ਰਿਕਾਸਨ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਰਿਕਾਸਨ, ਨਵਾਂ ਸ਼ਹਿਰ-ਚੰਡੀਗੜ੍ਹ ਸੜਕ ਤੋਂ 8 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜਮਦਗਨ ਤਪਸਵੀ ਆਖਦੇ, ਰਹੇ ਰਿਕਾਸਨ ਪਿੰਡ। ਉਸਦਾ ਹਾਲ ਸੁਣਾ ਦਿਆਂ, ਸੁਣ ਕੇ ਹੋਏ ਆਨੰਦ।
ਇਕ ਪੁਰਾਤਨ ਦੰਦ ਕਥਾ ਮੁਤਾਬਕ, ਚਿਰਾਨ ਵਿੱਚ ਰਾਜਾ ਚਣਕਿਆ ਰਾਜ ਕਰਦਾ ਸੀ। ਜਮਦਗਨ ਰਿਸ਼ੀ ਇਸ ਪਿੰਡ ਵਿੱਚ ਰਹਿੰਦਾ ਸੀ। ਰਾਜਾ ਚਣਕਿਆ ਨੇ ਰਿਸ਼ੀ ਤੋਂ ਖੁਸ਼ ਹੋ ਕੇ ਕੁਝ ਮੰਗਣ ਲਈ ਕਿਹਾ ਤਾਂ ਜਮਦਗਨ ਰਿਸ਼ੀ ਨੇ ਰਾਜੇ ਦੀ ਛੋਟੀ ਲੜਕੀ ਰੈਣਕਾ ਦਾ ਡੋਲਾ ਮੰਗਿਆ। ਰਿਸ਼ੀ ਦੇ ਸਰਾਪ ਤੋਂ ਡਰ ਕੇ ਰਾਜਾ ਨੇ ਰੈਣਕਾ ਦਾ ਡੋਲਾ ਜਮਦਗਨ ਨੂੰ ਦੇ ਦਿੱਤਾ। ਪਿੰਡ ਦਾ ਨਾਂ ਰਣਕਾਂ ਤੋਂ ਰਿਕਾਸਨ ਬਣ ਗਿਆ। ਪਿੰਡ ਵਿੱਚ ਰਾਣੀ ਰਣਕਾਂ ਦੀ ਸਮਾਧੀ ਮੌਜੂਦ ਹੈ ਜਿੱਥੇ ਲੋਕ ਮੱਥਾ ਟੇਕਦੇ ਹਨ।
ਪਿੰਡ ਵਿੱਚ ਗੁੱਗੇ ਜ਼ਾਹਿਰ ਪੀਰ ਦੀ ਜਗ੍ਹਾ ਹੈ ਅਤੇ ਇੱਕ ਮੁਸਲਮਾਨ ਦੀ ਖਾਨਗਾਹ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ। ਕਿਹਾ ਜਾਂਦਾ ਹੈ ਗੁੱਗੇ ਜ਼ਾਹਿਰ ਪੀਰ ਨੂੰ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ