ਰਮਦਾਸ ਪਿੰਡ ਦਾ ਇਤਿਹਾਸ | Ramdas Village History

ਰਮਦਾਸ

ਰਮਦਾਸ ਪਿੰਡ ਦਾ ਇਤਿਹਾਸ | Ramdas Village History

ਸਥਿਤੀ :

ਪਿੰਡ ਰਮਦਾਸ, ਅਜਨਾਲਾ ਤੋਂ 20 ਕਿਲੋਮੀਟਰ ਦੂਰ ਅਤੇ ਭਾਰਤ-ਪਾਕਿਸਤਾਨ ਸੀਮਾਂ ਤੋਂ 5 ਕਿਲੋਮੀਟਰ ਉਰਾਂ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਦਾ ਸੰਬੰਧ ਬਾਬਾ ਬੁੱਢਾ ਜੀ ਨਾਲ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਦੀ ਅਣਥੱਕ ਸੇਵਾ ਤੋਂ ਪ੍ਰਭਾਵਿਤ ਹੋ ਕੇ ਬਾਬਾ ਬੁੱਢਾ ਜੀ ਨੂੰ ਵਰ ਦਿੱਤਾ ਸੀ ਕਿ ਉਹਨਾਂ ਦੇ ਪੁੱਤਰ ਤੇ ਪੋਤਰੇ ਦੀ ਯਾਦ ਵਿੱਚ ਇੱਥੇ ਪਿੰਡ ਬਣੇਗਾ। ਬਾਬਾ ਬੁੱਢਾ ਜੀ ਦੇ ਵੱਡੇ ਪੁੱਤਰ ਭਾਈ ਭਾਣਾ ਨੇ ਬਾਬਾ ਜੀ ਦੇ ਨਾਨਕਿਆਂ ਤੋਂ ਉਠ ਕੇ ਇੱਥੇ ਡੇਰਾ ਲਾ ਲਿਆ ਤੇ ਬਾਬਾ ਬੁੱਢਾ ਜੀ ਨੇ ਇਸ ਪਿੰਡ ਦਾ ਨਾਂ ‘ਭਾਈ ਤਲਵੰਡੀ ਭਾਣਾ’ ਰੱਖ ਦਿੱਤਾ। ਬਾਅਦ ਵਿੱਚ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਵੇਲੇ ਬਾਬਾ ਬੁੱਢਾ ਜੀ ਦੇ ਘਰ ਪੋਤਰਾ ਹੋਇਆ ਤੇ ਗੁਰੂ ਰਾਮਦਾਸ ਜੀ ਬਾਬਾ ਜੀ ਨੂੰ ਵਧਾਈ ਦੇਣ ਇਸ ਪਿੰਡ ਭਾਈ ਤਲਵੰਡੀ ਭਾਣਾ ਵਿਖੇ ਆਏ। ਗੁਰੂ ਰਾਮਦਾਸ ਜੀ ਦੇ ਪਿੰਡ ਵਿੱਚ ਪਹੁੰਚਣ ਦੀ ਖੁਸ਼ੀ ਵਿੱਚ ਬਾਬਾ ਜੀ ਨੇ ਆਪਣੇ ਪੋਤਰੇ ਝੰਡਾ ਦੇ ਨਾਂ ਨਾਲ ਰਾਮਦਾਸ ਜੋੜ ਕੇ ਪਿੰਡ ਦਾ ਨਾ ਝੰਡਾ ਰਾਮਦਾਸਪੁਰ ਰੱਖ ਦਿੱਤਾ। ਬਾਅਦ ਵਿੱਚ ਪਿੰਡ ਦਾ ਨਾਂ ਰਮਦਾਸ ਪੈ ਗਿਆ।

ਬਾਬਾ ਝੰਡਾ ਜੀ ਨੇ ਪਿੰਡ ਦੀ ਵਸੋਂ ਵਧਾਉਣ ਤੇ ਕਾਰੋਬਾਰ ਵਧਾਉਣ ਲਈ ਖੱਤਰੀ, ਜੁਲਾਹੇ, ਨਾਈ, ਝਿਊਰ ਤੇ ਲਲਾਰੀ ਆਦਿ ਜਾਤਾਂ ਦੇ ਲੋਕ ਵੀ ਵਸਾਏ। ਪਿੰਡ ਦੇ ਆਲੇ ਦੁਆਲੇ ਦਸ-ਬਾਰਾਂ ਗਜ ਚੌੜੀ ਨੀਂਹ ਰਖਵਾ ਕੇ ਕਿਲ੍ਹੇ ਦੀ ਤਰ੍ਹਾਂ ਕੰਧ ਬਣਵਾ ਦਿੱਤੀ। ਪਿੰਡ ਵਿੱਚ ਦਾਖਲ ਹੋਣ ਲਈ ਦਰਸ਼ਨੀ, ਮੱਝਾ, ਵਾਲ੍ਹਾ ਤੇ ਕੱਦਾ ਚਾਰ ਦਰਵਾਜ਼ੇ ਬਣਾਏ ਗਏ ਸਨ ਜਿਨ੍ਹਾਂ ਦੇ ਨਿਸ਼ਾਨ ਅਜੇ ਵੀ ਮੌਜੂਦ ਹਨ। ਬਾਬਾ ਬੁੱਢਾ ਜੀ 125 ਸਾਲ ਦੀ ਆਯੂ ਵਿੱਚ ਇਸ ਪਿੰਡ ਵਿੱਚ ਹੀ ਪ੍ਰਲੋਕ ਸਿਧਾਰੇ ਸਨ ਅਤੇ ਉਹਨਾਂ ਦਾ ਸਸਕਾਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਇਸ ਪਿੰਡ ਵਿੱਚ ਕੀਤਾ ਸੀ। ਇੱਥੇ ‘ਸਚਖੰਡ ਸਮਾਧ ਬਾਬਾ ਬੁੱਢਾ ਜੀ’ ਗੁਰਦੁਆਰਾ ਕਾਇਮ ਹੈ।

ਇਸ ਪਿੰਡ ਦਾ ਇੱਕ ਵਿਅਕਤੀ ਜਿਊਣ ਸਿੰਘ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਨਗਾਰਚੀ ਰਿਹਾ। ਇਹ ਪਿੰਡ ਪੁਰਾਤਨ ਅਮੀਰ ਪਿੰਡ ਸੀ ਜਿਸ ਨੂੰ ਬਿਕਰਮੀ 1795 ਵਿੱਚ ਮੁਗਲ ਬਾਦਸ਼ਾਹ ਨਾਦਰਸ਼ਾਹ ਨੇ ਲੁੱਟਿਆ । ਸੰਮਤ 1881 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਇਸ ਪਿੰਡ ਤੇ ਹਮਲਾ ਕਰਕੇ ਬਾਬਾ ਬੁੱਢਾ ਜੀ ਦੇ ਇੱਕਲੇ ਪਰਿਵਾਰ ਤੋਂ 75 ਹਜ਼ਾਰ ਰੁਪਿਆ, ਧਾਰਮਿਕ ਪੁਸਤਕਾਂ ਤੇ ਪਿੰਡ ਦੀਆਂ ਹੋਰ ਕੀਮਤੀ ਵਸਤੂਆ ਦੀ ਲੁੱਟ ਕੀਤੀ। ਉਸ ਸਮੇਂ ਪਿੰਡ ਬਿਲਕੁਲ ਉਝੜ ਗਿਆ ਸੀ। ਬਾਅਦ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਉਦੋਂ ਹੀ ਲਾਹੌਰ ਤੋਂ ਸਿੱਧੇ ਇਸ ਪਿੰਡ ਆਏ ਤੇ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਬਣੇ ਗੁਰਦੁਆਰੇ ਤਪ ਅਸਥਾਨ ‘ਚ ਝਾਤੂ ਦੇ ਕੇ ਪਸ਼ਚਾਤਾਪ ਕੀਤਾ ਤੇ ਪਿੰਡ ਨਵੇਂ ਸਿਰਿਓਂ ਉਸਾਰਨ ਲਈ ਨੈਣੋ ਕੋਟ ਦੇ ਮਹੰਤ ਚਰਨ ਦਾਸ ਨੂੰ ਗੁਰਦੁਆਰਿਆਂ ਤੇ ਪਿੰਡ ਦੀ ਸੇਵਾ ਸੌਂਪੀ। ਮਹਾਰਾਜਾ ਨੇ ਸਾਰਾ ਲੁੱਟਿਆ ਸਮਾਨ ਵਾਪਸ ਕੀਤਾ ਤੇ 6 ਹਜ਼ਾਰ ਦੀ ਨਕਦੀ ਆਪਣੇ ਕੋਲੋਂ ਵੀ ਦਿੱਤੀ । ਮਹੰਤ ਚਰਨ ਦਾਸ ਨੂੰ 7 ਪਿੰਡਾਂ ਰਮਦਾਸ, ਸ਼ਾਹਪੁਰ, ਧਰਮਕੋਟ, ਜੱਟਾ, ਸ਼ਾਮਪੁਰਾ ਖੰਨਾ, ਚਮਿਆਰਾ ਤੇ ਅਵਾਣ ਦਾ ਸਾਰਾ ਮਾਮਲਾ ਉਗਰਾਹ ਕੇ ਇਸ ਪਿੰਡ ਦੀ ਉਸਾਰੀ ‘ਤੇ ਲਾਉਣ ਦੇ ਅਧਿਕਾਰ ਦਿੱਤੇ। ਮਹੰਤ ਚਰਨ ਦਾਸ ਨੂੰ ਮਹਾਰਾਜਾ ਨੇ ਪਿੰਡ ਦੀ ਅਦਾਲਤ ਕਰਨ ਦੇ ਵੀ ਅਧਿਕਾਰ ਦਿੱਤੇ। ਮਹਾਰਾਜਾ ਨੇ ਪਿੰਡ ਦੇ ਮੰਦਰ ਤੇ ਖੁਦ ਸੋਨੇ ਦਾ ਛਤਰ ਵੀ ਚੜ੍ਹਾਇਆ।

 

ਪਿੰਡ ਵਿੱਚ ਚਾਰ ਮੰਦਰ ਗੁਰਦੁਆਰਾ ਤਪ ਅਸਥਾਨ ਤੇ ਸਚਖੰਡ ਸਮਾਧ ਬਾਬਾ ਬੁੱਢਾ ਸਾਹਿਬ ਤੋਂ ਇਲਾਵਾ ਇੱਕ ਬਾਬਾ ਕ੍ਰਿਸ਼ਨ ਕੰਵਰ ਜੀ ਦੀ ਯਾਦ ਵਿੱਚ ਗੁਰਦੁਆਰਾ ਨਿਰਮਾਨ ਤਲਾਬ ਸਾਹਿਬ ਵੀ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!