ਸੈਂਸਰਾ ਕਲਾਂ
ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਸੈਂਸਰਾ ਕਲਾਂ, ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 16 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ 500 ਸਾਲ ਪਹਿਲਾਂ ਸਹਿੰਸੂ ਨਾਮ ਦੇ ਜੱਟ ਨੇ ਤਰਨਤਾਰਨ ਦੇ ਨਜ਼ਦੀਕ ਪਿੰਡ ‘ਠਰੂ ਸਿੰਘ’ ਤੋਂ ਆ ਕੇ ਵਸਾਇਆ। ਇਹ ਪਿੰਡ ‘ਗੁਰੂ ਕੇ ਬਾਗ ਦੇ ਇਤਿਹਾਸਕ ਗੁਰਦੁਆਰੇ ਦੇ ਨਾਲ ਇੱਕ ਥੇਹ ਤੇ ਵੱਸਿਆ ਹੋਇਆ ਹੈ। ਸਹਿੰਸਾ ਤੋਂ ਇਸ ਦਾ ਸੈਂਸਰਾ ਪੈ ਗਿਆ। ਇਸ ਪਿੰਡ ਵਿਚੋਂ ਸੈਂਸਰਾ ਖੁਰਦ ਅਤੇ ਕੱਪੜ ਗੜ ਪਿੰਡ ਨਿਕਲ ਕੇ ਆਬਾਦ ਹੋਏ ਹਨ।
ਇਸ ਪਿੰਡ ਦਾ ਇਤਿਹਾਸ ਬਹੁਤ ਇਨਕਲਾਬੀ ਰਿਹਾ ਹੈ। ਪਹਿਲਾਂ ਇਹ ਪਿੰਡ ਰਾਜਾਸਾਂਸੀ ਵਾਲੇ ਸੰਧਾਵਾਲੀਆਂ ਸਰਦਾਰਾਂ ਦੇ ਅਧੀਨ ਸੀ। ਪਿੰਡ ਦੇ ਵਸਨੀਕਾਂ ਨੂੰ ਲਗਾਨ ਅਦਾ ਕਰਨਾ ਮੁਸ਼ਕਲ ਲਗਦਾ ਸੀ। ਉਹਨਾਂ ਨੇ ਸੰਧਾਵਾਲੀਆਂ ਸਰਦਾਰਾਂ ਵਿਰੁਧ ਬਗਾਵਤ ਕਰ ਦਿੱਤੀ ਅਤੇ ਜੰਮੂ ਦੇ ਡੋਗਰਾ ਹੁਕਮਰਾਨਾ ਦੀ ਸਹਾਇਤਾ ਨਾਲ ਸਰਦਾਰਾਂ ਨੂੰ ਹਰਾ ਦਿੱਤਾ ਅਤੇ ਲਗਾਨ ਤੋਂ ਮੁਕਤੀ ਪਾਈ। ਅਜ਼ਾਦੀ ਦੀਆਂ ਸਾਰੀਆਂ ਲਹਿਰਾਂ ਵਿੱਚ ਪਿੰਡ ਵਾਸੀਆਂ ਦਾ ਅਹਿਮ ਰੋਲ ਰਿਹਾ ਹੈ।
ਰੰਧਾਵਾ ਤੇ ਕਾਹਲੋਂ ਗੋਤ ਦੇ ਜੱਟਾਂ ਤੋਂ ਇਲਾਵਾ ਪਿੰਡ ਵਿੱਚ ਹਰ ਜਾਤੀ ਦੇ ਲੋਕ ਹਨ। ਪਿੰਡ ਵਿੱਚ ਤਿੰਨ ਗੁਰਦੁਆਰੇ, ਇੱਕ ਮੁਸਲਮਾਨ ਫਕੀਰ ਰੌਸ਼ਨ ਸ਼ਾਹ ਦਾ ਮਜ਼ਾਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ