ਕੁੱਕੜ
ਸਥਿਤੀ :
ਤਹਿਸੀਲ ਜਲੰਧਰ ਦਾ ‘ਕੁੱਕੜ ਪਿੰਡ’ ਜਲੰਧਰ-ਫਗਵਾੜਾ ਸੜਕ ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਜਲੰਧਰ ਛਾਉਣੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜਿੱਥੇ ਇਹ ਪਿੰਡ ਵੱਸਿਆ ਹੋਇਆ ਹੈ ਉੱਥੇ ਕਦੀ ਬਾਦਸ਼ਾਹਪੁਰ ਨਾਂ ਦਾ ਪਿੰਡ ਵੱਸਦਾ ਸੀ। ਪਟਿਆਲੇ ਨੇੜਿਓਂ ਉਠ ਕੇ ਆਏ ਬਾਹੀਆ ਗੋਤ ਦੇ ਲੋਕਾਂ ਨੇ ਬਾਦਸ਼ਾਹਪੁਰ ਨੂੰ ਉਜਾੜ ਕੇ ਇਹ ਪਿੰਡ ਬੰਨਿਆ। ਜਦੋਂ ਬਾਹੀਆ ਗੋਤ ਦੇ ਲੋਕਾਂ ਦੀ ਅਬਾਦੀ ਵੱਧ ਗਈ ਤਾਂ ਉਹ ਦੁਆਬੇ ਵੱਲ ਆ ਗਏ ਅਤੇ ਉਹਨਾਂ ਨੇ ਬਾਦਸ਼ਾਹਪੁਰ ਦੇ ਵਸਨੀਕਾਂ ਨੂੰ ਇੱਥੋ ਕੱਢ ਕੇ ਆਪ ਕਬਜ਼ਾ ਕਰ ਲਿਆ। ਬਾਦਸ਼ਾਹਪੁਰ ਮੁਸਲਮਾਨਾਂ ਪਿੰਡ ਸੀ ਤੇ ਨਵੇਂ ਆਏ ਵਸਨੀਕ ਜੱਟ ਸਿੱਖ ਸਨ, ਇਸ ਲਈ ਉਹਨਾਂ ਨੇ ਨਾਂ ਬਦਲਣਾ ਚਾਹਿਆ, ਕਿਹਾ ਜਾਂਦਾ ਹੈ ਕਿ ਜਦੋਂ ਨਵੇਂ ਪਿੰਡ ਦੀ ਮੋਹੜੀ ਗੱਡੀ ਤਾਂ ਇੱਕ ਕੁੱਕੜ ਉਸ ਉਪਰ ਚੜ੍ਹ ਕੇ ਬਾਂਗ ਦੇਣ ਲੱਗ ਗਿਆ। ਇਸ ਨੂੰ ਚੰਗਾ ਸ਼ਗਨ ਸਮਝ ਕੇ ਪਿੰਡ ਦਾ ਨਾਂ ਵੀ ਕੁੱਕੜ ਰੱਖ ਦਿੱਤਾ। 8 ਅਕਾਲੀ ਮੋਰਚਿਆ ਅਤੇ ਅਜ਼ਾਦੀ ਦੀ ਲੜਾਈ ਵਿੱਚ ਜਥੇਦਾਰ ਸੁੰਦਰ ਸਿੰਘ, ਭਾਈ ਜਵੰਦ ਸਿੰਘ, ਨੌਰੰਗ ਸਿੰਘ, ਹਰੀ ਸਿੰਘ, ਧਰਮ ਸਿੰਘ ਤੇ ਹਜ਼ਾਰਾ ਸਿੰਘ ਨੇ ਕੁਰਬਾਨੀਆਂ ਦਿੱਤੀਆਂ। ਕੁਕੜ ਪਿੰਡ ਸ਼ੁਰੂ ਤੋਂ ਹੀ ਸਿੱਖ ਧਰਮ ਦਾ ਗੜ ਰਿਹਾ ਹੈ। ਸਮੇਂ ਸਮੇਂ ਉੱਠੀਆਂ ਸਿੱਖ ਲਹਿਰਾਂ ਵਿੱਚ ਇੱਥੋ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਬੱਬਰ ਅਕਾਲੀ ਲਹਿਰ ਵਿੱਚ ਇੱਥੋਂ ਦੇ ਬਾਬਾ ਬਸੰਤ ਸਿੰਘ ਨੇ ਅਹਿਮ ਰੋਲ ਅਦਾ ਕੀਤਾ। ਬਿਕਰਮ ਸਿੰਘ ਵੈਦ ਇੱਥੋਂ ਦੇ ਪ੍ਰਸਿੱਧ ਧਾਰਮਿਕ ਲਿਖਾਰੀ ਰਹੇ ਹਨ। ਬਾਬ ਪਿੰਡ ਦੇ ਚੜ੍ਹਦੇ ਪਾਸੇ ਵੱਲ ਪ੍ਰਸਿੱਧ ਗੁਰਦੁਆਰਾ ‘ਰਾਮਸਰ’ ਹੈ ਜੋ ਗੁਰੂ ਗੋਬਿੰਦ ਸਾਹਿਬ ਦੀ ਯਾਦ ਵਿੱਚ ਹੈ ਜਦੋਂ ਉਹ ਕਰਤਾਰਪੁਰ ਦੀ ਲੜਾਈ ਤੋਂ ਬਾਅਦ ਇੱਥੇ ਠਹਿਰੇ। ਸਨ। ਇਸ ਦੇ ਨਾਲ ਇੱਕ ਸਰੋਵਰ ਹੈ, ਜਿੱਥੇ ਇਸ਼ਨਾਨ ਕਰਨ ਨਾਲ ਖਾਰਸ਼, ਚੰਬਲ ਵਗੈਰਾ ਠੀਕ ਹੋ ਜਾਂਦੇ ਹਨ। ਬਾਬਾ ਬੁੱਢਾ ਜੀ ਦੀ ਜਗ੍ਹਾ ਤੇ ਵੀ ਹਰ ਸਾਲ ਮੇਲਾ ਲਗਦਾ ਹੈ। ਇਹਨਾਂ ਤੋਂ ਇਲਾਵਾ ਪਿੰਡ ਵਿੱਚ ਛੇ ਗੁਰਦੁਆਰੇ ਤੇ ਦੋ ਮੰਦਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ