ਭਿੰਡਰ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਭਿੰਡਰ, ਧਰਮਕੋਟ-ਜਗਰਾਉਂ ਸੜਕ ਤੋਂ 3 ਕਿਲੋਮੀਟਰ ਦੂਰ ਸਥਿਤ, ਰੇਲਵੇ ਸਟੇਸ਼ਨ ਮੋਗਾ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪੰਜ ਸੌ ਸਾਲ ਤੋਂ ਜ਼ਿਆਦਾ ਪੁਰਾਣਾ ਦੱਸਿਆ ਜਾਂਦਾ ਹੈ । ਤੂਰ ਬੰਸ ਦੇ ਇੱਕ ਬਜ਼ੁਰਗ ਚੰਨਣ ਨੇ ਆਪਣੇ ਵਡੇਰੇ ‘ਭਿੰਡਰ’ ਦੇ ਨਾਂ ਤੇ ਇਹ ਪਿੰਡ ਵਸਾਇਆ। ਦੱਸਿਆ ਜਾਂਦਾ ਹੈ ਕਿ ਜਦੋਂ ਚੰਨਣ ਆਪਣੇ ਕਾਫ਼ਲੇ ਨਾਲ ਇੱਥੇ ਆਇਆ ਤਾਂ ਇੱਥੇ ਸਮਨ ਨਾਂ ਦਾ ਸਾਧੂ ਝੌਂਪੜੀ ਵਿੱਚ ਰਹਿੰਦਾ ਸੀ। ਕਾਫ਼ਲੇ ਦਾ ਸਰਦਾਰ ਉਸਦੀ ਝੌਂਪੜੀ ਵਿੱਚ ਹਾਜ਼ਰ ਹੋਇਆ ਤੇ ਸਾਧੂ ਨੇ ਉਸਨੂੰ ਇੱਥੇ ਵੱਸਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਹ ਧਰਤੀ ਬਹੁਤ ਤਪ ਤੇਜ਼ ਤੇ ਪ੍ਰਤਾਪ ਵਾਲੀ ਹੈ। ਬਾਬੇ ਸਮਨ ਦਾ ਡੇਰਾ ਅਜ ਵੀ ਪਿੰਡ ਦੇ ਵਿਚਕਾਰ ਹੈ ਅਤੇ ਉਸਦੇ ਹੱਥ ਦਾ ਲੱਗਿਆ ਨਿੰਮ ਦਾ ਦਰਖਤ ਡੇਰੇ ਵਿੱਚ ਮੌਜੂਦ ਹੈ।
ਇਸ ਪਿੰਡ ਵਿੱਚ ਗੁਰਦੁਆਰਾ ਅਖੰਡ ਪ੍ਰਕਾਸ਼ ਹੈ ਜੋ ਪਿੰਡ ਦੇ ਵਸਨੀਕ ਬਾਬਾ ਖਜ਼ਾਨ ਸਿੰਘ ਨੇ ਆਪਣੀ ਜ਼ਮੀਨ ਵਿੱਚ ਬਣਾਇਆ ਹੈ। ਇਹ ਗੁਰਦੁਆਰਾ ਭਿੰਡਰਾਂ ਦੀ ਮਸ਼ਹੂਰ ਟਕਸਾਲ ਦਾ ਕੇਂਦਰ ਹੈ। ਬਾਬਾ ਖਜ਼ਾਨ ਸਿੰਘ ਦੇ ਸਪੁੱਤਰ ਸੰਤ ਸੁੰਦਰ ਸਿੰਘ ਜਿਨ੍ਹਾਂ ਨੇ ਮੁਰਾੜੇ ਵਾਲੇ ਸੰਤਾਂ ਤੋਂ ਵਿਦਿਆ ਪ੍ਰਾਪਤ ਕੀਤੀ, ਭਿੰਡਰਾਂ ਦੀ ਟਕਸਾਲ ਦੇ ਬਾਨੀ ਸਨ। ਭਿੰਡਰਾਂ ਦੀ ਟਕਸਾਲ ਜੋ ਧਾਰਮਿਕ ਵਿਦਿਆ ਦੀ ਚਲਦੀ ਫਿਰਦੀ ਯੂਨੀਵਰਸਿਟੀ ਹੈ ਦਾ ਪਿਛੋਕੜ ਭਾਈ ਮਨੀ ਸਿੰਘ ਨਾਲ ਜੁੜਦਾ ਹੈ।
ਇਸ ਪਿੰਡ ਦੀ ਧਰਤੀ ਤੇ ਇੱਕ ਹੋਰ ਮਹਾਤਮਾ ਅਤੇ ਵਿਦਵਾਨ ਬਾਬਾ ਸੁੱਖਾ ਸਿੰਘ ਹੋਏ ਹਨ ਜੋ ਨਿਰਮਲ ਅਖਾੜੇ ਦੇ ਮੁੱਖੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ