ਸਭਰਾ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਸਭਰਾ, ਪੱਟੀ-ਸਭਰਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਇਤਿਹਾਸਕ ਪਿੰਡ ਕਿਸੇ ਵੇਲੇ ਸਤਲੁਜ ਤੇ ਬਿਆਸ ਦੇ ਪਤਣ ਤੇ ਹੁੰਦਾ ਸੀ। ਸਭ ਤੋਂ ਪਹਿਲਾ ਸਭਰ ਨਾ ਦੇ ਗਿੱਲ ਜੱਟ ਨੇ ਇੱਥੇ ਆ ਕੇ ਮੋਹੜੀ ਗੱਡੀ ਅਤੇ ਇੱਥੇ ਹੀ ਵੱਸ ਗਿਆ। ਇਸ ਦੇ ਦੋ ਪੁੱਤਰ ਕਸੋਂ ਅਤੇ ਰਾਣਾ ਹੋਏ । ਇਸ ਪਿੰਡ ਦੀ ਅਬਾਦੀ ਉਹਨਾਂ ਦੀ ਹੀ ਔਲਾਦ ਮੰਨੀ ਜਾਂਦੀ ਹੈ। ਇਹ ਪਿੰਡ ‘ਸਭਰਾ ਗਿੱਲਾਂ’ ਦੇ ਨਾਂ ਨਾਲ ਵੀ ਮਸ਼ਹੂਰ ਹੈ। ਪਿੰਡ ਸਭਰਾ ਦੇ ਦੋ ਹਿੱਸੇ ਹਨ, ਇੱਕ ਸਭਰਾ ਜੋ ਕਿ ਜਿਲ੍ਹਾ ਤਰਨਤਾਰਨ ਦੀ ਤਹਿਸੀਲ ਪੱਟੀ ਦੇ ਹਰੀਕੇ ਮੰਡ ਦੇ ਇਲਾਕੇ ਵਿੱਚ ਹੈ ਤੇ ਦੂਜਾ ਦਰਿਆ ਤੋਂ ਪਾਰ ਜਿਲ੍ਹਾ ਫਿਰੋਜ਼ਪੁਰ ਵਿਚ। ਇਹਨਾਂ ਪਿੰਡਾਂ ਦਾ ਆਪਸੀ ਫਾਸਲਾ ਕੈਵਲ ਦਰਿਆ ਦਾ ਹੀ ਹੈ। ਇਹ ਉਹ ਇਤਿਹਾਸਕ ਪਿੰਡ ਹੈ ਜਿੱਥੇ 10 ਫਰਵਰੀ 1846 ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਭਾਰੀ ਲੜਾਈ ਹੋਈ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਨੇ ਜਿੱਤ ਪ੍ਰਾਪਤ ਕਰਨ ਲਈ ਡੋਗਰਿਆਂ ਦੀ ਗ਼ਦਾਰੀ ਦਾ ਫਾਇਦਾ ਉਠਾਇਆ। ਤੇਜ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਕਰਕੇ ਸਿੱਖਾਂ ਨੂੰ ਹਾਰ ਖਾਣੀ ਪਈ। ਇਸ ਲੜਾਈ ਵਿੱਚ 10 ਹਜ਼ਾਰ ਸਿੱਖ ਸਿਪਾਹੀਆਂ ਨੂੰ ਅੰਗਰੇਜ਼ਾਂ ਨੇ ਆਪਣੀਆਂ ਗੋਲੀਆਂ ਨਾਲ ਸ਼ਹੀਦ ਕੀਤਾ ਜਿਸ ਦੇ ਸਿੱਟੇ ਵਜੋਂ ਸਤਲੁਜ ਦਰਿਆ ਦਾ ਪਾਣੀ ਸੁਰਖ ਹੋ ਗਿਆ ਸੀ।
ਸਭਰਾਵਾਂ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਉਸ ਕਿਲ੍ਹੇ ਦੇ ਖੰਡਰ ਅਜੇ ਵੀ ਮੌਜੂਦ ਹਨ ਜਿੱਥੇ ਸਿੱਖ ਸੈਨਾ ਦੇ ਰਹਿਣ ਤੇ ਰਾਸ਼ਨ ਦਾ ਪ੍ਰਬੰਧ ਹੁੰਦਾ ਸੀ। ਪਰਲੇ ਸਭਰਾ ਵਿੱਚ ਸ਼ਾਮ ਸਿੰਘ ਅਟਾਰੀਵਾਲੇ ਦੀ ਯਾਦਗਾਰ ਹੈ ਜਿੱਥੇ ਲੋਕ ਰੱਸਾ ਅਤੇ ਕਿੱਲਾ ਚੜ੍ਹਾ ਕੇ ਲਵੇਰੇ ਦੀ ਮੰਗ ਕਰਦੇ ਹਨ। ਪਿੰਡ ਵਿੱਚ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਵਿਚੋਂ ਇੱਕ ਸਨ ਤੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਇਸ ਗੁਰਦੁਆਰੇ ਦੀ ਬਹੁਤ ਮਾਨਤਾ ਹੈ ਅਤੇ ਸਭਰਾ ਵਿੱਚ ਉਹਨਾਂ ਦੀ ਯਾਦ ਵਿੱਚ ਮੇਲਾ ਲਗਦਾ ਹੈ ਅਤੇ ਲੋਕੀ ਦੂਰੋਂ ਦੂਰੋਂ ਆਉਂਦੇ ਹਨ।
ਪਿੰਡ ਵਿੱਚ ਪੁਰਾਣੇ ਮੁਸਲਮਾਨ ਫਕੀਰਾਂ ਜੋਤੀ ਸ਼ਾਹ ਅਤੇ ਕਾਲੇ ਸ਼ਾਹ ਦੀਆਂ ਦੋ ਸਮਾਧਾਂ ਹਨ। ਪਿੰਡ ਦੀ ਇੱਕੋ ਖੂਹੀ ਦਾ ਪਾਣੀ ਮਿੱਠਾ ਹੈ ਜਿੱਥੇ ਫਕੀਰ ਜੋਤੀ ਸ਼ਾਹ ਨੇ ਲੋਟਾ ਕਢਿਆ ਸੀ ਬਾਕੀ ਖੂਹੀਆਂ ਦਾ ਪਾਣੀ ਖਾਰਾ ਹੈ। ਜੋਤੀ ਸ਼ਾਹ ਦੇ ਨਾਂ ਤੇ ਵਖਰਾ ਪਿੰਡ ਵੱਸ ਚੁੱਕਾ ਹੈ ਜੋ ਸਭਰਾ ਦਾ ਹੀ ਹਿੱਸਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ