ਮਹਿਦੇਵਕੇ ਮਧੇਕੇ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਮਹਿਦੇਵਕੇ ਜਾਂ ਮਧੇਕੇ, ਨਿਹਾਲ ਸਿੰਘ ਵਾਲਾ – ਸਲਾਵਤਪੁਰਾ ਸੜਕ ‘ਤੇ ਸਥਿਤ ਹੈ ਅਤੇ ਮੋਗੇ ਤੋਂ 41 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁੱਢ ਦੋ ਧਾਲੀਵਾਲ ਭਰਾਵਾਂ ਨੇ ਬੰਨ੍ਹਿਆ। ਮਹਿਦੇਵਕੇ ‘ਤੇ ਸਹਿਦੇਵਕੇ ਦੋ ਭਰਾਵਾਂ ਦੇ ਨਾਂ ‘ਤੇ ਨਾਲੋ ਨਾਲ ਪਿੰਡ ਮਹਿਦੇਵਕੇ (ਮਧੇਕੇ) ਅਤੇ ਸਹਿਦੇਵਕੇ (ਸੈਦੇ ਕੇ) ਹਨ। ਪਿੰਡ ਰਣਸੀਹ ਕਲਾਂ ਤੋਂ ਆਏ ਪੰਜ ਘਰਾਂ ਨੇ ਇਹ ਪਿੰਡ ਆਬਾਦ ਕੀਤਾ। ਪੰਜ ਘਰਾਂ ਦੇ ਦੁਆਲੇ ਕਿਲ੍ਹੇ ਦੀ ਕੰਧ ਹੁੰਦੀ ਸੀ। ਪੰਜ ਘਰਾਂ ਤੋਂ ਪੰਜ ਪੱਤੀਆਂ ਧਾਲੀਵਾਲਾ ਦੀਆਂ ਹਨ ਅਤੇ ਚੋਥਾ ਹਿੱਸਾ ਸਿੱਧੂ ਗੋਤ ਵਾਲਿਆਂ ਦਾ ਵੀ ਵਸਦਾ ਹੈ। ਪੰਜਾਂ ਪੱਤੀਆਂ ਦੀਆਂ ਚਾਰ ਧਰਮਸ਼ਾਲਾ ਹਨ ਤੇ ਇੱਕ ਹਰੀਜਨਾਂ ਦੀ ਧਰਮਸ਼ਾਲਾ ਹੈ।
ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਪਾਕਾ ਸਾਹਿਬ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ, ਚਕਰ, ਤਖਤੂਪੁਰਾ ਤੋਂ ਹੁੰਦੇ ਹੋਏ ਇਸ ਸਥਾਨ ਤੇ ਵੀ ਠਹਿਰੇ। ਉਸ ਵੇਲੇ ਉਨ੍ਹਾਂ ਦੀ ਉਂਗਲੀ ਤੇ ਪਾਕਾ ਨਿਕਲਿਆ ਹੋਇਆ ਸੀ। ਇੱਥੋਂ ਦੇ ਇੱਕ ਲੁਹਾਰ ਮੁਸਲਮਾਨ ਨੇ ਮੂੰਹ ਦੀ ਭਾਫ ਨਾਲ ਗੁਰੂ ਜੀ ਦੇ ਹੱਥ ਦੀ ਪੱਟੀ ਖੋਲ੍ਹੀ। ਉਸ ਸਮੇਂ ਗੁਰੂ ਜੀ ਨੇ ਉਸਨੂੰ ਵਰਦਾਨ ਦਿੱਤਾ ਕਿ ਤੇਰੇ ਘਰ ਰੋਜ਼ਾਨਾ ਸਵਾ ਮਣ ਨਮਕ ਤੌੜੀ ਵਿੱਚ ਰਿੱਝੇਗਾ – ਭਾਵ ਵੱਡਾ ਪਰਿਵਾਰ ਹੋਵੇਗਾ ਤੇ ਨਾਲ ਹੀ ਦੋ ਸ਼ਰਤਾਂ ਮੰਨਣ ਲਈ ਕਿਹਾ ਕਿ ਹੁੱਕਾ ਨਹੀਂ ਪੀਣਾ ਅਤੇ ਵੱਟੇ ਦੀ ਸ਼ਾਦੀ ਨਹੀਂ ਕਰਨੀ। ਉਸ ਪਰਿਵਾਰ ਦੀਆਂ ਕੁਝ ਪੀੜ੍ਹੀਆਂ ਬਾਅਦ ਇਹ ਸ਼ਰਤਾਂ ਭੰਗ ਹੋ ਗਈਆਂ ਤੇ ਮੁਸਲਮਾਨ ਲੁਹਾਰਾਂ ਦਾ ਪੱਤਣ ਹੋ ਗਿਆ।
ਪਿੰਡ ਵਿੱਚ ਬਾਬਾ ਸਰੂਪ ਦਾਸ ਉਦਾਸੀ ਦੀ ਸਮਾਧ ਅਤੇ ਇੱਕ ਮੁਸਲਮਾਨ ਫਕੀਰ ਦੀ ਸਮਾਧ ਪੂਜਨ ਯੋਗ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ