ਚੰਬਾ ਕਲਾਂ (ਘੜਕਾ ਚੰਬਾ)
ਸਥਿਤੀ :
ਤਹਿਸੀਲ ਤਰਨਤਾਰਨ ਦਾ ਪਿੰਡ ਚੰਬਾ ਕਲਾਂ, ਚੋਹਲਾ ਸਾਹਿਬ-ਘੜਕਾ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦਰਿਆ ਬਿਆਸ ਦੇ ਕੰਢੇ ਤੇ ਦੋ ਭਰਾਵਾਂ ਘੜਕਾ ਤੇ ਚੰਬਾ ਨੇ ਆ ਕੇ ਡੇਰਾ ਲਾਇਆ। ਇਹਨਾਂ ਦੇ ਤਿੰਨ ਹੋਰ ਭਰਾ ਵੀ ਦੱਸੇ ਜਾਂਦੇ ਹਨ ਰੁੜਕਾ, ਵਰਨਾਲਾ ਅਤੇ ਘਰਿਆਲਾ। ਮੁਗਲਾਂ ਦੇ ਸਮੇਂ ਵਰਨਾਲਾ ਤੇ ਘਰਿਆਲਾ ਮੁਸਲਮਾਨ ਬਣ ਗਏ ਅਤੇ ਦਰਿਆ ਦੀ ਸਾਂਝ ਛੱਡ ਕੇ ਮੈਦਾਨਾਂ ਵਿੱਚ ਆਪਣੇ ਨਾਵਾਂ ਤੇ ਵੱਖ ਵੱਖ ਪਿੰਡ ਵਸਾ ਲਏ। ਘੜਕਾ ਤੇ ਚੰਬਾ ਵੀ ਵੱਖਰੇ ਹੋ ਗਏ। ਘੜਕਾ ਆਪਣੀ ਥਾਂ ਤੇ ਹੀ ਰਿਹਾ ਅਤੇ ਚੰਬਾ ਨੇ ਦਰਿਆ ਕਿਨਾਰੇ ਇੱਕ ਥੇਹ ਤੇ ਪਿੰਡ ਚੰਬਾ ਵਸਾ ਲਿਆ। ਸਮਾਂ ਬੀਤਣ ਨਾਲ ਦਰਿਆ ਨੇ ਰੁੱਖ ਬਦਲਿਆ ਤੇ ਚੰਬਾ ਦੇ ਵਸਨੀਕ ਥੇਹ ਤੋਂ ਪਰੇ ਹੋ ਕੇ ਘੜਕਾ ਦੇ ਨੇੜੇ ਹੋ ਕੇ ਵੱਸ ਗਏ। ਕੁਝ ਦੇਰ ਬਾਅਦ ਚੰਬਾ ਦੇ ਵਸਨੀਕ ਕੁਝ ਹੋਰ ਦੂਰ ਹੋ ਕੇ ਵਸ ਗਏ ਅਤੇ ਇਹ ਪਿੰਡ ਚੰਬਾ ਕਲਾਂ ਅਖਵਾਉਣ ਲੱਗ ਪਿਆ। ਦਰਿਆ ਕੰਢੇ ਵਸਣ ਤੋਂ ਪੈਦਾ ਹੋਈ ਵਿਸ਼ਾਲਤਾ ਇੱਥੋਂ ਦੇ ਵਸਨੀਕਾਂ ਵਿੱਚ ਵਿਖਾਈ ਦੇਂਦੀ ਹੈ।
ਪਿੰਡ ਦੇ ਲੋਕ ਗੁਰਦੁਆਰੇ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਦੀ ਸਮਾਧ ਲੱਖੀ ਰਾਮ ਤਪਾ, ਬਾਬਾ ਦੌਲੇ ਸ਼ਾਹ ਦੇ ਮਜਾਰਾ ਤੇ ਵੀ ਹਾਜ਼ਰੀ ਭਰਦੇ ਹਨ। ਪਿੰਡ ਵਿੱਚ ਮਾਈ ਭਾਨੀ (ਸਪੁੱਤਰੀ ਸ੍ਰੀ ਗੁਰੂ ਅਮਰ ਦਾਸ ਜੀ) ਅਤੇ ਦੇਵ ਦਾਸ ਦੀ ਧਰਮਸ਼ਾਲਾ ਵੀ ਹੈ ਜਿੱਥੇ ਵਿਸ਼ਵਾਸੀ ਤੇ ਰਾਹਗੀਰ ਲੋਕਾਂ ਨੂੰ ਟਿਕਾਣਾ ਮਿਲਦਾ ਹੈ। ਚੰਬੇ ਵਿੱਚ ਸੰਧੂ, ਗਿੱਲ, ਗਰਾਵੇਂ, ਮਾਨਕੇ ਆਦਿ ਜੱਟਾਂ ਦੀ ਬਹੁਤਾਤ ਹੈ। ਗੁਰੂ ਕੇ ਬਾਗ ਦੇ ਸ਼ਹੀਦ ਮੀਹਾਂ ਸਿੰਘ ਅਤੇ ਸ਼ੀਹਾਂ ਸਿੰਘ ਚੰਬੇ ਦੇ ਜੰਮਪਲ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ