ਧੋਗੜੀ
ਸਥਿਤੀ :
ਤਹਿਸੀਲ ਜਲੰਧਰ ਦਾ ਪਿੰਡ ਧੋਗੜੀ ਜਲੰਧਰ-ਹੁਸ਼ਿਆਰਪੁਰ ਸੜਕ ਤੋਂ 2 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਧੋਗੜੀ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਧੁੱਗਿਆਂ ਦਾ ਵਸਾਇਆ ਹੋਇਆ ਹੈ, ਇਸ ਲਈ ਇਸ ਦਾ ਨਾਂ ਧੋਗੜੀ ਹੈ। ਮੁਹੰਮਦ ਗਜ਼ਨਵੀ ਨੇ ਤਾਤਾਰ ਖਾਂ ਨੂੰ ਨਾਲ ਲੈ ਦੇ ਧੋਗੜੀ ’ਤੇ ਹਮਲਾ ਕੀਤਾ ਅਤੇ ਤਾਤਾਰ ਖਾਨ ਨੂੰ ਇਹ ਪਿੰਡ ਜਾਗੀਰ ਵਿੱਚ ਦੇ ਦਿੱਤਾ। ਤਾਤਾਰ ਖਾਨ ਨੇ ਧੁੱਗਿਆ ਨੂੰ ਇਹ ਮਨੰਣ ਲਈ ਕਿਹਾ ਕਿ ਧੋਗੜੀ ਪਠਾਣਾਂ ਦੀ ਹੈ। ਪਰ ਧੁੱਗੇ ਅੜੇ ਰਹੇ ਕਿ ਧੋਗੜੀ ਧੁੱਗਿਆਂ ਦੀ ਹੈ। ਕਾਫੀ ਫਸਾਦ ਹੋਏ ਅਤੇ ਬਹੁਤ ਸਾਰੇ ਧੁੱਗੇ ਇੱਥੋਂ ਨੱਸ ਕੇ ਟਾਂਡੇ ਕੋਲ ਚਲੇ ਗਏ ਅਤੇ ਇਹਨਾਂ ਦੇ ਦੋ ਲੀਡਰ ਫੜੇ ਗਏ ਜਿਹਨਾਂ ਨੂੰ ਤਾਤਾਰ ਖਾਨ ਨੇ ਜਿਉਂਦਿਆਂ ਹੀ ਨੀਹਾਂ ਵਿੱਚ ਚਿਣਵਾ ਦਿੱਤਾ। ਤਾਤਾਰ ਖਾਨ ਦੇ ਪਰਿਵਾਰ ਦੇ ਲੋਕ ਵੱਡੇ ਵੱਡੇ ਅਹੁਦਿਆਂ ਤੇ ਰਹੇ। ਇਸ ਪਰਿਵਾਰ ਨੂੰ ਧੋਗੜੀ ਵਿਚੋਂ ਇਕੱਠੇ ਕੀਤੇ ਗਏ ਲਗਾਨ ਵਿਚੋਂ 300 ਰੁਪਏ ਸਲਾਨਾ ਗਰਾਂਟ ਦਿੱਤੀ ਜਾਂਦੀ ਸੀ। ਇਸ ਪਰਿਵਾਰ ਦੇ ਅਬਦੁਲ ਰਹਿਮਾਨ ਖਾਨ ਨੇ ਹੀ ਫਿਲੌਰ ਦੇ ਕਿਲ੍ਹੇ ਦੀਆਂ ਚਾਬੀਆਂ 1846 ਈ. ਵਿੱਚ ਅੰਗਰੇਜ਼ਾਂ ਦੇ ਹਵਾਲੇ ਕੀਤੀਆਂ ਸਨ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਅਯੂਬ ਖਾਨ ਦੇ ਨਾਨਕੇ ਇਸ ਪਿੰਡ ਸਨ ਅਤੇ ਉਹਨਾਂ ਨੇ ਆਪਣੇ ਬਚਪਣ ਦਾ ਬਹੁਤਾ ਸਮਾਂ ਇੱਥੇ ਗੁਜਾਰਿਆ । ਇਸ ਪਿੰਡ ਦੇ ਸੰਤ ਪ੍ਰਕਾਸ਼ ਸਿੰਘ ਆਈ ਜੀ, ਪੰਜਾਬ (ਅਲਾਵਲਪੁਰ) ਅਤੇ ਅਬਦੁੱਲ ਕਯੂਮ ਖਾਨ ਆਈ ਜੀ (ਪਾਕਿਸਤਾਨੀ ਪੰਜਾਬ) ਮਿੱਤਰ ਸਨ ਅਤੇ ਇਕੋਂ ਸਮੇਂ ਆਪੋ ਆਪਣੇ ਪੰਜਾਬ ਵਿੱਚ ਆਈ ਜੀ ਰਹੇ ਸਨ। ਇਸ ਪਿੰਡ ਤੋਂ ਤਿੰਨ ਕਿਲੋਮੀਟਰ ਤੇ ‘ਸਿੱਖਾਂ ਦਾ ਰਾਹ’ ਇੱਕ ਰਸਤਾ ਹੈ। ਇੱਥੋਂ ਦੇ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੀ ਹਾਜ਼ਰੀ ਭਰਨ ਤੋਂ ਇਨਕਾਰ ਕਰਦੇ ਸਨ। 1812 ਈਸਵੀਂ ਵਿੱਚ ਇਹਨਾਂ ਦੀਆਂ ਜਾਗੀਰਾਂ ਜ਼ਬਤ ਕਰ ਲਈਆਂ ਗਈਆਂ ਅਤੇ ਸ. ਹਿੰਮਤ ਸਿੰਘ ਜੈਲੇਵਾਲਾ ਨੂੰ ਇਹ ਜਾਗੀਰ ਦੇ ਦਿੱਤੀ ਗਈ। ਇਹਨਾਂ ਮੁਸਲਮਾਨਾਂ ਨੇ ਸਰਦਾਰਾਂ ਦਾ ਇਸ ਪਿੰਡ ਵਿਚੋਂ ਲੰਘਣਾ ਬੰਦ ਕਰ ਦਿੱਤਾ ਅਤੇ ਸਿੱਖਾਂ ਨੇ ਪਿੰਡ ਤੋਂ 3 ਕਿਲੋਮੀਟਰ ਦੀ ਵਿੱਥ ‘ਤੇ ਵੱਖਰਾ ਰਾਹ ਬਣਾ ਲਿਆ ਜੋ ਜੰਡੂ ਸਿੰਘ-ਰਾਏਪੁਰ ਵਾਲਾ ਨੂੰ ਆਪਸ ਵਿੱਚ ਜੋੜਦਾ ਹੈ। ਇਸ ਨੂੰ ਹੁਣ ਵੀ ‘ਸਿੱਖਾਂ ਦਾ ਰਾਹ’ ਕਿਹਾ ਜਾਂਦਾ ਹੈ। 1914 ਵਿੱਚ ਇੱਥੇ ਰੇਲਵੇ ਲਾਈਨ ਬਣੀ ਜੋ ਪਿੰਡ ਨੂੰ ਜਲੰਧਰ ਨਾਲ ਮਿਲਾਉਂਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ