ਵਛੋਆ
ਸਥਿਤੀ :
ਤਹਿਸੀਲ ਅਜਨਾਲਾ ਦਾ ਪਿੰਡ ਵਛੋਆ, ਅਜਨਾਲਾ – ਫਤਿਹਗੜ੍ਹ ਚੂੜੀਆਂ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਤਿਹਗੜ੍ਹ ਚੂੜੀਆਂ ਤੋਂ 9 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਮੁਤਾਬਕ ਇਹ ਪਿੰਡ ਬਹੁਤ ਪੁਰਾਣਾ ਹੈ ਤੇ ਇੱਕ ਵਾਰੀ ਭਾਰੀ ਹੜ੍ਹ ਆ ਜਾਣ ਕਾਰਨ ਉਜੜ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਸ ਪਿੰਡ ਦੀ ‘ਵਿਸਾਖੀ’ ਵਾਲੇ ਦਿਨ ਨੀਂਹ ਰੱਖੀ ਗਈ ਤੇ ‘ਵਿਸਾਖੀ’ ਤੋਂ ਪਿੰਡ ਦਾ ਨਾਂ ਵਿਸੋਆ ਅਤੇ ਫੇਰ ‘ਵਸੋਆ’ ਪੈ ਗਿਆ। ਪਿੰਡ ਦੀ ਪੁਟਾਈ ਵੇਲੇ ਇੱਥੇ ਪੁਰਾਣੇ ਮਿੱਟੀ ਦੇ ਭਾਂਡੇ, ਚੁੱਲੇ ਤੇ ਇੱਕ ਬਹੁਤ ਵੱਡਾ ਖੂਹ ਨਿਕਲਿਆ।
ਇਸ ਪਿੰਡ ਦੇ ਮਹਾਨ ਦੇਸ਼ ਭਗਤ ਬਾਬੂ ਦਾਨ ਸਿੰਘ ਜੀ ਹੋਏ ਹਨ। ਉਨ੍ਹਾਂ ਦੇ ਪਿਤਾ ਸ੍ਰੀ ਗੰਗਾ ਰਾਮ ਭੰਡਾਰੀ ਮਹਾਰਾਜਾ ਪਟਿਆਲਾ ਦੇ ਨਿੱਜੀ ਡਾਕਟਰ ਸਨ। ਅੰਗਰੇਜ਼ਾਂ, ਰਾਜਿਆਂ, ਮਹਾਰਾਜਿਆਂ ਦੀ ਗੁਲਾਮੀ ਵੇਖ ਕੇ ਇਹਨਾਂ ਨੂੰ ਬੜੀ ਨਿਰਾਸਤਾ ਹੋਈ ਜਿਸ ਕਾਰਨ ਉਹ ਅਜ਼ਾਦੀ ਦੀ ਲਹਿਰ ਵਿੱਚ ਕੁੱਦ ਪਏ। ਬਾਬੂ ਜੀ ਨੇ ‘ਗੁਰੂ ਕਾ ਬਾਗ’ ਮੋਰਚੇ ਵਿੱਚ ਅੰਗਰੇਜ਼ਾਂ ਦੇ ਤਸ਼ਦੱਦ ਸਹੇ ਅਤੇ ਹਰਿਮੰਦਰ ਸਾਹਿਬ ‘ਚਾਬੀਆਂ’ ਦੇ ਮੋਰਚੇ ਦੀ ਅਗਵਾਈ ਕਰਕੇ ਸ਼ਾਂਤਮਈ ਢੰਗ ਨਾਲ ਮੋਰਚਾ ਜਿੱਤਿਆ। 1923 ਵਿੱਚ ਬਾਬੂ ਜੀ ਨੇ ਪੰਜਾਬ ਦੇ ਪਿੰਡਾਂ ਵਿਚੋਂ ਪਹਿਲਾ ਕਾਂਗਰਸ ਪਾਰਟੀ ਦਾ ਜਲਸਾ ਆਪਣੇ ਪਿੰਡ ਵਛੋਆ ਵਿੱਚ ਕਰਵਾਇਆ। ਪਿੰਡ ਦਾ ਸਰਕਾਰੀ ਹਾਈ ਸਕੂਲ ਬਾਬੂ ਦਾਨ ਸਿੰਘ ਦੇ ਨਾਂ ਤੇ ਹੈ। ਇਸ ਪਿੰਡ ਦੇ ਕਈ ਹੋਰ ਅਜ਼ਾਦੀ ਘੁਲਾਟੀਏ ਹੋਏ ਹਨ। ਪਿੰਡ ਦੇ ਜੱਟਾਂ ਦਾ ਮੁੱਖ ਗੋਤ ਭੁੱਲਰ ਹੈ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ