ਸੰਗਰਾਣਾ ਸਾਹਿਬ
ਸਥਿਤੀ :
ਪਿੰਡ ਸੰਗਰਾਣਾ ਸਾਹਿਬ, ਅੰਮ੍ਰਿਤਸਰ – ਤਰਨਤਾਰਨ ਸੜਕ ਤੋਂ 1 ਕਿਲੋਮੀਟਰ ਦੂਰ ਸਥਿਤ ਹੈ ਜਿੱਥੇ ਰੇਲਵੇ ਸਟੇਸ਼ਨ ਸੰਗਰਾਣਾ ਸਾਹਿਬ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਸੰਗਰਾਣਾ ਸਾਹਿਬ ਦਾ ਸਬੰਧ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੈ। ਇਹਨਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸਿੱਖਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਫੌਜੀ ਕਰਤੱਵ ਵੀ ਸਿਖਾਉਂਦੇ ਸਨ। 1628 ਈਸਵੀ ਵਿੱਚ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਪਿੰਡ ਗੁਮਟਾਲੇ ਕੋਲ, ਸਿੱਖ ਸ਼ਿਕਾਰ ਕਰ ਰਹੇ ਸਨ ਅਤੇ ਕੁਝ ਫਾਸਲੇ ‘ਤੇ ਸ਼ਾਹਜਹਾਨ ਦੇ ਕੁਝ ਫੌਜੀ ਵੀ ਸ਼ਿਕਾਰ ਖੇਡ ਰਹੇ ਸਨ । ਮੁਗਲ ਫੌਜਾਂ ਦਾ ਬਾਜ਼ ਉੱਡਦਾ ਉੱਡਦਾ ਸਿੱਖ ਫੌਜਾਂ ਕੋਲ ਆ ਗਿਆ ਅਤੇ ਬਾਜ਼ ਨਾ ਦੇਣ ਤੋਂ ਆਪਸ ਵਿੱਚ ਝੜਪ ਹੋ ਗਈ ਜੋ ਵੱਧਦੀ ਵੱਧਦੀ ਲੜਾਈ ਦਾ ਰੂਪ ਧਾਰਨ ਕਰ ਗਈ। ਮੁਗਲ ਫੌਜਾਂ ਦੀ ਕਮਾਨ ਸ਼ਾਹਜਹਾਨ ਦਾ ਸੱਤ ਹਜ਼ਾਰੀ ਜਰਨੈਲ ਮੁਖਲਿਸ ਖਾਂ ਕਰ ਰਿਹਾ ਸੀ ਜਦ ਕਿ ਸਿੱਖ ਫੌਜਾਂ ਦੇ ਆਗੂ ਭਾਈ ਬਿਧੀ ਚੰਦ, ਪੈਂਦੇ ਖਾਨ ਤੇ ਕੁਝ ਹੋਰ ਸਿੱਖ ਸਨ। ਸ਼ਾਹਜਹਾਨ ਦੀਆਂ ਫੌਜਾਂ ਦੀ ਹਾਰ ਹੋਈ ਅਤੇ ਮੁਗਲ ਫੌਜ ਦਾ ਜਰਨੈਲ ਮੁਖਲਿਸ ਖਾਨ ਮਾਰਿਆ ਗਿਆ। ਜਿਸ ਅਸਥਾਨ ‘ਤੇ ਜੰਗ ਲੜੀ ਗਈ ਉੱਥੇ ਸਿੱਖ ਫੌਜਾਂ ਦੀ ਜਿੱਤ ਦੀ ਖੁਸ਼ੀ ਵਿੱਚ ਅਤੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਗਿਆ ਜਿਸ ਨੂੰ ‘ਸੰਗਰਾਣਾ ਸਾਹਿਬ` ਕਹਿੰਦੇ ਹਨ। ਇੱਥੇ ਹੀ ਗੁਰੂ ਜੀ ਨੇ ਤੇਰ੍ਹਾਂ ਸਿੱਖ ਸ਼ਹੀਦਾਂ ਦਾ ਸਸਕਾਰ ਕੀਤਾ ਸੀ ਅਤੇ ਮਰ ਚੁੱਕੇ ਮੁਸਲਮਾਨ ਫੌਜੀਆਂ ਦੀਆਂ ਲਾਸ਼ਾਂ ਨੂੰ ਇੱਕ ਡੂੰਘੇ ਟੋਏ ਵਿੱਚ ਦਫਨਾਇਆ ਸੀ। ਸ਼ਹੀਦਾਂ ਦੀ ਯਾਦ ਵਿੱਚ ਇੱਥੇ ਹਰ ਸਾਲ ਜੇਠ ਦੀ ਪੂਰਨਮਾਸੀ ਨੂੰ ਸਲਾਨਾ ਦੀਵਾਨ ਲਗਦਾ ਹੈ। ਗੁਰਦੁਆਰੇ ਦੇ ਆਲੇ ਦੁਆਲੇ ਜੋ ਵੱਸੋਂ ਹੋਈ ਉਹ ਪਿੰਡ ਦਾ ਰੂਪ ਧਾਰਨ ਕਰ ਗਈ ਅਤੇ ਪਿੰਡ ਦਾ ਨਾਂ ਸੰਗਰਾਣਾ ਸਾਹਿਬ ਹੀ ਪ੍ਰਚਲਿਤ ਹੈ। ਇਸ ਪਿੰਡ ਦਾ ਸਾਰਾ ਆਲਾ-ਦੁਆਲਾ ਧਾਰਮਿਕ ਵਾਯੂ ਮੰਡਲ ਵਾਲਾ ਹੈ। ਸੜਕ ਦੇ ਦੂਸਰੇ ਪਾਸੇ ਗੁਰਦੁਆਰਾ ਟਾਹਲਾ ਸਾਹਿਬ ਹੈ ਅਤੇ ਇੱਕ ਕਿਲੋਮੀਟਰ ਦੇ ਫਾਸਲੇ ‘ਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਨੌਧ ਸਿੰਘ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ