ਸਿੱਧੂ ਭੱਟੀ ਰਾਜਪੂਤਾਂ ਵਿੱਚੋਂ ਹਨ। ਇਹ ਯਾਦਵ ਬੰਸੀ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗੱਜ਼ਨੀ ਤੱਕ ਸੀ। ਕਾਫ਼ੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗੱਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਬੰਸ ਵਿੱਚ ਜੈਸਲ ਇਕ ਪਰਤਾਪੀ ਰਾਜਾ ਹੋਇਆ। ਉਸਨੇ ਜੈਸਲਮੇਰ ਸ਼ਹਿਰ ਵਸਾ ਲਿਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਾਰਾਜ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ. ‘ਚ ਆ ਗਿਆ। ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦਾ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਨੇ ਹਿਸਾਰ ਵਿੱਚ ਇਕ ਕਿਲਾ ਉਸਾਰਿਆ। ਹੇਮ ਦੀ ਮੌਤ 1214 ਈਸਵੀ ਵਿੱਚ ਹੋਈ। ਇਸਨੇ ਮੁਕਤਸਰ ਦੇ ਦੱਖਣੀ ਇਲਾਕੇ ਤੋਂ ਪੰਵਾਰਾਂ ਨੂੰ ਲੁਧਿਆਣੇ ਵਲ ਕੱਢਿਆ। ਹੇਮ ਦੇ ਪੁੱਤਰ ਜੋਂਧਰ ਦੇ 21 ਪੁੱਤ ਸਨ। ਜਿਨ੍ਹਾਂ ਦੇ ਨਾਮ ਤੇ ਅੱਡ-ਅੱਡ ਨਵੇਂ 21 ਗੋਤ ਹੋਰ ਚਲ ਪਏ। ਇਸ ਦੇ ਇੱਕ ਪੋਤੇ ਮੰਗਲ ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ। ਮੰਗਲ ਰਾਉ ਦੇ ਪੁੱਤਰ ਅਨੰਦ ਰਾਉ ਦੇ ਬੇਟੇ ਖੀਵਾ ਰਾਉ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਪੈਦਾ ਨਾ ਹੋਇਆ। ਖੀਵਾ ਰਾਉ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ ਹੋਇਆ। ਇਹ ਘਟਨਾ ਤਕਰੀਬਨ 1250 ਈਸਵੀ ਦੇ ਲਗਭਗ ਵਾਪਰੀ। ਸਿੱਧੂ ਰਾਉ ਦੀ ਬੰਸ ਜੱਟ ਬਰਾਦਰੀ ਵਿੱਚ ਰਲ ਗਈ। ਸਿੱਧੂ ਦੇ ਨਾਂਵ ਤੋਂ ਸਿੱਧੂ ਗੋਤ ਚਲਿਆ। ਸਿੱਧੂ ਦਾ ਵਿਆਹ ਵੀ ਗਿੱਲਾਂ ਦੇ ਹੋਇਆ। ਜਿਸ ਵਿੱਚੋਂ ਸਿੱਧੂ ਦੇ ਛੀ ਪੁੱਤਰ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰੇ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ ਵਿੱਚ ਹੈ। ਸੂਰੋ ਦੀ ਉਲਾਦ ਜਾਬ ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ। ਭੂਰੇ ਦੀ ਬੰਸ ਵਿੱਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਪੁੱਤਰ ਤਿਲਕ ਰਾਉ ਨੇ ਸੰਤ ਸੁਭਾਅ ਕਾਰਨ ਵਿਆਹ ਨਹੀਂ ਕਰਾਇਆ। ਇਸ ਨੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਦੇ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਂਪੁਰਸ਼ ਦੀ ਮਾਨਤਾ ਕਰਦੇ ਹਨ। ਇਸ ਦੀ ਯਾਦ ਵਿੱਚ ਅਬਲੂ ਵਿੱਚ ਇਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤਿਲਕ ਰਾਉ ਦੀ ਥਾਂ ਇਸਤਰੀਆਂ ਮਿੱਟੀ ਕਢਣ ਹਰ ਸਾਲ ਆਉਂਦੀਆਂ ਹਨ। ਇਸ ਤਿਲਕ ਰਾਉ ਅਸਥਾਨ ਤੋਂ ਮਿੱਟੀ ਲੈ ਕੇ ਮਰਾਝ ਦੇ ਗੁਰਦੁਆਰੇ ਵਿੱਚ ਇਕ ਤਿਲਕ ਰਾਉ ਦੀ ਥਾਂ ਬਣਾਈ ਹੈ । ਜਿਥੇ ਬਾਹੀਏ ਦੀਆਂ ਇਸਤਰੀਆਂ ਮਿੱਟੀ ਕਢਦੀਆਂ ਹਨ। ਇਕ ਹੋਰ ਅਜਿਹਾ ਥਾਂ ਹੋਰ ਰਾਇਕੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਹੈ।
ਭੂਰੇ ਦੇ ਪੁੱਤਰ ਸੀਤਾ ਰਾਉ ਦੀ ਬੰਸ ਵਿਚੋਂ ਹਰੀ ਰਾਉ ਹੋਇਆ ਹੈ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੈ । ਕਾਉਂਕੇ, ਅਟਾਰੀ, ਹਰੀਕੇ ਤੇ ਫਤਣ ਕੇ ਆਦਿ ਇਸ ਦੀ ਬੰਸ ਵਿੱਚੋਂ ਹਨ। ਇਹ ਬਰਾੜ ਬੰਸੀ ਨਹੀਂ ਹਨ।
ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿਚੋਂ ਬਰਾੜ ਪ੍ਰਸਿੱਧ ਹੋਇਆ ਜੋ ਬਰਾੜ ਬੰਸ ਦਾ ਮੋਢੀ ਹੈ। ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੂੰਹੀਆਂ; ਬਰਾੜ, ਹਰੀਕੇ, ਭਾਈਕੇ, ਪੀਰੇ ਕੋਟੀਏ, ਰੋਸੇ, ਜੈਦ ਤੇ ਮਾਣੋ ਕੇ ਹਨ। ਸਿੱਧੂ ਦੇ ਇਕ ਪੁੱਤਰ ਦੀ ਬੰਸ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ ਦਲਿਤ ਜਾਤੀ ਵਿੱਚ ਰਲ ਗਈ। ਸਿੱਧੂ ਪਿਛੜੀਆਂ ਸ਼੍ਰੇਣੀਆਂ ਨਾਈਆਂ ਆਦਿ ਅਤੇ ਅਨੁਸੂਚਿਤ ਜਾਤੀਆਂ ਮਜ਼ਬੀ ਸਿੱਖਾਂ ਵਿੱਚ ਵੀ ਹਨ। ਸਿੱਧੂ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ। ਇਹ ਬਹੁਤ ਵੱਡਾ ਧਾੜਵੀ ਤੇ ਸੂਰਬੀਰ ਸੀ । ਇਸ ਨੇ ਭੱਟੀਆਂ ਨੂੰ ਹਰਾਕੇ ਬਠਿੰਡੇ ਦੇ ਇਲਾਕੇ ਤੇ ਦੋਬਾਰਾ ਕਬਜ਼ਾ ਕਰ ਲਿਆ। ਇਹ ਦਿੱਲੀ ਸਰਕਾਰ ਤੋਂ ਵੀ ਬਾਗ਼ੀ ਹੋ ਗਿਆ। ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲੀ ਵਿੱਚ ਰਹਿਣ ਲੱਗ ਪਿਆ। ਬੀਦੋਵਾਲੀ ਵਿੱਚ ਹੀ 1415 ਈਸਵੀ ਦੇ ਲਗਭਗ ਬਰਾੜ ਦੀ ਮੌਤ ਹੋਈ। ਇਕ ਵਾਰੀ ਸਿੱਧੂ ਬਰਾੜਾਂ ਨੇ ਤੈਮੂਰ ਨੂੰ ਟੋਹਾਣੇ ਦੇ ਇਲਾਕੇ ਵਿੱਚ ਵੀ ਲੁੱਟ ਲਿਆ ਸੀ। ਬਰਾੜ ਲੁਟਮਾਰ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਸਮੇਤ ਪਰਵਾਰ ਲੁੱਕ ਜਾਂਦੇ ਸਨ। ਤੈਮੂਰ ਨੇ ਗੁੱਸੇ ਵਿੱਚ ਆਕੇ ਕੁਲ ਝਾੜ, ਕਰੀਰ ਵਢਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਥੱਲੇ ਭੋਰਿਆਂ ਵਿੱਚੋਂ ਬਰਾੜ ਸਮੇਤ ਪਰਵਾਰ ਨਿਕਲਦੇ ਸਨ । ਉਥੋਂ ਹੀ ਇਹ ਕਹਾਵਤ ਪ੍ਰਚਲਤ ਹੋਈ ਸੀ, ਕਿ “ਇਕ ਝਾੜ ਵਢਿਆ, ਸੌ ਸਿੱਧੂ ਕਢਿਆ।”
ਤੈਮੂਰ ਨੇ ਬਦਲਾ ਲੈਣ ਲਈ ਕਾਫੀ ਸਿੱਧੂ-ਬਰਾੜ ਮਰਵਾ ਦਿੱਤੇ ਸਨ। ਬਰਾੜ ਦੇ ਵੀ ਛੀ ਪੁੱਤਰ ਸਨ ਜਿਨ੍ਹਾਂ ਵਿੱਚੋਂ ਦੁੱਲ ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ। ਉਨ੍ਹਾਂ ਦੀ ਬੰਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ। ਹਰੀਕੇ ਬਰਾੜ ਨਹੀਂ ਹਨ। ਇਹ ਹਰੀ ਰਾਉ ਦੀ ਬੰਸ ਹਨ। ਦੁਲ ਦੀ ਬੰਸ ਵਿੱਚ ਫਰੀਦਕੋਟੀਏ ਤੇ ਸੰਘਕੇ ਹਨ। ਪੌੜ ਦੀ ਬੰਸ ਵਿੱਚੋਂ ਫੂਲਕੇ, ਮਹਿਰਾਜਕੇ, ਘੁਰਾਜਕੇ ਆਦਿ ਹਨ। ਇਹ ਬਹੁਤੇ ਬਠਿੰਡੇ ਦੇ ਬਾਹੀਏ ਇਲਾਕੇ ਵਿੱਚ ਆਬਾਦ ਹਨ।
ਦੁਲ ਦੀ ਬੰਸ ਵੀ ਕਾਫੀ ਵੱਧੀ ਹੈ। ਦੁਲ ਦੇ ਚਾਰ ਪੁੱਤਰ ਰਤਨ ਪਾਲ, ਲਖਨ ਪਾਲ, ਬਿਨੇਪਾਲ ਤੇ ਸਹਿਸ ਪਾਲ ਸਨ।
ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ, ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨ ਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਨ ਪਾਲ ਦੀ ਸੰਤਾਨ ਨਾਗਦੀ ਸਰਾਂ ‘ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੱਟੀ ਪੱਤੀ ਵਿੱਚ ਆਬਾਦ ਹੈ। ਬਿਨੇ ਪਾਲ ਦੀ ਬੰਸ ਵਿੱਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸਦੇ ਭਲਣ ਸਮੇਤ 14 ਪੁੱਤਰ ਸਨ।
ਸੰਘਰ ਬਾਬਰ ਦੇ ਸਮੇਂ 1526 ਈਸਵੀ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ” ਵੀ ਇਸ ਲੜਾਈ ‘ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ। ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ ਲਿਆ। ਇਸ ਉੱਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, “ਭਲਣ ਚੀਰਾ ਪਾੜਿਆ, ਅਕਬਰ ਦੇ ਦਰਬਾਰ” ਪੰਜ ਗਰਾਹੀਂ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀ ਵਿੱਚ ਹੋਈ।
ਬੀਦੋਵਾਲੀ –
ਸਿੱਧੂਆਂ ਬਰਾੜਾਂ ਦਾ ਮੋਢੀ ਪਿੰਡ ਸੀ। ਛੇਵੇਂ ਗੁਰੂ ਹਰ ਗੋਬਿੰਦ ਸਾਹਿਬ ਏਥੇ ਸਮੇਤ ਪਰਵਾਰ 1688 ਬਿਕਰਮੀ ਵਿੱਚ ਮੋਹਨ ਪਾਸ ਆਏ ਸਨ। ਬਠਿੰਡਾ ਗੱਜ਼ਟ ਦੇ ਅਨੁਸਾਰ ਬੀਦੋਵਾਲੀ ਇਲਾਕੇ ਦੀ ਚੌਧਰ ਪਹਿਲੇ-ਪਹਿਲ ਮੁਗ਼ਲਾਂ ਨੇ ਬਰਾੜ ਬੰਸ ਦੇ ਇਕ ਸਰਦਾਰ ਬੈਰਮ ਨੂੰ ਦੇ ਦਿੱਤੀ ਸੀ। ਬੈਰਮ ਦੀ ਮੌਤ 1560 ਈਸਵੀ ਵਿੱਚ ਹੋਈ। ਫਿਰ ਇਸ ਇਲਾਕੇ ਦੀ ਚੌਧਰ ਉਸ ਦੇ ਪੁੱਤਰ ਮਹਿਰਾਜ ਨੂੰ ਮਿਲ ਗਈ। ਮਹਿਰਾਜ਼ ਦੇ ਪੋਤੇ ਮੋਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆ ਕੇ ਬੀਦੋਵਾਲੀ ਪਿੰਡ 1618 ਈਸਵੀ ਵਿੱਚ ਕੁਝ ਸਮੇਂ ਲਈ ਛੱਡ ਦਿੱਤਾ ਅਤੇ ਉਹ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ। ਸਰਕਾਰ ਵੀ ਉਸ ਤੇ ਨਾਰਾਜ ਸੀ। ਮਾਨ, ਭੁੱਲਰ ਤੇ ਹੇਅਰ ਵੀ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਦੇ ਮਾਲਕ ਸਮਝਦੇ ਸਨ। ਸਿੱਧੂਆਂ ਨੂੰ ਉਜਾੜ ਦਿੰਦੇ ਸਨ। ਸਰਦਾਰ ਨੇਤਾ ਸਿੰਘ ਦੰਦੀਵਾਲ ਚੌਹਾਨ ਦੇ ਅਨੁਸਾਰ ਮੋਹਨ ਅਤੇ ਉਸ ਦਾ ਪੁੱਤਰ ਰੂਪਚੰਦ 1632 ਈਸਵੀ ਵਿੱਚ ਬੀਦੋਵਾਲੀ ਹੀ ਭੱਟੀ-ਮੁਸਲਮਾਨਾਂ ਨਾਲ ਲੜਦੇ ਮਾਰੇ ਗਏ ਸਨ। ਮੋਹਨ ਦਾ ਪੁੱਤਰ ਕਾਲਾ ਵੀ ਛੇਵੇਂ ਗੁਰੂ ਗੋਬਿੰਦ ਸਾਹਿਬ ਦਾ ਪੱਕਾ ਸੇਵਕ ਸੀ। ਸ਼ਾਹਜਹਾਨ ਦੀ ਫੌਜ਼ ਨੇ ਗੁਰੂ ਸਾਹਿਬ ਤੇ 1635 ਈਸਵੀ ਵਿੱਚ ਮਰਾਝ ਦੇ ਨੇੜੇ ਲਹਿਰੇ ਹੱਲਾ ਬੋਲ ਦਿੱਤਾ। ਕਾਲੇ ਨੇ ਇਸ ਲੜਾਈ ਵਿੱਚ ਗੁਰੂ ਸਾਹਿਬ ਦੀ ਆਪਣੇ ਸਾਰੇ ਭਾਈਚਾਰੇ ਸਮੇਤ ਡੱਟ ਕੇ ਪੂਰੀ ਸਹਾਇਤਾ ਕੀਤੀ। ਗੁਰੂ ਸਾਹਿਬ ਦੀ ਜਿੱਤ ਹੋਈ। ਗੁਰੂ ਸਾਹਿਬ ਨੇ ਖੁਸ਼ ਹੋਕੇ ਕਾਲੇ ਬਰਾੜ ਨੂੰ ਕਿਹਾ ਕਿ ਜਿਤਨਾ ਇਲਾਕਾ ਚਾਹੁੰਦਾ ਹੈਂ, ਹੁਣੇ ਹੀ ਵਲ ਲੈ ਤੇ ਮੋਹੜੀ ਗੱਡ ਲੈ। ਭੁੱਲਰਾਂ ਨੇ ਗੱਡੀ ਮੋਹੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਕਾਲੇ ਨੇ 22 ਪਿੰਡਾਂ ਦਾ ਇਲਾਕਾ ਸ਼ਾਮ ਤੱਕ ਵਲ ਲਿਆ। ਉਸ ਨੇ ਸ਼ਾਮ ਨੂੰ ਗੁਰੂ ਸਾਹਿਬ ਪਾਸ ਆਕੇ ਮੋਹੜੀ ਖੂਹ ਵਿੱਚ ਸੁਟਣ ਦੀ ਸ਼ਿਕਾਇਤ ਕੀਤੀ ਤਾਂ ਗੁਰੂ ਹਰ ਹਰਗੋਬਿੰਦ ਜੀ ਨੇ ਕਿਹਾ, “ਭਾਈ ਕਾਲੇ, ਤੇਰੀ ਜੜ੍ਹ ਪਤਾਲ ਵਿੱਚ ਲੱਗ ਗਈ ਹੈ। ਇਸ ਤਰ੍ਹਾਂ ਕਾਲੇ ਨੇ ਮਰਾਝ ਪਿੰਡ ਵਸਾਇਆ। ਗੁਰੂ ਹਰ ਰਾਏ ਸਾਹਿਬ ਜਦ ਮਾਲਵੇ ਵਿੱਚ ਆਏ ਤਾਂ ਕਾਲਾ ਆਪਣੇ ਭਤੀਜਿਆਂ ਫੂਲ ਤੇ ਸੰਦਲ ਨੂੰ ਲੈ ਕੇ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਫੂਲ ਤੇ ਸੰਦਲ ਦੇ ਘੋੜੇ ਗੰਗਾ ਜਮਨਾ ਪਾਣੀ ਪੀਣਗੇ । ਫੂਲ ਦੀ ਸੰਤਾਨ ਜਮਨਾ ਤੋਂ ਸਤਿਲੁਜ ਤੱਗ ਰਾਜ ਕਰੇਗੀ। ਫੂਲ ਨੇ ਵੱਡਾ ਹੋ ਕੇ ਫੂਲ ਨਗਰ ਵਸਾਇਆ ਤੇ ਆਲੇ ਦੁਆਲੇ ਦੇ ਇਲਾਕੇ ਜਿੱਤੇ। ਚੌਧਰੀ ਫੂਲ ਦੇ ਪੁੱਤਰ ਤ੍ਰਿਲੋਕ ਸਿੰਘ ਤੇ ਰਾਮ ਸਿੰਘ ਹੋਏ। ਇਨ੍ਹਾਂ ਨੇ ਨਵਾਬ ਈਸਾ ਖਾਂ ਤੋਂ ਆਪਣੇ ਬਾਪ ਦੀ ਮੌਤ ਦਾ ਬਦਲਾ ਲਿਆ। ਇਨ੍ਹਾਂ ਨੇ ਦਸਵੇਂ ਗੁਰੂ ਸਾਹਿਬ ਤੋਂ ਅਮ੍ਰਿਤਪਾਨ ਕੀਤਾ। ਇਨ੍ਹਾਂ ਦੋਵਾਂ ਸਰਦਾਰਾਂ ਦੀ ਔਲਾਦ ਦੀਆਂ ਰਿਆਸਤਾਂ ਪਟਿਆਲਾ, ਨਾਭਾ ਤੇ ਜੀਂਦ (ਸੰਗਰੂਰ) ਹੋਈਆਂ। ਇਨ੍ਹਾਂ ਤਿੰਨਾਂ ਨੂੰ ਫੂਲ ਵੰਸ਼” ਰਿਆਸਤਾਂ ਕਿਹਾ ਜਾਂਦਾ ਸੀ। ਫੂਲਕੀਆਂ ਰਿਆਸਤਾਂ ਵਿੱਚੋਂ ਬਾਬਾ ਆਲਾ। ਸਿੰਘ ਨੇ ਆਪਣੇ ਰਾਜ ਨੂੰ ਬਹੁਤ ਵਧਾਇਆ। ਉਹ ਪੱਕੇ ਸਿੱਖ ਤੇ ਉੱਚ ਕੋਟੀ ਦੇ ਨੀਤੀਵਾਨ ਸਨ। ਮਹਾਰਾਜਾ ਆਲਾ ਸਿੰਘ ਦੀ 1765 ਈਸਵੀ ਵਿੱਚ ਮੌਤ ਹੋਈ। ਉਹ ਮਹਾਨ ਸੂਰਬੀਰ ਸੀ। ਫਰੀਦਕੋਟ ਰਿਆਸਤ ਦਾ ਵਡੇਰਾ ਭਲਣ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪੱਕਾ ਸਿੱਖ ਸੀ। ਉਸ ਨੇ ਵੀ ਮਹਿਰਾਜ ਦੀ ਲੜਾਈ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ। ਉਹ 1643 ਈਸਵੀ ਵਿੱਚ ਬੇਔਲਾਦ ਮਰ ਗਿਆ। ਉਸ ਦੀ ਮੌਤ ਤੋਂ ਮਗਰੋਂ ਕਪੂਰਾ ਚੌਧਰੀ ਬਣਿਆ। ਕਪੂਰਾ ਬਰਾੜ ਚੌਧਰੀ ਭਲਣ ਦੇ ਭਰਾ ਲਾਲੇ ਦਾ ਪੁੱਤਰ ਸੀ। ਕਪੂਰੇ ਨੇ 1661 ਈਸਵੀ ਵਿੱਚ ਕੋਟਕਪੂਰਾ ਨਗਰ ਵਸਾਇਆ। ਕਪੂਰਾ ਵੀ 84 ਪਿੰਡ ਦਾ ਚੌਧਰੀ ਸੀ। ਉਹ ਵੀ ਸਿੱਖੀ ਨੂੰ ਪਿਆਰ ਕਰਦਾ ਸੀ। ਪਰ ਮੁਗਲਾਂ ਨਾਲ ਵੀ ਵਿਗਾੜਨਾ ਨਹੀਂ ਚਾਹੁੰਦਾ ਸੀ।
1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਕਪੂਰੇ ਨੇ ਗੁਰੂ ਗੋਬਿੰਦ ਸਿੰਘ ਦੀ ਲੁਕਵੀਂ ਹੀ ਸਹਾਇਤਾ ਕੀਤੀ । ਈਸਾ ਖਾਨ ਮੰਜ ਨੇ ਧੋਖੇ ਨਾਲ 1708 ਈਸਵੀ ਵਿੱਚ ਕਪੂਰੇ ਨੂੰ ਕਤਲ ਕਰ ਦਿੱਤਾ। ਕਪੂਰੇ ਦੇ ਤਿੰਨ ਪੁੱਤਰ ਸੁਖੀਆ, ਸੇਮਾਂ ਤੇ ਮੁਖੀਆ ਸਨ। ਇਨ੍ਹਾਂ ਨੇ ਈਸਾਖਾਨ ਨੂੰ ਮਾਰ ਕੇ ਸਾਰਾ ਇਲਾਕਾ ਜਿੱਤ ਲਿਆ। ਇਸ ਲੜਾਈ ਵਿੱਚ ਸੇਮਾਂ ਵੀ 1710 ਈਸਵੀ ‘ਚ ਮਾਰਿਆ ਗਿਆ। ਇਸ ਤਰ੍ਹਾਂ 1720 ਈਸਵੀ ਵਿੱਚ ਕਪੂਰੇ ਦਾ ਵੱਡਾ ਪੁੱਤਰ ਸੁਖੀਆ ਫਿਰ ਗਦੀ ਤੇ ਬੈਠਾ। 1808 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਦੀ ਰਿਆਸਤ ਦੇ ਸਾਰੇ ਇਲਾਕੇ ਉੱਤੇ ਮੁਕਤਸਰ ਤੱਕ ਕਬਜ਼ਾ ਕਰ ਲਿਆ ਸੀ। ਅੰਗਰੇਜ਼ਾਂ ਦੇ ਕਹਿਣ ਤੇ ਇਹ ਇਲਾਕਾ ਰਣਜੀਤ ਸਿੰਘ ਨੂੰ ਛੱਡਣਾ ਪਿਆ। ਇਸ ਕਾਰਨ ਹੀ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਵਿੱਚ ਇਸ ਰਿਆਸਤ ਦੇ ਰਾਜੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। 1705 ਈਸਵੀ ਵਿੱਚ ਮੁਕਤਸਰ ਦੀ ਜੰਗ ਵਿੱਚ ਜੱਥੇਦਾਰ ਦਾਨ ਸਿੰਘ ਬਰਾੜ ਨੇ 1500 ਬਰਾੜਾਂ ਨੂੰ ਨਾਲ ਲੈ ਕੇ ਮੁਗਲ ਫੌਜਾਂ ਦੇ ਪੈਰ ਉਖੇੜ ਦਿੱਤੇ ਸੀ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬਰਾੜ ਭਾਈਚਾਰੇ ਤੇ ਬਹੁਤ ਖੁਸ਼ ਸਨ। ਗੁਰੂ ਗੋਬਿੰਦ ਸਿੰਘ ਦੇ ਸਮੇਂ ਮਾਲਵੇ ਵਿੱਚ ਬਰਾੜਾਂ ਦਾ ਦਬਦਬਾ ਸੀ। ਔਰੰਗਜ਼ੇਬ ਭੀ ਸਿੱਧੂ ਬਰਾੜਾਂ ਤੋਂ ਡਰਦਾ ਮਾਲਵੇ ਵਲ ਮੂੰਹ ਨਹੀਂ ਕਰਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੈ ਦੀਨੇ ਕਾਂਗੜ ਤੋਂ ਜੋ ਜਫ਼ਰਨਾਮਾ ਲਿਖਿਆ ਸੀ ਉਸ ਵਿੱਚ ਵੀ ਬਰਾੜਾਂ ਦਾ ਵਿਸ਼ੇਸ਼ ਵਰਣਨ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਬਰਾੜਾਂ ਦੀ ਸਾਰੀ ਕੌਮ ਮੇਰੇ ਹੁਕਮ ਵਿੱਚ ਹੀ ਹੈ। ਅਸਲ ਵਿੱਚ ਜਦ ਗੁਰੂ ਹਰਗੋਬਿੰਦ ਸਾਹਿਬ ਸੰਨ 1688 ਬਿਕਰਮੀ ਵਿੱਚ ਮਾਲਵੇ ਵਿੱਚ ਆਏ ਤਾਂ ਬਰਾੜਾਂ ਦੇ ਚੌਧਰੀ ਭਲਣ ਨੇ ਸਿੱਖੀ ਧਾਰਨ ਕਰ ਲਈ। ਇਸ ਕਾਰਨ ਬਰਾੜ ਗੁਰੂਆਂ ਦੇ ਸ਼ਰਧਾਲੂ ਤੇ ਸੇਵਕ ਬਣ ਗਏ। ਭਾਈ ਬਹਿਲੋ ਵੀ ਗੁਰੂ ਅਰਜਨ ਦੇਵ ਦਾ ਪੱਕਾ ਸਿੱਖ ਸੀ। ਸਿੱਧੂ ਬਰਾੜ ਬਹੁਤ ਵੱਡਾ ਭਾਈਚਾਰਾ ਸੀ। ਕੈਂਥਲ ਰਿਆਸਤ ਦੇ ਮੋਢੀ ਭਾਈ ਭੱਗਤੂ ਦੀ ਸੰਤਾਨ ਵਿੱਚੋਂ ਭਾਈ ਦੇਸੂ ਸਿੰਘ ਸੀ। ਇਹ ਸਟੇਟ ਬਹੁਤ ਦੂਰ ਤੱਕ ਫੈਲੀ ਹੋਈ ਸੀ। 1857 ਦੇ ਗ਼ਦਰ ਕਾਰਨ ਅੰਗਰੇਜ਼ਾਂ ਨੇ 1858 ਈਸਵੀ ਵਿੱਚ ਇਸ ਸਟੇਟ ਨੂੰ ਜ਼ਬਤ ਕਰ ਲਿਆ ਸੀ। ਮੁਕਤਸਰ ਤਹਿਸੀਲ ਦਾ ਬੀਦੋਵਾਲੀ, ਝੁੰਬੇ, ਕੋਟ-ਭਾਈ, ਚੰਨੂੰ, ਫਕਰਸਰ, ਥੇੜੀ ਆਦਿ ਦਾ ਇਲਾਕਾ ਵੀ ਇਸ ਵਿੱਚ ਸ਼ਾਮਿਲ ਸੀ । ਭਾਈਕੇ ਸਿੱਧੂਆਂ ਦੇ ਪ੍ਰਸਿੱਧ ਪਿੰਡ ਫਫੜੇ, ਚੱਕ ਭਾਈਕਾ, ਭੁਚੋ, ਸੇਲਬਹਾਹ, ਦਿਆਲਪੁਰਾ, ਬੰਬੀਹਾ ਭਾਈ, ਥੇਹੜੀ, ਭਾਈਕਾ ਕੇਰਾ ਤੇ ਕੋਟ ਭਾਈ ਆਦਿ ਕਾਫੀ ਪਿੰਡ ਸਨ।
ਘਰਾਜ ਦੀ ਉਲਾਦ ‘ਚੋਂ ਅੱਠ ਜਲਾਲ ਬਝੇ । ਜਲਾਲ ਦੇ ਬਾਨੀ ਬਾਬੇ ਜਲਾਲ ਦੀ ਬੰਸ ਦੇ ਪਿੰਡ ਆਕਲੀਆਂ, ਗੁਰੂਸਰ, ਭੋੜੀਪੁਰਾ, ਕੋਇਰ ਸਿੰਘ ਵਾਲਾ, ਹਾਕਮ ਵਾਲਾ, ਹਮੀਰਗੜ੍ਹ ਤੇ ਰਾਮੂਵਾਲਾ ਹਨ।
ਸਿੱਧੂਆਂ ਦੇ ਜੱਗਰਾਉਂ ਤਹਿਸੀਲ ਵਿੱਚ ਵੀ ਤਿੰਨ ਸਿੱਧਵਾਂ ਤੋਂ ਇਲਾਵਾ ਹੋਰ ਕਈ ਪਿੰਡ ਹਨ। ਮੋਗੇ ਤੇ ਬਾਘੇ ਪੁਰਾਣੇ ਦੇ ਖੇਤਰ ਵਿੱਚ ਵੀ ਸਿੱਧੂਆਂ ਦੇ ਕਾਫੀ ਪਿੰਡ ਹਨ। ਮਾਝੇ ਵਿੱਚ ਵੀ ਸਿੱਧੂਆਂ ਦਾ ਕੋਈ-ਕੋਈ ਪਿੰਡ ਹੈ। ਕਿਸੇ ਸਮੇਂ ਮਾਲਵੇ ਵਿੱਚ ਬਰਾੜਾਂ ਦੀਆਂ ਬੀਦੋਵਾਲੀ, ਬਠਿੰਡੇ ਤੇ ਪੰਜ ਗਰਾਹੀਂ ਤਿੰਨ ਚੌਧਰਾਂ ਸਨ। ਸਿੱਧੂਆਂ ਦੀਆਂ ਮੁੱਖ ਮੂੰਹੀਆ-ਬਰਾੜ, ਹਰੀਕੇ, ਭਾਈਕੇ, ਪੀਰਕੋਟੀਏ, ਰੋਸੇ, ਜੈਦ ਤੇ ਮਾਣੋਕੇ ਹਨ। ਸਿੱਧੂ ਬਰਾੜ ਸਿੱਧੇ ਅਤੇ ਬੜਬੋਲੇ ਹੁੰਦੇ ਹਨ। ਲੜਾਕੇ ਵੀ ਹਨ । ਸਾਰੇ ਇਤਿਹਾਸਕਾਰ ਇਸ ਗੱਲ ਨੂੰ ਠੀਕ ਮੰਨਦੇ ਹਨ ਕਿ ਸਿੱਧੂ ਭੱਟੀਆਂ ਵਿੱਚੋਂ ਹੀ ਹਨ। ਭੱਟੀ ਸੱਪਤ ਸਿੰਧੂ ਖੇਤਰ ਵਿਚੋਂ ਹੀ ਰਾਜਸਤਾਨ ਵਿੱਚ ਗਏ ਸੀ। ਕੁਝ ਭੱਟੀ ਪੰਜਾਬ ਵਿੱਚ ਵੀ ਆਬਾਦ ਰਹੇ ਸਨ। ਸਾਰੇ ਸਿੱਧੂ ਬਰਾੜ ਨਹੀਂ ਹੁੰਦੇ। ਬਰਾੜ ਕੇਵਲ ਉਹ ਹੀ ਹੁੰਦੇ ਹਨ ਜੋ ਬਰਾੜ ਦੀ ਬੰਸ ਵਿਚੋਂ ਹਨ। ਬਹੁਤੇ ਨਕਲੀ ਬਰਾੜ ਹਨ। ਪੰਜਾਬ ਵਿੱਚ ਸਾਰੇ ਬਰਾੜ ਸਿੱਖ ਹਨ। ਸਿੱਧੂ ਹਿੰਦੂ ਜਾਟ ਵੀ ਹੁੰਦੇ ਹਨ ਅਤੇ ਜੱਟ ਸਿੱਖ ਵੀ ਹਨ। ਸਿੱਧੂ ਦਲਿਤ ਤੇ ਪਿਛੜੀਆਂ ਜਾਤੀਆਂ ਵਿੱਚ ਵੀ ਹਨ । ਬਰਾੜਾਂ ਦੀਆਂ ਆਪਣੀਆਂ ਮੂੰਹੀਆਂ-ਮਹਿਰਾਜਕੇ, ਜਲਾਲਕੇ, ਡਲੇਕੇ, ਦਿਉਣ ਕੇ, ਫੂਲ ਕੇ, ਅਬੂਲ ਕੇ, ਸੰਘ ਕੇ ਤੇ ਸੇਮੇ ਵੀ ਅਸਲੀ ਬਰਾੜ ਹਨ। . ਅਜ ਕੱਲ ਪੰਜਾਬ ਵਿੱਚ ਸਭ ਤੋਂ ਵੱਧ ਸਿੱਧੂ ਬਰਾੜ ਜੱਟ ਹੀ ਹਨ। ਹੁਣ ਸਿੱਧੂ ਬਰਾੜ- ਬਹੁ ਗਿਣਤੀ ਵਿੱਚ ਹੋਣ ਕਾਰਨ ਮੁਸਲਮਾਨਾਂ ਵਾਂਗ ਆਪਣੇ ਗੋਤ ਵਿੱਚ ਵੀ ਰਿਸ਼ਤੇਦਾਰੀਆਂ ਕਰਨ ਲੱਗ ਪਏ ਹਨ। 1881 ਦੀ ਮਰਦਮਸ਼ੁਮਾਰੀ ਵਿੱਚ ਸਿੱਧੂਆਂ ਦੀ ਗਿਣਤੀ 155332 ਸੀ। ਬਰਾੜਾਂ ਦੀ ਗਿਣਤੀ 53344 ਸੀ। ਦੋਵਾਂ ਦੀ ਕੁਲ ਗਿਣਤੀ 2 ਲੱਖ 8 ਹਜ਼ਾਰ ਬਣਦੀ ਹੈ। 1981 ਤੱਕ ਇਨ੍ਹਾਂ ਦੀ ਗਿਣਤੀ ਦਸ ਗੁਣਾਂ ਜ਼ਰੂਰ ਵੱਧ ਗਈ ਹੈ। ਪੰਜਾਬ ਵਿੱਚ 1991 ਵਿੱਚ ਸਿੱਧੂ ਬਰਾੜਾਂ ਦੀ ਕੁਲ ਗਿਣਤੀ ਲਗਭਗ 30 ਲੱਖ ਤਕ ਸੀ। ਸਾਰੇ ਜੱਟਾਂ ਨਾਲੋਂ ਸਿੱਧੂ ਬਰਾੜਾਂ ਦੀ ਗਿਣਤੀ ਸਭ ਤੋਂ ਵੱਧ ਹੈ। ਹੁਣ ਇਹ ਸਾਰੀ ਦੁਨੀਆਂ ਵਿੱਚ ਹੀ ਫੈਲ ਗਏ ਹਨ। ਇਹ ਇਕ ਸ਼ਕਤੀਸ਼ਾਲੀ ਭਾਈਚਾਰਾ ਹੈ। ਗਿਆਨੀ ਬਲਵੰਤ ਸਿੰਘ ਨੇ ਵੀ ਕਾਫੀ ਮਿਹਨਤ ਤੇ ਖੋਜ ਕਰਕੇ “ਸਿੱਧੂ ਬਰਾੜ ਇਤਿਹਾਸ” ਪੁਸਤਕ ਲਿਖੀ ਹੈ। ਅੰਗਰੇਜ਼ੀ ਦੀਆਂ ਕਈ ਕਿਤਾਬਾਂ ਵਿੱਚ ਵੀ ਸਿੱਧੂ ਬਰਾੜਾਂ ਬਾਰੇ ਕਾਫੀ ਜਾਣਕਾਰੀ ਦਿੱਤੀ ਗਈ ਹੈ।
ਬਰਾੜ ਬੰਸ ਵਿੱਚੋਂ ਸੰਘਰ, ਕਪੂਰਾ, ਡੱਲਾ, ਦਾਨ ਸਿੰਘ, ਸੇਮਾ ਮਹਾਰਾਜਾ ਆਲਾ ਸਿੰਘ ਮਹਾਨ ਜੋਧੇ ਸਨ। ਸਿੱਧੂਆਂ ਵਿੱਚੋਂ ਭਾਈ ਫਤਿਹ ਸਿੰਘ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਮਹਾਂਬਲੀ ਹੋਏ ਹਨ। ਸਿੱਧੂਆਂ ਅਤੇ ਬਰਾੜਾਂ ਦੀਆਂ ਮਾਲਵੇ ਵਿੱਚ ਪਟਿਆਲਾ, ਨਾਭਾ, ਜੀਂਦ, ਕੈਂਥਲ, ਫਰੀਦਕੋਟ, ਪੰਜ ਰਿਆਸਤਾਂ ਸਨ । ਸਿੱਧੂ ਬਰਾੜ ਜੰਗਜੂ ਸਨ। ਮਾਲਵੇ ਵਿੱਚ ਸਿੱਧੂ-ਬਰਾੜਾਂ ਦਾ ਬੋਲਬਾਲਾ ਸੀ। ਮਾਝੇ ਤੇ ਦੁਆਬੇ ਦੇ ਜੱਟ ਸਿੱਖਾਂ ਨੂੰ ਜਦੋਂ ਮੁਸਲਮਾਨ ਹਾਕਮ ਤੰਗ ਕਰਦੇ ਸਨ ਤਾਂ ਬਹੁਤੇ ਸਿੱਖ ਮਾਲਵੇ ਦੇ ਲੱਖੀ ਜੰਗਲ ਵਿੱਚ ਆ ਰਹਿੰਦੇ ਸਨ। ਸਿੱਧੂ ਬਰਾੜ ਹੁਣ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇਹ ਜੱਟਾਂ ਦਾ ਸਭ ਤੋਂ ਤਕੜਾ ਤੇ ਪ੍ਰਭਾਵਸ਼ਾਲੀ ਭਾਈਚਾਰਾ ਹੈ। ਅਸਲ ਵਿੱਚ ਜੱਟ ਹੀ ਪੰਜਾਬ ਦੇ ਇਤਿਹਾਸ ਦੇ ਅਸਲੀ ਸਿਰਜਨਹਾਰੇ ਹਨ। ਸਿੱਖ ਸੰਘਰਸ਼ ਵਿੱਚ ਵੀ ਜੱਟਾਂ ਦੀ ਕੁਰਾਬਨੀ ਮਹਾਨ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧੂ ਬਰਾੜ ਜੱਟਾਂ ਤੇ ਬਹੁਤ ਮਾਣ ਸੀ । ਸਿੱਧੂਆਂ, ਬਰਾੜਾਂ ਦੀ ਪੰਜਾਬ ਨੂੰ ਮਹਾਨ ਦੇਣ ਹੈ ।