ਮੱਲ੍ਹੀਆਂ ਵਾਲਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਮੱਲ੍ਹੀਆਂ ਵਾਲਾ, ਮੋਗਾ – ਕੋਟਕਪੂਰਾ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਉਮਰ 230 ਕੁ ਸਾਲ ਹੈ। ਇਹ ਮੱਲ੍ਹੀ ਗੋਤ ਦੇ ਚਾਰ ਸੱਕੇ ਭਰਾਵਾਂ ਨੇ ਬੰਨ੍ਹਿਆ ਤੇ ਇਹਨਾਂ ਚਾਰਾਂ ਦੇ ਨਾਂ ਤੇ ਪਿੰਡ ਦੀਆਂ ਚਾਰ ਪੱਤੀਆਂ ਹਨ। ਪਿੰਡ ਦਾ ਪਿਛੋਕੜ ਤਲਵੰਡੀ ਮੱਲ੍ਹੀਆਂ ਤੇ ਮੱਲ੍ਹੀਆਂ ਵਾਲਾ (ਬਰਨਾਲਾ) ਨਾਲ ਰਲਦਾ ਹੈ। ਇਹ ਚਾਰੇ ਮੱਲ੍ਹੀ ਭਰਾ ਕਾਲ ਪੈ ਜਾਣ ਕਰਕੇ ਪਿੰਡੋਂ ਨਿਕਲ ਪਏ ਤੇ ਚਲਦੇ ਚਲਦੇ ਇੱਥੇ ਆ ਟਿੱਕੇ। ਇਹ ਪਿੰਡ ‘ਲਛਮਣ ਸਿੱਧ’ ਦੀ ‘ਮਾੜੀ (ਯਾਦਗਾਰ) ਦੇ ਕੋਲ ਬੱਝਾ। ਮਾੜੀ ਕੋਲ ਬੱਝਣ ਦਾ ਕਾਰਨ ਇਹ ਸੀ ਕਿ ਲੋਕਾਂ ਦੇ ਇਕੱਠ ਇੱਥੇ ਹੁੰਦੇ ਰਹਿੰਦੇ ਸਨ ਤੇ ਜੀਵਨ ਦੀਆਂ ਲੋੜਾਂ ਤੇ ਨਿਰਬਾਹ ਦੇ ਸਾਧਨਾਂ ਦਾ ਪਤਾ ਲੱਗਦਾ ਰਹਿੰਦਾ ਸੀ। ਲਛਮਣ ਸਿੱਧ ਪੁਰਾਣੇ ਸਮਿਆਂ ਦਾ ਮਹਾਂਬਲੀ ਯੋਧਾ ਹੋਇਆ ਹੈ ਜੋ ਜ਼ੁਲਮ ਹੁੰਦਾ ਨਹੀਂ ਸੀ ਵੇਖ ਸਕਦਾ। ਉਸ ਨੇ ਸਮੇਂ ਦੇ ਜ਼ਾਲਮ ਲੋਕਾਂ ਨਾਲ ਟੱਕਰ ਆਰੰਭ ਦਿਤੀ ਤੇ ਆਪਣੀ ਸੈਨਾ ਬਣਾ ਕੇ ਘਸਮਾਨ ਮਚਾ ਦਿੱਤਾ। ਇਸ ਯੁੱਧ ਦਾ ਵੱਡਾ ਅਖਾੜਾ ਪਿੰਡ ‘ਮਾੜੀ ਮੁਸਤਫਾ’ ਬਣ ਗਿਆ। ਕਈ ਦਿਨਾਂ ਦੇ ਯੁੱਧ ਮਗਰੋਂ ਲਛਮਣ ਸਿੱਧ ਦਾ ਸਿਰ ਕੱਟਿਆ ਗਿਆ ਤੇ ਉਹ ਬਿਨਾਂ ਸਿਰੋਂ ਹੀ ਲੜਦਾ ਲੜਦਾ ਇਸ ਥਾਂ ਤੇ ਆਣ ਡਿੱਗਾ। ਉਸ ਦੇ ਸ਼ਰਧਾਲੂਆਂ ਨੇ ਪਿੰਡ ਮਾੜੀ ਮੁਸਤਫਾ ਵਿੱਚ ਸਿਰ ਦਾ ਸਸਕਾਰ ਕੀਤਾ ਤੇ ਮਲ੍ਹੀਆਂ ਵਾਲੇ ਕੋਲ ਬਣੀ ਮਾੜੀ ਵਾਲੀ ਥਾਂ ਤੇ ਧੜ ਦਾ ਸਸਕਾਰ ਕੀਤਾ। ਲੋਕੀ ਇਸ ਥਾਂ ਨੂੰ ਪੂਜਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ