ਗੁਰੂ ਜੀ ਦੇ ਪਵਿੱਤਰ ਚਰਨਾਂ ਤੋਂ ਨਿਛਾਵਰ ਹੋਣ ਲਈ ਉਮੜ ਪਏ। ਸਤਿਗੁਰੂ ਜੀ ਦੋਨੋਂ ਵਖ਼ਤ ਸਵੇਰੇ ਸ਼ਾਮ ਧਾਰਮਿਕ ਦੀਵਾਨ ਸਜਾਂਦੇ, ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਰਹੋ। ਸਭ ਸਿੱਖ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕੀਤੀਆਂ। ਬਾਬਾ ਪਰਜਾਪਤਿ ਨੇ ਸਤਿਗੁਰੂ ਜੀ ਦੇ ਘੋੜੇ ਨੂੰ ਜੜ੍ਹਾਂ ਪੁੱਟਕੇ ਵੇਲਾ ਪਾਈਆਂ, ਵੇਲਾਂ ਛੱਕ ਕੇ ਘੋੜਾ ਬਹੁਤ ਖੁਸ਼ ਹੋਇਆ। ਮਹਾਰਾਜ ਜੀ ਨੇ ਆਪਣੇ ਘੋੜੇ ਵਲ ਤੱਕਿਆ ਤਾਂ ਘੋੜਾ ਹਸਮੁੱਖ ਦਿਸ ਰਿਹਾ ਸੀ। ਸਤਿਗੁਰੂ ਜੀ ਨੇ ਕਿਹਾ ਬਾਬਾ ਜੀ ਤੁਸਾਂ ਨੇ ਸਾਡੇ ਘੋੜੇ ਨੂੰ ਕੀ ਖੁਆਇਆ ਹੈ। ਇਹ ਬੜਾ ਖੁਸ਼ ਹੋ ਰਿਹਾ ਹੈ? ਬਾਬਾ ਜੀ ਨੇ ਕਿਹਾ ਮਹਾਰਾਜ ਮੈਂ ਗਰੀਬ ਨੇ ਆਪ ਦੇ ਘੋੜੇ ਨੂੰ ਕੀ ਪਾਉਣਾ ਹੈ। ਇਹ ਮਹਾਰਾਜ ਮੇਰੇ ਵੇਹੜੇ ਵਿਚ ਵੇਲਾਂ ਸਨ। ਇਹੋ ਜੜ੍ਹਾਂ ਤੋਂ ਪੁੱਟ ਕੇ ਪਾ ਦਿੱਤੀਆਂ ਹਨ। ਸਤਿਗੁਰੂ ਜੀ ਨੇ ਕਿਹਾ ਆਪ ਨੇ ਸਾਡੇ ਘੋੜੇ ਦੀ ਬਹੁਤ ਸੇਵਾ ਕੀਤੀ ਹੈ। ਇਹ ਵੇਲਾਂ ਤੇਰੇ ਘਰ ਦੀਆਂ ਇਸ ਲੋਕ ਸਦਾ ਹੀ ਹਰੀਆਂ ਭਰੀਆਂ ਰਹਿਣਗੀਆਂ ਤੇ ਪਰਲੋਕ ਵਿਚ ਵੀ ਸਦਾ ਸੁਖੀ ਹੀ ਹਰੀਆਂ ਭਰੀਆਂ ਰਹਿਣਗੀਆਂ।ਉਹ ਵੇਲਾਂ ਅੱਜ ਤਕ ਹਰੀਆਂ ਦਿਸ ਰਹੀਆਂ ਹਨ। ਜਿਸ ਖਜੂਰ ਦੇ ਦਰਖ਼ਤ ਨਾਲ ਮਹਾਰਾਜ ਜੀ ਦਾ ਘੋੜਾ ਬੰਨ੍ਹਿਆ ਸੀ, ਉਹ ਖਜੂਰ ਦਾ ਦਰਖ਼ਤ ਨਿਸ਼ਾਨ ਸਾਹਿਬ ਦੇ ਬਿਲਕੁਲ ਨਜ਼ਦੀਕ ਬਸ਼ੋਭਿਤ ਹੋ ਰਿਹਾ ਹੈ। ਜਦੋਂ ਮਹਾਰਾਜ ਜੀ ਇਥੇ ਆਏ ਸਨ, ਆਲੇ ਦੁਆਲੇ ਕਿਤੇ ਜਲ ਨਹੀਂ ਸੀ। ਜਲ ਦੀ ਘਾਟ ਨੂੰ ਵੇਖਕੇ ਗੁਰਦੁਆਰਾ ਸਾਹਿਬ ਤੋਂ ਇਕ ਫਰਲਾਂਗ ਚੜ੍ਹਦੀ ਵੱਲ ਦਿਸ਼ਾ ਤੇ ਆਪਣੇ ਕਰ ਕਮਲਾਂ ਨਾਲ ਧਰਤੀ ਵਿਚ ਤੀਰ ਮਾਰ ਕੇ ਜਲ ਦਾ ਸੋਮਾ ਵਗਾਇਆ। ਸਭ ਸੰਗਤਾਂ ਅਤੇ ਘੋੜਿਆਂ ਨੇ ਜਲ ਛਕਿਆ। ਸਤਿਗੁਰੂ ਜੀ ਨੇ ਮੇਰ ਦੀ ਨਿਗਾਹ ਕਰਕੇ ਵਰ ਦਿੱਤਾ ਕਿ ਜੋ ਵੀ ਪ੍ਰੇਮੀ ਸ਼ਰਧਾ ਧਾਰਕੇ ਇਸ ਪਵਿੱਤਰ ਸੋਮੇ ਵਿਚ ਇਸ਼ਨਾਨ ਕਰੇਗਾ, ਉਸ ਦੀਆਂ ਸਭ ਮਨੋਕਾਮਨਾਂ ਪੂਰਨ ਹੋਣਗੀਆਂ ਅਤੇ ਉਸ ਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਮੋਤੀਆਂ ਵਾਂਗ ਚਮਕ ਉਠੇਗਾ। ਉਸ ਦੀਆਂ ਸੁੱਕੀਆਂ ਵੇਲਾਂ ਹਰੀਆਂ ਹੋਣਗੀਆਂ। ਸਭ ਸੰਗਤਾਂ ਸੈਂਕੜੇ ਹਜ਼ਾਰਾਂ ਮੀਲ ਤੋਂ ਚਲਕੇ ਮੋਤੀ ਸਰੋਵਰ ਵਿਚ ਮੱਸਿਆ ਸੰਗਰਾਂਦ ਅਤੇ ਹਰ ਐਤਵਾਰ ਨੂੰ ਪ੍ਰੇਮ ਨਾਲ ਇਸ਼ਨਾਨ ਕਰਕੇ ਆਪਣਾ ਤਨ ਮਨ ਪਵਿੱਤਰ ਕਰਦੀਆਂ ਹਨ। ਇਸੇ ਹੀ ਪਵਿੱਤਰ ਅਸਥਾਨ ਤੇ ਕਲਗੀਧਰ ਜੀ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸੌ ਸਿੰਘਾਂ ਦੇ ਜਥੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਹਿਲਪੁਰ ਸ਼ਹੀਦਾਂ ਲੱਧੇਵਾਲ ਅਤੇ ਚੁਖੇਡੀ ਸਾਹਿਬ ਬਜ਼ਰੋਰ ਤੋਂ ਹੁੰਦੇ ਹੋਏ ਆਪ ਜੀ 1760 ਬਿਕ੍ਰਮੀ ਨੂੰ ਦੇਵੀ ਦਾਸ ਬ੍ਰਾਹਮਣ ਦੀ ਇਸਤ੍ਰੀ ਜਾਬਰ ਖਾਂ ਪਠਾਣ ਤੋਂ ਛੁਡਾਉਣ ਲਈ ਪੁੱਜੇ ਸਨ। ਦੱਖਣ ਦੀ ਦਿਸ਼ਾ ਗੁਰਦੁਆਰਾ ਸਾਹਿਬ ਜੋ ਨਿਸ਼ਾਨ ਸਾਹਿਬ ਲੱਗਾ ਹੈ ਜਿਥੇ ਬਾਬਾ ਅਜੀਤ ਸਿੰਘ ਜੀ ਆ ਕੇ ਬੈਠੇ ਸਨ । ਜਾਬਰ ਖਾਂ ਨਾਲ ਭਾਰੀ ਲੜਾਈ ਹੋਈ, ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋਏ, ਜਿਨ੍ਹਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਕੀਤਾ ਗਿਆ। ਜਾਬਰ ਖਾਂ ਨੂੰ ਪਕੜ ਕੇ ਸ੍ਰੀ ਅਨੰਦਪੁਰ ਸਹਿਨਸ਼ਾਹ ਦੇ ਦਰਬਾਰ ਵਿਚ ਪੇਸ਼ ਕੀਤਾ ਅਤੇ ਧਰਤੀ ਵਿਚ ਗਡਵਾ ਕੇ ਤੀਰਾਂ ਨਾਲ ਮਰਵਾ ਦਿੱਤਾ। ਇਸ ਅਸਥਾਨ ਤੇ ਪਹੁੰਚ ਕੇ ਬਾਬਾ ਅਜੀਤ ਸਿੰਘ ਨੇ ਮਹਾਨ ਪਰਉਪਕਾਰ ਕੀਤਾ। ਇਸ ਗੁਰਦੁਆਰੇ ਦੀ ਸੇਵਾ ਸੰਤ ਬਾਬਾ ਨਿਹਾਲ ਸਿੰਘ ਨਿਹੰਗ ਸਿੰਘ ਜੀ ਕਰਵਾ ਰਹੇ ਹਨ। ਇਹ ਪਵਿੱਤਰ ਅਸਥਾਨ ਭਾਰਤ ਦੇ ਸਿੱਖ ਇਤਿਹਾਸ ਵਿਚ ਬੜਾ ਉੱਘਾ ਅਤੇ ਗੁਰਮਤਿ ਪ੍ਰਚਾਰ ਦਾ ਮਹਾਨ ਸਿੱਖ ਕੇਂਦਰ ਹੈ। 

ਇਤਿਹਾਸਕ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ 

ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਦਾ ਇਕ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਚ ਬਣਿਆ ਹੋਇਆ ਹੈ। ਗੁਰਦੁਆਰੇ ਅੰਦਰ ਸੰਖੇਪ ਇਤਿਹਾਸ ਇਸ ਤਰ੍ਹਾਂ ਲਿਖਿਆ ਹੋਇਆ ਹੈ: ਇਹ ਗੁਰਦੁਆਰਾ ਸਾਹਿਬ ਬਾਬਾ ਅਜੀਤ ਸਿੰਘ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਇਤਿਹਾਸਕ ਪ੍ਰਮਾਣਾਂ ਤੋਂ ਪਤਾ ਲੱਗਿਆ ਹੈ ਕਿ ਬਸੀਆਂ ਦਾ ਮਾਲਕ ਹਾਕਮ ਜਾਬਰ ਖਾਂ ਇਸ ਇਲਾਕੇ ਦੇ ਹਿੰਦੂਆਂ ਤੇ ਕਈ ਪ੍ਰਕਾਰ ਦਾ ਜਬਰ ਅਤੇ ਜ਼ੁਲਮ ਕਰਦਾ ਸੀ ਅਤੇ ਜਬਰਨ ਲੜਕੀਆਂ ਦੇ ਡੋਲੇ ਖੋਹ ਕੇ ਬੇਇੱਜਤੀ ਕਰਦਾ ਸੀ। ਇਸੇ ਪ੍ਰਕਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੇਜੋਂ ਸ਼ਹਿਰ ਦੇ ਗਰੀਬ ਬ੍ਰਾਹਮਣ ਦੇਵੀ ਦਾਸ ਦੀ ਧਰਮ ਪਤਨੀ ਦਾ ਡੋਲਾ ਹਾਕਮ ਜਾਬਰ ਖਾਂ ਨੇ ਉਸ ਪਾਸੋਂ ਖੋਹ ਕੇ ਆਪਣੇ ਮਹਿਲੀਂ ਲੈ ਆਂਦਾ। ਦੁਖੀ ਹਿਰਦੇ ਨਾਲ ਵਿਚਾਰਾ ਬ੍ਰਾਹਮਣ ਜੇਜੋਂ ਦੇ ਧਾਰਮਿਕ ਆਗੂਆਂ ਤੇ ਕਾਜ਼ੀਆਂ ਪਾਸ ਜਾਕੇ ਰੋਇਆ ਪਰ ਕਿਤੇ ਵੀ ਉਸ ਦੀ ਸੁਣਵਾਈ ਨਾ ਹੋਈ, ਅਖੀਰ ਸਭ ਪਾਸਿਆਂ ਤੋਂ ਨਿਰਾਸ਼ ਹੋ ਕੇ ਦੇਵੀ ਦਾਸ ਦਸਵੀਂ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਫਰਿਆਦੀ ਹੋਇਆ। ਕਲਗੀਧਰ ਪਾਤਸ਼ਾਹ ਜੀ ਨੇ ਦੇਵੀ ਦਾਸ ਦੀ ਦੁਖ ਭਰੀ ਵਾਰਤਾ ਸੁਣਕੇ ਬਾਬਾ ਅਜੀਤ ਸਿੰਘ ਨੂੰ ਫ਼ੌਜ ਦੇ ਕੇ ਜਾਬਰ ਖਾਂ ਨੂੰ ਸੋਧਣ ਲਈ ਭੇਜਿਆ। ਸ਼ਾਮ ਦੇ ਵਕਤ ਸਾਹਿਬਜਾਦਾ ਬਾਬਾ ਅਜੀਤ ਸਿੰਘ ਨੇ ਆਪਣੇ ਜਥੇ ਸਮੇਤ ਉਸ ਬਸੀ ਤੇ ਹਮਲਾ ਕੀਤਾ, ਜਿਥੇ ਜਾਬਰ ਖਾਂ ਬੈਠਾ ਹੋਇਆ ਸੀ। ਇਸ ਘਮਸਾਣ ਦੀ ਜੰਗ ਮਗਰੋਂ ਜ਼ਖ਼ਮੀ ਹਾਲਤ ਵਿਚ ਜਾਬਰ ਖਾਂ ਨੂੰ ਬੰਨ੍ਹ ਲਿਆ ਗਿਆ ਅਤੇ ਨਾਲ ਹੀ ਦੇਵੀ ਦਾਸ ਦੀ ਧਰਮ ਪਤਨੀ ਨੂੰ ਕੁਝ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਭੇਜ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦਾਸ ਦੀ ਧਰਮ ਪਤਨੀ ਨੂੰ ਦੇਵੀ ਦਾਸ ਦੇ ਨਾਲ ਉਸ ਦੇ ਘਰ ਭੇਜ ਦਿੱਤਾ। ਸਾਹਿਬਜਾਦਾ ਅਜੀਤ ਸਿੰਘ ਜ਼ਖ਼ਮੀ ਸਿੰਘਾਂ ਦੀ ਸੰਭਾਲ ਕਰਦੇ ਹੋਏ, ਸੋਮਵਾਰ ਸ਼ਾਮ ਨੂੰ ਇਸ ਪਵਿੱਤਰ ਅਸਥਾਨ ਤੇ ਪਹੁੰਚੇ, ਜਿਥੇ ਗੁਰਦੁਆਰਾ ਸ਼ਹੀਦਾਂ ਲੱਧੇਕਾਵਲ ਮਾਹਿਲਪੁਰ ਸਥਿਤ ਹੈ। ਜ਼ਖ਼ਮੀ ਸਿੰਘਾਂ ਵਿਚੋਂ ਕੁਝ ਸਿੰਘ ਇਥੇ ਰਾਤ ਸ਼ਹੀਦ ਹੋ ਗਏ। ਉਨ੍ਹਾਂ ਦਾ ਸੰਸਕਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਆਪਣੇ ਹੱਥੀਂ ਮੰਗਲਵਾਰ ਸਵੇਰੇ ਕੀਤਾ। ਸੰਸਕਾਰ ਕਰਨ ਉਪਰੰਤ ਸਾਹਿਬਜਾਦਾ ਬਾਬਾ ਅਜੀਤ ਸਿੰਘ ਨੇ ਆਪਣੇ ਬਾਕੀ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਸਾਹਿਬਜਾਦਾ ਅਜੀਤ ਸਿੰਘ ਅਤੇ ਸਿੰਘਾਂ ਸ਼ਹੀਦਾਂ ਦੀ ਯਾਦ ਵਿਚ ਇਥੇ ਹਰ ਮੰਗਲਵਾਰ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਸੰਗਤਾਂ ਦੂਰੋਂ ਦੂਰੋਂ ਆਕੇ ਗੁਰੂ ਘਰ ਦੀਆਂ ਬਰਕਤਾਂ ਹਾਸਲ ਕਰਦੀਆਂ ਹਨ। ਇਹ ਸੰਤੋਖ ਇਤਿਹਾਸ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਦਾ ਹੈ ਜੋ ਗੁਰਦੁਆਰੇ ਅੰਦਰ ਲਿਖਿਆ ਹੋਇਆ ਹੈ। 

ਨੋਟ: ਦੇਖੋ ਸਿੱਖਾਂ ਦਾ ਉੱਚਾ ਸੁੱਚਾ ਕਰੈਕਟਰ, ਜਦ ਦੇਵੀ ਦਾਸ ਦੀ ਪਤਨੀ ਦਾ ਡੋਲਾ ਜਾਬਰ ਖਾਂ ਖੋਹ ਕੇ ਲੈ ਗਿਆ ਤਾਂ ਉਸ ਸਮੇਂ ਕਿਸੇ ਨੇ ਮਦਦ ਨਹੀਂ ਕੀਤੀ। ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਰਾਹੀਂ ਜਥਾ ਭੇਜਕੇ ਕੀਤੀ। ਇਤਿਹਾਸ ਗਵਾਹ ਹੈ ਜਦ ਮੁਗਲ ਭਾਰਤ ਵਿਚੋਂ ਸੈਂਕੜੇ ਇਸਤ੍ਰੀਆਂ ਨੂੰ ਫੜਕੇ ਕਾਬਲ, ਕੰਧਾਰ ਵਲ ਲੈ ਜਾਂਦੇ ਸਨ ਤੇ ਟੱਕੇ ਟੱਕੇ ਨੂੰ ਉਥੋਂ ਦੇ ਬਜ਼ਾਰਾਂ ਵਿਚ ਵੇਚ ਦੇਂਦੇ ਸਨ। ਤਦ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਜਰਨੈਲ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗੇ ਬਹਾਦਰ ਜੋਧਿਆਂ ਨੇ ਉਨ੍ਹਾਂ ਮੁਗਲਾਂ ਦਾ ਮੂੰਹ ਤੋੜਿਆ। ਦਰਿਆ ਖ਼ੈਬਰ ਜਿਸ ਰਾਹੀਂ ਜਾਲਮ ਹਿੰਦੋਸਤਾਨ ਅੰਦਰ ਆਉਂਦੇ ਸਨ ਉਹ ਰਾਹ ਹੀ ਬੰਦ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਸਮੇਂ ਅੰਦਰ ਵੀ ਭੁੱਲੜ ਲੋਕ ਚਾਹੇ ਹਿੰਦੂ ਸਨ ਜਾਂ ਮੁਸਲਮਾਨ ਉਹ ਇਸਤ੍ਰੀ ਜਾਤ ਨੂੰ ਭੰਡਦੇ ਸਨ। ਪੈਰ ਦੀ ਜੁੱਤੀ ਤਕ ਕਿਹਾ ਜਾਂਦਾ, ਜੇ ਪਤੀ ਮਰ ਜਾਏ ਤਾਂ ਇਸਤ੍ਰੀ ਨੂੰ ਪਤੀ ਨਾਲ ਜਿਉਂਦਿਆਂ ਚਿੱਖਾ ‘ਤੇ ਸੜਨਾ ਪੈਂਦਾ ਸੀ। ਦਾਜ ਖਾਤਰ ਅੱਜ ਵੀ ਇਸਤ੍ਰੀ ਨੂੰ ਛੱਡ ਦਿੱਤਾ ਜਾਂਦਾ ਹੈ। ਮਿੱਟੀ ਦਾ ਤੇਲ ਪਾਕੇ ਸਾੜ੍ਹ ਦਿੱਤਾ ਜਾਂਦਾ ਹੈ । ਹੁਣ ਤਾਂ ਜੇ ਮਾਂ ਦੇ ਗਰਭ ਵਿਚ ਹੀ ਪਤਾ ਲੱਗ ਜਾਏ ਕਿ ਲੜਕੀ ਹੈ ਤਾਂ ਗਰਭਪਾਤ ਕਰਵਾ ਦਿੱਤਾ ਜਾਂਦਾ ਹੈ। ਗੁਰਮਤਿ ਇਸਤ੍ਰੀ ਦਾ ਸਤਿਕਾਰ ਕਰਦੀ ਹੈ। ਇਸਤ੍ਰੀ ਮਾਂ ਵੀ ਹੈ, ਭੈਣ ਵੀ ਹੈ, ਪੁੱਤਰੀ ਵੀ ਹੈ ਤੇ ਪਤਨੀ ਵੀ ਹੈ। ਕਿਤਨੇ ਰਿਸ਼ਤੇ ਪਾਲਦੀ ਹੈ। ਇਹ ਸਭ ਰਿਸ਼ਤੇ ਇਸਤੀ ਪਿਆਰ ਨਾਲ ਨਿਭਾਉਂਦੀ ਹੈ। ਇਸਤ੍ਰੀ ਬਿਨਾ ਬੰਸ਼ ਦਾ ਫੈਲਾਉ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। 

ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ॥ 

ਭਾਵ ਉਸ ਔਰਤ ਨੂੰ ਕਿਉਂ ਮੰਦਾ ਆਖੀਐ ਜਿਹੜੀ ਰਾਜਿਆਂ ਨੂੰ ਵੀ ਜਨਮ ਦਿੰਦੀ ਹੈ। 

ਇਤਿਹਾਸਕ ਗੁਰਦੁਆਰਾ ਅਕਾਲ ਗੜ੍ਹ ਸਾਹਿਬ 

ਪਿੰਡ ਮੋਰਾਂਵਾਲੀ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਸ਼ਸ਼ੋਭਿਤ ਹੈ।    ਇਥੇ ਪੂਰਨਮਾਸ਼ੀ ਦਾ ਮੇਲਾ ਲੱਗਦਾ ਹੈ। ਜਦੋਂ ਪਿੰਡ ਮੋਰਾਂਵਾਲੀ ਨਵੇ ਥਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੱਸਿਆ ਸੀ ਤਾਂ ਸਾਰਾ ਹੀ ਪਿੰਡ ਕਰੀਬ ਕਰੀਬ ਇਥੇ ਮੇਲਾ ਵੇਖਣ ਆਉਂਦਾ ਸੀ। ਇਸ ਗੁਰਦੁਆਰੇ ਦਾ ਇਤਿਹਾਸ ਵੀ ਗੁਰ ਇਤਿਹਾਸ ਨਾਲ ਜੁੜਿਆ ਹੋਇਆ ਹੈ ਤੇ ਪਿੰਡ ਮੋਰਾਂਵਾਲੀ ਸਿੱਖਾਂ ਦਾ ਪਿੰਡ ਹੋਣ ਕਾਰਨ ਸੁਭਾਵਿਕ ਹੀ ਸਿੱਖ ਇਸ ਗੁਰਦੁਆਰੇ ਨਾਲ ਜੁੜ ਗਏ। ਗੁਰਦੁਆਰਾ ਅਕਾਲ ਗੜ੍ਹ ਸਾਹਿਬ ਦਾ ਸੰਖੇਪ ਇਤਿਹਾਸ ਇਸ ਤਰ੍ਹਾਂ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਸੀਆ ਦੇ ਸੂਬੇਦਾਰ ਜ਼ਾਬਰ ਖਾਂ ਨੇ ਬਹੁਤ ਭ੍ਰਸ਼ਟਾਚਾਰ ਫੈਲਾਇਆ ਹੋਇਆ ਸੀ । ਜਦੋਂ ਕੋਈ ਵਿਆਹ ਕਰਵਾਉਂਦਾ ਸੀ ਤਾਂ ਉਹ ਡੋਲਾ ਰੱਖ ਲੈਂਦਾ ਸੀ। (ਨੋਟ: ਇਸ ਗੁਰਦੁਆਰੇ ਦਾ ਇਤਿਹਾਸ ਸ਼ਹੀਦੀ ਗੁਰਦੁਆਰਾ ਮਾਹਿਲਪੁਰ ਦੇ ਗੁਰਦੁਆਰੇ ਨਾਲ ਸਬੰਧਤ ਹੈ)। ਜ਼ਾਬਰ ਖਾਂ ਦੀ ਤਾਕਤ ਅੱਗੇ ਲੋਕਾਂ ਦੀ ਕੋਈ ਪੇਸ਼ ਨਾ ਜਾਂਦੀ। ਇਤਿਹਾਸ ਦੱਸਦਾ ਹੈ ਕਿ ਦੇਵੀਦਾਸ ਅੱਣਖ ਵਾਲਾ ਇਕ ਬ੍ਰਾਹਮਣਾਂ ਦਾ ਲੜਕਾ ਸੀ। ਉਹ ਕਹਿੰਦਾ ਮੈਂ ਆਪਣਾ ਡੋਲਾ ਜ਼ਾਬਰ ਖ਼ਾਂ ਨੂੰ ਨਹੀਂ ਲਿਜਾਣ ਦੇਣਾ। ਕਹਿੰਦੇ ਹਨ ਦੇਵੀ ਦਾਸ ਦਾ ਵਿਆਹ ਹੋਇਆ ਪਰ ਜ਼ਾਬਰ ਖਾਂ ਆਪਣੀ ਤਾਕਤ ਨਾਲ ਡੋਲਾ ਖੋਹ ਕੇ ਲੈ ਗਿਆ। ਦੇਵੀ ਦਾਸ ਜੇਜੋਂ ਦੇ ਰਹਿਣ ਵਾਲਾ ਸੀ। ਉਹ ਉਥੋਂ ਦੇ ਹਿੰਦੂ ਧਰਮ ਦੇ ਆਗੂਆਂ ਅਤੇ ਮੁਸਲਮਾਨਾਂ ਦੇ ਕਾਜ਼ੀਆਂ ਅੱਗੇ ਪਿੱਟਿਆ ਪਰ ਕਿਸੇ ਨੇ ਮਦਦ ਨਾਲ ਕੀਤੀ। ਅਖ਼ੀਰ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਪੁੱਜਾ। ਗੁਰੂ ਜੀ ਨੇ ਉਸ ਦੁਖੀਏ ਬ੍ਰਾਹਮਣ ਦੀ ਫ਼ਰਿਆਦ ਸੁਣੀ । ਬਾਬਾ ਅਜੀਤ ਸਿੰਘ ਨੂੰ 100 ਸਿੰਘਾਂ ਦਾ ਜਥਾ ਦੇਕੇ ਜ਼ਾਬਰ ਖਾਂ ਨੂੰ ਸੋਧਣ ਲਈ ਭੇਜਿਆ। ਡੋਲਾ ਵਾਪਸ ਜ਼ਾਬਰ ਖਾਂ ਤੋਂ ਵਾਪਸ ਲਿਆਂਦਾ ਤੇ ਜ਼ਾਬਰ ਖਾਂ ਨੂੰ ਪਕੜ ਕੇ ਬੰਨ੍ਹ ਕੇ ਆਨੰਦਪੁਰ ਸਾਹਿਬ ਨੂੰ ਲਿਆਂਦਾ ਗਿਆ। ਜ਼ਾਬਰ ਖਾਂ ਦੀ ਮਦਦ ਲਈ ਉਸ ਦਾ ਸਾਲਾ ਬਹੇੜਾ ਕੁਝ ਫ਼ੌਜ ਇਕੱਠੀ ਕਰਕੇ ਸਿੰਘਾਂ ਦਾ ਪਿੱਛਾਂ ਕਰਨ ਲੱਗਾ। ਪਹਿਲਾਂ ਅਕਾਲਗੜ੍ਹ ਸਾਹਿਬ ਦਾ ਪੁਰਾਣਾ ਨਾਮ (ਭਰਤਗੜ੍ਹ) ਸੀ। ਇਸ ਥਾਂ ਤੇ ਪੱਦੀ ਸੂਰਾ ਸਿੰਘ ਪਿੰਡ ਤੋਂ ਹੁੰਦੇ ਹੋਏ ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੀ ਆਏ ਸਨ । ਬਾਬਾ ਅਜੀਤ ਸਿੰਘ ਵੀ ਜ਼ਾਬਰ ਖਾਂ ਨੂੰ ਸੋਧਕੇ ਆਪਣੇ ਜਥੇ ਸਮੇਤ ਜਦ ਮਾਹਿਲਪੁਰ ਤੋਂ ਹੁੰਦਾ ਹੋਇਆ ਇਸ ਥਾਂ ਅਕਾਲਗੜ੍ਹ ਸਾਹਿਬ ਪਹੁੰਚਾ ਤਾਂ ਇਥੇ ਜ਼ਾਬਰ ਖਾਂ ਦਾ ਸਾਲਾ ਬਹੇੜਾਂ ਵੀ ਆਪਣੀ ਸੈਨਾ ਲੈਕੇ ਬਾਬਾ ਅਜੀਤ ਸਿੰਘ ਦਾ ਟਾਕਰਾ ਕਰਨ ਲਈ ਆ ਪਹੁੰਚਾ। ਬਾਬਾ ਅਜੀਤ ਸਿੰਘ ਤੇ ਸਿੰਘਾਂ ਨੇ ਡੱਟਕੇ ਮੁਕਾਬਲਾ ਕੀਤਾ। ਬਹੇੜੇ ਦੇ ਕਈ ਬੰਦੇ ਮਾਰੇ ਗਏ ਤੇ ਸਿੱਖਾਂ ਦੇ ਵੀ 5 ਸਿੰਘ ਤੇ ਇਕ ਮੁਸਲਮਾਨ ਪੀਰ ਸਾਈਂ ਸਿੱਖਾਂ ਦਾ ਮਦਦਗਾਰ ਸ਼ਹੀਦ ਹੋਇਆ। ਇਸ ਅਕਾਲਗੜ੍ਹ ਸਾਹਿਬ ਦੇ ਗੁਰਦੁਆਰੇ ਪੂਰਨਮਾਸ਼ੀ ਮਨਾਈ ਜਾਂਦੀ ਹੈ ਤੇ ਸਾਲਾਨਾ ਗੁਰੂ ਹਰਿਗੋਬਿੰਦ ਸਾਹਿਬ ਗੁਰਗੱਦੀ ਦਿਵਸ ਮਨਾਇਆ ਜਾਂਦਾ ਹੈ। ਉਪਰੋਕਤ ਗੁਰਦੁਆਰੇ ਦੇ ਇਤਿਹਾਸ ਦੀ ਜਾਣਕਾਰੀ ਗੁਰਦੁਆਰੇ ਸਾਹਿਬ ਦੇ ਮੁਖ ਸੇਵਾਦਾਰ ਸ. ਅਜੀਤ ਸਿੰਘ ਨੇ ਦਿੱਤੀ। ਇਸ ਗੁਰਦੁਆਰੇ ਨਾਲ ਪਿੰਡ ਮੋਰਾਂਵਾਲੀ ਦੇ ਨਿਵਾਸੀਆਂ ਦਾ ਬਹੁਤ ਸਨੇਹ ਰਿਹਾ ਹੈ। ਦਾਸ ਲੇਖਕ ਵੀ ਛੋਟਾ ਹੁੰਦਾ ਇਸ ਗੁਰਦੁਆਰੇ ਪੂਰਨਮਾਸ਼ੀ ਦਾ ਮੇਲਾ ਵੇਖਣ ਜਾਂਦਾ ਰਿਹਾ ਹੈ। ਪਿੰਡ ਮੋਰਾਂਵਾਲੀ ਤੋਂ ਕੋਈ 2 ਕਿਲੋਮੀਟਰ ਤੇ ਹੋਵੇਗਾ। 

ਭਾਈ ਤਿਲਕੂ ਜੀ ਦਾ ਗੁਰਦੁਆਰਾ: 

ਗੁਰੂ ਅਰਜਨ ਦੇਵ ਜੀ ਦਾ ਇਕ ਸਿੱਖ ਭਾਈ ਤਿਲਕੁ ਜੀ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਰਿਹਾ ਕਰਦਾ ਸੀ। ਗੜ੍ਹਸ਼ੰਕਰ ਵਿਖੇ ਹੀ ਇਕ ਮਹੇਸ਼ ਯੋਗੀ ਰਿਹਾ ਕਰਦਾ ਸੀ। ਉਸ ਨੇ ਬਹੁਤ ਤਪ ਕੀਤੇ, ਪਹੁਤ ਸਾਧਨਾ ਕੀਤੀ, ਜਿਸ ਤੋਂ ਉਸ ਨੂੰ ਕੁਝ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ। ਉਸ ਨੇ ਆਪਣੇ ਸੇਵਾਦਾਰਾਂ ਪਾਸੋਂ ਢੰਢੋਰਾ ਪਿਟਵਾ ਦਿੱਤਾ ਕਿ ਜੋ ਵੀ ਮਹੇਸ ਜੋਗੀ ਦੇ ਦਰਸ਼ਨ ਕਰੇਗਾ, ਉਸ ਨੂੰ ਇਕ ਸਾਲ ਵਾਸਤੇ ਸਵਰਗ ਮਿਲੇਗਾ। ਸੰਗਤਾਂ ਸਵਰਗ ਦੇ ਲਾਲਚ ਕਰਕੇ ਜੋਗੀ ਪਾਸ ਆ ਪਹੁੰਚੀਆਂ ਤੇ ਜੋਗੀ ਤੋਂ ਵਰ ਲੈਕੇ ਖੁਸ਼ੀ ਖੁਸ਼ੀ ਵਾਪਸ ਘਰੀ ਪਰਤੀਆਂ। ਅਖੀਰ ਜੋਗੀ ਨੇ ਆਪਣੇ ਸੇਵਾਦਾਰਾਂ ਪਾਸੋਂ ਪੁੱਛਿਆ ਕਿ ਹੋਰ ਤਾਂ ਨਹੀਂ ਵਰ ਲੈਣੇ ਰਹਿ ਗਿਆ। ਸੇਵਾਦਾਰਾਂ ਨੇ ਕਿਹਾ ਮਹਾਰਾਜ ਇਕ ਸਿੱਖ ਭਾਈ ਤਿਲਕੂ ਜੀ ਸਵਰਗ ਪ੍ਰਾਪਤ ਕਰਨ ਨਹੀਂ ਆਏ। ਸੇਵਾਦਾਰਾਂ ਨੂੰ ਭਾਈ ਤਿਲਕੂ ਪਾਸ ਜੋਗੀ ਨੇ ਤਿੰਨ ਵਾਰ ਭੇਜਿਆ, ਪਰ ਉਹ ਨਾ ਆਇਆ। ਅਖ਼ੀਰ ਯੋਗੀ ਸੇਵਾਦਾਰਾਂ ਨਾਲ ਆਪ ਭਾਈ ਤਿਲਕੁ ਜੀ ਦੇ ਘਰ ਗਏ। ਪਰ ਉਸ ਨੇ ਅੱਗਿਓਂ ਆਪਣੇ ਘਰ ਦਾ ਬੂਹਾ ਨਾ ਖੋਲ੍ਹਿਆ। ਅੰਦਰੋਂ ਹੀ ਆਵਾਜ਼ ਦੇਣ ਲੱਗੇ ਕਿ ਮੈਨੂੰ ਤੇਰੇ ਸਵਰਗ ਦੀ ਲੋੜ ਨਹੀਂ। ਮੈਨੂੰ ਆਪਣੇ ਗੁਰੂ ਜੀ ਦੇ ਚਰਨਾਂ ਵਿਚੋਂ ਹੀ ਸਭ ਸੁਖ ਸਭ ਸਵਰਗ ਪ੍ਰਾਪਤ ਹੋ ਗਏ ਹਨ। ਤੂੰ ਆਪਣਾ ਸਵਰਗ ਆਪਣੇ ਪਾਸ ਹੀ ਰੱਖ। ਜੋਗੀ ਸ਼ਰਮਿੰਦਾ ਹੈ ਗਿਆ, ਵਰ ਦੇਣ ਦੀ ਰਿੱਟ ਵਾਪਸ ਲਈ ਤੇ ਭਾਈ ਤਿਲਕੂ ਜੀ ਨੂੰ ਨਿਮਰਤਾ ਨਾਲ ਬੇਨਤੀ ਕੀਤੀ ਕਿ ਹੁਣ ਬੂਹਾ ਖੋਲ੍ਹ ਦਿਉ, ਦਰਸ਼ਨ ਦਿਉ। ਜਦ ਭਾਈ ਤਿਲਕੂ ਜੀ ਨੇ ਸੂਹਾ ਖੋਲ੍ਹਿਆ ਤਾਂ ਜੋਗੀ ਭਾਈ ਤਿਲਕੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੇ ਮਨ ਵਿਚ ਸੋਚਣ ਲੱਗਾ ਕਿ ਇਨ੍ਹਾਂ ਸ਼ਾਂਤਮਈ ਚਿਹਰਾ ਮੈਂ ਕਿਧਰੇ ਨਹੀਂ ਵੇਖਿਆ। ਭਾਈ ਤਿਲਕੂ ਜੀ ਦਾ ਚਿਹਰਾ ਸਿਮਰਨ, ਤਪੱਸਿਆ ਕਰਕੇ ਪ੍ਰਕਾਸ਼ਮਈ ਝਲਕਾਰਾਂ ਮਾਰ ਰਿਹਾ ਸੀ । ਜੋਗੀ ਮੋਚਣ ਲੱਗਾ ਕਿ ਮੇਰਾ ਤਾਂ ਅਜੇ ਆਪਣਾ ਹੀ ਮਨ ਸ਼ਾਂਤ ਨਹੀਂ ਹੈ, ਭਟਕਣਾ ਵਿਚ ਪਿਆ ਹੋਇਆ ਹੈ ਤੇ ਮੈਂ ਲੋਕਾਂ ਨੂੰ ਸਵਰਗ ਦੇ ਰਿਹਾ ਹਾਂ। ਇਸ ਗੁਰਸਿੱਖ ਅੱਗੇ ਤਾਂ ਮੇਰਾ ਸਭ ਕੁਝ ਬੇਅਰਥ ਹੈ। ਅਖੀਰ ਸੋਚਣ ਦੀ ਲੜੀ ਟੁੱਟੀ ਤੇ ਭਾਈ ਤਿਲਕੂ ਜੀ ਤੋਂ ਯੋਗੀ ਨੇ ਆਤਮਿਕ ਅਵਸਥਾ ਦੀ ਤਰੱਕੀ ਬਾਰੇ ਪੁੱਛਿਆ। ਭਾਈ ਤਿਲਕੂ ਜੀ ਨੇ ਉਤਰ ਦਿੱਤਾ ਕਿ ਸਭ ਗੁਰੂ ਅਰਜਨ ਦੇਵ ਜੀ ਦੀ ਮੇਹਰ ਸਦਕਾ ਹੀ ਹੈ। ਉਹ ਆਤਮਿਕ ਅਵਸਥਾ ਦੀ ਤਰੱਕੀ ਬਾਰੇ ਦਸ ਸਕਦੇ ਹਨ। ਹੁਣ ਮਹਾਰਾਜ ਅੰਮ੍ਰਿਤਸਰ ਵਿਚ ਬਿਰਾਜਮਾਨ ਹਨ। ਜੋਗੀ ਨੇ ਭਾਈ ਤਿਲਕੂ ਜੀ ਦੇ ਪਾਸ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਦੀ ਤਾਂਘ ਪ੍ਰਗਟ ਕੀਤੀ। ਭਾਈ ਤਿਲਕੂ ਜੀ ਜੋਗੀ ਨੂੰ ਨਾਲ ਲੈਕੇ ਅੰਮ੍ਰਿਤਸਰ ਨੂੰ ਚਲ ਪਏ। ਰਸਤੇ ਵਿਚ ਜੋਗੀ ਨੂੰ ਗੁਰੂ ਅਰਜਨ ਦੇਵ ਜੀ ਦੀ ਉਮਰ ਤੇ ਸ਼ੰਕਾ ਪੈਦਾ ਹੋਇਆ ਕਿ ਮੇਰੀ ਉਮਰ ਤਾਂ ਕਰੀਬ ਤਿੰਨ ਸੌ ਸਾਲ ਤੋਂ ਵੀ ਉਪਰ ਹੈ। ਗੁਰੂ ਜੀ ਦੀ ਉਮਰ ਅਜੇ 35 ਕੁ ਸਾਲ ਦੀ ਹੈ। ਇਥੇ ਇਹ ਵੀ ਯਾਦ ਰੱਖਣਾ ਪਿਛਲੇ ਸਮਿਆਂ ਅੰਦਰ ਜੋਗੀ ਪ੍ਰਾਣਾਯਾਮ ਰਾਹੀਂ ਉਮਰਾਂ ਲੰਬੀਆਂ ਕਰ ਲੈਂਦੇ ਸਨ, ਸੁਆਸ ਰੋਕ ਲੈਂਦੇ ਸਨ। ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਯੋਗੀ ਤਿੰਨ ਤਿੰਨ ਸੌ ਸਾਲ ਦੀ ਆਯੂ ਦੇ ਸਨ । ਸੋਚਾਂ ਸੋਚਦਾ ਜੋਗੀ ਭਾਈ ਤਿਲਕੂ ਜੀ ਦੇ ਨਾਲ ਅੰਮ੍ਰਿਤਸਰ ਪਹੁੰਚ ਗਿਆ।ਉਸ ਸਮੇਂ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾ ਰਹੇ ਸਨ । ਗੁਰੂ ਜੀ ਨੇ ਭਾਈ ਤਿਲਕੂ ਜੀ ਤੇ ਯੋਗੀ ਨੂੰ ਬੜੇ ਪਿਆਰ ਨਾਲ ਸੁੱਖ ਸਾਂਦ ਪੁੱਛੀ। ਆਸਣ ਤੇ ਬਿਠਾਇਆ, ਗਲਬਾਤ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਮਹੇਸ਼ੇ ਜੋਗੀ ਨੂੰ ਪੁੱਛਿਆ ਕਿ ਭਾਈ ਤੇਰਾ ਇਹ ਕੰਨ ਕਿਸ ਤਰ੍ਹਾਂ ਕੱਟਿਆ ਗਿਆ ਹੈ। ਜੋਗੀ ਨੇ ਉੱਤਰ ਦਿੱਤਾ ਕਿ ਬਹੁਤ ਅਰਸਾ ਪਹਿਲਾਂ ਮੈਂ ਕਿਸੇ ਦੂਜੇ ਟਾਪੂ ਤੇ ਜਾਣ ਲਈ ਸਮੁੰਦਰ ਦੇ ਕਿਨਾਰੇ ਪਹੁੰਚਾ, ਮੈਂ ਜਹਾਜ਼ ਵਿਚ ਸਵਾਰ ਹੋਇਆ, ਜਹਾਜ਼ ਅਜੇ ਸਮੁੰਦਰ ਵਿਚ ਹੀ ਜਾ ਰਿਹਾ ਸੀ ਕਿ ਇਤਨੇ ਨੂੰ ਰੁਫ਼ਾਨ ਆ ਗਿਆ। ਜਹਾਜ਼ ਵਾਲਿਆਂ ਨੇ ਜਹਾਜ ਨੂੰ ਬਚਾਉਣ ਲਈ ਕਿਸੇ ਮਨੁੱਖ ਦੀ ਬਲੀ ਦੇਣੀ ਚਾਹੀ। ਕੋਈ ਵੀ ਤਿਆਰ ਨਾਲ ਹੋਇਆ, ਅਖੀਰ ਮੈਨੂੰ ਸਮੁੰਦਰ ਵਿਚ ਧੱਕਾ ਦੇ ਦਿੱਤਾ ਗਿਆ। ਪਾਣੀ ਵਿਚ ਕੋਈ ਜਾਨਵਰ ਉਸ ਸਮੇਂ ਮੇਰਾ ਮੁੰਦਰਾਂ ਸਣੇ ਕੰਨ੍ਹ ਹੀ ਤੋੜ ਕੇ ਲੈ ਗਿਆ। ਬਾਦ ਮੈਨੂੰ ਕੋਈ ਵੀ ਪਤਾ ਨਹੀਂ ਮੈਂ ਕਿਸ ਤਰ੍ਹਾਂ ਤੇ ਕਿਵੇਂ ਬਚ ਗਿਆ। ਗੁਰੂ ਜੀ ਨੇ ਇਕ ਪਰਦੇ ਹੇਠੋਂ ਮੁੰਦਰਾਂ ਸਣੇ ਕੰਨ ਕੱਢਿਆ ਤੇ ਯੋਗੀ ਨੂੰ ਕਿਹਾ, ਕਿਧਰੇ ਇਹ ਤਾਂ ਨਈਂ ਤੇਰਾ ਮੁੰਦਰਾ ਸਣੇ ਕੰਨ? ਇਹ ਦੇਖ ਕੇ ਜੋਗੀ ਹੈਰਾਨ ਹੋ ਗਿਆ। ਮੁੰਦਰਾਂ ਸਣੇ ਕੱਟਿਆ ਹੋਇਆ ਕੰਨ ਜੋਗੀ ਨੇ ਜਦ ਆਪਣੇ ਦੂਜੇ ਕੱਟੇ ਹੋਏ ਕੰਨ ਦੀ ਜਗ੍ਹਾ ਨਾਲ ਮਿਲਾਇਆ ਤਾਂ ਉਹ ਪੂਰਾ ਫਿੱਟ ਹੋ ਗਿਆ। ਇਹ ਕੌਤਕ ਵੇਖਕੇ ਜੋਗੀ ਬਹੁਤ ਹੈਰਾਨ ਹੋਇਆ ਤੇ ਉਸ ਨੂੰ ਆਪਣੀ ਰਸਤੇ ਵਾਲੀ ਮੂਰਖਤਾ ਤੇ ਪਛਤਾਵਾ ਹੋਇਆ ਕਿ ਮੈਂ ਗੁਰੂ ਜੀ ਦੀ ਛੋਟੀ ਉਮਰ ਤੇ ਸ਼ੰਕਾ ਕਰਦਾ ਰਿਹਾ ਕਿ ਉਹ ਮੈਨੂੰ ਕਿਵੇਂ ਆਤਮਿਕ ਗਿਆਨ ਦੇਣਗੇ। ਅਖੀਰ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਸਿੱਖ ਸੱਜ ਗਿਆ। ਉਪਰੋਕਤ ਇਤਿਹਾਸ ਭਾਈ ਤਿਲਕੁ ਜੀ ਦਾ ਹੈ ਜੋ ਗੜ੍ਹਸ਼ੰਕਰ ਵਿਚ ਰਹਿ ਰਿਹਾ ਸੀ ਤੇ ਗੁਰੂ ਅਰਜਨ ਦੇਵ ਜੀ ਦਾ ਬਹੁਤ ਸ਼ਰਧਾਲੂ ਸਿੱਖ ਸੀ। ਅੱਜ ਗੜ੍ਹਸ਼ੰਕਰ ਵਿਚ ਮੇਨ ਸੜਕ ‘ਤੇ ਭਾਈ ਤਿਲਕੂ ਜੀ ਦਾ ਗੁਰਦੁਆਰਾ ਸ਼ਸ਼ੋਭਿਤ ਹੈ ਜੋ ਆਪ ਜੀ ਦੀ ਮਹੇਸ਼ ਜੋਗੀ ਨੂੰ ਗੁਰੂ ਨਾਲ ਜੋੜਨ ਦੀ ਸਾਖੀ ਸਦਾ ਚਾਨਣ ਮੁਨਾਰੇ ਦਾ ਕੰਮ ਕਰਦੀ ਰਹੇਗੀ। ਪਿੰਡ ਮੋਰਾਂਵਾਲੀ ਤੋਂ ਗੜ੍ਹਸ਼ੰਕਰ ਇਹ ਗੁਰਦੁਆਰਾ ਕੋਈ 5 ਕੁ ਕਿਲੋਮੀਟਰ ਦੀ ਦੂਰੀ ‘ਤੇ ਹੋਵੇਗਾ। 

ਭਾਈ ਜੋਗੇ ਦਾ ਗੁਰਦੁਆਰਾ 

ਭਾਈ ਜੋਗਾ ਸਿੰਘ ਜੀ ਦਾ ਸਾਰਾ ਪਰਿਵਾਰ ਪੇਸ਼ਾਵਰ ਦਾ ਰਹਿਣ ਵਾਲਾ ਸੀ। ਇਕ ਵਾਰ ਛੋਟੀ ਉਮਰੇ ਭਾਈ ਜੋਗਾ ਆਪਣੇ ਮਾਂ ਬਾਪ ਨਾਲ ਆਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਆਇਆ। ਗੁਰੂ ਜੀ ਦੇ ਚਰਨਾਂ ਵਿਚ ਭਾਈ ਜੋਗਾ ਸਿੰਘ ਜੀ ਨੇ ਮੱਥਾ ਟੇਕਿਆ। ਗੁਰੂ ਜੀ ਨੇ ਕਿਹਾ, “ਕਾਕਾ ਤੇਰਾ ਨਾਂ ਕੀ ਹੈ?” 

“ਜੋਗਾ” ਭਾਈ ਜੋਗੇ ਨੇ ਉੱਤਰ ਦਿੱਤਾ। ਗੁਰੂ ਜੀ ਨੇ ਫਿਰ ਕਿਹਾ, “ਭਈ ਤੂੰ ਕਿਸ ਜੋਗਾ ਹੈਂ”? ਜੋਗੇ ਨੇ ਫਿਰ ਉੱਤਰ ਦਿੱਤਾ, “ਗੁਰੂ ਜੋਗਾ”। ਗੁਰੂ ਜੀ ਬਹੁਤ ਹੀ ਖੁਸ਼ ਹੋਏ ਤੇ ਖੁਸ਼ੀ ਵਿਚ ਵਰ ਦਿੱਤਾ ਕਿ ਜੋਗੇ ਤੂੰ ਜੇ ਸਾਡੇ ਜੋਗਾ ਹੈਂ ਤਾਂ ਫਿਰ ਅਸੀਂ ਵੀ ਅੱਜ ਤੋਂ ਤੇਰੇ ਜੋਗੇ ਹਾਂ। ਗੁਰੂ ਜੀ ਦੇ ਕਹਿਣ ਤੇ ਭਾਈ ਜੋਗਾ ਅਨੰਦਪੁਰ ਸਾਹਿਬ ਵਿਚ ਸੰਗਤਾਂ ਦੀ ਸੇਵਾ ਕਰਨ ਲੱਗ ਪਿਆ। ਮਾਂ ਬਾਪ ਪੇਸ਼ਵਾਰ ਨੂੰ ਮੁੜ ਗਏ। ਕਈ ਸਾਲ ਬੀਤ ਗਏ। ਮਾਂ ਬਾਪ ਨੇ ਭਾਈ ਜੋਗੇ ਦੀ ਸ਼ਾਦੀ ਕਰਨੀ ਚਾਹੀ। ਇਕ ਲੜਕੀ ਵੀ ਦੇਖ ਲਈ, ਬਾਦੀ ਵਾਸਤੇ ਪੇਸ਼ਵਾਰ ਦੀ ਸੰਗਤ ਰਾਹੀਂ ਗੁਰੂ ਜੀ ਨੂੰ ਇਕ ਚਿੱਠੀ ਲਿਖੀ ਕਿ ਗੁਰੂ ਜੀ ਭਾਈ ਜੋਗੇ ਦੀ ਸ਼ਾਦੀ ਕਰਨੀ ਹੈ, ਕ੍ਰਿਪਾ ਕਰਕੇ ਉਸ ਨੂੰ ਪੇਸ਼ਾਵਰ ਭੇਜ ਦਿਉ। ਭਾਈ ਜੱਗੇ ਨੂੰ ਪੇਸ਼ਵਾਰ ਵਾਸਤੇ ਗੁਰੂ ਜੀ ਨੇ ਆਗਿਆ ਵੀ ਦੇ ਦਿੱਤੀ। ਪਹਿਲਾਂ ਭਾਈ ਜੋਗਾ ਪੇਸ਼ਾਵਰ ਸ਼ਾਦੀ ਵਾਸਤੇ ਜਾਣ ਲਈ ਨਾ ਨੁਕਰ ਕਰਦਾ ਰਿਹਾ। ਸੋਚਦਾ ਰਿਹਾ ਕਿ ਮੈਂ ਤਾਂ ਆਨੰਦਪੁਰ ਸਾਹਿਬ ਵਿਚ ਸਵਰਗ ਭੋਗ ਰਿਹਾ ਹਾਂ। ਮੈਂ ਸ਼ਾਦੀ ਦੇ ਚੱਕਰ ਵਿਚ ਨਹੀਂ ਪੈਣਾ । ਪਰ ਗੁਰੂ ਜੀ ਦੇ ਹੁਕਮ ਅੱਗੇ ਉਹ ਕੁਝ ਨਾ ਕਰ ਸਕਿਆ। 

ਉਹ ਪੇਸ਼ਾਵਰ ਨੂੰ ਚਲ ਪਿਆ। ਪਰ ਹੰਕਾਰ ਬਲੀ ਹੈ ਰਸਤੇ ਵਿਚ ਭਾਈ ਜੋਗੇ ਨੇ ਮਨ ਵਿਚ ਫੁਰਨਾ ਫੁਰਿਆ ਕਿ ਮੇਰੇ ਵਰਗੀ ਕਿਸ ਨੇ ਆਨੰਦਪੁਰ ਸਾਹਿਬ ਵਿਚ ਸੇਵਾ ਕਰਨੀ ਹੈ। ਅੰਤਰਜਾਮੀ ਗੁਰੂ ਜੀ ਨੂੰ ਜਦ ਪਤਾ ਲੱਗ ਗਿਆ ਕਿ ਭਾਈ ਜੋਗੇ ਨੂੰ ਸੇਵਾ ਕਰਨ ਦਾ ਹੰਕਾਰ ਹੋ ਗਿਆ ਹਾਂ। ਸਿੱਖ ਦਾ ਹੰਕਾਰ ਦੂਰ ਕਰਨ ਲਈ ਗੁਰੂ ਜੀ ਨੇ ਭਾਈ ਜੋਗੇ ਦੇ ਮਗਰ ਇਕ ਸਿੱਖ ਭੇਜਿਆ ਕਿ ਜਦ ਭਾਈ ਜੋਗੇ ਦੀਆਂ ਦੋ ਲਾਵਾਂ ਆਨੰਦ ਕਾਰਜ ਦੀਆਂ ਹੋ ਜਾਣ ਤਾਂ ਇਹ ਸਾਡਾ ਹੁਕਮਨਾਮਾ ਭਾਈ ਜੋਗੇ ਨੂੰ ਦੇ ਦੇਣਾ। ਸਿੱਖ ਨੇ ਇਸੇ ਤਰ੍ਹਾਂ ਕੀਤਾ। ਦੋ ਲਾਵਾਂ ਪੂਰੀਆਂ ਹੋਣ ਤੇ ਗੁਰੂ ਜੀ ਦਾ ਹੁਕਮਨਾਮਾ ਭਾਈ ਜੋਗੇ ਦੇ ਹੱਥ ਫੜਾਇਆ। ਜਿਸ ਵਿਚ ਲਿਖਿਆ ਹੋਇਆ ਸੀ ਕਿ ਹੁਕਮਨਾਮਾ ਮਿਲਦੇ ਸਾਰ ਹੀ ਆਨੰਦਪੁਰ ਸਾਹਿਬ ਪਹੁੰਚੋ। ਭਾਈ ਜੋਗੇ ਨੇ ਹੁਕਮਨਾਮਾ ਪੜ੍ਹਿਆ ਤੇ ਪੱਲਾ ਛੱਡ ਦਿੱਤਾ ਤੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਰਿਸ਼ਤੇਦਾਰ ਹੈਰਾਨ ਹੋਏ। ਰਿਸ਼ਤੇਦਾਰਾਂ ਦੀ ਭਾਈ ਜੋਗੇ ਨੇ ਇਕ ਨਾ ਮੰਨੀ। ਅਖ਼ੀਰ ਭਾਈ ਜੋਗੇ ਦੀ ਕ੍ਰਿਪਾਨ ਤੇ ਪੱਲੇ ਨਾਲ ਬਾਕੀ ਦੀਆਂ ਦੋ ਲਾਵਾਂ ਪੂਰੀਆਂ ਕੀਤੀਆਂ ਤੇ ਆਨੰਦ ਕਾਰਜ ਦੀ ਰਸਮ ਪੂਰੀ ਕੀਤੀ। ਭਾਈ ਜੋਗਾ ਪਿਛਾਵਰ ਤੋਂ ਚੱਲ ਕੇ ਲਾਹੌਰ, ਅੰਮ੍ਰਿਤਸਰ ਤੇ ਫਿਰ ਰਾਤ ਦੇ ਸਮੇਂ ਹੁਸ਼ਿਆਰਪੁਰ ਪਹੁੰਚਿਆ। 

ਭਾਈ ਜੋਗੇ ਅੰਦਰ ਫਿਰ ਹੰਕਾਰ ਆ ਗਿਆ ਕਿ ਮੇਰੇ ਵਰਗਾ ਵੀ ਕੋਈ ਸਿੱਖ ਹੋਵੇਗਾ ਜੋ ਗੁਰੂ ਦੇ ਕਹੇ ‘ਤੇ ਆਨੰਦ ਕਾਰਜ ਹੀ ਅਧੂਰਾ ਛੱਡ ਆਇਆ ਹੈ। ਹੁਸ਼ਿਆਰਪੁਰ ਪਹੁੰਚ ਕੇ ਭਾਈ ਜੋਗਾ ਇਕ ਮੁਗ਼ਲ ਨਾਂ ਦੀ ਸਰਾਂ ਵਿਚ ਰਾਤ ਕੱਟਣ ਲਈ ਠਹਿਰਿਆ। ਬਾਦ ਸ਼ਹਿਰ ਵੇਖਣ ਦਾ ਫੁਰਨਾਂ ਫੁਰਿਆ ਤੇ ਫਿਰਦਾ ਫਿਰਦਾ ਵੇਸ਼ਵਾਵਾਂ ਦੇ ਬਾਜ਼ਾਰ ਵਿਚ ਪਹੁੰਚ ਗਿਆ। ਇਕ ਸੁੰਦਰ ਮਨਮੋਹਨੀ ਵੇਸ਼ਵਾ ਦੇ ਜਾਲ ਵਿਚ ਫਸ ਗਿਆ। ਕਾਮ ਨੇ ਮੱਤ ਮਾਰ ਦਿੱਤੀ। ਭਾਈ ਜੋਗੇ ਨੂੰ ਕਦੇ ਤਾਂ ਆਪਣੀ ਧਰਮ ਪਤਨੀ ਦਾ ਖਿਆਲ ਆਉਂਦਾ ਕਿ ਗੁਰੂ ਜੀ ਦੇ ਹੁਕਮ ਦੀ ਪਾਲਨਾ ਕਰਕੇ ਮੈਂ ਆਪਣੀ ਧਰਮ ਪਤਨੀ ਪਿਛੇ ਛੱਡਕੇ ਆਇਆ ਹਾਂ, ਜੇ ਹੁਣ ਕੋਈ ਮੈਨੂੰ ਵੇਖੇ ਤਾਂ ਕੀ ਕਹੇ, ਕਿ ਗੁਰੂ ਦਾ ਸਿੱਖ ਇਥੇ ਕੀ ਕਰ ਰਿਹਾ ਹੈ। 

ਅੰਤਰਜਾਮੀ ਗੁਰੂ ਤੋਂ ਕੀ ਛੁਪਿਆ ਹੈ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਵਿਖੇ ਭਾਈ ਜੋਗੇ ਦੇ ਮਨ ਦੀ ਅਵਸਥਾ ਦਾ ਪਤਾ ਲੱਗ ਗਿਆ। ਗੁਰੂ ਜੀ ਭਾਈ ਜੋਗੇ ਨੂੰ ਕੁਕਰਮ ਤੋਂ ਬਚਾਉਣ ਲਈ ਹੁਸ਼ਿਆਰਪੁਰ ਪਹੁੰਚੇ। ਵੇਸ਼ਵਾ ਦੇ ਬੂਹੇ ਤੇ ਚੋਬਦਾਰ (ਪਹਿਰੇਦਾਰ) ਬਣਕੇ ਖੜੋ ਗਏ। ਭਾਈ ਜੋਗੇ ਨੇ ਤਿੰਨ ਵਾਰ ਗੇੜ੍ਹੇ ਮਾਰੇ ਪਰ ਉਸ ਦੀ ਗੱਲ ਨਾ ਬਣੀ। ਜਿਤਨੀ ਵਾਰ ਅੰਦਰ ਜਾਣ ਦੀ ਕੋਸ਼ਿਸ਼ ਕਰੇ ਚੋਬਦਾਰ (ਗੁਰੂ ਜੀ) ਝਿੱੜਕ ਦਿਆ ਕਰਨ। ਇੰਜ ਗੇੜਾ ਮਾਰਦੇ ਮਾਰਦੇ ਅੰਮ੍ਰਿਤ ਵੇਲਾ ਹੋ ਗਿਆ। ਅਖ਼ੀਰ ਚੋਬਦਾਰ (ਗੁਰੂ ਜੀ) ਨੇ ਕਿਹਾ ਸਿੱਖਾ ਅੰਮ੍ਰਿਤ ਵੇਲਾ ਹੋ ਗਿਆ ਹੈ, ਇਸ਼ਨਾਨ ਕਰ, ਨਿੱਤਨੇਮ, ਸਿਮਰਨ ਕਰ। ਕੀ ਲੈਣਾ ਹੈ ਇਸ ਗੰਦੇ ਕੁਕਰਮ ਤੋਂ। ਤੂੰ ਲੱਗਦਾ ਵੀ ਗੁਰੂ ਦਾ ਸਿੱਖ ਹੈ? ਭਾਈ ਜੋਗੇ ਨੂੰ ਹੋਸ਼ ਆਈ। ਗਲਤੀ ਮਹਿਸੂਸ ਕੀਤੀ ਤੇ ਉਹ ਸ਼ਰਮਿੰਦਾ ਹੋਕੇ ਆਨੰਦਪੁਰ ਸਾਹਿਬ ਨੂੰ ਚਲ ਪਿਆ। ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਵਿਚ ਨਮਸ਼ਕਾਰ ਕਰਕੇ ਸੰਗਤ ਵਿਚ ਜਾ ਬੈਠਾ । ਪਰ ਅੰਦਰੋਂ ਰਾਤ ਦੀ ਕਰਤੂਤ ਕਾਰਨ ਸ਼ਰਮ ਆ ਰਹੀ ਸੀ। ਗੁਰੂ ਜੀ ਨੇ ਕਿਹਾ ਭਾਈ ਜੋਗਾ ਗੁਰੂ ਜੋਗਾ। ਭਾਈ ਜੋਗੇ ਜੇ ਤੂੰ ਪਹਿਰਾ ਹੀ ਦਿਵਾਉਣਾ ਸੀ ਤਾਂ ਚੰਗੇ ਥਾਂ ਦਿਵਾਉਂਦਾ, ਵੇਸ਼ਵਾ ਦੇ ਬੂਹੇ ਤੇ ਕਾਹਨੂੰ ਦਿਵਾਉਣਾ ਸੀ? ਅਸੀਂ ਤੈਨੂੰ ਬਚਨ ਦਿੱਤਾ ਸੀ ਕਿ ਜੇ ਤੂੰ ਸਾਡੇ ਜੋਗਾ ਹੈਂ ਤਾਂ ਗੁਰੂ ਵੀ ਅੱਜ ਤੋਂ ਤੇਰੇ ਜੋਗਾ ਹੈ । ਅਸੀਂ ਬਚਨ ਦੀ ਪਾਲਣਾ ਕਰਨੀ ਸੀ । ਭਾਈ ਜੋਗਾ ਸ਼ਰਮਿੰਦਾ ਹੋਕੇ ਗੁਰੂ ਜੀ ਤੋਂ ਮਾਫ਼ੀ ਮੰਗਣ ਲੱਗਾ। ਗੁਰੂ ਜੀ ਨੇ ਮਾਫ਼ ਕਰ ਦਿੱਤਾ ਤੇ ਅਗਾਂਹ ਕੁਕਰਮਾਂ ਤੋਂ ਬਚਣ ਲਈ ਸੁਚੇਤ ਕੀਤਾ। 

ਗੁਰਦੁਆਰਾ ਗਾਨਾ ਸਾਹਿਬ 

ਗੁਰਦੁਆਰਾ ਗਾਨਾ ਸਾਹਿਬ ਵੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆ ਜਾਂਦਾ ਹੈ। ਇਸ ਅਸਥਾਨ ‘ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕੁੜਤੇ ਵਿਚ ਕੰਡਾ ਡਾਲੀ ਸਮੇਤ ਲੱਗਿਆ ਸੀ । ਗੁਰੂ ਜੀ ਨੇ ਉਸ ਡਾਲੀ ਨੂੰ ਜ਼ਮੀਨ ਵਿਚ ਗੱਡ ਦਿੱਤਾ ਜੋ ਬਾਦ ਵਿਚ ਗਾਨੇ ਦਾ ਦਰੱਖਤ ਬਣ ਗਿਆ। ਸੰਗਤਾਂ ਸ਼ਰਧਾ ਨਾਲ ਗਾਨਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਦੀਆਂ ਹਨ ਤੇ ਉਨ੍ਹਾਂ ਦੀਆਂ ਹਰ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। 

ਬਾਬਾ ਲੱਖੋ ਜੀ ਦਾ ਗੁਰਦੁਆਰਾ 

ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ ਬਾਬਾ ਲੱਖੋ ਜੀ ਨੂੰ ਆਮ ਲੋਕ ਬਾਬਾ ਲੱਖੋ ਜੀ ਦਾ ਗੁਰਦੁਆਰਾ ਕਹਿ ਦੇਂਦੇ ਹਨ। ਇਹ ਗੁਰਦੁਆਰਾ ਪਿੰਡ ਭਾਰਟਾ ਗਨੇਸ਼ਪੁਰ ਦੇ ਲਹਿੰਦੇ ਪਾਸੇ ਦੁ ਕੁ ਕਿਲੋਮੀਟਰ ਦੀ ਦੂਰੀ ਤੇ ਹੋਵੇਗਾ। ਬਾਬਾ ਲੱਖੋ ਜੀ ਪੂਰਨ ਸੰਤ ਮਹਾਪੁਰਸ਼ ਹੋਏ ਹਨ। ਪਹਿਲਾਂ ਆਪ ਜੀ ਦਾ ਪਿਤਾ ਭਾਈ ਮਾਹਣਾ ਜੀ ਪਰਿਵਾਰ ਸਮੇਤ ਪਿੰਡ ਭਾਰਟਾ ਗਨੇਸ਼ਪੁਰ ਵਿਚ ਰਹਿਣ ਲੱਗੇ। ਮਾਹਣਾ ਜੀ ਦੀ ਮੌਤ ਤੋਂ ਉਪਰੰਤ ਆਪ ਬਾਬਾ ਲੱਖੋ ਜੀ ਭਾਰਟਾ ਗਨੇਸ਼ਪੁਰ ਤੋਂ ਬਾਹਰ ਇਕ ਝਿੱੜੀ ਵਿਚ ਬੈਠਕੇ ਪ੍ਰਭੂ ਸਿਮਰਨ ਕਰਨ ਲੱਗੇ। ਆਪ ਜੀ ਦੀ ਮਹਿਮਾ ਦੂਰ ਦੂਰ ਤਕ ਫੈਲਣ ਲੱਗੀ। ਜਦ ਗੁਰੂ ਹਰਿ ਗੋਬਿੰਦ ਸਾਹਿਬ ਜੀ ਆਪ ਜੀ ਦੇ ਅਸਥਾਨ ਤੇ ਪਹੁੰਚੇ। ਬਾਬਾ ਲੱਖੋ ਜੀ ਨੇ ਗੁਰੂ ਜੀ ਤੇ ਗੁਰੂ ਜੀ ਦੀ ਫ਼ੌਜ ਦੀ ਬਹੁਤ ਸੇਵਾ ਕੀਤੀ। ਸੈਂਕੜੇ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਸ ਘੋੜੇ ਸਨ। ਉਨ੍ਹਾਂ ਨੂੰ ਖੂਬ ਬਾਬਾ ਲੱਖੋ ਨੇ ਦਾਣਾ ਪੱਠਾ ਪਾਇਆ। ਗੁਰੂ ਹਰਿਗੋਬਿੰਦ ਸਾਹਿਬ ਜੀ ਬਾਬਾ ਲੱਖੋ ਦੀ ਸੇਵਾ ਵੇਖਕੇ ਬਹੁਤ ਖੁਸ਼ ਹੋਏ। ਬਾਬਾ ਲੱਖੋ ਜੀ ਨੂੰ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਮੰਜੀ ਬਖਸ਼ੀ ਤੇ ਵਰਦਾਨ ਦਿੱਤਾ ਕਿ ਜੋ ਤੇਰੇ ਇਸ ਅਸਥਾਨ ਤੇ ਸ਼ਰਧਾ ਨਾਲ ਆਵੇਗਾ ਉਸ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ। ਇਥੋਂ ਕੋਹੜੀ ਵੀ ਰਾਜ਼ੀ ਹੋਕੇ ਜਾਇਆ ਕਰਨਗੇ। ਇਥੇ 15 ਫੱਗਣ ਨੂੰ ਸਾਲਾਨਾ ਜੋੜ ਮੇਲਾ ਬਹੁਤ ਧੂਮਧਾਮ ਨਾਲ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਹ ਗੁਰਦੁਆਰਾ ਵੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆ ਜਾਂਦਾ ਹੈ। 

ਟਾਹਲੀ ਸਾਹਿਬ ਗੁਰਦੁਆਰਾ ਗੌਦਪੁਰ ਵਿਚ 

ਪਿੰਡ ਗੌਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਟਾਹਲੀ ਸਾਹਿਬ ਮੌਜੂਦ ਹੈ। ਇਥੇ ਜਦ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦਰਸ਼ਨ ਕਰਨ ਪਹੁੰਚੀਆਂ। ਜਿਨ੍ਹਾਂ ਵਿਚ ਬਾਬਾ ਲੱਖੂ ਜੀ ਵੀ ਆਪਣੇ ਨਾਲ ਸੰਗਤਾਂ ਨੂੰ ਲੈਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਹਾਜ਼ਰ ਹੋਇਆ।ਗੁਰੂ ਜੀ ਦੇ ਕੋਲ ਜੋ ਘੋੜੇ ਸਨ ਉਨ੍ਹਾਂ ਨੂੰ ਬੰਨਣ ਲਈ ਬਾਬਾ ਲੱਖੋ ਜੀ ਨੇ ਟਾਹਲੀਆਂ ਦੇ ਖੁੰਢ ਘੜਕੇ ਗੱਡੇ। ਟਾਹਲੀਆਂ ਦੇ ਖੁੰਢ ਹਰੇ ਹੋ ਗਏ ਭਾਵ ਉਥੇ ਟਾਹਲੀਆਂ ਹਰੀਆਂ ਹੋ ਗਈਆਂ ਜਿਨ੍ਹਾਂ ਤੋਂ ਗੁਰਦੁਆਰੇ ਦਾ ਨਾਂ ਟਾਹਲੀ ਸਾਹਿਬ ਪੈ ਗਿਆ। ਇਥੇ ਵੀ ਸੰਗਤਾਂ ਦੂਰ ਦੁਰੇਡੇ ਤੋਂ ਦਰਸ਼ਨ ਕਰਨ ਆਉਂਦੀਆਂ ਹਨ ਤੇ ਮਨ ਮੰਗੀਆਂ ਮੁਰਾਦਾਂ ਪਾਉਂਦੀਆਂ ਹਨ। 

ਗੁਰਦੁਆਰਾ ਰਾਮਸਰ ਪੱਦੀ ਸੂਰਾ ਸਿੰਘ ਵਿਚ 

ਪਿੰਡ ਪੱਦੀ ਸੂਰਾ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਗੁਰਦੁਆਰਾ ਰਾਮਸਰ ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਗੋਬਿੰਦ ਜੀ ਦਾ ਬਸ਼ੋਭਿਤ ਹੈ। ਨਾਲ ਹੀ ਪਿੱਪਲ ਹੇਠਾਂ ਥੜਾ ਸਾਹਿਬ ਹੈ ਜਿਥੇ ਬੈਠਕੇ ਸਾਹਿਬ ਗੁਰੂ ਹਰਿਗੋਬਿੰਦ ਜੀ ਨੇ ਕੁਝ ਘੜੀਆਂ ਆਰਾਮ ਕੀਤਾ ਸੀ। ਇਹ ਗੁਰਦੁਆਰਾ ਪਿੰਡ ਮੋਰਾਂਵਾਲੀ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਤੇ ਹੋਵੇਗਾ। ਇਸ ਅਸਥਾਨ ਨੂੰ ਹੁਣ ਸ੍ਰੀ ਦਮਦਮਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ । ਇਸ ਅਸਥਾਨ ਤੇ ਬੈਠਣਾ, ਕੋਈ ਚੀਜ਼ ਰੱਖਦੀ, ਦੀਵੇ ਆਦਿ ਜਗਾਉਣੇ ਮਨਮਤ ਹੈ ਤੇ ਗੁਰਮਤਿ ਅਨੁਸਾਰ ਸਖ਼ਤ ਮਨਾਹੀ ਕੀਤੀ ਹੋਈ ਹੈ। ਨਾਲ ਹੀ ਇਸ ਗੁਰਦੁਆਰੇ ਦੇ ਸਰੋਵਰ ਰਾਮਸਰ ਸ਼ਸ਼ੋਭਿਤ ਹੈ। ਇਥੇ ਪਿੰਡ ਦਾ ਇਕ ਹੋਰ ਖੂਬਸੂਰਤ ਗੁਰਦੁਆਰਾ ਬਾਹਰ ਖੇਤਾਂ ਵਿਚ ਸੰਗਰਾਂ ਵਾਲੇ ਗੁਰਦੁਆਰੇ ਦੇ ਨਾਂ ਨਾਲ ਮਸ਼ਹੂਰ ਹੈ। ਇਸ ਅਸਥਾਨ ਤੇ ਬਾਬਾ ਖਜ਼ਾਨ ਸਿੰਘ ਨੇ ਤਪੱਸਿਆ ਕੀਤੀ ਸੀ ਜਿਸ ਦਾ ਪਿਛਲਾ ਪਿੰਡ ਹੇਲਰਾ ਸੀ। (ਨੋਟ: ਇਕ ਮਹਾਪੁਰਸ਼ ਸੰਤ ਮਹਾਤਮਾ ਪਿੰਡ ਕੱਜਲੀ ਬੰਗਿਆ ਦੇ ਕੋਲ ਹੋਏ ਹਨ ਉਨ੍ਹਾਂ ਨਾਲ ਬਾਬਾ ਖਜ਼ਾਨ ਸਿੰਘ ਦਾ ਕਾਫੀ ਸੰਪਰਕ ਰਿਹਾ ਹੈ। ਪਿੰਡ ਕੱਜਲਿਆਂ ਵਿਚ ਜੋ ਗੁਰਦੁਆਰਾ ਹੈ ਉਥੇ ਨਿਰਮਲੇ ਸੰਤਾਂ ਦਾ ਡੇਰਾ ਰਿਹਾ ਹੈ। ਸੰਤ ਰਣ ਸਿੰਘ ਜੀ ਤੇ ਸੰਤ ਮੇਲਾ ਸਿੰਘ ਜੀ ਦੀ ਯਾਦ ਵਿਚ ਇਥੇ ਸਾਲਾਨਾ ਮੇਲਾ ਲੱਗਦਾ वै।) 

ਪੱਦੀ ਸੂਰਾ ਸਿੰਘ ਦੇ ਸੰਗਰਾਂ ਵਾਲੇ ਗੁਰਦੁਆਰੇ ਨਿਹੰਗ ਸਿੰਘ ਜੀ ਰਹਿੰਦੇ ਹਨ। ਸਦਾ ਹੀ ਪਵਿੱਤਰ ਗੁਰਬਾਣੀ ਦਾ ਪਾਠ ਇਸ ਥਾਂ ਤੇ ਹੁੰਦਾ ਰਹਿੰਦਾ ਹੈ। ਸੰਗਤਾਂ ਸ਼ਰਧਾ ਨਾਲ ਕਾਫ਼ੀ ਪਾਠ ਕਰਾਂਉਂਦੀਆਂ ਹਨ ਤੇ ਉਨ੍ਹਾਂ ਦੀਆਂ ਹਰ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। 

ਰਾਮਸਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਦੁਆਰੇ ਤੇ ਸੰਗਰਾਂ ਦੇ ਗੁਰਦੁਆਰੇ ਦਾ ਸੰਖੇਪ ਇਤਿਹਾਸ ਜਥੇਦਾਰ ਜਾਗੀਰ ਸਿੰਘ ਸਪੁੱਤਰ ਜਥੇਦਾਰ ਮਾਲਾ ਸਿੰਘ ਬੱਬਰ ਅਕਾਲੀ ਦਲ ਅਮਰੀਕਾ ਵਾਲਿਆਂ ਨੇ ਦੱਸਿਆ। 

ਇਕ ਹੋਰ ਗੁਰਦੁਆਰਾ ਬੰਗੀ ਚਰਨ ਕੰਵਲ ਦੇ ਨਾਂ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬਸ਼ੋਭਿਤ ਹੈ। ਨਾਲ ਹੀ ਕਾਲਜ ਹੈ ਜਿਥੇ ਆਸਪਾਸ ਦੇ ਪਿੰਡਾਂ ਦੇ ਵਿਦਿਆਰਥੀ ਉੱਚੀ ਵਿਦਿਆ ਪ੍ਰਾਪਤ ਕਰਦੇ ਹਨ। ਪਿੰਡ ਮੋਰਾਂਵਾਲੀ ਤੋਂ ਕੋਈ 6 ਕੁ ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਹੋਵੇਗਾ। ਪਿੰਡ ਮੋਰਾਂਵਾਲੀ ਦੇ ਲੋਕਾਂ ਦਾ ਬਹੁਤ ਜ਼ਿਆਦਾ ਆਉਣਾ ਜਾਣਾ ਬੰਗੀ ਸ਼ਹਿਰ ਵਿਚ ਹੀ ਹੈ। ਪਿੰਡ ਮੋਰਾਂਵਾਲੀ ਦੇ ਕਾਫ਼ੀ ਵਿਦਿਆਰਥੀ ਕਾਲਜ ਚਰਨ ਕੰਵਲ ਬੰਗੀ ਪੜ੍ਹਨ ਆਉਂਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਜੀ ਕੀਰਤਪੁਰ ਨੂੰ ਜਾਂਦੇ ਹੋਏ ਇਕ ਮਹੀਨਾਂ ਇਥੇ ਅੱਟਕੇ ਸਨ । ਜਿਸ ਥਾਂ ਤੇ ਗੁਰੂ ਜੀ ਨੇ ਚਰਨ ਪਾਏ ਉਸ ਅਸਥਾਨ ਤੇ ਹੀ ਹੁਣ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਚਰਨਕੰਵਲ ਸ਼ਸ਼ੋਭਿਤ ਹੈ। ਉਸ ਸਮੇਂ ਇਕ ਜਿੰਮੀਂਦਾਰ ਭਾਈ ਜੀਵੇ ਨੂੰ ਦੁੱਧ ਦਾ ਵਰਦਾਨ ਦਿੱਤਾ ਸੀ। ਭਾਈ ਜੀਵੇ ਤੋਂ ਹੀ ਉਸ ਸਮੇਂ ਪਿੰਡ ਦਾ ਨਾਂ ਜੀਦੋਵਾਲ ਪੈ ਗਿਆ। 

ਹੋਰ ਇਕ ਗੁਰਦੁਆਰਾ ਕੋਈ ਦੋ ਕੁ ਕਿਲੋਮੀਟਰ ਪਿੰਡ ਮੋਰਾਂਵਾਲੀ ਤੋਂ ਬਹੁਤ ਹੀ ਨਜ਼ਦੀਕ ਪਿੰਡ ਮੌਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸ਼ਸ਼ੋਭਿਤ ਹੈ। ਇਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਛੋਟੀ ਜਿਹੀ ਮੁਸਲਮਾਨਾਂ ਨਾਲ ਝੜਪ ਹੋਈ। ਗੁਰੂ ਜੀ ਪਾਸ ਉਸ ਸਮੇਂ ਕਾਫੀ ਫ਼ੌਜ ਸੀ ਕਿਉਂਕਿ ਕਰਤਾਰਪੁਰ ਦੀ ਜੰਗ ਤੋਂ ਬਾਦ ਹਜੂਰ ਕੀਰਤਪੁਰ ਨੂੰ ਜਾ ਰਹੇ ਸਨ। ਗੁਰੂ ਜੀ ਜਿਸ ਥਾਂ ਤੇ ਪਿੰਡ ਮੌਲੇ ਫ਼ੌਜਾਂ ਸਮੇਤ ਅੱਟਕੇ ਸਨ ਉਥੇ ਹੀ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸ਼ਸ਼ੋਭਿਤ ਹੈ। (ਨੋਟ: ਯਾਦ ਰਹੇ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਬਾ ਲੱਖੂ, ਟਾਹਲੀ ਸਾਹਿਬ ਗੋਦ ਪੁਰ, ਪੱਦੀ ਸੂਰਾ ਸਿੰਘ, ਅਕਾਲ ਗੜ੍ਹ, ਮੌਲੇ ਇਨ੍ਹਾਂ ਸਾਰੇ ਇਲਾਕਿਆਂ ਅੰਦਰ ਵਿਚਰਦੇ ਰਹੇ ਹਨ। ਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਕਰਕੇ ਇਨ੍ਹਾਂ ਇਲਾਕਿਆਂ ਨੂੰ ਬਹੁਤ ਮਾਣਤਾ ਪ੍ਰਾਪਤ ਹੈ। 

ਸੰਤ ਬਾਬਾ ਹਸਨ ਦਾਸ ਜੀ ਦਦਿਆਲ 

ਇਕ ਮਹਾਨ ਸੰਤ ਮਹਾਪੁਰਸ਼ ਦਯਾ ਦੇ ਸੋਮੇ ਬਾਬਾ ਹਸਨ ਦਾਸ ਜੀ ਦਦਿਆਲ ਵਾਲੇ ਹੋਏ ਹਨ। ਬਚਪਨ ਤੋਂ ਹੀ ਦਾਸ ਉਨ੍ਹਾਂ ਦੇ ਦਿਆਲੂ ਗੁਣਾਂ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ। ਪਿੰਡ ਦਦਿਆਲ ਦਾਸ ਲੇਖਕ ਦਾ ਨਾਨਕਾ ਪਿੰਡ ਹੈ। ਇਹ ਸੈਲੇ ਸ਼ਹਿਰ ਦੇ ਬਿਲਕੁੱਲ ਨਜ਼ਦੀਕ ਇਕ ਕਿਲੋਮੀਟਰ ਤੇ ਹੋਵੇਗਾ ਤੇ ਪਿੰਡ ਮੋਰਾਂਵਾਲੀ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਤੇ ਹੋਵੇਗਾ। 

ਬਾਬਾ ਹਸਨ ਦਾਸ ਜੀ ਬਿਲਕੁਲ ਸਨਾਤਨੀ ਹਿੰਦੂ ਧਰਮ ਨੂੰ ਮੰਨਦੇ ਸਨ। ਪਰ ਉਨ੍ਹਾਂ ਦੀ ਕੀਰਤੀ ਸਭ ਪਾਸੇ ਬਹੁਤ ਫੈਲੀ ਹੋਈ ਸੀ । ਕਾਰਨ ਇਹ ਸੀ ਕਿ ਉਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਬਹੁਤ ਹੀ ਪਰਉਪਕਾਰੀ ਕਦਮ ਚੁੱਕੇ। ਇਸ ਤਰ੍ਹਾਂ ਦੇ ਕਦਮ ਚੁੱਕੇ ਕਿ ਜਾਨਵਰ ਵੀ ਸੁਖੀ ਰਹਿ ਸਕਣ ਤੇ ਇਨਸਾਨ ਵੀ ਸੁਖੀ ਤੇ ਆਤਮਿਕ ਆਨੰਦ ਮਾਣ ਸਕਣ। 

ਪਹਿਲਾ ਨਿਯਮ ਬਾਬਾ ਹਸਨ ਦਾਸ ਨੇ ਬਣਾਇਆ ਕਿ ਪਿੰਡ ਦਦਿਆਲ ਵਿਚ ਕੋਈ ਸ਼ਿਕਾਰੀ ਸ਼ਿਕਾਰ ਨਹੀਂ ਖੇਡ ਸਕਦਾ ਤੇ ਨਾਂ ਹੀ ਕੋਈ ਪਿੰਡ ਵਿਚ ਮੀਟ ਬਣਾ ਸਕਦਾ ਹੈ ਅਰਥਾਤ ਖਾ ਨਹੀਂ ਸਕਦਾ। ਇਥੋਂ ਤਕ ਕਿ ਹੁਣ ਤਕ ਇਹ ਕਾਨੂੰਨ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੀ ਦਰਜ਼ ਹੋ ਚੁੱਕਾ ਹੈ ਕਿ ਕੋਈ ਵੀ ਇਸ ਪਿੰਡ ਵਿਚ ਸ਼ਿਕਾਰੀ ਸ਼ਿਕਾਰ ਨਹੀਂ ਖੇਡ ਸਕਦਾ। ਬਾਬਾ ਹਸਨ ਦਾਸ ਦੇ ਗੁਰਦੁਆਰੇ ਨਾਲ ਸਰੋਵਰ ਬਣਿਆ ਹੋਇਆ ਹੈ। ਪੁਰਾਣੇ ਸਮੇਂ ਅੰਦਰ ਤਲਾਅ ਬਣਿਆ ਹੋਇਆ ਸੀ ਜਦ ਉਸ ਸਮੇਂ ਪਾਣੀ ਦੀ ਘਾਟ ਹੁੰਦੀ ਸੀ ਤਾਂ ਜਾਨਵਰ ਤਲਾਅ ਵਿਚੋਂ ਪਾਣੀ ਆਕੇ ਪੀ ਜਾਂਦੇ ਸਨ। ਸ਼ਰਾਬ ਆਦਿ ਭੈੜੀਆਂ ਨਸ਼ੀਲੀ ਚੀਜ਼ਾਂ ਤੇ ਵੀ ਬਾਬਾ ਹਸਨ ਦਾਸ ਜੀ ਨੇ ਪਾਬੰਦੀ ਲਾਈ ਤਾਂ ਜੋ ਮਨੁੱਖ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ਤੇ ਬਚ ਸਕੇ। ਬਾਬਾ ਹਸਨ ਦਾਸ ਜੀ ਦੇ ਇਹੋ ਜਿਹੇ ਪਰਉਪਕਾਰੀ ਅਸੂਲਾਂ ਨੂੰ ਹਰ ਇਕ ਮਜ਼੍ਹਬ ਦੇ ਲੋਕਾਂ ਨੇ ਪਹਿਨਾਇਆ, ਚਾਹੇ ਉਹ ਹਿੰਦੂ ਸੀ, ਸਿੱਖ ਸੀ, ਮੁਸਲਮਾਨ ਸੀ ਜਾਂ ਕਿਸੇ ਵੀ ਬਿਰਾਦਰੀ ਦਾ ਸੀ ਸਭ ਨੇ ਸਵਿਕਾਰ ਕੀਤਾ। ਇਹੋ ਜਿਹੀ ਪੁੰਨ ਆਤਮਾ ਕਿਸੇ ਵੀ ਮਜ੍ਹਬ ਵਿਚ ਪੈਦਾ ਹੋਵੇ ਉਹ ਸਭ ਮਨੁੱਖਤਾ ਦੀ ਸਾਂਝੀ ਹੁੰਦੀ ਹੈ। ਉਹ ਆਤਮਾ ਅਸਲ ਵਿਚ ਸੰਤ ਹੁੰਦੀ ਹੈ। 

ਬਾਬਾ ਹਸਨ ਦਾਸ ਜੀ ਦੇ ਸਮੇਂ ਦੀ ਇਕ ਸਾਖੀ ਪ੍ਰਚੱਲਤ ਹੈ ਕਿ ਬਾਬਾ ਹਸਨ ਦਾਸ ਜੀ ਦੇ ਪਸ਼ੂ ਕਮਾਦੀ ਵਿਚ ਬੜ ਗਏ, ਉਸ ਸਮੇਂ ਲਾਗੇ ਹੀ ਪਿੰਡ ਭਰੋਵਾਲ ਛੋਟੀ ਜਿਹੀ ਰਿਆਸਤੀ ਅਦਾਲਤ ਲੱਗਦੀ ਸੀ। ਕਿਸੇ ਨੇ ਰਾਜੇ ਪਾਸ ਸ਼ਿਕਾਇਤ ਕੀਤੀ ਕਿ ਪਸ਼ੂ ਬਾਬਾ ਹਸਨ ਦਾਸ ਜੀ ਦੇ ਫਸਲ ਉਜਾੜ ਗਏ ਹਨ। ਰਾਜੇ ਨੇ ਬਾਬਾ ਹਸਨ ਦਾਸ ਜੀ ਨੂੰ ਬੁਲਾਇਆ। ਬਾਬਾ ਜੀ ਨੇ ਕਿਹਾ ਕਿ ਪਹਿਲਾਂ ਫਸਲ ਦੇਖ ਲਉ ਜੇ ਫਸਲ ਉੱਜੜੀ ਹੋਈ ਤਾਂ ਅਸੀਂ ਹਾਜ਼ਰ ਹੋਵਾਂਗੇ। ਕਹਿੰਦੇ ਜਦ ਫਸਲ ਦੇਖੀ ਤਾਂ ਫਸਲ ਠੀਕ ਠਾਕ ਸੀ। ਨਾ ਕੋਈ ਉਥੇ ਪਸ਼ੂਆਂ ਦੀ ਪੈੜ ਸੀ। ਸਭ ਸ਼ਰਮਿੰਦੇ ਹੋਏ। ਬਾਬਾ ਹਸਨ ਦਾਸ ਜੀ ਦੀ ਜੈ ਜੈ ਕਾਰ ਹੋਈ। 

ਹੁਣ ਬਾਬਾ ਹਸਨ ਦਾਸ ਜੀ ਦੇ ਗੁਰਦੁਆਰੇ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਹੁੰਦੇ ਰਹਿੰਦੇ ਹਨ। ਸਾਰੇ ਰਲਕੇ ਸ੍ਰੀ ਅਖੰਡ ਪਾਠ ਕਰਾਉਂਦੇ ਹਨ। ਚਾਹੇ ਕੋਈ ਹਿੰਦੂ ਧਰਮ ਨੂੰ ਮੰਨਦਾ ਹੈ ਜਾਂ ਸਿੱਖ ਧਰਮ ਨੂੰ ਮੰਨਦਾ ਹੈ ਜਾਂ ਕਿਸੇ ਹੋਰ ਨੂੰ ਮੰਨਦਾ ਹੈ। ਬਾਬੇ ਹਸਨ ਦਾਸ ਜੀ ਦੇ ਸਮੇਂ ਤੋਂ ਜੋ ਜਗ ਦੀ ਰਸਮ ਚਲਦੀ ਆ ਰਹੀ ਹੈ ਉਹ ਵੀ ਸਭ ਰੱਲਕੇ ਜੱਗ ਦੀ ਰਸਮ ਪੂਰੀ ਕਰਦੇ ਹਨ। 

ਉਪਰੋਕਤ ਬਾਬਾ ਹਸਨ ਦਾਸ ਜੀ ਦੇ ਸੰਖੇਪ ਜੀਵਨ ਦੀ ਜਾਣਕਾਰੀ ਦਾਸ ਲੇਖਕ ਜੀ ਦੇ ਮਾਮਾ ਸ. ਕਰਮ ਸਿੰਘ ਜੀ ਦੇ ਸਪੁੱਤਰ ਸ. ਕ੍ਰਿਪਾਲ ਸਿੰਘ ਜੀ ਤੇ ਸ. ਹਰਦਿਆਲ ਸਿੰਘ ਜੀ ਨੇ ਦਿੱਤੀ ਹੈ। 

ਸੋ ਅੱਜ ਬਾਬਾ ਹਸਨ ਦਾਸ ਜੀ ਦਾ ਗੁਰਦੁਆਰਾ ਆਸ ਪਾਸ ਦੇ ਸਾਰੇ ਪਿੰਡਾਂ ਅੰਦਰ ਗੁਰਮਤਿ ਦੀ ਸੁਗੰਧੀ ਖਿਲਾਰ ਰਿਹਾ ਹੈ। ਮਨੁੱਖਤਾ ਨੂੰ ਇਹ ਵੀ ਦਰਸ਼ਾ ਰਿਹਾ ਹੈ ਕਿ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਉ ਕਿਉਂਕਿ ਸਭ ਵਿਚ ਉਸ ਦੀ ਜੋਤ ਪਸਰ ਰਹੀ ਹੈ। 

ਆਤਮਿਕ ਗਿਆਨ 

ਸਾਇੰਸ ਕਹਿੰਦੀ ਹੈ ਜਗਤ ਰਚਨਾ ਸਮੇਂ (Big Band) ਇਕ ਧਮਾਕਾ ਹੋਇਆ ਸੀ ਜਿਸ ਤੋਂ ਸਭ ਕੁਝ ਪੈਦਾ ਹੋਇਆ। ਇਹ ਵੀ ਕਿਹਾ ਜਾਂਦਾ ਹੈ ਕਿ (Big Bang) ਹੋਏ ਨੂੰ ਅਰਬਾਂ ਖਰਬਾਂ ਸਾਲ ਹੋ ਗਏ। ਸਹੀ ਅੰਦਾਜ਼ਾ ਕੋਈ ਦਸ ਨਹੀਂ ਸਕਿਆ। ਸਿੱਖ ਧਰਮ ਪ੍ਰਭੂ ਦੀ ਸੁੰਨ ਅਵਸਥਾ ਤੋਂ ਹੀ ਸਭ ਕੁਝ ਪੈਦਾ ਹੋਇਆ ਦੱਸਦਾ ਹੈ। ਗੁਰਮਤਿ ਅਨੁਸਾਰ ਏਕੰਕਾਰ ਓਅੰਕਾਰ ਹੋਕ ਹਰ ਥਾਂ ਸਰਬ ਵਿਆਪਕ ਫੈਲਿਆ ਹੋਇਆ ਹੈ। ਸਰਬ ਵਿਆਪਕ ਪ੍ਰਭੂ ਜੀ ਦੀ ਹੀ ਸ਼ਕਤੀ ਕੰਮ ਕਰ ਰਹੀ ਹੈ। ਇਸ ਨੂੰ ਸਰਬ ਵਿਆਪਕ ਆਤਮਾ ਕਹਿ ਲਉ, ਨਾਮ ਕਹਿ ਲਉ, ਨਾਦੁ ਕਹਿ ਲਉ, ਸ਼ਬਦ ਕਹਿ ਲਉ। ਇਸ ਸ਼ਕਤੀ ਨੇ ਹੀ 5 ਤੱਤ ਹਵਾ, ਪਾਣੀ, ਅਗਨੀ, ਮਿੱਟੀ ਤੇ ਆਕਾਸ਼ ਪੈਦਾ ਕੀਤੇ। ਚਾਰ ਖਾਣੀਆਂ ਅੰਡਜ਼, ਜੇਰਜ, ਸੇਤਜ, ਉਤਭੁਜ ਪੈਦਾ ਕੀਤੀਆਂ ਜਿਨ੍ਹਾਂ ਰਾਹੀਂ ਜੀਵ ਪੈਦਾ ਹੁੰਦੇ ਹਨ। ਤਿੰਨ ਗੁਣ ਤਮੋਗੁਣ, ਰਜੋਗੁਣ ਤੇ ਸਤੋਗੁਣ ਪੈਦਾ ਕੀਤੇ ਜਿਨ੍ਹਾਂ ਨੂੰ ਤਿਗੁਣੀ ਮਾਇਆ ਵੀ ਕਿਹਾ ਹੈ ਕਿਉਂਕਿ ਪ੍ਰਕ੍ਰਿਤੀ ਵਿਚ ਇਹ ਸਭ ਆ ਜਾਂਦੇ ਹਨ। ਇਹ ਸਭ ਕੁਝ ਪ੍ਰਭੂ ਜੀ ਤੋਂ ਹੀ ਪੈਦਾ ਹੋਇਆ ਹੈ। ਪ੍ਰਭੂ ਜੀ ਨੇ ਜਗਤ ਦੀ ਖੇਡ ਖੇਡਨ ਲਈ ਜੀਵ ਨੂੰ ਮਾਇਆ ਦੇ ਤਿੰਨਾਂ ਗੁਣਾਂ ਅੰਦਰ ਭੇਜ ਦਿੱਤਾ ਹੈ। ਭਾਵ ਸਾਡੀ ਜੀਵਾਤਮਾ ਜੋ ਪ੍ਰਭੂ ਜੀ ਦੀ ਅੰਸ਼ ਹੈ ਉਹ ਜਦ ਸਰੀਰ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਤਿੰਨ ਗੁਣ ਜੋ ਤਮੋਗੁਣ, ਰਜੋਗੁਣ ਤੇ ਸਤੋਗੁਣ ਹਨ ਉਨ੍ਹਾਂ ਕਿਸੇ ਨਾ ਕਿਸੇ ਨਾਲ ਜੁੜ ਜਾਂਦੀ ਹੈ। ਤਮੋਗੁਣ ਨਾਲ ਜੁੜ ਗਈ ਤਾਂ ਮਨੁੱਖ ਆਲਸੀ, ਢਿੱਲਾ ਜਿਹਾ ਹੁੰਦਾ ਹੈ ਕਿਉਂਕਿ ਤਮੋ ਗੁਣ ਆਲਸ ਦਾ ਗੁਣ ਹੈ। ਜੇ ਸਾਡੀ ਜੀਵਾਤਮਾ ਰਜੋ ਗੁਣ ਨਾਲ ਜੁੜ ਗਈ ਤਾਂ ਮਨੁੱਖ ਦੌੜ ਭੱਜ ਕਰਨ ਵਾਲਾ ਹੋਵੇਗਾ, ਬੈਠਣ ਵਾਲਾ ਨਹੀਂ ਹੋਵੇਗਾ। ਕੁਝ ਨ ਕੁਝ ਕਰਦਾ ਰਹੇਗਾ ਕਿਉਂਕਿ ਰਜੋਗੁਣ ਭੱਜ ਦੌੜ ਵਾਲਾ ਗੁਣ ਹੈ। ਜੇ ਸਾਡੀ ਜੀਵਾਤਮਾ ਸਤੋਗੁਣ ਨਾਲ ਜੁੜ ਗਈ ਤਾਂ ਮਨੁੱਖ ਸਹਿਜ ਵਿਚ ਹੋਵੇਗਾ, ਸ਼ਾਂਤ ਚਿੱਤ ਹੋਵੇਗਾ ਕਿਉਂਕਿ ਸਤੋਗੁਣ ਸ਼ਾਂਤੀ ਤੇ ਸੁੱਖ ਦੇਣ ਵਾਲਾ ਗੁਣ ਹੈ। ਤਮੋਗੁਣੀ ਬੰਦੇ ਦੁਨੀਆਂ ਅੰਦਰ ਕੌੜਾਂ ਦੇ ਹਿਸਾਬ ਨਾਲ ਹਨ। ਇਸ ਤਰ੍ਹਾਂ ਦੀ ਬਿਰਤੀ ਦੇ ਲੋਕ ਆਲਸੀ ਬੈਠੇ ਰਹਿਣ ਵਾਲੇ ਹੁੰਦੇ ਹਨ ਜਿਸ ਤਰਾਂ ਦਾ ਵੀ ਖਾਣਾ ਮਿਲ ਗਿਆ ਖਾ ਲੈਂਦੇ ਹਨ। ਕੰਮ ਕਾਰ ਦੀ ਉਨ੍ਹਾਂ ਦੀ ਰੁੱਚੀ ਨਹੀਂ ਹੁੰਦੀ। ਅਗਿਆਨੀ ਪੁਰਸ਼ ਹੁੰਦੇ ਹਨ। ਖੁਰਾਕ ਤੇ ਕਰਮ ਉਨ੍ਹਾਂ ਦੇ ਚੰਗੇ ਨਹੀਂ ਹੁੰਦੇ। ਜੇ ਕੋਈ ਕਰਮ ਕਰਦੇ ਹਨ ਉਹ ਵੀ ਗਲਤ। ਕ੍ਰਿਸ਼ਨ ਭਗਵਾਨ ਨੇ ਗੀਤਾ ਅੰਦਰ ਤਮੋਗੁਣੀ ਵਿਅਕਤੀ ਬਾਰੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਮਰਕੇ ਨਿਖੱਧ ਜੂਨੀਆਂ ਨੂੰ ਪ੍ਰਾਪਤ ਹੁੰਦੇ ਹਨ। ਭਾਵ ਜੇ ਮਨੁੱਖਾ ਜਨਮ ਵਿਚ ਇਸ ਤਰ੍ਹਾਂ ਦੇ ਲੋਕ ਆਉਂਦੇ ਹਨ ਤਾਂ ਮੂਰਖ, ਅਪਾਹਿਜ ਜਿਹੇ ਹੁੰਦੇ ਹਨ। ਜੇ ਚੌਰਾਸੀ ਲੱਖ ਜੂਨ ਵਿਚ ਜਾਂਦੇ ਹਨ ਤਾਂ ਹਰ ਤਰ੍ਹਾਂ ਦੀਆਂ ਜੂਨਾਂ ਇਸ ਤਰ੍ਹਾਂ ਦੇ ਲੋਕ ਭੋਗਦੇ ਹਨ। ਇਹ ਸਭ ਤੋਂ ਹੇਠਲਾ ਪ੍ਰਕ੍ਰਿਤਕ ਗੁਣ ਹੈ। ਤਮੋਗੁਣੀ ਬੰਦਿਆਂ ਨੂੰ ਮਿਲਕੇ ਤੁਹਾਡੇ ਅੰਦਰ ਵੀ ਆਲਸ ਪੈਦਾ ਹੈ ਜਾਂਦਾ ਹੈ। 

ਰਜੋਗੁਣੀ ਬੰਦੇ ਵੀ ਦੁਨੀਆਂ ਅੰਦਰ ਕੂੰਡਾਂ ਕੂੰਡਾਂ ਦੇ ਹਿਸਾਬ ਨਾਲ ਹਨ। ਇਹ ਗੁਣ ਬਹੁਤ ਪ੍ਰਭਾਵਸ਼ਾਲੀ ਹੈ। ਰਜੋਗੁਣੀ ਬੰਦੇ ਤਜ ਦੌੜ ਕਰਨ ਵਾਲੇ ਹੁੰਦੇ ਹਨ। ਇਸ ਬਿਰਤੀ ਦੇ ਲੋਕ ਬਿਜਨਸ ਮੈਨ, ਰਾਜਨੀਤਕ ਤੇ ਅਮੀਰ ਕਿਸਮ ਦੇ ਸਭ ਲੋਕ ਆ ਜਾਂਦੇ ਹਨ। ਇਸ ਕਿਸਮ ਦੇ ਲੋਕ ਕੁਝ ਨ ਕੁਝ ਕਰਦੇ ਹੀ ਰਹਿੰਦੇ ਹਨ, ਬੈਠ ਨਹੀਂ ਸਕਦੇ। ਵਾਸ਼ਨਾ ਪ੍ਰਬਲ ਹਨ। ਖੁਰਾਕ ਵੀ ਇਨ੍ਹਾਂ ਦੀ ਸ਼ਰਾਬ ਕਬਾਬ ਵਾਸ਼ਨਾਵਾਂ ਨੂੰ ਪੈਦਾ ਕਰਨ ਵਾਲੀ ਹੁੰਦੀ ਹੈ। ਇਸ ਤਰ੍ਹਾਂ ਦੇ ਲੋਕ ਫਿਰ ਅਗਲੇ ਜਨਮ ਵਿਚ ਭੱਜ ਦੌੜ ਕਰਨ ਵਾਲੇ ਲੋਕਾਂ ਦੇ ਘਰਾਂ ਵਿਚ ਹੀ ਜਨਮ ਲੈਂਦੇ ਹਨ ਤਾਂ ਜੋ ਇਸ ਜਨਮ ਦੀ ਅਧੂਰੀ ਰਹਿ ਚੁੱਕੀ ਵਾਸ਼ਨਾ ਨੂੰ ਪੂਰਾ ਕਰ ਸਕਣ। ਇਸ ਬਿਰਤੀ ਦੇ ਲੋਕ ਭੱਜ ਦੌੜ ਕਾਰਨ ਸੁਖੀ ਨਹੀਂ ਰਹਿ ਪਾਉਂਦੇ। ਰਜੋਗੁਣੀ ਲੋਕਾਂ ਨੂੰ ਮਿਲ ਕੇ ਸ਼ਾਂਤੀ ਨਹੀਂ ਮਿਲਦੀ ਸਗੋਂ ਤੁਹਾਡੇ ਅੰਦਰ ਵੀ ਭੱਜ ਦੌੜ ਲੱਗ ਜਾਂਦੀ ਹੈ। 

ਸਤੋਗੁਣੀ ਬੰਦੇ ਵੀ ਦੁਨੀਆਂ ਅੰਦਰ ਕੂੜਾ ਦੇ ਹਿਸਾਬ ਨਾਲ ਹਨ। ਇਸ ਬਿਰਤੀ ਦੇ ਲੋਕ ਸਹਿਜ ਤੇ ਸ਼ਾਂਤ ਸੁਭਾ ਦੇ ਹੁੰਦੇ ਹਨ। ਇਹ ਲੋਕ ਪਾਠ ਪੂਜਾ, ਭਜਨ ਬੰਦਗੀ ਕਰਨ ਵਾਲੇ ਹੁੰਦੇ ਹਨ। ਜੇ ਇਸ ਤਰ੍ਹਾਂ ਦੇ ਲੋਕ ਹਉਮੈ ਰਹਿਤ ਨਿਸ਼ਕਾਮ ਕਰਮ ਕਰਨ ਤਾਂ ਇਹ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ। ਮੋਕਸ਼ ਨੂੰ ਪ੍ਰਾਪਤ ਹੋ ਜਾਂਦੇ ਹਨ। ਜੇ ਇਸ ਤਰ੍ਹਾਂ ਦੇ ਲੋਕਾਂ ਅੰਦਰ ਭਜਨ ਬੰਦਗੀ ਤੇ ਚੰਗੇ ਸ਼ੁਭ ਕਰਮ ਕਰਨੇ ਕਰਕੇ, ਅਜੇ ਵੀ ਹਉਮੈ ਕਾਇਮ ਹੈ ਤਾਂ ਇਸ ਤਰ੍ਹਾਂ ਦੇ ਲੋਕ ਮਰਕੇ ਸਵਰਕ ਭੋਗਦੇ ਹਨ ਤੇ ਬਾਦ ਵਿਚ ਫਿਰ ਸੰਸਾਰ ਤੇ ਬੇਸ਼ਟ ਪੁਰਸ਼ਾਂ ਦੇ ਘਰ ਜਨਮ ਧਾਰਦੇ ਹਨ। ਤਾਂ ਜੋ ਪਿਛਲੇ ਜਨਮ ਦੀ ਛੱਡੀ ਹੋਈ ਭਗਤੀ ਨੂੰ ਪੂਰਾ ਕੀਤਾ ਜਾ ਸਕੇ ਤੇ ਮੋਕਸ਼ ਪ੍ਰਾਪਤ ਕੀਤਾ ਜਾ ਸਕੇ। ਸਤੋਗੁਣੀ ਮਨੁੱਖ ਮਾਸ ਤੋਂ ਰਹਿਤ ਖਾਸ ਕਰਕੇ ਫਲ ਸਬਜ਼ੀਆਂ ਦੇ ਦੁੱਧ ਦੀ ਵਰਤੋਂ ਕਰਦੇ ਹਨ। ਸਤੋਗੁਣੀ ਬਿਰਤੀ ਦੇ ਲੋਕਾਂ ਨੂੰ ਮਿਲਕੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਹੋ ਜਿਹਾ ਉਪਰੋਕਤ ਗਿਆਨ ਧਾਰਮਿਕ ਗ੍ਰੰਥਾਂ ਅੰਦਰ ਮਹਾਪੁਰਸ਼ਾਂ ਨੇ ਦਰਜ ਕੀਤਾ ਹੈ। ਜੀਵਾਤਮਾ ਉਪਰੋਕਤ ਤਿੰਨਾਂ ਗੁਣਾਂ ਅੰਦਰ ਹੀ ਭ੍ਰਮਣ ਕਰਦਾ ਹੋਇਆ ਸੰਸਾਰ ਤੇ ਚੱਕਰ ਕੱਢਦਾ ਰਹਿੰਦਾ ਹੈ। ਜੀਵਾਤਮਾ ਨਾਲ ਮਨ ਜੁੜਿਆ ਹੁੰਦਾ ਹੈ ਇਸ ਕਰਕੇ ਮਨ ਜੀਵਾਤਮਾ ਨੂੰ ਜਨਮਾਂ ਜਮਾਂਤਰਾਂ ਵਿਚ ਭਟਕਾਉਂਦਾ ਹੈ। ਪ੍ਰਕ੍ਰਿਤੀ ਦੇ ਤਿੰਨਾਂ ਗੁਣਾਂ ਅੰਦਰ ਸਾਡਾ ਜੀਵਾਤਮਾ ਮਨ ਕਰਕੇ ਟਿੱਕਦਾ ਨਹੀਂ। ਕਦੇ ਤਮੋਗੁਣ ਅੰਦਰ ਕਦੇ ਰਜੋਗੁਣ ਅੰਦਰ ਕਦੇ ਸਤੋਗੁਣ ਅੰਦਰ ਕ੍ਰਮਣ ਕਰਦਾ ਹੈ। ਇਸ ਕਰਕੇ ਸਾਡੀ ਜੀਵਾਤਮਾ ਸਰੀਰ ਸਣੇ ਮੈਲੀ ਹੋ ਚੁੱਕੀ है। 

ਮੈਲੀ ਕਾਇਆ ਹੰਸ ਸਮੇਤਿ॥ 

(ਰਾਗ ਭੈਰਉ ਕਬੀਰ, ੧੧੫੮) 

ਤਿੰਨਾਂ ਗੁਣਾਂ ਦਾ ਵੀ ਗੁਰਬਾਣੀ ਜ਼ਿਕਰ ਕਰਦੀ ਹੈ। ਜਿਨ੍ਹਾਂ ਵਿਚ ਜੀਵਾਤਮਾ ਭਟਕ 

ਜਾਂਦਾ ਹੈ: 

ਤਿਹੁ ਗੁਣ ਮਹਿ ਜਾ ਕਉ ਭਰਮਾਏ॥ 

(ਸੁਖਮਨੀ ਸਾਹਿਬ) 

ਤਿੰਨਾਂ ਗੁਣਾਂ ਅੰਦਰ ਸਾਡੀ ਜੀਵਾਤਮਾ ਮਨ ਕਰਕੇ ਇਸ ਦੀਆਂ ਵਾਸ਼ਨਾਵਾਂ ਪੂਰੀਆਂ ਨਹੀਂ ਹੁੰਦੀਆਂ। ਇਕ ਹੁੰਦੀ ਹੈ ਤਾਂ ਦਸ ਹੋਰ ਖੜੀਆਂ ਹੋ ਜਾਂਦੀਆਂ ਹਨ। ਮਰਨ ਸਮੇਂ ਵੀ ਜੀਵਾਤਮਾ ਵਾਸ਼ਨਾਵਾਂ ਨਾਲ ਭਰਿਆ ਹੁੰਦਾ ਹੈ ਜੋ ਅਗਲੇ ਜਨਮ ਦਾ ਕਾਰਨ ਹੈ। ਭੈੜੀਆਂ ਵਾਸ਼ਨਾਂਵਾਂ ਕਰਕੇ ਜੀਵ ਇਸ ਤਰ੍ਹਾਂ ਚੌਰਾਸੀ ਲੱਖ ਜੂਨਾਂ ਅੰਦਰ ਭਟਕਾਇਆ ਗਿਆ ਹੈ: 

ਗਉੜੀ ਗੁਆਰੇਰੀ ਮਹਲਾ ੫॥ 

ਕਈ ਜਨਮ ਭਏ ਕੀਟ ਪਤੰਗਾ॥

ਕਈ ਜਨਮ ਗਜ ਮੀਨ ਕੁਰੰਗਾ॥

ਕਈ ਜਨਮ ਪੰਖੀ ਸਰਪ ਹੋਇਓ॥

ਕਈ ਜਨਮ ਹੈਵਰ ਬ੍ਰਿਖ ਜੋਹਿਓ ॥੧॥

ਮਿਲੁ ਜਗਦੀਸ ਮਿਲਨ ਕੀ ਬਰੀਆ॥

ਚਿਰੰਕਾਲ ਇਹ ਦੇਹ ਸੰਜਰੀਆਂ॥ ੧॥ ਰਹਾਉ॥

ਕਈ ਜਨਮ ਸੈਲ ਗਿਰਿ ਕਰਿਆ॥

ਕਈ ਜਨਮ ਗਰਭ ਹਿਰਿ ਖਰਿਆ॥

ਕਈ ਜਨਮ ਸਾਖ ਕਰਿ ਉਪਾਇਆ॥

ਲਖ ਚਉਰਾਸੀਹ ਜੋਨਿ ਭ੍ਰਮਾਇਆ॥੨॥ 

ਮਹਾਤਮਾ ਬੁੱਧ ਨੇ ਆਪਣੇ ਭਿੱਖਸ਼ੂਆਂ ਨੂੰ ਉਪਦੇਸ਼ ਦਿੱਤਾ ਹੋਇਆ ਸੀ ਕਿ ਜੋ ਮੁਕਤ ਨਿਰਬਾਣ ਪਦ ਨੂੰ ਪਹੁੰਚਦਾ ਹੈ ਤਾਂ ਸਭ ਵਾਸ਼ਨਾਵਾਂ ਨੂੰ ਤਿਆਗਣਾ ਪਵੇਗਾ। ਸਰੀਰ ਦਾ ਮੋਹ, ਜਾਤ ਪਾਤ ਦਾ ਮੋਹ, ਟੱਬਰ ਦਾ ਮੋਹ, ਜਾਇਦਾਦ ਦਾ ਮੋਹ, ਰਾਜ ਭਾਗ ਦਾ ਮੋਹ ਅਰਥਾਤ ਸਭ ਤਰ੍ਹਾਂ ਦੀ ਪਕੜ ਨੂੰ ਛੱਡਣਾ ਪਵੇਗਾ। ਮਹਾਤਮਾ ਬੁੱਧ ਨੇ ਕਿਹਾ ਹੈ ਕਿ ਅਗਲੇ ਜਨਮ ਨੂੰ ਧਾਰਨ ਲਈ ਸਾਡੇ ਵਿਚਾਰ ਰੂਪੀ ਵਾਸ਼ਨਾਵਾਂ ਨਾਲ ਭਰੇ ਸੰਸਕਾਰ ਹੀ ਹਨ ਜੋ ਨਵੇਂ ਗਰਭ ਵਲ ਨੂੰ ਧੱਕਦੇ ਹਨ। ਕ੍ਰਿਸ਼ਨ ਭਗਵਾਨ ਵੀ ਕਹਿੰਦੇ ਹਨ ਕਿ ਜਿਵੇਂ ਹਵਾ ਫੁੱਲਾਂ ਦੀ ਸੁਗੰਧੀ ਨੂੰ ਦੂਰ ਤਕ ਲੈ ਜਾਂਦੀ ਹੈ ਤਿਵੇਂ ਹੀ ਜੀਵਾਤਮਾ ਵਾਸ਼ਨਾਵਾਂ ਰੂਪੀ ਸੁਗੰਧੀ ਨੂੰ ਅਗਲੇ ਸਰੀਰ ਵਿਚ ਲੈ ਜਾਂਦਾ ਹੈ । ਭਾਈ ਗੁਰਦਾਸ ਜੀ ਨੇ ਵੀ ਵਾਸ਼ਨਾ ਨੂੰ ਜਨਮ ਧਾਰਨ ਦਾ ਕਾਰਨ ਦੱਸਿਆ ਹੈ। 

ਜੁਗਿ ਜੁਗਿ ਮੇਰੁ ਸਰੀਰ ਕਾ ਬਾਸਨਾ ਬਧਾ ਆਵੈ ਜਾਵੈ॥ 

(ਭਾਈ ਗੁਰਦਾਸ, ਪਹਿਲੀ ਵਾਰ, ਪੰਦਰਵੀਂ ਪਉੜੀ) 

ਚੁਰਾਸੀ ਲੱਖ ਤਾਂ ਸਜ਼ਾਵੀ ਜੂਨਾਂ ਹਨ। ਪਰ ਇਕ ਮਨੁੱਖਾ ਸਰੀਰ ਹੀ ਸਭ ਤੋਂ ਸ੍ਰੇਸ਼ਟ ਕਿਹਾ ਗਿਆ ਹੈ। ਜਿਸ ਰਾਹੀਂ ਮਨੁੱਖ ਭਗਦੀ ਕਰਦਾ ਕਰਦਾ ਪ੍ਰਭੂ ਵਿਚ ਲੀਨ ਹੋ ਸਕਦਾ ਹੈ। ਦੇਵਤੇ ਵੀ ਗੁਰਬਾਣੀ ਕਹਿੰਦੀ ਹੈ ਕਿ ਮਨੁੱਖਾ ਜਨਮ ਨੂੰ ਟੋਲਦੇ ਹਨ। 

ਗੁਰਸੇਵਾ ਤੇ ਭਗਤ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸੁ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥੧॥ 

(ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧੫੯) 

ਦੇਵਤੇ ਇਥੇ ਸ੍ਰੇਸ਼ਟ ਚੰਗੇ ਕਰਮ ਕਰਨ ਕਰਕੇ ਸਵਰਕ ਨੂੰ ਚਲੇ ਜਾਂਦੇ ਹਨ। ਜਦੋਂ ਚੰਗੇ ਕਰਮਾਂ ਦਾ ਫਲ ਮੁੱਕ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਵਾਪਸ ਸੰਸਾਰ ਤੇ ਸ੍ਰੇਸਟ ਘਰਾਂ ਵਿਚ ਜਨਮ ਧਾਰਨਾ ਪੈਂਦਾ ਹੈ। ਦੇਵਤੇ ਵੀ ਮੁਕਤ ਨਹੀਂ ਹਨ। ਸਿਰਫ਼ ਮਨੁੱਖਾ ਜਨਮ ਵਿਚ ਹੀ ਜੀਵ ਭਗਤੀ ਕਰਦਾ ਕਰਦਾ ਅਕਾਲ ਪੁਰਖ ਵਿਚ ਲੀਨ ਹੋ ਸਕਦਾ ਹੈ। ਮਨੁੱਖਾ ਜਨਮ ਇਕ ਐਸਾ ਸੈਂਟਰ ਹੈ ਜਿਥੋਂ ਜੀਵ ਭਗਤੀ ਕਰਕੇ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹੈ, ਜਾਂ ਸ਼ੁਭ ਚੰਗੇ ਕਰਮ ਕਰਕੇ ਦੇਵਤਾ ਬਣਕੇ ਸਵਰਗ ਜਾ ਸਕਦਾ ਹੈ ਜਾਂ ਭੈੜੇ ਕਰਮ ਕਰਕੇ ਚੁਰਾਸੀ ਲੱਖ ਜੂਨਾਂ ਅੰਦਰ ਭਟਕ ਸਕਦਾ ਹੈ। ਇਸ ਕਰਕੇ ਮਾਨਸ ਜਨਮ ਜੋ ਹੁਣ ਸਾਡੇ ਪਾਸ ਹੈ ਇਸ ਨੂੰ ਬੇਅਰਥ ਨਾ ਜਾਣ ਦਿਉ। ਇਸ ਮਨੁੱਖ ਜਨਮ ਦੀ ਹੁਣ ਸਾਨੂੰ ਵਾਰੀ ਮਿਲੀ ਹੋਈ ਹੈ ਤਾਂ ਤੇ ਪ੍ਰਭੂ ਸਿਮਰਨ ਕਰਨਾ ਚਾਹੀਦਾ ਹੈ। ਗੁਰਬਾਣੀ ਦੱਸਦੀ ਹੈ ਕਿ ਮਨੁੱਖਾ ਜਨਮ ਕਿਸ ਤਰ੍ਹਾਂ ਮਿਲਿਆ ਹੈ ਇਹ ਵਾਰ ਵਾਰ ਨਹੀਂ ਮਿਲਣਾ: 

ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ॥ ੧॥ 

(ਆਸਾ ਮਹਲਾ ੫ ਦੁਪਦੇ ੩੭੮) 

ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ॥ ਨਾਨਕੁ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ॥੨॥੨॥ 

(ਸੋਰਠਿ ਮਹਲਾ ੯, ੬੩੧) 

ਕਬੀਰ ਮਾਨਸ ਜਨਮੁ ਦੁਲੰਭ ਹੈ ਹੋਇ ਨਾ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ ੩੦॥ 

(ਸਲੋਕ ਭਗਤ ਕਬੀਰ ਜੀ, ੧੩੬੬) 

(1) ਲਖ ਚਉਰਾਸੀਹ ਜੂਨਿ ਫੇਰਿ ਫਿਰਾਇਆ॥ ਮਾਣਸ ਜਨਮੁ ਦੁਲੰਭੁ ਕਰਮੀ ਪਾਇਆ॥੨॥ 

(ਭਾਈ ਗੁਰਦਾਸ ਜੀ, ਉਨੀਵੀਂ ਵਾਰ, ਪਉੜੀ ਦੂਜੀ) 

ਪ੍ਰਭੂ ਗੁਰੂ ਨੂੰ ਸੰਸਾਰ ਰੂਪ ਜੇਲ੍ਹ ਖਾਨੇ ਅੰਦਰ ਪਏ ਹੋਏ ਲੋਕਾਂ ਨੂੰ ਜੋ ਮਾਇਆ ਦੀ ਖੇਡ ਵਿਚ ਭਟਕ ਰਹੇ ਹਨ ਉਨ੍ਹਾਂ ਨੂੰ ਮੁਕਤ ਕਰਨ ਲਈ ਭੇਜਦਾ ਹੈ। ਗੁਰੂ ਗੁਰਮਤਿ ਦਾ ਉਪਦੇਸ਼ ਦੇ ਕੇ ਜੀਵ ਨੂੰ ਦੱਸਦਾ ਹੈ ਕਿ ਤੂੰ ਇਹ ਕੰਮ ਛੱਡ ਤੇ ਇਹ ਸ਼ੁਭ ਸ੍ਰੇਸ਼ਟ ਕਰਮ ਕਰ ਤਾਂ ਜੋ ਤੂੰ ਮਨੁੱਖਾ ਜਨਮ ਦੀ ਵਾਰੀ ਜਿੱਤ ਕੇ ਇਥੋਂ ਜਾਵੇ। ਸਿੱਖ ਧਰਮ ਅੰਦਰ ਗੁਰਸਾਹਿਬਾਨ ਬਹੁਤ ਹੀ ਅਨਮੋਲ ਨਾਮ ਦਾ ਖਜ਼ਾਨਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟੱਲ ਗੁਰੂ ਦੇ ਗਏ ਹਨ ਜਿਸ ਤੇ ਚੱਲਕੇ ਜੀਵ ਸੰਸਾਰ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ ਤੇ ਹੋਰ ਕਿਸੇ ਵੀ ਦੇਹਧਾਰੀ ਗੁਰੂ ਦੀ ਲੋੜ ਵੀ ਨਹੀਂ ਹੈ। ਸਿਰਫ ਸਿੱਖ ਅੰਮ੍ਰਿਤਧਾਰੀ ਗੁਰਸਿੱਖ, ਸਿਮਰਨ ਅਭਿਆਸੀਆਂ ਦਾ ਸਤਿਕਾਰ ਕਰੇ, ਬਜ਼ੁਰਗਾਂ ਦਾ ਸਤਿਕਾਰ ਕਰੇ, ਪਰ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣਾ ਹੈ। ਹਰ ਕਿਸੇ ਦੇ ਅੱਗੇ ਮੱਥੇ ਨਹੀਂ ਟੇਕਣੇ। 

ਸਿੱਖ ਪੰਜਾਂ ਪਿਆਰਿਆਂ ਤੋਂ ਬਾਟੇ ਖੰਡੇ ਦਾ ਅੰਮ੍ਰਿਤ ਛੱਕ ਕੇ, ਨਿਤਨੇਮ ਤੇ ਪ੍ਰਭੂ ਸਿਮਰਨ ਕਰਦਾ ਕਰਦਾ ਪ੍ਰਭੂ ਵਿਚ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ: 

ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ 

(ਗੁਰੂ ਗ੍ਰੰਥ ਸਾਹਿਬ ਜੀ, ੨੭੮) 

ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ 

(ਗੁਰੂ ਗ੍ਰੰਥ ਸਾਹਿਬ ਜੀ, ੬੩੩) 

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ 

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ 

(ਗੁਰੂ ਗ੍ਰੰਥ ਸਾਹਿਬ ਜੀ ੮੪੬) 

ਸੋ ਇਹੀ ਸਾਡਾ ਦੁਨੀਆਂ ਤੇ ਆਉਣ ਦਾ ਮਕਸਦ ਹੈ ਕਿ ਅਸੀਂ ਇਥੇ ਦੁਨੀਆਂ ਵਿਚ ਸ਼ੁਭ ਕਰਮ ਕਰੀਏ, ਮਨੁੱਖਤਾ ਨੂੰ ਦੁੱਖ ਨਹੀਂ, ਸੁੱਖ ਦੇਈਏ ਤੇ ਪ੍ਰਭੂ ਮਿਲਾਪ ਲਈ ਹਰ ਤਰ੍ਹਾਂ ਦਾ ਉਦਮ ਕਰੀਏ ਕਿਉਂਕਿ ਮਨੁੱਖਾ ਜਨਮ ਦਰਅਸਲ ਮਿਲਿਆ ਹੀ ਪ੍ਰਭੂ ਨੂੰ ਮਿਲਣ ਲਈ ਹੈ। 

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ 

ਤਸਵੀਰਾਂ 

ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ' ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ' ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ'

ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ' ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ' ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ'

ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ' ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ' ਸ਼ਹੀਦ-ਏ ਆਜ਼ਮ ਭਗਤ ਸਿੰਘ ਜੀ ਦੇ ਨਾਨਕਾ ਪਿੰਡ ਮੋਰਾਂਵਾਲੀ ਦਾ ਗੌਰਵਮਈ ਇਤਿਹਾਸ ਲੇਖਕ ਗਿਆਨੀ ਜਗਤਾਰ ਸਿੰਘ ਰਾਏ 'ਮੋਰਾਂਵਾਲੀ'

 

 

 

 

Credit – ਜਗਤਾਰ ਸਿੰਘ ਰਾਏ ਮੋਰਾਂਵਾਲੀ

Leave a Comment

error: Content is protected !!