ਪੁਰ ਹੀਰਾਂ
ਸਥਿਤੀ :
ਹੁਸ਼ਿਆਰਪੁਰ ਤੋਂ 5 ਕਿਲੋਮੀਟਰ ਦੂਰ ਹੁਸ਼ਿਆਰਪੁਰ – ਫਗਵਾੜਾ ਸੜਕ ‘ਤੇ ਸਥਿਤ ਇਹ ਪਿੰਡ ਪੁਰਹੀਰਾਂ ਹੁਣ ਹੁਸ਼ਿਆਰਪੁਰ ਨਗਰ ਪਾਲਿਕਾ ਵਿੱਚ ਸੰਮਿਲਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਹੁਤ ਪੁਰਾਣਾ ਹੈ ਅਤੇ ਕਈ ਵਾਰੀ ਉਜੜ ਕੇ ਵੱਸਿਆ ਹੈ। ਕਿਹਾ ਜਾਂਦਾ ਹੈ ਕਿ ਕਿਸੇ ਵੇਲੇ ਇਹ ਬਜਵਾੜੇ ਦਾ ਹੀ ਇੱਕ ਭਾਗ ਸੀ। ਇਸ ਪਿੰਡ ਦੀ ਖੁਦਾਈ ਵਿਚੋਂ ਕਈ ਪੁਰਾਤਨ ਮੱਟ ਅਤੇ ਮੂਰਤੀਆਂ ਮਿਲੀਆਂ ਹਨ ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਇੱਥੇ ਜ਼ਰੂਰ ਕੋਈ ਵਿਕਸਤ ਨਗਰ ਵੱਸਦਾ ਹੋਏਗਾ। ਇਸ ਪਿੰਡ ਸੰਬੰਧੀ ਇਹ ਪ੍ਰਚਲਤ ਗੱਲ ਹੈ ਕਿ ਖੋਖਰ ਨਾਂ ਦਾ ਇੱਕ ਅਹੀਰ ਜੱਟ ਦਿੱਲੀ ਤੋਂ ਇੱਥੇ ਆ ਕੇ ਵੱਸਿਆ। ਉਸਦੇ ਨਾਲ ਇੱਕ ਪੰਡਿਤ ਅਗਨੀਹੋਤਰੀ ਅਤੇ ਇੱਕ ਕਨੌਤ ਨਾਮਕ ਮਿਰਾਸੀ ਸੀ। ਇਹਨਾਂ . ਵਡੇਰਿਆਂ ਦੀ ਔਲਾਦ ਪਿੰਡ ਵਿੱਚ ਵੱਸਦੀ ਹੈ। ਕਿਉਂਕਿ ਇਹ ਪਿੰਡ ਸਹੋਤ ਜਾਤ ਦੇ ਅਹੀਰ ਜੱਟ ਨੇ ਵਸਾਇਆ ਇਸ ਲਈ ਇਸ ਦਾ ਨਾਂ ਹੀਰਾਂ ਦਾ ਪੁਰ ਪੈ ਗਿਆ ਜੋ ‘ਪੁਰਹੀਰਾਂ’ ਕਿਹਾ ਜਾਣ ਲੱਗਾ।
ਇੱਥੇ ਇੱਕ ਲਕਸ਼ਮੀ ਨਾਰਾਇਣ ਦਾ ਮੰਦਰ ਜੋਂ ਧੰਨਾ ਰਾਮ ਦੇ ਠਾਕਰ ਦੁਆਰੇ ਨਾਲ ਜਾਣਿਆ ਜਾਂਦਾ ਹੈ ਬਹੁਤ ਪ੍ਰਸਿੱਧ ਹੈ। ਇਸ ਮੰਦਰ ਵਿੱਚ 500 ਸਾਲ ਪੁਰਾਣੀ ਇੱਕ ਮੂਰਤੀ ਹੈ। ਦੂਸਰਾ ਪ੍ਰਸਿੱਧ ਮੰਦਰ ‘ਸਦਾ ਸ਼ਿਵ ਮੰਦਰ ਹੈ। ਇਸ ਮੰਦਰ ਵਿੱਚ ਬੇਸ਼ੁਮਾਰ ਪੁਰਾਣੀਆਂ ਮੂਰਤੀਆਂ ਹਨ। ਇਹ ਸਥਾਨ ਸ਼ਿਵ ਮੰਦਰ ਦੇ ਨਾਂ ਨਾਲ ਪ੍ਰਸਿੱਧ ਸਥਾਨ ਰਿਹਾ ਹੈ।
ਪਿੰਡ ਵਿੱਚ ਬਹੁਤ ਭਾਰੀ ਕਿਲ੍ਹੇ ਦੇ ਨਿਸ਼ਾਨ ਮੌਜੂਦ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਮੁਖੀ ਸਰਦਾਰ ਸ. ਗੁਰਮੁਖ ਸਿੰਘ ਨੇ ਬਣਵਾਇਆ ਸੀ। ਪਿੰਡ ਵਿੱਚ ਚਾਰ ਪ੍ਰਸਿੱਧ ਬਜ਼ੁਰਗਾਂ ਦੀਆਂ ਸਮਾਧਾਂ ਤੇ ਮਜ਼ਾਰ ਹਨ – ਬਾਬਾ ਧੰਨਾ ਰਾਮ, ਬਹਾਰ ਸ਼ਾਹ, ਜ਼ਾਹਰਪੀਰ।
ਸ੍ਰੀ ਹਰਿਗੋਬਿੰਦ ਸਾਹਿਬ ਜੀ ਗਰਨਾ ਸਾਹਿਬ ਤੋਂ ਹੁੰਦੇ ਹੋਏ ਕਰਤਾਰੁਪਰ ਨੂੰ ਜਾਂਦਿਆਂ ਇਸ ਪਿੰਡ ਵਿੱਚ ਠਹਿਰੇ ਸਨ ਅਤੇ ਪ੍ਰਚਲਤ ਗੱਲ ਇਹ ਹੈ ਕਿ ਉਹਨਾਂ ਨੇ ਬਾਬਾ ਜ਼ਾਹਰ ਪੀਰ ਦੀ ਮਾਨਤਾ ਕੀਤੀ ਜਿਹਨਾਂ ਨੂੰ ਇੱਥੋਂ ਦੇ ਲੋਕ ਬਹੁਤ ਮੰਨਦੇ ਸਨ। ਗੁਰੂ ਜੀ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਜ਼ਾਹਰਾ ਜ਼ਹੂਰ ਆਪਣੀ ਨਵੇਕਲੀ ਮਹੱਤਤਾ ਰੱਖਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ