ਖੋਸੇ ਗੋਤ ਦਾ ਇਤਿਹਾਸ | Khose Goat History |

ਇਹ ਤੰਵਰ ਰਾਜਪੂਤਾਂ ਦੀ ਇਕ ਸ਼ਾਖ ਹੈ। ਚੌਹਾਣਾਂ ਨੇ ਤੰਵਰਾਂ ਤੋਂ ਦਿੱਲੀ ਦਾ ਰਾਜ ਕੋਹ ਲਿਆ। ਪ੍ਰਸਿੱਧ ਇਤਿਹਾਸਕਾਰ ਡਾਕਟਰ ਫੌਜ਼ਾ ਸਿੰਘ ਨੇ ਆਪਣੀ ਕਿਤਾਬ ‘ਪੰਜਾਬ ਦਾ ਇਤਿਹਾਸ’ ਜਿਲਦ ਤੀਜੀ ਵਿੱਚ ਲਿਖਿਆ ਹੈ “ਸੰਬਰ ਜਾਂ ਅਜਮੇਰ ਦੇ ਚੋਹਾਨਾਂ ਅਤੇ ਦਿੱਲੀ ਦੇ ਤੁਮਾਰਾਂ ਵਿਚਕਾਰ ਲੜਾਈਆਂ ਤੇ ਇਕ ਬਹੁਤ ਲੰਮੇ ਸਿਲਸਿਲੇ ਤੋਂ ਬਾਅਦ ਦਿੱਲੀ, 1164 ਈਸਵੀ ਤੋਂ ਪਹਿਲਾਂ, ਚੌਹਾਨਾਂ ਦੇ ਕਬਜ਼ੇ ਵਿੱਚ ਆ ਗਈ ਸੀ।” ਪੰਜਾਬ ਵਿੱਚ ਤੰਵਰਾਂ ਨੂੰ ਤੂਰ ਕਿਹਾ ਜਾਂਦਾ ਹੈ। ਤੂਰ ਆਪਣਾ ਦਿੱਲੀ ਦਾ ਰਾਜ ਖੁਹਾਕੇ 1164 ਈਸਵੀ ਦੇ ਮਗਰੋਂ ਪੰਜਾਬ ਦੇ ਮੋਗੇ ਦੇ ਇਲਾਕੇ ਵਿੱਚ ਆ ਗਏ। ਰਾਜ ਖੁਸਾਉਣ ਤੋਂ ਹੀ ਇਨ੍ਹਾਂ ਦਾ ਨਾਮ ਖੋਸੇ ਪੈ ਗਿਆ। ਇਸ ਗੋਤ ਦਾ ਵੱਡੇਰਾ ਰਣਧੀਰ ਸੀ। ਜਿਸ ਜਗਾਹ ਖੋਸੇ ਠਹਿਰੇ ਉਸ ਦਾ ਨਾਮ ਖੋਸਾ ਰਣਧੀਰ ਪੈ ਗਿਆ। ਇਹ ਪਿੰਡ ਜਨੇਰ ਤੋਂ ਦੋ ਕੁ ਮੀਲ ਦੂਰ ਸੱਤਲੁਜ ਦਰਿਆ ਦੇ ਪੁਰਾਣੇ ਵਹਿਣ ਉੱਤੇ ਹੈ । ਖੋਸੇ ਗੋਤ ਦੇ ਲੋਕ ਖੋਸਾ ਰਣਧੀਰ ਪਿੰਡ ਦੇ ਛੱਪੜ ਉੱਤੇ ਆਪਣੀਆਂ ਸੁੱਖਾਂ ਲਾਹੁੰਦੇ ਹਨ। ਏਥੇ ਮਾਘ ਵਿੱਚ ਮੇਲਾ ਲੱਗਦਾ ਹੈ। ਖੋਸਿਆਂ ਦਾ ਗੋਤ ਤਾਂ ਤੂਰ ਹੈ ਪਰ ਹੁਣ ਇਨ੍ਹਾਂ ਦੀ ਅਲ ਖੋਸੇ ਹੀ ਗੋਤ ਦੇ ਤੌਰ ਤੇ ਪ੍ਰਚਲਤ ਹੋ ਗਈ ਹੈ।

ਖੋਸੇ ਗੋਤ ਦਾ ਇਤਿਹਾਸ | Khose Goat History |

1911 ਈਸਵੀ ਦੀ ਰਿਪੋਰਟ ਅਨੁਸਾਰ ‘ਰੱਤੀਆਂ’ ਪਿੰਡ ਦੇ ਖੋਸੇ ਜਨੇਉ ਪਾਉਂਦੇ ਅਤੇ ਦੂਜਿਆਂ ਨਾਲ ਵਰਤਣੋਂ ਪਰਹੇਜ ਕਰਦੇ ਸਨ । ਪਹਿਲਾਂ ਪਹਿਲ ਖੋਸੈ ਲੜਾਕੂ ਤੇ ਜਰਾਇਮ ਪੇਸ਼ਾ ਸਨ। ਹੁਣ ਇਹ ਸਾਰੇ ਸਿੱਖ ਹਨ। ਸਿੱਖ ਧਰਮ ਵਿੱਚ ਆਉਣ ਤੋਂ ਮਗਰੋਂ ਖੋਸਿਆਂ ਨੇ ਆਪਣੇ ਪੁਰਾਣੇ ਰਸਮ ਰਿਵਾਜ ਛੱਡ ਦਿੱਤੇ ਹਨ। ਵਿਦਿਆ ਪ੍ਰਾਪਤ ਕਰਕੇ ਤਰੱਕੀ ਕਰ ਰਹੇ ਹਨ। ਮੋਗੇ ਦੇ ਨਾਲ ਲੱਗਦੇ ਖੋਸਿਆਂ ਦੇ 12 ਪਿੰਡ ਹਨ। ਇਨ੍ਹਾਂ ਦਾ ਮੋਢੀ ਪਿੰਡ ਤਾਂ ਖੋਸਾ ਰਣਧੀਰ ਸਿੰਘ ਹੀ ਹੈ। ਅਟਾਰੀ ਅਤੇ ਬਲਖੰਡੀ ਦੇ ਸਰਦਾਰ ਖੋਸੇ ਸਿੱਖ ਹਨ। ਖੋਸੇ ਕਲਾਂ ਵੀ ਖੋਸੇ ਜੱਟਾਂ ਦਾ ਬਹੁਤ ਵੱਡਾ ਪਿੰਡ ਹੈ। ਫਿਰੋਜ਼ਪੁਰ ਦੇ ਇਲਾਕੇ ਵਿੱਚ ਖੋਸੇ ਜੱਟਾਂ ਦੇ ਕਈ ਪਿੰਡ ਹਨ। ਜ਼ੀਰਾ ਵਿੱਚ ਖੋਸਾ ਕੋਟਲਾ, ਮੋਗੇ ਵਿੱਚ ਖੋਸਾ ਪਾਂਡੋ, ਤਲਵੰਡੀ ਭਾਈ ਵਿੱਚ ਹੋਲਾਂ ਵਾਲੀ ਆਦਿ ਪਿੰਡਾਂ ‘ਚ ਵੀ ਖੋਸਿਆਂ ਦੀ ਹੀ ਬਹੁ-ਗਿਣਤੀ ਹੈ। ਕੁਝ ਖੋਸੇ ਮੁਕਤਸਰ ਅਤੇ ਸਿਰਸੇ ਦੇ ਇਲਾਕੇ ਵਿੱਚ ਵੀ ਵਸਦੇ ਹਨ। ਬਠਿੰਡੇ ਦੇ ਇਲਾਕੇ ਵਿੱਚ ਵੀ ਖੋਸਾ ਪਿੰਡ ਖੋਸੇ ਜੱਟਾਂ ਦਾ ਹੀ ਹੈ। ਇਕ ਖੋਸਾ ਪਿੰਡ ਸਰਹੰਦ ਦੇ ਨਜ਼ਦੀਕ ਖੋਸੇ ਜੱਟਾਂ ਦਾ ਸੀ। ਇਸ ਪਿੰਡ ਦੇ ਲਾਲ ਸਿੰਘ ਖੋਸੇ ਨੇ ਮੁਗ਼ਲਾਂ ਨਾਲ ਟੱਕਰ ਲਈ ਸੀ। ਇਸ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਗੰਜ ਸਲ੍ਹੀਣਾ ਜ਼ਿਲਾ ਮੋਗਾ ਵਿੱਚ ਬਣਿਆ ਹੋਇਆ ਹੈ। ਇਕ ਹੋਰ ਰਵਾਇਤ ਹੈ ਕਿ ਖੋਸਿਆਂ ਦੇ ਵਡੇਰੇ ਰਣਧੀਰ # ਨੂੰ ਦਿੱਲੀ ਛੱਡਣ ਮਗਰੋਂ ਬਚਪਨ ਵਿੱਚ ਜਨਮ ਸਮੇਂ ਕਿਸੇ ਇੱਲ ਨੇ ਬਚਾ ਲਿਆ ਸੀ। ਇਸ ਕਾਰਨ ਉਹ ਵਿਆਹ, ਸ਼ਾਦੀਆਂ ਸਮੇਂ ਖੁਸ਼ੀ, ਖੁਸ਼ੀ ਇੱਲਾਂ ਨੂੰ ਰੋਟੀਆਂ ਪਾਉਂਦੇ ਹਨ। ਖੋਸਿਆਂ ਦੀ ਕੁਝ ਰਸਮਾਂ ਆਮ ਜੱਟਾਂ ਨਾਲ ਮਿਲਦੀਆਂ ਨਹੀਂ ਹਨ। ਵਿਆਹ ਸਮੇਂ ਖੋਸੇ ਗੋਤ ਦਾ ਡੂਮ ਚਰਖੇ ਤੇ ਤੱਕਲੇ ਨੂੰ ਛੁਪਾ ਕੇ ਰਖਦਾ ਹੈ। ਵਿਆਂਦੜ ਜੋੜੀ ਇਸ ਨੂੰ ਲੱਭਦੀ ਹੈ, ਇਸ ਤਰ੍ਹਾਂ ਬਰਾਦਰੀ ਜੋੜੀ ਦੀ ਅਕਲ ਦੀ ਪਰਖ ਕਰਦੀ ਹੈ। ਹੁਣ ਬਹੁਤੇ ਜੱਟਾਂ ਨੇ ਪੁਰਾਣੇ ਰਿਵਾਜ ਛੱਡ ਹੀ ਦਿੱਤੇ ਹਨ। ਕੁਝ ਖਾਣਾਂ ਦਾ ਗੋਤ ਵੀ ਖੋਸਾ ਹੁੰਦਾ ਹੈ। ਹੋ ਸਕਦਾ ਹੈ ਕਿ ਕੁਝ ਗਰੀਬ ਜੱਟ ਖਾਣਾਂ ਕੰਮ ਕਰਨ ਕਰਕੇ ਖਾਣ ਬਰਾਦਰੀ ਵਿੱਚ ਰਲਮਿਲ ਗਏ ਹੋਣ। ਤ੍ਰਖਾਣ ਇਸਤਰੀਆਂ ਨਾਲ ਵਿਆਹ ਕਰਾਉਣ ਕਾਰਨ ਵੀ ਕਈ ਜੱਟ ਗੋਤ ਤ੍ਰਖਾਣ ਜਾਤੀ ਵਿੱਚ ਰਲ ਗਏ। ਗੋਤ ਨਹੀਂ ਬਦਲਿਆ ਪਰ ਜਾਤ ਬਦਲ ਗਈ ਸੀ। ਪੰਜਾਬ ਵਿੱਚ ਖੋਸੇ ਗੋਤ ਦੇ ਲੋਕ ਬਹੁਤ ਘੱਟ ਹਨ। ਕੁਝ ਖੋਸੇ ਆਪਣਾ ਗੋਤ ਤੂਰ ਵੀ ਲਿਖਦੇ ਹਨ। ਕੰਧੋਲੇ, ਨੈਨ, ਚੰਦੜ, ਸੀੜੇ, ਢੰਡੇ ਤੇ ਗਰਚੇ ਵੀ ਤੂਰਾਂ ਵਿਚੋਂ ਹਨ। ਤੂਰ ਵੱਡਾ ਗੋਤ ਹੈ। ਖੋਸੇ ਮੁਸਲਮਾਨ ਬਲੋਚ ਵੀ ਹਨ। ਇਨ੍ਹਾਂ ਦੀ ਖੋਸੇ ਜੱਟਾਂ ਨਾਲ ਕੋਈ ਵੀ ਸਾਂਝ ਨਹੀਂ ਰਲਦੀ। ਤੰਵਰ ਜਾਂ ਤੁਰ ਜੱਟਾਂ ਦਾ ਬਹੁਤ ਹੀ ਪ੍ਰਾਚੀਨ ਰਾਜ ਘਰਾਣਾ ਹੈ। ਇਹ ਪਾਂਡੂ ਬੰਸ ਨਾਲ ਸੰਬੰਧਤ ਹਨ। ਖੋਸਾ ਤੁਰ ਜੱਟਾਂ ਦਾ ਬਹੁਤ ਹੀ ਪ੍ਰਸਿੱਧ ਉਪਗੋਤ ਹੈ। ਇਨ੍ਹਾਂ ਨੇ ਬਦੇਸ਼ਾਂ ਵਿੱਚ ਜਾਕੇ ਵੀ ਬਹੁਤ ਉੱਨਤੀ ਕੀਤੀ ਹੈ। ਖੋਸਿਆਂ ਵਾਂਗ ਸੀੜੇ ਵੀ ਤੰਵਰਾਂ ਵਿਚੋਂ ਹਨ। ਤੰਵਰ ਤੇ ਤੁਰ ਇਕੋ ਹੀ ਗੋਤ ਹੈ। ਜਦੋਂ ਦੁਸ਼ਮਣ ਨੇ ਤੂਰਾਂ ਦੇ ਕਿਲ੍ਹੇ ਤੇ ਕਬਜ਼ਾ ਕਰ ਲਿਆ ਤਾਂ ਕੁਝ ਤੂਰ ਸੀੜੀ ਲਾਕੇ ਕਿਲ੍ਹੇ ਵਿਚੋਂ ਨਿਕਲ ਕੇ ਪੰਜਾਬ ਵਿੱਚ ਆਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇਨ੍ਹਾਂ ਦੀ ਅਲ ਸੀੜੇ ਪੈ ਗਈ। ਤੁਰ ਦਿੱਲੀ ਦਾ ਰਾਜ ਖੁਸਣ ਮਗਰੋਂ ਪੰਜਾਬ, ਹਰਿਆਣਾ ‘ਤੇ ਰਾਜਸਤਾਨ ਵਿੱਚ ਆਕੇ ਭਾਰੀ ਗਿਣਤੀ ਵਿੱਚ ਆਬਾਦ ਹੋ ਗਏ ਸਨ। ਤੰਵਰ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਪੰਜਾਬ ਵਿੱਚ ਤੰਵਰਾਂ ਦੇ ਕਈ ਛੋਟੇ-ਛੋਟੇ ਗੋਤ ਵਸਦੇ ਹਨ।

ਖੋਸੇ ਗੋਤ ਦਾ ਇਤਿਹਾਸ | Khose Goat History |

 

Leave a Comment

error: Content is protected !!