ਇਹ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਐਚ. ਏ. ਰੋਜ਼ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਇਨ੍ਹਾਂ ਨੂੰ ਚੌਹਾਣ ਬੰਸ ਵਿਚੋਂ ਹੀ ਦੱਸਦਾ ਹੈ। ਰੋਜ਼ ਸਾਹਿਬ ਨੇ 1882 ਈ. ਅਤੇ 1892 ਈ. ਦੀ ਜਨਸੰਖਿਆਂ ਦੀਆਂ ਰਿਪੋਰਟਾਂ ਪੜ੍ਹ ਕੇ ਅਤੇ ਤਹਿਸੀਲਦਾਰਾਂ ਰਾਹੀਂ ਪਟਵਾਰੀਆਂ ਤੋਂ ਪਿੰਡ ਦੇ ਇਤਿਹਾਸ ਤੇ ਗੋਤਾਂ ਬਾਰੇ ਲਿਖਤਾਂ ਲੈ ਕੇ ਆਪਣੀ ਕਿਤਾਬ ਲਿਖੀ ਸੀ। ਕਲੇਰਾਂ ਦਾ ਪਿਛੋਕੜ ਮਾਲਵਾ ਹੀ ਹੈ। ਇਹ ਮਾਲਵੇ ਤੋਂ ਹੀ ਮਾਝੇ ਤੇ ਦੁਆਬੇ ਵਲ ਗਏ। ਲੁਧਿਆਣੇ ਜ਼ਿਲੇ ਵਿੱਚ ਇਸ ਗੋਤ ਦੇ ਲੋਕ ਵਿਆਹ ਸ਼ਾਦੀ ਸਮੇਂ ਆਪਣੇ ਜਠੇਰੇ ਦੀ ਉਸ ਦੇ ਮੱਠ ਤੇ ਪੂਜਾ ਕਰਦੇ ਹਨ। ਕਿਸੇ ਸਮੇਂ ਕਲੇਰ ਜੱਟ ਸੱਖੀ ਸਰਵਰ ਦੇ ਹੀ ਸੇਵਕ ਸਨ। ਇਹ ਲੋਕ ਨਵੀਂ ਸੂਈ ਮੱਝ ਜਾਂ ਗਊ ਦਾ ਦੁੱਧ ਪਹਿਲਾਂ ਕੁਆਰੀਆਂ ਕੁੜੀਆਂ ਨੂੰ ਪਿਆ ਕੇ ਫਿਰ ਆਪ ਵਰਤਦੇ ਸਨ। ਸਿੱਖੀ ਦੇ ਪ੍ਰਭਾਵ ਕਾਰਨ ਕਲੇਰ ਜੱਟਾਂ ਨੇ ਪੁਰਾਣੀਆਂ ਰਸਮਾਂ ਘਟਾ ਦਿੱਤੀਆਂ ਹਨ ਅਤੇ ਸੱਖੀ ਸਰਵਰ ਵਿੱਚ ਸ਼ਰਧਾ ਵੀ ਛੱਡ ਦਿੱਤੀ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਅਮਰਗੜ੍ਹ ਕਲੇਰ ਪਿੰਡ ਕਲੇਰ ਜੱਟਾਂ ਦਾ ਬਹੁਤ ਹੀ ਪ੍ਰਸਿੱਧ ਪਿੰਡ ਹੈ। ਲੁਧਿਆਣੇ ਦੇ ਨਜ਼ਦੀਕ ਹੀ ਕਲੇਰਾਂ ਪਿੰਡ ਵਿੱਚ ਕਲੇਰਾਂ ਵਾਲੇ ਸੰਤਾਂ ਦਾ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਹੈ। ਦੂਰ-ਦੂਰ ਤੋਂ ਲੋਕ ਇਸ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਂਦੇ ਹਨ।
ਮਾਝੇ ਵਿੱਚ ਧਾਰੀਵਾਲ ਕਲੇਰ ਪਿੰਡ ਕਲੇਰ ਜੱਟਾਂ ਦਾ ਪ੍ਰਸਿੱਧ ਪਿੰਡ ਹੈ। ਦੁਆਬੇ ਵਿੱਚ ਬੰਗਾਂ ਦੇ ਪਾਸ ਢਾਹ ਕਲੇਰਾਂ, ਫਰੀਦਕੋਟ ਵਿੱਚ ਕਲੇਰ ਅਤੇ ਸੰਗਰੂਰ ਵਿੱਚ ਕਾਂਜਲਾ ਵੀ ਕਲੇਰ ਜੱਟਾਂ ਦੇ ਉੱਘੇ ਪਿੰਡ ਹਨ। ਹਰਿਆਣੇ ਵਿੱਚ ਕਲੇਰ ਗੋਤ ਦੇ ਜੱਟ ਟੋਹਾਣਾ ਤਹਿਸੀਲ ਦੇ ਪ੍ਰਸਿੱਧ ਪਿੰਡ ਤਲਵਾੜਾ ਵਿੱਚ ਵੀ ਆਬਾਦ ਹਨ। ਜੀਂਦ ਖੇਤਰ ਵਿੱਚ ਵੀ ਕੁਝ ਕਲੇਰ ਜੱਟ ਵਸਦੇ ਹਨ। ਜੀਂਦ ਵਿੱਚ ਭੱਮਾਵਾੜੀ ਵਿੱਚ ਇਸ ਗੋਤ ਦੇ ਸਿੱਧ ਦੀਦਾਰ ਸਿੰਘ ਦੀ ਸਮਾਧ ਹੈ। ਜਿਥੇ ਮਾਘ ਵਦੀ ਪਹਿਲੀ ਨੂੰ ਇਸਦੀ ਪੂਜਾ ਕੀਤੀ ਜਾਂਦੀ ਹੈ । ਕਲੇਰ ਗੋਤ ਦਾ ਮੋਢੀ ਕੇਹਰ ਸੀ। ਇਸ ਨੂੰ ਕਲੇਰ ਵੀ ਕਹਿੰਦੇ ਸਨ। ਇਸ ਗੋਤ ਦੇ ਵਡੇਰੇ ਦਾਰਾ ਤੇ ਸੰਤੂ ਜਹਾਂਗੀਰ ਬਾਦਸ਼ਾਹ ਦੇ ਸਮੇਂ ਸਿਆਲਕੋਟ ਵਲ ਚਲੇ ਗਏ। ਕੁਝ ਕਲੇਰ ਮਿੰਟਗੁਮਰੀ ਵਿੱਚ ਵੀ ਆਬਾਦ ਹੋ ਗਏ। ਕੁਝ ਸਮੇਂ ਮਗਰੋਂ ਸੱਖੀ ਸਰਵਰ ਦੇ ਪ੍ਰਭਾਵ ਕਾਰਨ ਮਿੰਟਗੁਮਰੀ ਇਲਾਕੇ ਦੇ ਕਲੇਰ ਮੁਸਲਮਾਨ ਬਣ ਗਏ। ਪੂਰਬੀ ਪੰਜਾਬ ਦੇ ਸਾਰੇ ਕਲੇਰ ਜੱਟ ਸਿੱਖ ਹੀ ਹਨ। ਬੀ. ਐਸ. ਦਾਹੀਆ ਕਲੇਰ ਜੱਟਾਂ ਨੂੰ ਵੀ ਭੱਟੀ ਬੰਸ ਵਿਚੋਂ ਸਮਝਦਾ ਹੈ। ਇਹ ਠੀਕ ਨਹੀਂ ਹੈ। ਕੁਲਾਰ ਜ਼ਰੂਰ ਭੱਟੀ ਹਨ। ਚੌਹਾਣਾ ਦਾ ਉਪਗੋਤ ਦੁੱਲਟ ਵੀ ਕਲੇਰਾਂ ਵਾਂਗ ਆਪਣੇ ਸਿੱਧ ਦਿਦਾਰ ਸਿੰਘ ਦੀ ਮਾਨਤਾ ਕਰਦਾ ਹੈ।