ਲੰਡੇ ਕੇ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਲੰਡੇ ਕੇ, ਮੋਗਾ- ਅੰਮ੍ਰਿਤਸਰ ਸੜਕ ‘ਤੇ ਸਥਿਤ ਮੋਗਾ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸੰਨ 1734-35 ਦੇ ਲਗਭਗ ਬੱਝਿਆ ਦੱਸਿਆ ਜਾਂਦਾ ਹੈ। ਇੱਕ ਪਰਿਵਾਰ ਦੇ ਤਿੰਨ ਭਰਾ ਸਨ ਲੰਢਾ, ਧੱਲਾ ਅਤੇ ਬੱਗਾ। ਲੰਢੇ ਤੇ ਧੱਲੇ ਨੇ ਇੱਥੇ ਆ ਕੇ ਡੇਰੇ ਲਾ ਲਏ ਫੇਰ ਮੋਗੇ ਤੋਂ ਗਿੱਲਾਂ ਨੇ ਆ ਕੇ ਇਹਨਾਂ ਨਾਲ ਲੜਾਈ ਕੀਤੀ। ਮਹਿਣੇ ਦੇ ਗਿੱਲਾਂ ਨੇ ਮੋਗੇ ਵਾਲਿਆਂ ਦੀ ਮਦਦ ਕੀਤੀ। ਫੇਰ ਲੰਢੇ ਤੇ ਬੱਗਾ ਮਾਝੇ ਵੱਲ ਚਲੇ ਗਏ। ਪਿੰਡ ਦਾ ਨਾਂ ਲੰਡੇ ਦੇ ਨਾਂ ਤੇ ‘ਲੰਡੇ ਕੇ’ ਪੈ ਗਿਆ। ਇਸ ਪਿੰਡ ਵਿੱਚ ਮੋਗੇ ਦੇ ਚਾਰ ਮੁੰਡਿਆਂ ਵਿਚੋਂ ਦੋਹਾਂ ਦੀ ਔਲਾਦ ਹੈ। ਮੋਗੇ ਦੇ ਚਾਰ ਮੁੰਡੇ ਸੰਗ, ਅਬੁਲ ਖੈਰ, ਸਰੋਤੀ ਤੇ ਰੂਪਾ ਸਨ। ਸੰਗ ਤੇ ਅਬੁਲ ਖੈਰ ਇੱਥੇ ਰਹਿਣ ਲੱਗੇ। ਬਾਜਾ ਪੱਤੀ ਸੰਗ ਦੀ ਔਲਾਦ ਹੈ ਅਤੇ ਪੁਰਾਣਾ ਪੱਤੀ ਅਬੁਲ ਖੈਰ ਦੀ ਔਲਾਦ ਹੈ।
ਇਸ ਪਿੰਡ ਵਿੱਚ ਬਹੁਤੇ ਲੋਕੀ ਗਿੱਲ ਤੇ ਸਿੱਧੂ ਗੋਤ ਦੇ ਹਨ। ਪਿੰਡ ਵਿੱਚ ਚਾਰ ਹਰੀਜਨ ਬਸਤੀਆਂ ਹਨ।
ਪਿੰਡ ਵਿੱਚ ਇੱਕ ਸ਼ਾਨਦਾਰ ਗੁਰਦੁਆਰਾ ਹੈ, ਜੋ ਸੰਤ ਬਾਬਾ ਸੁਰਤ ਸਿੰਘ ਜੋ ਕਰਨੀ ਵਾਲੇ ਸੰਤ ਹੋਏ ਹਨ, ਨੇ ਇੱਥੇ ਰਹਿ ਕੇ ਬਣਾਇਆ ਤੇ ਸੇਵਾ ਕੀਤੀ। ਉਹਨਾਂ ਦਾ ਜਨਮ ਬਲੋ (ਪੋਠੋਹਾਰ) ਦਾ ਸੀ ਅਤੇ ਉਹ 10 ਸਾਲ ਦੀ ਉਮਰ ਤੋਂ ਲੈ ਕੇ 74 ਸਾਲ ਤੱਕ ਇਸ ਪਿੰਡ ਵਿੱਚ ਰਹੇ। ਉਹਨਾਂ ਦੀ ਬਰਸੀ ਤੇ 17 ਚੇਤ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ