ਰਾਹੋਂ
ਸਥਿਤੀ :
ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਨਗਰ ਕੌਸਲ ਕਲਾਸ ਤਿੰਨ ਹੈ। ਇਹ ਨਵਾਂ ਸ਼ਹਿਰ ਤੋਂ 7 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਨਗਰ ਦੇ ਪੁਰਾਣੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਨਗਰ ਸ੍ਰੀ ਰਾਮ ਚੰਦਰ ਜੀ ਦੇ ਦਾਦੇ ਰਾਜਾ ਰਘੂ ਨੇ ਵਸਾਇਆ ਸੀ। ਇਸੇ ਕਰਕੇ ਹੀ ਇਸ ਨਗਰ ਦਾ ਪਹਿਲਾਂ ਨਾ ਰਾਘੋਪੁਰ ਸੀ। ਰਾਹੋਂ ਨਾਂ ਦੇ ਬਾਰੇ ਇੱਕ ਪ੍ਰਚਲਤ ਗਲ ਇਹ ਹੈ ਕਿ ਇੱਥੇ ਇੱਕ ਰਾਜੂ ਕਿਤਨਾਂ ਨਾਂ ਦਾ ਆਦਮੀ ਸੀ। ਉਸ ਦੀ ਪਤਨੀ ਦਾ ਨਾਂ ਰਾਓ ਸੀ। ਦੋਵੇਂ ਮੀਆਂ ਬੀਵੀ ਧਾਰਮਿਕ ਤੇ ਦੁਖੀਆਂ ਦੀ ਸੇਵਾ ਕਰਨ ਵਾਲੇ ਸਨ। ਰਾਜੂ ਦੀ ਮੌਤ ਤੋਂ ਬਾਅਦ ਇੱਕ ਕਹਾਵਤ ਮਸ਼ਹੂਰ ਹੋ ਗਈ: ਮਰ ਗਿਆ ਰਾਜੂ ਕਿਤਨਾ, ਰਾਓ ਹੋ ਗਈ ਰੰਡ। ਕੌਣ ਖਿਲਾਵੇ ਘੀ ਸ਼ੱਕਰ ਅਤੇ ਕੌਣ ਬੰਨਾਏ ਪੰਡ। ਰਾਓ ਦੇ ਨਾਂ ਤੋਂ ਵਿਗੜਕੇ ਹੀ ਇਸ ਕਸਬੇ ਦਾ ਨਾਂ ‘ਰਾਹੋਂ’ ਪੈ ਗਿਆ। ਕਦੇ ‘ਰਾਹੋਂ” ਇੱਕ ਅਜ਼ਾਦ ਸਟੇਟ ਹੋਇਆ ਕਰਦੀ ਸੀ। ਇਸ ਨਗਰ ਦੇ ਚਾਰੇ ਪਾਸੇ ਲਾਹੌਰੀ, ਕਸ਼ਮੀਰੀ, ਅਜਮੇਰੀ ਅਤੇ ਦਿੱਲੀ ਦਰਵਾਜ਼ੇ ਹੁੰਦੇ ਸਨ। ਦਿੱਲੀ ਦਰਵਾਜ਼ੇ ਦੇ ਕੁਝ ਖੰਡਰ ਬਾਕੀ ਹਨ। ਇੱਥੇ ਕਈ ਤਰ੍ਹਾਂ ਦਾ ਵਾਪਾਰ ਹੁੰਦਾ ਸੀ ਅਤੇ ਇਹ ਨਗਰ ਦੀ ਅਬਾਦੀ ਦੋ ਲੱਖ ਦੇ ਕਰੀਬ ਹੋਇਆ ਕਰਦੀ ਸੀ।
ਰਾਹੋਂ ਮੰਦਰਾਂ ਦਾ ਨਗਰ ਵੀ ਹੈ। ਇੱਥੇ ਸੌ ਦੇ ਕਰੀਬ ਮੰਦਰ ਸਨ ਜਿਨ੍ਹਾਂ ਵਿਚੋਂ ਕਈ ਅਜੇ ਵੀ ਖੜੇ ਹਨ। ਇੱਥੇ ਬਾਬਾ ਬਾਲਕ ਨਾਥ ਦਾ ਮੰਦਰ, ਦੋ ਮਾਤਾ ਦੇ ਮੰਦਰ, ਇੱਕ ਸ਼ੀਤਲਾ ਮਾਤਾ ਦਾ ਮੰਦਰ ਅਤੇ ਇੱਕ ਕਾਲੀ ਮਾਈ ਦੇ ਮੰਦਰ ਤੋਂ ਇਲਾਵਾ ਹਿੰਦੁਸਤਾਨ ਦੇ ਜੈਨ ਧਰਮ ਦੇ ਬਾਨੀ ਆਤਮਾ ਰਾਮ ਜੈਨ ਜੀ ਦਾ ਵੀ ਇੱਕ ਮੰਦਰ ਹੈ। ਇਹਨਾਂ ਮੰਦਰਾਂ ਤੋਂ ਇਲਾਵਾ ਹੋਰ ਇੱਥੋਂ ਦੇ ਪ੍ਰਸਿੱਧ ਪੂਜਨੀਕ ਸਥਾਨ ਇਹ ਹਨ-ਸੂਰਜ ਕੁੰਡ, ਡੇਰਾ ਰਾਮਸਰ, ਡੇਰਾ ਪਰਮਹੰਸ, ਡੇਰਾ ਗੋਸਾਈ ਜੀ, ਮੰਦਰ ਬੁੱਧ ਗਿਰ, ਮੌਦਰ ਬਾਬਾ ਗੋਪੀ ਚੰਦ, ਮਕਬਰਾ ਸ਼ਾਹ ਨਵਾਜ਼, ਮਕਬਰਾ ਰੋਸ਼ਨ ਸ਼ਾਹ ਬਲੀ, ਮਕਬਰਾ ਬਾਬਾ ਮੁਰਕੀ ਸ਼ਾਹ, ਪੰਜਾ ਤੀਰਥੀਆਂ ਸਮਾਧੀ ਬਾਬਾ ਰਾਮਰਤਨ ਜੀ, ਸਮਾਧੀ ਬਾਬਾ ਔਗੜ, ਤਾਲਾਬ ਫ ਅਤੇ ਸਮਾਧੀ ਤਾਰਾ ਚੰਣ ਘੇਵਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ