ਗੜ੍ਹੀ ਅਜੀਤ ਸਿੰਘ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਗੜ੍ਹੀ ਅਜੀਤ ਸਿੰਘ, ਫਿਲੌਰ-ਰਾਹੋਂ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਜ਼ਮੀਨ ਮੁਕੰਦਪੁਰੀਏ ਸਰਦਾਰਾਂ ਦੀ ਚਰਾਗਾਹ ਸੀ। ਇੱਥੇ ਮੱਝਾਂ, ਗਾਵਾਂ ਦਾ ਦੁੱਧ ਚੋਅ ਕੇ ਕਾਮੇ ਮੁਕੰਦਪੁਰ ਦੁੱਧ ਪਹੁੰਚਾਂਦੇ ਸਨ । ਇੱਕ ਵਾਰੀ ਗਾਵਾਂ, ਮੱਝਾ ਇੱਕਠੀਆਂ ਘਾਹ ਚਰ ਰਹੀਆ ਸਨ ਤਾਂ ਇੱਕ ਬਾਘ ਨੇ ਵੱਛੀ ਤੇ ਹਮਲਾ ਕਰ ਦਿੱਤਾ। ਸਾਰੀਆਂ ਗਾਵਾਂ, ਮੱਝਾਂ ਨੇ ਵੱਛੀ ਦੁਆਲੇ ਘੇਰਾ ਪਾ ਲਿਆ ਅਤੇ ਬਾਘ ਨੂੰ ਨੇੜੇ ਨਾ ਆਣ ਦਿੱਤਾ। ਕਾਮੇ ਜਦੋਂ ਦੁੱਧ ਦੇ ਕੇ ਵਾਪਸ ਆਏ ਤਾਂ ਬਾਘ ਦੌੜ ਗਿਆ। ਇਸ ਗੱਲ ਤੋਂ ਮੁਕੰਦਪੁਰ ਸਰਦਾਰ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੇ ਇੱਥੇ ਪਿੰਡ ਵਸਾਇਆ ਅਤੇ ਉਸਦਾ ਨਾਂ ‘ਗੜ੍ਹੀ’ ਰੱਖਿਆ। ਇਸ ਜਗ੍ਹਾ ਤੇ ਪੁਰੇਵਾਲ ਲੋਕ ਵੱਸੇ। ਸਿੱਖ ਰਾਜ ਵੇਲੇ ਇੱਥੇ ਕਿਲ੍ਹਾ ਸੀ ਜਿਸ ਦਾ ਸਰਦਾਰ ਅਜੀਤ ਸਿੰਘ ਸੀ। ਉਸ ਵੇਲੇ ਤੋਂ ਪਿੰਡ ਦਾ ਨਾਂ ‘ਗੜ੍ਹੀ ਅਜੀਤ ਸਿੰਘ’ ਪੈ ਗਿਆ।
ਇਸ ਪਿੰਡ ਵਿੱਚ ਇੱਕ ਨਿਗਾਹਾ ਹੈ ਜਿਸ ਨੂੰ ‘ਸੁਲਤਾਨ ਦੀ ਜਗ੍ਹਾ’ ਕਹਿੰਦੇ ਹਨ। ਇਸ ਜਗ੍ਹਾ ਤੋਂ ਪਹਿਲਾਂ ਬਾਬੇ ਨਾਨਕ ਦਾ ਦੇਹਰਾ ਹੈ। ਕਹਿੰਦੇ ਹਨ ਕਿ ਸੁਲਤਾਨ ਨੇ ਕਿਹਾ ਸੀ ਕਿ ਜੋ ਕੋਈ ਪਹਿਲਾਂ ਬਾਬੇ ਨਾਨਕ ਦੇ ਦੇਹਰੇ ਮੱਥਾ ਟੇਕ ਕੇ ਇੱਥੇ ਆਏਗਾ ਕੇਵਲ ਉਸਦਾ ਚਾਲਾ ਮਨਜ਼ੂਰ ਹੋਏਗਾ। ਇਸ ਦੇ ਨਾਲ ਦਾ ਮੁੱਖ ਦੇਹਰਾ ਮੁਲਤਾਨ ਵਿੱਚ ਹੈ। ਇਸ ਨਿਗਾਹੇ ਤੇ ਹਰ ਸਾਲ 21 ਭਾਦੋਂ ਨੂੰ ਛਿੰਝ ਪੈਂਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ