ਬਾਬਾ ਬਕਾਲਾ
ਸਥਿਤੀ :
ਬਾਬਾ ਬਕਾਲਾ ਅੰਮ੍ਰਿਤਸਰ ਦੀ ਤਹਿਸੀਲ ਹੈ। ਇਹ ਜਲੰਧਰ – ਅੰਮ੍ਰਿਤਸਰ ਸੜਕ ਤੋਂ 2 ਕਿਲੋਮੀਟਰ ਹਟਵਾਂ ਜਲੰਧਰ ਤੋਂ 42 ਕਿਲੋਮੀਟਰ ਦੂਰ ਹੈ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 37 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਦਾ ਅਸਲੀ ਨਾਂ ‘ਬਕਾਲਾ’ ਸੀ ਭਾਵ ਬੱਕ ਵਾਲਾ। ਇਹ ਪਿੰਡ ਇੱਕ ਥੇਹ ‘ਤੇ ਰਹਿਣ ਵਾਲੇ ਫਕੀਰ ਸਾਈਂ ਨੇ ਬੰਨ੍ਹਿਆ ਜਿਸ ਕੋਲ ਬਕਰੀਆਂ ਸਨ ਤੇ ਜੋ ‘ਬੱਕ ਵਾਲਾ ਬਾਬਾ’ ਅਖਵਾਉਂਦਾ ਸੀ । ਹੌਲੀ ਹੌਲੀ ਬੱਕ ਵਾਲਾ ਤੋਂ ਇਹ ‘ਬਕਾਲਾ’ ਬਣ ਗਿਆ। ਇਸ ਨਾਲ ਬਾਬਾ ਸ਼ਬਦ ਅਠਵੇਂ ਪਾਤਸ਼ਾਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੁਆਰਾ ਜੁੜਿਆ ਜਦੋਂ ਉਹਨਾਂ ਨੇ ਨੌਵੇਂ ਗੁਰੂ ਬਾਰੇ ਸੰਕੇਤ ਦੇਂਦਿਆਂ ਕਿਹਾ ਸੀ ‘ਬਾਬਾ ਬਕਾਲੇ’, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਬਾਬਾ ਜੀ ਸਨ।
ਗੁਰੂ ਹਰਿਗੋਬਿੰਦ ਸਾਹਿਬ ਆਪਣੀ ਮਾਤਾ ਗੰਗਾ ਜੀ ਸਮੇਤ ਬਕਾਲੇ ਮਿਹਰੇ ਸਿੱਖ ਦੇ ਘਰ ਕੁਝ ਸਾਲ ਠਹਿਰੇ ਅਤੇ 15 ਹਾੜ੍ਹ ਸੰਮਤ 1685 ਨੂੰ ਮਾਤਾ ਗੰਗਾ ਜੀ ਦਾ ਇਸੇ ਥਾਂ ਸ਼ਰੀਰ ਅੰਤ ਹੋਇਆ। ਇੱਥੇ ਮਾਤਾ ਗੰਗਾ ਜੀ ਦਾ ਦਿਹਰਾ ਹੈ। ਗੁਰਗੱਦੀ ਤੇ ਬੈਠਣ ਤੋਂ ਪਹਿਲਾਂ ਸੰਨ 1644 ਤੋਂ 1664 ਤੱਕ ਵੀਹ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਮਾਤਾ ਨਾਨਕੀ ਜੀ ਸਮੇਤ ਇਸ ਪਿੰਡ ਵਿੱਚ ਰਹੇ ਅਤੇ ਭੌਰੇ ਵਿੱਚ ਤੱਪਸਿਆ ਕੀਤੀ। ਜਿਸ ਥਾਂ ਤੇ ਗੁਰੂ ਜੀ ਨਿਵਾਸ ਕਰਦੇ ਸਨ ਉਸ ਜਗ੍ਹਾ ‘ਤੇ ‘ਭੌਰਾ ਸਾਹਿਬ ਗੁਰਦੁਆਰਾ ਹੈ। ਜਿੱਥੇ ਗੁਰਗੱਦੀ ਤੇ ਬਰਾਜ ਕੇ ਗੁਰੂ ਜੀ ਨੇ ਦਰਸ਼ਨ ਦਿੱਤੇ ਉਸ ਸਥਾਨ ਤੇ ‘ਦਰਬਾਰ ਸਾਹਿਬ’ ਪ੍ਰਸਿੱਧ ਗੁਰਦੁਆਰਾ ਹੈ। ਜਿਸ ਸਥਾਨ ਤੇ ਧੀਰ ਮੱਲ ਨੇ ਗੁਰੂ ਸਾਹਿਬ ਤੇ ਗੋਲੀ ਚਲਵਾਈ ਸੀ ਉਸ ਸਥਾਨ ਦਾ ਨਾਂ ‘ਮੰਜੀ ਸਾਹਿਬ’ ਹੈ।
ਬਾਬਾ ਬਕਾਲਾ ਪਿੰਡ ਤੋਂ ਬਾਹਰ ਤਰੁਨਾ ਦਲ ਦੇ ਨਿਹੰਗਾਂ ਦੀ ਛਾਉਣੀ ਹੈ। ਬਾਬਾ ਬਕਾਲਾ ਵਿੱਚ ਸਾਲ ਵਿੱਚ ਦੋ ਸਮਾਗਮ ਬੜੇ ਜੋਸ਼ ਤੇ ਉਤਸ਼ਾਹ ਨਾਲ ਮੰਨਾਏ ਜਾਂਦੇ ਹਨ। ਇੱਕ ਹੈ ‘ਰੱਖੜ ਪੁੰਨਿਆ’ ਦਾ ਤਿਉਹਾਰ ਤੇ ਦੂਜਾ ‘ਗੁਰੂ ਤੇਗ ਬਹਾਦਰ ਸਾਹਿਬ’ ਦਾ ਸ਼ਹੀਦੀ ਪੁਰਬ । ਇੱਥੇ ਮੁਗ਼ਲਾਂ ਤੋਂ ਬਚਾ ਕੇ ਲਿਆਣ ਵਾਲੇ ਸਿੱਖਾਂ ਨੂੰ ਲੜਕੀਆਂ ਨੇ ਰੱਖੜੀ ਬੰਨ੍ਹੀ ਸੀ।