ਇਹ ਰਾਜੇ ਸਲਵਾਨ ਦੀ ਬੰਸ ਵਿਚੋਂ ਹਨ। ਇਸ ਗੋਤ ਦਾ ਮੋਢੀ ਸਿਰਨਾਮ ਰਾਏ ਰਾਜੇ ਸਲਵਾਨ ਦਾ ਪੁੱਤਰ ਸੀ। ਸਿਰਨਾਮ ਰਾਏ ਨੂੰ ਸਮਰਾਉ ਵੀ ਕਿਹਾ ਜਾਂਦਾ ਸੀ। ਇਹ ਕਿਸੇ ਸਮੇਂ ਸਿੰਧ ਘਾਟੀ ਦੇ ਹੇਠਲੇ ਖੇਤਰ ਵਿੱਚ ਆਬਾਦ ਸਨ। ਫਰਿਸ਼ਤੇ ਨੇ ਵੀ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ ਸਿੰਧ ਵਿੱਚ ਸਮਰੇ ਜੱਟਾਂ ਦਾ ਇੱਕ ਬਹੁਤ ਵੱਡਾ ਰਾਜ ਸੀ। ਇਨ੍ਹਾਂ ਨੇ 750 ਈਸਵੀ ਵਿੱਚ ਅਰਬ ਧਾੜਵੀਆਂ ਨੂੰ ਭਾਰੀ ਹਾਰ ਦਿੱਤੀ ਸੀ। ਸਮਰਾ ਜਾਤ ਦੇ ਲੋਕਾਂ ਨੇ ਅਰਬਾਂ ਨਾਲ ਕਈ ਲੜਾਈਆਂ ਲੜੀਆਂ ਸਨ।
ਆਈਨੇ ਅਕਬਰੀ ਅਨੁਸਾਰ ਸਮਰਾ ਕਬੀਲੇ ਦੇ 36 ਰਾਜਿਆਂ ਨੇ 500 ਸਾਲ ਤੱਕ ਇਸ ਖੇਤਰ ਤੇ ਰਾਜ ਕੀਤਾ। 1351 ਈਸਵੀ ਵਿੱਚ ਸੱਮਾ’ ਉਪਜਾਤੀ ਨੇ ਇਨ੍ਹਾਂ ਤੋਂ ‘ਰਾਜ ਖੋਹ ਲਿਆ ਅਤੇ ਸਮਰਿਆਂ ਦਾ ਵੱਧ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਕੀਤਾ। ਮੁਲਤਾਨ ਦੇ ਇਲਾਕੇ ਵਿੱਚੋਂ ਵੀ ਇਨ੍ਹਾਂ ਨੂੰ ਬਾਹਰ ਕੱਢ ਦਿੱਤਾ। ਇਨ੍ਹਾਂ ਨੇ ਦਲਿਤ ਜਾਤੀਆਂ ਵਿੱਚ ਰਲਕੇ ਜਾਨ ਬਚਾਈ। 1380 ਈਸਵੀ (ਚੌਦਵੀਂ ਸਦੀ) ਤੱਕ ਸਮਰੇ ਕਾਫੀ ਗਿਣਤੀ ਵਿੱਚ ਮੁਸਲਮਾਨ ਬਣ ਚੁੱਕੇ ਸਨ । ਹੁਣ ਵੀ ਕੁਝ ਮੁਸਲਮਾਨ ਸਮਰੇ ਸਿੰਧ ਵਿੱਚ ਰਹਿੰਦੇ ਹਨ। ਜੈਸਲਮੇਰ ਦੇ ਬਾਰਾਨੀ ਇਲਾਕੇ ਵਿੱਚ ਰਹਿਣ ਵਾਲੇ ਸਮਰੇ ਹਿੰਦੂ ਹਨ। ਸੱਤਵੀਂ ਸਦੀ ਤੋਂ ਪਹਿਲਾਂ ਕੇਵਲ ਜੱਟ ਕਬੀਲੇ ਹੀ ਹੁੰਦੇ ਸਨ। ਰਾਜਪੂਤ ਨਹੀਂ ਹੁੰਦੇ ਸਨ। ਮੁਸਲਮਾਨ ਹਮਲਾਆਵਰਾਂ ਦੇ ਆਉਣ ਤੋਂ ਮਗਰੋਂ ਕੁੱਝ ਜੱਟ ਰਾਜਿਆਂ ਦੀ ਬੰਸ, ਆਪਣੇ ਆਪ ਨੂੰ ਰਾਜਪੂਤ ਅਖਵਾਕੇ ਮਾਣ ਮਹਿਸੂਸ ਕਰਦੀ ਸੀ। ਸਮਰੇ ਜੱਟ ਬਹੁਤ ਹਨ ਅਤੇ ਰਾਜਪੂਤ ਘੱਟ ਹਨ।
ਈਸਵੀ 1881 ਦੀ ਜੰਨਸੰਖਿਆ ਅਨੁਸਾਰ ਸਮਰੇ ਗੋਤ ਦੇ ਜੱਟਾਂ ਦੀ ਗਿਣਤੀ 12,558 ਸੀ ਪਰ ਰਾਜਪੂਤ ਸਮਰੇ ਕੇਵਲ 2319 ਹੀ ਸਨ। ਰਾਜਪੂਤ ਸਮਰੇ ਡਰ ਤੇ ਲਾਲਚ ਕਾਰਨ ਬਹੁਤੇ ਮੁਸਲਮਾਨ ਬਣ ਗਏ ਸਨ।
ਸੱਮਾਂ ਕਬੀਲੇ ਨੇ ਸਮਰਾ ਜਾਤੀ ਦੇ ਲੋਕ ਬਹੁਤ ਗਿਣਤੀ ਵਿੱਚ ਮਾਰੇ ਸਨ। ਇਸ ਕਾਰਨ ਸਮਰੇ ਪਰਵਾਰ ਦੀਆਂ ਇਸਤਰੀਆਂ ਆਪਣੇ ਵਡੇਰਿਆਂ ਦੇ ਅਫਸੋਸ ਕਾਰਨ ਆਪਣੇ ਨੱਕ ਵਿੱਚ ਕੋਕਾ ਘੱਟ ਹੀ ਪਾਉਂਦੀਆਂ ਹਨ। ਇਸ ਘਟਨਾ ਤੋਂ ਮਗਰੋਂ ਸਮਰੇ ਕਾਫੀ ਗਿਣਤੀ ਵਿੱਚ ਜੰਮੂ ਤੇ ਦੁਆਬੇ ਵੱਲ ਆ ਗਏ। ਕੁਝ ਬਹਾਵਲਪੁਰ ਤੇ ਰਾਜਸਤਾਨ ਵਿੱਚ ਚਲੇ ਗਏ। ਵਿਰਕਾਂ ਨੇ ਵੀ ਸਮਰੇ ਲੋਕਾਂ ਨੂੰ ਆਪਣੇ ਇਲਾਕੇ ਵਿੱਚੋਂ ਕੱਢ ਦਿੱਤਾ। ਸਮਰੇ ਗੋਤ ਦੇ ਲੋਕਾਂ ਨੂੰ ਸਮਰਾਉ ਵੀ ਕਿਹਾ ਜਾਂਦਾ ਹੈ। 11ਵੀਂ ਸਦੀ ਵਿੱਚ ਇਕ ਵਾਰ ਫਿਰ ਸਮਰੇ ਹਿੰਦਆਂ ਨੇ ਸਿੰਧ ਤੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਤਿੰਨ ਸੌ ਸਾਲ ਰਾਜ ਕੀਤਾ। ਚੌਦਵੀਂ ਸਦੀ ਦੇ ਵਿਚਕਾਰ ਰਾਜ ਦੀ ਵਾਗਡੋਰ ਸਮਾ ਕਬੀਲੇ ਦੇ ਹੱਥਾਂ ਵਿੱਚ ਚਲੀ ਗਈ। ਸਮਾਂ ਜੱਟ ਇਨ੍ਹਾਂ ਦੇ ਵੈਰੀ ਸਨ । ਸਮਰੇ ਗੋਤ ਦੀਆਂ ਕਈ ਮੂੰਹੀਆਂ ਹਨ। ਪਟਿਆਲੇ ਦੇ ਇਲਾਕੇ ਦੇ ਸਮਰੇ ਆਪਣੇ ਆਪ ਨੂੰ ਰਾਜਪੂਤ ਸਮਝਦੇ ਸਨ। ਪੰਜਾਬ ਵਿੱਚ ਸਮਰੇ ਗੋਤ ਦੇ ਜੱਟ ਸਿਰਸਾ, ਅੰਬਾਲਾ, ਜਲੰਧਰ, ਲੁਧਿਆਣਾ, ਸੰਗਰੂਰ ਆਦਿ ਖੇਤਰਾਂ ਵਿੱਚ ਵੀ ਕਾਫੀ ਰਹਿੰਦੇ ਹਨ। ਮਾਝੇ ਵਿੱਚ ਵੀ ਕੁਝ ਸਮਰੇ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ ਗੁਜਰਾਂਵਾਲਾ ਆਦਿ ਖੇਤਰ ਦੇ ਸਮਰੇ ਬਹੁਤੇ ਮੁਸਲਮਾਨ ਬਣ ਗਏ ਸਨ।
ਪੂਰਬੀ ਪੰਜਾਬ ਦੇ ਸਮਰੇ ਸਾਰੇ ਹੀ ਜੱਟ ਸਿੱਖ ਹਨ। ਹੋਰ ਜੱਟਾਂ ਵਾਂਗ ਇਹ ਵੀ ਬਾਹਰਲੇ ਦੇਸ਼ਾਂ ਵਿੱਚ ਬਹੁਤ ਗਏ ਹਨ। ਸਿੱਧੂ, ਸੰਧੂ ਤੇ ਗਿੱਲਾਂ ਆਦਿ ਦੇ ਮੁਕਾਬਲੇ ਸਮਰੇ ਗੋਤ ਦੀ ਗਿਣਤੀ ਬਹੁਤ ਹੀ ਘੱਟ ਹੈ। ਰੂਸੀ ਲੇਖਕ ਸੇਰੇਬਰੀਆ ਕੋਵ ਨੇ ਆਪਣੀ ਪੁਸਤਕ ‘ਪੰਜਾਬੀ ਸਾਹਿਤ’ ਦੇ ਆਰੰਭ ਵਿੱਚ ਲਿਖਿਆ ਹੈ ਕਿ ਪੰਜਾਬ ਬਹੁਤ ਵੇਰ ਬਦੇਸ਼ੀ ਹਮਲਾਆਵਰਾਂ ਦੀ ਮਾਰ ਹੇਠ ਆਇਆ ਹੈ। ਈਸਾ ਮਸੀਹ ਤੋਂ ਪੰਜਵੀਂ ਸਦੀ ਪਹਿਲਾਂ ਪਰਸ਼ੀਆ ਦੇ ਰਾਜੇ ਡੇਰੀਅਸ ਨੇ ਸਿੰਧ ਦੇ ਸੱਜੇ ਕੰਢੇ ਦੇ ਇਲਾਕੇ ਨੂੰ ਆਪਣੇ ਨਾਲ ਮਿਲਾ ਲਿਆ ਸੀ। ਇਹ ਇਰਾਨ ਦਾ ਹਿੱਸਾ ਬਣ ਗਿਆ ਸੀ। ਸਮਰੇ ਜੱਟਾਂ ਨੇ ਅਰਬੀ ਹਮਲਾਆਵਰਾਂ ਦਾ ਵੀ ਕਈ ਵਾਰ ਮੁਕਾਬਲਾ ਕੀਤਾ ਸੀ। ਜੱਟ ਕਬੀਲੇ ਆਪਸ ਵਿੱਚ ਵੀ ਲੜਦੇ ਰਹਿੰਦੇ ਸਨ। ਆਪਸੀ ਲੜਾਈਆਂ ਕਾਰਨ ਹੀ ਜੱਟਾਂ ਦੀ ਸ਼ਕਤੀ ਘੱਟ ਗਈ ਤੇ ਕਈ ਜੱਟ ਕਬੀਲਿਆਂ ਨੂੰ ਸਿੰਧ ਛੱਡ ਕੇ ਪੰਜਾਬ ਵਲ ਆਉਣਾ ਪਿਆ । ਸਮਰੇ ਜੱਟਾਂ ਦਾ ਪੱਕਾ ਘਰ ਸਿੰਧ ਸੀ। ਸਮਰਾ ਵੀ ਜੱਟਾਂ ਦਾ ਇੱਕ ਉਘਾ ਗੋਤ ਹੈ। ਪ੍ਰਾਚੀਨ ਜੱਟ ਉਪ ਜਾਤੀਆਂ ਨੇ ਭਾਰਤ ਦੇਸ਼ ਦੀ ਰੱਖਿਆ ਲਈ ਸਕੰਦਰ, ਤੈਮੂਰ, ਨਾਦਰਸ਼ਾਹ, ਅਹਿਮਦਸ਼ਾਹ ਅਬਦਾਲੀ, ਮੁਹੰਮਦ ਬਿਨਕਾਸਮ, ਮਹਿਮੂਦ ਗੱਜ਼ਨਵੀ ਤੇ ਮੁਹੰਮਦ ਗੌਰੀ ਆਦਿ ਬਦੇਸ਼ੀ ਹਮਲਾ-ਆਵਰਾਂ ਦਾ ਪੂਰੀ ਬਹਾਦਰੀ ਨਾਲ ਟਾਕਰਾ ਕੀਤਾ ਸੀ। ਕਦੇ ਵੀ ਦਿਲੋਂ ਹਾਰ ਨਹੀਂ ਮੰਨੀ ਸੀ। ਜੱਟ ਮਹਾਨ ਜਾਤੀ ਹੈ। ਪੂਰਬੀ ਪੰਜਾਬ ਦੇ ਸਾਰੇ ਸਮਰੇ ਸਿੱਖ ਧਰਮ ਨੂੰ ਮੰਨਦੇ ਹਨ ਕਿਉਂਕਿ ਇਹ ਮੱਤ ਪੰਜਾਬ ਦਾ ਲੋਕ ਧਰਮ ਬਣ ਗਿਆ ਹੈ। ਸਿੱਖਾਂ ਨੇ ਦੇਸ਼ ਤੇ ਧਰਮ ਦੀ ਰੱਖਿਆ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਰਤ ਦੇ ਸਾਰੇ ਧਰਮਾਂ ਦੀ ਫਿਲਾਸਫੀ ਦਿੱਤੀ ਹੋਈ ਹੈ। ਇਹ ਗ੍ਰੰਥ ਅੱਟਲ ਸੱਚਾਈਆਂ ਨਾਲ ਵੀ ਭਰਪੂਰ ਹੈ।
ਸਮਰਾ ਜੱਟਾਂ ਦਾ ਉੱਘਾ ਤੇ ਪ੍ਰਾਚੀਨ ਗੋਤ ਹੈ । ਸਮਰੇ ਜੱਟ ਸਾਰੀ ਦੁਨੀਆਂ ਵਿੱਚ ਦੂਰ-ਦੂਰ ਤੱਕ ਫੈਲੇ ਹੋਏ ਹਨ। ਇਨ੍ਹਾਂ ਦੀ ਭਾਰਤ ਨੂੰ ਮਹਾਨ ਦੇਣ ਹੈ। ਸਮਰਾ ਜਗਤ ਪ੍ਰਸਿੱਧ ਗੋਤ ਹੈ।