ਕਿਲ੍ਹਾ ਕਵੀ ਸੰਤੋਖ ਸਿੰਘ/ਨੂਰਦੀਨ
ਸਥਿਤੀ :
ਤਹਿਸੀਲ ਤਰਨਤਾਰਨ ਦਾ ਪਿੰਡ ਕਿਲ੍ਹਾ ਕਵੀ ਸੰਤੋਖ ਸਿੰਘ, ਤਰਨਤਾਰਨ ਅੰਮ੍ਰਿਤਸਰ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਤਰਨਤਾਰਨ ਤੋਂ 2 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸ਼ੇਰ ਸ਼ਾਹ ਸੂਰੀ ਮਾਰਗ ‘ਤੇ ਆਉਂਦਾ ਇਹ ਪਿੰਡ ਮੁਸਲਮਾਨ ਨੂਰਦੀਨ ਦੇ ਨਾਂ ਤੇ ਬਣਿਆ ਹੈ। ਦੋ ਭਰਾਵਾਂ ਖੈਰਦੀਨ ਅਤੇ ਨੂਰਦੀਨ ਦੇ ਨਾਵਾਂ ਤੇ ਇਸ ਜ਼ਿਲ੍ਹੇ ਵਿੱਚ ਵੱਸੇ ਪਿੰਡ ਮੌਜੂਦ ਹਨ। ਇੱਥੇ ਪੁਰਾਣੀ ਸਰਾਂ ਦੇ ਖੰਡਰ ਅਜੇ ਵੀ ਮੌਜੂਦ ਹਨ ਜੋ ਕਿ ਨੂਰਦੀ ਸਰਾਂ ਦੇ ਨਾਲ ਜਾਣੀ ਜਾਂਦੀ ਹੈ।
ਨੂਰਦੀਨ ਬੜਾ ਹੈਂਕੜਬਾਜ਼ ਮੁਸਲਮਾਨ ਸੀ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਤਰਨਤਾਰਨ ਦਰਬਾਰ ਸਾਹਿਬ ਦੀ ਉਸਾਰੀ ਲਈ ਪਲਾਸੌਰ ਤੋਂ ਇੱਟਾਂ ਤਰਨਤਾਰਨ ਜਾਣ ਦੀ ਬਜਾਏ ਆਪਣੇ ਕਬਜ਼ੇ ਵਿੱਚ ਕਰ ਲਈਆਂ ਸਨ ਤੇ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਇਹ ਕਿਹਾ ਸੀ ਕਿ ਕੋਈ ਸਮਾਂ ਆਏਗਾ ਜਦੋਂ ਨੂਰਦੀਨ ਤੋਂ ਇੱਟਾਂ ਸੰਗਤਾਂ ਆਪਣੇ ਆਪ ਤਰਨਤਾਰਨ ਲਿਆਇਆ ਕਰਨਗੀਆਂ। ਜ਼ਾਲਮ ਨੂਰਦੀਨ ਵੱਲੋਂ ਇਕੱਤਰ ਕੀਤੀਆਂ ਗਈਆਂ ਇੱਟਾਂ ਵਾਕਿਆ ਹੀ ਫਿਰ ਸਿੱਖ ਸੰਗਤਾਂ ਨੇ ਤਰਨਤਾਰਨ ਢੋਈਆਂ ਅਤੇ ਦਰਬਾਰ ਸਾਹਿਬ ਦੀ ਉਸਾਰੀ ਕੀਤੀ।
ਇਸ ਪਿੰਡ ਵਿੱਚ ਮਹਾਨ ਹਸਤੀ ਕਵੀ ਸੰਤੋਖ ਸਿੰਘ ਦਾ ਜਨਮ ਹੋਇਆ ਜੋ ‘ਸੂਰਜ ਪ੍ਰਕਾਸ਼’ ਜਿਸ ਵਿੱਚ ਦਸਾਂ ਗੁਰੂਆਂ ਦੀ ਜੀਵਨੀ ਹੈ ਰੱਚਕੇ ਸਿੱਖ ਇਤਿਹਾਸ ਵਿੱਚ ਸਦਾ ਲਈ ਅਮਰ ਹੋ ਗਏ। ਉਹਨਾਂ ਦੀ ਯਾਦ ਵਿੱਚ ਪਿੰਡ ਵਿੱਚ ਸ਼ਾਨਦਾਰ ਗੁਰਦੁਆਰਾ ਹੈ। ਨੂਰਦੀ ਪਿੰਡ ਸਰਕਾਰੀ ਕਾਗਜ਼ਾਂ ਵਿੱਚ ਕਿਲ੍ਹਾ ਕਵੀ ਸੰਤੋਖ ਸਿੰਘ ਹੈ। ਜਿਸਦਾ ਬੋਰਡ ਸੜਕ ਉੱਤੇ ਲੱਗਾ ਹੋਇਆ ਹੈ।
ਪਿੰਡ ਵਿੱਚ ਪੁਰਾਣੀ ਸਰਾਂ, ਪੁਰਾਣਾ ਮਕਬਰਾ ਮੁਨਾਰਾਂ ਅਤੇ ਪੁਰਾਣੀ ਇੱਟ ਦੀ ਮਸੀਤ ਦੀ ਹੋਂਦ ਕਾਇਮ ਹੈ। ਮਾਮੂ ਸ਼ਾਹ ਨੂਰਸ਼ਾਹ ਬੁਖਾਰੀ ਅਤੇ ਝੰਡੇਪੀਰ ਦੀਆਂ ਕਬਰਾਂ ਤੋਂ ਇਲਾਵਾ ਇੱਕ ਪੁਰਾਣਾ ਮੰਦਰ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ