ਇਹ ਆਪਣਾ ਆਰੰਭ ਸਾਰੋਆ ਰਾਜਪੂਤਾਂ ਨਾਲ ਜੋੜਦੇ ਹਨ। ਰਾਜਸਤਾਨ ਵਿੱਚ ਸਰੋਈ ਨਗਰ ਸਾਰੋਆ ਰਾਜਪੂਤ ਨੇ ਹੀ ਵਸਾਇਆ ਸੀ । ਇਸ ਖੇਤਰ ਵਿੱਚ ਇਨ੍ਹਾਂ ਦਾ ਹੀ ਕਬਜ਼ਾ ਸੀ। ਇਨ੍ਹਾਂ ਦਾ ਵਡੇਰਾ ਹੰਜੜਾਉ ਸੀ । ਇਸ ਨੂੰ ਹਿੰਜਰਾਨੋ ਵੀ ਕਿਹਾ ਜਾਂਦਾ ਸੀ। ਹਿੱਜਰਾਂ ਅਤੇ ਹੰਜੜਾਂ ਇੱਕੋ ਹੀ ਗੋਤ ਹੈ। ਹੰਜੜਾਉ ਆਪਣੇ ਕਬੀਲੇ ਸਮੇਤ ਹਿਸਾਰ ਦਾ ਇਲਾਕਾ ਛੱਡ ਕੇ ਗੁਜਰਾਂਵਾਲਾ ਜ਼ਿਲ੍ਹਾ ਦੇ ਹਾਫਜ਼ਾਬਾਦ ਪਰਗਣੇ ਵਿੱਚ ਆਕੇ ਟਿਕਿਆ ਸੀ। ਉਸ ਨੇ ‘ਉਸਖਾਬ’ ਨਾਂ ਦਾ ਪਿੰਡ ਵਸਾਇਆ ਜਿਸ ਦੇ ਖੰਡਰ ਅਜੇ ਵੀ ਮਿਲਦੇ ਹਨ। ਜ਼ਿਲ੍ਹਾ ਗੁੱਜਰਾਂਵਾਲਾ ਵਿੱਚ ਇਨ੍ਹਾਂ ਦੇ 37 ਪਿੰਡ ਸਨ। ਇਸ ਕਬੀਲੇ ਦੇ ਦੋ ਵੱਡੇਰੇ ਢੋਲ ਤੇ ਮੱਲ ਬਹੁਤ ਪ੍ਰਸਿੱਧ ਵਿਅਕਤੀ ਸਨ। ਹਿੱਜਰਾਵਾਂ ਕਬੀਲੇ ਦੇ ਲੋਕ ਹਿੱਸਾਰ ਤੇ ਸਿਰਸੇ ਵਿੱਚ ਹਿੱਜਰਾਂ ਪੰਚਾਧੇ ਦੇ ਨਾਮ ਨਾਲ ਇਲਾਕੇ ਵਿੱਚ ਮਸ਼ਹੂਰ ਸਨ। ਇਹ ਬਹੁ-ਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਸਿਰਸੇ ਤੋਂ ਅੱਗੇ ਇਹ ਪੰਜਾਬ ਦੇ ਮਾਲਵੇ ਖੇਤਰ ਵਿੱਚ ਵੀ ਆ ਗਏ ਸਨ। ਮੁਕਤਸਰ ਵਿੱਚ ਵੀ ਕਿਸੇ ਸਮੇਂ ਹਿੱਜ਼ਰਾਂ ਜੱਟਾਂ ਦੀ ਇੱਕ ਸਾਲਮ ਪੱਤੀ ਹੁੰਦੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਤੋਂ ਅੱਧੀ ਜ਼ਮੀਨ ਖੋਹ ਕੇ ਮੁਕਤਸਰ ਦੇ ਬੈਂਸਾਂ ਅਤੇ ਭੰਡਾਰੀਆਂ ਨੂੰ ਦੇ ਦਿੱਤੀ ਸੀ।
ਹਿਸਾਰ ਸੈਟਲਮੈਂਟ ਰੀਪੋਰਟ ਵਿੱਚ ਵੀ ਲਿਖਿਆ ਸੀ ਕਿ ਹਿੱਜਰਾਂ ਪੱਚਾਧੇ ਆਪਣਾ ਮੁਢ ਸਰੋਆ ਰਾਜਪੂਤਾਂ ਵਿੱਚੋਂ ਮੰਨਦੇ ਹਨ ਅਤੇ ਹਿੱਜਰਾਉਂ ਨੂੰ ਆਪਣਾ ਵਡੇਰਾ ਮੰਨਦੇ ਹਨ। ਹਿੱਜਰਾਂ ਗੋਤ ਦੇ ਜੱਟ ਸਿਰਸਾ, ਫਿਰੋਜ਼ਪੁਰ, ਜਲੰਧਰ, ਮਲੇਰਕੋਟਲਾ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਵੀ ਘੱਟ ਗਿਣਤੀ ਵਿੱਚ ਆਬਾਦ ਸਨ । ਪਰ ਬਹੁਤੇ ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ, ਗੁਜਰਾਂਵਾਲਾ, ਗੁਜਰਾਤ ਤੇ ਮਜ਼ਫਰਗੜ੍ਹ ਤੱਕ ਆਬਾਦ ਸਨ। ਸ਼ਾਹਪੁਰ ਅਤੇ ਮਿੰਟਗੁਮਰੀ ਜ਼ਿਲ੍ਹਿਆਂ ਵਿੱਚ ਵੀ ਹੰਜੜ ਜੱਟ ਕਾਫੀ ਮੁਸਲਮਾਨ ਬਣ ਗਏ ਸਨ । ਕੇਵਲ ਮਿੰਟਗੁਮਰੀ ਜ਼ਿਲ੍ਹੇ ਵਿੱਚ ਹੀ ਹੰਜੜ ਜੱਟ ਸਿੱਖ ਕਾਫੀ ਆਬਾਦ ਸਨ। 1881 ਈਸਵੀ ਦੀ ਜੰਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਹਿੱਜਰਾਵਾਂ ਦੀ ਗਿਣਤੀ 2,5265 ਸੀ । ਹਿੱਜਰਾਂ ਨੂੰ ਪੱਛਮੀ ਪੰਜਾਬ ਵਿੱਚ ਹੰਜੜਾ ਕਿਹਾ ਜਾਂਦਾ ਸੀ ਮਾਨਸਾ ਦੇ ਸਰਦੂਲ ਗੜ੍ਹ ਖੇਤਰ ਵਿੱਚ ਵੀ ਕੁਝ ਹਜ਼ਰਾਂ ਜੱਟ ਵਸਦੇ ਹਨ। ਹੁਣ ਪੰਜਾਬ ਵਿੱਚ ਹਜ਼ਰਾਵਾਂ ਦੀ ਗਿਣਤੀ ਬਹੁਤ ਘੱਟ ਹੈ। ਹਜ਼ਰਾਂ ਜੱਟ ਬਹੁਤ ਹੀ ਸੂਰਬੀਰ ਤੇ ਖਾੜਕੂ ਸਨ।