ਕੁਲਥਮ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਕੁਲਥਮ, ਬੰਗਾ – ਫਗਵਾੜਾ ਸੜਕ ਤੋਂ 2 ਕਿਲੋਮੀਟਰ ਦੱਖਣ ਵੱਲ ਤੇ ਗੁਰਾਇਆ ਤੋਂ 10 ਕਿਲੋਮੀਟਰ ਉੱਤਰ ਪੂਰਬ ਵੱਲ ਵੱਸਿਆ ਹੋਇਆ ਹੈ। ਫਗਵਾੜਾ – ਨਵਾਂ ਸ਼ਹਿਰ ਰੇਲਵੇ ਸਟੇਸ਼ਨ ‘ਤੇ ‘ਸਟੇਸ਼ਨ ਕੁਲਥਮ ਅਬਦੁੱਲੇ ਸ਼ਾਹ’ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ 425 ਸਾਲ ਪੁਰਾਣਾ ਵੱਸਿਆ ਦੱਸਿਆ ਜਾਂਦਾ ਹੈ। ਯੂ. ਪੀ. ਵਿੱਚ ਗੰਗਾ ਦਰਿਆ ਦੇ ਕਿਨਾਰੇ ਇੱਕ ਕੁਲਥਮ ਨਾਂ ਦਾ ਪਿੰਡ ਸੀ। ਉਥੋਂ ਕੁਝ ਲੋਕ ਰੋਜ਼ੀ ਦੀ ਤਲਾਸ਼ ਵਿੱਚ ਪੰਜਾਬ ਆਏ। ਉਹਨਾਂ ਵਿਚੋਂ ਕੁਝ ਨੇ ਤਾਂ ਫਗਵਾੜਾ – ਹੁਸ਼ਿਆਰਪੁਰ ਸੜਕ ‘ਤੇ ਰੌਲ ਪਿੰਡ ਕੋਲ ਢੰਡੋਲੀ ਪਿੰਡ ਵਿੱਚ ਡੇਰਾ ਲਾ ਲਿਆ ਤੇ ਕੁਝ ਬੰਗਾ ਨੇੜੇ ਬੈਸ ਪਿੰਡ ਦੇ ਨਾਲ ਮੁਲਪੁਰ ਪਿੰਡ ਵਿੱਚ ਵਸ ਗਏ। ਕੁਝ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਈ ਦੇ ਕੰਗ ਚਲੇ ਗਏ। ਕੁਝ ਲੋਕ ਇਸ ਪਿੰਡ ਵਿੱਚ ਆ ਕੇ ਵੱਸ ਗਏ ਤੇ ਆਪਣੇ ਹੀ ਪਿੰਡ ਦਾ ਨਾਂ ‘ਕੁਲਥਮ’ ਰੱਖ ਲਿਆ। ਜਿਸ ਤਰ੍ਹਾਂ ਇਸ ਪਿੰਡ ਦੀਆਂ ਦੋ ਪੱਤੀਆਂ ਅਟਕੜ ਤੇ ਕੰਗ ਹਨ, ਕੁਝ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਪਿੰਡ ਮੁਸਲਮਾਨ ਰੰਗੜਾਂ ਦਾ ਸੀ ਅਤੇ ਇਸ ਦਾ ਨਾਂ ਪਹਿਲਾਂ ਹੀ ਕੁਲਥਮੀ ਸੀ, ਕੰਗ ਲੋਕ ਯੂ. ਪੀ. ਤੋਂ ਆਏ ਤੇ ਅਟਕੜ ਨਾਭੇ ਤੋਂ ਆਏ ਸਨ।
ਇਸ ਪਿੰਡ ਦਾ ਇੱਕ ਮੁਸਲਮਾਨ ਫਕੀਰ ਅਬਦੁੱਲੇ ਸ਼ਾਹ ਬਹੁਤ ਪਹੁੰਚਿਆ ਹੋਇਆ ਸੀ ਜਿਸਦੀ ਮਜ਼ਾਰ ਪਿੰਡ ਤੋਂ ਇੱਕ ਕਿਲੋਮੀਟਰ ਪੱਛਮ ਵੱਲ ਹੈ, ਇੱਥੇ ਹਰ ਸਾਲ 15 ਹਾੜ੍ਹ ਨੂੰ ਬਹੁਤ ਭਾਰੀ ਮੇਲਾ ਲੱਗਦਾ ਹੈ, ਪਾਕਿਸਤਾਨ ਤੋਂ ਵੀ ਲੋਕ ਆਉਂਦੇ ਹਨ। ਇਸ ਫਕੀਰ ਦੇ ਨਾਂ ‘ਤੇ ਹੀ ਰੇਲਵੇ ਸਟੇਸ਼ਨ ‘ਕੁਲਥਮ ਅਬਦੁੱਲੇ ਸ਼ਾਹ’ ਸੰਨ 1914 ਵਿੱਚ ਬਣਿਆ। ਪਿੰਡ ਵਿੱਚ ਇੱਕ ਮੰਦਰ ਤੇ 7 ਗੁਰਦੁਆਰੇ ਹਨ ਜਿਨ੍ਹਾਂ ਵਿਚੋਂ ਇੱਕ ‘ਗੁਰਦੁਆਰਾ ਸ਼ਹੀਦਾਂ’, ਦੋ ਭਜਨ ਬੰਦਗੀ ਕਰਨ ਵਾਲੇ ਪੱਕੇ ਮਿੱਤਰਾਂ ਦੀਆਂ ਸਮਾਧੀਆਂ ‘ਤੇ ਬਣਿਆ ਹੋਇਆ ਹੈ। ਪਿੰਡ ਦੇ ਲੋਕਾਂ ਵਿੱਚ ਇਸਦੀ ਬੜੀ ਮਾਨਤਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ