ਹਿੰਮਤਪੁਰਾ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪ੍ਰਸਿੱਧ ਪਿੰਡ ਹਿੰਮਤਪੁਰਾ, ਬਾਘਾ ਪੁਰਾਣਾ ਬਰਨਾਲਾ ਸੜਕ ‘ਤੇ ਸਥਿਤ ਮੋਗੇ ਤੋਂ 43 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ 730 ਸਾਲ ਪਹਿਲਾਂ ਇੱਕ ਯੂਸਫ ਨਾਂ ਦੇ ਫਕੀਰ ਨੇ ਵਸਾਇਆ ਤੇ ਇਸ ਪਿੰਡ ਦਾ ਨਾਂ ਪਹਿਲਾਂ ਯੂਸਫਪੁਰਾ ਪਿਆ। ਮਹਾਰਾਜਾ ਰਣਜੀਤ ਸਿੰਘ ਵੇਲੇ ਜਦੋਂ ਇੱਥੇ ਦੇ ਮੁਸਲਮਾਨ ਮੀਆਂ ‘ਨੌਧਾਂ’ ਨੇ ਗਊਆਂ ਉੱਪਰ ਜ਼ੁਲਮ ਢਾਹੇ ਤਾਂ ਮਹਾਰਾਜਾ ਨੇ ਆਪਣਾ ਇੱਕ ਜਰਨੈਲ ਸੂਬੇਦਾਰ ‘ਹਿੰਮਤ’ ਗਊਆਂ ਛਡਾਉਣ ਵਾਸਤੇ ਭੇਜਿਆ। ‘ਹਿੰਮਤ’ ਨਾਂ ਦੇ ਸੂਬੇਦਾਰ ਨੇ ਮੀਆਂ ਦਾ ਜ਼ੁਲਮ ਬੰਦ ਕਰਕੇ ਇਸ ਪਿੰਡ ਉਪਰ ਆਪਣਾ ਕਬਜ਼ਾ ਕਰ ਲਿਆ ਤੇ ਇਸ ਦਾ ਨਵਾਂ ਨਾਂ ‘ਹਿੰਮਤਪੁਰਾ’ ਪੈ ਗਿਆ।
ਅੰਗਰੇਜ਼ੀ ਹਕੂਮਤ ਵੇਲੇ ਇਸ ਪਿੰਡ ਦੀ ਹੱਦ ਪੈਪਸੂ ਨਾਲ ਲੱਗਦੀ ਸੀ। ਪਿੰਡ ਦੀ ਜੂਹ (ਖੁੱਲੀ ਚਰਾਂਦ) ਜ਼ਿਲ੍ਹੇ ਵਿੱਚ ਸਭ ਤੋਂ ਵੱਡੀ ਹੈ ਜਿਸ ਦੀਆਂ ਹੱਦਾਂ ਲੁਧਿਆਣਾ, ਸੰਗਰੂਰ ਤੇ ਬਠਿੰਡਾ ਜ਼ਿਲ੍ਹੇ ਨਾਲ ਲੱਗਦੀਆਂ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਸਿੱਖਾਂ ਹਿੰਦੂਆਂ ਤੇ ਮੁਸਲਮਾਨਾਂ ਤੋਂ ਇਲਾਵਾ ਡੋਗਰਿਆਂ ਤੇ ਮੀਆਂ ਦਾ ਸਾਂਝਾ ਪਿੰਡ ਸੀ। ਇਸ ਪਿੰਡ ਦੇ ਚੋਰ ਚੋਰੀ ਕਰਨ ‘ਚ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਮਸ਼ਹੂਰ ਸਨ।
ਇਸ ਪਿੰਡ ਦੇ ਸੰਤ ਕਰਮ ਸਿੰਘ ਬਹੁਤ ਪੂਜਣਯੋਗ ਹਸਤੀ ਹੋਏ ਹਨ। ਉਹਨਾਂ ਦੀ ਯਾਦ ਨੂੰ ਸਮਰਪਤ ਇੱਥੋਂ ਦਾ ਨਾਮਧਾਰੀ ਗੁਰਦੁਆਰਾ ਪਿੰਡ ਦੀ ਸ਼ਾਨ ਹੈ। ਇੱਥੇ ਹਰ ਸਾਲ 13, 14, 15 ਭਾਦੋਂ ਨੂੰ ਬਹੁਤ ਭਾਰੀ ਮੇਲਾ ਲੱਗਦਾ ਹੈ। ਇੱਥੋਂ ਦੇ ਦੋ ਫਕੀਰ ਦਿਆਲ ਜੀ . ਦਾਸ ਤੇ ਸੈਂਕਰਾ ਨੰਦ ਦੇ ਸੁਲਝੇ ਵਿਚਾਰਾਂ ਨੇ ਪਿੰਡ ਵਾਲਿਆਂ ਨੂੰ ਨਵੀਂ ਸੇਧ ਦਿੱਤੀ ਹੈ. ਉਹਨਾਂ ਦੀ ਯਾਦ ਵਿੱਚ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਪਿੰਡੋਂ ਬਾਹਰ ਬਣੀ ਕੁਟੀਆ ਵਿੱਚ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਪਿੰਡ ਦੇ ਬਾਹਰ ਹੀ ਗੁਰਦੁਅਰਾ ‘ਮਲ੍ਹਾ ਸਾਹਿਬ ਸਥਿਤ ਹੈ ਜਿੱਥੇ ਜੰਡ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨ੍ਹਿਆ ਤੇ ਆਰਾਮ ਕੀਤਾ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ