ਹੀਰੋ ਕਲਾਂ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਹੀਰੋ ਕਲਾਂ, ਮਾਨਸਾ ਸੁਨਾਮ ਸੜਕ ਤੋਂ 4 ਕਿਲੋਮੀਟਰ ਦੂਰੀ ‘ਤੇ ਸੁਨਾਮ ਤੋਂ 18 ਕਿਲੋਮੀਟਰ ਦੇ ਫ਼ਾਸਲੇ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਭੀਖੀ ਤੋਂ ਠਾਕੁਰੀਆਂ ਚਹਿਲ ਉਜੜ ਕੇ ਆਇਆ ਸੀ ਕਿਉਂਕਿ ਰਾਜੇ ਗੈਂਡੇ ਦੇ ਰਿਸ਼ਤੇਦਾਰਾਂ ਤੇ ਕਤਲ ਦਾ ਕੇਸ ਬਣ ਗਿਆ ਸੀ । ਉਸ ਨੇ ਇਹ ਪਿੰਡ ਕੋਈ ਸਵਾ ਤਿੰਨ ਸੌ ਸਾਲ ਪਹਿਲਾਂ ਅਹੀਰਾਂ ਅਤੇ ਗੁੱਜਰਾਂ ਦੇ ਖੋਲਿਆ ਵਿੱਚ ਇੱਕ ਪੁਰਾਣੇ ਬੋੜੇ ਖੂਹ ਕੋਲ ਵਸਾਇਆ। ਹੀਰੋਂ ਨਾਂ ਇਸ ਕਰਕੇ ਪਿਆ ਕਿਉਂਕਿ ਇੱਥੇ ਆਹੀਰਾਂ ਦੇ ਖੋਲ੍ਹੇ ਸਨ। ਕੁੱਝ ਬਜ਼ੁਰਗਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਲੋਕ ਹੀਰ ਵਾਰਸ਼ ਸ਼ਾਹ ਗਾਉਣ ਦੇ ਆਦੀ ਸਨ। ਠਾਕੁਰੀਆਂ ਚਹਿਲ ਪਹਿਲਾਂ ਆਪਣੇ ਲੜਕਿਆਂ ਨੂੰ ਲਿਆਇਆ ਅਤੇ ਬਾਅਦ ਵਿੱਚ ਆਪਣੇ ਭਰਾ ਨੂੰ ਅਤੇ ਅੱਗੋਂ ਉਹ ਆਪੋ-ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਏ। ਇਹ ਚਹਿਲਾਂ ਦੇ ਚਲੇਰਿਆਂ ਦਾ ਸੁਨਾਮ ਵੱਲ ਨੂੰ ਆਖਰੀ ਪਿੰਡ ਹੈ।
ਇਹ ਪਿੰਡ ਪੁਰਾਣੇ ਅਕਾਲੀਆਂ ਦਾ ਹੋਣ ਕਰਕੇ ਕਈ ਲਹਿਰਾਂ ਵਿੱਚ ਅਹਿਮ ਹਿੱਸਾ ਪਾ ਚੁੱਕਿਆ ਹੈ। ਇਸ ਪਿੰਡ ਵਿੱਚ ਸਿੱਖੀ ਅਤੇ ਸਿੰਘ ਸਭਾ ਲਹਿਰ ਦਾ ਮੁੱਢ ਸੰਤ ਬਾਬਾ ਬੱਗਾ ਸਿੰਘ ਨੇ ਬੰਨਿਆ ਸੀ ਜਿਨ੍ਹਾਂ ਨੇ ਚੀਮਾ ਪਿੰਡ ਦੇ ਸ੍ਰੀਮਾਨ ਸੰਤ ਅਤਰ ਸਿੰਘ ਮਸਤੂਆਣਾ ਤੋਂ 1916 ਵਿੱਚ ਅੰਮ੍ਰਿਤ ਛੱਕਿਆ ਅਤੇ ਲੌਂਗੋਵਾਲ ਰਜਵਾਹੇ ਕੰਢੇ ਗੁਰਦੁਆਰੇ ਦੀ ਉਸਾਰੀ ਕਰਕੇ ਅਨੇਕਾਂ ਸਿੰਘ ਸਜਾਏ ਅਤੇ ਵਿਦਿਆਲਾ ਖੋਲ੍ਹਿਆ ਜਿੱਥੇ ਹਰ ਉਮਰ ਦੇ ਸਿੰਘ ਲਈ ਵੱਖਰੀ ਪੜ੍ਹਾਈ ਦਾ ਪ੍ਰਬੰਧ ਸੀ ।
1921 ਵਿੱਚ ਪਿੰਡ ਦੇ ਪ੍ਰਤਾਪ ਦਾਸ ਮਹੰਤ ਦੇ ਚਲਾਣਾ ਕਰਨ ਤੋਂ ਬਾਅਦ ਕੋਈ ਵਾਰਸ ਨਾ ਹੋਣ ਕਰਕੇ ਕੁੱਝ ਸਿੰਘਾਂ ਨੇ ਨਿਸ਼ਾਨ ਸਾਹਿਬ ਲਹਿਰਾ ਕੇ ਗੁਰਦੁਆਰਾ ਬਣਾਉਣਾ ਚਾਹਿਆ। ਮਹੰਤਾਂ ਦੇ ਚੇਲਿਆਂ ਤੇ ਸਿੰਘਾਂ ਦਾ ਝਗੜਾ ਵੱਧ ਗਿਆ। ਆਖਰ ਵਿੱਚ ਪਟਿਆਲਾ ਰਿਆਸਤ ਦੇ ਹਾਕਮਾਂ ਨੇ 28 ਸਿੰਘਾਂ ਨੂੰ ਵੱਖ-ਵੱਖ ਡਾਕੇ ਦੇ ਕੇਸ ਵਿੱਚ ਫੜ੍ਹ ਕੇ ਹਰੇਕ ਨੂੰ ਸਾਢੇ ਚਾਰ ਸਾਲ ਦੀ ਕੈਦ ਦੇ ਦਿੱਤੀ।
1923-24 ਵਿੱਚ ਭਾਈ ਫੇਰੂ ਦੇ ਮੋਰਚੇ ਸਮੇਂ ਵੱਖ-ਵੱਖ ਜੱਥਿਆਂ ਵਿੱਚ 10-15 ਸਿੰਘ ਪੁੱਜੇ ਜਿਨ੍ਹਾਂ ਨੂੰ ਫੜ੍ਹ ਕੇ ਰਾਵਲਪਿੰਡੀ, ਮਿੰਟਗੁਮਰੀ, ਮੁਲਤਾਨ ਅਤੇ ਨਾਭਾ-ਬੀੜ ਪਹੁੰਚਾਇਆ ਗਿਆ।
1928 ਵਿੱਚ ਇਸ ਪਿੰਡ ਦੇ ਸਿੰਘਾਂ ਨੇ ਮਾਨਸਾ ਵਿਖੇ ਰਿਆਸਤੀ ਪਰਜਾ ਮੰਡਲ ਦੀ ਕਾਇਮੀ ਅਤੇ ਬਾਬਾ ਖੜਕ ਸਿੰਘ ਦੌਰੇ ਤੇ ਸਰਦਾਰ ਸੇਵਾ ਸਿੰਘ ਠੀਕਰੀਵਾਲੇ ਦੀ ਰਿਹਾਈ ਦੇ ਮੋਰਚਿਆਂ ਵਿੱਚ ਵੀ ਹਿੱਸਾ ਪਾਇਆ। 1934 ਵਿੱਚ ਨੇੜੇ ਦੀ ਜੀਂਦ ਰਿਆਸਤ ਵਿੱਚ ਢੀਂਗਰੇ ਵਜ਼ੀਰ ਵਿਰੁੱਧ ਮੋਰਚੇ ਵਿੱਚ ਵੀ ਵੀਹ ਦੇ ਲਗਭਗ ਸਿੰਘ ਗਏ ਤੇ ਗ੍ਰਿਫਤਾਰ ਹੋਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ