ਸਿੰਘਾਂ ਵਾਲਾ
‘ਸਥਿਤੀ :
.ਤਹਿਸੀਲ ਮੋਗਾ ਦਾ ਪਿੰਡ ਸਿੰਘਾਂ ਵਾਲਾ, ਮੋਗਾ- ਕੋਟਕਪੂਰਾ ਸੜਕ ‘ਤੇ ਸਥਿਤ ਮੋਗਾ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਇੱਕ ਵਾਰ ਸਿੰਘਾਂ ਦਾ ਜੱਥਾ ਇੱਥੇ ਠਹਿਰਿਆ ਅਤੇ ਮਿਸਲ ਦੇ ਸਰਦਾਰ ਮੋਹਰ ਸਿੰਘ ਨੇ ਗੁਰਮਤਿ ਦੇ ਪ੍ਰਭਾਵ ਹੇਠ ਪਿੰਡ ਦਾ ਨਾਂ ਸਿੰਘਾਂ ਵਾਲਾ ਰੱਖਿਆ ਜੋ ਕਿ ਸਿੱਖੀ ਚੜ੍ਹਤ ਦਾ ਪ੍ਰਤੀਕ ਸੀ। ਇਹਨਾਂ ਸਿੰਘਾਂ ਦਾ ਸੰਬੰਧ ਦਮਦਮੇ ਵਾਲੀ ਟਕਸਾਲ ਨਾਲ ਦੱਸਿਆ ਜਾਂਦਾ ਹੈ। ਕਿਸੇ ਵੇਲੇ ਇਹ ਪਿੰਡ ਨਿਸ਼ਾਨ ਵਾਲੀ ਮਿਸਲ ਦਾ ਮਹੱਤਵਪੂਰਨ ਅੰਗ ਰਿਹਾ ਹੈ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ।
ਪਿੰਡ ਦੇ ਮੁਢਲੇ ਵਸਨੀਕ ਜੈਦ ਹਨ ਜੋ ਹਾਲੇ ਵੀ ਜੈਦ ਪੱਤੀ ਨਾਲ ਜਾਣੇ ਜਾਂਦੇ ਹਨ। ਬਹੁਤੇ ਘਰ ਦੂਸਰੇ ਪਿੰਡਾਂ ਜਿਵੇਂ ਧੱਲੇ ਕੇ, ਰੋੱਤ, ਚੰਦ ਅਤੇ ਘੱਲਾਂ ਤੋਂ ਆ ਕੇ ਵੱਸੇ ਹੋਏ ਹਨ। ਪਿੰਡ ਵਿੱਚ ਸਿੱਧੂ, ਜੈਦ, ਬਰਾੜ, ਧਾਲੀਵਾਲ ਅਤੇ ਗਿੱਲ ਗੋਤ ਦੇ ਜੱਟ ਹਨ ਜੋ ਇੱਥੋਂ ਦੇ ਜੱਦੀ ਵਸਨੀਕ ਮੰਨੇ ਜਾਂਦੇ ਹਨ। ਤੀਜਾ ਹਿੱਸਾ ਆਬਾਦੀ ਮਜ਼੍ਹਬੀ ਸਿੱਖਾਂ ਦੀ ਹੈ।
ਪਿੰਡ ਦੇ ਪੱਛਮ ਵੱਲ ਗੁਰਦੁਆਰਾ ਹੈ ਜਿਸ ਦਾ ਨਾਂ ‘ਗੁਰਮਤਿ ਸੰਗੀਤ ਵਿਦਿਆਲਾ’ ਹੈ। ਇੱਥੇ ਸੰਗੀਤ ਦੀ ਵਿਦਿਆ ਮੁਫਤ ਦਿੱਤੀ ਜਾਂਦੀ ਹੇ। ਇਸ ਸੰਗੀਤ ਵਿਦਿਆਲੇ ਦੀ ਨੀਂਹ ਸ. ਰਾਮ ਸਿੰਘ ਨੇ ਰੱਖੀ ਸੀ ਜੋ ਨਿਪੁੰਨ ਰਾਗੀ ਤੇ ਸੰਗੀਤਕਾਰ ਸਨ। ਸੰਗੀਤ ਵਿਦਿਆਲੇ ਕੋਲ 30 ਏਕੜ ਜ਼ਮੀਨ ਹੈ ਜਿਸ ਦੀ ਆਮਦਨ ਨਾਲ ਵਿਦਿਆਲੇ ਦਾ ਪ੍ਰਬੰਧ ਚਲਾਇਆ ਜਾਂਦਾ ਹੈ।
ਇਕ ਹੋਰ ਗੁਰਦੁਆਰਾ ਹੈ ਜਿਸ ਦੀ ਨੀਂਹ 1870 ਈ. ਵਿੱਚ ਇੱਕ ਹੋਰ ਗੁਰਸਿੱਖ ਬਾਬਾ ਮੋਹਰ ਸਿੰਘ ਨੇ ਰੱਖੀ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ