ਸੌਂਟੀ
ਸਥਿਤੀ :
ਤਹਿਸੀਲ ਅਮਲੋਹ ਦਾ ਪਿੰਡ ਸੌਂਟੀ, ਨਾਭਾ-ਗੋਬਿੰਦਗੜ੍ਹ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ੍ਹ ਤੋਂ 11 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸੌਂਟੀ ਨਾ ਦਾ ਪਿੰਡ ਹਰਿਆਣੇ ਵਿੱਚ ਹੈ। ਉੱਥੇ ਬਿਮਾਰੀ ਫੈਲ ਗਈ, ਉਥੋਂ ਦਾ ਇੱਕ ਜੱਟ ਆਪਣੇ ਪਰਿਵਾਰ ਨੂੰ ਲੈ ਕੇ ਇੱਥੇ ਇੱਕ ਥੇਹ ਤੇ ਵੱਸ ਗਿਆ ਅਤੇ ਪਿੰਡ ਦਾ ਨਾਂ ਸੌਂਟੀ ਆਪਣੇ ਪੁਰਾਣੇ ਪਿੰਡ ਦੇ ਨਾਂ ਤੇ ਰੱਖ ਲਿਆ। ਇੱਥੇ ਸਿੰਘ ਸਰਦਾਰ ਸਨ ਜੋ ਜੱਟਾਂ ਨੂੰ ਤੰਗ ਕਰਦੇ ਸਨ। ਲੋਕਾਂ ਨੇ ਮਹਾਰਾਜਾ ਹੀਰਾ ਸਿੰਘ ਕੋਲ ਸ਼ਿਕਾਇਤ ਕੀਤੀ। ਸਿੰਘਾਂ ਨੇ ਮੋਰਚਾਬੰਦੀ ਕਰਕੇ ਫੌਜ ਦਾ ਮੁਕਾਬਲਾ ਕੀਤਾ। ਅੰਤ ਮਹਾਰਾਜੇ ਨੇ ਤੋਪ ਨਾਲ ਇਹ ਮੋਰਚਾਬੰਦੀ ਖਤਮ ਕੀਤੀ। ਸਿੰਘ ਲੁਧਿਆਣੇ ਜ਼ਿਲੇ ਵਿੱਚ ਜਾਂ ਵੱਸੇ ਅਤੇ ਸਿੰਘਾਂ ਵਾਲੀ ਜਗ੍ਹਾ ਤੇ ਪਿੰਡ ਆਬਾਦ ਹੋ ਗਿਆ।
ਪਿੰਡ ਤੋਂ ਥੋੜੀ ਵਿੱਥ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ। ਇਸ ਥਾਂ ਤੇ ਗੁਰੂ ਸਾਹਿਬ ਦਾ ਕੁੱਤਾ ਸੂਰ ਨਾਲ ਲੱੜ ਕੇ ਅਤੇ ਸੂਰ ਨੂੰ ਮਾਰ ਕੇ ਆਪ ਵੀ ਮਰ ਗਿਆ ਸੀ। ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਮੇਲਾ ਲਗਦਾ ਹੈ। ਦੱਸਿਆ ਜਾਂਦਾ ਹੈ ਕਿ ਚੌਥੀ ਪਾਤਸ਼ਾਹੀ ਸਮੇਂ ਦੋ ਸਿੰਘ ਆਪਸ ਵਿੱਚ ਲੜਦੇ ਇੱਕ ਦੂਸਰੇ ਨੂੰ ਕੁੱਤਾ ਤੇ ਸੂਰ ਕਹਿ ਕੇ ਝਗੜ ਰਹੇ ‘ ਸਨ ਅਤੇ ਗੁਰੂ ਸਾਹਿਬ ਨੇ ਇੱਕ ਨੂੰ ਕੁੱਤਾ ਤੇ ਦੂਸਰੇ ਨੂੰ ਸੂਰ ਬਨਣ ਦਾ ਸਰਾਪ ‘ ਦੇ ਦਿੱਤਾ। ਉਹਨਾਂ ਦੇ ਖਿਮਾ ਮੰਗਣ ਤੇ ਕਿਹਾ ਕਿ ਉਹਨਾਂ ਦਾ ਉਧਾਰ ਛੇਵੇਂ ਜਾਮੇ ਵਿੱਚ ਹੋਵੇਗਾ। ਛੇਵੇਂ ਗੁਰੂ ਪਿੰਡ ਘੁਢਾਣੀ ਤੋਂ ਗੋਬਿੰਦਗੜ ਜਾਣ ਸਮੇਂ ਸੌਂਟੀ ਵਿੱਚ ਠਹਿਰੇ ਤਾਂ ਉਹਨਾਂ ਸੂਰ ਦਾ ਸ਼ਿਕਾਰ ਕਰਨ ਲਈ ਕੁੱਤਾ ਛੱਡਿਆਂ ਅਤੇ ਲੜਾਈ ਵਿੱਚ ਦੋਹਾਂ ਦੀ ਮੁਕਤੀ ਹੋ ਗਈ। ਇਹ ਗੁਰਦੁਆਰਾ ਇੱਕ ਪਿੰਡ ਵਾਸੀ ਨੇ ਹਜੂਰ ਸਾਹਿਬ ਇਤਿਹਾਸ ਪੜ੍ਹ ਕੇ ਇਹ ਜਗ੍ਹਾ ਲੱਭ ਕੇ ਲੋਕਾਂ ਦੇ ਸਹਿਯੋਗ ਨਾਲ ਗੁਰਦੁਆਰੇ ਦੀ ਉਸਾਰੀ ਕਰਵਾਈ।
ਪਿੰਡ ਵਿੱਚ ਰਲਵੀਂ ਮਿਲਵੀਂ ਵੱਸੋਂ ਹੈ ਜਿਸ ਵਿੱਚ ਘੁਮਾਰ, ਮੁਸਲਮਾਨ, ਤਰਖਾਣ, ਬ੍ਰਾਹਮਣ, ਹਰੀਜ਼ਨ, ਖੱਤਰੀ, ਮਜ਼੍ਹਬੀ ਸਿੱਖ ਅਤੇ ਜੱਟ ਹਨ। ਪਿੰਡ ਵਿੱਚ ਸ਼ਹਿਰਾ ਦੀ ਤਰ੍ਹਾਂ ਵੱਖ ਵੱਖ ਮੁਹੱਲਿਆਂ ਦੇ ਨਾਂ ਰੱਖੇ ਹੋਏ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ