ਲੋਹੀਆ
ਸਥਿਤੀ :
ਲੋਹੀਆ ਜਲੰਧਰ ਜ਼ਿਲ੍ਹੇ ਦਾ ਡਿਵੈਲਪਮੈਂਟ ਬਲਾਕ ਹੈ ਤੇ ਨਗਰ ਪੰਚਾਇਤ ਹੈ। ਜਲੰਧਰ-ਫਿਰੋਜ਼ਪੁਰ ਸੜਕ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਬਰਾਹੀਮ ਲੋਧੀ ਦੇ ਸਮੇਂ ਸੁਲਤਾਨਪੁਰ ਦੇ ਆਸ-ਪਾਸ ਬਹੁਤ ਸਾਰੀਆਂ ਮੰਡੀਆਂ ਸਨ । ਲੋਹੀਆ ਲੋਹੇ ਦੀ ਮੰਡੀ ਸੀ। ਇਹ ਪਿੰਡ ਰਾਜਾ ਧਰਮ ਸਿੰਘ ਦੀ ਮਲਕੀਅਤ ਰਿਹਾ ਹੈ। ਉਸਦਾ ਰਾਜ ਸੁਲਤਾਨਪੁਰ ਤੋਂ ਲੈ ਕੇ ਮੋਗੇ ਤੱਕ ਸੀ ਇੱਥੋਂ ਦੇ ਖੱਤਰੀਆਂ, ਬ੍ਰਾਹਮਣਾਂ, ਤਰਖਾਣਾਂ, ਮਸੰਦਾਂ ਤੇ ਪਾਂਧਿਆਂ ਕੋਲ ਜੋ ਜ਼ਮੀਨਾਂ ਹਨ ਉਹ ਰਾਜਾ ਧਰਮ ਸਿੰਘ ਦੀਆਂ ਦਿੱਤੀਆਂ ਹੋਈਆਂ ਹਨ। ਰਾਜਾ ਧਰਮ ਸਿੰਘ ਦਾ ਕੋਈ ਪੁੱਤਰ ਨਹੀਂ ਸੀ ਤੇ ਉਸਦੀ ਪਤਨੀ ਤੇ ਲੜਕੀ ਦੀ ਮੌਤ ਵੀ ਉਸਦੇ ਨਾਲ ਹੀ ਹੋ ਗਈ ਸੀ। ਉਸਦੇ ਨਾਂ ਤੇ ਧਰਮ ਸਿੰਘ ਵਾਲਾ ਪਿੰਡ ਵੱਸਿਆ ਹੋਇਆ ਹੈ ਤੇ ਉਸਦੀ ਸਮਾਧ ਲੋਹੀਆ ਪਿੰਡ ਵਿੱਚ ਹੈ।
ਮੁਗਲ ਰਾਜ ਵੇਲੇ ਲੋਹੀਆ ਉੱਤੇ ਸਈਅਦਾਂ ਦੀ ਸਰਦਾਰੀ ਕਾਇਮ ਹੋ ਗਈ ਤੇ ਸਾਰੀ ਜ਼ਮੀਨ ਉਨ੍ਹਾਂ ਦੇ ਕਬਜ਼ੇ ਹੇਠ ਚਲੀ ਗਈ। ਪਿੰਡ ਦੇ ਹੀ ਇੱਕ ਬਜ਼ੁਰਗ ਵਸਨੀਕ ਪੰਡਤ ਮੁਲਖ ਰਾਜ ਨੇ ਲਾਹੌਰ ਜਾ ਕੇ ਸਈਅਦਾਂ ਨਾਲ ਕੇਸ ਲੜਿਆ ਤੇ ਇਸ ਤਰ੍ਹਾਂ ਜ਼ਮੀਨ ਮੁੜ ਕੇ ਅਸਲ ਵਸਨੀਕਾਂ ਨੂੰ ਵਾਪਸ ਮਿਲੀ।
ਲੋਹੀਆਂ ਦੇ ਸ਼ੇਰਗਿੱਲ ਸੰਤਾਂ ਦੀ ਬੜੀ ਪੁਰਾਣੀ ਪੀੜ੍ਹੀ ਚੱਲੀ ਆਉਂਦੀ ਹੈ। ਇੱਥੇ ਬੇਔਲਾਦ ਲੋਕ ਦੂਰੋਂ-ਦੂਰੋਂ ਔਲਾਦ ਪ੍ਰਾਪਤੀ ਲਈ ਆਉਂਦੇ ਹਨ। ਇੱਥੋਂ ਦਾ ਸ਼ਿਵਦੁਆਲਾ ਬਹੁਤ ਮਸ਼ਹੂਰ ਹੈ, ਜਿੱਥੇ 4 ਮਾਘ ਨੂੰ ਸਲਾਨਾ ਮੇਲੇ ਤੇ ਦੂਰੋਂ-ਦੂਰੋਂ ਸੰਤ ਮਹਾਤਮਾ ਆਉਂਦੇ ਹਨ। ਮੇਲਾ ਸਾਰੇ ਧਰਮਾਂ ਦਾ ਸਾਂਝਾ ਹੁੰਦਾ ਹੈ। ਪੀਰ ਸ਼ਾਹ ਕਾਸ਼ਮ ਅਲੀ ਸ਼ਾਹ ਦੀ ਇਸ ਇਲਾਕੇ ਵਿੱਚ ਬੜੀ ਮਾਨਤਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ