ਇਹ ਪੰਵਾਰ ਰਾਜਪੂਤਾਂ ਵਿੱਚੋਂ ਹਨ। ਇਹ ਜੱਗਦੇਉ ਪੰਵਾਰ ਨੂੰ ਆਪਣਾ ਵੱਡੇਰਾ ਮੰਨਦੇ ਹਨ। ਜੱਗਦੇਉ ਬੰਸੀ ਮਹਾਜ਼ (Mahaj) ਦੇ ਪੰਜ ਪੁੱਤਰ ਸੋਹਲ, ਦੇਵਲ, ਦਿਉ, ਔਲਖ ਤੇ ਕੋਮ ਸਨ। ਸੋਹਲ ਦੇ ਨਾਮ ਤੇ ਇਸ ਦੀ ਬੰਸ ਦੇ ਲੋਕਾਂ ਦਾ ਨਾਮ ਸੋਹਲ ਪੈ ਗਿਆ। ਇਸ ਤਰ੍ਹਾਂ ਪੰਵਾਰ ਬੰਸ ਵਿੱਚੋਂ ਸੋਹਲ ਇਕ ਨਵਾਂ ਉਪਗੋਤ ਚਲਤ ਹੋ ਗਿਆ। ਇਨ੍ਹਾਂ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ। ਜੱਗਦੇਉ ਜਰਗ ਵਿੱਚ ਆਪਣਾ ਕਿਲ੍ਹਾ ਬਣਾਕੇ ਰਹਿੰਦਾ ਸੀ। ਉਹ ਮਹਾਂਬਲੀ ਤੇ ਮਹਾਨ ਸਿੱਧ ਸੀ। ਉਸ ਦੀ ਬੰਸ ਦੇ ਸਾਰੇ ਲੋਕ ਜਰਗ ਦੇ ਖੇਤਰ ਵਿੱਚ ਹੀ ਰਹਿੰਦੇ ਸਨ। ਅਰੰਭ ਵਿੱਚ ਸੋਹਲ ਲੁਧਿਆਣਾ ਤੇ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਦਰਿਆ ਸਤਲੁਜ ਦੇ ਖੇਤਰਾਂ ਵਿੱਚ ਆਬਾਦ ਹੋਏ ਸਨ। ਫਿਰ ਕੁਝ ਸੋਹਲ ਜਲੰਧਰ, ਹੁਸ਼ਿਆਰਪੁਰ ਤੇ ਅੰਬਾਲਾ ਵਲ ਚਲੇ ਗਏ। ਮਾਝੇ ਵਿੱਚ ਵੀ ਸੋਹਲ ਗੋਤ ਦੇ ਜੱਟ ਕਾਫੀ ਹਨ। ਸੋਹਲ ਕਬੀਲੇ ਦੇ ਕੁਝ ਲੋਕ ਮਾਝੇ ਤੋਂ ਅੱਗੇ ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਸਿੰਧ ਤੱਕ ਵੀ ਚਲੇ ਗਏ ਸਨ।
ਪੰਜਾਬ ਵਿੱਚ ਸੋਹਲ ਨਾਮ ਦੇ ਕਈ ਪਿੰਡ ਹਨ। ਬਠਿੰਡਾ, ਪਟਿਆਲਾ, ਨਾਭਾ ਤੇ ਕਪੂਰਥਲਾ ਦੇ ਰਿਆਸਤੀ ਇਲਾਕੇ ਵਿੱਚ ਹੀ ਸੋਹਲ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ। ਦਲਿਤ ਜਾਤੀਆਂ ਵਿੱਚ ਵੀ ਸੋਹਲ ਗੋਤ ਦੇ ਲੋਕ ਕਾਫੀ ਹਨ। ਗਊ ਮਰ ਜਾਣ ਨਾਲ ਜਾਂ ਕਿਸੇ ਦਲਿਤ ਇਸਤਰੀ ਨਾਲ ਵਿਆਹ ਕਰਾਉਣ ਨਾਲ ਉੱਚਜਾਤੀ ਵਾਲੇ ਦਲਿਤ ਜਾਤੀ ਵਿੱਚ ਰਲ ਮਿਲ ਜਾਂਦੇ ਸਨ । ਜਾਤੀ ਜ਼ਰੂਰ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ। 800 ਤੋਂ 1200 ਈਸਵੀ ਦੇ ਵਿਚਕਾਰ ਵੀ ਅਨੇਕ ਜਾਤੀਆਂ ਤੇ ਉਪਜਾਤੀਆਂ ਦਾ ਨਿਰਮਾਣ ਹੋਇਆ। ਕਈ ਜਾਤੀਆਂ ਤੇ ਉਪਜਾਤੀਆਂ ਦਾ ਨਿਰਮਾਣ ਨਵੇਂ ਪੇਸ਼ੇ ਅਪਣਾਉਣ ਨਾਲ ਹੋਇਆ ਜਿਵੇਂ-ਖਾਣ, ਨਾਈ, ਛੀਂਬੇ ਆਦਿ। ਸੋਹਲ ਗੋਤ ਦੇ ਲੋਕ ਤਰਖਾਣ ਵੀ ਹੁੰਦੇ ਹਨ। ਇਬਟਸਨ ਸੋਹਲ ਜੱਟਾਂ ਨੂੰ ਚੋਹਾਣ ਬੰਸ ਵਿੱਚੋਂ ਮੰਨਦਾ ਹੈ ਇਸਦੇ ਵਡੇਰੇ ਦਾ ਨਾਮ ਮਹਾਗ ਲਿਖਦਾ ਹੈ। ਇਹ ਠੀਕ ਨਹੀਂ ਲੱਗਦਾ। ਸੋਹਲ ਜੱਟ ਸੇਖੋਂ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿੱਚੋਂ ਮੰਨਦੇ ਹਨ। ਸੇਖੋਂ ਪੰਵਾਰ ਰਾਜੂਪਤਾਂ ਵਿੱਚੋਂ ਹਨ। ਪੰਜਾਬ ਵਿੱਚ ਸੋਹਲ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ। ਸਾਂਝੇ ਪੰਜਾਬ ਵਿੱਚ ਕਾਫੀ ਸੋਹਲ ਗੋਤ ਦੇ ਜੱਟ ਮੁਸਲਮਾਨ ਬਣ ਗਏ ਸਨ। ਪੰਜਾਬ ਤੇ ਸਿੰਧ ਵਿੱਚ ਸੋਹਲ ਭਾਈਚਾਰੇ ਦੇ ਲੋਕ ਕਾਫੀ ਹਨ । ਸਾਂਦਲ ਬਾਰ ਵਿੱਚ ਸੋਹਲ ਪਿੰਡ ਸੋਹਲ ਗੋਤ ਦਾ ਬਹੁਤ ਹੀ ਉੱਘਾ ਪਿੰਡ ਸੀ।