ਨਗਰ
ਸਥਿਤੀ :
ਤਹਿਸੀਲ ਫਿਲੌਰ ਦਾ ਪਿੰਡ ਨਗਰ, ਫਿਲੌਰ ਨਵਾਂ-ਸ਼ਹਿਰ ਸੜਕ ਤੇ ਫਿਲੌਰ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਰਕਾਰੀ ਖੋਜ ਮਹਿਕਮੇ ਦੇ ਅਨੁਸਾਰ ਦੋ ਹਜ਼ਾਰ ਸਾਲ ਪਹਿਲਾਂ ਤਲਵਨ ਤੋਂ ਰਾਹੋਂ ਤੱਕ ਦਰਿਆ ਸਤਲੁਜ ਦੇ ਕਿਨਾਰੇ ਕੋਈ 200 ਕਿਲੋਮੀਟਰ ਇਲਾਕੇ ਦਾ ਨਾਂ ਫੂਲ ਨਗਰੀ ਹੋਇਆ ਕਰਦਾ ਸੀ ਕਹਿੰਦੇ ਹਨ ਕਿ ਇਸ ਫੂਲਾ ਨਗਰੀ ਵਿਚੋਂ ਫੂਲਾਂ ਤੋਂ ਫਿਲੌਰ ਤੇ ਨਗਰੀ ਤੋਂ ਇਹ ਪਿੰਡ ਨਗਰ ਵੱਸਿਆ।
ਇਹ ਪਿੰਡ ਵੀ ਬਹੁਤ ਪੁਰਾਣਾ ਹੈ ਅਤੇ ਮੁਗਲ ਰਾਜ ਤੋਂ ਪਹਿਲਾਂ ਵੱਸ ਚੁੱਕਾ ਸੀ। ਉਦੋਂ ਇੱਥੇ ਜ਼ਿਆਦਾਤਰ ਮੁਸਲਮਾਨ ਆਬਾਦੀ ਹੀ ਸੀ। ਇੱਥੇ ਸਦੀਆਂ ਪੁਰਾਣੇ ਸਿੱਕੇ ਵੀ ਮਿਲਦੇ ਹਨ। ਪਿੰਡ ਦਾ ਦਰਵਾਜਾ ਜਿਹੜਾ ਬੱਸ ਅੱਡੇ ਵਿੱਚ ਫਿਲੌਰ-ਨਵਾਂ ਸ਼ਹਿਰ ਸੜਕ ਉੱਤੇ ਹੈ ਸਦੀਆਂ ਪੁਰਾਣਾ ਹੈ ਅਤੇ ਇਸ ਉੱਪਰ ਇੱਕ ਪੱਥਰ ਤੇ ਲਿਖਾਵਟ ਹੈ ਜੋ ਖੋਜ ਮਹਿਕਮੇ ਕੋਲੋਂ ਵੀ ਪੜੀ ਨਹੀਂ ਗਈ।
ਇਸ ਪਿੰਡ ਵਿੱਚ ਤਿੰਨ ਹਰੀਜਨ ਕਾਲੋਨੀਆ ਤੋਂ ਇਲਾਵਾ ਲੇਘਾ, ਮਾਨ, ਚਾਹਲ ਤੇ ਸਿੱਧੂ ਗੋਤਾਂ ਦੇ ਕਿਸਾਨ ਹਨ। ਹਰ ਘਰ ਦਾ ਮੈਂਬਰ ਵਿਦੇਸ਼ਾਂ ਵਿੱਚ ਹੈ। ਪਿੰਡ ਦੇ ਲੋਕ ਕਾਫੀ ਪੜ੍ਹੇ ਲਿਖੇ ਅਤੇ ਉੱਚੇ ਆਹੁਦਿਆਂ ਤੇ ਹਨ।
ਇੱਥੇ 5 ਗੁਰਦੁਆਰੇ ਤੇ 2 ਮੰਦਿਰ ਹਨ। ਇੱਥੋਂ ਦੇ ਸ਼ਿਵ ਮੰਦਿਰ ਬਾਰੇ ਪਿੰਡ ਵਾਲੇ ਦਸਦੇ ਹਨ ਕਿ ਇਹ ਪਿੰਡ ਦੀ ਖੁਦਾਈ ਵੇਲੇ ਮਿਲਿਆ ਸੀ। ਇੱਥੇ ਬਾਬਾ ਵਡਭਾਗ ਸਿੰਘ . ਦੇ ਡੇਰੇ ਦੀ ਬ੍ਰਾਂਚ ਵੀ ਹੈ ਅਤੇ ਇੱਕ ਮੁਸਲਮਾਨ ਪੀਰ ਸਾਈਂ ਲੋਕ ਦੀ ਵੀ ਜਗ੍ਹਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ