ਕੰਗ (ਕੰਗਮਾਈ)
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਕੰਗ ਜਾਂ ਕੰਗਮਾਈ, ਦਸੂਆ – ਹੁਸ਼ਿਆਰਪੁਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮੌਜੂਦਾ ਜਗ੍ਹਾ ‘ਤੇ ਸੰਨ 1800 ਈਸਵੀ ਵਿੱਚ ਬੀਬੀ ਗਣੇਸ਼ੋ ਨੇ ਵਸਾਇਆ। ਬੀਬੀ ਗਣੇਸ਼ੋ ਬਹੁਤ ਤਪੱਸਵੀ ਸੀ ਅਤੇ ਇੱਕ ਵਾਰੀ ਇੱਕ ਮਹਾਤਮਾ ਬੀਬੀ ਗਣੇਸ਼ੋ ਨੂੰ ਮਿਲਣ ਆਇਆ। ਉਸਦੀ ਯੋਗ ਸੇਵਾ ਕਰਣ ਉਪਰੰਤ ਉਸਨੇ ਕੰਗਣ ਦੀ ਮੰਗ ਕੀਤੀ ਜੋ ਪੂਰੀ ਕੀਤੀ ਗਈ। ਉਸ ਮਹਾਤਮਾ ਨੇ ਇਸ ਸਥਾਨ ਦਾ ਨਾਮ ‘ਮਾਈ ਦਾ ਕੰਗਣ’ ਰੱਖਿਆ ਜੋ ਸਮੇਂ ਨਾਲ ‘ਕੰਗ ਮਾਈ’ ਬਣ ਗਿਆ।
ਪਿੰਡ ਵਿੱਚ ਗੁਰਦੁਆਰਾ ਭਾਈ ਮੰਝ ਹੈ। ਭਾਈ ਮੰਝ ਇਸ ਜਗ੍ਹਾ ‘ਤੇ 1640 ਤੋਂ 1670 ਈਸਵੀ ਤੱਕ ਰਹੇ। ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਨੂੰ ਪ੍ਰਚਾਰ ਲਈ ਇੱਥੇ ਭੇਜਿਆ ਸੀ। ਇਸ ਸਥਾਨ ‘ਤੇ ਉਹਨਾਂ ਦਾ ਲੜਕਾ ਸਾਵਨ ਦਾਸ ਹੋਇਆ। ਇਸ ਥਾਂ ’ਤੇ ਭਾਈ ਮੰਝ ਨੇ ਖੂਹ ਲਵਾਇਆ ਅਤੇ ਕਈ ਲੋਕਾਂ ਨੂੰ ਇੱਥੇ ਲਿਆ ਕੇ ਵਸਾਇਆ। ਇਸ ਪਿੰਡ ਵਿੱਚ ਗੁਰੂ ਅਰਜਨ ਦੇਵ ਜੀ ਦੀ ਦਿੱਤੀ ਹੋਈ ਇੱਕ ਤਵੀ ਮੌਜੂਦ ਹੈ ਜੋ ਥਲਿਓਂ ਕਾਲੀ ਨਹੀਂ ਹੁੰਦੀ। ਇੱਥੇ ਲੋਕ ਨਵੀਂ ਲਈ ਮੱਝ ਦਾ ਦੁੱਧ ਚੜਾਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ