ਇਹ ਅਸਲੀ ਜੱਟ ਹਨ। ਇਹ ਆਪਣੇ ਆਪ ਨੂੰ ਰਾਜਪੂਤਾਂ ਵਿੱਚੋਂ ਨਹੀਂ ਮੰਨਦੇ। ਕਿਸੇ ਸਮੇਂ ਪੰਜਾਬ ਦੀ ਧਰਤੀ ਦੇ ਮਾਲਕ ਮਾਨ, ਭੁੱਲਰ ਤੇ ਹੇਅਰ ਹੀ ਸਨ। ਸੰਤ ਵਿਸ਼ਾਖਾ ਸਿੰਘ ਆਪਣੀ ਕਿਤਾਬ ‘ਮਾਲਵਾ ਇਤਿਹਾਸ’ ਵਿੱਚ ਹੇਰਾਂ ਨੂੰ ਸ਼ੱਕ ਬੰਸ ਵਿੱਚੋਂ ਹੀ ਮੰਨਦਾ ਹੈ। ਉਸ ਨੇ ਲਿਖਿਆ ਹੈ “150 ਵਰਸ ਈਸਵੀ ਪੂਰਬ ਬਾਖਤਰ ਵਾਲਿਆਂ ਵਿੱਚੋਂ ਮਾਨਿੰਦਰ ਨੇ ਮਾਲਵੇ ਨੂੰ ਆਪਣੇ ਅਧਿਕਾਰ ਵਿੱਚ ਕਰ ਲਿਆ ਅਤੇ ਮਥਰਾ ਨੂੰ ਜਿੱਤਦਾ ਹੋਇਆ ਕਨੌਜ ਦੇ ਰਾਜਾ ਪੁਸ਼ਿਆ ਮਿੱਤਰ ਨਾਲ ਜਾ ਭਿੜਿਆ ਪਰ ਉਸ ਤੋਂ ਬੁਰੀ ਤਰ੍ਹਾਂ ਹਾਰ ਖਾਕੇ ਮੁੜ ਮਥਰਾ ਵਿੱਚ ਆ ਕੇ ਮਰ ਗਿਆ। ਏਸ ਦੇ ਸਮੇਂ ਥੋਹੜੇ ਜਿਹੇ ਚਿਰ ਤੱਕ ਮਾਲਵੇ ਦੇ ਗਣ ਯੂਨਾਨੀ ਰਾਜ ਹੇਠ ਸਾਂਝੀਵਾਲਤਾ ਦੇ ਰੂਪ ਵਿੱਚ ਰਹੇ। ਏਸ ਰਾਜੇ ਦੇ ਨਾਲ ਆਏ ਮਾਨ, ਭੁੱਲਰ, ਹੇਅਰ, ਥਿੰਦ, ਖਰਲ, ਸਿਆਲ, ਅਤਲੇ-ਤਤਲੇ ਆਦਿ ਜੱਟ ਬਹੁਤ ਸਾਰੀ ਗਿਣਤੀ ਵਿੱਚ ਏਥੇ ਬਸ ਗਏ।” ਜੱਟਾਂ ਦੀਆਂ ਬਹੁਤੀਆਂ ਉਪਜਾਤੀਆਂ ਮੱਧ ਏਸ਼ੀਆ ਤੇ ਸ਼ੱਕਸਤਾਨ ਖੇਤਰ ਤੋਂ ਆਈਆਂ ਹਨ।
ਬੀ. ਐਸ. ਦਾਹੀਆ ਆਪਣੀ ਪੁਸਤਕ ‘ਜਾਟਸ’ ਵਿੱਚ ਹੇਰਾਂ ਨੂੰ ਕੁਸ਼ਨ ਜਾਤੀ ਦੀ ਹੇਰਓਸ ਸ਼ਾਖਾ ਲਿਖਦਾ ਹੈ। ਕੁਸ਼ਨ ਵੀ ਜੱਟ ਸਨ। ਹੇਅਰ ਜਾਤੀ ਦੇ ਲੋਕ ਸਤਲੁਜ ਦੇ ਉਪਰਲੇ ਖੇਤਰ ਵਿੱਚ ਪਹਾੜਾਂ ਦੇ ਹੇਠਾਂ-ਹੇਠਾਂ ਪੂਰਬ ਵਿੱਚ ਅੰਬਾਲਾ ਤੋਂ ਲੈ ਕੇ ਪੱਛਮ ਵਿੱਚ ਗੁਜਰਾਤ ਤੱਕ ਆਬਾਦ ਸਨ । ਇਹ ਪਸ਼ੂ ਪਾਲਕ ਸਨ । ਪਸ਼ੂਆਂ ਦੀਆਂ ਹੇੜਾਂ ਰੱਖਣ ਕਾਰਨ ਇਨ੍ਹਾਂ ਦਾ ਨਾਮ ਹੇਰ ਪ੍ਰਚਲਤ ਹੋ ਗਿਆ। ਇਨ੍ਹਾਂ ਦਾ ਇਕ ਮੋਢੀ ਪੋਰਾਵਾਲ ਸੀ। ਇਸ ਕਾਰਨ ਹੇਰਾਂ ਨੂੰ ਪੋਰਾਵਾਲ (Porawal) ਕਿਹਾ ਜਾਂਦਾ ਹੈ।
ਮਾਨ, ਭੁੱਲਰ ਤੇ ਹੇਅਰ ਮਾਲਵੇ ਦੀ ਧਰਤੀ ਦੇ ਮਾਲਕ ਸਨ। ਤਿੰਨੇ ਭਾਈਚਾਰੇ ਰਲਕੇ ਰਹਿੰਦੇ ਸਨ। ਇਨ੍ਹਾਂ ਦੀਆਂ ਰਾਜਸਤਾਨ ਤੋਂ ਆਉਣ ਵਾਲੀਆਂ ਸਿੱਧੂ ਬਰਾੜ ਤੇ ਭੱਟੀਆਂ ਆਦਿ ਜਾਤੀਆਂ ਨਾਲ ਭਾਰੀ ਲੜਾਈਆਂ ਵੀ ਹੋਈਆਂ। ਸਿੱਧੂ ਬਰਾੜ ਜੱਟ ਬਹੁਗਿਣਤੀ ਵਿੱਚ ਹੋਣ ਕਾਰਨ ਇਨ੍ਹਾਂ ਤਿੰਨ ਜਾਤੀਆਂ ਨੂੰ ਹਰਾ ਕੇ ਮਾਲਵੇ ਵਿੱਚ ਬਹੁ- ਗਿਣਤੀ ਵਿੱਚ ਆਬਾਦ ਹੋ ਗਏ। ਹੁਣ ਵੀ ਮਾਨ, ਭੁੱਲਰ ਤੇ ਹੇਅਰ ਆਪਣੇ ਆਪ ਨੂੰ ਅਸਲੀ ਜੱਟ ਸਮਝਦੇ ਹਨ। ਇਨ੍ਹਾਂ ਤਿੰਨ੍ਹਾਂ ਦਾ ਗੋਤ ਢਾਈ ਗੋਤ ਹੀ ਸਮਝਿਆ ਜਾਂਦਾ ਹੈ।
ਇੱਕ ਰਵਾਇਤ ਦੇ ਅਨੁਸਾਰ ਇੱਕ ਮਿਰਾਸੀ ਨੇ ਹੇਅਰਾਂ ਨੂੰ ਮਖੌਲ ਵਜੋਂ ਅੱਧਾ ਗੋਤ ਹੀ ਗਿਣਿਆ। ਇਕ ਵਾਰੀ ਮਾਨ, ਭੁੱਲਰ ਤੇ ਹੇਰਾਂ ਦੇ ਬੱਚੇ ਕਿਸੇ ਚਰਾਂਦ ਵਿੱਚ ਪਸ਼ੂ ਚਾਰ ਰਹੇ ਸਨ। ਅਚਨਚੇਤ ਉਥੇ ਇੱਕ ਮਿਰਾਸੀ ਆ ਗਿਆ ਉਸ ਸਮੇਂ ਮਾਨ ਤੇ ਭੁੱਲਰਾਂ ਦੇ ਲੜਕੇ ਪਸ਼ੂ ਚਾਰ ਰਹੇ ਸਨ । ਹੇਰਾਂ ਦੀਆਂ ਕੁੜੀਆਂ ਪਸ਼ੂ ਚਾਰ ਰਹੀਆਂ ਸਨ । ਮਿਰਾਸੀ ਨੇ ਪੁਛਿਆ ਕਿ ਤੁਹਾਡਾ ਮੁਖੀਆ ਕੌਣ ਹੈ ? ਮੁੰਡਿਆਂ ਨੇ ਹੱਸ ਕੇ ਹੇਰਾਂ ਦੇ ਮੁਖੀਏ ਪੋਰਾਵਾਲ ਦਾ ਨਾਮ ਲਿਆ। ਮਿਰਾਸੀ ਨੇ ਕੁੜੀਆਂ ਕਾਰਨ ਹੇਰ ਗੋਤ ਨੂੰ ਅੱਧਾ ਗੋਤ ਗਿਣਿਆ। ਉਸਨੇ ਕਿਹਾ ਕੇਵਲ ਢਾਈ ਗੋਤ ਦੇ ਲੋਕ ਹੀ ਪਸ਼ੂ ਚਾਰ ਰਹੇ ਹਨ। ਇਸ ਘਟਨਾ ਕਰਨ ਭੁੱਲਰ ਤੇ ਮਾਨ ਆਪਣੇ ਸਾਥੀ ਹੇਅਰ ਭਾਈਚਾਰੇ ਨੂੰ ਨੀਵਾਂ ਸਮਝਣ ਲੱਗ ਪਏ। ਹੇਅਰ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ । ਇਹ ਜਲੰਧਰ ਜ਼ਿਲੇ ਦੀ ਤਹਿਸੀਲ ਨਕੋਦਰ ਦੇ ਪਿੰਡ ਹੇਰ ਨੂੰ ਹੀ ਆਪਣਾ ਮੋਢੀ ਤੇ ਪੁਰਾਣਾ ਪਿੰਡ ਸਮਝਦੇ ਹਨ। ਜਲੰਧਰ ਦੇ ਹੇਅਰ ਰੋਪੜ ਦੇ ਖੇਤਰ ਵਿੱਚ ਕਾਲਾ ਮਾਜਰਾ ਜਾਕੇ ਇਕ ਸਤੀ ਦੇ ਮੰਦਰ ਦੀ ਪੂਜਾ ਕਰਦੇ ਹਨ। ਹੇਅਰ ਜਾਤੀ ਦੇ ਜੱਟ ਅੱਕ ਦਾ ਬੂਟਾ ਆਪ ਨਹੀਂ ਕੱਟਦੇ, ਕਿਸੇ ਮਜ਼ਦੂਰ ਤੋਂ ਕਟਾਉਂਦੇ ਹਨ। ਖੇਤ ਪਾਲ ਨੂੰ ਵੀ ਮੰਨਦੇ ਹਨ। ਉਸ ਦਾ ਖੁਸ਼ੀ ਸਮੇਂ ਰੋਟ ਵੀ ਪਕਾਉਂਦੇ ਹਨ। ਇਕ ਸਮੇਂ ਹੋਰ ਕਾਫੀ ਗਿਣਤੀ ਵਿੱਚ ਸਖੀਸਰਵਰ ਦੇ ਚੇਲੇ ਬਣ ਗਏ ਸਨ ਪਰ ਸਿੱਖ ਧਰਮ ਵਿੱਚ ਆਉਣ ਕਰਕੇ ਹੁਣ ਸਖੀ ਸਰਵਰ ਨੂੰ ਛੱਡ ਗਏ ਹਨ। ਸਿੱਖੀ ਦੇ ਪ੍ਰਭਾਵ ਕਾਰਨ ਹੁਣ ਪੁਰਾਣੇ ਰਸਮ ਰਵਾਜ ਵੀ ਛੱਡ ਰਹੇ ਹਨ।
ਹੇਅਰ ਜਲੰਧਰ ਤੋਂ ਉੱਠਕੇ ਮਾਲਵੇ ਤੇ ਮਾਝੇ ਵਿੱਚ ਕਾਫੀ ਗਿਣਤੀ ਵਿੱਚ ਆ ਗਏ। ਪਹਿਲਾਂ ਸਭ ਤੋਂ ਵੱਧ ਹੇਅਰ ਦੁਆਬੇ ਵਿੱਚ ਹੀ ਆਬਾਦ ਸਨ । ਜਲੰਧਰ ਤੇ ਹੁਸ਼ਿਆਰਪੁਰ ਵਿੱਚ ਦੂਰ-ਦੂਰ ਤੱਕ ਫੈਲੇ ਹੋਏ ਸਨ।
ਅੰਮ੍ਰਿਤਸਰ ਵਿੱਚ ਵੀ ਇੱਕ ਪਿੰਡ ਦਾ ਨਾਮ ਹੇਅਰ ਹੈ। ਗੁਰਦਾਸਪੁਰ ਵਿੱਚ ਵੀ ਹੇਅਰ ਕਾਫੀ ਹਨ । ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ ਤੇ ਗੁਜਰਾਂਵਾਲਾ ਖੇਤਰ ਵਿੱਚ ਵੀ ਕੁਝ ਹੇਅਰ ਆਬਾਦ ਸਨ। ਹੁਣ ਹੇਅਰਾਂ ਦੀ ਮਾਲਵੇ ਵਿੱਚ ਵੀ ਕਾਫੀ ਗਿਣਤੀ ਹੈ। ਲੁਧਿਆਣਾ ਵਿੱਚ ਵੀ ਇੱਕ ਪਿੰਡ ਦਾ ਨਾਮ ਹੇਰਾਂ ਹੈ। ਇਸ ਪਿੰਡ ਵਿੱਚ ਗੁਰੂ ਗੋਬਿੰਦ मिथ त्नी ਅਨੰਦਪੁਰ ਤੋਂ ਮਾਲਵੇ ਨੂੰ ਜਾਂਦੇ ਹੋਏ ਠਹਿਰੇ ਸਨ। ਇਸ ਪਿੰਡ ਵਿੱਚ ਦਸਵੇਂ ਗੁਰੂ ਜੀ ਨਾਲ ਸਬੰਧਤ ਇੱਕ ਗੁਰਦੁਆਰਾ ਹੈ। ਲੁਧਿਆਣੇ ਜ਼ਿਲੇ ਵਿੱਚ ਖੰਨੇ ਦੇ ਪਾਸ ਭੜੀ ਪਿੰਡ ਵਿੱਚ ਵੀ ਹੇਅਰ ਗੋਤ ਦੇ ਜੱਟ ਰਹਿੰਦੇ ਹਨ। ਗੋਰਾਇਆਂ ਮੰਡੀ ਪਾਸ ਪੱਟੀ ਜਗੀਰ ਪਿੰਡ ਵੀ ਹੇਅਰਾਂ ਦਾ ਹੈ | ਫਰੀਦਕੋਟ ਦੇ ਇਲਾਕੇ ਵਿੱਚ ਬੰਬੀਹਾ ਭਾਈ ਪਿੰਡ ਵਿੱਚ ਵੀ ਕੁਝ ਹੇਅਰਾਂ ਦੇ ਘਰ ਹਨ ਜੋ ਬਠਿੰਡੇ ਦੇ ਇਲਾਕੇ ਵਿੱਚੋਂ ਆਏ ਹਨ। ਮੁਕਤਸਰ ਦੇ ਇਲਾਕੇ ਵਿੱਚ ਰਹੂੜਿਆਂ ਵਾਲੀ ਵੀ ਹੇਰਾਂ ਦਾ ਪ੍ਰਸਿੱਧ ਪਿੰਡ ਹੈ। ਰਹੂੜਿਆਂ ਵਾਲੀ ਪਿੰਡ ਮਹਾਰਾਜ ਆਲਾ ਸਿੰਘ ਦੇ ਕਿਸੇ ਸਰਦਾਰ ਚੜ੍ਹਤ ਸਿੰਘ ਹੇਅਰ ਨੇ ਵਸਾਇਆ ਸੀ। ਇਸ ਪਿੰਡ ਦੇ ਹੇਅਰਾਂ ਨੇ ਅਬੋਹਰ ਪਾਸ ਕਾਲਾ ਟਿੱਬਾ ਪਿੰਡ ਵਸਾਇਆ ਸੀ। ਬਠਿੰਡਾ. ਪਟਿਆਲਾ, ਸੰਗਰੂਰ ਤੇ ਮਲੇਰਕੋਟਲਾ ਦੇ ਇਲਾਕਿਆਂ, ਵਿੱਚ ਵੀ ਹੇਅਰ ਕਾਫੀ ਗਿਣਤੀ ਵਿੱਚ ਵਸਦੇ ਹਨ।
ਦੁਆਬੇ ਦੇ ਹੇਅਰਾਂ ਨੇ ਅਮਰੀਕਾ ਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਬਹੁਤ ਉੱਨਤੀ ਕੀਤੀ ਹੈ। ਇੰਡੋ ਕੈਨੇਡੀਅਨ ਅਖ਼ਬਾਰ ਦੇ ਸੰਪਾਦਕ ਤਾਰਾ ਸਿੰਘ ਹੇਅਰ ਕੈਨੇਡਾ ਦੇ ਬਹੁਤ ਹੀ ਪ੍ਰਸਿੱਧ ਪੱਤਰਕਾਰ ਸਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਹੇਅਰਾਂ ਦੀ ਗਿਣਤੀ 23851 ਸੀ। ਮੇਜਰ ਜਨਰਲ ਜੱਗਜੀਤ ਸਿੰਘ ਹੇਅਰ ਪਿੰਡ ਬੰਬੀਹਾ ਭਾਈ ਦੇ ਹੇਅਰ ਜੱਟ ਸਨ। ਇਸ ਪਿੰਡ ਦੇ ਹੇਅਰਾਂ ਨੇ ਰਾਜਸਤਾਨ ਵਿੱਚ ਵੀ ਕਾਫੀ ਜ਼ਮੀਨ ਖਰੀਦੀ ਹੈ। ਅਸਲ ਵਿੱਚ ਹੇਅਰ ਸ਼ਿਵ ਜਟੇਸ਼ਵਰੀ ਹਨ। ਕੁਝ ਲੋਕ ਹੇਅਰਾਂ ਨੂੰ ਹੂਣਾਂ ਵਿੱਚੋਂ ਮੰਨਦੇ ਹਨ। ਇਹ ਠੀਕ ਨਹੀਂ ਹੈ। ਹੂਣਾਂ ਵਿੱਚੋਂ ਕੇਵਲ ਹੈਂਗ ਜੱਟ ਹੀ ਹਨ ਜਿਨ੍ਹਾਂ ਦੇ ਉੱਤਰ ਪ੍ਰਦੇਸ਼ ਦੇ ਮੱਥਰਾ ਖੇਤਰ ਵਿੱਚ 360 ਪਿੰਡ ਹਨ।
ਹੇਅਰ ਸਾਰੇ ਪੰਜਾਬ ਵਿੱਚ ਦੂਰ-ਦੂਰ ਤੱਕ ਫੈਲੇ ਹੋਏ ਹਨ। ਇਹ ਜੱਗਤ ਪ੍ਰਸਿੱਧ ਗੋਤ ਹੈ। ਸ਼ਿਵਜੀ ਜੱਟਾਂ ਦਾ ਮਹਾਨ ਦੇਵਤਾ ਸੀ । ਪ੍ਰਾਚੀਨ ਸਮੇਂ ਵਿੱਚ ਇਰਾਨ ਦੇ ਜਾਟਾਲੀ ਪ੍ਰਾਂਤ ਵਿੱਚ ਈਸਾ ਤੋਂ ਕਈ ਸੌ ਸਾਲ ਪਹਿਲਾਂ ਦਹੀਆ, ਹੇਅਰ ਤੇ ਭੁੱਲਰ ਭਾਈਚਾਰੇ ਦੇ ਲੋਕ ਉਥੇ ਵਸਦੇ ਰਹੇ ਹਨ। ਅਸਲ ਵਿੱਚ ਹੇਅਰ ਵੀ ਭੁੱਲਰਾਂ ਤੇ ਸਵਾਗਾਂ ਦੇ ਨਾਲ ਹੀ ਮੱਧ ਏਸ਼ੀਆ ਦੇ ਸਿਰ ਦਰਿਆ ਦੇ ਨੇੜਲੇ ਖੇਤਰਾਂ ਤੋਂ ਉੱਠਕੇ ਪਹਿਲਾਂ ਇਰਾਨ ਦੇ ਜਾਟਾਲੀ ਪ੍ਰਾਂਤ ਵਿੱਚ ਆਬਾਦ ਹੋਏ ਫਿਰ ਕਾਫੀ ਸਮੇਂ ਮਗਰੋਂ ਭੁੱਲਰਾਂ ਦੇ ਨਾਲ ਹੀ ਪੰਜਾਬ ਵਿੱਚ ਆਕੇ ਰਹਿਣ ਲੱਗ ਪਏ । ਪੰਜਾਬ ਵਿੱਚ ਮਾਨ, ਭੁੱਲਰ ਤੇ ਹੇਅਰ ਰਲਕੇ ਹੀ ਰਹਿੰਦੇ ਸਨ। ਇਹ ਤਿੰਨੇ ਗੋਤਾਂ ਦੇ ਲੋਕ ਸ਼ਿਵਜੀ ਦੇ ਭਗਤ ਸਨ । ਇਸ ਕਾਰਨ ਹੀ ਇਨ੍ਹਾਂ ਨੂੰ ਅਸਲੀ ਜੱਟ ਕਿਹਾ ਜਾਂਦਾ ਹੈ। ਇਹ ਸ਼ਿਵ ਦੀਆਂ ਜਟਾਂ ਵਿੱਚੋਂ ਉਤਪੰਨ ਨਹੀਂ ਹੋਏ ਸਨ। ਇਹ ਪੁਰਾਣੇ ਕਬੀਲੇ ਸਨ।