ਹੁਸ਼ਿਆਰਪੁਰ
ਅੰਗਰੇਜ਼ਾਂ ਦੇ ਆਉਣ ਨਾਲ ਵਧਿਆ-ਫੁਲਿਆ
ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ। ਆਈਨ-ਏ ਅਕਬਰੀ ਵਿੱਚ ਇਸ ਸ਼ਹਿਰ ਦਾ ਕੋਈ ਜ਼ਿਕਰ ਨਹੀਂ। ਉਸ ਸਮੇਂ ਇਹ ਬਜਵਾੜਾ ਮਹਾਲ (ਜ਼ਿਲ੍ਹਾ) ਦਾ ਹੀ ਹਿੱਸਾ ਸੀ। ਇੱਕ ਵਿਚਾਰ ਇਹ ਹੈ ਕਿ ਇਹ ਸ਼ਹਿਰ ਹਰਿਗੋਬਿੰਦ ਅਤੇ ਰਾਮ ਚੰਦ ਨਾਂਅ ਦੇ ਦੋ ਦੀਵਾਨਾਂ ਨੇ ਸ਼ਹਿਨਸ਼ਾਹ ਮੁਹੰਮਦ ਤੁਗਲਕ ਦੇ ਸਮੇਂ ਆਬਾਦ ਕੀਤਾ। ਦੂਜੀ ਧਾਰਨਾ ਇਹ ਹੈ ਕਿ ਇੱਕ ਹੁਸ਼ਿਆਰ ਖਾਂ ਨੇ ਬਜਵਾੜੇ ਤੋਂ ਉੱਠ ਕੇ ਇਸ ਸ਼ਹਿਰ ਦੀ ਨੀਂਹ ਰੱਖੀ ਅਤੇ ਉਸ ਦੇ ਨਾਂਅ ‘ਤੇ ਹੀ ਸ਼ਹਿਰ ਦਾ ਨਾਂਅ ਹੁਸ਼ਿਆਰਪੁਰ ਪਿਆ। ਇਹੀ ਗੱਲ ਠੀਕ ਲੱਗਦੀ ਹੈ। ਆਲੇ-ਦੁਆਲੇ ਦੇ ਪਿੰਡਾਂ ਦੇ ਵੱਡੇ-ਵੱਡੇ ਮੁਸਲਮਾਨ ਚੌਧਰੀਆਂ ਅਤੇ ਜਗੀਰਦਾਰਾਂ ਨੇ ਆਪਣੀ ਰਿਹਾਇਸ਼ ਇਸ ਸ਼ਹਿਰ ਵਿੱਚ ਰੱਖੀ। ਸੰਨ 1894 ਲਾਗੇ ਸ਼ਹਿਰ ਵਿੱਚ ਮੁਸਲਮਾਨਾਂ ਦੀ ਅਬਾਦੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਿਊਂਸਪਲ ਕਮੇਟੀ ਦੇ ਚੋਣ ਨਿਯਮਾਂ ਅਨੁਸਾਰ ਦਸਾਂ ਵਿੱਚੋਂ ਚਾਰ ਮੁਸਲਮਾਨ ਮੈਂਬਰ ਲਏ ਜਾਣੇ ਜ਼ਰੂਰੀ ਸਨ। ਸੰਨ 1887 ਵਿੱਚ ਦੁਸਹਿਰੇ ਅਤੇ ਮੁਹੱਰਮ ਦੇ ਤਿਉਹਾਰਾਂ ਸਮੇਂ ਫਸਾਦ ਹੋਣ ਕਰਕੇ ਸੰਨ 1894 ਤੱਕ ਮਿਊਂਸਪਲ ਕਮੇਟੀ ਭੰਗ ਰਹੀ। ਇਸ ਸ਼ਹਿਰ ਦੇ ਆਬਾਦ ਹੋਣ ਤੋਂ ਪਹਿਲਾਂ ਬਜਵਾੜਾ, ਜੋ ਕਿ ਹੁਸ਼ਿਆਰਪੁਰ ਤੋਂ ਦੋ ਕੁ ਮੀਲ ਪੂਰਬ ਵੱਲ ਹੈ, ਇੱਕ ਮਸ਼ਹੂਰ ਸ਼ਹਿਰ ਸੀ, ਜਿਥੇ ਕਿ ਸ਼ੇਰ ਸ਼ਾਹ ਸੂਰੀ ਅਤੇ ਬੈਜੂਵਾਬਰਾ ਸੰਗੀਤਕਾਰ ਦਾ ਜਨਮ ਹੋਇਆ। ਬਜਵਾੜਾ ਵਿਖੇ ਆਲ੍ਹਾ ਕਿਸਮ ਦੀ ਮਲਮਲ ਤਿਆਰ ਹੁੰਦੀ ਸੀ ਇਹ ਸਾਰੇ ਭਾਰਤ ਵਿੱਚ ਮਸ਼ਹੂਰ ਸੀ, ਜਿਸ ਕਰਕੇ ‘ਹੀਰ’ ਵਿੱਚ ਇੱਕ ਥਾਂ ਵਾਰਸ ਸ਼ਾਹ ਨੇ ਲਿਖਿਆ ਹੈ, ‘ਦਸਤਾਰ ਬਜਵਾੜਿਓਂ ਖੂਬ ਆਵੇ ਅਤੇ ਬਾਵਤਾ ਨਹੀਂ ਕਸੂਰ ਜੇਹਾਂ’ ਬਜਵਾੜੇ ਦੀ ਮਲਮਲ ਦਸਤਾਰਾਂ ਲਈ ਵਰਤੀ ਜਾਂਦੀ ਸੀ। ਇਹ ਉਹ ਸਮਾਂ ਸੀ ਜਦੋਂ ਹਿੰਦੂ ਅਤੇ ਮੁਸਲਮਾਨ ਸਭ ਹੀ ਸਿਰ ‘ਤੇ ਦਸਤਾਰਾਂ ਜ਼ਰੂਰ ਸਜਾਉਂਦੇ ਸਨ।
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਹੁਸ਼ਿਆਰਪੁਰ ਇਕ ਚੰਗਾ ਸ਼ਹਿਰ ਬਣ ਚੁੱਕਾ ਸੀ। ਮੁਸਲਮਾਨ ਬਾਦਸ਼ਾਹਾਂ ਦੇ ਰਾਜ ਸਮੇਂ ਸਾਰੇ ਹੀ ਸ਼ਹਿਰਾਂ ਵਿੱਚ ਨੱਚਣ- ਗਾਉਣ ਵਾਲੀਆਂ ਵੇਸਵਾਵਾਂ ਦੇ ਕੋਠਿਆਂ ਦਾ ਇੱਕ ਵੱਖਰਾ ਬਾਜ਼ਾਰ ਹੁੰਦਾ ਸੀ । ਭਾਈ ਜੋਗਾ ਸਿੰਘ ਦੇ ਭਟਕ ਕੇ ਇੱਥੇ ਦੇ ਵੇਸਵਾ ਬਾਜ਼ਾਰ ਵਿੱਚ ਜਾਣ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ। ਭਾਈ ਜੋਗਾ ਸਿੰਘ ਦੇ ਨਾਂਅ ‘ਤੇ ਸ਼ਹਿਰ ਦੇ ਐਨ ਵਿਚਕਾਰ ਗੁਰਦੁਆਰਾ ਬਣਿਆ ਹੋਇਆ ਹੈ। ਸੰਨ 1758 ਵਿੱਚ ਅਦੀਨਾ ਬੇਗ ਪੰਜਾਬ ਦਾ ਗਵਰਨਰ ਬਣਿਆ ਤਾਂ ਉਸ ਨੇ ਆਪਣੇ ਜੱਦੀ ਪਿੰਡ ਖਾਨਪੁਰ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। ਖਾਨਪੁਰ ਹੁਸ਼ਿਆਰਪੁਰ ਤੋਂ ਦੋ ਕੁ ਮੀਲ ਪੱਛਮ ਵੱਲ ਟਾਂਡੇ ਵਾਲੀ ਸੜਕ ‘ਤੇ ਹੈ। ਅਦੀਨਾ ਬੇਗ ਦੀ ਕਬਰ ਇਸੇ ਪਿੰਡ ਵਿੱਚ ਹੈ।
ਸਿੱਖ ਮਿਸਲਾਂ ਦੇ ਸਮੇਂ ਇਹ ਫੈਜ਼ਲਪੁਰੀਆ ਮਿਸਲ ਦੇ ਮੁਖੀ ਭੂਪ ਸਿੰਘ ਦੇ ਅਧੀਨ ਸੀ। ਉਸ ਤੋਂ ਕਾਂਗੜੇ ਦੇ ਰਾਜਾ ਸੰਸਾਰ ਚੰਦ ਨੇ ਖੋਹ ਕੇ ਆਪਣਾ ਕਬਜ਼ਾ ਕਰ ਲਿਆ, ਪਰ ਜਦੋਂ ਨਿਪਾਲ ਦੇ ਜਰਨੈਲ ਅਮਰ ਸਿੰਘ ਥਾਪਾ ਕੇ ਕਾਂਗੜੇ ‘ਤੇ ਹਮਲਾ ਕੀਤਾ, ਤਾਂ ਰਾਜਾ ਸੰਸਾਰ ਚੰਦ ਨੂੰ ਮਜ਼ਬੂਰ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮਦਦ ਲਈ ਬੇਨਤੀ ਕਰਨੀ ਪਈ । ਸੰਨ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਮਿਸਰ ਰੂਪ ਲਾਲ ਨੂੰ ਦੁਆਬੇ ਦਾ ਗਵਰਨਰ ਨਿਯੁਕਤ ਹੋਇਆ ਤਾਂ ਉਸ ਨੇ ਆਪਣੀ ਰਿਹਾਇਸ਼ ਇਸ ਸ਼ਹਿਰ ਵਿੱਚ ਰੱਖੀ। ਉਸ ਦੇ ਸਹੁਰੇ ਜਲੰਧਰ ਸਨ, ਇਸ ਲਈ ਉਸ ਨੇ ਆਪਣੇ ਸਹੁਰਿਆਂ ਦੇ ਸ਼ਹਿਰ ਵਿੱਚ ਰਹਿਣਾ ਪੰਸਦ ਨਾ ਕੀਤਾ। ਇਹ ਜ਼ਿਲ੍ਹਾ ਵੀ ਪਹਿਲੀ ਐਂਗਲੋ ਸਿੱਖ ਜੰਗ ਤੋਂ ਤੁਰੰਤ ਬਾਅਦ ਬਾਕੀ ਜਲੰਧਰ ਦੁਆਬੇ ਦੀ ਤਰ੍ਹਾਂ ਅੰਗਰੇਜ਼ ਸਰਕਾਰ ਦੇ ਅਧੀਨ ਆਇਆ। ਇਸ ਨਵੇਂ ਖਿੱਤੇ ਦ ਪਹਿਲੇ ਕਮਿਸ਼ਨਰ ਜਾਨ ਲਾਰੈਂਸ ਮਾਰਚ ਸੰਨ 1846 ਵਿੱਚ ਬਣੇ। ਇਹ ਸਿੱਧੇ ਸੁਪਰੀਮ ਸਰਕਾਰ ਦੇ ਅਧੀਨ ਰਹੇ ਅਤੇ ਸੰਨ 1848 ਵਿਚ ਜਲੰਧਰ ਦੁਆਬੇ ਦੇ ਕਮਿਸ਼ਨਰ ਨੂੰ ਲਾਹੌਰ ਦੇ ਰੀਜੈਂਟ ਦੇ ਅਧੀਨ ਕਰ ਦਿੱਤਾ ਗਿਆ। ਸੰਨ 1849 ਵਿਚ ਬਾਕੀ ਪੰਜਾਬ ਦੀ ਤਰ੍ਹਾਂ ਇਹ ਜ਼ਿਲ੍ਹਾ ਵੀ ਬੋਰਡ ਆਫ ਐਡਮਨਿਸਟਰੇਟਰਜ਼ ਦੇ ਅਧੀਨ ਹੋਗਿਆ।
ਇਸ ਰੱਦੋਬਦਲ ਨਾਲ ਇਸ ਜ਼ਿਲ੍ਹੇ ਦੇ ਪਹਾੜੀ ਰਾਜਿਆਂ ਨੂੰ ਬਹੁਤ ਮਾਯੂਸੀ ਹੋਈ। ਉਨ੍ਹਾਂ ਦਾ ਵਿਚਾਰ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਨ੍ਹਾਂ ਦੇ ਖੋਹੇ ਗਏ ਇਲਾਕੇ ਉਨ੍ਹਾਂ ਨੂੰ ਮਿਲ ਜਾਣਗੇ, ਪਰ ਅੰਗਰੇਜ਼ਾਂ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ।
ਸ਼ੇਖ ਗੁਲਾਮ ਮਹੀਉਦੀਨ ਦੀਆਂ ਪਰਜਾ ਵਿਰੁੱਧ ਵਧੀਕੀਆਂ ਕਾਰਨ (ਖਾਸ ਕਰਕੇ ਜ਼ਮੀਨ ਦੇ ਸਰਕਾਰੀ ਮਾਮਲੇ ਦੀ ਉਗਰਾਹੀ ਬਾਰੇ) ਉਸ ਦੀ ਥਾਂ ਮਿਸਰ ਰੂਪ ਲਾਲ ਦੀ ਨਿਯੁਕਤੀ ਹੋਈ। ਦੁਆਬੇ ਦੇ ਇੱਜ਼ਤਦਾਰ ਚੌਧਰੀਆਂ ਨੂੰ ਸਰਕਾਰੀ ਮਾਮਲਾ ਸਮੇਂ ਸਿਰ ਨਾ ਜਮ੍ਹਾਂ ਕਰਾਉਣ ਕਾਰਨ ਜਲੰਧਰ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਕਾਠ ਮਾਰ ਦਿੱਤਾ ਜਾਂਦਾ ਸੀ। ਕਾਠ ਮਾਰਨ ਦਾ ਤਰੀਕਾ ਇਹ ਸੀ ਕਿ ਲੱਕੜੀ ਦੇ ਦੋ ਭਾਰੀ ਫੱਟਿਆਂ ਵਿੱਚ ਉਸ ਵਿਅਕਤੀ ਦੀ ਇੱਕ ਲੱਤ ਕੇਸ ਦਿੱਤੀ ਜਾਂਦੀ ਸੀ। ਪਿੰਡ ਡਮੁੰਡਾ ਦੇ ਖੜਕ ਸਿੰਘ ਨੇ ਇੱਕ ਵਾਰ ਔੜ ਕਾਰਨ ਕਿਸਾਨਾਂ ਤੋਂ ਮਾਮਲਾ ਉਗਰਾਹੁਣ ਵਿੱਚ ਢਿੱਲ ਕੀਤੀ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ। ਮਿਸਰ ਰੂਪ ਲਾਲ ਇਮਾਨਦਾਰ ਅਤੇ ਯੋਗ ਸ਼ਾਸਕ ਸੀ। ਉਸ ਦੇ ਸ਼ਾਸਨ ਨੂੰ ਕਿਸਾਨ ਸਲਾਹੁੰਦੇ ਸਨ ਅਤੇ ਭੈੜੇ ਕੰਮ ਕਰਨ ਵਾਲੇ ਉਸ ਦੇ ਨਾਂਅ ਤੋਂ ਕੰਬਦੇ ਸਨ। ਉਸ ਨੇ ਜ਼ਮੀਨ ਦਾ ਲਗਾਨ ਬਹੁਤ ਹੀ ਘਟਾ ਦਿੱਤਾ ਅਤੇ ਇਸ ਤਰ੍ਹਾਂ ਉਗਰਾਹੀ ਸੌਖਿਆ ਹੀ ਹੋ ਜਾਂਦੀ ਸੀ। ਸੰਨ 1833 ਦੇ ਕਾਲ ਵਾਲੇ ਸਾਲ ਵਿੱਚ ਵੀ ਬਹੁਤ ਹੀ ਘੱਟ ਮਾਮਲਾ ਜ਼ਿੰਮੀਂਦਾਰਾਂ ਵੱਲ ਬਕਾਇਆ ਰਿਹਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸੰਨ 1839 ਵਿੱਚ ਫੇਰ ਸ਼ੇਖ ਮਹੀਉਦੀਨ ਨੂੰ ਦੁਆਬੇ ਦਾ ਚਾਰਜ ਦਿੱਤਾ ਗਿਆ, ਤਾਂ ਉਸ ਨੇ ਫੇਰ ਮਨਮਰਜ਼ੀ ਨਾਲ ਮਾਮਲਾ ਜ਼ਬਰੀ ਵਸੂਲਣਾਂ ਸ਼ੁਰੂ ਕਰ ਦਿੱਤਾ । ਸੰਧੀ ਖਾਂ ਨੂੰ ਹੁਸ਼ਿਆਰਪੁਰ ਦਾ ਚਾਰਜ ਮਿਲਿਆ, ਜੋ ਕਿ ਅੰਗਰੇਜ਼ ਰਾਜ ਦੇ ਸ਼ੁਰੂ ਹੋਣ ਤੱਕ ਰਿਹਾ।
ਸੰਨ 1857 ਦੇ ਗ਼ਦਰ ਸਮੇਂ ਕਰਨਲ ਐਬਟ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਨ । ਉਨ੍ਹਾਂ ਡਾਕਖਾਨਾ ਛਾਉਣੀ ਤੋਂ ਸਿਵਲ ਲਾਈਨਜ਼ ਵਿੱਚ ਤਬਦੀਲ ਕਰ ਦਿੱਤਾ। ਰਾਤ ਦਾ ਪਹਿਰਾ ਵੀ ਸਖ਼ਤ ਕਰ ਦਿੱਤਾ ਗਿਆ ਅਤੇ ਲੈਫਟੀਨੈਂਟ ਪਾਸਕੇ ਅਤੇ ਮਿਲਰ ਨੂੰ ਇਹ ਡਿਊਟੀ ਦਿੱਤੀ ਗਈ। ਸਿਵਲ ਸਟੇਸ਼ਨ ਦੀ ਰਖਵਾਲੀ ਲਈ ਆਹਲੂਵਾਲੀਆਂ ਦੇ 800 ਆਦਮੀ, ਰਾਜੌਰੀ, ਮੰਡੀ ਅਤੇ ਟਿਵਾਣਾ ਦੇ ਸਿਪਾਹੀਆਂ ਤੋਂ ਇਲਾਵਾ ਪੁਲਸ ਦੀ ਸ਼ੇਰਦਿਲ ਬਟਾਲੀਅਨ ਲਗਾਈ ਗਈ। ਸ਼ੇਰਦਿਲ ਬਟਾਲੀਅਨ ਵਿਚ ਬਹੁਤੇ ਨਾਰਥ- ਵੈਸਟ ਦੇ ਪਠਾਨ ਸਨ ਜਿਨ੍ਹਾਂ ਨੂੰ ਲੋਕਲ ਆਬਾਦੀ ਨਾਲ ਜ਼ਰਾ ਵੀ ਹਮਦਰਦੀ ਨਹੀਂ। ਸੀ । 23 ਮਈ 1857 ਨੂੰ ਹੁਸ਼ਿਆਰਪੁਰ ਜੇਲ੍ਹ ਦੇ ਕੈਦੀਆਂ ਨੂੰ ਬਜਵਾੜੇ ਦੇ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ । ਉੱਥੇ ਵੀ ਲੋਕਲ 33ਵੀਂ ਬਟਾਲੀਅਨ ਦੀ ਥਾਂ ਪੁਲਸ ਦਾ ਪਹਿਰਾ ਲਗਾਇਆ ਗਿਆ। ਕੈਦੀਆਂ ਵਿੱਚੋਂ ਪੰਜਾਂ ਨੂੰ ਗ਼ਦਰ ਭੜਕਾਉਣ ਦੇ ਦੋਸ਼ ਵਿੱਚ ਫਾਂਸੀ ਲਾ ਦਿੱਤਾ ਗਿਆ। ਜਸਵਾਂ ਦੇ ਰਾਜਾ ਨੇ 1846 ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਬਗਵਾਤ ਕੀਤੀ । ਉਨੇ ਵਾਲੇ ਬ੍ਰਿਕਮਾ ਸਿੰਘ ਬੇਦੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਆਪਣੀ ਫੌਜ ਲੈ ਕੇ ਹੁਸ਼ਿਆਰਪੁਰ ਵੱਲ ਨੂੰ ਵਧਿਆ, ਪਰ ਮੈਲੀ ਦੇ ਸਥਾਨ ਵਿਖੇ ਉਸ ਨੂੰ ਜਸਵਾਂ ਦੇ ਰਾਜੇ ਦੀ ਹਾਰ ਦੀ ਖ਼ਬਰ ਮਿਲੀ ਤਾਂ ਉਹ ਭੱਜ ਕੇ ਮਹਾਰਾਜਾ ਸ਼ੇਰ ਸਿੰਘ ਨਾਲ ਜਾ ਮਿਲਿਆ ।
ਕਰਨੈਲ ਸਾਂਡਰਸ ਐਬਟ ਨੇ ‘ਹੁਸ਼ਿਆਰਪੁਰ ਵਿੱਚ ਬ੍ਰਿਟਿਸ਼ ਰੂਲ ਦੇ ਅੱਠ ਸਾਲ’ ਨਾਮੀ ਯਾਦ ਪੱਤਰ ਵਿੱਚ ਲਿਖਿਆ ਹੈ ਕਿ ਸ਼ਹਿਰ ਦੇ ਨਾਲ ਉੱਤਰ ਵਾਲੇ ਪਾਸੇ ਇਕ ਵੱਡੀ ਚੋਅ ਵਗਦੀ ਹੈ, ਜੋ ਬਰਸਾਤ ਦੇ ਦਿਨਾਂ ਵਿੱਚ ਹੜ੍ਹਾਂ ਨਾਲ ਸ਼ਹਿਰ ਦਾ ਬਹੁਤ ਨੁਕਸਾਨ ਕਰਦੀ ਹੈ। ਹੜ੍ਹ ਦੀ ਰੋਕਥਾਮ ਲਈ ਸ਼ਹਿਰ ਵਾਲੇ ਪਾਸੇ ਇੱਕ ਬੰਨ੍ਹ ਲੁਆਇਆ ਗਿਆ। ਇਹ ਬੰਨ੍ਹ ਦੇ ਸਾਲ ਹੀ ਕਾਇਮ ਰਿਹਾ। ਭਾਰੀ ਬਾਰਸ਼ ਨਾਲ ਐਨਾ ਜ਼ਬਰਦਸਤ ਹੜ੍ਹ ਆਇਆ, ਜੋ ਬੰਨ੍ਹ ਨੂੰ ਵੀ ਰੋੜ ਕੇ ਲੈ ਗਿਆ। ਫੇਰ ਇੱਕ ਪੱਕਾ ਬੰਨ੍ਹ ਲਾਉਣ ਲਈ ਸੋਚਿਆ ਗਿਆ ਤਾਂ ਸੰਨ 1853 ਵਿੱਚ 8857 ਰੁਪਏ ਦੀ ਲਾਗਤ ਨਾਲ ਇਕ ਪੱਕਾ ਬੰਨ੍ਹ ਬਣਾਇਆ ਗਿਆ। ਇਸ ਦੀਆਂ ਨੀਂਹਾਂ ਗਿਆਰਾਂ-ਗਿਆਰਾਂ ਫੁੱਟ ਡੂੰਘੀਆਂ ਰੱਖੀਆਂ ਗਈਆਂ, ਪਰ ਸੰਨ 1854 ਦੇ ਹੜ੍ਹ ਨੇ ਇਸ ਬੰਨ੍ਹ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ। ਇੱਟਾਂ ਦੇ ਵੱਡੇ-ਵੱਡੇ ਬਲਾਕਾਂ ਨੂੰ ਹੜ੍ਹ ਦੋ-ਦੋ ਸੌ ਫੁੱਟ ਹੜ੍ਹਾ ਕੇ ਲੈ ਗਿਆ, ਜਿਸ ਤੋਂ ਹੜ੍ਹ ਦੀ ਤਾਕਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਫੇਰ ਸ਼ਹਿਰ ਵਾਲੇ ਪਾਸੇ ਬੰਨ੍ਹ ਦੇ ਅੰਦਰ ਨੜਾ ਲਾਇਆ ਗਿਆ, ਜਿਸ ਦੀਆਂ ਜੜ੍ਹਾਂ ਦੇ ਬੰਨ੍ਹ ਨੂੰ ਬਚਾਈ ਰੱਖਿਆ। ਸੰਨ 1901-02 ਵਿੱਚ ਫੇਰ ਮਿਊਂਸਪੈਲਿਟੀ ਨੇ ਇਸ ਬੰਨ੍ਹ ਦੀ ਮੁਰੰਮਤ ‘ਤੇ 30,000 ਰੁਪਏ ਖਰਚ ਕੀਤੇ, ਜਿਸ ਵਿੱਚੋਂ 15,000 ਰੁਪਏ ਸਰਕਾਰ ਤੋਂ ਕਰਜ਼ਾ ਲਿਆ, ਜਿਹੜਾ ਕਿ 1850 ਰੁਪਏ ਸਾਲਾਨਾ ਦੀਆਂ ਕਿਸਤਾਂ ਵਿੱਚ ਵਾਪਸ ਕੀਤਾ। ਗਿਆ ।” ਹੁਣ ਵੀ ਹੜ੍ਹਾਂ ਨਾਲ ਚੋਅ ਦਾ ਲੈਵਲ ਹਰ ਸਾਲ ਮਿੱਟੀ, ਰੇਤਾ ਆਉਣ ਨਾਲ ਉੱਚਾ ਹੋ ਰਿਹਾ ਹੈ। ਜੇਕਰ ਚੋਅ ਵਿੱਚੋਂ ਰੇਤਾ, ਮਿੱਟੀ ਨਾ ਕੱਢੀ ਗਈ ਤਾਂ ਕਿਸੇ ਦਿਨ ਨੂੰ ਇਸ ਚੋਅ ਦਾ ਲੈਵਲ ਸ਼ਹਿਰ ਦੇ ਮਕਾਨਾਂ ਤੋਂ ਉੱਚਾ ਹੋਣ ਨਾਲ ਹੜ੍ਹ ਨਾਲ ਨੁਕਸਾਨ ਦਾ ਖਤਰਾ ਬਣਿਆ ਰਹੇਗਾ।
ਅੰਗਰੇਜ਼ ਅਫਸਰਾਂ ਦੀ ਰਿਹਾਇਸ਼ ਲਈ ਸ਼ਹਿਰ ਦੇ ਪੂਰਬ ਵੱਲ ਬੰਗਲੇ ਬਣਾਏ ਗਏ, ਜਿਨ੍ਹਾਂ ਦੁਆਲੇ ਚੰਗੀ ਹਰਿਆਲੀ ਵਾਲੇ ਦਰੱਖਤ ਲਗਵਾਏ ਗਏ। ਸ਼ਹਿਰ ਦੇ ਦੱਖਣ ਵੱਲ ਦੋ ਕੁ ਮੀਲ ‘ਤੇ ਫੌਜੀ ਛਾਉਣੀ ਪਹਿਲਾਂ ਬਣਾਈ ਗਈ ਸੀ। 1857 ਦੇ ਗ਼ਦਰ ਸਮੇਂ ਇਹ ਖਾਲੀ ਕਰ ਦਿੱਤੀ ਗਈ ਸੀ । ਹੁਣ ਵੀ ਇਹ ਛਾਉਣੀ ਦੀਆਂ ਨਿਸ਼ਾਨੀਆਂ, ਗੋਰਿਆਂ ਦੀ ਕਬਰਾਂ ਅਤੇ ਚਰਚ ਹਨ। ਚਰਚ ਦੀਆਂ ਕੇਵਲ ਦੀਵਾਰਾਂ ਹੀ ਖੜ੍ਹੀਆਂ ਹਨ।
ਹੁਸ਼ਿਆਰਪੁਰ ਮਿਊਂਸਪਲ ਕਮੇਟੀ ਦੀ ਆਮਦਨ ਸੰਨ 1903-04 ਵਿੱਚ 58647 ਰੁਪਏ ਅਤੇ ਖਰਚ 44831 ਰੁਪਏ ਸੀ । ਆਮਦਨੀ ਦਾ ਮੁੱਖ ਭਾਗ ਯਾਨਿ 33460 ਰੁਪਏ ਸ਼ਹਿਰ ਵਿੱਚ ਆਉਣ ਵਾਲੇ ਮਾਲ ਦੀ ਚੁੰਗੀ ਤੋਂ ਪ੍ਰਾਪਤ ਹੋਇਆ। ਚੁੰਗੀ ਜ਼ਿਆਦਾ ਹੋਣ ਦੀਆਂ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ। ਕਮੇਟੀ ਨੇ ਸ਼ਹਿਰ ਦੀ ਸਫਾਈ ਆਦਿ ‘ਤੇ 17763 ਰੁਪਏ ਖਰਚ ਕੀਤੇ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਮੇਟੀ ਨੇ ਸ਼ਹਿਰ ਦੇ ਵਸਨੀਕਾਂ ‘ਤੇ ਆਮਦਨੀ ਲਈ ਟੈਕਸ ਦਾ ਭਾਰ ਹਲਕਾ ਹੀ ਰੱਖਿਆ।
ਅੰਗਰੇਜ਼ ਰਾਜ ਸ਼ੁਰੂ ਹੋਣ ‘ਤੇ ਹੀ ਸ਼ਹਿਰ ਵਿੱਚ ਜ਼ਿਲ੍ਹਾ ਕਚਹਿਰੀ, ਜੇਲ੍ਹ, ਹਸਪਤਾਲ, ਪੁਲਸ ਸਟੇਸ਼ਨ, ਜ਼ੈਲ ਘਰ ਅਤੇ ਇੱਕ ਸਕੂਲ ਦੀ ਬਿਲਡਿੰਗ ਬਣਾਈ ਗਈ। ਉਸ ਸਮੇਂ ਸ਼ਹਿਰ ਦੀ ਬਹੁਤੀ ਵਸੋਂ ਵਪਾਰੀ ਵਰਗ ਨੂੰ ਛੱਡ ਕੇ ਅਰਾਈਂ, ਗੁੱਜਰ ਅਤੇ ਰਾਜਪੂਤਾਂ ਦੀ ਸੀ। ਸ਼ਹਿਰ ਅਤੇ ਆਲੇ-ਦੁਆਲੇ ਨਾਰੂ ਗੋਤ ਦੇ ਮੁਸਲਮਾਨਾਂ ਦਾ ਜ਼ੋਰ ਸੀ।
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੰਜਾਹ ਦੇ ਕਰੀਬ ਚੋਅ ਵਗਦੇ ਹਨ। ਇਹ ਜ਼ਿਲ੍ਹਾ ਚੋਆਂ ਅਤੇ ਚੌਧਰੀਆਂ ਕਰਕੇ ਮਸ਼ਹੂਰ ਹੈ। ਆਮ ਤੌਰ ‘ਤੇ ਰਾਜਸੀ ਨੇਤਾਵਾਂ ਦੇ ਨਾਂਅ ਅੱਗੇ ਚੌਧਰੀ ਲਿਖਿਆ ਮਿਲਦਾ ਹੈ। ਚੌਧਰੀ ਅਮਰ ਸਿੰਘ, ਚੌਧਰੀ ਕਰਤਾਰ ਸਿੰਘ ਅਤੇ ਚੌਧੀ ਬਲਬੀਰ ਸਿੰਘ ਇਸ ਸ਼ਹਿਰ ਦੇ ਨਾਮੀ ਲੀਡਰ ਸਨ, ਜੋ ਆਪਣੇ ਸਮੇਂ ਵਿੱਚ ਆਪਣਾ ਡੰਕਾ ਵਜਾ ਗਏ।
ਕਾਂਗੜਾ ਜ਼ਿਲ੍ਹੇ ਦੇ ਪਹਾੜੀ ਇਲਾਕੇ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਮਾਲ ਇਸ ਸ਼ਹਿਰ ਤੋਂ ਹੋ ਕੇ ਹੀ ਜਾਂਦਾ ਹੈ, ਕਿਉਕਿ ਪਹਾੜੀ ਇਲਾਕੇ ਵਿੱਚ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀ ਪੈਦਾਵਾਰ ਘੱਟ ਹੁੰਦੀ ਹੈ। ਵੀਹਵੀਂ ਸਦੀ ਦੇ ਅੱਧ ਤੱਕ ਸ਼ਹਿਰ ਵਿੱਚ ਬੱਸਾਂ ਦੇ ਕਈ ਅੱਡੇ ਸਨ। ਜਲੰਧਰ, ਫਗਵਾੜਾ, ਊਨਾ, ਭਰਵਾਈਂ, ਮੁਕੇਰੀਆਂ, ਟਾਂਡਾ ਅਤੇ ਧਰਮਸ਼ਾਲਾ ਲਈ ਵੱਖ-ਵੱਖ ਅੱਡਿਆਂ ਤੋਂ ਬੱਸਾਂ ਚੱਲਦੀਆਂ ਸਨ। ਇੱਕ ਬੱਸ ਅੱਡੇ ਤੋਂ ਦੂਜੇ ਬੱਸ ਅੱਡੇ ਲਈ ਮੁਸਾਫ਼ਰ ਪੈਦਲ ਜਾਂ ਰਿਕਸ਼ਿਆਂ ‘ਤੇ ਜਾਂਦੇ ਸਨ । ਸੰਨ 1962 ਵਿੱਚ ਇਕ ਕੇਂਦਰੀ ਬੱਸ ਅੱਡਾ ਬਣਾਇਆ ਗਿਆ, ਜਿਸ ਦੀ ਬਿਲਡਿੰਗ ਉਸ ਸਮੇਂ ਕਾਫ਼ੀ ਆਕਰਸ਼ਿਤ ਸੀ। ਵੱਖ-ਵੱਖ ਥਾਵਾਂ ਤੋਂ ਬੱਸ ਅੱਡੇ ਸਰਕਾਰੀ ਹੁਕਮ ਨਾਲ ਬੰਦ ਕਰਵਾਏ ਗਏ। ਇਸ ਸਮੇਂ ਇਹ ਅੱਡਾ ਸ਼ਹਿਰ ਤੋਂ ਬਾਹਰ ਲੈ ਜਾਣ ਦੀ ਲੋੜ ਹੈ।
ਅਬਾਦੀ ਦੇ ਵਧਣ ਨਾਲ ਸ਼ਹਿਰ ਦੀ ਰਿਹਾਇਸ਼ੀ ਵਸੋਂ ਵਾਲੇ ਘਰ ਵੀ ਵਪਾਰਕ ਅਦਾਰੇ ਬਣ ਗਏ ਹਨ। ਸਾਰਾ ਹੀ ਮਾਡਲ ਟਾਉਨ ਇਕ ਮਾਰਕੀਟ ਬਣ ਗਿਆ ਹੈ। ਸ਼ਹਿਰ ਦੇ ਚਾਰੇ ਪਾਸੇ ਨਵੀਆਂ ਕਾਲੋਨੀਆਂ ਬਣ ਰਹੀਆਂ ਹਨ। ਕਿਸੇ ਸਮੇਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਫਤਿਹਗੜ੍ਹ, ਬਸੀ ਖਵਾਜਾ, ਪੁਰਹੀਰਾਂ, ਪਿੱਪਲਾਂਵਾਲਾ, ਬਹਾਦਰਪੁਰ, ਇਸਲਾਮਾਬਾਦ, ਬਜਵਾੜਾ ਖੁਰਦ ਵਗੈਰਾ ਤਾਂ ਹੁਣ ਮੁੱਖ ਸ਼ਹਿਰ ਦਾ ਹਿੱਸਾ ਹੀ ਬਣ ਗਏ ਹਨ। ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਪੁਰਾਣੇ ਮਕਾਨਾਂ ਨੂੰ ਤੋੜ ਕੇ ਵੱਡੀਆਂ- ਵੱਡੀਆਂ ਮਾਲਾਂ ਉਸਾਰੀਆਂ ਜਾ ਰਹੀਆਂ ਹਨ। ਸ਼ਹਿਰ ਦੇ ਮੁੱਖ ਬਜ਼ਾਰ ‘ਚੋਂ ਕਾਰਾਂ ਦਾ ਆਉਣਾ-ਜਾਣਾ, ਰੇਹੜੀਆਂ ਅਤੇ ਦੁਕਾਨਾਂ ਅੱਗੇ ਰੱਖੇ ਸਮਾਨ ਕਰਕੇ ਬੜਾ ਕਠਨ ਹੈ। ਵੀਹ ਕੁ ਸਾਲ ਪਹਿਲਾਂ ਜਦੋਂ ਕਾਰ ਵਿਰਲੇ-ਵਿਰਲੇ ਕੋਲ ਹੁੰਦੀ ਸੀ ਤਾਂ ਮਿਊਂਸਪਲ ਲਾਇਬਰੇਰੀ ਅੱਗੇ ਪੰਜ-ਛੇ ਕਾਰਾਂ ਦੀ ਪਾਰਕਿੰਗ ਲਈ ਥਾਂ ਬਣਾਈ ਗਈ ਸੀ, ਪਰ ਅੱਜ ਕੱਲ੍ਹ ਇਹ ਕਾਰ ਪਾਰਕਿੰਗ ਲੇਬਰ ਦਾ ਅੱਡਾ ਬਣਿਆ ਹੋਇਆ ਹੈ।
ਕਲਾ ਤੇ ਦਸਤਕਾਰੀ
ਪੁਰਾਣੇ ਸਮੇਂ ਤੋਂ ਹੀ ਇਹ ਸ਼ਹਿਰ ਖੱਡੀ ਦੇ ਬੁਣੇ ਹੋਏ ਕੱਪੜੇ ਲਈ ਮਸ਼ਹੂਰ ਸੀ। ਖਾਨਪੁਰ ਪਿੰਡ ਦੀਆਂ ਲੂੰਗੀਆਂ ਅਤੇ ਰੰਗੀਨ ਪੱਗਾਂ ਦੀ ਦੂਰ-ਦੂਰ ਤੱਕ ਮਸ਼ਹੂਰੀ ਸੀ । ਇੰਗਲੈਂਡ ਤੋਂ ਕੱਪੜਾ ਆਉਣ ਨਾਲ ਦੇਸੀ ਹੱਥ ਖੱਡੀ ਦੇ ਬਣੇ ਕੱਪੜੇ ਦੀ ਕਦਰ ਘਟ ਗਈ ਅਤੇ ਹੌਲੀ-ਹੌਲੀ ਇਸ ਦਾ ਵਪਾਰ ਖਤਮ ਹੋ ਗਿਆ। ਮੰਜਿਆਂ ਲਈ ਵਾਣ ਸਾਰੇ ਪੰਜਾਬ ਨੂੰ ਇੱਥੋਂ ਹੀ ਭੇਜਿਆ ਜਾਂਦਾ ਸੀ । ਰੱਸੀਆਂ ਦੇ ਬੁਣੇ ਤੱਪੜ, ਬਾਂਸ ਦੀਆਂ ਟੋਕਰੀਆਂ ਅਤੇ ਬਹਾਦਰਪੁਰ ਵਿਖੇ ਪਿੱਤਲ ਦੇ ਬਰਤਨ ਬਣਦੇ ਸਨ । ਟਾਹਲੀ ਦੀ ਲੱਕੜੀ ਦੇ ਮੰਜਿਆਂ ਦੇ ਪਾਵੇ, ਲੱਕੜੀ ‘ਤੇ ਹਾਥੀ ਦੰਦ ਦਾ ਕੰਮ ਕਰਕੇ ਤਿਆਰ ਫਰਨੀਚਰ ਲਈ ਇਹ ਸ਼ਹਿਰ ਇੰਗਲੈਂਡ ਤੱਕ ਮਸ਼ਹੂਰ ਸੀ । ਹੁਣ ਵੀ ਹਾਥੀ ਦੰਦ ਦੀ ਥਾਂ ਸਫੈਦ ਪਲਾਸਟਿਕ ਨੂੰ ਲੱਕੜੀ ਵਿੱਚ ਵੇਲ-ਬੂਟਿਆਂ ਦੀ ਸ਼ਕਲ ਵਿੱਚ ਜੜ ਕੇ ਮੇਜ਼, ਡਰੈਸਿੰਗ ਟੇਬਲ ਆਦਿ ਬਣਾਏ ਜਾਂਦੇ ਹਨ। ਕਨੈਡਾ, ਅਮਰੀਕਾ ਨੂੰ ਲੋਕ ਇੱਥੋਂ ਇਹੋ ਜਿਹਾ ਫਰਨੀਚਰ ਲੈ ਕੇ ਜਾਂਦੇ ਹਨ। ਇਸ ਸ਼ਹਿਰ ਵਿੱਚ ਜੁੱਤੀਆਂ ਦੀਆਂ ਬਹੁਤ ਦੁਕਾਨਾਂ ਸਨ। ਦਿੱਲੀ ਤੱਕ ਜੁੱਤੀਆਂ ਇੱਥੋਂ ਭੇਜੀਆਂ ਜਾਂਦੀਆਂ ਹਨ।
ਫੁਲਕਾਰੀ ਅਤੇ ਕੱਪੜੇ ਦੀ ਕਢਾਈ ਦਾ ਕੰਮ ਭਾਬੜਾ ਬਰਾਦਰੀ ਦੀਆਂ ਗਰੀਬ ਇਸਤਰੀਆਂ ਕਰਦੀਆਂ ਸਨ। ਕੱਪੜੇ ਦੀ ਕਢਾਈ ਦੇ ਮਰਦ ਕਾਰੀਗਰ ਵੀ ਬਹੁਤ ਸਨ। ਬਦੇਸ਼ੀ ਕੱਪੜੇ ਦੇ ਆਉਣ ਨਾਲ ਇਹ ਕਿੱਤੇ ਅਲੋਪ ਹੋ ਗਏ। ਕਿਸੇ ਸਮੇਂ ਹਾਥੀ ਦੰਦ ਦੇ ਚੂੜੇ ਵੀ ਇੱਥੇ ਬਣਦੇ ਸਨ । ਅੰਗਰੇਜ਼ ਅਫਸਰ ਇੱਥੋਂ ਬਣੇ ਹਾਥੀ ਦੰਦ ਜੜਿਆ ਫਰਨੀਚਰ ਇੰਗਲੈਂਡ ਲੈ ਕੇ ਜਾਂਦੇ ਸਨ।
ਹੁਸ਼ਿਆਰਪੁਰ ਦੀ ਦਸਤਕਾਰੀ ਦੇ ਫੇਲ੍ਹ ਹੋਣ ਦੇ ਕਾਰਨ ‘ਡਿਸਟ੍ਰਿਕਟ ਗਜ਼ਟੀਅਰ’ ਦੇ ਪੰਨਾ 443 ‘ਤੇ ਇਸ ਤਰ੍ਹਾਂ ਹਨ, ‘ਅਖੌਤੀ ਜਾਤ ਅਭਿਮਾਨੀ ਅਤੇ ਉੱਦਮ ਦੀ ਘਾਟ ਕਰਕੇ ਇੱਥੇ ਇੰਡਸਟਰੀ ਦੀ ਤਰੱਕੀ ਨਹੀਂ ਹੋ ਸਕੀ। ਜੱਟ ਇਕ ਆਮ ਮਜ਼ਦੂਰ ਦੇ ਤੌਰ ‘ਤੇ ਤਾਂ ਕੰਮ ਕਰੇਗਾ, ਪਰ ਕਦੇ ਵੀ ਵਾਧੂ ਕਮਾਈ ਵਾਲੇ ਜੁੱਤੀਆਂ ਦੀ ਕਢਾਈ ਵਾਲੇ ਕਿੱਤੇ ਨੂੰ ਨਹੀਂ ਅਪਣਾਏਗਾ, ਜੋ ਕਿ ਸਿਰਾਜ ਅਤੇ ਰਮਦਾਸੀਆਂ ਦਾ ਕਿੱਤਾ ਹੈ। ਇੱਕ ਘੁਮਾਰ ਬਰਾਸਤ ਦੇ ਦਿਨਾਂ ਵਿੱਚ ਵਿਹਲਾ ਬੈਠਾ ਰਹੇਗਾ, ਪਰ ਇੱਕ ਸਿਰਾਜ ਦਾ ਕਿੱਤਾ ਨਹੀਂ ਸਿੱਖੇਗਾ। ਇੱਕ ਸੈਣੀ ਔਰਤ ਸੂਤ ਕੱਤ ਕੇ ਇੱਕ ਪੈਸਾ ਰੋਜ਼ ਦਾ ਕਮਾਵੇਗੀ, ਪਰ ਇੱਕ ਭਾਬੜਾ ਇਸਤਰੀ ਦੀ ਤਰ੍ਹਾਂ ਕਢਾਈ ਦਾ ਕੰਮ ਕਰਕੇ ਦੋ ਆਨੇ ਰੋਜ਼ ਦੇ ਨਹੀਂ ਕਮਾਵੇਗੀ । ਹਿੰਦੂ ਵਪਾਰੀਆਂ ਨੇ ਚਮੜੇ ਦਾ ਵਪਾਰ ਖੋਜਿਆਂ ਅਤੇ ਸ਼ੇਖਾਂ ਲਈ ਛੱਡਿਆ ਹੋਇਆ ਹੈ। ਕੁਝ ਕੁ ਕੰਮ ਆਪਣੇ ਪਿਤਾ-ਪੁਰਖੀ ਕਿੱਤੇ ਤੋਂ ਹਟ ਕੇ ਕਰਨ ਲੱਗ ਪਏ ਹਨ, ਜਿਵੇਂ ਸਾਰੇ ਹੀ ਕਿਸਾਨ ਵਿਆਜ ‘ਤੇ ਕਰਜ਼ੇ ਦੇਣ ਲੱਗ ਪਏ ਹਨ । ਰਾਜਪੂਤ ਹਲ੍ਹ ਵਾਹੁਣ ਲੱਗ ਪਏ ਹਨ। ਪਹਿਲਾਂ ਜੇ ਕੋਈ ਰਾਜਪੂਤ ਹਲ੍ਹ ਵਾਹਵੇ ਤਾਂ ਉਸ ਨੂੰ ਰਾਜਪੂਤੀ ‘ਚੋਂ ਖਾਰਜ ਕਰ ਦਿੰਦੇ ਸਨ। ਖਾਨਪੁਰ ਦੇ ਪਠਾਣਾਂ ਦਾ ਕੱਪੜੇ ਦੀ ਬੁਣਾਈ ਅਤੇ ਜੁੱਤੀਆਂ ਬਣਾਉਣ ਦਾ ਕਿੱਤਾ ਉਨ੍ਹਾਂ ਦੀ ਪਠਾਣੀ ਸ਼ਾਨ ਦੇ ਰਾਹ ਵਿੱਚ ਅੜਿੱਕਾ ਨਹੀਂ ਬਣਿਆ।” ਇਸ ਸ਼ਹਿਰ ਵਿੱਚ ਕੋਈ ਵੀ ਵੱਡਾ ਕਾਰਖਾਨਾ ਨਹੀਂ ਲੱਗਿਆ । ਘਰੇਲੂ ਦਸਤਕਾਰੀ ਬਦੇਸ਼ੀ ਮਾਲ ਦੀ ਕੁਆਲਿਟੀ ਦਾ ਮੁਕਾਬਲਾ ਨਾ ਕਰ ਸਕੀ। ਭੁੱਖੇ ਮਰਦੇ ਕਰਿੰਦਿਆਂ ਨੇ ਆਪਣੀ ਔਲਾਦ ਨੂੰ ਇਨ੍ਹਾਂ ਕਿੱਤਿਆਂ ਵਿੱਚ ਨਾ ਪਾਇਆ ਤੇ ਇਹ ਲੋਕ ਭਾਰਤ ਦੇ ਹੋਰ ਹਿੱਸਿਆ ਵਿੱਚ ਰੋਜ਼ੀ-ਰੋਟੀ ਦੀ ਭਾਲ ਵਿੱਚ ਨਿਕਲ ਗਏ। ਸੰਨ 1978 ਵਿੱਚ ਸ਼ਹਿਰ ਤੋਂ ਬਾਹਰ ਫਗਵਾੜਾ ਰੋਡ ਦੇ ਸਪਿਨਿੰਗ ਮਿੱਲ ਅਤੇ ਪ੍ਰੈਸ਼ਰ ਕੁੱਕਰ ਬਣਾਉਣ ਦੀ ਫੈਕਟਰੀ ਲੱਗਣ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲਿਆ। ਸੋਨਾਲੀਕਾ ਟਰੈਕਟਰਾਂ ਦੀ ਫੈਕਟਰੀ ਜਲੰਧਰ ਰੋਡ ‘ਤੇ ਇੱਥੋਂ ਦੇ ਇੱਕ ਉਦਮੀ ਦੀ ਮਿਸਾਲ ਹੈ ਕਿ ਕਿਸ ਤਰ੍ਹਾਂ ਕਣਕ ਦੀ ਗਹਾਈ ਮਸ਼ੀਨਾਂ ਸਾਰੇ ਭਾਰਤ ਵਿੱਚ ਸਪਲਾਈ ਕਰਕੇ ਤਰੱਕੀ ਕੀਤੀ ਅਤੇ ਫੇਰ ਆਪਣੇ ਉੱਦਮ ਨਾਲ ਸੋਨਾਲੀਕਾ ਬਰਾਂਡ ਦਾ ਟਰੈਕਟਰ ਮਾਰਕੀਟ ਵਿੱਚ ਭੇਜਿਆ। ਚਿੰਤਪੁਰਨੀ ਰੋਡ ‘ਤੇ ਫਗਵਾੜੇ ਦੀ ਜੇ ਸੀ ਟੀ ਮਿੱਲ ਵਾਲਿਆਂ ਨੇ ਵੀ ਆਪਣੀ ਫੈਕਟਰੀ ਲਾ ਲਈ ਹੈ।
ਬੱਬਰ ਅਕਾਲੀ ਲਹਿਰ ਦੀ ਨੀਂਹ
ਬੱਬਰ ਅਕਾਲੀ ਲਹਿਰ ਦੀ ਨੀਂਹ ਇਸ ਸ਼ਹਿਰ ਵਿੱਚ ਰੱਖੀ ਗਈ । ਮਾਰਚ ਸੰਨ 1921 ਵਿੱਚ ਇੱਕ ਸਿੱਖ ਵਿੱਦਿਅਕ ਕਾਨਫਰੰਸ ਰੱਖੀ ਗਈ, ਪਰ ਸ਼ਹਿਰ ਵਿੱਚ ਸਰਕਾਰ ਨੇ ਦਫਾ 144 ਲਾ ਦਿੱਤੀ। ਇਸ ਕਰਕੇ ਇਹ ਕਾਨਫਰੰਸ ਲਾਗਲੇ ਪਿੰਡ ਪੁਰਹੀਰਾਂ ਦੇ ਖਾਲਸਾ ਸਕੂਲ ਵਿੱਚ ਤਬਦੀਲ ਕਰ ਦਿੱਤੀ ਗਈ। ਇਸ ਮੀਟਿੰਗ ਵਿੱਚ ਆਏ ਕੁਝ ਗਰਮ ਖਿਆਲੀਏ ਸਿੱਖ ਗੱਭਰੂਆਂ ਨੇ ਆਪਣੀ ਇਕ ਵੱਖਰੀ ਮੀਟਿੰਗ ਮਾਸਟਰ ਮੋਤਾ ਸਿੰਘ ਵਾਸੀ ਪਿੰਡ ਪਤਾਰਾ ਜ਼ਿਲ੍ਹਾ ਜਲੰਧਰ ਦੀ ਪ੍ਰਧਾਨਗੀ ਹੇਠ ਕੀਤੀ ਅਤੇ ਮਤਾ ਪਾਸ ਕੀਤਾ ਕਿ ਸਾਕਾ ਨਨਕਾਣਾ ਸਾਹਿਬ ਦੇ ਨਾਲ ਸੰਬੰਧਤ ਸਾਰੇ ਅੰਗਰੇਜ਼ ਸਰਕਾਰ ਦੇ ਪਿੱਠੂ ਗੱਡੀ ਚਾੜ੍ਹੇ ਜਾਣ। ਸਿੱਖ ਗੱਭਰੂਆਂ ਦੀ ਇਸ ਮੀਟਿੰਗ ਵਿਚ ਪਾਸ ਕੀਤੇ ਮਤੇ ‘ਤੇ ਅਮਲ ਕਰਦਿਆਂ ਇਨ੍ਹਾਂ ਗੱਭਰੂਆਂ ਨੇ ਆਪਣੀਆਂ ਜਵਾਨੀਆਂ ਜੇਲ੍ਹਾਂ ਵਿਚ ਰੋਲ੍ਹੀਆਂ, ਕਈਆਂ ਨੇ ਫਾਂਸੀ ਦੇ ਰੱਸੇ ਚੁੰਮੇ, ਕਈਆਂ ਨੇ ਕਾਲੇ ਪਾਣੀ ਦੀਆਂ ਬੁੱਚੜਖਾਨੇ ਵਰਗੀਆਂ ਜੇਲ੍ਹਾਂ ਵਿਚ ਤਸੀਹੇ ਝੱਲੇ, ਪਰ ਅੰਗਰੇਜ਼ ਸਰਕਾਰ ਦੀਆਂ ਦੋਆਬਾ ਬਿਸਤ ਜਲੰਧਰ ਵਿਚੋਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।
ਇਤਿਹਾਸਕ ਗੁਰਦੁਆਰਾ ਭਾਈ ਜੋਗਾ ਸਿੰਘ
ਗੁਰੂ ਗੋਬਿੰਦ ਸਿੰਘ ਦੇ ਪ੍ਰਮੁੱਖ ਸਿੱਖ ਭਾਈ ਜੋਗਾ ਸਿੰਘ ਦੀ ਯਾਦਗਾਰ ਵਜੋਂ ਪਿਸ਼ਾਵਰ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਵਿਚ ਮੁਹੱਲਾ ਸ਼ੇਖਾਂ ਵਿਚ ਇਤਿਹਾਸਕ ਗੁਰਦੁਆਰਾ ਮੌਜੂਦ ਹੈ। ਘੰਟਾਂ ਘਰ ਦੇ ਨਾਲ ਜਿਥੇ ਅੱਜਕੱਲ੍ਹ ਪੁਲਿਸ ਥਾਣਾ ਹੈ, ਮੁਗਲ ਰਾਜ ਸਮੇਂ ਇਕ ਸਰਾਂ ਹੁੰਦੀ ਸੀ। ਪਿਸ਼ਾਵਰ ਤੋਂ ਆਪਣੇ ਵਿਆਹ ਦੀਆਂ ਲਾਵਾਂ ਵਿਚੇ ਹੀ ਛੱਡ ਕੇ ਭਾਈ ਜੋਗਾ ਸਿੰਘ ਗੁਰੂ ਜੀ ਦਾ ਹੁਕਮਨਾਮਾ ਪੜ੍ਹ ਕੇ ਆਨੰਦਪੁਰ ਨੂੰ ਚੱਲ ਪਿਆ ਸੀ। ਮੰਜ਼ਿਲਾਂ ਤੈਅ ਕਰਦਾ ਇਕ ਸ਼ਾਮ ਹੁਸ਼ਿਆਰਪੁਰ ਪੁੱਜਾ ਤਾਂ ਇਸ ਮੁਗਲ ਸਰਾਂ ਵਿਚ ਠਹਿਰਨ ਲਈ ਰੁਕਿਆ। ਸਰਾਂ ਦੇ ਨਾਲ ਹੀ ਸ਼ੇਖਾਂ ਮੁਹੱਲੇ ਵਿਚ ਵੇਸ਼ਵਾਵਾਂ ਦੇ ਮਕਾਨ ਸਨ। ਭਾਈ ਜੋਗਾ ਸਿੰਘ ਕਿਸ ਤਰ੍ਹਾਂ ਭਟਕਣ ਤੋਂ ਬਚੇ, ਇਹ ਕਹਾਣੀ ਆਮ ਲੋਕਾਂ ਨੂੰ ਪਤਾ ਹੈ। ਉਸ ਸਮੇਂ ਹੁਸ਼ਿਆਰਪੁਰ ਦੇ ਕੇਵਲ ਤਿੰਨ ਮੁਹੱਲੇ ਸਨ: (1) ਮਰਵਾਹਿਆਂ ਦਾ ਮਹੱਲਾ। ਇਹ ਮਰਵਾਹੇ ਖੱਤਰੀ ਜ਼ਮੀਨ ਦੇ ਮਾਲਕ ਸਨ। (2) ਬਾਲਮੀਕੀਆਂ ਦਾ ਮੁਹੱਲਾ, (3) ਵੇਸ਼ਵਾਵਾਂ ਦਾ ਮੁਹੱਲਾ । ਬਾਕੀ ਸਾਰਾ ਸ਼ਹਿਰ ਬਾਅਦ ਵਿਚ ਹੋਂਦ ਵਿਚ ਆਇਆ। 1947 ਵਿਚ ਦੇਸ਼ ਦੀ ਵੰਡ ਸਮੇਂ ਸ਼ਹਿਰ ਦੇ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਗਏ, ਜਿਸ ਵੇਸ਼ਵਾ ਦੇ ਘਰ ਜੋਗਾ ਸਿੰਘ ਨੇ ਜਾਣ ਦੀ ਕੋਸ਼ਿਸ਼ ਕੀਤੀ ਸੀ, ਉਹ ਮਕਾਨ ਕੁਝ ਪ੍ਰਮੁੱਖ ਸਿੱਖਾਂ ਨੇ ਪੈਸਾ ਇਕੱਠਾ ਕਰਕੇ 17 ਮਰਲੇ ਦੀ ਰਜਿਸਟਰੀ ਕਰਵਾ ਲਈ। ਨਿੱਕੀਆਂ ਇੱਟਾਂ ਦਾ ਮਕਾਨ ਢਾਹ ਕੇ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ ਹੋਈ। ਸੰਨ 1966 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਸ਼ਸਤਰ ਜਦੋਂ ਇੰਗਲੈਂਡ ਤੋਂ ਲਿਆਂਦੇ ਗਏ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸ਼ਰਮ ਸਿੰਘ ਨੇ 2 ਮਾਰਚ 1966 ਨੂੰ ਨੀਂਹ ਪੱਥਰ ਰੱਖਿਆ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਾਂ ਤਕਰੀਬਨ ਮੁਕੰਮਲ ਹੋ ਗਈ ਹੈ।
ਸ਼ੀਸ਼ ਮਹਿਲ ਹੁਸ਼ਿਆਰਪੁਰ
ਇਸ ਸ਼ਹਿਰ ਵਿਚ ਇਕ ਦੇਖਣਯੋਗ ਬਿਲਡਿੰਗ ਸ਼ੀਸ਼ ਮਹਿਲ ਦੀ ਹੈ। ਬਾਜ਼ਾਰ ਵਕੀਲਾਂ ਤੋਂ ਉੱਤਰ ਵੱਲ ਦੀ ਗਲੀ ਵਿਚ ਸਥਿਤ ਬਿਲਡਿੰਗ ਅਤੇ ਮੂਰਤੀਆਂ ਦਾ ਨਿਰਮਾਣ ਇਕ ਅਮੀਰ ਆਦਮੀ ਸ੍ਰੀ ਹੰਸ ਰਾਜ ਜੈਨ ਨੇ ਰੁਪਈਆ ਪਾਣੀ ਦੀ ਤਰ੍ਹਾਂ ਵਹਾ ਕੇ ਕਈ ਸਾਲਾਂ ਵਿਚ ਕਰਵਾਇਆ। ਇਸ ਦਾ ਨਾਂਅ ਸ਼ੀਸ਼ ਮਹਿਲ ਇਸ ਕਰਕੇ ਪਿਆ, ਕਿਉਂਕਿ ਇਸ ਵਿਚ ਸ਼ੀਸ਼ੇ ਦਾ ਕੰਮ ਬਹੁਤ ਸੀ। ਸੇਠ ਦੇ ਆਪਣੀ ਔਲਾਦ ਨਹੀਂ ਸੀ ਤੇ ਉਸ ਨੇ ਇਹ ਕਲਾ ਕ੍ਰਿਤੀ ਇਸ ਕਰਕੇ ਬਣਵਾਈ ਤਾਂ ਕਿ ਲੋਕ ਉਸ ਨੂੰ ਯਾਦ ਕਰਨ। ਇਸ ਦੇ ਵੱਖ-ਵੱਖ ਕਮਰਿਆਂ ਵਿਚ ਮੂਰਤੀਆਂ ਜਿਊਂਦੀਆਂ-ਜਾਗਦੀਆਂ ਲੱਗਦੀਆਂ ਹਨ। ਅੰਗਰੇਜ਼ ਰਾਜ ਦਰਬਾਰ, ਜਾਰਜ ਪੰਜਮ ਦੀ ਤਾਜਪੋਸ਼ੀ ਦਾ ਸੀਨ, ਕਿਸੇ ਕਲਪਿਤ ਰਾਜੇ ਦਾ ਦਰਬਾਰ, ਦੁਰਗਾ ਮਾਤਾ ਦਾ ਦ੍ਰਿਸ਼, ਕ੍ਰਿਸ਼ਨ ਲੀਲਾ ਆਦਿ ਦੇ ਸੀਨ ਬਣਾਏ ਗਏ ਹਨ। ਇਸ ਮੂਰਤੀ ਕਲਾ ਦੇ ਮੁੱਖ ਕਲਾਕਾਰ ਦਾ ਨਾਂਅ ਜਾਨ ਮੁਹੰਮਦ ਸੀ। 1947 ਤੋਂ ਬਾਅਦ ਵੀ ਜਾਨ ਮੁਹੰਮਦ ਦੋ ਵਾਰ ਪਾਕਿਸਤਾਨ ਤੋਂ ਇਸ ਸ਼ਹਿਰ ਆਇਆ। ਉਹ ਆਪਣੀ ਕਲਾ ਦੀ ਸੰਭਾਲ ਵੇਖ ਕੇ ਖੁਸ਼ ਹੋਇਆ।
ਸ੍ਰੀ ਹੰਸ ਰਾਜ ਜੈਨ ਨੇ ਇਸ ਕਲਾ ਭਵਨ ਦੀ ਦੇਖ-ਭਾਲ ਲਈ ਕਾਫੀ ਰੁਪਈਆ ਅੱਪਰ ਬਾਰੀ ਦੁਆਬ ਬੈਂਕ ਲਿਮਟਿਡ ਵਿਚ ਜਮ੍ਹਾ ਕਰਵਾਇਆ ਸੀ, ਪਰ ਇਹ ਬੈਂਕ ਫੇਲ੍ਹ ਹੋਣ ਕਰਕੇ ਇਹ ਰਕਮ ਡੁੱਬ ਗਈ। ਉਨ੍ਹਾਂ ਜੈਨ ਬਰਾਦਰੀ ਦਾ ਇਕ ਟਰੱਸਟ ਬਣਾ ਦਿੱਤਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਇਸ ਕਲਾ ਭਵਨ ਦੀ ਹਾਲਤ ਠੀਕ-ਠਾਕ ਰੱਖਣ ਅਤੇ ਜਨਤਾ ਨੂੰ ਦੇਖਣ ਦੇਣ। ਦੋ ਕੁ ਸਾਲ ਪਹਿਲਾਂ ਲੇਖਕ ਨੇ ਇਸ ਭਵਨ ਦੇ ਅੰਦਰੋਂ ਸਾਰੇ ਕਮਰਿਆਂ ਦਆਂ ਫੋਟੋਆਂ ਖਿੱਚੀਆਂ ਸਨ, ਪਰੰਤੂ ਹੁਣ ਨਵੰਬਰ 2006 ਵਿਚ ਮੈਂ ਜਦੋਂ ਗਿਆ ਤਾਂ ਭਵਨ ਨੂੰ ਤਾਲਾ ਲੱਗਾ ਹੋਇਆ ਸੀ। ਨਾਲ ਦੇ ਦੁਕਾਨਦਾਰਾਂ ਤੋਂ ਪਤਾ ਲੱਗਾ ਕਿ ਟਰੱਸਟ ਦੇ ਆਪਸੀ ਝਗੜੇ ਕਾਰਨ ਇਹ ਭਵਨ ਬੰਦ ਪਿਆ ਹੈ।
ਸਾਧੂ ਆਸ਼ਰਮ ਹੁਸ਼ਿਆਰਪੁਰ
ਹੁਸ਼ਿਆਰਪੁਰ ਸ਼ਹਿਰ ਤੋਂ ਨੰਗਲ-ਭਾਖੜਾ ਨੂੰ ਜਾਣ ਵਾਲੀ ਸੜਕ ‘ਤੇ ਸ਼ਹਿਰ ਤੋਂ ਬਾਹਰ ਸਾਧੂ ਆਸ਼ਰਮ ਸਥਿਤ ਹੈ। ਵਿਦਵਾਨ ਸੈਲਾਨੀਆਂ ਲਈ ਹੁਸ਼ਿਆਰਪੁਰ ਵਿਚ ਇਹ ਸਭ ਤੋਂ ਉੱਤਮ ਸਥਾਨ ਹੈ। ਸੰਨ 1947 ਤੋਂ ਪਹਿਲਾਂ ਪੁਰਾਣੀਆਂ ਵਸਤਾਂ ਅਤੇ ਕਿਤਾਬਾਂ, ਗ੍ਰੰਥ ਜੋ ਕਿ ਭੋਜ ਪੱਤਰ ਅਤੇ ਤਾਰ ਪੱਤਰ ‘ਤੇ ਲਿਖੇ ਸਨ, ਲਾਹੌਰ ਵਿਖੇ ਇਕੱਤਰ ਕੀਤੇ ਗਏ ਸਨ। ਜਦੋਂ ਦੇਸ਼ ਦੀ ਵੰਡ ਯਕੀਨੀ ਹੋ ਗਈ ਤਾਂ ਵਿਸ਼ਵਬੰਧੂ ਨੇ ਦੂਰ-ਅੰਦੇਸ਼ੀ ਤੋਂ ਕੰਮ ਲੈਂਦਿਆਂ ਪੁਰਾਣੀਆਂ ਕਿਤਾਬਾਂ, ਭੋਜ ਪੱਤਰ ਤੇ ਲਿਖੀਆਂ ਹੱਥ ਲਿਖਤਾਂ, ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਅਤੇ ਹੋਰ ਵੀ ਦੁਰਲੱਭ ਹੱਥ ਲਿਖਤਾਂ, ਜਿਨ੍ਹਾਂ ਦਾ ਮੁੱਲ ਦੁਨਿਆਵੀ ਸਿੱਕਿਆਂ ਵਿਚ ਮਿੱਥਿਆ ਹੀ ਨਹੀਂ ਜਾ ਸਕਦਾ, ਬੋਰੀਆਂ ਵਿਚ ਬੰਦ ਕਰਕੇ ਹੁਸ਼ਿਆਰਪੁਰ ਭੇਜ ਦਿੱਤੀਆਂ। ਜੇਕਰ ਉਹ ਇਹ ਉੱਦਮ ਨਾ ਕਰਦੇ ਤਾਂ ਹੋ ਸਕਦਾ ਹੈ ਇਸ ਅਨਮੋਲ ਖਜ਼ਾਨੇ ਨੂੰ ਅਗਨ ਭੇਂਟ ਕਰ ਦਿੱਤਾ ਜਾਂਦਾ । ਸਾਧੂ ਆਸ਼ਰਮ ਤਾਂ ਪਹਿਲਾਂ ਹੈ ਹੀ ਸੀ, ਪਰ ਸ੍ਰੀ ਵਿਸ਼ਵੇਸ਼ਵਰ ਆਨੰਦ ਨੇ ਉਨ੍ਹਾਂ ਸਾਧੂਆਂ ਤੋਂ ਇਥੇ ਇਹ ਅਨਮੋਲ ਵਸਤਾਂ ਰੱਖਣ ਦੀ ਇਜਾਜ਼ਤ ਲੈ ਲਈ। ਇਥੇ ਲਿਆਂਦੀਆਂ ਗਈਆਂ ਹੱਥ ਲਿਖਤਾਂ ਸੰਸਕ੍ਰਿਤ, ਮਲਿਆਲਮ ਅਤੇ ਤੇਲਗੂ ਤੇ ਪਾਲੀ ਭਾਸ਼ਾਵਾਂ ਵਿਚ ਸਨ। ਇਹ ਲੋਹੇ ਦੇ ਪੈੱਨ ਨਾਲ ਭੋਜ ਪੱਤਰਾਂ ‘ਤੇ ਉਕਰੀਆਂ ਹੋਈਆਂ ਹਨ, ਜੋ ਅਜੇ ਤੱਕ ਹਜ਼ਾਰਾਂ ਸਾਲ ਉਮਰ ਭੋਗ ਕੇ ਵੀ ਸਹੀ-ਸਲਾਮਤ ਹਨ। ਇਨ੍ਹਾਂ ‘ਤੇ ਲਿਖਾਈ ਐਨੀ ਬਾਰੀਕ ਹੈ ਕਿ ਲਿਖਣ ਵਾਲਿਆਂ ਦੇ ਹੁਨਰ ਦੀ ਦਾਦ ਦੇਣੀ ਪੈਂਦੀ ਹੈ। ਪੰਜਾਬ ਯੂਨੀਵਰਸਿਟੀ ਨੇ ਆਪਣਾ ਕੈਂਪਸ ਇਸ ਸਥਾਨ ਨੂੰ ਬਣਾਇਆ। ਜਲੰਧਰ ਵਾਲਾ ਓਰੀਐਂਟਲ ਕਾਲਜ ਇਥੇ ਤਬਦੀਲ ਕੀਤਾ ਗਿਆ। ਇਥੇ ਵਿਦਿਆਰਥੀ ਵੇਦਾਂ ਦੀ ਖੋਜ, ਪਾਲੀ ਭਾਸ਼ਾ ਅਤੇ ਹੋਰ ਵਿਸ਼ਿਆਂ ਬਾਰੇ ਥੀਸਸ ਲਿਖ ਕੇ ਪੀ.ਐਚ.ਡੀ. ਕਰ ਰਹੇ ਹਨ। ਗਾਈਡ ਇਸ ਸੰਸਥਾ ਦੇ ਪ੍ਰੋਫੈਸਰ ਬਣਦੇ ਹਨ । ਪਰਾਗ ਸ਼ਾਸਤਰੀ, ਸ਼ਾਸਤਰੀ, ਅਚਾਰੀਯਾ, ਪ੍ਰਭਾਕਰ ਤੇ ਐਮ.ਏ. ਸੰਸਕ੍ਰਿਤ ਦੀ ਪੜ੍ਹਾਈ ਵੀ ਹੁੰਦੀ ਹੈ। ਪੰਜਾਬ ਯੂਨੀਵਰਸਿਟੀ ਵਲੋਂ ਵਿਸ਼ਵੇਸਵਰਾਨੰਦ ਇੰਸਟੀਚਿਊਟ ਆਫ ਸੰਸਕ੍ਰਿਤ ਐਂਡ ਇੰਡੋਲਾਜੀਲ ਸਟੱਡੀਜ਼ ਨਾਮੀ ਸੰਸਥਾ ਚਲਾ ਰਹੀ ਹੈ। ਇਸ ਵਿਚ ਪੁਰਾਤਨ ਹੱਥ ਲਿਖਤਾਂ ਦੀ ਇਕ ਵੱਡੀ ਲਾਇਬ੍ਰੇਰੀ ਹੈ।
ਇਸ ਸਥਾਨ ‘ਤੇ ਪੁਰਾਤਨ ਮੂਰਤੀਆਂ ਲਈ ਇਕ ਵੱਖਰਾ ਅਜਾਇਬ ਘਰ ਬਣਾਇਆ ਹੋਇਆ ਹੈ, ਜਿਸ ਵਿਚ ਪੰਜਾਬ ਸਟੇਟ ਆਰਕੀਆਲੋਜੀਕਲ ਵਿਭਾਗ ਵਲੋਂ ਸੰਨ 1968 ਵਿਚ ਢੋਲਬਾਹਾ ਵਿਖੇ ਖੁਦਾਈ ਕਰਨ ਤੋਂ ਬਾਅਦ ਪੁਰਾਤਨ ਮੂਰਤੀਆਂ, ਜੋ ਮਿਲੀਆਂ, ਉਹ ਇਥੇ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਨ੍ਹਾਂ ਮੂਰਤੀਆਂ ਵਿਚ ਸ਼ਿਵ- ਪਾਰਵਤੀ, ਗਣੇਸ਼ ਦੀਆਂ ਮੂਰਤੀਆਂ ਕੁਝ ਗੁਪਤਾ ਕਾਲ ਦੀਆਂ ਅਤੇ ਕੁਝ ਦਸਵੀਂ ਸਦੀ ਦੀਆਂ ਹਨ। ਇਕ ਵਿਸ਼ਨੂੰ ਦੇ ਸਿਰ ਦਾ ਨਮੂਨਾ ਬਣਾ ਕੇ ਇਥੇ ਰੱਖਿਆ ਹੋਇਆ ਹੈ, ਜਿਸ ਦਾ ਅਸਲੀ ਰੂਪ ਸਰਕਾਰੀ ਅਜਾਇਬ ਘਰ ਪਟਿਆਲਾ ਨੂੰ ਭੇਜਿਆ ਗਿਆ
ਸੀ। ਰਾਹੋਂ ਲਾਗੇ ਦਰਿਆ ਸਤਲੁਜ ਲਾਗੇ ਪਿੰਡ ਮਝੂਰ ਅਤੇ ਲੁਧਿਆਣਾ ਤੋਂ ਚੰਡੀਗੜ੍ਹ ਵਾਲੀ ਸੜਕ ‘ਤੇ ਸਥਿਤ ਪਿੰਡ ਸੰਘੋਲ ਤੋਂ ਪ੍ਰਾਪਤ ਕੁਝ ਮੂਰਤੀਆਂ ਵੀ ਇਥੇ ਸੰਭਾਲ ਕੇ ਰੱਖੀਆਂ ਹੋਈਆਂ ਹਨ। ਢੋਲਬਾਹਾ ਦੀ ਖੁਦਾਈ ਤੋਂ ਪ੍ਰਾਪਤ ਇਕ ਬਹੁਤ ਵੱਡੇ ਆਕਾਰ ਦਾ ਸ਼ਿਵਲਿੰਗ ਅਤੇ ਆਮਲਕੇ (ਆਮਲੇ ਦੀ ਸ਼ਕਲ ਦਾ ਗੁੰਬਦ) ਇਥੇ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਆਸ਼ਰਮ ਦੇ ਵਿਹੜੇ ਵਿਚ ਪੰਜ ਮਹਾਤਮਾਵਾਂ ਨੇ ਆਪਣੇ ਕਰ-ਕਮਲਾਂ ਨਾਲ ਜੋ ਪਿੱਪਲ, ਬੋਹੜ, ਵਦ, ਅੰਬ ਅਤੇ ਮੈਲਸਰੀ ਦੇ ਬੂਟੇ ਲਗਾਏ ਸਨ, ਉਹ ਕਾਫੀ ਵੱਡੇ ਹੋ ਗਏ ਹਨ। ਇਨ੍ਹਾਂ ਦੀ ਸੰਘਣੀ ਛਾਵੇਂ ਇਕ ਬਹੁਤ ਹੀ ਸੁੰਦਰ ਬੈਠਣ ਲਈ ਜਗ੍ਹਾ ਬਣਾਈ ਗਈ ਹੈ। ਇਸ ਸੰਸਥਾ ਨੇ ਆਪਣੀ ਪ੍ਰੈੱਸ, ਕਿਤਾਬਾਂ ਦੀ ਛਪਾਈ ਲਈ ਲਾਈ ਹੋਈ ਹੈ। ਇਤਿਹਾਸ ਤੇ ਖੋਜੀਆਂ ਲਈ ਇਹ ਇਕ ਦਿਲਕਸ਼ ਥਾਂ ਹੈ, ਜਿਥੇ ਉਹ ਆਪਣਾ ਰਿਸਰਚ ਦਾ ਕੰਮ ਬੜੇ ਹੀ ਸ਼ਾਂਤਮਈ ਵਾਤਾਵਰਣ ਵਿਚ ਕਰ ਸਕਦੇ ਹਨ। ਸੰਨ 1947 ਵਿਚ ਇਹ ਆਸ਼ਰਮ ਸ਼ਹਿਰ ਤੋਂ ਦੋ ਮੀਲ ਬਾਹਰ ਸੀ, ਪਰ ਹੁਣ ਤਾਂ ਸ਼ਹਿਰ ਇਸ ਤੋਂ ਵੀ ਅੱਗੇ ਨੰਗਲ ਵਾਲੀ ਸੜਕ ‘ਤੇ ਵਧ ਗਿਆ ਹੈ।
ਬਹਾਦਰਪੁਰ ਮਹੰਤਾਂ ਦਾ ਡੇਰਾ
ਬਹਾਦਰਪੁਰ ਪਿੰਡ ਅੱਜਕੱਲ੍ਹ ਹੁਸ਼ਿਆਰਪੁਰ ਸ਼ਹਿਰ ਦੇ ਹੀ ਅੰਦਰ ਆ ਗਿਆ ਹੈ। ਇਥੇ ਉਦਾਸੀਨ ਸਾਧੂਆਂ ਦਾ ਇਕ ਡੇਰਾ ਹੈ, ਜਿਸ ਨੂੰ ਬਾਬਾ ਸ੍ਰੀਚੰਦ (ਗੁਰੂ ਨਾਨਕ ਦੇਵ ਜੀ ਦੇ ਸਪੁੱਤਰ) ਦੇ ਪੜਪੋਤੇ ਚਰਨ ਸ਼ਾਹ ਨੇ 1733 ਬਿਕਰਮੀ ਵਿਚ ਸ਼ੁਰੂ ਕੀਤਾ। ਭਗਤੀ ਕਰਨ ਵਾਲੀਆਂ ਪਵਿੱਤਰ ਹਸਤੀਆਂ ਦੀ ਦੇਖ-ਰੇਖ ਵਿਚ ਇਹ ਆਸ਼ਰਮ ਚਲਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਵੀ ਕਾਂਗੜੇ ਦੀ ਮੁਹਿੰਮ ‘ਤੇ ਜਾਂਦਿਆਂ ਇਥੇ ਰੁਕੇ। ਆਸ਼ਰਮ ਵਾਲਿਆਂ ਦੀ ਸੇਵਾ ਭਗਤੀ ਤੋਂ ਖੁਸ਼ ਹੋ ਕੇ ਮਹਾਰਾਜੇ ਨੇ ਕਾਫੀ ਜ਼ਮੀਨ ਇਸ ਡੇਰੇ ਦੇ ਨਾਂਅ ਕਰ ਦਿੱਤੀ। ਸ਼ਹਿਰ ਤੋਂ ਬਾਹਰ ਚੋਅ ਤੋਂ ਪਾਰ ਉੱਤਰ ਵੱਲ ਅੱਧ ਕੁ ਮੀਲ ‘ਤੇ ਇਸ ਡੇਰੇ ਦੀ ਜ਼ਮੀਨ ਹੈ, ਇਸ ਵਿਚ ਆਪਣੇ ਆਪ ਉੱਗੇ ਵੱਖ-ਵੱਖ ਕਿਸਮਾਂ ਦੇ ਦਰੱਖਤਾਂ ਦੀ ਇਕ ਸੰਘਣੀ ਝਿੜੀ ਹੈ। ਇਥੇ ਐਨੇ ਸੰਘਣੇ ਦਰੱਖਤ ਹਨ ਕਿ ਦਿਨੇ ਵੀ ਸੂਰਜ ਦੀਆਂ ਕਿਰਨਾਂ ਧਰਤੀ ‘ਤੇ ਨਹੀਂ ਪਹੁੰਚਦੀਆਂ ਅਤੇ ਰਾਤ ਵਰਗਾ ਹਨ੍ਹੇਰਾ ਲੱਗਦਾ ਹੈ। ਇਥੋਂ ਕੋਈ ਦਰੱਖਤ ਨਹੀਂ ਕੱਟਿਆ ਜਾਂਦਾ। ਆਪਣੇ ਆਪ ਸੁੱਕ ਕੇ ਡਿੱਗੇ ਦਰਖਤ ਵੀ ਦੇਖਣ ਨੂੰ ਮਿਲਦੇ ਹਨ। ਇਸ ਝਿੜੀ ਵਿਚ ਅੰਬ, ਜਾਮਣ, ਮੌਲਸਰੀ, ਖਜੂਰ ਆਦਿ ਦੇ ਦਰੱਖਤ ਹਨ। ਕੁਝ ਮਹੰਤਾਂ ਦੀਆਂ ਸਮਾਧਾਂ ਅਤੇ ਇਕ ਪੀਰ ਦੀ ਜਗ੍ਹਾ ਵੀ ਹੈ। ਇਹੋ ਜਿਹੀ ਝਿੜੀ ਜੰਗਲੀ ਜਾਨਵਰਾਂ ਲਈ ਸੁਰੱਖਿਅਤ ਘਰ ਹੈ, ਇਸ ਨੂੰ ਇਸੇ ਤਰ੍ਹਾਂ ਕਾਇਮ ਰੱਖਣਾ ਵਾਤਾਵਰਣ ਦੇ ਪ੍ਰੇਮੀਆਂ ਦਾ ਫਰਜ਼ ਬਣਦਾ ਹੈ। ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਇਹੋ ਜਿਹੀ ਸੰਘਣੀ ਝਿੜੀ ਸ਼ਾਇਦ ਹੀ ਕੋਈ ਹੋਵੇ।
ਹੁਸ਼ਿਆਰਪੁਰ ਦੀਆਂ ਸਰਾਵਾਂ
ਅੱਜ ਤੋਂ ਸੱਠ-ਸੱਤਰ ਸਾਲ ਪਹਿਲਾਂ ਤੱਕ ਆਮ ਸ਼ਹਿਰਾਂ ਵਿਚ ਰਿਹਾਇਸ਼ ਲਈ ਹੋਟਲ ਨਹੀਂ ਹੁੰਦੇ ਸਨ । ਬਾਹਰੋਂ ਆਏ ਮੁਸਾਫਰਾਂ ਨੂੰ ਰਾਤ ਠਹਿਰਨਾ ਕਈ ਵਾਰੀ ਜ਼ਰੂਰੀ ਹੋ ਜਾਂਦਾ ਸੀ। ਮੁਸਾਫਰਾਂ ਦੀ ਇਸ ਲੋੜ ਲਈ ਵੱਡੇ-ਵੱਡੇ ਅਮੀਰ ਲੋਕ ਰਿਹਾਇਸ਼ ਲਈ ਸਰਾਵਾਂ ਬਣਾ ਦਿੰਦੇ ਸਨ। ਆਮ ਤੌਰ ‘ਤੇ ਇਹ ਪੁੰਨ ਖੱਟਣ ਦੇ ਖਿਆਲ ਨਾਲ ਹੀ ਬਣਾਈਆਂ ਜਾਂਦੀਆਂ। ਇਨ੍ਹਾਂ ‘ਚੋਂ ਮੁਨਾਫਾ ਕਮਾਉਣਾ ਉਸਾਰਨ ਵਾਲਿਆਂ ਦਾ ਮਨੋਰਥ ਨਹੀਂ ਸੀ ਹੁੰਦਾ। ਮੁਸਾਫਰਾਂ ਤੋਂ ਰਿਹਾਇਸ਼ ਲਈ ਕਿਰਾਇਆ ਵੀ ਨਾ-ਮਾਤਰ ਹੀ ਲਿਆ ਜਾਂਦਾ ਸੀ, ਜਿਸ ਨਾਲ ਮੈਨੇਜਰ ਅਤੇ ਸਫਾਈ ਸੇਵਕਾਂ ਦੀਆਂ ਤਨਖਾਹਾਂ ਵੀ ਸ਼ਾਇਦ ਹੀ ਪੂਰੀਆਂ ਹੁੰਦੀਆਂ ਸਨ। ਮੁਗਲ ਸਰਾਂ ਹੁਸ਼ਿਆਰਪੁਰ ਦੀ ਸਭ ਤੋਂ ਪੁਰਾਣੀ ਸਰਾਂ ਹੁਣ ਵਾਲੇ ਸ਼ਹਿਰ ਦੇ ਪੁਲਿਸ ਥਾਣੇ ਵਾਲੀ ਥਾਂ ਸੀ । ਇਸ ਨੂੰ ਮੁਗਲ ਸਰਾਂ ਕਹਿੰਦੇ ਸਨ। ਭਾਈ ਜੋਗਾ ਸਿੰਘ ਪਿਸ਼ਾਵਰ ਤੋਂ ਆਪਣੀ ਸ਼ਾਦੀ ਵਿਚਕਾਰੇ ਹੀ ਛੱਡ ਕੇ ਜਦੋਂ ਦਸਮ ਪਿਤਾ ਜੀ ਦਾ ਹੁਕਮ ਮੰਨਦਾ ਹੋਇਆ ਆਨੰਦਪੁਰ ਸਾਹਿਬ ਨੂੰ ਚੱਲਿਆ ਤਾਂ ਮੰਜ਼ਲਾਂ ਮਾਰਦਾ ਉਹ ਇਕ ਰਾਤ ਇਸ ਮੁਗਲ ਸਰਾਂ ਵਿਚ ਠਹਿਰਰਿਆ ਸੀ। ਇਥੋਂ ਹੀ ਮਨ ਭਟਕਣ ਕਰਕੇ ਨਾਲ ਹੀ ਵੇਸ਼ਵਾ ਬਾਜ਼ਾਰ ਗਿਆ ਸੀ। ਇਸ ਸਰਾਂ ਦੀ ਕੋਈ ਨਿਸ਼ਾਨ ਬਾਕੀ ਨਹੀਂ। ਦਸ ਸਾਲ ਪਹਿਲਾਂ ਪੁਰਾਣੀ ਕੋਤਵਾਲੀ ਦੀ ਬਿਲਡਿੰਗ ਢਾਹ ਕੇ ਨਵ- ਉਸਾਰੀ ਕੀਤੀ ਗਈ ਹੈ।
ਲਾਲਾ ਗੋਪੀ ਮੱਲ ਧਰਮਸ਼ਆਲਾ
ਇਹ ਸਰਾਂ ਕਚਹਿਰੀ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਸੜਕ ‘ਤੇ ਤਕਰੀਬਨ ਅੱਧਾ ਕੁ ਕਿਲੋਮੀਟਰ ‘ਤੇ ਸਥਿਤ ਹੈ। ਨਾਨਕਸ਼ਾਹੀ ਇੱਟਾਂ ਦੀ ਬਣੀ ਇਹ ਸਰਾਂ ਇਸਲਾਮਾਬਾਦ ਮੁਹੱਲੇ ਵਿਚ ਹੈ। ਅੱਜ ਇਹ ਬੇ-ਆਬਾਦ ਖਸਤਾ ਹਾਲਤ ਵਿਚ ਹੈ। ਤੀਹ-ਚਾਲੀ ਸਾਲ ਪਹਿਲਾਂ ਤੱਕ ਇਹ ਆਬਾਦ ਸੀ। ਹੁਣ ਇਸ ਦੇ ਸਾਹਮਣੇ ਵਾਲੀ ਮੁੱਖ ਸੜਕ ਇਸ ਦੇ ਲੈਵਲ ਤੋਂ ਤਿੰਨ ਫੁੱਟ ਉੱਚੀ ਕਰ ਦਿੱਤੀ ਗਈ ਹੈ।
ਇਸ ਦੇ ਮਾਲਕ ਅੰਬਿਕਾ ਸੋਨੀ (ਕਾਂਗਰਸੀ ਲੀਡਰ) ਹੁਰਾਂ ਦਾ ਪਰਿਵਾਰ ਹੈ। ਦੋ ਕੁ ਸਾਲ ਪਹਿਲਾਂ ਹੁਸ਼ਿਆਰਪੁਰ ਦੇ ਨਿਰਮਲ ਕੁਮਾਰ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਲੈਂਡ ਮਾਫੀਆ ਵਲੋਂ ਇਸ ‘ਤੇ ਕਬਜ਼ਾ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਲੇਖ ‘ਨਵਾਂ ਜ਼ਮਾਨਾ’ ਦੇ ‘ਐਤਵਾਰਤਾ’ ਵਿਚ ਛਪਿਆ ਸੀ। ਇਸ ਸਮੇਂ ਇਸ ਅੰਦਰ ਰਿਕਸ਼ੇ ਵਾਲੇ ਰਹਿੰਦੇ ਹਨ।
ਲਾਲਾ ਜੋਧਾ ਮੱਲ ਕੁਠਿਆਲਾ ਧਰਮਸ਼ਾਲਾ
ਇਹ ਧਰਮਸ਼ਾਲਾ ਪੁਰਾਣੇ ਮਾਹਿਲਪੁਰ ਅੱਡੇ ਦੇ ਸਾਹਮਣੇ ਸਥਿਤ ਹੈ। ਇਸ ਦੀ ਉੱਪਰਲੀ ਮੰਜ਼ਿਲ ‘ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਦਫਤਰ ਬਹੁਤ ਸਾਲਾਂ ਤੋਂ ਚੱਲਿਆ। ਆ ਰਿਹਾ ਹੈ। ਇਹ ਸੰਨ 1943 ਵਿਚ ਬਣੀ ਸੀ । ਮੁਸਾਫਰਾਂ ਨੂੰ ਇਸ ਦੀ ਬੜੀ ਸਹੂਲੀਅਤ ਸੀ। ਜਦੋਂ ਪਿੰਡਾਂ ਨੂੰ ਇਕ ਬੱਸ ਹੀ ਸਾਮ ਨੂੰ ਚੱਲਦੀ ਸੀ ਤਾਂ ਕੋਈ ਜੇ ਲੇਟ ਹੋ ਜਾਵੇ ਤਾਂ ਇਸ ਸਰਾਂ ਵਿਚ ਠਹਿਰ ਜਾਂਦਾ ਸੀ । ਸਰਾਂ ਬਣਨ ਸਮੇਂ ਦਾ ਹੀ ਇਕ ਟੀਨ ਦਾ ਬਣਿਆ ਬਲੈਕ ਬੋਰਡ ਧਰਮਸ਼ਾਲਾ ਦੀ ਮੁੱਖ ਡਿਊੜੀ ਵਿਚ ਲਟਕਦਾ ਹੈ। ਉਸ ਸਮੇਂ ਦੀ ਪ੍ਰਚੱਲਤ ਜ਼ੁਬਾਨ ਉਰਦੂ ਵਿਚ ਸਰਾਂ ਵਿਚ ਠਹਿਰਨ ਦੀਆਂ ਸ਼ਰਤਾਂ ਇਸ ਪ੍ਰਕਾਰ ग्रुः-
- ਕੋਈ ਵੀ ਮੁਸਾਫਿਰ ਤਿੰਨ ਦਿਨ ਤੋਂ ਵਧ ਨਹੀਂ ਠਹਿਰ ਸਕਦਾ।
- ਧਰਮਸ਼ਾਲਾ ਅੰਦਰ ਸ਼ਰਾਬ ਪੀਣਾ ਜਾਂ ਪੀ ਕੇ ਆਉਣਾ ਮਨਾ ਹੈ।
- ਖਤਰਨਾਕ ਬਿਮਾਰੀ ਵਾਲੇ ਰੋਗੀਆਂ ਨੂੰ ਨਹੀਂ ਠਹਿਰਣ ਦਿੱਤਾ ਜਾਵੇਗਾ।
- ਜੇ ਕੋਈ ਮੁਸਾਫਰ ਆਪਣੇ ਕਮਰੇ ਨੂੰ ਤਾਲਾ ਲਾ ਕੇ ਵਾਪਸ ਨਾ ਆਵੇ ਤਾਂ ਪੰਜ ਦਿਨ ਬਾਅਦ ਪੁਲਿਸ ਨੂੰ ਇਤਲਾਅ ਕਰਕੇ ਕਮਰੇ ਦਾ ਤਾਲਾ ਤੋੜ ਦਿੱਤਾ ਜਾਵੇਗਾ।
ਇਸ ਸਰਾਂ ਵਿਚ 25 ਕਮਰੇ ਸਨ। ਇਸ ਸਮੇਂ ਹਾਲਤ ਇਹ ਹੈ ਕਿ ਸਾਰੇ ਪਾਸੇ ਗੰਦ ਪਿਆ ਹੋਇਆ ਹੈ। ਆਲੇ-ਦੁਆਲੇ ਦੇ ਦੁਕਾਨਦਾਰਾਂ ਪਾਸ ਪਿਸਾਬ ਕਰਨ ਲਈ ਕੋਈ ਹੋਰ ਥਾਂ ਨਹੀਂ ਤੇ ਉਹ ਸਭ ਧਰਮਸ਼ਾਲਾ ਦੀ ਡਿਊੜੀ ਦੀਆਂ ਦੋਨਾਂ ਪਾਸਿਆਂ ਦੀਆਂ ਨਾਲੀਆਂ ਵਿਚ ਪਿਸ਼ਾਬ ਕਰਦੇ ਹਨ। ਕਾਂਗਰਸ ਕਮੇਟੀ ਦਫਤਰ ਵਾਲੇ ਇਥੋਂ ਹੀ ਲੰਘ ਕੇ ਉੱਪਰ ਆਪਣੇ ਦਫਤਰ ਨੂੰ ਜਾਂਦੇ ਹਨ। ਅਫਸੋਸ ਹੈ ਕਿ ਚੰਗੀ-ਭਲੀ ਸਰਾਂ ਇਕ ਗੰਦ ਦਾ ਢੇਰ ਬਣ ਗਈ ਹੈ। ਅੰਦਰ ਵਿਹੜੇ ਵਿਚ ਜਿਹੜਾ ਮਰਜ਼ੀ ਸਾਈਕਲ ਜਾਂ ਸਕੂਟਰ ਖੜ੍ਹਾ ਕਰ ਸਕਦਾ ਹੈ । ਕੋਈ ਰੋਕਣ ਵਾਲਾ ਨਹੀਂ।
ਭਰਵਾਈਂ ਅੱਡੇ ਵਾਲੀ ਸਰਾਂ
ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੇ ਨਾਲ ਹੀ ਭਰਵਾਈਂ ਨੂੰ ਜਾਣ ਵਾਲੀਆਂ ਬੱਸਾਂ ਦਾ ਅੱਡਾ ਹੁੰਦਾ ਸੀ। ਇਸ ਅੱਡੇ ਦੇ ਨਾਲ ਹੀ ਕਿਸੇ ਦਾਨੀ ਪੁਰਸ਼ ਭਗਵਾਨ ਦਾਸ ਨੇ ਇਹ ਸਰਾਂ ਬਣਵਾਈ ਸੀ। ਹੁਸ਼ਿਆਰਪੁਰ ਸ਼ਹਿਰ ਦੇ ਸਾਰੇ ਬੱਸ ਅੱਡੇ ਇਕ ਜਗ੍ਹਾ ਕਰਨ ਨਾਲ ਇਹ ਅੱਡਾ ਬੇਅਬਾਦ ਹੋ ਗਿਆ। ਸਰਾਂ ਦੀ ਹਾਲਤ ਨਾ ਰਹਿਣਯੋਗ ਹੈ। ਹੇਠਾਂ ਰਿਕਸ਼ੇ ਵਾਲੇ ਗੰਦ ਵਿਚ ਹੀ ਰਹਿ ਰਹੇ ਹਨ। ਕੋਈ ਸਫਾਈ ਸੇਵਕ ਨਹੀਂ। ਉੱਪਰਲੀ ਮੰਜ਼ਿਲ ‘ਤੇ ਸ਼ਹਿਰ ਦੇ ਪਟਵਾਰੀ ਦਾ ਦਫਤਰ ਹੈ, ਉਹ ਵੀ ਪਤਾ ਨਹੀਂ ਨੱਕ ‘ਤੇ ਰੁਮਾਲ ਰੱਖ ਕੇ ਉੱਪਰ ਨੂੰ ਪੌੜੀਆਂ ਚੜ੍ਹਦਾ ਹੋਵੇਗਾ। ਇਹ ਸਰਾਂ ਆਮ ਲੋਕਾਂ ਲਈ ਬੰਦ ਹੈ। ਮੁੱਖ ਗੇਟ ‘ਤੇ ਇਕ ਬੋਰਡ ਲੱਗਾ ਹੋਇਆ ਹੈ।
ਪ੍ਰਾਈਵੇਟ ਪ੍ਰਾਪਰਟੀ
ਰਮੇਸ਼ ਕੁਮਾਰ ਮਾਇਰ ਪੁੱਤਰ ਯੋਗਰਾਜ ਮਾਇਰ
ਸਟੇਸ਼ਨ ਰੋਡ, ਹੁਸ਼ਿਆਰਪੁਰ ।
ਗਣੇਸ਼ ਦੇਵੀ ਧਰਮਸ਼ਾਲਾ
ਗਊਸ਼ਾਲਾ ਬਜ਼ਾਰ ਵਿਚ ਜਿਸ ਥਾਂ ‘ਤੇ ਦਸੂਹਾ, ਮੁਕੇਰੀਆਂ ਦਾ ਬੱਸ ਅੱਡਾ ਹੁੰਦਾ ਸੀ, ਦੇ ਨੇੜੇ ਹੀ ਇਹ ਧਰਮਸ਼ਾਲਾ ਸੀ। ਇਸ ਸਮੇਂ ਇਸ ਨੂੰ ਦੁਕਾਨਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਗਊਸ਼ਾਲਾ ਵਾਲੀ ਧਰਮਸ਼ਾਲਾ
ਦਸੂਹੇ ਵਾਲੇ ਬੱਸ ਅੱਡੇ ਸਾਹਮਣੇ ਗਊਸ਼ਾਲਾ ਦੀ ਇਕ ਵੱਡੀ ਬਿਲਡਿੰਗ ਹੈ। ਇਸ ਵਿਚ ਵੀ ਕੁਝ ਕਮਰੇ ਮੁਸਾਫਰਾਂ ਦੀ ਰਿਹਾਇਸ਼ ਲਈ ਹੁੰਦੇ ਹਨ। ਅੱਜਕੱਲ੍ਹ ਗਊ ਤਾਂ ਕੋਈ ਦਿਸਦੀ ਨਹੀਂ, ਪਤਾ ਲੱਗਾ ਹੈ ਕਿ ਗਊਆਂ ਲਈ ਸ਼ਹਿਰ ਤੋਂ ਬਾਹਰ ਜਗ੍ਹਾ ਬਣਾਈ ਗਈ ਹੈ। ਇਸੇ ਗਊਸ਼ਾਲਾ ਦੇ ਨਾਂਅ ‘ਤੇ ਹੀ ਬਾਜ਼ਾਰ ਦਾ ਨਾਂਅ ਗਊਸ਼ਾਲਾ ਬਾਜ਼ਾਰ ਪਿਆ ਹੋਇਆ ਹੈ। ਅੰਦਰ ਦੇ ਕਮਰੇ ਦੁਕਾਨਦਾਰਾਂ ਨੂੰ ਗੁਦਾਮ ਦੇ ਤੌਰ ‘ਤੇ ਮਾਲ ਰੱਖਣ ਲਈ ਦਿੱਤੇ ਹੋਏ ਹਨ।
ਲਛਮਣ ਦਾਸ ਸੂਦ ਧਰਮਸ਼ਾਲਾ
ਲਛਮਣ ਦਾਸ ਸੂਦ ਵਲੋਂ ਇਹ ਧਰਮਸ਼ਾਲਾ ਗਊਸ਼ਾਲਾ ਬਾਜ਼ਾਰ ਤੋਂ ਥੋੜਾ ਹੱਟ ਕੇ ਮਈ 1914 ਵਿਚ ਬਣਾਈ ਗਈ। ਇਸ ਅੰਦਰ 60 ਕਮਰੇ ਹਨ। ਸ਼ਹਿਰ ਦੀ ਸਭ ਤੋਂ ਵੱਡੀ ਤੇ ਵਧੀਆ ਧਰਮਸ਼ਾਲਾ ਹੈ। ਇਸ ਦਾ ਪ੍ਰਬੰਧ ਇਕ ਟਰੱਸਟ ਪਾਸ ਹੈ, ਜਿਨ੍ਹਾਂ ਠਾਕੁਰ ਕੁਲਦੀਪ ਸਿੰਘ ਡਡਵਾਲ ਨੂੰ ਇਸ ਦੇ ਮੈਨੇਜਰ ਸੰਨ 1989 ਵਿਚ ਨਿਯੁਕਤ ਕੀਤਾ। ਠਾਕੁਰ ਕੁਲਦੀਪ ਸਿੰਘ ਦੀ ਯੋਗਤਾਈ ਕਰਕੇ ਇਹ ਧਰਮਸ਼ਾਲਾ ਅੱਜ ਤੱਕ ਠੀਕ ਹਾਲਤ ਵਿਚ ਕਾਇਮ ਹੈ। ਸਫਾਈ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ। ਕੁਝ ਸਾਲ ਪਹਿਲਾਂ ਕਮਰਿਆਂ ਦੀਆਂ ਛੱਤਾਂ ਦੇ ਬਾਲੇ ਖਰਾਬ ਹੋ ਗਏ ਸਨ ਤਾਂ ਠਾਕੁਰ ਸਾਹਿਬ ਨੇ ਟਰੱਸਟ ਵਾਲਿਆਂ ਦੀ ਸਹਿਮਤੀ ਨਾਲ ਇਕ-ਇਕ ਦੋ-ਦੋ ਕਮਰਿਆਂ ਦੀਆਂ ਛੱਤਾਂ ‘ਤੇ ਲੈਂਟਰ ਪੁਆਉਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਪੈਸਾ ਵੀ ਆਉਣ ਲੱਗਾ ਤੇ ਇਸ ਵੇਲੇ ਸਾਰੇ ਕਮਰਿਆਂ ‘ਤੇ ਲੈਂਟਰ ਦੀਆਂ ਛੱਤਾਂ ਹਨ। ਟਰੱਸਟ ਦੇ ਮੈਂਬਰਾਂ ਵਿਚ ਅਣਬਣ ਹੋਣ ਨਾਲ ਇਕ ਵਾਰੀ ਤਾਲੇ ਵੀ ਲੱਗ ਗਏ ਸਨ, ਪਰ ਕੁਝ ਸੂਝਵਾਨ ਮੈਂਬਰਾਂ ਨੇ ਸੁਲ੍ਹਾ-ਸਫਾਈ ਕਰਾ ਦਿੱਤੀ। ਸ਼ਹਿਰ ਵਿਚ ਬਾਹਰੋਂ ਆਏ ਵਪਾਰੀ, ਸੇਲਜ਼ਮੈਨ ਜਾਂ ਚਿੰਤਪੁਰਨੀ ਜਾਂ ਜਵਾਲਾਮੁਖੀ ਨੂੰ ਜਾਣ ਵਾਲੇ ਤੀਰਥ ਯਾਤਰੀ ਇਸ ਸਰਾਂ ਵਿਚ ਠਹਿਰਦੇ ਹਨ।
ਗੁਰਦੁਆਰਾ ਭਾਈ ਜੋਗਾ ਸਿੰਘ
ਗੁਰਦੁਆਰਾ ਭਾਈ ਜੋਗਾ ਸਿੰਘ ਦੀ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਯਾਤਰੀਆਂ ਦੀ ਰਿਹਾਇਸ਼ ਲਈ ਕੁਝ ਨਵੇਂ ਕਮਰੇ ਬਹੁਤ ਹੀ ਆਲ੍ਹਾ ਬਣਾਏ ਹਨ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਇਨ੍ਹਾਂ ਕਮਰਿਆਂ ਲਈ ਖੁੱਲ੍ਹੇ ਦਿਲ ਨਾਲ ਮਾਇਆ ਦਿੱਤੀ ਹੈ। ਯਾਤਰੀਆਂ ਦੇ ਰਾਤ ਰਹਿਣ ਲਈ ਇਸ ਤੋਂ ਵਧੀਆ ਜਗ੍ਹਾ ਇਸ ਸ਼ਹਿਰ ਵਿਚ ਨਹੀਂ ਹੈ। ਕਿਰਾਇਆ ਵੀ ਨਾ-ਮਾਤਰ ਹੀ ਲਿਆ ਜਾਂਦਾ ਹੈ।
ਪਿੱਪਲਾਂ ਵਾਲੇ ਦੀ ਸਰਾਂ
ਪਿੰਡ ਪਿੱਪਲਾਂ ਵਾਲਾ, ਜੋ ਹੁਸ਼ਿਆਰਪੁਰ ਸ਼ਹਿਰ ਦਾ ਹੀ ਹਿੱਸਾ ਬਣ ਗਿਆ ਹੈ, ਭਾਵੇਂ ਕਿ ਸਰਕਾਰੀ ਤੌਰ ‘ਤੇ ਇਹ ਸ਼ਹਿਰ ਤੋਂ ਬਾਹਰ ਇਕ ਪਿੰਡ ਹੈ। ਇਹ ਪਿੰਡ ਹੁਸ਼ਿਆਰਪੁਰ ਤੋਂ ਜਲੰਧਰ ਨੂੰ ਜਾਣ ਵਾਲੀ ਸੜਕ ‘ਤੇ ਸ਼ਹਿਰ ਤੋਂ ਬਾਹਰ ਇਕ ਮੀਲ ‘ਤੇ ਹੈ। ਇਸ ਪਿੰਡ ਦੇ ਸਰਦਾਰ ਸ਼ੇਰ ਸਿੰਘ ਨੇ ਆਪਣੀ ਦਸਵੰਧ ਦੀ ਕਮਾਈ ਨਾਲ ਮੁਸਾਫਰਾਂ ਦੀ ਸਹੂਲੀਅਤ ਲਈ ਮੁੱਖ ਸੜਕ ‘ਤੇ ਇਹ ਦੋ ਮੰਜ਼ਲੀ ਸਰਾਂ ਸੰਨ 1934 ਵਿਚ ਬਣਵਾਈ ਸੀ। ਉਸ ਸਮੇਂ ਜਲੰਧਰ ਤੋਂ ਪਹਾੜ ਵੱਲ ਨੂੰ ਸਾਮਾਨ ਦੀ ਢੋਆ- ਢੁਆਈ ਗੱਡਿਆਂ ਨਾਲ ਹੁੰਦੀ ਸੀ। ਬਲਦਾਂ ਨੂੰ ਸ਼ਹਿਰ ਵਿਚ ਰੱਖਣਾ ਔਖਾ ਸੀ, ਇਸ ਲਈ ਬਹੁਤੇ ਗੱਡਿਆਂ ਵਾਲੇ ਇਸ ਸਰਾਂ ਦੇ ਨੇੜੇ-ਨੇੜੇ ਸੜਕ ‘ਤੇ ਹੀ ਗੱਡੇ ਛੱਡ ਕੇ ਅਰਾਮ ਕਰਦੇ ਸਨ, ਹੋਰ ਵੀ ਚਿੰਤਪੁਰਨੀ ਅਤੇ ਜਵਾਲਾਮੁਖੀ ਦੇ ਤੀਰਥ ਯਾਤਰੀ ਇਸ ਸਰਾਂ ਵਿਚ ਰੁਕਦੇ ਸਨ। ਸ੍ਰੀ ਸ਼ੇਰ ਸਿੰਘ ਸੋਹਲ ਦਾ ਜਨਮ ਸੰਨ 1878 ਵਿਚ ਹੋਇਆ। ਪਹਿਲਾਂ ਉਹ ਰੇਲਵੇ ਵਿਚ ਭਰਤੀ ਹੋ ਗਏ। ਸੰਨ 1910 ਵਿਚ ਇੰਗਲੈਂਡ ਜਾ ਕੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ। ਸ੍ਰੀ ਕੇਸਗੜ੍ਹ ਸਾਹਿਬ ਦੀ ਉਸਾਰੀ ਸਮੇਂ ਵੀ ਸ੍ਰੀ ਸ਼ੇਰ ਸਿੰਘ ਮੁੱਖ ਸਲਾਹਕਾਰ ਸਨ। ਉਨ੍ਹਾਂ ਦਾ ਦੇਹਾਂਤ ਸੰਨ 1955 ਵਿਚ ਹੋਇਆ।
Credit – ਵਾਸਦੇਵ ਸਿੰਘ ਪਰਹਾਰ