ਖਤਰਾਏ ਕਲਾਂ ਪਿੰਡ ਦਾ ਇਤਿਹਾਸ | Khatrai Kalan Village History

ਖਤਰਾਏ ਕਲਾਂ

ਖਤਰਾਏ ਕਲਾਂ ਪਿੰਡ ਦਾ ਇਤਿਹਾਸ | Khatrai Kalan Village History

ਸਥਿਤੀ  :

ਤਹਿਸੀਲ ਅਜਨਾਲਾ ਦਾ ਪਿੰਡ ਖਤਰਾਏ ਕਲਾਂ, ਅਜਨਾਲਾ-ਡੇਰਾ ਬਾਬਾ ਨਾਨਕ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਕੋਟਲਾ ਗੁੱਜਰਾਂ ਤੋਂ 7 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਦਾ ਮੁਢ ਫਿਰੋਜ਼ਪੁਰ ਤੋਂ ਆਏ ਤਿੰਨ ਭਰਾਵਾਂ ਨੇ ਬੰਨਿਆ। ਪਿੰਡ ਵਾਲੀ ਜਗ੍ਹਾ ਜੰਗਲ ਬੀਆਬਾਨ ਸੀ । ਇਹ ਤਿੰਨ ਭਰਾ ਇਸ ਰਸਤੇ ਤੋਂ ਲੰਘਣ ਵਾਲਿਆਂ ਦੀ ਲੁੱਟ ਮਾਰ ਕਰਦੇ ਸਨ। ਹੌਲੀ ਹੌਲੀ ਇਸ ਜੰਗਲ ਤੋਂ ਲੋਕੀ ਇੱਕ ਦੂਜੇ ਨੂੰ ਸਾਵਧਾਨ ਕਰਦੇ ਸਨ ਕਿ ਇੱਥੇ ਖਤਰਾ ਹੈ। ਜਦੋਂ ਇੱਥੇ ਕੁਝ ਵਸੋਂ ਹੋ ਗਈ ਤਾਂ ਇਸ ਵਸੋਂ ਦਾ ਨਾਂ ਖਤਰਾ ਕਰਕੇ ਪੈ ਗਿਆ। ਬਾਅਦ ਵਿੱਚ ਛੋਟਾ ਖਤਰਾ ਬਨਣ ਕਰਕੇ ਇਸ ਪਿੰਡ ਦਾ ਨਾਂ ‘ਖਤਰਾਏ ਕਲਾਂ’ ਪ੍ਰਚਲਤ ਹੋ ਗਿਆ।

ਇਸ ਪਿੰਡ ਦੇ ਸ. ਪੰਜਾਬ ਸਿੰਘ, ਸ. ਦਲ ਸਿੰਘ ਅਤੇ ਫੜ੍ਹੇਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਉੱਚ ਅਧਿਕਾਰੀ ਸਨ। ਇੱਥੋਂ ਦਾ ਪ੍ਰਸਿੱਧ ਵਿਅਕਤੀ ਗੱਲੂ ਖੁ ਮਹਾਰਾਜਾ ਰਣਜੀਤ ਸਿੰਘ ਦਾ ਫੌਜੀ ਜਰਨੈਲ ਸੀ। ਮਹਾਰਾਜੇ ਨੇ ਗੁੱਲੂ ਖਾਂ ਲਈ ਇੱਕ ਖ਼ਾਨਦਾਰ ਮਹਲ ਬਣਵਾਇਆ ਸੀ ਜੋ ਖਸਤਾ ਹਾਲਤ ਵਿੱਚ ਆਪਣੀ ਭਵਨ ਕਲਾਂ ਫੋ ਪ੍ਰਤੀਕ ਹੈ। ਗੁੱਲੂ ਖਾਂ ਦੀ ਯਾਦ ਵਿੱਚ ਮਹਾਰਾਜੇ ਨੇ ਪਿੰਡ ਵਿੱਚ ਇੱਕ ਮਸਜਿਦ ਬਣਵਾਈ ਜੋ ਅਜੇ ਵੀ ਬੜੀ ਚੰਗੀ ਹਾਲਤ ਵਿੱਚ ਕਾਇਮ ਹੈ।

ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾਂ ਦੇ ਨਾਨਕੇ ਖਤਰਾਏ ਖੁਰਦ ਸਨ ਅਤੇ ਉਹਨਾਂ ਨੇ ਮੁਢਲੀ ਪੜ੍ਹਾਈ ਖਤਰਾਏ ਕਲਾਂ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਸੀ। ਵੱਖ ਵੱਖ ਕੌਮੀ ਲਹਿਰਾਂ ਵਿੱਚ ਪਿੰਡ ਦੇ 20 ਕੁ ਵਸਨੀਕਾਂ ਨੇ ਕੈਦਾਂ ਕੱਟੀਆਂ। ਕਾਮਰੇਡ ਸਾਧੂ ਸਿੰਘ ਨੇ ਅੰਗਰੇਜ਼ ਰਾਜ ਵਿੱਚ ਫੌਜ ਵਿੱਚ ਹੁੰਦਿਆਂ ਵਿਦਰੋਹ ਦਾ ਝੰਡਾ ਚੁੱਕਿਆ ਤੇ 15 ਸਾਲ ਕੈਦ ਵਿੱਚ ਰਿਹਾ।

ਪਿੰਡ ਵਿੱਚ ਦੋ ਗੁਰਦੁਆਰੇ ਅਤੇ ਇੱਕ ਮੰਦਰ ਹੈ। ਬਾਬਾ ਬਹਾਦਰ ਸਿੰਘ ਜੀ ਦੇ ਗੁਰਦੁਆਰੇ ਦੀ ਇਲਾਕੇ ਵਿੱਚ ਬਹੁਤ ਮਾਨਤਾ ਹੈ। ਪਿੰਡ ਵਿੱਚ ਇੱਕ ਪੁੱਜੇ ਹੋਏ ਫਕੀਰ ਸਖੀ ਸਰਵਰ ਪੀਰ ਦੀ ਜਗ੍ਹਾ ਹੈ, ਇਸ ਦੀ ਵੀ ਬਹੁਤ ਮਾਨਤਾ ਹੈ। ਪਿੰਡ ਵਿੱਚ ਜੱਟ ਸਿੱਖ, ਮਜ਼੍ਹਬੀ ਸਿੱਖ ਤੇ ਬ੍ਰਾਹਮਣਾ ਦੀ ਬਹੁ ਗਿਣਤੀ ਹੈ। ਬ੍ਰਾਹਮਣ ਵੀ ਜ਼ਮੀਨ ਦੇ ਮਾਲਕ ਹਨ ਤੇ ਇਹਨਾਂ ਦਾ ਰਹਿਣ ਸਹਿਣ ਜੱਟਾਂ ਵਰਗਾ ਹੈ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!