ਸੋਹਾਣਾ
ਸਥਿਤੀ :
ਤਹਿਸੀਲ ਮੁਹਾਲੀ ਦਾ ਪਿੰਡ ਸੋਹਾਣਾ, ਚੰਡੀਗੜ੍ਹ – ਸਰਹੰਦ ਸੜਕ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਨਾਂ ਬਾਰੇ ਇੱਕ ਦੰਦ-ਕਥਾ ਪ੍ਰਚਲਤ ਹੈ ਕਿ ਬਹੁਤ ਸਮਾਂ ਪਹਿਲਾਂ ਦਿੱਲੀ ਤੋਂ ਤੂਰ ਗੋਤ ਦੇ ਚਾਰ ਭਰਾ ਉਥੋਂ ਦੇ ਰਾਜੇ ਨਾਲ ਝਗੜਾ ਹੋਣ ਕਾਰਨ ਦਿੱਲੀ ਛੱਡ ਕੇ ਇਸ ਇਲਾਕੇ ਵਿੱਚ ਆਏ ਅਤੇ ਉਹਨਾਂ ਆਪਣੇ ਆਪਣੇ ਨਾਂ ਉੱਤੇ ਚਾਰ ਪਿੰਡ ਸੋਹਾਣਾ; ਕੁੰਭੜਾ, ਮੌਲੀ ਤੇ ਮਟੌਰ ਵਸਾਏ। ਇਹਨਾਂ ਚਾਰਾਂ ਨੇ ਉਸ ਰਾਜੇ ਨੂੰ ਮਾਰਨ ਲਈ ਇੱਕ ਸਾਜ਼ਸ ਰਚੀ ਅਤੇ ਉਨ੍ਹਾਂ ਵੈਦ ਬਣ ਕੇ ਜ਼ਖਮੀ ਰਾਜੇ ਨੂੰ ਮਲ੍ਹਮ ਦੇ ਰੂਪ ਵਿੱਚ ਜ਼ਹਿਰੀਲੀ ਦਵਾਈ ਦਿੱਤੀ। ਇਸ ਕਰਕੇ ਉਹਨਾਂ ਦੇ ਨਾਂ ਨਾਲ ਅੱਜ ਵੀ ਪ੍ਰਚਲਤ ਉਪਨਾਮ ਵੈਦਵਾਣ ਹੋ ਗਿਆ। ਇਸੇ ਕਾਰਨ ਅਜ ਵੀ ਇਹ ਚਾਰੇ ਪਿੰਡ ਵੈਦਵਾਣਾਂ ਦੇ ਪਿੰਡ ਕਹੇ ਜਾਂਦੇ ਹਨ। ਕੁਝ ਲੋਕ ਇਸ ਵਿਚਾਰ ਦੇ ਹਨ ਕਿ ਵੈਦਵਾਣ ਸ਼ਬਦ ਵਿਦਵਾਨ ਦਾ ਵਿਗੜਿਆ ਹੋਇਆ ਰੂਪ ਹੈ ਕਿਉਂਕਿ ਇਨ੍ਹਾਂ ਪਿੰਡਾਂ ਦੇ ਮੋਢੀ ਪੜ੍ਹੇ ਲਿਖੇ ਤੇ ਵਿਦਵਾਨ ਸਨ।
ਪਿੰਡ ਵਿੱਚ ਬਹੁਤ ਪੁਰਾਣਾ ਤੇ ਪ੍ਰਸਿੱਧ ਸਰਦਾਰ ਘਰਾਣਾ ਹੈ ਜਿਨ੍ਹਾਂ ਦੇ ਮੁਤਾਬਕ ਉਹਨਾਂ ਦੇ ਇੱਕ ਪੁਰਖੇ ਚੌਧਰੀ ਸੁਰਤਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਛਕਾਇਆ ਤੇ ਉਹ ਸਿੰਘ ਸੱਜ ਗਏ। 1710 ਵਿੱਚ ਚੱਪੜ ਚਿੜੀ ਦੀ ਇਤਿਹਾਸਕ ਲੜਾਈ ਵਿੱਚ ਸੋਹਾਣਾ ਵਾਸੀਆਂ ਨੇ ਬੰਦਾ ਸਿੰਘ ਬਹਾਦਰ ਤੋਂ ਅੰਮ੍ਰਿਤ ਛੱਕ ਕੇ ਇਸ ਰਿਆਸਤ ਦੀ ਫੌਜ ਨਾਲ ਵਜ਼ੀਰ ਖਾਂ ਦੀ ਫੌਜ ਨੂੰ ਹਰਾਉਣ ਵਿੱਚ ਬੜਾ ਮਹੱਤਵਪੂਰਨ ਹਿੱਸਾ ਪਾਇਆ ਅਤੇ ਉਸ ਫੌਜ ਦਾ ਇੱਕ ਸਿਪਾਹ ਸਲਾਰ ਭੌਰ ਖਾਂ ਪਿੰਡ ਸੋਹਾਣੇ ਵਿੱਚ ਹੀ ਮਾਰਿਆ ਗਿਆ । ਹੁਣ ਉਸ ਜਗ੍ਹਾ ‘ਤੇ ਇੱਕ ਟੋਭਾ ਹੈ ਜਿਸ ਨੂੰ ‘ਭੌਰ ਖਾਂ ਦਾ ਟੋਭਾ’ ਕਿਹਾ ਜਾਂਦਾ ਹੈ।
1942 ਦੀ ‘ਭਾਰਤ ਛੱਡੋ’ ਮੁਹਿੰਮ ਵਿੱਚ ਇਸ ਪਿੰਡ ਦੇ ਵਾਸੀਆਂ ਨੇ ਇਲਾਕੇ ਵਿੱਚ ਸਾਰਿਆਂ ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ। ਦੇਸ਼ ਦੀ ਵੰਡ ਸਮੇਂ ਇਸ ਇਲਾਕੇ ਦੇ ਹਜ਼ਾਰਾਂ ਮੁਸਲਮਾਨਾਂ ਨੂੰ ਪਿੰਡ ਵਿੱਚ ਪਨਾਹ ਦਿੱਤੀ ਗਈ ਅਤੇ ਉਹਨਾਂ ਦੀ ਹਰ ਤਰ੍ਹਾਂ ਨਾਲ ਰੱਖਿਆ ਕੀਤੀ ਗਈ।
ਇਸ ਪਿੰਡ ਵਿੱਚ ਕਈ ਮੰਦਰ ਹਨ। ਦੇਵੀ ਦਾ ਪ੍ਰਸਿੱਧ ਮੇਲਾ ਲੱਗਦਾ ਹੈ। ਸਿੰਘ ਸ਼ਹੀਦਾਂ ਗੁਰਦੁਆਰਾ ਸੜਕ ਉੱਤੇ ਸਥਿਤ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ