ਸੁਲਤਾਨ ਵਿੰਡ
ਸੁਲਤਾਨ ਵਿੰਡ ਅੰਮ੍ਰਿਤਸਰ ਨਗਰ ਨਿਗਮ ਵਿੱਚ ਸ਼ਾਮਲ ਹੋ ਚੁੱਕਾ ਪਿੰਡ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਸੁਲਤਾਨ ਬੇਗ ਨੇ ਬੰਨਿਆ ਸੀ ਇਸ ਦਾ ਨਾਂ ਸੁਲਤਾਨ ਦਾ ਪਿੰਡ ਸੀ ਜੋ ਸੁਲਤਾਨ ਵਿੰਡ ਹੋ ਗਿਆ। ਅੰਮ੍ਰਿਤਸਰ ਸ਼ਹਿਰ ਵਸਾਉਣ ਲੱਗਿਆਂ ਸੁਲਤਾਨ ਪਿੰਡ, ਤੁੰਗ, ਗੁਮਟਾਲਾ ਤੇ ਗਿੱਲਵਾਲੀ ਆਦਿ ਪਿੰਡਾਂ ਦੀ ਜ਼ਮੀਨ ਸ਼ਾਮਲ ਕੀਤੀ ਗਈ ਸੀ। ਇਹ ਪਿੰਡ ਹੁਣ ਅੰਮ੍ਰਿਤਸਰ ਨਗਰ ਨਿਗਮ ਦਾ ਹਿੱਸਾ ਹੈ।
ਇਸ ਪਿੰਡ ਨਾਲ ਸੰਬੰਧਤ ਤਿੰਨ ਗੁਰਦੁਆਰੇ ਹਨ। ਇੱਕ ਗੁਰਦੁਆਰਾ ਪਿੰਡ ਵੜਦਿਆਂ ‘ਅਟਾਰੀ ਸਾਹਿਬ ਹੈ, ਜੋ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਤ ਹੈ। ਦੂਸਰੇ ਦੋਵੇਂ ਗੁਰਦੁਆਰੇ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਤ ਹਨ। ਅੰਮ੍ਰਿਤਸਰ ਸ਼ਹਿਰ ਦੇ ਆਲੇ ਦੁਆਲੇ ਜੰਗਲ ਸਨ ਜਿੱਥੇ ਲੰਗਰ ਲਈ ਲਕੜੀਆਂ ਆਦਿ ਲਿਆਉਣ ਲਈ ਭਾਈ ਮੰਝ ਜਾਇਆ ਕਰਦੇ ਸਨ। ਇੱਕ ਦਿਨ ਉਹ ਲਕੜਾਂ ਚੁੱਕੀ ਇੱਕ ਬੇਅਬਾਦ ਖੂਹ ਵਿੱਚ ਡਿੱਗ ਗਏ ਪਰ ਉਹਨਾਂ ਲਕੜਾਂ ਸਿਰ ‘ਤੇ ਚੁੱਕੀ ਰੱਖੀਆਂ ਤਾਂ ਜੋ ਗਿੱਲੀਆਂ ਨਾ ਹੋ ਜਾਣ। ਇਸ ਅਸਥਾਨ ਤੇ ਭਾਈ ਮੰਝ ਦੇ ਨਾਂ ਤੇ ਖੂਬਸੂਰਤ ਗੁਰਦੁਆਰਾ ਹੈ। ਗੁਰੂ ਜੀ ਨੇ ਭਾਈ ਮੰਝ ਦੇ ਸਿਦਕ ਤੋਂ ਪ੍ਰਭਾਵਿਤ ਹੋ ਕੇ ਵਰ ਦਿੱਤਾ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿਥਾ ਜੱਗ ਲੰਘਣਹਾਰਾ। ਇੱਥੇ ਹਰ ਸਾਲ ਦੁਸਹਿਰੇ ਤੋਂ ਦਿਵਾਲੀ ਤੱਕ ਹਰਿਦੁਆਰ ਰਿਸ਼ੀਕੇਸ ਤੇ ਹੋਰ ਸਥਾਨਾਂ ਤੋਂ ਸੰਤ ਮਹਾਤਮਾਂ ਆ ਕੇ ਠਹਿਰਦੇ ਤੇ ਕਥਾ-ਵਾਰਤਾ ਕਰਦੇ ਹਨ। ਹਰ ਸਾਲ ਹਾੜ ਦੇ ਮਹੀਨੇ ਸਲਾਨਾ ਸਮਾਗਮ ਹੁੰਦਾ ਹੈ। ਤੀਸਰਾ ਧਾਰਮਿਕ ਅਸਥਾਨ ‘ਤੂਤ ਸਾਹਿਬ’ ਗੁਰਦੁਆਰਾ ਹੈ ਜੋ ਸੁਲਤਾਨ ਵਿੰਡ ਵਿੱਚ ਹੈ ਗੁਰੂ ਅਰਜਨ ਦੇਵ ਜੀ ਕਦੇ ਕਦੇ ਅੰਮ੍ਰਿਤਸਰ ਤੋਂ ਆ ਕੇ ਇੱਥੇ ਤੂਤ ਦੇ ਬ੍ਰਿਛ ਹੇਠਾਂ ਬੈਠਿਆ ਕਰਦੇ ਸਨ। ਇਹ ਤੂਤ ਦਾ ਦਰਖਤ ਅਜੇ ਵੀ ਮੌਜੂਦ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ