ਮੂਨਕ ਕਲਾਂ
ਸਥਿਤੀ :
ਤਹਿਸੀਲ ਦਸੂਆ ਦਾ ਪਿੰਡ ਮੂਨਕ ਕਲਾਂ, ਜਲੰਧਰ-ਪਠਾਨਕੋਟ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਟਾਂਡਾ ਉੜਮੜ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਅੱਜ ਤੋਂ ਤਿੰਨ ਸੌ ਸਾਲ ਪਹਿਲਾਂ ਮੌਲਾ ਖਾਂ ਤੇ ਉਸਦੇ ਭਰਾ ਈਸਾ ਖਾਂ ਨੇ ਮਿੰਟਗੁਮਰੀ (ਪਾਕਿਸਤਾਨ) ਦੇ ਪਿੰਡ ਮੂਨਕ ਤੋਂ ਆ ਕੇ ਇੱਥੇ ਵਸਾਇਆ। ਇੱਥੇ ਜੰਗਲ ਬੀਆਬਾਨ ਹੋਣ ਕਰਕੇ ਉਹ ਆਪਣੇ ਮੁਜ਼ਾਰੇ ਇੱਥੇ ਛੱਡ ਕੇ ਚਲੇ ਗਏ। ਬਾਅਦ ਵਿੱਚ ਸੈਣੀ ਬਰਾਦਰੀ ਦੇ ਚਾਰ ਭਰਾ ਖਿਲੋ, ਕਦਾਰੀ, ਝੰਡਾ ਤੇ ਭੇਲੂ ਇੱਥੇ ਮੁਨਕ ਜਿਲ੍ਹਾ ਸੰਗਰੂਰ ਤੋਂ ਆਏ ਤੇ ਇਹ ਪਿੰਡ ਆਬਾਦ ਕੀਤਾ। ਪਿੰਡ ਦਾ ਨਾਂ ਪਿਛਲੇ ਪਿੰਡ ਤੋਂ ਮੁਨਕ ਹੋ ਗਿਆ। ਪਿੰਡ ਦੇ ਬਾਹਰ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ। ਗੁਰੂ ਜੀ ਆਪਣੇ ਮਿੱਤਰ ਪਾਂਡੇ ਖਾਂ ਜਿਹੜਾ ਗਿਲਜੀਆਂ ਦਾ ਰਹਿਣ ਵਾਲਾ ਸੀ ਨੂੰ ਮਿਲਣ ਆਏ ਸਨ ‘ ਅਤੇ ਵਾਪਸ ਮੁੜਦਿਆਂ ਇੱਥੇ ਠਹਿਰੇ ਸਨ। ਜਾਣ ਵੇਲੇ ਘੋੜੇ ‘ ਦਾ ਪੈਰ ਇੱਕ ਥਾਂ ਤੇ ਖੁੱਭ ਗਿਆ ਅਤੇ ਉਥੌਂ ਪਾਣੀ ਦਾ ਚਸ਼ਮਾ ਨਿਕਲ ਆਇਆ ਜੋ ਹੁਣ ਵੀ ਕਾਇਮ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ