ਸ਼੍ਰੀ ਗੁਰੂ ਰਾਮ ਦਾਸ ਜੀ (1574-1581 ਈ.)

ਸ਼੍ਰੀ ਗੁਰੂ ਰਾਮ ਦਾਸ ਜੀ, ਜਿਨ੍ਹਾਂ ਨੂੰ ਪਹਿਲਾਂ ਜੇਠਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦਾ ਜਨਮ ਲਾਹੌਰ ਵਿਖੇ 25 ਅੱਸੂ ਸੰਮਤ 1591 ਬਿ. ਮੁਤਾਬਕ 24 ਸਤੰਬਰ, 1534 ਈ. ਨੂੰ ਹੋਇਆ। ਪਿਤਾ ਜੀ ਦਾ ਨਾਮ ਹਰੀ ਦਾਸ ਜੀ ਅਤੇ ਮਾਤਾ ਜੀ ਦਾ ਨਾਂ ਬੀਬੀ ਅਨੂਪ ਕੌਰ ਜਾਂ ਦਯਾ ਕੌਰ ਸੀ । ਭਾਈ ਜੇਠਾ ਜੀ ਦੇ ਨਾਨਕੇ ਬਾਸਰਕੇ ਪਿੰਡ ਵਿਖੇ ਸਨ ਜਿਹੜਾ ਕਿ ਗੁਰੂ ਅਮਰਦਾਸ ਜੀ ਦਾ ਜਨਮ ਅਸਥਾਨ ਸੀ । ਮਾਤਾ-ਪਿਤਾ ਜੀ ਆਪ ਦੀ ਛੋਟੀ ਉਮਰ ਵਿਚ ਹੀ ਚਲਾਣਾ ਕਰ ਗਏ ਸਨ ਇਸ ਲਈ ਭਾਈ ਜੇਠਾ ਜੀ ਦੀ ਪਾਲਣਾ-ਪੋਸ਼ਣਾ ਉਨ੍ਹਾਂ ਦੀ ਨਾਨੀ ਨੇ ਪਿੰਡ ਬਾਸਰਕੇ ਵਿਚ ਹੀ ਕੀਤੀ ਸੀ । ਬਾਸਰਕੇ ਵਿਚ ਰਹਿਣ ਕਰਕੇ ਆਪ ਛੋਟੀ ਉਮਰ ਤੋਂ ਹੀ ਗੁਰੂ ਅਮਰਦਾਸ ਜੀ ਦੀ ਸੰਗਤ ਵਿਚ ਸ਼ਾਮਲ ਹੋ ਗਏ ਸਨ । ਜਦੋਂ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਧਾਰਨ ਕੀਤੀ ਸੀ ਤਾਂ ਭਾਈ ਜੇਠਾ ਜੀ ਉਨ੍ਹਾਂ ਦੀ ਹਜੂਰੀ ਵਿਚ ਹੀ ਰਹਿਣ ਲੱਗ ਪਏ ਸਨ । ਨਾਨਕੇ ਘਰ ਦੀ ਗਰੀਬੀ ਕਰਕੇ ਆਪ ਆਪਣੇ ਰੁਜਗਾਰ ਲਈ ਛੋਲਿਆਂ ਦੀਆਂ ਬੱਕਲੀਆਂ (ਘੁੰਗਣੀਆਂ) ਵੇਚਦੇ ਰਹਿੰਦੇ ਸਨ । ਸਿੱਖ ਸੰਗਤ ਵਿਚ ਸ਼ਾਮਲ ਹੋਣ ਕਰਕੇ ਆਪ ਘੁੰਗਣੀਆਂ ਵੇਚਣ ਦਾ ਕੰਮ ਸਿੱਖ ਸੰਗਤਾਂ ਵਿਚ ਹੀ ਕਰਦੇ ਸਨ । ਸਰੀਰ ਦੇ ਬਹੁਤ ਸੋਹਣੇ ਅਤੇ ਬੋਲਚਾਲ ਦੇ ਮਿੱਠੇ ਹੋਣ ਕਰਕੇ ਆਪ ਗੁਰੂ ਅਮਰਦਾਸ ਜੀ ਦੇ ਬਹੁਤ ਹੀ ਨੇੜੇ ਦੇ ਸੇਵਾਦਾਰਾਂ ਵਿਚੋਂ ਹੋ ਗਏ ਸਨ । ਗੁਰੂ ਅਮਰਦਾਸ ਜੀ ਨੂੰ ਭਾਈ ਜੇਠਾ ਜੀ ਦੀ ਗੱਲਬਾਤ ਅਤੇ ਸਲੀਕਾ ਇਤਨਾ ਅੱਛਾ ਲੱਗਿਆ ਕਿ ਉਨ੍ਹਾਂ ਨੇ ਆਪਣੀ ਛੋਟੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਇਨ੍ਹਾਂ ਨਾਲ ਕਰਨ ਦਾ ਇਰਾਦਾ ਧਾਰ ਲਿਆ ਸੀ ।

ਸ਼੍ਰੀ ਗੁਰੂ ਰਾਮ ਦਾਸ ਜੀ (1574-1581 ਈ.)

ਵਿਆਹ ਤੋਂ ਪਿੱਛੋਂ ਵੀ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਹਜੂਰੀ ਵਿਚ ਗੋਇੰਦਵਾਲ ਸਾਹਿਬ ਵਿਖੇ ਹੀ ਰਹਿੰਦੇ ਰਹੇ ਸਨ । ਇਸ ਸਮੇਂ ਆਪ ਸਿੱਖ ਸੰਗਤਾਂ ਦੇ ਹਰ ਕੰਮ ਦੀ ਦੇਖ-ਭਾਲ ਕਰਦੇ ਸਨ । ਜਿਹੜੀ ਵੀ ਕੋਈ ਵੱਡੀ ਪਰਯੋਜਨਾ ਹੁੰਦੀ ਸੀ ਉਸ ਦੀ ਦੇਖ-ਭਾਲ ਭਾਈ ਜੇਠਾ ਜੀ ਹੀ ਕਰਦੇ ਸਨ । ਜਦੋਂ ਬਾਉਲੀ ਸਾਹਿਬ ਦੀ ਉਸਾਰੀ ਤੇ ਖੁਦਵਾਈ ਚਲ ਰਹੀ ਸੀ ਤਾਂ ਵੀ ਭਾਈ ਜੇਠਾ ਜੀ ਨੇ ਹੀ ਸਾਰੀ ਕਾਰਵਾਈ ਦੀ ਅਗਵਾਈ ਕੀਤੀ ਸੀ । ਬਾਦਸ਼ਾਹ ਅਕਬਰ ਪਾਸ ਵੀ ਆਪ ਹੀ ਗੁਰੂ ਜੀ ਦੇ ਪੱਖ ਨੂੰ ਸਪਸ਼ਟ ਕਰਨ ਲਈ ਗਏ ਸਨ । ਨਤੀਜੇ ਵਜੋਂ ਗੁਰੂ ਅਮਰਦਾਸ ਜੀ ਨੇ ਆਪਣੇ ਅੰਤਮ ਸਮੇਂ ਭਾਈ ਜੇਠਾ ਜੀ ਨੂੰ ਹੀ ਗੁਰਗੱਦੀ ਦਾ ਤਿਲਕ ਲਗਾਇਆ ਸੀ ।

ਗੁਰੂ ਅਮਰਦਾਸ ਜੀ ਦੇ ਦੋ ਸਪੁੱਤਰ ਸਨ: ਮੋਹਨ ਜੀ ਅਤੇ ਮੋਹਰੀ ਜੀ । ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ‘ਸੱਦ ਰਾਮਕਲੀ’ ਵਿਚ ਸਮਕਾਲੀ ਗਵਾਹੀ ਦੇ ਤੌਰ ‘ਤੇ ਦੱਸਿਆ ਗਿਆ ਹੈ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਅੰਤਮ ਸਮੇਂ ਆਪਣੇ ਸਾਰੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਅਤੇ ਸਾਰੀ ਸਿੱਖ ਸੰਗਤ ਨੂੰ ਆਪਣੇ ਪਾਸ ਇਕੱਤਰ ਕੀਤਾ। ਸਭ ਨੂੰ ਹੁਕਮ ਕੀਤਾ ਗਿਆ ਕਿ ਉਹ ਅਗਲਾ ਗੁਰੂ, ਰਾਮ ਦਾਸ ਜੀ ਨੂੰ ਮੰਨਣ । ਗੁਰੂ ਜੀ ਦਾ ਇਹ ਹੁਕਮ ਸਾਰੀ ਸਿੱਖ ਸੰਗਤ, ਸਮੇਤ ਉਨ੍ਹਾਂ ਦੇ ਵੱਡੇ ਪੁੱਤਰ ਮੋਹਰੀ ਜੀ ਨੇ ਵੀ ਮੰਨ ਲਿਆ। ਪਰ ਪਰਿਵਾਰ ਦਾ ਕੋਈ ਇਕ ਸੱਦਸ, ਸ਼ਾਇਦ ਮੋਹਨ, ਇਸ ਹੁਕਮ ਨੂੰ ਮੰਨਣ ਤੋਂ ਆਕੀ ਹੋ ਗਿਆ । ਉਸ ਨੂੰ ਗੁਰੂ ਸਾਹਿਬ ਨੇ ਬਾਅਦ ਵਿਚ ਮੰਨਣ ਲਈ ਮਜ਼ਬੂਰ ਕਰ ਦਿੱਤਾ :

ਮੇਰੇ ਸਿਖ ਸੁਣਹੁ ਪੁਤ ਭਾਈ ਹੋ ਮੇਰੈ ਹਰਿ ਭਾਣਾ ਆਉ ਮੈਂ ਪਾਸਿ ਜੀਉ ।

ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ।

………  ………….     ………..

ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ।

ਮਤ ਮੈਂ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ।

ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ।

ਸਭ ਸਿਖ ਬੰਧਪ ਪੁਤ ਭਾਈ ਰਾਮ ਦਾਸ ਪੈਰੀ ਪਾਇਆ।

………..  …………  ……………

ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ 

ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ।

ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ 

ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ।

ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ।

ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੁ ਆਣਿ ਨਿਵਾਇਆ।

(ਗੁਰੂ ਗ੍ਰੰਥ ਸਾਹਿਬ, ਪੰਨਾ 923-24)

ਇਸ ਤਰ੍ਹਾਂ ਭਾਈ ਜੇਠਾ ਜੀ ਗੁਰੂ ਰਾਮ ਦਾਸ ਜੀ ਦੇ ਤੋਰ ‘ਤੇ ਚੌਥੇ ਪਾਤਸ਼ਾਹ ਦੇ ਰੂਪ ਵਿਚ ਸਾਹਮਣੇ ਆਏ। ਆਪ ਦਾ ਸਮਾਂ ਬਹੁਤ ਸ਼ਾਂਤੀ ਅਤੇ ਖੁਸ਼ਹਾਲੀ ਵਾਲਾ ਸੀ । ਦੇਸ਼ ਵਿਚ ਅਕਬਰ ਬਾਦਸ਼ਾਹ ਦਾ ਰਾਜ ਸੀ ਜਿਹੜਾ ਵੈਸੇ ਵੀ ਇਕ ਧਾਰਮਿਕ ਸਹਿਣਸ਼ੀਲਤਾ ਵਾਲਾ ਸਮਰਾਟ ਮੰਨਿਆ ਜਾਂਦਾ ਸੀ ਪਰ ਉਹ ਗੁਰੂ ਰਾਮ ਦਾਸ ਜੀ ਨੂੰ ਵੀ ਜਾਤੀ ਤੌਰ ‘ਤੇ ਜਾਣਦਾ ਸੀ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪਰਭਾਵਤ ਵੀ ਸੀ । ਪੰਜਾਬ ਵਿਚ ਵੀ ਹਕੂਮਤ ਗੁਰੂ ਘਰ ਪਰੱਤੀ ਦੋਸਤਾਨਾ ਸੋਚ ਰੱਖਣ ਵਾਲੀ ਸੀ। ਲਾਹੌਰ ਦੇ ਗਵਰਨਰ ਗੁਰੂ ਜੀ ਦੇ ਸਮੇਂ ਪਹਿਲਾਂ ਖ਼ਾਨ ਜਹਾਨ, ਫਿਰ ਰਾਜਾ ਮਾਨ ਸਿੰਘ ਅਤੇ ਰਾਜਾ ਭਗਵਾਨ ਦਾਸ ਰਹੇ ਸਨ।

ਸਥਾਨਕ ਤੌਰ ‘ਤੇ ਵੀ ਗੁਰੂ ਰਾਮ ਦਾਸ ਜੀ ਨੂੰ ਕਿਸੇ ਵਿਰੋਧਤਾ ਦਾ ਸਾਹਮਣਾ ਨਹੀਂ ਕਰਨਾ ਪਿਆ । ਗੁਰੂ ਅੰਗਦ ਦੇਵ ਜੀ ਦੀ ਸੰਤਾਨ ਪਰਭਾਵਰਹਿਤ ਸੀ । ਇਸੇ ਤਰ੍ਹਾਂ ਗੁਰੂ ਅਮਰ ਦਾਸ ਜੀ ਦੀ ਸੰਤਾਨ, ਜਿਹੜੀ ਗੁਰੂ ਰਾਮ ਦਾਸ ਜੀ ਦੀ ਬਹੁਤ ਨੇੜੇ ਦੀ ਰਿਸ਼ਤੇਦਾਰ ਸੀ, ਕੋਈ ਐਸੀ ਵਿਰੋਧਤਾ ਖੜੀ ਕਰਨ ਵਿਚ ਸ਼ਾਮਲ ਨਹੀਂ ਹੋਈ ਜਿਹੜੀ ਸਿੱਖ ਧਰਮ ਦੇ ਵਿਕਾਸ ਵਿਚ ਮਹੱਤਵਪੂਰਨ ਮੁਸ਼ਕਲ ਬਣ ਸਕਦੀ। ਮਨ-ਮੁਟਾਪਾ ਜ਼ਰੂਰ ਸੀ ਅਤੇ ਰੋਸੇ-ਗਿਲਿਆਂ ਦੇ ਬਾਵਜੂਦ ਗੋਇੰਦਵਾਲ ਸਾਹਿਬ ਦਾ ਸਾਰਾ ਖ਼ਾਨਦਾਨ ਉਨ੍ਹਾਂ ਦੇ ਨਾਲ ਹੀ ਰਿਹਾ ਸੀ।

ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ :

ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁੱਕਿਆ ਹੈ ਕਿ ਗੁਰੂ ਅਮਰ ਦਾਸ ਜੀ ਨੇ ਅੰਮ੍ਰਿਤਸਰ ਵਾਲੀ ਥਾਂ ਸਥਾਨਕ ਜ਼ਿਮੀਂਦਾਰਾਂ ਕੋਲੋਂ ਖਰੀਦ ਕੇ ਇੱਥੇ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਅਤੇ ਕੁਝ ਰਿਹਾਇਸ਼ੀ ਘਰਾਂ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਸੀ । ਇਹ ਸਭ ਕੁਝ ਗੁਰੂ ਰਾਮ ਦਾਸ ਜੀ (ਉਸ ਸਮੇਂ ਭਾਈ ਜੇਠਾ ਜੀ) ਦੀ ਦੇਖ-ਰੇਖ ਹੇਠ ਹੀ ਹੋ ਰਿਹਾ ਸੀ। ਗੁਰ-ਗੱਦੀ ਧਾਰਨ ਕਰਨ ਉਪਰੰਤ ਗੁਰੂ ਰਾਮ ਦਾਸ ਜੀ ਨੇ ਆਪਣਾ ਸਾਰਾ ਧਿਆਨ ਇਸ ਨਗਰ ਨੂੰ ਸਥਾਪਤ ਕਰਨ ਵੱਲ ਹੀ ਲਗਾਇਆ। ਇਸ ਕਰਕੇ ਗੁਰੂ ਜੀ ਦੀ ਸਮੁੱਚੀ ਰਿਹਾਇਸ਼ ਵੀ ਇੱਥੇ ਹੀ ਤਬਦੀਲ ਹੋ ਗਈ ਸੀ। ਹੁਣ ਅੰਮ੍ਰਿਤਸਰ ਹੀ ਸਿੱਖ ਸੰਗਤਾਂ ਦਾ ਕੇਂਦਰ ਬਣ ਗਿਆ ਸੀ । ਜਿਵੇਂ ਕਿ ਭਾਈ ਗੁਰਦਾਸ ਜੀ ਦੀ ਹੇਠ ਲਿਖੀ ਤੁਕ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਨੂੰ ਸੰਪੂਰਣ ਕਰਵਾਇਆ ਅਤੇ ਇੱਥੇ ਹੀ ਵਾਹਿਗੁਰੂ ਦੇ ਨਾਮ ਦਾ ਪਰਚਾਰ-ਕੇਂਦਰ ਸਥਾਪਤ ਕੀਤਾ:

ਬੈਠਾ ਸੋਢੀ ਪਾਤਸ਼ਾਹ ਰਾਮ ਦਾਸ ਸਤਿਗੁਰੂ ਕਹਾਵੈ ॥

ਪੂਰਨ ਤਾਲ ਕਰਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੈ ॥

ਸ਼੍ਰੀ ਗੁਰੂ ਰਾਮ ਦਾਸ ਜੀ (1574-1581 ਈ.)

ਨਗਰ ਦੇ ਸਰਬ-ਪੱਖੀ ਵਿਕਾਸ ਲਈ ਇੱਥੇ ਵੱਖ-ਵੱਖ ਕਿੱਤਿਆਂ ਦੇ ਮਾਹਰ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ। ਇਉਂ ਇਸ ਪਵਿੱਤਰ ਨਗਰ ਵਿਚ ਗੁਰੂ ਜੀ ਦੀ ਛਤਰ ਛਾਇਆ ਹੇਠ ਹਰ ਕਿਸਮ ਦਾ ਕਾਰੋਬਾਰ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਦੇਖਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਨਗਰ ਨਿਰੋਲ ਸਿੱਖ ਸਭਿਆਚਾਰ ਵਾਲਾ ਸੀ ਜਿੱਥੇ ਕਿਸੇ ਵੀ ਹੋਰ ਦੁਨਿਆਵੀ ਤਾਕਤ ਦੀ ਦਖ਼ਲਅੰਦਾਜ਼ੀ ਨਹੀਂ ਸੀ। ਗੁਰਮੁੱਖੀ ਦੀਆਂ ਮੁੱਢਲੀਆਂ ਲਿਖਤਾਂ ਵਿਚ ਇੱਥੇ 52 ਕਿਸਮ ਦੇ ਪੇਸ਼ਾਵਾਰ ਲੋਕਾਂ ਨੂੰ ਲਿਆ ਕੇ ਵਸਾਉਣ ਦੇ ਵੇਰਵੇ ਮਿਲਦੇ ਹਨ। ਇਹੀ ਕਾਰਣ ਸੀ ਕਿ ਛੇਤੀ ਹੀ ਇਹ ਨਗਰ, ਸਦੀਆਂ ਤੋਂ ਵਸੇ ਆ ਰਹੇ ਅਤੇ ਸਰਕਾਰੀ ਤਾਕਤ ਦਾ ਕੇਂਦਰ ਰਹੇ ਲਾਹੌਰ ਸ਼ਹਿਰ ਦੇ ਬਰਾਬਰ ਦੀ ਤਰੱਕੀ ਕਰ ਗਿਆ ਸੀ । ਸਭ ਤੋਂ ਅਹਿਮ ਗੱਲ ਦੇਖਣ ਵਾਲੀ ਇਹ ਹੈ ਕਿ ਗੁਰੂ ਰਾਮ ਦਾਸ ਜੀ ਨੇ ਇਸ ਨਗਰ ਨੂੰ ਇਕ ਮਾਡਲ ਦੇ ਤੌਰ ‘ਤੇ ਸਥਾਪਤ ਕੀਤਾ ਸੀ। ਵੱਖ ਵੱਖ ਪੇਸ਼ਿਆਂ ਦੇ ਲੋਕ ਇਥੇ ਰਹਿੰਦੇ ਸਨ ਪਰ ਕਿਸੇ ਵਿਚ ਊਚ-ਨੀਚ ਦੀ ਭਾਵਨਾ ਨਹੀਂ ਸੀ । ਕਿਸੇ ਦੀ ਮਿਹਨਤ ਨਾਲ ਕੀਤੀ ਹੋਈ ਕਮਾਈ ਦੀ ਲੁੱਟ-ਖਸੁੱਟ ਨਹੀਂ ਸੀ। ਚੂੜੇ-ਚਮਿਆਰਾਂ ਜਾਂ ਖੱਤਰੀਆਂ-ਬਰਾਹਮਣਾਂ ਦੇ ਕੋਈ ਵੱਖਰੇ ਵੱਖਰੇ ਮੁਹੱਲੇ ਨਹੀਂ ਸਨ। ਇਹੀ ਕਾਰਣ ਸਨ ਕਿ ਇੱਥੋਂ ਦੇ ਵਸਿੰਦੇ ਸੰਤੁਸ਼ਟ ਸਨ ਅਤੇ ਇਸ ਸੰਤੁਸ਼ਟੀ ਦਾ ਸਬੂਤ ਸੀ ਇਸ ਨਗਰ ਦਾ ਤੇਜੀ ਨਾਲ ਹੋ ਰਿਹਾ ਵਿਕਾਸ। ਗੁਰਬਾਣੀ ਵਿਚ, ਜਿਸ ਹਲੇਮੀ ਰਾਜ ਦਾ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਜਿਕਰ ਕੀਤਾ. ਹੈ। ਅੰਮ੍ਰਿਤਸਰ ਦਾ ਨਗਰ ਉਹ ਹਲੇਮੀ ਰਾਜ ਦਾ ਇਕ ਪੂਰਾ ਨਮੂਨਾ ਸੀ । ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਹਿਰ ਬਾਰੇ ਦਰਜ ਵਾਕਾਂ ਦੇ ਆਪਣੇ ਵਿਸ਼ੇਸ਼ ਭਾਵ ਹਨ :

ਰਾਮ ਰਾਜ ਰਾਮ ਦਾਸ ਪੁਰਿ ਕੀਨੇ ਗੁਰਦੇਵ । (ਪੰਨਾ ੪੧੭)

ਵਸਦੀ ਸਘਨ ਅਪਾਰ ਅਨੂਪ ਰਾਮ ਦਾਸ ਪੁਰ । (ਪੰਨਾ ੧੩੬੨)

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥ (ਪੰਨਾ ੧੪੧੨)

ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥ (ਪੰਨਾ ੧੪੧੨)

ਇਨ੍ਹਾਂ ਦਾ ਭਾਵ ਹੈ ਕਿ ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਵਿਚ ਰਾਮ ਰਾਜ ਸਥਾਪਤ ਕੀਤਾ ਹੈ। ਇਹ ਸੰਘਣੀ ਆਬਾਦੀ ਵਾਲੀ ਖੂਬਸੂਰਤ ਨਗਰੀ ਹੈ। ਇਸ ਦੇ ਮੁਕਾਬਲੇ ’ਤੇ ਲਾਹੌਰ ਸ਼ਹਿਰ ਵਿਚ ਹਰ ਰੋਜ਼ ਸਵਾ ਪਹਿਰ ਗੁੱਸੇ ਅਤੇ ਤਣਾਅ ਦਾ ਵਾਤਾਵਰਣ ਹੁੰਦਾ ਹੈ ਪਰ ਅੰਮ੍ਰਿਤਸਰ ਵਿਚ ਸਭ ਪਾਸੇ ਸਿਫਤਾਂ ਹੀ ਹੁੰਦੀਆਂ ਹਨ ਅਰਥਾਤ ਇਹ ਖੁਸ਼ੀਆਂ ਦਾ ਘਰ ਹੈ। ਭਾਵੇਂ ਅੰਮ੍ਰਿਤਸਰ ਦੀ ਸੰਪੂਰਣਤਾ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮੇਂ ਹੀ ਹੋਈ ਸੀ ਪਰ ਜੋ ਬੁਨਿਆਦ ਗੁਰੂ ਅਮਰ ਦਾਸ ਜੀ ਨੇ ਰੱਖੀ ਸੀ ਅਤੇ ਜੋ ਮੁੱਢਲਾ ਵਿਕਾਸ ਗੁਰੂ ਰਾਮ ਦਾਸ ਜੀ ਦੇ ਸਮੇਂ ਹੋਇਆ ਸੀ ਉਸ ਨੇ ਨਵੇਂ ਉਭਰ ਰਹੇ ਸਿੱਖ ਸਭਿਆਚਾਰ ਦੇ ਅਧੀਨ ਸਥਾਪਤ ਹੋ ਰਹੇ ਹਲੇਮੀ ਰਾਜ ਦਾ ਨਕਸ਼ਾ ਉਲੀਕ ਦਿੱਤਾ ਸੀ।

ਸ਼੍ਰੀ ਗੁਰੂ ਰਾਮ ਦਾਸ ਜੀ (1574-1581 ਈ.)

ਗੁਰੂ ਅਮਰ ਦਾਸ ਜੀ ਨਾਲ ਸੰਬੰਧਤ ਘਟਨਾਵਾਂ ਨੂੰ ਕਲਮ ਬੰਦ ਕਰਨਾ:

ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਤੀ ਦੇ ਨਾਲ ਨਾਲ ਗੁਰੂ ਅਮਰ ਦਾਸ ਜੀ ਨਾਲ ਸੰਬੰਧਤ ਘਟਨਾਵਾਂ ਨੂੰ ਕਲਮ ਬੰਦ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਆਪ ਨੇ ਪਹਿਲੇ ਗੁਰੂ ਜੀ ਨੂੰ ਬੜੇ ਨੇੜਿਓਂ ਤੱਕਿਆ ਸੀ ਅਤੇ ਉਨ੍ਹਾਂ ਦੇ ਨਾਲ ਵੀ ਰਹੇ ਸਨ । ਇਸ ਲਈ ਉਨ੍ਹਾਂ ਦੇ ਸਮੇਂ ਵਾਪਰਣ ਵਾਲੀਆਂ ਘਟਨਾਵਾਂ ਨੂੰ ਆਪ ਨੇ ਲਿਖਣਾ ਜ਼ਰੂਰੀ ਸਮਝਿਆ । ਜੋ ਘਟਨਾਵਾਂ ਆਪ ਜੀ ਨੇ ਕਲਮ ਬੰਦ ਕੀਤੀਆਂ ਹਨ ਉਨ੍ਹਾਂ ਵਿਚ ਉਸ ਵਿਰੋਧਤਾ ਦਾ ਵਰਨਣ ਹੈ ਜੋ ਗੁਰੂ ਅਮਰ ਦਾਸ ਜੀ ਨੂੰ ਗੋਇੰਦਵਾਲ ਸਾਹਿਬ ਦੇ ਸਥਾਨਕ ਤਪੇ ਵੱਲੋਂ ਜਾਂ ਵਸ਼ਿੰਦੇ ਜਿਮੀਂਦਾਰਾਂ ਵੱਲੋਂ ਦੇਖਣੀ ਪਈ ਸੀ। ਦੂਜਾ ਉਸ ਘਟਨਾ ਦਾ ਵਰਨਣ ਹੈ ਜਿਸ ਵਿਚ ਆਪ ਜੀ ਨੇ ਗੁਰੂ ਅਮਰ ਦਾਸ ਜੀ ਦੀਆਂ ਭਾਰਤ ਦੇ ਤੀਰਥ ਅਸਥਾਨਾਂ ਦੀਆਂ ਯਾਤਰਾਵਾਂ ਦਾ ਹਾਲ ਵਰਨਣ ਕੀਤਾ ਹੈ। ਇਨ੍ਹਾਂ ਦਾ ਵਿਸਥਾਰ ਪੂਰਵਕ ਵਰਨਣ ਗੁਰੂ ਅਮਰ ਦਾਸ ਜੀ ਵਾਲੇ ਚੈਪਟਰ ਵਿਚ ਆ ਚੁੱਕਿਆ ਹੈ। ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਆਪ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਆਪਣੀਆਂ ਸਮਕਾਲੀ ਘਟਨਾਵਾਂ ਨੂੰ ਲਿਖਤੀ ਰੂਪ ਦਿੱਤਾ ਸੀ । ਇਹ ਗੱਲ ਆਪ ਜੀ ਦੀ ਵਿਦਵਤਾ ਨੂੰ ਸਾਬਤ ਕਰਦੀ ਹੈ। ਪੰਜਾਬ ਦੇ ਵਿਚ ਸਮਕਾਲੀ ਘਟਨਾਵਾਂ ਨੂੰ ਲਿਖਤ ਵਿਚ ਲਿਆਉਣ ਦਾ ਕੰਮ ਸਿਰਫ਼ ਮੁਗ਼ਲ ਬਾਦਸ਼ਾਹਾਂ ਦੇ ਰੋਜ਼ਨਾਮਚਿਆਂ ਵਿਚ ਹੀ ਹੁੰਦਾ ਸੀ । ਸਿੱਖ ਗੁਰੂ ਸਾਹਿਬਾਨ ਨੇ ਪੰਜਾਬੀ ਪਰੰਪਰਾ ਵਿਚ ਪਹਿਲੀ ਵਾਰ ਸਮਕਾਲੀ ਘਟਨਾਵਾਂ ਨੂੰ ਲਿਖਣਾ ਸ਼ੁਰੂ ਕੀਤਾ ਸੀ । ਗੁਰੂ ਰਾਮ ਦਾਸ ਜੀ ਦਾ ਇਹ ਵਰਨਣ ਅੱਜ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਦੇ ਨਾਲ ਹੀ ਆਪ ਜੀ ਨੇ ਵੱਖ ਵੱਖ 30 ਰਾਗਾਂ ਵਿਚ ਗੁਰਬਾਣੀ ਦੀ ਰਚਨਾ ਵੀ ਕੀਤੀ। ਆਪ ਤੋਂ ਪਹਿਲਾਂ 19 ਰਾਗਾਂ ਵਿਚ ਬਾਣੀ ਰਚੀ ਗਈ ਸੀ । ਪਹਿਲੀ ਵਾਰ ਆਪ ਨੇ 11 ਰਾਗ ਹੋਰ ਵਰਤੋਂ ਵਿਚ ਲਿਆਂਦੇ। ਇਹ ਹਨ: ਦੇਵ ਗੰਧਾਰੀ, ਬਿਹਾਗੜਾ, ਜੈਤਸਰੀ, ਟੋਡੀ, ਬੈਰਾੜੀ, ਗੌਂਡ, ਨਟ-ਨਾਰਾਇਣ, ਮਾਲੀ ਗਉੜਾ, ਕੇਦਾਰਾ, ਕਾਨੜਾ ਅਤੇ ਕਲਿਆਣਾ । ਇਹ ਸਾਰੇ ਰਾਗ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।

 

ਪਰਚਾਰ ਪਰਣਾਲੀ ਸ਼ੁਰੂ ਕਰਨਾ :

ਗੁਰੂ ਰਾਮ ਦਾਸ ਜੀ ਦਾ ਸਮਾਂ ਸ਼ਾਂਤੀ ਭਰਿਆ ਸੀ । ਇਸ ਲਈ ਆਪ ਜੀ ਨੂੰ ਸਿੱਖ ਸੰਗਤਾਂ ਦੇ ਸੰਗਠਨ ਲਈ ਨਿਰਬਿਘਨ ਸਮਾਂ ਮਿਲਿਆ। ਗੁਰੂ ਅਮਰ ਦਾਸ ਜੀ ਰਾਹੀਂ ਸਿੱਖ ਸੰਗਤਾਂ ਨੂੰ ਮੰਜੀ ਸਿਸਟਮ ਵਿਚ ਸੰਗਠਿਤ ਕੀਤਾ ਗਿਆ ਸੀ। ਗੁਰੂ ਰਾਮ ਦਾਸ ਜੀ ਨੇ ਇਸ ਨੂੰ ਹੋਰ ਪਕੇਰਾ ਅਤੇ ਮਜ਼ਬੂਤ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ। ਸਿੱਖ ਸਮਾਜ ਵਿਚ ਮੰਨੇ ਪਰਮੰਨੇ ਵਿਦਵਾਨ ਸਿੱਖਾਂ ਨੂੰ ਪੰਜਾਬ ਤੋਂ ਬਾਹਰ ਸਿੱਖ ਧਰਮ ਦੇ ਪਰਚਾਰ ਲਈ ਭੇਜਿਆ। ਇਸ ਖੇਤਰ ਵਿਚ ਸਾਨੂੰ ਭਾਈ ਗੁਰਦਾਸ ਜੀ ਬਾਰੇ ਜਾਣਕਾਰੀ ਮਿਲਦੀ ਹੈ ਕਿ ਉਨ੍ਹਾਂ ਨੂੰ ਆਗਰੇ ਵਿਖੇ ਸਿੱਖ ਧਰਮ ਦੇ ਪਰਚਾਰ ਲਈ ਭੇਜਿਆ ਗਿਆ ਸੀਭਾਈ ਸਾਹਿਬ ਨੇ ਆਗਰੇ ਵਿਚ ਨਵੇਂ ਸਿੱਖ ਵੀ ਬਣਾਏ ਅਤੇ ਧਰਮ ਪਰਚਾਰ ਵੀ ਕੀਤਾ ਸੀ ।

ਅਖ਼ੀਰ 48 ਸਾਲਾਂ ਦੀ ਉਮਰ ਵਿਚ ਤਕਰੀਬਨ ਸੱਤ ਸਾਲ ਗੁਰਿਆਈ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਗੁਰੂ ਰਾਮ ਦਾਸ ਜੀ ਪਹਿਲੀ ਸਤੰਬਰ, 1581 ਈ. ਨੂੰ ਜੋਤੀ-ਜੋਤ ਸਮਾ ਗਏ ਸਨ। ਆਪ ਨੇ ਆਪਣਾ ਅਗਲਾ ਉੱਤਰਅਧਿਕਾਰੀ ਆਪਣੇ ਸਭ ਤੋਂ ਛੋਟੇ ਸਪੁੱਤਰ ਅਰਜਨ ਦੇਵ ਜੀ ਨੂੰ ਬਣਾਇਆ।

Leave a Comment

error: Content is protected !!