ਦੁਬਲੀ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਦੁਬਲੀ, ਪੱਟੀ- ਕੋਟੀ ਬੁੱਢਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 300 ਸੌ ਸਾਲ ਪਹਿਲਾਂ ਦਾ ਵੱਸਿਆ ਹੋਇਆ ਦੱਸਿਆ ਜਾਂਦਾ ਹੈ। ਪਿੰਡ ਵਾਸੀਆਂ ਦੇ ਬਜ਼ੁਰਗ ਜਿਲ੍ਹਾ ਬਠਿੰਡਾ ਦੇ ਪਿੰਡ ਮੱਲਾਂ ਵਾਲੇ ਤੋਂ ਇੱਥੇ ਆ ਕੇ ਆਬਾਦ ਹੋਏ, ਇਹ ਲੋਕ ਸਤਲੁਜ ਬਿਆਸ ਦੇ ਸੱਜੇ ਕਿਨਾਰੇ ਦੋ ਬਸਤੀਆਂ ਬਣਾ ਕੇ ਬੈਠ ਗਏ। ਪਾਣੀ ਦਾ ਵਹਿਣ ਤੇਜ਼ ਹੋਣ ਕਰਕੇ ਇਹ ਇਕੱਠੇ ਇੱਕ ਥੇਹ ਤੇ ਰਹਿਣ ਲੱਗ ਪਏ ਜਿਸ ਦਾ ਨਾਂ ਦੋਬਲਾ ਥੇਹ ਰੱਖਿਆ ਗਿਆ। ਹੌਲੀ ਹੌਲੀ ਦੋਬਲਾ ਥੇਹ ਤੋਂ ਪਿੰਡ ਦਾ ਨਾਂ ਦੋਬਲੀ ਪੈ ਗਿਆ।
ਇਸ ਪਿੰਡ ਵਿੱਚ ਬਾਬਾ ਸੰਤ ਖਾਲਸਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਬਹੁਤ ਵੱਡਾ ਗੁਰਦੁਆਰਾ ਹੈ ਜਿਸ ਦਾ ਨੀਂਹ ਪੱਧਰ 1906 ਵਿੱਚ ਸੋਹਨ ਸਿੰਘ ਬਿਧੀ ਚੰਦੀਏ ਨੇ ਰੱਖਿਆ ਸੀ। ਇਸ ਗੁਰਦੁਆਰੇ ਦੀ ਇਮਾਰਤ ਦਰਬਾਰ ਸਾਹਿਬ ਤਰਨਤਾਰਨ ਦੇ ਨਕਸ਼ੇ ਨਾਲ ਮਿਲਦੀ ਹੈ। ਇਸ ਦੇ ਨਾਲ ਸਰੋਵਰ ਵੀ ਹੈ ਜਿੱਥੇ ਲੋਕੀ ਸੋਕੇ ਦੇ ਬੱਚਿਆ ਨੂੰ ਇਸ਼ਨਾਨ ਕਰਵਾਉਂਦੇ ਹਨ। ਬਾਬਾ ਸੰਤ ਖਾਲਸਾ ਜੀ ਦੀ ਯਾਦ ਵਿੱਚ ਸਲਾਨਾ ਮੇਲਾ ਲਗਦਾ ਹੈ ਜੋ ਬਹੁਤ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਪਿੰਡ ਦੇ ਦੱਖਣ ਵੱਲ ਪੀਰ ਦੀ ਕਬਰ ਹੈ ਜੋ ਬਾਬਾ ਸ਼ਾਹ ਕਮਾਲ ਦੇ ਨਾਂ ਨਾਲ ਜਾਣੀ ਜਾਂਦੀ ਹੈ ਜਿੱਥੇ ਸਾਲ ਵਿੱਚ ਇੱਕ ਵਾਰੀ ਮੇਲਾ ਲਗਦਾ ਹੈ। ਇੱਥੇ ਬਾਬਾ ਭੂਰੀ ਵਾਲੇ ਦੀ ਸਮਾਧ ਤੇ 7 ਪੋਹ ਨੂੰ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ