ਚੀਮਾ ਕਲਾਂ-ਚੀਮਾ ਖੁਰਦ
ਸਥਿਤੀ :
ਤਹਿਸੀਲ ਫਿਲੌਰ ਦਾ ਇਹ ਪਿੰਡ ਚੀਮਾਂ ਕਲਾਂ ਤੇ ਚੀਮਾਂ, ਖੁਰਦ, ਫਿਲੌਰ – ਨੂਰ ਮਹਿਲ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਨੂਰ ਮਹਿਲ ਸਟੇਸ਼ਨ ਤੋਂ 2 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਚੀਮਿਆਂ ਵਾਲੇ ਆਪਣੇ ਆਪ ਨੂੰ ਪ੍ਰਿਥਵੀ ਰਾਜ ਚੌਹਾਨ ਦੀ ਕੁਲ ਵਿਚੋਂ ਦੱਸਦੇ ਹਨ। ਕਿਹਾ ਜਾਂਦਾ ਹੈ ਕਿ ਜਦੋਂ ਪ੍ਰਿਥਵੀ ਰਾਜ ਹਾਰ ਗਿਆ ਤਾਂ ਉਸ ਦੇ ਬਹੁਤ ਸਾਰੇ ਅਹਿਲਕਾਰ ਤੇ ਫੌਜੀ ਏਧਰ ਨੂੰ ਆ ਗਏ ਤੇ ਬਿਆਸ ਦਰਿਆ ਦੇ ਕੰਢੇ ਵੱਸ ਗਏ। ਉਹਨਾਂ ਵਿਚੋਂ ਦੋ ਭਰਾ ਨੂਰ ਮਹਿਲ ਦੇ ਨਜ਼ਦੀਕ ਵੱਸ ਗਏ। ਵੱਡੇ ਭਰਾ ਨੇ ਚੀਮਾ ਕਲਾਂ ਤੇ ਛੋਟੇ ਭਰਾ ਨੇ ਚੀਮਾ ਖੁਰਦ ਪਿੰਡ ਬੰਨੇ। ਚੀਮਾ ਗੋਤ ਸਿਰਫ ਜੱਟਾਂ ਦਾ ਹੀ ਨਹੀਂ ਸਗੋ ਬਹੁਤ ਸਾਰੇ ਰਾਜਪੂਤਾਂ ਤੋਂ ਹੋਏ ਮੁਸਲਮਾਨਾਂ ਦਾ ਵੀ ਸੀ।
ਅਜ਼ਾਦੀ ਦੀ ਲਹਿਰ ਵਿੱਚ ਇਹਨਾਂ ਪਿੰਡਾਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ। ਚੀਮਾ ਖੁਰਦ ਦੇ ਬਾਬਾ ਕਰਮ ਸਿੰਘ ਚੀਮਾ ਗ਼ਦਰ ਲਹਿਰ ਦੇ ਪ੍ਰਮੁੱਖ ਆਗੂਆਂ ਵਿਚੋਂ ਇੱਕ ਸਨ। ਅਮਰੀਕਾ ਵਿੱਚ ਹੀ ਬਾਬਾ ਕਰਮ ਸਿੰਘ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਤੇ ਭਾਰਤ ਆਉਂਦਿਆਂ ਹੀ ਗ੍ਰਿਫਤਾਰ ਕਰ ਲਏ ਗਏ ਸਨ, 1924-25 ਵਿੱਚ ਕਿਰਤੀ ਰਸਾਲਾ ਕਢਦੇ ਰਹੇ, ਕਈ ਸਾਲ ਜੇਲ੍ਹਾਂ ਕੱਟੀਆਂ ਤੇ ਪਿੰਡ ਵਿੱਚ ਨਜ਼ਰਬੰਦ ਰਹੇ। 1939 ਦੇ ਕਿਸਾਨ ਮੋਰਚੇ ਵਿੱਚ ਬਿਲਗਾ ਤੇ ਚੀਮਾ ਤੋਂ 30 ਵਿਅਕਤੀਆਂ ਦਾ ਜੱਥਾ ਗਿਆ। ਚੀਮਾ ਕਲਾਂ ਦੇ ਲੱਖਾ ਸਿੰਘ ਅਮਰੀਕਾ ਵਿੱਚ ਬਹੁਤ ਲੰਮਾ ਸਮਾਂ ਗ਼ਦਰ ਪਾਰਟੀ ਦੇ ਪ੍ਰਧਾਨ ਰਹੇ। ਤੇ ਹਰ ਤਰ੍ਹਾ ਦੀ ਮਦਦ ਭੇਜਦੇ ਰਹੇ। ਬਾਬਾ ਕਰਮ ਸਿੰਘ ਚੀਮਾ ਦੀ ਬਰਸੀ ਉਹਨਾਂ ਦੀ ਸਮਾਧ ਤੇ ਹਰ ਸਾਲ ਮਨਾਈ ਜਾਂਦੀ ਹੈ।
ਪਿੰਡ ਵਿੱਚ ਅਮਰੀਕਾ ਗਏ ਲੋਕਾਂ ਦੀ ਮਦਦ ਨਾਲ ਹੀ ਸਕੂਲ ਖੋਲ੍ਹਿਆ ਗਿਆ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ