ਸ਼ੰਕਰ
ਸਥਿਤੀ :
ਤਹਿਸੀਲ ਨਕੋਦਰ ਦਾ ਇਹ ਪਿੰਡ ਸ਼ੰਕਰ, ਨਕੋਦਰ – ਫਗਵਾੜਾ ਸੜਕ ਤੇ ਸਥਿਤ, ਜੰਡਿਆਲਾ ਤੋਂ 8 ਕਿਲੋ ਮੀਟਰ ਤੇ ਨਕੋਦਰ ਤੋਂ 7 ਕਿਲੋ ਮੀਟਰ ਦੂਰੀ ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਹ ਪਿੰਡ ਲੁਧਿਆਣੇ ਦੇ ਪਿੰਡ ਸ਼ੰਕਰ ਤੋਂ ਪੁਰੇਵਾਲੀਏ ਨੇ ਇੱਥੇ ਆ ਕੇ ਵਸਾਇਆ ਜਿਸ ਕਰਕੇ ਇਸ ਦਾ ਨਾਂ ‘ਸ਼ੰਕਰ’ ਪੈ ਗਿਆ। ਇੱਥੇ ਪੁਰੇਵਾਲ, ਤੱਖਰ ਤੇ ਸੰਧੂ ਗੋਤ ਦੇ ਜੱਟਾਂ ਦੀ ਗਿਣਤੀ 80-85 ਫੀ ਸਦੀ ਹੈ। ਤੱਖਰ ਇੱਥੋਂ ਦੇ ਦੋਹਤੇ ਹਨ ਜੋ ਫਗਵਾੜੇ ਨੇੜੇ ਤੱਖਰ ਪਿੰਡ ਤੋਂ ਆ ਕੇ ਵੱਸੇ ਤੇ ਸੰਧੂ ਨੇੜੇ ਦੇ ਪਿੰਡ ਸਰੀਹ ਤੋਂ ਇੱਥੇ ਆ ਕੇ ਵੱਸੇ। ਕਿਹਾ ਜਾਂਦਾ ਹੈ ਕਿ ਸੰਧੂ ਅਗੋਂ ਤੱਖਰਾਂ ਦੇ ਦੋਹਤੇ ਹਨ ਜੋ ਅੰਮ੍ਰਿਤਸਰ ਦੇ ਭਿੱਖੀਵਿੰਡ ਕਸਬੇ ਤੋਂ ਇੱਥੇ ਆਏ।
ਅੱਜ ਤੋਂ 6 ਸਦੀਆਂ ਪਹਿਲਾਂ ਜਦੋਂ ਮੁਰਨਾਦ ਸਾਹਿਬ ਨੇ ਇਹ ਪਿੰਡ ਬੰਨਿਆ ਤਾਂ ਨਾਲ ਹੀ ਵਰ ਦਿੱਤਾ ਕਿ ਇਸ ਪਿੰਡ ਵਿੱਚ ਇੱਕ ਪਾਸੇ ਕ੍ਰਿਸਨ ਦਾ ਖਾੜਾ ਬੱਝਦਾ ਰਹੇਗਾ ਤੇ ਦੂਜੇ ਪਾਸੇ ਗੋਪੀਆਂ ਦਾ ਨਾਚ ਹੋਇਆ ਕਰੇਗਾ। ਇਸ ਤਰ੍ਹਾਂ ਇੱਥੋਂ ਦੀ ਛਿੰਝ ਦਾ ਇਤਿਹਾਸ ਏਨਾ ਪੁਰਾਣਾ ਹੈ। ਕੱਤਕ ਦੇ ਮਹੀਨੇ ਸੱਤਵੇਂ ਨਰਾਤੇ ਤੋਂ ਪਿੰਡ ਵਿੱਚ ਇੱਕ ਪਾਸੇ ਘੋਲ ਤੇ ਦੂਜੇ ਪਾਸੇ ਗਿੱਧਾ ਸ਼ੁਰੂ ਹੋ ਜਾਂਦਾ ਹੈ ਜੋ ਲਗਾਤਾਰ ਦਸ ਦਿਨ ਪੁੰਨਿਆ ਤੱਕ ਪੈਂਦਾ। ਹੈ। ਦਸ ਦਿਨਾਂ ਬਾਅਦ ਛਿੰਝ ਪੈਂਦੀ ਹੈ ਜਿਸ ਵਿੱਚ ਦੂਰ ਨੇੜੇ ਤੋਂ ਨਾਮੀ ਪਹਿਲਵਾਨ ਆਉਂਦੇ ਹਨ। ਸਦੀਆਂ ਤੋਂ ਇਹ ਰਵਾਇਤ ਚਲੀ ਆ ਰਹੀ ਹੈ। ਗਿੱਧੇ ਬੋਲੀਆਂ ਦੇ ਸ਼ੌਕੀਨ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਇਹਨੀ ਦਿਨੀਂ ਇਸ ਪਿੰਡ ਆਉਂਦੇ ਹਨ। ਪਿੰਡ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਇਹਨਾਂ ਦਿਨਾਂ ਵਿੱਚ ਕੁਝ ਅਣਹੋਣੀ ਨਹੀਂ ਵਾਪਰਦੀ ਪਰ ਜੋ ਇਹਨਾਂ ਜਸ਼ਨਾਂ ਵਿੱਚ ਹਿੱਸਾ ਨਾ ਲਵੇ ਉਸਦੇ ਹੱਥਾਂ ਤੇ ਚੰਬਲ ਹੋ ਜਾਂਦੀ ਹੈ । ਛਿੰਝ ਵਾਲੀ ਥਾਂ ਤੇ ਜੋ ਮੰਦਰ ਹੈ ਉਸਦੀ ਬਹੁਤ ਮਾਨਤਾ ਹੈ।
ਪਿੰਡ ਨੇ ਬਹੁਤ ਸਿਆਸਤਦਾਨ ਪੈਦਾ ਕੀਤੇ ਹਨ, ਸ. ਸਵਰਨ ਸਿੰਘ ਸਾਬਕਾ ਵਿਦੇਸ਼ ਮੰਤਰੀ ਇਸੇ ਪਿੰਡ ਦੇ ਸਨ। ਗਦਰ ਲਹਿਰ ਦੇ ਫੇਲ੍ਹ ਹੋਣ ਸਮੇਂ ਸ਼ੰਕਰ ਦੇ ਕਰਤਾਰੇ ਨੇ ਗਦਰੀਆਂ ਦੀ ਬਹੁਤ ਮਦਦ ਕੀਤੀ। ਉਸਦਾ ਮੈਕਸੀਕੋ ਦੀ ਸਰਹੱਦ ਤੇ ਫਾਰਮ ਸੀ ਜਿਥੋਂ ਉਸਨੇ ਆਪਣੇ ਇੱਕ ਸਾਥੀ ਦਲੀਪ ਸਿੰਘ ਫਾਲਾ ਦੀ ਮਦਦ ਨਾਲ ਬਹੁਤ ਸਾਰੇ ਗਦਰੀਆਂ ਨੂੰ ਅਮਰੀਕਾ ਲੰਘਾਇਆ।
ਮੌ ਸਾਹਿਬ ਵਿਆਹੁਣ ਜਾਂਦੇ ਹੋਏ ਗੁਰੂ ਅਰਜਨ ਦੇਵ ਜੀ ਇੱਥੇ ਰਹਿੰਦੇ ਪੰਜ ਪੀਰਾਂ ਕੋਲ ਠਹਿਰੇ ਸਨ। ਉਹਨਾਂ ਦੀ ਯਾਦ ਵਿੱਚ ਰੇਲਵੇ ਲਾਈਨ ਕੋਲ ਗੁਰਦੁਆਰਾ ਬਣਿਆ ਹੋਇਆ ਹੈ। ਇੱਥੇ ਹਰ ਮੱਸਿਆ ਨੂੰ ਮੇਲਾ ਲੱਗਦਾ ਹੈ ਜਿੱਥੇ ਦੂਰੋਂ ਦੂਰੋਂ ਲੋਕ ਇਸ਼ਨਾਨ ਕਰਨ ਆਉਂਦੇ ਹਨ। ਇੱਥੇ ਨਹਾਉਣ ਨਾਲ ਖਾਰਸ਼ ਮੋਹਕੇ ਤੇ ਫੋੜੇ ਫਿਨਸੀਆਂ ਨੂੰ ਅਰਾਮ ਆਉਂਦਾ ਹੈ।
ਪਿੰਡ ਵਿੱਚ ਬਾਬਾ ਸੱਚ ਖੰਡ ਸ਼ਾਹ ਦੀ ਜਗ੍ਹਾ ਤੇ ਉਹਨਾਂ ਦੀ ਬਰਸੀ ਤੇ ਹਰ ਸਾਲ ਪੋਹ ਦੀ ਸੰਗਰਾਂਦ ਨੂੰ ਮੇਲਾ ਲੱਗਦਾ ਹੈ।
ਵੰਡ ਵੇਲੇ ਇੱਥੇ ਕੋਈ ਖੂਨ ਖਰਾਬਾ ਨਹੀਂ ਹੋਇਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ