ਪੁਰਾਤੱਤਵ ਬੇਹਾਂ ਦਾ ਪਿੰਡ : ਡੁਮੇਲੀ
ਬਾਬਰ ਦੀ ਹੱਡ-ਬੀਤੀ ਤੁਜਕ ਏ-ਬਾਬਰੀ ਅਤੇ ਫਾਰਸੀ ਦੇ ਹੋਰਨਾਂ ਸਰੋਤਾਂ ਵਿੱਚ ਡੁਮੇਲੀ ਦਾ ਜ਼ਿਕਰ ਇਸ ਗੱਲ ਦੀ ਗਵਾਹੀ ਹੈ ਕਿ ਉਹਨੀਂ ਦਿਨੀਂ ਇਹ ਇੱਕ ਸੁਪ੍ਰਸਿੱਧ ਨਗਰ ਹੋਵੇਗਾ।
ਕਿਸੇ ਵੇਲੇ ਦੀ ਕਪੂਰਥਲਾ ਰਿਆਸਤ ਦਾ ਸੀ ਇਹ ਜ਼ੈਲ ਪਿੰਡ, ਜੋ ਹੁਣ ਹੁਸ਼ਿਆਰਪੁਰ-ਫਗਵਾੜਾ ਉੱਤੇ ਤਕਰੀਬਨ ਅੱਧ-ਵਿਚਕਾਰ ਅੱਡਾ ਅਹਿਰਾਣਾ ਜੱਟਾਂ ਦੀ ਲਹਿੰਦੀ ਬਾਹੀ ਤੋਂ ਦੋ ਕੁ ਮੀਲ ਦੂਰ ਵੱਸਦਾ ਹੈ। ਇੱਕੋ ਇੱਕ ਸੰਪਰਕ ਸੜਕ ਸਿੱਧੀ ਸਪਾਟ ਜਲੰਧਰ ਨੂੰ ਹੋ ਤੁਰਦੀ ਹੈ। ਤਹਿਸੀਲ ਫਗਵਾੜਾ ਦੇ ਜਲੰਧਰ-ਹੁਸ਼ਿਆਰਪੁਰ ਹੱਦਾਂ ਉੱਤੇ ਵੱਸਦੇ ਆਖਰੀ ਪਿੰਡਾਂ ਸਮੇਤ ਪੈਂਦਾ ਇਹ ਹੁਣ ਵੀ ਕਪੂਰਥਲਾ ਜ਼ਿਲੇ ‘ਚ ਹੀ ਹੈ। ਇੱਥੋਂ ਦੇ ਜੰਮਪਲ ਮਸ਼ਹੂਰ ਵਿਗਿਆਨਿਕ ਇਤਿਹਾਸਿਕਾਰ ਡਾ. ਬਖਸ਼ੀਸ਼ ਸਿੰਘ ਨਿੱਜਰ ਦੀ ਸੰਸਾਰ ਪ੍ਰਸਿੱਧ ਖੋਜ ਪੁਸਤਕ ‘ਹਿਸਟਰੀ ਆਫ ਦੀ ਬੱਬਰ ਅਕਾਲੀ’ ਢੇਰ ਚਿਰ ਪਹਿਲਾਂ ਖੜ੍ਹੀ ਸੀ। ਇਸੇ ਪਿੰਡ ਦੇ ਇੱਕ ਰਾਮਗੜ੍ਹੀਏ ਠੇਕੇਦਾਰ ਖੇਮ ਸਹੁੰ ਦੀ ਖੇਤਾਂ ਬੇਲਿਆਂ ਵਿਚਲੀ ਕੋਠੀ, ਜਿੱਥੋਂ ਬੱਬਰ ਅਕਾਲੀ ਦੇਸ਼ ਭਗਤਾਂ ਦੀ ਕਦੇ ਡਾਕ ਚੱਲਦੀ ਸੀ, ਦੇ ਸਾਕਾਰ ਦਰਸ਼ਨਾਂ ਅਤੇ ਇਸੇ ਪਿੰਡ ਦੇ ਹੋਰ ਦੇਸ਼ ਭਗਤਾਂ ਦੀਆਂ ਪੈੜਾਂ ਨੱਪਣ ਹਿੱਤ ਜਦ ਇਤਿਹਾਸ ਦੀਆਂ ਪੈੜਾਂ ਇਸ ਪਿੰਡ ਲੈ ਵੜੀਆਂ ਤਾਂ ਉਸ ਦੇ ਬੇਹਾਂ, ਖੋਲਿਆਂ ਅਤੇ ਪੁਰਾਤੱਤਵੀ ਬਣਤਰ ਨੇ ਇਸ ਦੇ ਉਗਮਨ ਹੋਣ ਦਾ ਖੁਰਾ-ਖੋਜ ਨੱਪਣ ਲਈ ਉੱਕੇ ਰੁਕ ਖੜਨ ਲਈ ਮਜਬੂਰ ਕਰ ਦਿੱਤਾ। ਪੁਰਾਤਤਵ ਸੋਮੇ ਇਸ ਦੇ ਇਤਿਹਾਸ ਨੂੰ ਮਹਾਂਭਾਰਤ ਦੇ ਯੁੱਗ ਤੋਂ ਵੀ ਪਿਛਾਂਹ ਲਿਜਾ ਖੜਦੇ ਹਨ। ਇਤਿਹਾਸਿਕ-ਮਿਥਿਹਾਸਿਕ ਤ੍ਰੈ-ਗਤ ਲਿਖਿਤ ਅਨੁਸਾਰ ਜਦ ਸਮਰਾਟ ਜਲੰਧਰ ਦੈਂਤ ਦਾ ਰਾਜ ਮੁਲਤਾਨ ਤੋਂ ਹਿਮਾਚਲੀ ਕੰਦਰਾਂ ਤੱਕ ਤੇ ਫਿਰ ਹੋਰ ਅਗਾਂਹ ਕਸ਼ਮੀਰ ਦੇ ਦਰਿਆ ਤੱਕ ਫੈਲਿਆ ਹੋਇਆ ਸੀ ਤਾਂ ਸ਼ਿਵਾਲਕੀ ਪਹਾੜੀਆਂ ਦੇ ਅਧੀਨ ਕਬੀਲੇ ਸਰਦਾਰ ਉਸ ਦੀ ਹਾਜ਼ਰੀ ਭਰਨ ਪਹਾੜੋਂ ਉੱਤਰ ਬਰਾਸਤਾ ਜੈਜੇਂ- ਡੁਮੇਲੀ ਜਲੰਧਰ ਪਹੁੰਚਦੇ ਸਨ। ਦੰਦ ਕਥਾਵਾਂ ਦੱਸਦੀਆਂ ਹਨ ਕਿ ਡੁਮੇਲੀ ਉਦੋਂ ਵੀ ਘੁੱਗ ਵੱਸਦਾ ਸੀ।
ਡੁਮੇਲੀ ਬੇਹਾਂ ਦਾ ਪਿੰਡ ਹੀ ਨਹੀਂ ਬਲਕਿ ਅਜੋਕਾ ਡੁਮੇਲੀ ਖੁਦ ਇੱਕ ਥੇਹ ਉੱਤੇ ਵਾਕਿਆ ਹੈ। ਕਿਸੇ ਵੀ ਕਾਰਨ ਜਦ ਵੀ ਪਿੰਡ ਵਾਲੇ ਥੇਹ ਦਾ ਢਿੱਡ ਫਰੋਲਿਆ ਗਿਆ ਤਾਂ ਪੁਰਾਤਨ ਸਮਿਆਂ ਵਿੱਚ ਮੌਠਾਂ ਦੀ ਉਸਾਰੀ ਲਈ ਵਰਤੀਆਂ ਜਾਣ ਵਾਲੀਆਂ ਸਤਯੁੱਗੀ ਇੱਟਾਂ ਸਮੇਤ ਸਮਰਾਟ ਚੰਦਰ ਗੁਪਤ ਮੋਰੀਆ (320-185 ਈ. ਪੂਰਬੀ) ਦੇ ਸਮੇਂ ਦੀਆਂ ਸਿੱਲ ਇੱਟਾਂ ਵੀ ਮਿਲੀਆਂ। ਭਾਵੇਂ ਸਮੇਂ ਦੇ ਗੇੜ ਨਾਲ ਇਸੇ ਕਾਰਨ ਇਹ ਪਿੰਡ ਖਾਕ-ਏ-ਬੁਰਦ ਹੋ ਗਿਆ ਸੀ, ਪਰ ਫਿਰ ਵੀ ਸੱਤ-ਅੱਠ ਹੱਥ ਡੂੰਘੀਆਂ ਦੱਬ ਹੋਈਆਂ ਕਰਮੀ-ਧਰਮੀ ਵਸਤੂਆਂ ਸਮੇਤ ਚਹੁਮੁਖੀਏ ਦੀਵੇ, ਮੌਰੀਆ ਕਾਲ ਦੀ ਖੂਹੀ, ਪੁਰਾਣੇ ਸਿੱਕੇ ਢਾਲਿਆਂ ਦਾ ਮਿਲਣਾ ਇਸ ਪਿੰਡ ਨੂੰ 22-23 ਸਦੀਆਂ ਪਿੱਛੇ ਨੂੰ ਲੈ ਟੁਰਦੇ ਹਨ।
ਇੱਕ ਹੋਰ ਥੇਹ ਹੈ ਡੁਮੇਲੀ ਤੋਂ ਮੁਸਾਪੁਰ ਨੂੰ ਜਾਂਦੇ ਰਾਹ ਉੱਤੇ। ਨਾਂਅ ਤਾਂ ਇਸ ਦਾ ਬੇਸ਼ੱਕ ‘ਫਲਾਹੀ ਵਾਲਾ ਜਾਂ ਬੋਹੜਾਂ ਵਾਲਾ ਥੇਹ” ਹੈ, ਪਰ ਬਹੁਤੇ ਇਸ ਨੂੰ ਡੁਮੇਲੀ-ਮੂਸਾਪੁਰ ਵਿਚਕਾਰਲਾ ਥੇਹ ਆਖਦੇ ਹਨ। ਇਸ ਥੇਹ ਦੀਆਂ ਲੱਭਤਾਂ ਇਸ ਨੂੰ ਲਖੂਖਾ ਵਰ੍ਹੇ ਇਸ ਤੋਂ ਪੁਰਾਣੇ ਪੱਥਰ ਯੁੱਗ ‘ਚ ਸੁੱਟਦੀਆਂ ਹਨ। ਉਂਜ ਡੁਮੇਲੀ ਵਾਲੇ ਥੇਹ ਦੀ ਉਪਰਲੀ ਨਿਸ਼ਾਨਦੇਹੀ ਇਸ ਤੋਂ ਵੀ ਪੁਰਾਤਨ ਸਿੱਧ ਕਰਦੀ ਹੈ। ਪਰ ਪੱਥਰ ਯੁੱਗ ਵੱਲ ਤੋਰਦੇ ਇਸ ਥੇਹ ਦੀ ਪੁੱਟ-ਪੁਟਾਈ ਸਮੇਂ ਪੱਥਰ ਦੇ ਕੁਹਾੜੇ, ਛੈਣੀਆਂ, ਹਥੌੜੇ, ਚਾਕੂ-ਛੁਰੀਆਂ, ਤੀਰਾਂ-ਭਲਿਆਂ ਦੀਆਂ ਪਥਰੀਲੀਆਂ ਨੋਕਾਂ ਮਿਲੇ। ਉਂਜ ਮਿਲੇ ਇਥੇ ਕਿਤੇ ਮਗਰਲੇ ਕਾਲ ਦੇ ਆਟਾ ਗੁੰਨ੍ਹਣ ਵਾਲੇ ਪਰਾਤੜੇ ਵੀ ਉੱਖਲ-ਘੋਟਣੇ ਅਤੇ ਹੱਥ ਚੱਕੀਆਂ ਵੀ। ਇਸੇਥੇਹ ਵਿੱਚੋਂ ਮਿੱਟੀ ਦੇ ਭਾਂਡੇ, ਠੀਕਰੀਆਂ, ਸ਼ਿਵ ਪਾਰਵਤੀ ਦਾ ਨੰਦੀ-ਠਾਕੁਰ ਅਤੇ ਮਹਾਂਪਾਰਤੀ ਕਾਲ ਦੇ ਗੁਲੇਲੇ ‘ਚ ਵਰਤੇ ਜਾਣ ਵਾਲੇ ਭੱਠੀ ਪਕਾਏ ਹੋਏ ਗੋਲ-ਗੋਪੀਏ ਵੀ ਮਿਲੇ। ਠੀਕਰੀਆਂ ਦੀ ਮੀਨਾਕਾਰੀ ਸ਼ਿਲਪੀਆਂ ਦੀ ਮੁਹਾਰਤ ਨੂੰ ਦਰਸਾਉਂਦੀ ਹੈ। ਖੇਤੀ ਵਿੱਚ ਪੱਧਰਾਈ-ਪੁਟਾਈ ਸਮੇਂ ਬਹੁਤ ਹੀ ਪ੍ਰਾਚੀਨ ਪਿੰਡਾਂ ਦੇ ਘਰਾਂ ਦੀਆਂ ਛੇ ਤੋਂ ਅੱਠ ਫੁੱਟ ਚੌੜੀਆਂ ਭਿੱਤ-ਕੰਧਾਂ ਵੀ ਮਿਲੀਆਂ ਸਨ। ਕਰੜੀਆਂ-ਮਜ਼ਬੂਤ ਇਹ ਐਡੀਆਂ ਸਨ ਕਿ ਲੋਹੇ ਦੀਆਂ ਮਜ਼ਬੂਤ ਛੜਾਂ, ਸੱਬਲਾਂ ਨੂੰ ਵੀ ਦਿਨ ‘ਚ ਕਈ ਵਾਰ ਚੰਡਣਾ-ਤਰਾਸ਼ਣਾ ਪੈਂਦਾ ਸੀ। ਪੂਰੀ ਚੰਡੀ ਹੋਈ ਮਜ਼ਬੂਤ ਕਹੀ ਵੀ ਮਸਾਂ ਪੋਟਾ ਕੁ ਹੀ ਟੱਕ ਪਾ ਸਕਦੀ।
ਹੁਣ ਵਾਲੀ ਡੁਮੇਲੀ ਦੇ ਅੱਧ ਕੁ ਮੀਲ ਦੂਰ ਉੱਤਰੀ ਲਹਿੰਦੀ ਗੁੱਠੇ ਲੁਟੇਰੇ ਮਹੱਦੀਪੁਰ ਕੰਨੀ ਇੱਕ ਹੋਰ ਜਾਗੋ ਆਵੇ ਨਾਂਅ ਦਾ ਥੇਹ ਸਥਿਤ ਹੈ। ਸੰਨ 1934 ‘ਚ ਜਦ ਇਥੇ ਖੂਹ ਦਾ ਪਾੜ ਪੁੱਟਿਆ ਗਿਆ ਤਾਂ ਥੋੜ੍ਹੀ ਡੂੰਘਾਈ ਉਪਰੰਤ ਹੀ ਸਮਰਾਟ ਅਸ਼ੋਕ ਸਮੇਂ ਦੀ ਪੱਕੀ ਖੂਹੀ ਮਿਲੀ। ਇਸ ਖੂਹੀ ਦੀਆਂ ਅਜੇ ਵੀ ਸੁਰੱਖਿਅਤ ਪਈਆਂ ਇੱਟਾਂ ਬਾਤ ਪਾਉਂਦੀਆਂ ਹਨ ਕਿ ਢਾਈ ਕੁ ਹਜ਼ਾਰ ਸਾਲ ਪਹਿਲਾਂ ਵੱਸੋਂ ਇੱਥੇ ਵੀ ਘੁੱਗ ਵੱਸਦੀ ਹੋਵੇਗੀ। ਇਸੇ ਥੇਹ ਦੇ ਚੜ੍ਹਦੇ ਪਾਸੇ ਮੀਲ ਦਾ ਚੌਥਾ ਕੁ ਹਿੱਸਾ ਦੂਰ ਪਈਆਂ ਠੀਕਰੀਆਂ ਦੱਸਦੀਆਂ ਹਨ ਕਿ ਆਬਾਦੀ ਲੰਬੂਤਰੇ ਦਾਅ ਡੁਮੇਲੀ ਦੇ ਵਿਚਕਾਰਲੇ ਥੇਹ ਵੱਲ ਨੂੰ ਸੀ।
ਅਜੜਾਮ ਅਤੇ ਸੰਘੋਲ ਦੇ ਪੁਰਾਤੱਤਵੀ ਪਿਛੋਕੜ ਵਾਂਗ ਬਹੁਤੇ ਤੱਥ ਇਸ਼ਾਰਾ ਕਰਦੇ ਹਨ ਕਿ ਇਹ ਨਗਰ ਛੇ ਕੁ ਹਜ਼ਾਰ ਵਰ੍ਹੇ ਪਹਿਲਾਂ ਵੀ ਬੁਲੰਦੀਆਂ ‘ਤੇ ਸੀ। ਪਿੰਡ ਦੇ ਜਾਏ ਪੁਰਾਤੱਤਵੀ ਇਤਿਹਾਸਿਕਾਰ ਡਾ. ਨਿੱਜਰ ਦਾ ਕਹਿਣਾ ਹੈ ਕਿ ਡੁਮੇਲੀ ਖੇੜੇ ਦਾ ਇਤਿਹਾਸ ਮਹਾਂਭਾਰਤ ਤਾਂ ਕੀ, ਰਾਮਾਇਣ ਕਾਲ ਤੋਂ ਵੀ ਪੁਰਾਣਾ ਹੈ। ਉਨ੍ਹਾਂ ਅਨੁਸਾਰ ਖੇੜੇ ਦਾ ਪਿਛੋਕੜ ਭਾਰਤ ਵਿੱਚ ਆਰੀਆ ਲੋਕਾਂ ਦੇ ਆਉਣ ਤੋਂ ਕਿਤੇ ਪਹਿਲਾਂ ਦਾ ਹੈ। ਪੁਰਾਣੀਆਂ ਲੱਭਤਾਂ ਪੱਥਰ ਯੁੱਗ ਨੂੰ ਕਲਾਵੇ ਵਿੱਚ ਲੈਂਦੀਆਂ ਹਨ। ਅੱਧ ਪੱਕੀਆਂ ਇੱਟਾਂ ਜੋ ਹਿੰਦੂ ਧਰਮ ਤੋਂ ਵੀ ਪਹਿਲਾਂ ਅਧਿਆਤਮਵਾਦੀ ਸਥਾਨਾਂ ਦੀ ਤਾਮੀਰ ਲਈ ਵਰਤੀਆਂ ਜਾਂਦੀਆਂ ਸਨ, ਮੁਤਾਬਕ ਇਹ ਤੱਥ ਕਿਆਸ ਅਰਾਈਆਂ ਉੱਤੇ ਨਹੀਂ, ਬਲਕਿ ਨਿੱਗਰ ਸਬੂਤਾਂ ‘ਤੇ ਅਧਾਰਿਤ ਹਨ।
ਪਿੰਡ ਦਾ ਨਾਂਅ ਅਤੇ ਮੁੱਢ ਬੱਝਣ ਬਾਰੇ ਪੀੜ੍ਹੀ-ਦਰ-ਪੀੜ੍ਹੀ ਤੁਰੀਆਂ ਆਉਂਦੀਆਂ ਕਈ ਦੰਦ-ਕਥਾਵਾਂ ਹਨ, ਜਿਹਨਾਂ ਵਿੱਚੋਂ ਕਈ ਇਤਿਹਾਸਿਕ-ਵਿਗਿਆਨਿਕ ਕਸਵੱਟੀ ਉੱਤੇ ਖਰਾ ਨਹੀਂ ਉੱਤਰਦੀਆਂ। ਉਨ੍ਹਾਂ ਨੂੰ ਲਿਖਣ ਨਾਲੋਂ ਉਹ ਇਤਿਹਾਸਿਕ ਹਵਾਲੇ ਦੇਣੇ ਜ਼ਿਆਦਾ ਠੀਕ ਹਨ, ਜੋ ਤਵਾਰੀਖ ਨਾਲ ਮੇਲ ਖਾਂਦੇ ਹਨ। ਨਗਰ ਦਾ ਨਾਂਅ ਮੁੱਢ ਤੋਂ ਹੀ ਡੁਮੇਲੀ ਸੀ ਜਾਂ ਪਿੰਡ ਦਾ ਨਾਂਅ ਸਾਦਰ ਹੋਣ ਵੇਲੇ ਪਿਆ, ਇਸ ਬਾਰੇ ਪੱਕੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਕੁਝ ਬਜ਼ੁਰਗਾਂ ਦਾ ਕਹਿਣਾ ਹੈ ਕਿ ਇੱਕ ਕਦੇ ਭਾਰਤ ਦੀ ਮੁੱਢ-ਕਦੀਮੀਂ ਨਸਲਾਂ ਵਿੱਚੋਂ ਇੱਕ ਭੂਮ ਜਾਤੀ (ਦਰਾਵੜ-ਨਾਆਰੀਆਂ) ਕਸਦੀ ਸੀ। ਪਿੰਡ ਦਾ ਨਾਂਅ ਕੁਝ ਵੀ ਹੋਵੇ, ਲੋਕ ਡਮਾਵਾਲੀ ਜ਼ਰੂਰ ਆਹਦੇ ਹੋਣਗੇ। ਆਰੀਆ ਦੇ ਆਗਮਨ ਉਪਰੰਤ (1000-1500 ਈ: ਪੂਰਬੀ) ਆਪਸੀ ਸੰਘਰਸ਼ਾਂ ਅਤੇ ਆ ਹਮਲਿਆਂ (3500-4500 ਸਾਲ ਪਹਿਲਾਂ) ਵੇਲੇ ਇਹ ਜਾਤੀ ਪਾਨਾਸਦੇਸ਼ ਹੋ ਗਈ, ਪਰ ‘ਦਾ ਨਾਂਅ ਘੁਮਾਵਾਲੀ ਲੀ ਤੋਂ ਵਿਗੜਦਾ-ਸੰਵਰਦਾ ਡੁਮੇਲੀ ਬਣ ਗਿਆ। ਇਤਿਹਾਸਿਕ ਪਰਿਪੇਖ ‘ਚ ਇਹ ਸੱਚ ਵੀ ਜਾਪਦਾ ਹੈ ਕਿ ਕਿਉਂਕਿ ਹਾਰੀ ਹੋਈ ਕ੍ਰਮ ਜਾਤੀ ਉੱਤਰੀ ਭਾਰਤ ਤੋਂ ਹੀ ਪ੍ਰਸਥਾਨ ਕਰਕੇ ਦੱਖਣ-ਪੱਛਮੀ ਭਾਰਤ ਵੱਲ ਗਈ ਸੀ। ਮਹਾਰਾਸ਼ਟਰ ਵੱਲ ਵੀ ਇਹ ਬੇਹੱਦ ਪੱਛੜੀ ਜਾਤ ਅੱਜ ਵੀ ਉਜਰਤੀ ਘੁਮੱਕੜਤਾ ਵਿੱਚ ਹੈ।
ਇਕ ਕਥਨ ਇਹ ਵੀ ਹੈ ਕਿ ਸਤਲੁਜ ਤੇ ਬਿਆਸ ਕਦੇ, ਨੇੜੇ-ਨੇੜੇ ਵੱਗਦੇ ਵਹਿੰਦੇ ਇੱਥੇ ਕੁ ਹੀ ਧਾਹ-ਗਲਵੱਕੜੀ ਪਾਉਂਦੇ ਸਨ। ਸਮੇਂਦੇ ਵਹਿਣ ਨਾਲ ਦਰਿਆ ਥਾਂ ਬਦਲਦ ਰਹਿੰਦੇ ਹਨ। ਭੂਗੋਲਿਕ ਅਤੇ ਜਲ-ਸਰਵੇ ਸਿੱਧ ਕਰਦੇ ਹਨ ਕਿ ਸਤਲੁਜ ਜੋ ਕਦੇ ਬਠਿੰਡੇ ਨਾਲ ਖਹਿ ਕੇ ਵਗਦਾ ਸੀ, ਉੱਥੋਂ ਰੋਪੜ ਲੁਧਿਆਣੇ ਵੱਲ ਤੁਰਨ ਸਮੇਂ ਰਾਹ ਵਿੱਚ ਪ੍ਰਾਚੀਨ ਬੇਹੀ ਪਿੰਡ ਸੰਘੋਲ ਨੂੰ ਕਾਫੀ ਸਮਾਂ ਗਲਵਕੜੀ ਪਾਈ ਬੈਠਾ ਰਿਹਾ। ਬਿਆਸ ਜੋ ਕਰ ਬਜਵਾੜਾ ਨਾਲ ਕਲੋਲਾਂ ਕਰਦਾ ਸੀ, ਕੁਝ ਸਮਾਂ ਅਜੜਾਮ ਪੇਹ ਨੂੰ ਕਲਾਵੇ ‘ਚ ਲਈ ਬੈਠਾ ਰਿਹਾ। ਫੇਰ ਦਸੂਹੇ ਕੰਨੀ ਖਿਸਕ ਗਿਆ, ਜਦ ਵੀ ਕਦੇ ਸਰਲੁਜ ਨੇ ਇਧਰ ਨੂੰ ਮੂੰਹ ਭੁਆਇਆ ਹੋਵੇਗਾ ਤੇ ਇਸ ਨੇ ਨਸਰਾਲਾ-ਅਜਰਾਮ ਨਾਲ ਅਠਖੇਲੀਆਂ ਕਰਦੀ ਕਰਾਉਂਦੀ ਬਿਆਸ ਨਦੀ ਨੂੰ ਡੁਮੇਲੀ ਦੇ ਲਾਗੇ-ਚਾਗੇ ਹੀ ਆਪਣੇ ਕਲਾਵੇ ‘ਚ ਲਿਆ ਹੋਵੇਗਾ। ਭੂਗੋਲਿਕ ਜਲਮੰਡਲੀ ਤਵਾਰੀਖ ਅਨੁਸਾਰ ਹੋ ਸਕਦਾ ਉਹ ਇਹਨਾਂ ਦਰਿਆਵਾਂ ਦੀਆਂ ਸਹਾਇਕ ਨਦੀਆਂ ਦਾ ਮੇਲ ਹੋਵੇ ਕਿਸੇ ਵੀ ਵੇਲੇ ਦੀਆਂ ਦੋ ਦਰਿਆਵਾਂ ਜਾਂ ਨਦੀਆਂ ਦੇ ਮੇਲ ਤੋਂ ਦੋ ਮੇਲੀ ਅਤੇ ਫੇਰ ਝੁਮੇਲੀ ਬਣ ਗਿਆ ਹੋਵੇਗਾ। ਇੱਕ ਕਨਸੋਅ ਇਹ ਹੈ ਕਿ ਸਹਾਇਕ ਨਦੀਆਂ ਜਾਂ ਬਰਸਾਤੀ ਨਾਲਿਆਂ ਦੇ ਪਾਣੀਆਂ ਨਾਲ ਇੱਥੇ ਬਹੁਤ ਵੱਡੇ ਟੋਏ (ਮ) ਪੈ ਗਏ ਸਨ, ਜਿਸ ਕਰਕੇ ਇਸ ਪੇੜੇ ਦਾ ਨਾਂਅ ਹੀ ਡੁੱਮਾ ਤੋਂ ਡੂਮਾਵਾਲੀ ਅਤੇ ਫਿਰ ਡੁਮੇਲੀ ਪੈ ਗਿਆ।
ਜਿੱਥੇ ਕੌਮੀ ਅਤੇ ਜਾਤੀ ਵਿਸ਼ਲੇਸ਼ਣ ਡੂਮ ਜਾਤ ਵੱਲ ਇਸ਼ਾਰਾ ਕਰਦੇ ਹਨ, ਉੱਥੇ ਡੁਮੇਲੀ ਅਤੇ ਇਸ ਦੇ ਆਲੇ-ਦੁਆਲੇ ਦਾ ਭੂਗੋਲਿਕੀ ਸਰਵੇਖਣ ਇਹ ਸਿੱਧ ਕਰਦਾ ਹੈ ਕਿ ਇਹ ਖਿੱਤਾ ਜ਼ਰੂਰ ਹੀ ਜਲਥਲ ਹੁੰਦਾ ਰਿਹਾ ਹੋਵੇਗਾ। ਜਿਸ ਕਰਕੇ ਦੋ-ਮੇਲ ਜਾਂ ਡੁੱਮਾਵਾਲਾ ਤੋਂ ਡੁਮੇਲੀ ਵਾਲੀ ਗੱਲ ਜ਼ਿਆਦਾ ਠੀਕ ਜਾਪਦੀ ਹੈ। ਦੋਵਾਂ ਦਰਿਆਵਾਂ ਜਾਂ ਸਹਾਇਕ ਨਦੀਆਂ ਦੇ ਸਬੂਤ ਅਜੇ ਵੀ ਮਿਲਦੇ ਹਨ। ਖੂਹਾਂ ਦੇ ਪਾੜ ਪੁੱਟਣ ਵੇਲੇ ਕੋਈ ਵੀਹ-ਤੀਹ ਹੱਥ ਡੂੰਘੇ ਕਿਤੇ-ਕਿਤੇ ਚੱਪੂਆਂ ਸਮੇਤ ਬੇੜੀਆਂ ਦੀਆਂ ਪੱਚਰਾਂ, ਮੱਛੀਆਂ ਫੜਨ ਵਾਲੀਆਂ ਵਸਤਾਂ ਅਤੇ ਦਰਿਆਈ ਰੇਤ ਵੀ ਮਿਲਦੀ ਹੈ। ਸਮੇਂ-ਸਮੇਂ ਮਿਲੇ ਵੱਡ ਅਕਾਰੀ ਮੱਛੀਆਂ ਤੇ ਮਗਰਮੱਛਾਂ ਦੇ ਪਿੰਜਰ ਵੱਡੇ ਜਲਮਾਂ ਦਾ ਇਸ਼ਾਰਾ ਦਿੰਦੇ ਹਨ।
ਯੁੱਗਾਂ-ਯੁਗਾਂਤਰਾਂ ਤੋਂ ਵਿਸ਼ੇਸ਼ ਪ੍ਰਸਥਿਤੀਆਂ ਤਹਿਤ ਅਜਿਹਾ ਪ੍ਰਸਥਾਨ ਸਾਲਾਂ-ਬੱਧੀ ਹੁੰਦਾ ਵਾਪਰਦਾ ਰਿਹਾ। ਡੁਮੇਲੀ ਦੇ ਆਦਿ ਵਾਸ਼ਿੰਦਿਆਂ ਦੀਆਂ ਪਿਛਲੇਰੀਆਂ ਪੀੜ੍ਹੀਆਂ ਕਿੱਧਰ ਮਰ ਖਪ ਗਈਆਂ। ਇੱਥੋਂ ਹੋਰ ਕਿਹੜੇ ਖਿੱਤਿਆਂ ਨੂੰ ਦੂਰ ਵਿਸਰ ਗਈਆਂ? ਉਨ੍ਹਾਂ ਮੋਇਆਂ-ਵਿਸਰਿਆਂ ਬਾਰੇ ਨਿੱਠ ਕੇ ਖੋਜ ਕਰਨ ਦੀ ਲੋੜ ਹੈ, ਪ੍ਰੰਤੂ ਵਸੋਂ ਬਣਤਰ ਅਨੁਸਾਰ ਆਖਰੀ ਵਾਰ ਅਤੇ ਇਸ ਰੂਪ ‘ਚ ਇਸ ਦੀ ਮੋਹੜੀ ਨਿੱਝਰ ਜੱਟਾਂ ਨੇ ਹੀ ਗੱਡੀ। ਨਿੱਝਰ ਜੱਟਾਂ ਦੀ ਇੱਥੇ ਮੁਕੰਮਲ ਬਹੁਤਾਤ ਹੈ। ਮੌਜੂਦਾ ਡੁਮੇਲੀ ਦੇ ਮੁੱਢਲੇ ਵਾਸ਼ਿੰਦਿਆਂ ਬਾਰੇ ਇੱਕ ਅਖੌਤ ਹੈ-
“ਨਿੱਝਰ ਜੱਟ, ਮੰਨਣ ਬ੍ਰਾਹਮਣ, ਨਿੰਭ ਚਮਾਰ ਤੇ ਝੱਲੀ ਘੁਮਿਆਰ।” ਅਰਥਾਤ ਜਦ ਨਿੱਝਰ ਜੱਟ ਆਪਣੇ ਇੱਕ ਯੋਧੇ ਬਾਬਾ ਰਾਣਾ ਦੀ ਕਮਾਨ ਹੇਠ ਇੱਥੇ ਆਏ ਤਾਂ ਉਨ੍ਹਾਂ ਨਾਲ ਰਾਜਸਥਾਨ ਨਾਲ ਲੱਗਦੇ ਪਿਛਲੇ ਪਿੰਡ ਨਿਜਰੋਲੀਆਂ ਤਹਿਸੀਲ ਬੱਲਭਗੜ੍ਹ (ਦਿੱਲੀ ਪ੍ਰਾਂਤ) ਤੋਂ ਉਨ੍ਹਾਂ ਦੇ ਪ੍ਰੋਹਿਤ ਮੰਨਣ ਬ੍ਰਾਹਮਣਾਂ ਸਮੇਤ ਕਾਮੇ ਬਿੰਬ ਆਦਿਧਰਮੀ ਅਤੇ ਸ਼ਿਲਪੀ ਝੱਲੀ ਘੁਮਿਆਰ ਵਗੈਰਾ ਵੀ ਇਧਰ ਆਏ ਸਨ। ਜਿਨ੍ਹਾਂ ਨਿੱਝਰ ਜੱਟ ਬਾਬਾ ਰਾਣਾ ਦੀ ਅਗਵਾਈ ਹੇਠ ਇਸ ਬੇ-ਚਰਾਗ ਹੋਏ ਪਿੰਡ ਦੇ ਗੁੱਲ ਦੀਵੇ ਨੂੰ ਫਿਰ ਰੁਸ਼ਨਾਇਆ।
ਜਾਤੀ-ਨਸਲੀ ਸਰਵੇਖਣਾਂ ਅਨੁਸਾਰ ਨਿੱਝਰ ਜੱਟਾਂ ਦੇ ਮੱਧ ਏਸ਼ੀਆ ਦੇ ਸ਼ੁੱਕਸਤਾਨ ਖੇਤਰ ਤੋਂ ਆਏ ਆਰੀਅਨ ਕਬੀਲੇ ਦੇ ਇੰਡੋ ਸਿਥੀਅਨ ਵੰਸ਼ ਦੇ ਇੱਕ ਛੋਟੇ ਪਰ ਪੁਰਾਣੇ ਕਬੀਲੇ ਦਾ ਗੋਤ ਹੈ। ਨਿੱਝਰ ਗੋਤ ਨਾਲ ਰਲਦੇ-ਮਿਲਦੇ ਗੋਤ ਦੇ ਲੋਕ ਮੱਧ ਏਸ਼ੀਆ ਵਿੱਚ ਹੁਣ ਵੀ ਹਨ। ਯੂਰਪ, ਆਸਟਰੇਲੀਆ ਆਦਿ ਮੁਲਕਾਂ ‘ਚ ਕੁਝ ਨਸਲਾਂ ਵਿੱਚ ਨਿੱਝਰ ਗੋਤ ਪਾਇਆ ਜਾਂਦਾ ਹੈ। ਹੋ ਸਕਦਾ ਹੈ ਕਿ ਕੁਝ ਉਧਰ ਨੂੰ ਚਲੇ ਗਏ ਹੋਣ। ਕੁਝ ਇਤਿਹਾਸਿਕਾਰਾਂ ਦਾ ਮੰਨਣਾ ਹੈ ਕਿ ਭਾਰਤੀ ਖਿੱਤੇ ‘ਚ ਨਿੱਝਰ ਹਲਾਕੂ ਅਤੇ ਚੰਗੇਜ਼ ਖਾਂ ਦੀਆਂ ਫੌਜਾਂ ਨਾਲ ਆਏ ਸਨ। ਜੱਟ ਭਾਰਤ ਦੇ ਮੂਲ ਵਾਸ਼ਿੰਦੇ ਨਹੀਂ। ਮਜਬੂਰੀਵੱਸ ਸਮੇਂ ਦੀਆਂ ਹਾਲਤਾਂ ਤਹਿਤ ਇਹ ਲੋਕ ਵੀ ਰਾਜਸਥਾਨ ਸਿੰਧ ਰਾਹੀਂ ਮਨਾ ਦੇ ਪੁਰਬ ਵੱਲੋਂ ਹੁੰਦੇ ਹੋਏ ਦੁਆਬੇ ਵਿੱਚ ਆਏ। ਪਿਛਲਾ ਪਿਛੋਕੜ ਇਹਨਾਂ ਨੂੰ ਕਿਤੇ-ਕਿਤੇ ਭੱਟੀ ਰਾਜਪੂਤਾਂ ਅਤੇ ਯਾਦਵਾਂ ਰਾਹੀਂ ਮਹਾਂਭਾਰਤੀ ਕ੍ਰਿਸ਼ਨ ਦੇ ਸ਼ਾਹੀ ਪਰਿਵਾਰਾਂ ਥਾਣੀਂ ਚੰਦਰ ਵੰਸ਼ੀ ਕੁੱਲਾਂ ਨਾਲ ਜੋੜ ਦਿੰਦਾ ਹੈ। ਕੁਝ ਸੁਨਿਆਰਿਆਂ, ਖੱਤਰੀਆਂ ਅਤੇ ਆਦਿਧਰਮੀਆਂ ਦਾ ਗੋਤ ਵੀ ਨਿੱਝਰ ਹੈ। ਸ਼ਾਇਦ ਅਜਿਹਾ ਕਿੱਤਾ ਤਬਦੀਲੀ ਜਾਂ ਕਬੀਲਾ-ਗੁਲਾਮੀ ਕਾਰਨ ਵਾਪਰਿਆ ਹੋਵੇ। ਪਿਛਲੇ ਪਿੰਡ ਨਿਜਰੋਲੀਆਂ ਦੇ ਵਸਨੀਕ ਅਜੇ ਵੀ ਰਾਜਪੂਤ ਕਹਾਉਂਦੇ ਹਨ, ਹੋ ਸਕਦਾ ਹੈ ਕਿ ਕਿਸੇ ਨਿੱਝਰ ਨਾਮੀ ਸ਼ਖ਼ਸ ਜਾਂ ਨਿੱਝਰ ਅੱਲ ਵਾਲੇ ਸੁਰਮੇ ਨੇ ਹੀ ਉਹ ਪਿੰਡ ਵਸਾਇਆ ਹੋਵੇ। ਉਨ੍ਹਾਂ ਦੀਆਂ ਤੰਦਾਂ ਆਰੀਆਂ-ਰਾਜਪੂਤਾਂ ਨਾਲ ਜਾ ਮਿਲਦੀਆਂ ਹਨ। ਫਿਰ ਉਸੇ ਨਿਜਰੋਲੀਆਂ ਤੋਂ ਨਿੱਝਰ ਤਖ਼ੱਲਸ ਲੈ ਕੇ ਤੁਰਦੀ ਇੱਕ ਧਿਰ ਨਿੱਝਰ ਜੱਟ ਅਖਵਾ, ਇਧਰ ਆ ਆਬਾਦ ਹੋਈ ਹੋਵੇ। ਤਵਾਰੀਖ ਬੋਲਦੀ ਹੈ ਕਿ ਮੁਹੰਮਦ ਗੋਰੀ ਦੇ ਹਮਲੇ (1000 ਈ.) ਸਮੇਂ ਨਿੱਝਰ ਜੱਟ ਹੋਰ ਜੱਟ ਕਬੀਲਿਆਂ ਵਾਂਗ ਪੰਜਾਬ ਵਿੱਚ ਆਬਾਦ ਹੋ ਚੁੱਕੇ ਸਨ। ਇਹ ਲੜਾਕੇ ਕਿਸਾਨ ਕਬੀਲੇ ਕਹਾਉਂਦੇ ਸਨ। ਪੁਰਾਣੇ ਪੰਜਾਬ ਦਾ ਬੀਕਾਨੇਰ ਤਾਂ ਵਸਾਇਆ ਹੀ ਬੀਕਾ ਨਿੱਝਰ ਨੇ ਸੀ? ਮਹਾਂ ਪੰਜਾਬ ਦੀ ਹੁਣ ਵਾਲੀ ਹਰਿਆਣਾ ਸਟੇਟ ਵਿੱਚ ਖਿੰਡਰੇ ਰੂਪ ‘ਚ ਅਤੇ ਪਾਕਿਸਤਾਨੀ ਪੰਜਾਬ ਤੋਂ ਬਿਨਾਂ ਨਿੱਝਰ ਜੱਟ ਬੱਝਵੇਂ ਰੂਪ ‘ਚ ਜਲੰਧਰ-ਕਪੂਰਥਲਾ ਜ਼ਿਲ੍ਹਿਆਂ ਵਿੱਚ ਅਤੇ ਇੱਕ ਹੱਦ ਤੀਕ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਆਬਾਦ ਹਨ। ਭਾਰਤੀ ਪੰਜਾਬ ਵਿੱਚ ਨਿੱਝਰ ਨਾਂਅ ਦੇ ਕੁਝ ਪਿੰਡ ਹਨ, ਜਿਨ੍ਹਾਂ ਵਿਚੋਂ ਪੰਡੋਰੀ ਨਿੱਝਰਾਂ ਬਹੁਤ ਮਸ਼ਹੂਰ ਹੈ, ਜਿੱਥੇ ਦੇ ਸਾਰੇ ਜੱਟਾਂ ਦਾ ਗੋਤ ਵੀ ਨਿੱਝਰ ਹੀ ਹੈ। ਡੁਮੇਲੀ ਪਿੰਡ ਦੇ ਸਾਰੇ ਜੱਟ ਵੀ ਨਿੱਝਰ ਹੀ ਹਨ। ਇੱਕ ਕਥਾ ਇਹ ਵੀ ਹੈ ਕਿ ਡੁਮੇਲੀ ਦੇ ਨਿੱਝਰ ਆਏ ਹੀ ਪੰਡੋਰੀ ਨਿੱਝਰਾਂ ਤੋਂ ਸਨ। ਇਸ ਗੱਲ ਦੀ ਪੁਖ਼ਤਗੀ ਦਾ ਕਾਰਨ ਇਹ ਬਣਦਾ ਹੈ ਕਿ ਇੱਥੋਂ ਦੀ ਇੱਕ ਭਾਰੂ ਧਿਰ ਗੰਗਤ ਆਦਿ ਧਰਮੀ ਜਿਸ ਦਾ ਪਿਛੋਕੜ ਪੰਡੋਰੀ ਨਿੱਝਰਾਂ ਲਾਗਵਾਂ ਪਿੰਡ ਖੁਰਦਪੁਰ ਹੈ, ਵੀ ਉੱਥੋਂ ਹੀ ਇੱਥੇ ਨੂੰ ਆਏ ਸਨ।
ਇਸ ਨਗਰ ‘ਚ ਕੋਈ ਹੋਰ ਵੱਸਦਾ ਸੀ ਜਾਂ ਨਿੱਝਰ ਜੱਟਾਂ ਨੇ ਕਿਸੇ ਨੂੰ ਦਬਕਾਅ ਭਜਾ ਕੇ ਕਬਜ਼ਾ ਕੀਤਾ ਜਾਂ ਕੀ ਇਹ ਉੱਜੜਿਆ ਬੇਹੀ ਮੁੜ ਜੰਗਲ ਬੇਲਾ ਬਣ ਚੁੱਕਾ ਸੀ? ਤਵਾਰੀਖ ਅਨੁਸਾਰ ਮੁਸਲਮਾਨਾਂ ਦੇ ਰਾਜ ਸਮੇਂ ਨਾਰੂ ਰਾਜਪੂਤ ਮੁਸਲਿਮਾਂ ਦਾ ਇਸ ਇਲਾਕੇ ‘ਚ ਪੁਰਾ ਬੋਲਬਾਲਾ ਸੀ। ਪੀੜ੍ਹੀ ਦਰ ਪੀੜ੍ਹੀ ਤੁਰੀ ਆਉਂਦੀ ਗੱਲ ਅਨੁਸਾਰ ਬੇ-ਆਬਾਦ ਹੋ ਚੁੱਕਿਆ ਇਹ ਖਿੱਤਾ ਵੀ ਉਨ੍ਹਾਂ ਦੀ ਸਰਦਾਰੀ ਹੇਠ ਸੀ, ਜਿੱਥੇ ਉਹ ਸ਼ਿਕਾਰ ਖੇਡਣ ਅਤੇ ਚੋਹਲ ਮੋਹਲ ਕਰਨ ਆਉਂਦੇ। ਕਰਿੰਦੇ ਉਨ੍ਹਾਂ ਦੇ ਇੱਥੇ ਵੱਗ ਚਾਰਦੇ। ਜਦ ਨਿੱਝਰ ਜੱਟ ਦਿੱਲੀ ਪ੍ਰਾਂਤ ਵਲੋਂ ਉੱਠ ਕੇ ਕਈ ਵਰ੍ਹੇ ਰਾਹ ‘ਚ ਗੁਜ਼ਰ ਵਸਰ ਕਰਦੇ ਇੱਥੇ ਪਹੁੰਚੇ ਤਾਂ ਨਾਰ ਮੁਸਲਮਾਨਾਂ ਇਸ ਸ਼ਰਤ ਉਤੇ ਉਨ੍ਹਾਂ ਨੂੰ ਮੁਕਾਮ ਕਰਨ ਦੀ ਆਗਿਆ ਦੇ ਦਿੱਤੀ ਕਿ ਉਹ ਉਨ੍ਹਾਂ ਦੇ ਹੁੱਕੇ ਪਾਣੀ ਲਈ ਅੱਗ ਬਲਦੀ ਰੱਖਣਗੇ। ਖੂਹੀ ਨੂੰ ਪਾਣੀ ਧਾਣੀ ਲਈ ਚਾਲੂ ਕਰਨਗੇ, ਹੋਰ ਟਹਿਲ ਸੇਵਾ ਵੱਖਰੀ। ਤਖੀਏ ਹੇਠਲੀ ਜਲੀ ਹੋਈ ਮਿੱਟੀ ਅਤੇ ਪੁਰਾਤਨ ਮੰਦਰੀ ਖੁਹੀ ਇਸ ਗੱਲ ਦੀ ਸ਼ਾਹਦੀ ਭਰਦੀ ਹੈ। ਹੋਰ ਕਈ ਵਗਾਰਾਂ ਵੀ ਡੁਮੇਲੀ ਵਾਲਿਆਂ ਨੂੰ ਝੱਲਣੀਆਂ ਪੈਂਦੀਆਂ ਸਨ।
ਕਿਤੇ ਮਗਰੋਂ ਜਾ ਕੇ ਲੜਾਈਆਂ-ਭੜਾਈਆਂ ਉਪਰੰਤ ਹੀ ਇਹ ਪਿੰਡ ਧੜਵੈਲ ਮੁਸਲਿਮ ਦਾਬੇ ਤੋਂ ਮੁਕਤ ਹੋ ਸਕਿਆ। ਕਥਾ-ਕਹਾਣੀਆਂ ਇਸ ਬਾਰੇ ਵੀ ਅੱਡ ਅੱਡ ਪ੍ਰਚੱਲਤ ਹਨ। ਮਾੜੀ ਘੋੜੀ ਜਾਤ ਦੀ ਤਾਂ ਗੱਲ ਹੀ ਛੱਡੋ, ਮੁਸਲਮਾਨੀ ਦਾਬੇ ਅਤੇ ਸ਼ਰ੍ਹਾ ਦੇ ਵਹਾਅ ਹੇਠ ਜੱਟ ਵੀ ਸੁਲਤਾਨੀਏ ਬਣ ਗਏ ਸਨ, ਵੇਲੇ ਦੇ ਵਹਾਅ ਹੇਠ ਮਹਾਜਨੀ ਜਾਤਾਂ ਵੀ। ਦਰਅਸਲ ਸੰਨ 1846 ਈ. ਵਿੱਚ ਜਦ ਗੁਰੂ ਹਰ ਗੋਬਿੰਦ ਜੀ ਮਾਝੇ ਬਿਆਸ ਦਾ ਨੌਸ਼ਹਿਰਾ ਪੱਤਣ ਟੱਪ ਕੇ ਦੁਆਬੇ ਦੇ ਬੋਦਲਾਂ ਭੂੰਗਾ ਡਰੋਲੀ ਕਲਾਂ ਡੁਮੇਲੀ ਰਾਹੀਂ ਫਗਵਾੜੇ (ਫੱਗੂ ਦਾ ਵਾੜਾ) ਵੱਲ ਗਏ ਤਾਂ ਡੁਮੇਲੀ ਵਾਲਿਆਂ ਵੱਲੋਂ ਮੁਗਲ ਧਾੜਵੀਆਂ ਵਿਰੁੱਧ ਮੁਹੱਈਆ ਕਰਵਾਈ ਸੁਰੱਖਿਆ ਛੱਤਰੀ ਕਾਰਨ ਉਹ ਕੁਝ ਦੇਰ ਇੱਥੇ ਅਟਕੇ। ਸੁਲਤਾਨੀਏ ਜੱਟ ਇੰਜ ਖਾੜਕੂ ਸਿੱਖ ਮੱਤ ਵੱਲ ਮੁੜੇ। ਖਾਲਸਾ ਪੰਥ ਦੀ ਸਿਰਜਣਾ (1699 ਈ.)ਉਪਰੰਤ ਜਦ ਉਨ੍ਹਾਂ ਤੰਬਾਕੂ ਹੁੱਕੇ ਤੋਂ ਇਤਰਾਜ਼ ਜਤਾਇਆ ਤਾਂ ਸਰਨਾਵੇਂ ਆਦਿ ਦੇ
ਮੁਸਲਿਮ ਰਾਜਪੂਤ ਤਾਂ ਮੋਕ ਮਾਰ ਗਏ ਪਰ ਮੇਹਟੀਆਣੀਏ ਆਦਿ ਦੇ ਰੰਘੜੇਊ ਮੁਕਾਬਲੇ’ਤੇ ਆ ਨਿੱਤਰੇ। ਕੁਝ ਤਜਰਬੇਕਾਰਾਂ ਦੀ ਅਗਵਾਈ ਹੇਠ ਡੁਮੇਲੀ ਦੇ ਹਰ ਜਾਤ ਧਰਮ ਦੇ ਗੱਭਰੂਟਾਂ ਨੇ ਰਿਵਾਇਤੀ ਹਥਿਆਰਾਂ ਨਾਲ ਗੁਜਰਾਤਾਂ ਤੇ ਮੀਰਪੁਰ ਦੇ ਬਸੀਮਿਆਂ ਉੱਤੇ ਉਨ੍ਹਾਂ ਨਾਲ ਦਸਤਪੰਜਾ ਲਿਆ। ਵੱਢ ਟੁੱਕ ਤਾਂ ਇਧਰਲਿਆਂ ਦੀ ਵੀ ਹੋਈ, ਪਰ ਬਹੁਤਾ ਨੁਕਸਾਨ ਅੜਬੈੜ ਮੁਸਲਿਮਾਂ ਦਾ ਹੋਇਆ। ਮਾਰੇ ਗਿਆਂ ਨੂੰ ਭੈਰਾਂਵਾਲੀ ਹਾਰ ਵਿੱਚ ਸਮੂਹਿਕ ਦਫ਼ਨਾ ਦਿੱਤਾ ਗਿਆ।
ਕੰਨੋ-ਕੰਨੀਂ ਤੁਰੀ ਆਉਂਦੀ ਇੱਕ ਘੁਸਰ-ਮੁਸਰ ਹੋਰ ਵੀ ਹੈ। ਧੜਵੈਲ ਮੁਸਲਮਾਨ ਇਹਨਾਂ ਲੋਕਾਂ ਤੋਂ ਵਗਾਰ ਵਜੋਂ ਕਬਰਾਂ ਵੀ ਪੁਟਾਉਂਦੇ ਸਨ। ਪੱਕੇ ਪੈਰ ਬੱਝ ਜਾਣ ਉੱਤੇ ਆਕੀ ਹੋਏ ਇੱਥੋਂ ਦੇ ਲੋਕਾਂ ਨੇ ਇੱਕ ਘੁਣਤਰੀ ਚਾਲ ਚੱਲੀ। ਕੁਝ ਦਲੇਰ ਮੁੱਛ-ਫੁੱਟ, ਯੁਕਤੀ ਛੜੇ-ਛਟਾਕਾਂ ਦੀ ਛਤਰ-ਛਾਇਆ ਹੇਠ ਟੁਲ ਬੰਨ੍ਹ ਕੇ ਮੇਹਟੀਆਣੇ ਖਨੋੜੇ ਦੇ ਆਗੂ ਮੁਸਲਮਾਨਾਂ ਪਾਸ ਜਾ ਅਰਜ਼ ਗੁਜ਼ਾਰੀ ਮਿਲਖਾਂ ਵਾਲਿਓ! ਆ ਰਹੀ ਫਸਲੀ ਰੁੱਤੇ ਅਸੀਂ ਕੰਮੀਂ ਧੰਦੀਂ ਰੁੱਝ ਜਾਣਾ ਹੈ। ਜੇ ਚਾਹਵੇਂ ਤਾਂ ਕਬਰਾਂ ‘ਚ ਲੱਤਾਂ ਵਾਲਿਆਂ ਲਈ ਹੁਣੇ ਹੀ ਟੋਏ ਪੁਟਾ ਲਵੋ।” ਇਸੇ ਗੱਲ ਤੋਂ ਇੱਟ ਖੜਿੱਕਾ ਹੋ ਗਿਆ, ਪਰ ਦੱਸਣ-ਮੂਜਬ ਸਹਿਜਭਾਵੀ ਹੋਈ ਇਸ ਗੱਲ ਤੋਂ ਸਹਿਮਤ ਹੋਏ ਡੰਗੋਰੀ ਫੜੀ ਬੈਠੀ ਬੁੱਢੜਨੇਰਿਆਂ ਦੀ ਲਾਮ ਆਪੋ ਆਪਣੀ ਮੇਚ ਦੀ ਕਬਰ ਪਟਾਉਣ ਲਈ ਮੁੰਡੀਰ ਮਗਰ ਹੋ ਤੁਰੀ। ਕੁਝ ਤਮਾਸ਼ਬੀਨ ਅਤੇ ਛੋਕਰਬਾਧਾ ਵੀ ਪਿੱਛੇ ਲੱਗ ਗਿਆ। ਟੋਏ ਪੁਟਦਿਆਂ ਪੁਟਦਿਆਂ, ਮੇਚਾਂ ਲੈਣ-ਦੇਣ, ਡੂੰਘ ਡੂੰਘਾਈ ਨਾਪਣ ਦੀ ਆਪੋ ਧਾਪੀ ‘ਚ ਪੈਂਦੀ ਸੱਟੇ ਡੁਮੇਲੀ ਵਾਲਿਆਂ ਅਜਿਹੇ ਆਹੂ ਲਾਹੇ ਕਿ ਅੱਧ-ਪਚੱਧੇ ਮਰੇ ਮਰਾਤਿਆਂ ਨੂੰ ਹਾਲ ਪਾਹਰੋਂ ਕਰਦਿਆਂ ਨੂੰ ਵੀ ਉਨ੍ਹਾਂ ਕਬਰਾਂ ‘ਚ ਦੱਬ ਘੱਪ ਦਿੱਤਾ।
ਅਸਲ ਗੱਲ ਜੋ ਦਿਲ ਨੂੰ ਜ਼ਿਆਦਾ ਟੁੰਬਦੀ ਹੈ ਕਿ ਭਲੇ ਵੇਲਿਆਂ ‘ਚ ਵੀ ਅਕਸਰ ਹੀ ਮੇਲੇ ਮੁਸਾਬਿਆਂ ਉੱਤੇ ਕਦੇ ਹੱਦ ਬਸੀਮੇ ਕਾਰਨ, ਕਦੇ ਮਾਲ ਡੰਗਰ ਜਾਂ ਚਰਾਂਦਾ ਪਿੱਛੇ ਅਤੇ ਕਦੇ ਵੱਧ ਭੋਇੰ ਨੱਪਣ ਦੀ ਮਨਸ਼ਾ ਕਾਰਨ ਆਮ ਹੀ ਗੁਆਂਢੀ ਪਿੰਡਾਂ ਦਾ ਡਾਂਗ ਸੋਟਾ ਚੱਲਦਾ ਰਹਿੰਦਾ। ਕੱਲ੍ਹ ਤੇਰੀ ਤੇ ਅੱਜ ਮੇਰੀ ਵਾਲੀ ਗੱਲ ਹੋਈ ਰਹਿੰਦੀ।
ਅਕਬਰ ਬਾਦਸ਼ਾਹ ਪਹਿਲਾਂ ਮਾਲਕੀ ਹੱਦਾਂ ਅਤੇ ਪਿੰਡਾਂ ਦੀਆਂ ਜੂਹਾਂ ਦੇ ਝਗੜੇ ਝੇੜੇ ਆਮ ਹੀ ਸਨ। ਥੋੜ੍ਹੇ ਬਹੁਤੇ ਫਰਕ ਨਾਲ ਇਹ ਗੋਰਿਆਂ ਦੇ 1884 ਸੰਨ ਵਾਲੇ ਦੂਸਰੇ ਬੰਦੋਬਸਤ ਕਾਨੂੰਨ ਤੱਕ ਵੀ ਜਾਰੀ ਰਹੇ। ਡੁਮੇਲੀ ਵਾਲੇ ਅਤੇ ਗੁਆਂਢੀ ਮੁਸਲਿਮ ਪਿੰਡ ਵੀ ਇਸ ਗੱਲੋਂ ਅਪਵਾਦ ਹੀ ਨਹੀਂ ਸਨ, ਬਲਕਿ ਆਲੇ-ਦੁਆਲੇ ਦੀ ਭਰਵੀਂ ਮੁਸਲਿਮ ਵੱਸੋਂ ਦੇ ਰਾਠ ਚੌਧਰੀਆਂ ਕਾਰਨ ਇਹ ਉਨ੍ਹਾਂ ਦੇ ਦਾਬੇ ਹੇਠ ਵੀ ਸਨ। ਸਿੱਖ ਮਿਸਲਾਂ ਦੇ ਉਥਾਨ ਵੇਲੇ ਸਮੇਂ ਨੇ ਅਜਿਹੀ ਕਰਵੱਟ ਲਈ ਕਿ ਡੁਮੇਲੀ ਵਾਲਿਆਂ ਦੀ ਲੱਤ ਉੱਤੇ ਹੋ ਗਈ। ਹੱਦ-ਬੰਨੇ ਤੇ ਬਸੀਮੇ ਪੱਕੇ-ਪੈਰੀਂ ਕਰ ਦਿੱਤੇ ਗਏ। ਸਹੀ ਮਾਅਨਿਆਂ ‘ਚ ਰਕਬਾ। 672 ਹੈਕਟੇਅਰ ਦੀ ਮਾਲਕੀ ਤੇ ਹੱਦਬਸਤ ਨੰਬਰ 82 ਵਾਲੀ ਇਸ ਡੁਮੇਲੀ ਦੀ ਅਸਲ ਜੂਹਬੰਦੀ ਉਦੋਂ ਕੁ ਹੀ ਹੋਈ। ਹੌਲੀ-ਹੌਲੀ ਸਭ ਸਹਿਜ ਹੋ ਗਿਆ। ਦੋਵੇਂ ਧਿਰਾਂ ਆਪੋ ਆਪਣੀ ਜੂਹ ‘ਚ ਸੁੱਖੀਂ ਸਾਂਦੀਂ ਵਸਣ ਲੱਗੀਆਂ। ਆਪੋ ਆਪਣੇ ਰੰਗ ‘ਚ ਮਸਤ। ਫਿਰ ਵੀ ਸੰਨ 1852 ਦੇ ਪਹਿਲੇ ਜ਼ਮੀਨੀ ਬੰਦੋਬਸਤ ਤਹਿਤ ਮਾਲ ਰਿਕਾਰਡ ਵਿੱਚ “ਵਜ੍ਹਾ ਤਸਮੀਹਾਂ ਦੇਹ” ਅਨੁਸਾਰ ਉਸ ਵੇਲੇ ਦੇ ਵੱਡੇ ਦਾ ਨਾਂਅ ਮਨਸੂਰ ਹੀ ਦਰਜ ਹੈ। ਮੁਸਲਮਾਨੀ ਨਾਂਅ ਜਿਹਾ ਇਹ ਹਰਫ ਸਿੱਧ ਕਰਦਾ ਹੈ ਕਿ ਇਹ ਇਲਾਕਾ ਕਦੇ ਮੁਸਲਿਮ ਮਾਲਕੀ ਦੀ ਰਈਅਤ ਸੀ। ਅਸਲ ‘ਚ ਤਾਂ ਅੱਜ ਦੇ ਕਈ ਵੱਡੇ ਸ਼ਹਿਰਾਂ ਸਮੇਤ ਪੰਜਾਬ ਦੇ ਬਹੁਤੇ ਪਿੰਡਾਂ ਦਾ ਉਥਾਨ ਹੀ ਸਿੱਖ ਰਾਜ ਦੀ ਚੜ੍ਹਤ ਸਮੇਂ ਹੋਇਆ। ਪੰਜਾਬ ਤਾਂ ਢੇਰ ਸਮਾਂ ਧਾੜਵੀਆਂ ਜਰਵਾਣਿਆਂ ਹੱਥੋਂ ਹੀ ਰੋਲਿਆਂ ਰੋਂਦਿਆਂ ਜਾਂਦਾ ਰਿਹਾ। ਫਿਰ ਵਸੋਂ ਦੇ ਪੈਰ ਕਿੱਥੇ ਟਿਕਦੇ?
ਪੁਰਾਣੇ ਭਾਰਤੀ ਪਿੰਡਾਂ ਵਿੱਚ ਕੋਈ ਵੀ ਜਾਤੀ ਸਵੈ-ਨਿਰਭਰ ਨਹੀਂ ਸੀ। ਉਸ ਨੂੰ ਕਈ ਹੋਰ ਕਿੱਤਾ ਜਾਤੀਆਂ, ਜਿਨ੍ਹਾਂ ਕੋਲ ਕੁਝ ਵਿਸ਼ੇਸ਼ ਧੰਦਿਆਂ ਤੇ ਪੇਸ਼ਿਆਂ ਦੀ ਮੁਹਾਰਿਤ ਤੇ ਇਜਾਰੇਦਾਰੀ ਹੁੰਦੀ ਸੀ, ਦੀਆਂ ਸੇਵਾਵਾਂ ਦੀ ਲੋੜ ਪੈਂਦੀ ਸੀ । ਨਵਾਂ ਪਿੰਡ ਬੰਨ੍ਹਣ ਸਮੇਂ ਤਾਂ ਅਜਿਹਾ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ । ਆਪਣੀਆਂ ਲੋੜਾਂ ਜਾਂ ਸਮੇਂ ਦੇ ਗੇੜ ਨਾਲ ਰੋਜ਼ੀ-ਉਜਰਤ ਖਾਤਰ ਹੋਰ ਸ਼ਿਲਪੀ ਜਾਤਾਂ ਵੀ ਨਵੇਂ ਖਿੱਤਿਆਂ ‘ਚ ਜਾ ਵੱਸਦੀਆਂ। ਪੁਰਾਣੇ ਸਮਿਆਂ ‘ਚ ਕਿਸੇ ਪਿੰਡ ਦੀ ਉਪਮਾ ਇਸ ਗੱਲ ਉੱਤੇ ਵੀ ਮੁਨੱਸਰ ਕਰਦੀ ਸੀ ਕਿ ਉੱਥੇ ਕਿੰਨੀਆਂ ਕੁ ਬਹੁ-ਕਿੱਤਾ ਜਾਤਾਂ ਵੱਸਦੀਆਂ ਸਨ। ਡੁਮੇਲੀ ਇਸ ਪੱਖੋਂ ਸੁਲੱਖਣਾ ਪਿੰਡ ਸੀ।ਅੱਜ ਵੀ ਭਾਵੇਂ ਇੱਥੇ ਹਰ ਜਾਤ ਧਰਮ ਦੀ ਰਈਅਤ ਵੱਸਦੀ ਹੈ, ਪਰ ਪਹਿਲ ਪਲੱਕੜਿਆਂ ਵਿੱਚ ਨਿੱਝਰ ਜੱਟਾਂ ਨਾਲ ਬ੍ਰਾਹਮਣ (ਪੁਜਾਰੀ), ਬਿੰਬ ਚਮਾਰ (ਕਾਮੇ) ਅਤੇ ਝੱਲੀ ਘੁਮਿਆਰ (ਸ਼ਿਲਪੀ) ਹੀ ਆਏ ਸਨ। ਜਦ ਮੰਨਣ ਪੰਡਤਾਂ ਦੇ ਜਜ਼ਮਾਨਾਂ ਨਿੱਝਰ ਜੱਟਾਂ ਨੇ ਸਿੱਖੀ ਪ੍ਰਭਾਵ ਹੇਠ ਉਨ੍ਹਾਂ ਦਾ ਪ੍ਰੋਹਿਤਪੁਣਾ ਬੰਦ ਕਰ ਦਿੱਤਾ ਤਾਂ ਉਹ ਇਥੋਂ ਉਠ ਕੇ ਕੋਟਫਤੂਹੀ ਲਾਗੇ ਜਾ ਬੈਠੇ, ਜਿੱਥੇ ਉਨ੍ਹਾਂ ਨੇ ਮੰਨਣਹਾਣਾ (ਹੁਸ਼ਿਆਰਪੁਰ) ਨਾਂਅ ਦਾ ਪਿੰਡ ਬੰਨ੍ਹਿਆ। ਨਾਨਕੇਢੇਰੀ ਬੈਠੇ ਲੱਖਣਪਾਲ ਸਮੇਤ ਕੁਝ ਹੋਰ ਬ੍ਰਾਹਮਣ ਅਜੇ ਵੀ ਇੱਥੇ ਵੱਸਦੇ ਹਨ। ਟਾਂਕਸ਼ਤਰੀ, ਵਾਲਮੀਕ ਜੋ ਲੁਟੇਰਿਆਂ ਤੋਂ ਆਏ ਸਮੇਤ ਛੀਬੇਂ ਨਾਈ ਝੀਰ ਆਦਿ ਦੇ ਵੱਡ-ਵਡੇਰੇ ਵੀ ਅੱਡ ਅੱਡ ਇਲਾਕਿਆਂ ਤੋਂ ਪਿੰਡ ਬੱਝਦਿਆਂ ਹੀ ਆ ਟਿਕੇ। ਭੋਗਲ ਰਾਮਗੜ੍ਹੀਏ, ਖਾਨਖਾਨਾ (ਬੰਗਿਆਂ) ਤੋਂ ਕੁਝ ਹੋਰ ਤਰਖਾਣ ਕੋਟਲੀ ਤੋਂ ਲੁਹਾਰ ਲੁਟੇਰੇ ਤੋਂ ਅਤੇ ਆਦਿਧਰਮੀਆਂ ਦੇ ਗੰਗੜ ਖੁਰਦਪੁਰੋਂ (ਜਲੰਧਰ), ਰੱਲਣ-ਅਜਨੋਹਾ (ਹੁਸ਼ਿਆਰਪੁਰ) ਅਤੇ ਜੱਖੂ ਘੁੜਕੇ ਤੋਂ ਆਏ ਸਨ।
ਖੇਤੀ ਬਰਾਨੀ ਜ਼ਮੀਨ ਕਲਰਾਠੀ, ਕੱਲਰ ਦੀ ਝੰਬੀ ਹੋਈ। ਮਿੱਟੀ ਗਿੱਲੀ ਗੋਹਾ ਤੇ ਸੁੱਕੀ ਲੋਹਾ ਮਸਾਂ ਚੌਥਾ ਕੁ ਹਿੱਸਾ ਚਾਲੂ, ਬਾਕੀ ਰੋਹੀਬੀਨ ਦਾ ਜੰਗਲ, ਨਿਰਾ ਰੱਕੜ ਅੱਕ, ਕਰੀਰ ਅਤੇ ਕੱਲਰੀ ਸੱਪਾਂ ਦੇ ਗੜ੍ਹ। ਕੱਲਰ ਨਿਰਾ ਚਿੱਟਾ ਪੌਡਰ। ਤੀਵੀਆਂ-ਮਾਨੀਆਂ ਇਸੇ ਕੱਲਰ ਨਾਲ ਲੀੜੇ ਧੋ ਲੈਂਦੀਆਂ। ਬਹੁਤ ਹੱਠ ਵਾਲੀ ਜ਼ਿੰਦਗੀ ਜਿਊਂਦੀਆਂ ਸਨ ਉਹ। ਬਹੁਤੀ ਵਾਰ ਬਰਸਾਤਾਂ ਵੀ ਭਲੀ-ਭਾਂਤ ਟੁਰਦੀ ਜ਼ਿੰਦਗੀ ‘ਚ ਖੱਲਲ ਪਾ ਦਿੰਦਿਆਂ। ਹਰ ਵਰ੍ਹੇ ਨਵੇਂ ਸਿਰਿਓਂ ਵਿਓਂਤਬੰਦੀ ਕਰਨੀ ਪੈਂਦੀ। ਭਾਵੇਂ ਹੁਣ ਵਾਲੇ ਬਹੁਤੇ ਜੱਟ ਯੂਰਪੀ-ਬਦੇਸ਼ੀਂ ਜਾ ਬੈਠੇ ਹਨ। ਦੋਹਰੇ ਮੇਲੇ ‘ਚ ਉਨ੍ਹਾਂ ਵੱਲੋਂ ਚੈਲੰਜ ਵਜੋਂ ਲਿਜਾ ਧਰਿਆ 14 ਮਣ ਕੱਚਾ ਵਜ਼ਨੀ ਪੱਥਰ ਅਜੇ ਵੀ ਉੱਥੇ ਪਿਆ ਹੈ, ਜਿਸ ਨੂੰ ਇਹ ਖਿੱਦੋ ਵਾਂਗ ਚੁੱਕ ਖੜ੍ਹਦੇ ਸਨ। ਉਨ੍ਹਾਂ ਵੱਲੋਂ ਬਣਾਏ ਜਾਂਦੇ ਦਸ ਕੁ ਮਣ ਕੱਚੀ ਤੂੜੀ ਸਾਂਭ-ਸਲੂਟ, ਸਿਰ ਧਰ ਲਏ ਜਾਣ ਵਾਲੇ 82 ਤਣੀਆਂ ਵਾਲੇ ਤੰਗਤਾਂ ਦੀ ਗੱਲ ਸ਼ਾਇਦ ਅੱਜ ਬਹੁਤਿਆਂ ਨੂੰ ਨਾ ਪਚੇ। ਭਾਰ ਚੁੱਕਣ ‘ਚ ਤਾਂ ਇੱਥੋਂ ਦੇ ਆਦਿਧਰਮੀਆਂ ਦਾ ਵੀ ਕੋਈ ਸਾਨੀ ਨਹੀਂ ਸੀ। ਕਾਠੜ ਵੇਲਣੇ ਵਰਗੀ, ਲੋਹੇ ਦੀ ਗੰਨੇ ਪੀੜਵੀਂ ਵੇਲਣ ਨੂੰ ਉਹ ਸਿਰ ਧਰ ਇੱਕੋ ਸਾਹੇ ਸਿੱਧੇ ਰਾਹੀਂ ਵੀ ਵੀਹ ਕੁ ਕੋਹ ਦੂਰ ਮੰਡਾਲੀ ਖਰਾਦਣ ਲਿਜਾ ਸੁੱਟਦੇ, ਬਿਨਾਂ ਰਾਹ ‘ਚ ਰੁਕਿਆਂ। ਖੇਤੀ ਅੰਬਰੀ ਸੇਤੀ ਅਤੇ ਬਲਦ-ਢੱਟਿਆਂ ਨਾਲ ਹੁੰਦੀ। ਟੌਹਰ-ਟੱਪਿਆਂ, ਮੇਲੇ-ਮੁਸਾਬਿਆਂ ਲਈ ਉਹ ਨਾਰੇ ਬਹਿੜਕੇ ਪਾਲਦੇ। ਜਨੈਤੀ ਰੱਥਾਂ ਲਈ ਨਗੌਰੀ ਬਲਦ ਵੱਡੀਆਂ ਢੁੱਠਾਂ ਵਾਲੇ। ਹਥਣੀਆਂ ਜਾਪਦੀਆਂ ਵੱਡੇ ਲਵਾਸਾਂ ਵਾਲੀਆਂ ਉਹਨਾਂ ਦੀਆਂ ਲਵੇਰੀਆਂ ਪੂਰੇ ਦੁਆਬੇ ‘ਚ ਪ੍ਰਸਿੱਧ ਸਨ। ਪਹਿਨਣ-ਪੱਚਰਨ ਲਈ ਉਹ ਕਪਾਹਾਂ ਬੀਜਦੇ। ਮਿੱਠੇ ਲਈ ਪੋਨੇ ਗੰਨੇ। ਲਹੂ ਵੀਟਵੀਂ ਕਿਰਤ ਨੇ ਉਨ੍ਹਾਂ ਨੂੰ ਤਾਂਬੇ ਰੰਗੇ ਬਣਾ ਦਿੱਤਾ ਸੀ।
ਇੱਥੇ ਵਸਦੇ-ਰਸਦੇ ਰਹੇ ਬਹੁਤੇ ਤਰਖਾਣ ਹੁਣ ਭਾਵੇਂ ਫਗਵਾੜੇ ਦਿੱਲੀ ਅਤੇ ਗੁਹਾਟੀ ਤਰਫ਼ ਜਾ ਵੱਸੇ ਹਨ, ਪਰ ਇਹਨਾਂ ਦੇ ਕਰਮਯੋਗੀ ਬਜ਼ੁਰਗਾਂ ਦੀ ਕਾਰਾਗਿਰੀ ਦੀ ਧੁੰਮ ਅਜੇ ਵੀ ਅੰਬਰੀਂ ਪੀਂਘਾਂ ਪਾਈ ਬੈਠੀ ਹੈ। ਉਨ੍ਹਾਂ ਦੇ ਖਰਾਸਾਂ ਉੱਤੇ ਸਾਰਾ-ਸਾਰਾ ਦਿਨ ਬੋਕੇ ਬੁੱਕਦੇ ਰਹਿੰਦੇ। ਫੇਰ ਆਟਾ ਚੱਕੀਆਂ ਸਟੀਮ-ਇੰਜਣਾਂ ਨਾਲ ਚੱਲਣ ਲੱਗੀਆਂ। ਹੋਰ ਮਸ਼ੀਨਾਂ ਵੀ ਆ ਗਈਆਂ। ਵੱਡੇ ਧੜਵੈਲ ਵੀਲ਼ਾਂ ਵਾਲੇ ਇੰਜਣਾਂ ਨਾਲ ਆਸੇ-ਪਾਸੇ ਦੀ ਧਰਤ ਕੰਬਦੀ। ਬੱਚੇ ਢਾਕਾਂ ਉੱਤੇ ਹੱਥ ਰੱਖੀ ਉਨ੍ਹਾਂ ਵੱਲੋਂ ਉਗਲੱਛਿਆ ਜਾਂਦਾ ਕੋਸਾ ਪਾਣੀ ਅਜਬ ਤੱਕਣੀ ਨਾਲ ਦੇਖਦੇ। ਟਿਕੇ ਪਹਿਰ ਇੰਜਣ ਦੀ ਆਵਾਜ਼ ਦੂਰ-ਦੁਵੇਲ ਤੱਕ ਕਾਜ਼ੀ ਦੀ ਆਜ਼ਾਨ ਵਾਂਗ ਸੁਣਾਈ ਦਿੰਦੀ। ਦੇਰ ਪਹਿਲਾਂ ਉਨ੍ਹਾਂ ਵੱਲੋਂ ਬਣਾਏ ਗੱਡੇ ਮਹਿਜ਼ ਇੱਕ ਤੇਸੀ ਦੇ ਵਜ਼ਨ ਨਾਲ ਹੀ ਉਲਾਰ ਹੋ ਜਾਂਦੇ । ਗੱਡਿਆਂ ਦੇ ਤੀਰ, ਉੱਟਵੇ, ਘਾਸੇ, ਜਾਤੂ ਅਤੇ ਜੁੱਲਾ-ਮੰਜੀ ਉਨ੍ਹਾਂ ਵਰਗੀ ਕੋਈ ਨਾ ਬਣਾ ਸਕਦਾ। ਹੋਰ ਤਾਂ ਹੋਰ ਮੋਹੜੀਆਂ ਵੀ ਕਲਾ ਸਿਰਜਣਾ ਦੀ ਮੂਰਤ ਜਾਪਦੀਆਂ। ਇਸੇ ਕਾਰਾਗਿਰੀ ਅਤੇ ਮੁਸ਼ੱਕਤਾ ਦੇ ਸਿਰ ਉਹ ਸੇਪੀ, ਦਿਹਾੜੀਆਂ ਕਰਦੇ ਮੁਲਕ ਦੇ ਚਰਚਿਤ ਠੇਕੇਦਾਰ ਬਣੇ। ਕਲਕੱਤੇ ਦੀਆਂ ਕਈ ਧੜਵੈਲ ਇਮਾਰਤਾਂ, ਗੁਹਾਟੀ ਵੱਲ ਦੀ ਰੇਲ ਲਾਈਨ ਅਤੇ ਦਿੱਲੀ ਵਾਲੇ ਸਟੇਸ਼ਨ ਦਾ ਬਹੁਤਾ ਹਿੱਸਾ ਉਨ੍ਹਾਂ ਦਾ ਹੀ ਬੰਨ੍ਹਿਆ ਹੋਇਆ ਹੈ। ਉਹ ਘੋੜਿਆਂ ਦੀਆਂ ਖੁਰਜੀਆਂ ਭਰ ਨੋਟ ਭੇਜਦੇ। ਦਾਨੀ ਵੀ ਰੱਜ ਕੇ। ਪਿੰਡ ਅਤੇ ਵਿੱਦਿਅਕ ਭਲਾਈ ਲਈ ਕੀਤੇ ਉਨ੍ਹਾਂ ਦੇ ਕਾਰਜ ਅੱਜ ਵੀ ਡੁਮੇਲੀ ਦੇ ਮੱਥੇ ਦਾ ਸੂਹਾ ਤਾਜ ਹਨ।
ਪੁਰਾਣੇ ਸਮਿਆਂ ‘ਚ ਬਹੁਤਾ ਕੰਮ ਜਿਣਸ ਵਟਾਈ ਜਾਂ ਸੇਪੀ ਅਧਾਰਿਤ ਹੁੰਦਾ ਸੀ। ਕਿਸੇ ਦਾ ਵੀ ਇੱਕ ਦੂਜੇ ਬਿਨਾਂ ਨਾ ਸਰਦਾ। ਸਾਰੇ ਇੱਕ-ਦੂਜੇ ਦੇ ਹਮਜੋਲੀ। ਹੱਥ ਬੰਨ੍ਹਵੀਂ ਇੱਜ਼ਤ, ਕੇਹੇ ਭਲੇ ਦਿਨ ਸਨ ਉਹ। ਸਮੇਂ ਦੇ ਫੇਰ ਨਾਲ ਸੇਪੀ ਖਤਮ ਹੋ ਗਈ। ਕਿੱਤੇ ਬਦਲ ਗਏ। ਲੁਹਾਰਾਂ ਦੀਆਂ ਵੀ ਕਿਆ ਬਾਤਾਂ ਸਨ। ਅਹਿਰਣ ਤੱਪਦੀਆਂ। ਹਜ਼ਾਮਤ ਕਰਨ ‘ਚ ਰਾਜੇ ਨਾਈ ਅਫਰੀਨ। ਮੀਸਣੀ ਹਾਸੀ ਵਾਲੇ ਟੋਟਕਿਆਂ ਨਾਲ ਉਹ ਗੁਝੀਆਂ ਰਮਜ਼ਾਂ ਸਮਝਾ ਦਿੰਦੇ। ਮੋਟੇ ਨੈਣਾਂ ਵਾਲੀਆਂ ਰਾਣੀਆਂ, ਕੁੜੀਆਂ-ਚਿੜੀਆਂ ਦੇ ਮਹਿੰਦੀ ਲਾਉਂਦੀਆਂ ਤਾਂ ਫੁੱਲ-ਪੱਤੀਆਂ ਸਾਕਾਰ ਹੋ ਉੱਠਦੀਆਂ। ਉਨ੍ਹਾਂ ਵਲੋਂ ਬਾਂਕੀਆਂ ਨਾਰਾਂ ਦੀਆਂ ਬੰਨ੍ਹੀਆਂ ਮੀਂਢੀਆਂ ਨਾਗ ਵਲ ਦਾ ਭੁਲੇਖਾ ਪਾਉਂਦੀਆਂ। ਸੂਤ ਹੱਥ ਖੱਡੀ ਦਾ ਕੰਮ ਆਮ ਕਰਕੇ ਗੰਗੜ ਹੀ ਕਰਦੇ। ਚਾਰ ਸੇਰ ਦਾ ਟਕੇ ਤੋਂ ਸ਼ੁਰੂ ਹੋਈ ਕਤਾਈ-ਬੁਣਾਈ ਦੀ ਲਾਗਤ ਜਦ ਤੱਕ ਚਾਰ ਕਿੱਲੋ ਦਾ ਰੁਪਈਆ ਤੱਕ ਅੱਪੜੀ, ਤਦ ਤੱਕ ਗੰਗੜਾਂ ਦੇ ਬਹੁਤੇ ਗਰਾਂ ਦੇ ਕਿੱਤੇ ਹੀ ਬਦਲ ਚੁੱਕੇ ਸਨ। ਝਿੰਬ ਆਦਿਧਰਮੀ ਜੋ ਪਹਿਲ-ਪਲੱਕੜਿਆਂ ‘ਚ ਹੀ ਆਣ ਵਸੇ ਸਨ ਬਹੁਤਾ ਕਰਕੇ ਦਿਹਾੜੀ ਦੱਪਾ ਹੀ ਕਰਦੇ ਰਹੇ। ਫਿਰ ਉਨ੍ਹਾਂ ਦੇ ਕਈ ਘਰ ਖੜੋਦੀ-ਹਕੂਮਤਪੁਰ (ਹੁਸ਼ਿਆਰਪੁਰ) ਜਾ ਟਿਕੇ। ਚਮੜੇ ਦਾ ਕੰਮ ਆਮ ਕਰਕੇ ਜੱਖੂ ਹੀ ਕਰਦੇ ਸਨ। ਟਿੰਡਾਂ ਵਾਲੇ ਖੂਹਾਂ ਤੋਂ ਪਹਿਲਾਂ ਇਹਨਾਂ ਦੇ ਬਣਾਏ ਚਰਸ ਬੋਕੇ ਅਤੇ ਲੁਹਾਰਾਂ ਦੀਆਂ ਧੌਕਣੀਆਂ ਮਹੀਨਿਆਂ ਬੱਧੀ ਪਹਿਲਾਂ ਸਾਈ ਫੜਾਉਣ ਉਪਰੰਤ ਹੀ ਮਿਲਦੇ। ਡੁਮੇਲੀ ਕਦੇ ਦੇਸੀ ਜੁੱਤੀਆਂ ਦੀ ਵੀ ਮੰਡੀ ਸੀ। ਇੱਥੋਂ ਦੀ ਬਣੀ ਧੌੜੀ ਦੀ ਜੁੱਤੀ ਦੂਸਰੇ ਇਲਾਕੇ ਦੀ ਕੁਰਮੀ ਜੁੱਤੀ ਤੋਂ ਵੀ ਸਿਰਕੱਢ ਹੁੰਦੀ। ਫਿਰ ਤਿੱਲੇਦਾਰ ਜੁੱਤੀਆਂ ਬਣਨ ਲੱਗੀਆਂ। ਅੰਗਰੇਜ਼ੀ ਗੁਰਗਾਬੀਆਂ ਵੀ। ਲੱਕੀ, ਖੁੱਸੇ ਅਤੇ ਨੋਕਦਾਰ ਮੌਜਿਆਂ ਸਮੇਤ ਹਰ ਕਿਸਮ ਦੇ ਜੁੱਤੇ ਮਾਝੇ ਦੀ ਧੁੰਨੀ ਤਰਨ ਤਾਰਨ ਤੋਂ ਲੈ ਕੇ ਧੁਰ ਲਾਹੌਰ ਤੱਕ ਵਿਕਣ ਜਾਂਦੇ। ਨਵੀਂ ਪੀੜ੍ਹੀ ਇਸ ਪਿਤਾ ਪੁਰਖੀ ਕੰਮ ਤੋਂ ਕਦੇ ਦੀ ਪਿੱਠ ਫੇਰ ਚੁੱਕੀ ਹੈ। ਖਬਰੇ ਪੜ੍ਹ-ਲਿਖ ਜਾਣ ਦਾ ਅਸਰ ਹੈ, ਖਬਰੇ ਹੱਥ ਕਿਰਤ ਦਾ ਸਹੀ ਮੁੱਲ ਨਾ ਪੈਣ ਕਰਕੇ।
ਇੱਥੇ ਕਸ਼ਯਪ ਰਾਜਪੂਤ ਵੀ ਵਸਦੇ ਸਨ ਅਤੇ ਟਾਂਕ ਖੱਤਰੀ ਵੀ। ਸੁਨਿਆਰਿਆਂ ਦੀਆਂ ਬਣਾਈਆਂ ਪਿੱਪਲ ਪੱਤੀਆਂ ਜਾਂ ਕੈਂਠੇ ਬੀਤੇ ਦੀਆਂ ਬਾਤਾਂ ਹੋ ਗਈਆਂ ਹਨ। ਉਹ ਸ਼ਹਿਰੀਂ ਜਾ ਵਸੇ। ਝੀਵਰਾਂ ਦੇ ਇੱਥੇ ਖੜੇ ਮਹਿਲ ਮੁਨਾਰੇ ਹਾਲੇ ਵੀ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਉਹ ਨਿਰਾ ਪਾਣੀ ਹੀ ਨਹੀਂ ਸਨ ਭਰਦੇ, ਰੋਟੀ-ਟੁੱਕ ਅਤੇ ਭਾਂਡੇ ਟੀਂਡਿਆ ਦੇ ਆਹਰ ਨੇ ਵੀ ਉਨ੍ਹਾਂ ਦਾ ਰਾਹ ਨਹੀਂ ਬਦਲਿਆ ਬਲਕਿ ਉਨ੍ਹਾਂ ਦੇ ਹੱਥਾਂ ਦੇ ਸਿਰੜ ਨੇ ਠੇਕੇਦਾਰੀ ਦੀ ਮੁਹਰਲੀ ਪਦਵੀਂ ਉੱਤੇ ਵੀ ਲਿਜਾ ਬਿਠਾਇਆ। ਉਹ ਵੀ ਉਨ੍ਹਾਂ ਸਮਿਆਂ ‘ਚ ਜਦ ਅੰਗਰੇਜ਼ ਦੇ ਰਾਜ ‘ਚ ਵੀ ਕੰਮੀ-ਕਮੀਣਾਂ ਨੂੰ ਨਿਰਾ ਮੰਗ ਖਾਣੀ ਜਾਤ ਹੀ ਸਮਝਿਆ ਜਾਂਦਾ ਸੀ। ਇਹਨੀਂ ਇੰਜ਼ਤਦਾਰ ਮਿਹਨਤ ਕੀਤੀ। ਉਸੇ ਮਿਹਨਤ ਸਿਰ ਫਿਰ ਮੌਜਾਂ ਮਾਣੀਆਂ। ਪਰਜਾਪਤ ਤਾਂ ਸੀ ਹੀ ਇੱਥੋਂ ਦੀ ਮੁੱਖ ਸ਼ਿਲਪੀ ਸ਼੍ਰੇਣੀ। ਕਿੱਤਾ-ਸੇਪੀ ਉਜਰਤਾਂ ਅਤੇ ਵਰਤੋਂ ਵਸਤੂਆਂ ਦਾ ਰੁਖ-ਸਰੂਪ ਬਦਲਣ ਕਰਕੇ ਸਾਰੇ ਦੇ ਸਾਰੇ ਤੇ ਘੁਮਿਆਰ ਹੀ ਏਥੋਂ ਵੱਖ-ਵੱਖ ਥਾਈਂ ਨੌਲੀ, ਈਸ਼ਰਵਾਲ, ਕਿਸ਼ਨਪੁਰ (ਜਲੰਧਰ), ਧਾਮੀਆਂ, ਨਿਆੜਾਂ, ਪਿੱਪਲਾਂਵਾਲਾ (ਹੁਸ਼ਿਆਰਪੁਰ) ਵਗੈਰਾ ਜਾ ਵਸੇ।
ਮੁਸਲਮਾਨਾਂ ਦਾ ਰੈਣ-ਵਸੇਰਾ ਮੁੱਢੋਂ ਸੁਢੋਂ ਹੀ ਸੀ, ਪਰ ਸਨ ਇਹ ਨਿਰੋਲ ਕਾਮੇ। ਗੁੱਜਰ ਭੇਡਾਂ ਬੱਕਰੀਆਂ ਪਾਲਦੇ। ਅਰਾਈਂ ਸਬਜ਼ੀਆਂ ਉਗਾਉਂਦੇ। ਅੱਧ ਵਟਾਈ ਤੇ ਖੇਤੀ ਕਰਦੇ। ਤੇਲੀ ਕੋਹਲੂ ਬੀੜਦੇ। ਲਲਾਰੀ ਸੂਤ ਨੂੰ ਨੀਲ ਦਿੰਦੇ। ਕੱਪੜੇ ਰੰਗਦੇ। ਕੁਝ ਮੁਸਲਮਾਨ ਕੱਪੜੇ ਬੁਣਦੇ। ਬਹੁਤੇ ਲੁਹਾਰਾ ਕੰਮ ਕਰਦੇ। ਇੱਥੋਂ ਦੀਆਂ ਖੂਹ-ਟਿੰਡਾਂ ਆਪਣੀ ਨਿਵੇਕਲੀ ਭੁੱਲ ਰੱਖਦੀਆਂ। ਮੁਸਲਮਾਨਾਂ ਦੇ ਆਪਣੇ ਖਰਾਸ ਵੀ ਸਨ। ਲਾਗ ਸੁਨੇਹੇ ਲਈ ਮਰਾਸੀ। ਮੇਲਾ ਫਕੀਰ ਮਸ਼ਹੂਰ ਕੱਵਾਲ ਸੀ। ਨੂਰਾ ਗਵੱਈਆ। ਨਕਲਾਂ-ਮੁਜਰੇ ਆਮ ਹੁੰਦੇ। ਰਾਸਾਂ ਪੈਂਦੀਆਂ। ਇਤਿਹਾਸਿਕ-ਮਿਥਿਹਾਸਿਕ ਰਸਭਿੰਨੀਆਂ ਕਥਾਵਾਂ ਚੱਲਦੀਆਂ। ਅੱਜ ਬੰਦ ਦਰਵਾਜ਼ਿਆਂ ਅੰਦਰ ਟੈਲੀਵਿਜ਼ਨ ਤੇ ਨੰਗ-ਧੜੰਗੀਆਂ ਮੂਰਤਾਂ ਵੇਖਣ ਲਈ ਪੀੜ੍ਹੀ ਨੂੰ ਇਹ ਗੱਲਾਂ ਸੁਪਨਪਰੀ ਦੀਆਂ ਕਥਾਵਾਂ ਜਾਪਣਗੀਆਂ। ਮੀਰ ਜਦ ਕੁੜੀ ਬਣ ਨੱਚਦਾ ਤਾਂ ਪੌਣ ਵੀ ਠਹਿਰ ਜਾਂਦੀ। ਤਿੱਖਾ, ਨੱਕ, ਪਤਲਾ ਲੱਕ, ਲੰਮਾ ਛਟੀਂਕ, ਬਲੌਰੀ ਅੱਖਾਂ ਵਾਲਾ ਸੀ ਤਾਂ ਉਹ ਮੁੰਡਾ, ਪਰ ਲਾਹਮਦੇ ਪਿੰਡਾਂ ਵਾਲਿਆਂ ਨੂੰ ਉਸ ਦੇ ਮਰਦ ਹੋਣ ਦਾ ਉਦੋਂ ਤੱਕ ਯਕੀਨ ਨਾ ਆਉਂਦਾ ਜਦੋਂ ਤੱਕ ਕਿ ਉਹ ਝੀਥਾਂ ਰਾਹੀਂ ਉਸਨੂੰ ਕੱਪੜੇ ਬਦਲਦੇ ਨਾ ਵੇਖ ਲੈਂਦੇ। ਤੀਵੀਆਂ ਵਾਲੇ ਅੰਦਰਲੇ ਕੱਪੜੇ ਪਾ ਜਦ ਉਹ ਘੱਗਰਾ ਚੋਲੀ ਪਹਿਨ, ਬੀਕਾਨੇਰੀ ਚੁੰਨਰੀ ਓਹੜ, ਮਟਕ ਹੁਲਾਰਾ ਲੈਂਦਾ ਤਾਂ ਉਸ ਦੇ ਹੁਸਨ ਦੀ ਤਾਬ ਕਹਿੰਦੀਆਂ-ਕਹਾਉਂਦੀਆਂ ਤੀਵੀਆਂ ਨੂੰ ਨੀਵੀਂ ਪੁਆ ਦਿੰਦੀ। ਉਸ ਦਾ ਆਉਣਾ ਸੁਣ ਛੜੇ ਸਪੈਸ਼ਲ ਖਤ ਬਣਵਾਉਂਦੇ। ਕਲਫ ਲਾਉਂਦੇ। ਮੋਚਨੇ ਨਾਲ ਫਾਲਤੂ ਵਾਲ ਪੁੱਟਦੇ। ਮੁਜਰੇ ਰਾਸਾਂ ‘ਚ ਗੌਣ-ਪਾਣੀ ਦਾ ਕੁਝ ਹਿੱਸਾ ਉਦੋਂ ਵੀ ਟੇਢਾ-ਮੇਢਾ ਤੇ ਦੋਅਰਥੀ ਤਾਂ ਹੁੰਦਾ ਸੀ, ਪਰ ਅੱਜ ਵਾਂਗ ਅਸਲੋਂ ਹੀ ਨੰਗ-ਧੜੰਗਾ ਨਹੀਂ। ਬਹੁਤੇ ਅਖਾੜੇ ਉਦੋਂ ਬਹੁ-ਰੰਗੀ ਤਾਂ ਹੁੰਦੇ ਸਨ, ਪਰ ਭਾਰੂ ਸੁਰ ਸਿੱਖਿਆਦਾਇਕ ਹੀ ਹੁੰਦੀ। ਨਾ ਹੁਣ ਉਹ ਗੱਲਾਂ ਰਹੀਆਂ ਤੇ ਨਾ ਹੀ ਉਹ ਬੰਦੇ । ਸੰਨ ਸੰਤਾਲੀ ਵੇਲੇ ਅਜਿਹੀ ਚੰਦਰੀ ਵਾਅ ਵਗੀ ਕਿ ਇਹ ਲੋਕ ਇਸ ਨਗਰੀ ਦੀ ਖੈਰ ਸੁੱਖ ਮੰਗਦੇ, ਇਸ ਧਰਤ ਨੂੰ ਸਦਾ-ਸਦਾ ਲਈ ਆਖਰੀ ਸਲਾਮ ਬੁਲਾ ਗਏ। ਮੁਸਲਮਾਨਾਂ ਦਾ ਇੱਕ ਘਰ ਨਿਸ਼ਾਨੀ ਵਜੋਂ ਹਾਲੇ ਵੀ ਇੱਥੇ ਰੰਗ ਮੰਗਲ ਵੱਸਦਾ ਹੈ। ਪਰਾਈ ਧਰਤ ਨੂੰ ਤੁਰ ਗਏ ਆਪਣੇ ਮੁਸਲਿਮ ਹਮਜੋਲੀਆਂ ਦੀਆਂ ਬਾਤਾਂ ਪਾਉਂਦੇ ਬਜ਼ੁਰਗ ਅੱਜ ਵੀ ਹੁਬਕੀ ਰੋ ਪੈਂਦੇ ਹਨ। ਤਖੀਏ ਦੀਆਂ ਸਾਂਝੀਆਂ ਰੌਣਕਾਂ, ਕੁੜੀਆਂ-ਚਿੜੀਆਂ ਵੱਲੋਂ ਪਾਈਆਂ ਪਿੱਪਲੀ ਪੀਂਘਾਂ, ਸੀਰਾਂ-ਟੋਬਿਆਂ ਉੱਤੇ ਲੀੜੇ ਧੋਂਦੀਆਂ ਛੈਲ ਜਵਾਨੀਆਂ, ਨੰਗ-ਧੜੰਗੇ ਬੱਚਿਆਂ ਦੀਆਂ ਕਿੱਲਕਾਰੀਆਂ, ਵੱਡੇ ਰੌਲਿਆਂ ਵੇਲੇ ਅਜਿਹੀਆਂ ਛੁਪਣ ਸਾਈਂ ਹੋਈਆਂ ਕਿ ਉਹ ਮੁੜ ਵਤਨੀਂ ਨਾ ਆਈਆਂ। ਬੜੀ ਆਸ ਸੀ ਕਿ ਟਿਕ-ਟਕਾਅ ਹੁੰਦਿਆਂ ਹੀ ਉਹ ਮੁੜ ਆਉਣਗੇ। ਮੁੱਦਤ ਹੋ ਗਈ ਪਰ ਉਹ ਮੁੜ ਨਾ ਬੇਹੜੇ। ਡੁਮੇਲੀ ਦੀ ਸਰ ਜ਼ਮੀਂ ਬਾਹਾਂ ਟੱਡੀ ਅਜੇ ਵੀ ਉਨ੍ਹਾਂ ਨੂੰ ਉਡੀਕ ਰਹੀ ਹੈ। ਜਿਵੇਂ ਕਹਿ ਰਹੀ ਹੋਵੇ “ਮੁੜ ਆਵੋ ਵੇ।”
ਡੁਮੇਲੀ ਜਿਨ੍ਹਾਂ ਨੂੰ ਗਾਹੇ ਬਗਾਹੇ ਯਾਦ ਕਰਦੀ ਹੈ
- ਦੇਸ਼ ਭਗਤ (ਬੱਬਰ ਅਕਾਲੀ ਦੇਸ਼ ਭਗਤ ਲਹਿਰ 1920-1941) ਵੱਡਾ ਕਰਤਾਰ ਸਹੁੰ, ਛੋਟਾ ਕਰਤਾਰ ਸਹੁੰ, ਸੁਰਜਨ ਸਿੰਘ ਗੁਪਤ ਮੱਦਤੀ ਬਾਬਾ ਦਲੀਪ ਸਿੰਘ, ਧਰਮ ਸਿੰਘ।
- ਨਾਭਾ/ਜੈਤੋਂ ਮੋਰਚਾ ਅਤੇ ਗੁਰਦੁਆਰਾ ਸੁਧਾਰ ਲਹਿਰ (1920-1923) ਸੰਤ ਦਲੀਪ ਸਿੰਘ, ਭਾਈ ਜਵਾਲਾ ਸਿੰਘ, ਮੇਹਰ ਸਿੰਘ, ਈਸ਼ਰ ਸਿੰਘ, ਚੰਦ ਸਿੰਘ, ਹਰਬੰਸ ਸਿੰਘ, ਬੰਤਾ ਸਿੰਘ, ਸੁੰਦਰ ਸਿੰਘ, ਜਗਤ ਸਿੰਘ, ਦੇਵਾ ਸਿੰਘ, ਜਮੀਅਤ ਸਿੰਘ, ਤਾਰਾ ਸਿੰਘ ਤੇ ਕਰਤਾਰ ਸਿੰਘ।
- ਕਿਸਾਨ ਮੋਰਚਾ (1946-1952) ਸਾਥੀ ਗੁਰਚਬਨ ਸਿੰਘ, ਮੁਨਸ਼ਾ ਸਿੰਘ, ਖੜਕ ਸਿੰਘ, ਗੇਂਦਾ ਸਿੰਘ, ਪ੍ਰਤਾਪ ਸਿੰਘ, ਰਤਨ ਸਿੰਘ, ਫੈਨੀ ਸਿੰਘ, ਦਲੀਪਾ ਸਿੰਘ, ਸਵਰਨ ਸਿੰਘ, ਪ੍ਰਤਾਪ ਸਿੰਘ ਤੇ ਬੱਬਰ ਕਰਤਾਰ ਸਿੰਘ।
- ਰਿਆਸਤੀ ਪਰਜਾ ਮੰਡਲ (1928-1956) ਮਾਸਟਰ ਸਾਧੂ ਰਾਮ ਗੰਗੜ (ਸਾਬਕਾ ਮੰਤਰੀ ਤੇ ਐਮ.ਪੀ.)
- ਲੋਕ ਸੇਵਕ ਤੇ ਅਧਿਆਤਮਵਾਦੀ ਸਾਧੂ ਨਾਂਗਾ, ਸਾਧੂ ਮਸਤ ਜੀ, ਸੰਗੀਤਵੇਤਾ ਸਰਵਣ ਸਿੰਘ ਗੰਧਰਵ, ਸਾਧੂ ਹਰਬੰਸ ਸਿੰਘ, ਕਪੂਰ ਸਿੰਘ ਤੇ ਮਨਜੀਤ ਸਿੰਘ ਜੀ।
- ਹਿਕਮਤ ਅਤੇ ਦਵਾਦਾਰ ਸੰਤ ਬਾਬਾ ਦਲੀਪ ਸਿੰਘ, ਡਾ. ਮਹਿੰਦਰ ਸਿੰਘ।
- ਚਰਚਿਤ ਸ਼ਖ਼ਸ-ਚੌਧਰੀ ਬਿਅੰਤ ਸਿੰਘ, ਜ਼ੈਲਦਾਰ ਠਾਕੁਰ ਸਿੰਘ, ਵਕੀਲ ਨਿਰੰਜਣ ਸਿੰਘ ਤੇ ਚੰਦਾ ਸਿੰਘ ਬੱਬਰ।
- ਮੁੱਢਲੇ ਦੌਰ ਦੇ ਪੜ੍ਹਾਕੂ ਅਤੇ ਪ੍ਰਮੁੱਖ ਮਾਸਟਰ ਸਾਧੂ ਰਾਮ, ਲਾਲਾ ਮਿਲਖੀ ਰਾਮ ਬੀ.ਏ., ਡਾ. ਦਸੌਂਧਾ ਸਿੰਘ ਐਲ. ਐਮ. ਐਸ., ਬਖਸ਼ੀਸ਼ ਸਿੰਘ ਨਿੱਝਰ ਪੀ. ਐਚ. ਡੀ., ਇੰਜ.. ਹੰਸ ਰਾਜ ਪੀ.ਐਚ.ਡੀ. ਅਤੇ ਡੀ. ਲਿਟ. ਧਰਮ ਪਾਲ, ਡਾ. ਸੁਖਦੇਵ ਸਿੰਘ, ਕਰਨਲ ਸਵਿੰਦਰ ਸਿੰਘ, ਭੁਪਿੰਦਰ ਸਿੰਘ ਸੀਨੀਅਰ ਇੰਜ., ਡਾ. ਬਲਵੰਤ ਰਾਏ, ਸਵਿੰਦਰ ਸਿੰਘ ਵਪਾਰੀ (ਇੰਗਲੈਂਡ), ਇੰਜ. ਅਮਰੀਕ ਸਿੰਘ ਯੂ.ਐਸ.ਏ. ਅਤੇ ਚੌਧਰੀ ਸਵਰਨ ਰਾਮ ਇੰਗਲੈਂਡ ਅਤੇ ਸ. ਪਰਮਜੀਤ ਸਿੰਘ।
- ਮਹਾਂਦਾਨੀ ਅਤੇ ਵਿੱਦਿਅਕ ਦਾਨੀ-ਠੇਕੇਦਾਰ ਖੇਮ ਸਿੰਘ, ਮੇਲਾ ਸਿੰਘ, ਮਾਸਟਰ ਦੇਸ ਰਾਜ, ਸਕੂਲ ਕਾਲਜ ਚੈਰੀਟੇਬਲ ਹਸਪਤਾਲ ਅਤੇ ਸੁਰੱਖਿਅਤ ਲਾਸ਼ ਘਰ ਉਸਾਰਨ ਵਾਲੇ ਸਾਰੇ ਪਰਉਪਕਾਰੀ।
ਪ੍ਰਮੁੱਖ ਘਟਨਾਵਾਂ-
ਪ੍ਰਾਇਮਰੀ ਸਕੂਲ 1921 ਈ. 2, ਬੱਬਰ ਅਕਾਲੀ ਦੇਸ਼ ਭਗਤਾਂ ਦਾ ਦੀਵਾਨ- 1922, ਬੱਬਰ ਅਕਾਲੀਆਂ ਦਾ ਡੁਮੇਲੀ ਬੰਬੇਲੀ ਦਾ ਸਾਕਾ-1923, ਮਿਡਲ मवूल-1924, डारधाता-1926, 6, गष्टी मवूल-1931, 7, मथडाल 1956, ਹਾਇਰ ਸੈਕੰਡਰੀ ਸਕੂਲ-1964 ਅਤੇ 9 ਕਾਲਜ 1992.
ਭੂਮੇਲੀ ਦੀਆਂ ਅੱਲਾਂ
ਚੋਦਾਂ ਹਾਲੀਏ, ਨਵੇਂ, ਮੱਦੇ, ਬਿਹਾਣੇ, ਫਰੰਟ, ਨਾਰੇ, ਸ਼ੇਰੇ, ਕਾਲੀ, ਪਿੱਪਲ ਭਵੇ, ਕਸ਼ਮੀਰੀਏ, ਭਿਆਲੀਏ, ਟੈਕੂ, ਨੇਲ, ਜਹਾਜ਼ੀ, ਡੱਡੂ, ਗੜ੍ਹੀਏ, ਕਾਜੀ, ਬਿਸ਼, ਕੈਨੇਡਾ ਵਾਲੇ, ਨਿਹੰਗ ਅਤੇ ਬੱਬਰ ਆਦਿ।
Credit – ਵਿਜੈ ਬੰਬੇਲੀ