ਇਹ ਪਰਮਾਰ ਰਾਜਪੂਤ ਵਿੱਚੋਂ ਹਨ। ਇਸ ਗੱਲ ਦਾ ਇਹ ਆਪ ਹੀ ਦਾਹਵਾ ਕਰਦੇ ਹਨ। ਰਾਏ ਸਿਆਲ ਜਾਂ ਸਿਉ ਜਿਥੋਂ ਇਸ ਕਬੀਲੇ ਦਾ ਨਾਮ ਪਿਆ ਹੈ, ਰਾਮਪੁਰ ਦੇ ਰਾਏ ਸ਼ੰਕਰ ਦਾ ਪੁੱਤਰ ਸੀ। ਰਾਮਪੁਰ ਵਿੱਚ ਲੜਾਈਆਂ ਝਗੜਿਆਂ ਦੇ ਕਾਰਨ ਸਿਆਲ ਭਾਈਚਾਰਾ ਅਲਾਉੱਦੀਨ ਖਿਲਜੀ ਦੇ ਰਾਜ ਸਮੇਂ ਪੰਜਾਬ ਵਲ ਆਇਆ ਸੀ। ਸੰਨ 1258 ਈਸਵੀ ਦੇ ਲਗਭਗ ਪਾਕਿਪਟਨ ਦੇ ਬਾਬਾ ਫਰੀਦ ਸ਼ੱਕਰਗੰਜ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਕੇ ਮੁਸਲਮਾਨ ਬਣ ਗਿਆ ਸੀ। ਉਹ ਸਾਹੀਵਾਲ ਵਿੱਚ ਰਹਿਣ ਲੱਗ ਪਿਆ ਸੀ ਅਤੇ ਉਸ ਨੇ ਉਥੋਂ ਦੇ ਮੁਖੀ ਦੀ ਪੁੱਤਰੀ ਨਾਲ ਵਿਆਹ ਕਰ ਲਿਆ ਸੀ। ਸਿਆਲ ਸਾਰੇ ਮਾਲਵੇ ਤੇ ਮਾਝੇ ਵਿਚੋਂ ਘੁੰਮਦੇ-ਘੁੰਮਦੇ। ਹੀ ਆਖਰ ਪਾਕਿਪਟਨ ਪਹੁੰਚ ਕੇ ਹੀ ਟਿਕੇ ਸਨ। ਜਦੋਂ ਸਿਆਲ ਨੇ ਇਸ ਖੇਤਰ ਦੇ ਮੁਖੀ ਭਾਈ ਖਾਨ ਮੇਕਨ ਜੱਟ ਸਾਹੀਵਾਲ ਦੀ ਪੁੱਤਰੀ ਨਾਲ ਸ਼ਾਦੀ ਕਰ ਲਈ ਤਾਂ ਉਸ ਦੀ ਤਾਕਤ ਵਿੱਚ ਵੀ ਵਾਧਾ ਹੋਇਆ। ਉਸਨੇ ਸਿਆਲਕੋਟ ਵਿੱਚ ਆਪਣਾ ਕਿਲਾ ਬਣਾ ਲਿਆ। ਜੱਟ ਭਾਈਚਾਰੇ ਵਿਚ ਰਲ ਗਿਆ। ਜਦੋਂ ਸਿਆਲਾਂ ਦੀ ਗਿਣਤੀ ਕਾਫੀ ਵੱਧ ਗਈ ਤਾਂ ਉਨ੍ਹਾਂ ਝੰਗ ਮਘਿਆਣੇ ਦੀ ਨੀਂਹ ਰੱਖੀ। ਪਹਿਲਾਂ ਉਹ ਝੁੱਗੀਆਂ ਵਿੱਚ ਰਹਿੰਦੇ ਸਨ। ਕੁਝ ਸਮੇਂ ਮਗਰੋਂ ਉਨ੍ਹਾਂ ਨੇ ਕਮਾਲੀਏ ਦੇ ਇਲਾਕੇ ਉਤੇ ਵੀ ਕਬਜ਼ਾ ਕਰ ਲਿਆ ਇਸ ਤਰ੍ਹਾਂ ਸਿਆਲ ਰਾਵੀ ਦੇ ਕੰਢਿਆਂ ਤੇ ਆਬਾਦ ਹੋ ਗਏ ਅਤੇ ਹੌਲੀ-ਹੌਲੀ । ਉਹ ਦੂਰ ਤੱਕ ਫੈਲ ਗਏ। ਹੁਣ ਸਿਆਲ ਦੋ ਮੁਖ ਸ਼ਾਖਾ ਫਤਿਆਣਾ ਅਤੇ ਤਹਰਾਣਾ ਵਿੱਚ ਵੰਡੇ ਗਏ।
ਝੰਗ ਸੈਟਲਮੈਂਟ ਰਿਪੋਰਟ ਵਿੱਚ ਸਿਆਲਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਬੇਸ਼ਕ ਸਿਆਲ ਭਾਈਚਾਰੇ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ ਪਰ ਸ਼ੁਰੂ ਸ਼ੁਰੂ ਵਿੱਚ ਉਹ ਹਿੰਦੂ ਰਸਮ ਰਵਾਜ਼ ਵੀ ਕਰਦੇ ਸਨ। ਤਾਰੀਖ ਝੰਗ ਸਿਆਲ ਵਿੱਚ ਲਿਖਿਆ ਹੈ ਕਿ ਸਿਆਲ ਪਹਿਲਾਂ ਚਨਾਬ-ਜਿਹਲਮ ਦੇ ਖੇਤਰ ਵਿੱਚ ਆਬਾਦ ਹੋਏ। ਇਸ ਦਾ ਪਹਿਲਾ ਮੁਖੀਆ ਮਲਖਾਨ ਸੀ। ਇਸ ਨੇ 1477 ਈਸਵੀ ਵਿੱਚ ਝੰਗ ਦੇ ਇਲਾਕੇ ਵਿੱਚ ਹਕੂਮਤ ਕੀਤੀ। ਬਾਦਸ਼ਾਹ ਅਕਬਰ ਦੇ ਸਮੇਂ ਸੋਲਵੀਂ ਸਦੀ ਵਿੱਚ ਇਸ ਖਾਨਦਾਨ ਵਿੱਚੋਂ ਹੀਰ” ਹੋਈ ਹੈ। ਜੋ ਧੀਦੋ ਗੋਤ ਰਾਂਝੇ ਨੂੰ ਪਿਆਰ ਕਰਦੀ ਸੀ । ਝੰਗ ਤੋਂ ਅੱਧੇ ਮੀਲ ਤੇ ਹੀ ਹੀਰ ਦਾ ਮੱਕਬਰਾ ਹੈ। ਸਿਆਲਾਂ ਦੀ ਗਿਣਤੀ ਵਧਣ ਨਾਲ ਹੁਣ ਸਿਆਲਾਂ ਦੀਆਂ ਕਈ ਮੂੰਹੀਆਂ ਪ੍ਰਚਲਤ ਹੋ ਗਈਆਂ ਹਨ। ਸਿਆਲ ਅਸਲੀ ਵਤਨ ਨੂੰ ਛੱਡਕੇ ਜਦ ਝੰਗ ਮਘਿਆਣੇ ਆਦਿ ਖੇਤਰਾਂ ਵਿੱਚ ਆਬਾਦ ਹੋਏ, ਉਨ੍ਹਾਂ ਨੇ ਜੰਗਲਾਂ ਨੂੰ ਸਾਫ ਕਰਕੇ ਖੇਤੀ-ਬਾੜੀ ਸ਼ੁਰੂ ਕੀਤੀ। ਉਹ ਘਿਉ, ਦੁਧ, ਦਹੀ, ਮਖਣ ਖਾਣ ਤੇ ਪਸ਼ੂ ਰਖਣ ਦੇ ਬਹੁਤ ਸ਼ੌਕੀਨ ਸਨ। ਜੱਟ ਸੁਭਾਅ ਅਨੁਸਾਰ ਝਗੜਾਲੂ, ਲੜਾਕੇ ਤੇ ਅਣਖੀ ਸਨ। ਭੰਗੀ ਮਿਸਲ ਦੇ ਸਿੱਖ ਸਰਦਾਰਾਂ ਨਾਲ ਵੀ ਸਿਆਲਾਂ ਦੀਆਂ ਕਈ ਲੜਾਈਆਂ ਹੋਈਆਂ। 1810 ਈਸਵੀ ਵਿੱਚ ਲਾਹੌਰ ਦੇ ਰਾਜੇ ਨੇ ਸਿਆਲਾਂ ਦੇ ਆਖ਼ਰੀ ਸਰਦਾਰ ਅਹਿਮਦ ਖਾਨ ਨੂੰ ਕੈਦ ਕਰਕੇ ਸਿਆਲਾਂ ਦਾ ਰਾਜ ਖ਼ਤਮ ਕਰ ਦਿੱਤਾ।
ਸੰਨ 1857 ਈ. ਦੇ ਭਾਰਤ ਦੇ ਗ਼ਦਰ ਵਿੱਚ ਸਿਆਲ ਜੱਟਾਂ ਨੇ ਬਹਾਵਲ, ਫਤਿਆਣਾ, ਝੱਲਾ ਅਤੇ ਮੁਰਾਦ ਦੀ ਅਗਵਾਈ ਵਿੱਚ ਅੰਗਰੇਜ਼ ਸਰਕਾਰ ਦੇ ਵਿਰੁੱਧ ਹਿੱਸਾ ਲਿਆ ਸੀ। ਝੱਲਾ ਸਿਆਲ ਇਸ ਲੜਾਈ ਵਿੱਚ ਮਾਰਿਆ ਗਿਆ ਅਤੇ ਬਾਕੀ ਨੂੰ ਜਲਾਵਤਨ ਕਰ ਦਿੱਤਾ ਗਿਆ ਸੀ। ਸਿਆਲਾਂ ਨੇ ਆਪਣੇ ਖੇਤਰ ਵਿੱਚ ਖੇਤੀ-ਬਾੜੀ ਨੂੰ ਵੀ ਕਾਫੀ ਉੱਨਤ ਕੀਤਾ ਸੀ। ਉਹ ਸਫਲ ਕ੍ਰਿਸਾਨ ਵੀ ਸਨ।
ਪੂਰਬੀ ਪੰਜਾਬ ਵਿੱਚ ਸਿਆਲ ਬਹੁਤ ਘੱਟ ਹਨ। ਪੱਛਮੀ ਪੰਜਾਬ ਵਿੱਚ ਸਿਆਲ ਦੂਰ-ਦੂਰ ਤੱਕ ਆਬਾਦ ਸਨ। ਸਿਆਲ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਕੁਝ ਸਿਆਲ ਹਿੰਦੂ ਖੱਤਰੀ ਵੀ ਹਨ। 1881 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ ਸਾਂਝੇ ਪੰਜਾਬ ਵਿੱਚ 17366 ਸਿਆਲ ਜੱਟ ਸਨ ਅਤੇ 77213 ਸਿਆਲ ਰਾਜਪੂਤ ਸਨ । ਹਰਾਜ ਵੀ ਸਿਆਲਾਂ ਦਾ ਹੀ ਉਪਗੋਤ ਹੈ। ਕਈ ਇਤਿਹਾਸਕਾਰ ਸਿਆਲਾਂ ਨੂੰ ਭੱਟੀ ਰਾਜਪੂਤ ਮੰਨਦੇ ਹਨ। ਭੱਟੀਆਂ ਅਤੇ ਪਰਮਾਰਾਂ ਵਿੱਚ ਭੁਲੇਖੇ ਦਾ ਕਾਰਨ ਦੋ ਸਲਵਾਨ ਰਾਜੇ ਹੋਣਾ ਹੈ। ਪੂਰਨ ਭਗਤ ਦਾ ਪਿਤਾ ਸਿਆਲਕੋਟ ਦਾ ਰਾਜਾ ਸਲਵਾਨ ਪਰਮਾਰ ਸੀ। ਜੈਮਲਮੇਰ ਦੇ ਰਾਜੇ ਜੈਮਲ ਦਾ ਇੱਕ ਪੁੱਤਰ ਵੀ ਸਲਵਾਨ ਸੀ। ਉਹ ਭੱਟੀ ਰਾਜਪੂਤ ਸੀ। ਹੂਣਾਂ ਦੇ ਹਮਲਿਆਂ ਤੋਂ ਤੰਗ ਆਕੇ ਸਿਆਲਕੋਟ ਇਲਾਕੇ ਦੇ ਪਰਮਾਰ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਗਏ ਤੇ ਉਥੇ ਧਾਰਾ ਨਗਰੀ ਵਿੱਚ ਆਪਣਾ ਰਾਜ ਕਾਇਮ ਕਰ ਲਿਆ।। ਫਿਰ ਅੱਗਨੀਕੁਲ ਰਾਜਪੂਤਾਂ ਵਿੱਚ ਸ਼ਾਮਿਲ ਹੋ ਗਏ। ਜਦ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ ਫਿਰ ਦੋਬਾਰਾ ਪੰਜਾਬ ਵੱਲ ਆਕੇ ਪੰਜਾਬ ਵਿੱਚ ਪੱਕੇ ਤੌਰ ਤੇ ਵਸ ਗਏ। ਝੰਗ ਦੇ ਸਿਆਲਾਂ ਨੂੰ ਰਾਜਪੂਤ ਕਿਹਾ ਜਾਂਦਾ ਸੀ ਪਰ ਡੇਰਾ ਗਾਜ਼ੀ ਖ਼ਾਂ ਦੇ ਸਿਆਲਾਂ ਨੂੰ ਜੱਟ ਹੀ ਗਿਣਿਆ ਜਾਂਦਾ ਸੀ । ਰਾਜਪੂਤ ਸਿਆਲ ਜੱਟ ਸਿਆਲਾਂ ਨਾਲੋਂ ਉੱਚੇ ਸਮਝੇ ਜਾਂਦੇ ਸਨ। ਇਹ ਉੱਘਾ ਗੋਤ ਹੈ।