ਜੱਟਾਂ ਦੇ ਬਹੁਤੇ ਗੋਤ ਚੰਦਰ ਬੰਸ ਵਿੱਚੋਂ ਹਨ। ਸੂਰਜਬੰਸੀ ਜੱਟ ਬਹੁਤ ਘੱਟ ਹਨ। ਹੁੰਦਲ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਸੂਰਜ ਬੰਸ ਵਿੱਚੋਂ ਹਨ। ਇਨ੍ਹਾਂ ਦਾ ਵਡੇਰਾ ਸਰਬਾ ਉੱਤਰ ਪ੍ਰਦੇਸ਼ ਦੇ ਅਯੁਧਿਆ ਇਲਾਕੇ ਤੋਂ ਚਲਕੇ ਮਾਲਵੇ ਵਿੱਚ ਆਇਆ ਸੀ । ਫਿਰ ਕਾਫੀ ਸਮੇਂ ਮਗਰੋਂ ਅੰਮ੍ਰਿਤਸਰ ਦੇ ਖੇਤਰ ਵਿੱਚ ਚਲਾ ਗਿਆ। ਮਾਲਵੇ ਦੇ ਮੋਗੇ ਇਲਾਕੇ ਵਿੱਚ ਮੋਗਾ ਅਜੀਤ ਸਿੰਘ ‘ਚ ਹੁੰਦਲਾਂ ਦੀ ਇੱਕ ਪੱਤੀ ਹੈ। ਸਲ੍ਹੀਣਾ ਪਿੰਡ ਵਿੱਚ ਵੀ ਹੁੰਦਲਾਂ ਦੇ ਕੁਝ ਘਰ ਹਨ। ਲੁਧਿਆਣਾ ਦੇ ਮਾਛੀਵਾੜਾ ਆਦਿ ਖੇਤਰਾਂ ਵਿੱਚ ਵੀ ਕੁਝ ਹੁੰਦਲ ਵਸਦੇ ਹਨ। ਫਤਹਿਗੜ੍ਹ ਸਾਹਿਬ ਵਿੱਚ ਗੁਰਧਨਪੁਰ ਤੇ ਦੁੱਲਵਾਂ ਹੁੰਦਲਾਂ ਦੇ ਪ੍ਰਸਿੱਧ ਪਿੰਡ ਹਨ। ਬਰਨਾਲੇ ਤੇ ਪਟਿਆਲੇ ਦੇ ਇਲਾਕੇ ਵਿੱਚ ਵੀ ਹੁੰਦਲ ਜੱਟ ਕਾਫ਼ੀ ਹਨ। ਦੁਆਬੇ ਵਿੱਚ ਹੁੰਦਲ ਬਹੁਤ ਘੱਟ ਹਨ। ਮਾਝੇ ਵਿੱਚ ਹੁੰਦਲ ਜੱਟ ਕਾਫੀ ਹਨ। ਮਾਝੇ ਵਿੱਚ ਜੰਡਿਆਲਾ ਗੁਰੂ ਤੇ ਨਵਾਂ ਹੁੰਦਲ ਆਦਿ ਹੁੰਦਲ ਜੱਟਾਂ ਦੇ ਕਈ ਪਿੰਡ ਹਨ। ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਅੱਗੇ ਹੁੰਦਲ ਭਾਈਚਾਰੇ ਦੇ ਲੋਕ ਸਿਆਲਕੋਟ ਤੇ ਸਾਂਦਲਬਾਰ ਵਿੱਚ ਵੀ ਚਲੇ ਗਏ ਸਨ । ਸਾਂਦਲਬਾਰ ਵਿੱਚ ਬਹਿਨੋਲ ਪਿੰਡ ਮੁਸਲਮਾਨ ਹੁੰਦਲਾਂ ਦਾ ਇੱਕ ਉੱਘਾ ਪਿੰਡ ਸੀ। ਬਹੁਤੇ ਹੁੰਦਲ ਜੱਟ ਸਿੱਖ ਹੀ ਹਨ। ਸਿਆਲਕੋਟ ਦੇ ਇਲਾਕੇ ਵਿੱਚ ਵੀ ਕੁਝ ਹੁੰਦਲ ਸਿੱਖ ਸਨ ਤੇ ਕੁਝ ਹੁੰਦਲ ਮੁਸਲਮਾਨ ਬਣ ਗਏ ਸਨ।
ਸਾਂਝੇ ਪੰਜਾਬ ਵਿੱਚ ਵੀ ਹੁੰਦਲ ਜੱਟਾਂ ਦੀ ਗਿਣਤੀ ਕਾਫੀ ਘੱਟ ਸੀ । 1947 ਈਸਵੀ ਤੋਂ ਮਗਰੋਂ ਭਾਰਤ ਦੇਸ਼ ਦੀ ਵੰਡ ਹੋਣ ਕਾਰਨ ਹੁੰਦਲ ਜੱਟ ਸਿੱਖ ਪੱਛਮੀ ਪੰਜਾਬ ਤੋਂ ਉਜੜ ਕੇ ਪੂਰਬੀ ਪੰਜਾਬ ਵਿੱਚ ਆਕੇ ਆਬਾਦ ਹੋ ਗਏ ਹਨ ਕੁਝ ਹਰਿਆਣੇ ਵਿੱਚ ਚਲੇ ਗਏ ਹਨ। ਹੁੰਦਲ ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਇਹ ਟਾਵੇਂ-ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਕੁਝ ਹੁੰਦਲ ਜੱਟ ਬਾਹਰਲੇ ਦੇਸ਼ਾਂ ਵਿੱਚ ਜਾਕੇ ਉਥੇ ਹੀ ਵਸ ਗਏ ਹਨ। ਹੁੰਦਲ ਜੱਟਾਂ ਵਾਂਗ ਮਾਘਾ ਕਬੀਲੇ ਦੇ ਲੋਕ ਵੀ ਮੱਗਧ (ਬਿਹਾਰ) ਤੋਂ ਉੱਠਕੇ ਬਹੁਤ ਦੂਰੋਂ ਆਕੇ ਹਰਿਆਣੇ ਵਿੱਚ ਵਸੇ ਹਨ। ਇਹ ਇੰਡੋ ਗਰੀਕ ਨਸਲ ਵਿੱਚੋਂ ਹਨ। ਹੁੰਦਲ ਜੱਟ ਆਰੀਆ ਹਨ।