ਪਠਲਾਵਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਪਠਲਾਵਾ, ਬੰਗਾ-ਮੋਰਾਂਵਾਲਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਨਾਂ ਤਿੰਨ ਸੌ ਸਾਲ ਪਹਿਲਾਂ ਹਰੀਪੁਰ ਸੀ । ਹੱਟਾਂ ਵਾਲਾ ਖੂਹ ਜੋ ਅੱਜ ਵੀ ਪਿੰਡ ਵਿੱਚ ਮੌਜੂਦ ਹੈ, ਇਸ ਦੇ ਚਾਰੇ ਪਾਸੇ ਵੱਡੇ ਵੱਡੇ ਬਾਜ਼ਾਰ ਸਨ। ਇਸ ਸ਼ਹਿਰ ਵਿੱਚ ਪਲੇਗ ਫੈਲ ਗਈ। ਲੋਕੀ ਟੂਣਿਆਂ ਵਿੱਚ ਵਿਸ਼ਵਾਸ ਕਰਦੇ ਸਨ, ਇਸ ਲਈ ਕਿਹਾ ਗਿਆ ਕਿ ਸ਼ਹਿਰ ਦੇ ਆਲੇ ਦੁਆਲੇ ਪੁੱਠਾ ਹੱਲ ਫੇਰ ਦਿਉ ਤਾਂ ਬਿਮਾਰੀ ਖਤਮ ਹੋ ਜਾਏਗੀ। ਇੱਕ ਆਦਮੀ ਨੇ ਇਸੇ ਤਰ੍ਹਾਂ ਕੀਤਾ ਤਾਂ ਉਸਦੇ ਬਲਦ ਮਰ ਗਏ ਅਤੇ ਉਹ ਸ਼ਹਿਰ ਛੱਡ ਕੇ ਚਲਾ ਗਿਆ। ਪਿੰਡ ਉਸ ਥਾਂ ਨੂੰ ਛੱਡ ਕੇ ਪਰੇ ਹੋਕੇ ਵੱਸ ਗਿਆ। ਦੂਸਰੀ ਥਾਂ ਤੇ ਵਸਣ ਕਾਰਣ ਹੀ ਇਸ ਦਾ ਨਾਂ ਹਰੀਪੁਰ ਤੋਂ ‘ਪਠਲਾਵਾ’ ਪੈ ਗਿਆ। ਪਹਿਲਾਂ ਇਹ ਮੁਸਲਮਾਨਾਂ ਪਿੰਡ ਸੀ।
ਸਿੱਖਾਂ ਦੇ ਰਾਜ ਵੇਲੇ ਇੱਥੇ ਬੇਦੀਆਂ ਦਾ ਰਾਜ ਸੀ। ਗੁੱਜਰ ਅਤੇ ਸੈਣੀ ਬਰਾਦਰੀ ਦੇ ਲੋਕ ਇਹਨਾਂ ਦੇ ਮਾਰੂਸੀ ਸਨ । ਲੋਕੀਂ ਬੇਦੀਆਂ ਤੋਂ ਬਹੁਤ ਤੰਗ ਸਨ ਉਹਨਾਂ ਨੇ ਅੰਗਰੇਜ਼ਾਂ ਦੀ ਮਦਦ ਨਾਲ ਜ਼ਮੀਨਾਂ ਦੀ ਮਲਕੀਅਤ ਲੈ ਲਈ ਅਤੇ ਮਾਰੂਸੀਆਂ ਤੋਂ ਮਾਲਕ ਬਣ ਗਏ। ਇਸ ਪਿੰਡ ਦੀ ਮਹਾਨ ਹਸਤੀ ਸੰਤ ਘਨੱਈਆਂ ਸਿੰਘ ਜੀ ਹੋਏ ਹਨ। ਉਹ ਬਹੁਤ ਕਰਨੀ ਵਾਲੇ ਸੰਤ ਸਨ । ਉਹਨਾਂ ਨੇ ਪਿੰਡ ਵਿੱਚ ਖੂਹੀ ਲਾਈ ਜਿੱਥੇ ਉਹ ਸੁੱਕੇ ਹੋਏ ਬੱਚਿਆਂ ਦਾ ਇਲਾਜ ਕਰਦੇ ਸਨ। ਇਹਨਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਸੰਤ ਘਨ੍ਹਈਆ ਸਿੰਘ ਜੀ ਬਣਿਆ ਹੋਇਆ ਹੈ, ਅਤੇ ਸਾਲ ਵਿੱਚ ਦੋ ਵਾਰੀ ਇੱਥੇ ਸਮਾਗਮ ਹੁੰਦੇ ਹਨ। ਪਿੰਡ ਵਿੱਚ ਨਿਮਾਣੇ ਸ਼ਾਹ ਫਕੀਰ ਦੀ ਖਾਨਗਾਹ ਵੀ ਪੂਜਣਯੋਗ ਸਥਾਨ ਹੈ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ