ਇਹ ਸੂਰਜਬੰਸੀ ਹਨ। ਇਹ ਕਾਬਲ ਗੰਧਾਰ ਤੱਕ ਘੁੰਮਦੇ- ਘੁੰਮਦੇ ਕੁਝ ਸਮੇਂ ਮਗਰੋਂ ਲਾਹੌਰ ਦੇ ਆਸਪਾਸ ਰਾਵੀ ਦੇ ਕਿਨਾਰੇ ਆਬਾਦ ਹੋ ਗਏ । ਲਾਹੌਰ ਤੋਂ ਕੁਝ ਮਾਲਵੇ ਵਲ ਆ ਗਏ। ਬਹੁਤੇ ਸਾਹੀ ਪੱਛਮੀ ਪੰਜਾਬ ਦੇ ਸਿਆਲਕੋਟ, ਗੁਜਰਾਂਵਾਲਾ, ਜੇਹਲਮ, ਗੁਜਰਾਤ, ਸ਼ਾਹਪੁਰ, ਮੁਲਤਾਨ, ਝੰਗ ਤੇ ਮਿੰਟਗੁਮਰੀ ਦੇ ਖੇਤਰਾਂ ਵਿੱਚ ਵਸ ਗਏ। ਇਹ ਕਾਬਲ ਤੇ ਵੀ ਕਾਬਜ਼ ਰਹੇ ਹਨ। ਪੂਰਬੀ ਪੰਜਾਬ ਵਿੱਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ ਤੇ ਨਾਭਾ ਆਦਿ ਖੇਤਰਾਂ ਵਿੱਚ ਵੀ ਸਾਹੀ ਗੋਤ ਦੇ ਜੱਟ ਕਾਫੀ ਵਸਦੇ ਹਨ। ਇਹ ਵੀ ਪ੍ਰਾਚੀਨ ਤੇ ਖਾੜਕੂ ਜੱਟ ਹਨ। ਲੁਧਿਆਣਾ ਦੇ ਸਾਹੀ ਆਪਣਾ ਗੋਤ ਸ਼ਾਹੀ ਲਿਖਦੇ ਹਨ। ਇਹ ਸੰਧੂ ਜੱਟਾਂ ਨੂੰ ਆਪਣੇ ਭਾਈਚਾਰੇ ਵਿੱਚੋਂ ਸਮਝਦੇ ਹਨ। ਇਹ ਹੋਰ ਜੱਟਾਂ ਵਾਂਗ ਜੰਡੀ ਵੰਡਣ ਦੀ ਰਸਮ ਵੀ ਕਰਦੇ ਸਨ। ਇਨ੍ਹਾਂ ਵਿੱਚ ਵਿਧਵਾ ਇਸਤਰੀ ਕੇਵਲ ਆਪਣੇ ਪਤੀ ਦੇ ਭਰਾ ਨਾਲ ਹੀ ਦੋਬਾਰਾ ਸ਼ਾਦੀ ਕਰ ਸਕਦੀ ਹੈ।
ਪੱਛਮੀ ਪੰਜਾਬ ਵਿੱਚ ਬਹੁਤੇ ਸਾਹੀ ਜੱਟ ਮੁਸਲਮਾਨ ਬਣ ਗਏ ਹਨ। ਪੂਰਬੀ ਪੰਜਾਬ ਦੇ ਸਾਹੀ ਜਾਂ ਸ਼ਾਹੀ ਜੱਟ ਸਿੱਖ ਹਨ। ਹਿੰਦੂ ਸ਼ਾਹੀ ਘਰਾਣੇ ਨੇ 870 ਈਸਵੀ ਤੋਂ 1020 ਈਸਵੀ ਤੱਕ ਪੰਜਾਬ, ਕਸ਼ਮੀਰ ਤੇ ਗੰਧਾਰ ਖੇਤਰ ਤੇ ਰਾਜ ਕੀਤਾ। ਮਹਿਮੂਦ ਗਜ਼ਨਵੀ ਨਾਲ ਕਈ ਛੋਟੀਆਂ ਵੱਡੀਆਂ ਲੜਾਈਆਂ ਕਰਕੇ ਉੱਤਰੀ ਹਿੰਦ ਦੀ ਰੱਖਿਆ ਕੀਤੀ। ਹਿੰਦੂ ਸ਼ਾਹੀ ਬੰਸ ਦੇ ਪ੍ਰਸਿੱਧ ਰਾਜੇ ਜੈਪਾਲ, ਅਨੰਦਪਾਲ, ਤ੍ਰੈਲੋਚਨ ਪਾਲ ਤੇ ਭੀਮ ਪਾਲ ਹੋਏ ਹਨ।
ਸਾਂਝੇ ਪੰਜਾਬ ਵਿੱਚ 1881 ਈਸਵੀ ਦੀ ਜੰਨਸੰਖਿਆ ਅਨੁਸਾਰ ਸਾਹੀ ਜੱਟਾਂ ਦੀ ਗਿਣਤੀ ਕੇਵਲ 13402 ਸੀ। ਬਠਿੰਡੇ ਦੇ ਰਾਜੇ ਬਿਜੇਰਾਏ ਭੱਟੀ ਨੇ ਲਾਹੌਰ ਦੇ ਹਿੰਦੂ ਸ਼ਾਹੀ ਰਾਜੇ ਅਨੰਦਪਾਲ ਨੂੰ ਕਰ ਦੇਣ ਤੋਂ ਨਾਂਹ ਕਰਕੇ ਉਸ ਨੂੰ ਆਪਣਾ ਵਿਰੋਧੀ ਬਣਾ ਲਿਆ ਸੀ। 1004 ਈਸਵੀ ਵਿੱਚ ਮਹਿਮੂਦ ਗੱਜ਼ਨਵੀ ਤੋਂ ਹਾਰ ਕੇ ਭੱਟੀ ਰਾਜਸਤਾਨ ਵੱਲ ਚਲੇ ਗਏ ਸਨ। ਸ਼ਾਹੀ ਜੱਟ ਵੀ ਗਿੱਲਾਂ ਨੂੰ ਆਪਣੀ ਬਰਾਦਰੀ ਵਿੱਚੋਂ ਸਮਝਦੇ ਹਨ। ਭੱਟੀ ਦੋਬਾਰਾ ਪੰਜਾਬ ਵਿੱਚ 1180 ਈਸਵੀ ਤੋਂ ਮਗਰੋਂ ਆਏ। ਸ਼ਾਹੀ ਤੇ ਗਿੱਲ ਗੋਤ ਦੇ ਲੋਕ ਸੂਰਜਬੰਸੀ ਹਨ। ਭੱਟੀ ਕਬੀਲੇ ਦੇ ਲੋਕ ਚੰਦਰ ਬੰਸੀ ਯਾਦਵਾਂ ਵਿੱਚੋਂ ਹਨ। ਸ਼ਾਹੀ ਉੱਘਾ ਗੋਤ ਹੈ।