ਪੰਜ ਗਰਾਈਂ ਕਲਾਂ
ਸਥਿਤੀ :
ਤਹਿਸੀਲ ਬਾਘਾ ਘੁਰਾਣਾ ਦਾ ਇਹ ਪਿੰਡ ਪੰਜ ਗਰਾਈਂ ਕਲਾਂ ਮੋਗਾ – ਕੋਟ ਕਪੂਰਾ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੋਟਕਪੂਰੇ ਤੋਂ 16 ਕਿਲੋਮੀਟਰ ਦੂਰ है।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਸ ਪਿੰਡ ਦੇ ਨਾਂ ਸਬੰਧੀ ਇਹ ਧਾਰਨਾ ਪ੍ਰਚਲਤ ਹੈ ਕਿ ਸ਼ਾਇਦ ਇਸ ਪਿੰਡ ਦੇ ਬੱਝਣ ਵੇਲੇ ਪੰਜਾਂ ਪਿੰਡਾਂ ਤੋਂ ਰਿਸ਼ਤੇਦਾਰ ਉਠ ਕੇ ਆਏ ਤੇ ਉਹਨਾਂ ਇੱਥੇ ਪਹਿਲਾ ਵਸੇਬਾ ਕੀਤਾ। ਪ੍ਰਾਪਤ ਇਤਿਹਾਸਕ ਹਵਾਲਿਆਂ ਅਨੁਸਾਰ ਕੋਟ ਕਪੂਰਾ ਇਸ ਤੋਂ ਬਹੁਤ ਚਿਰ ਪਿੱਛੋਂ ਹੋਂਦ ਵਿੱਚ ਆਇਆ ਤੇ ਇਸ ਦਾ ਨਾਂ ਪੰਜ ਗਰਾਈਂ ਦੇ ਹੀ ਇੱਕ ਚੌਧਰੀ ਕਪੂਰੇ ਦੇ ਨਾਂ ਤੇ ਪਿਆ। ਪਿੰਡ ਦੀ ਕੁੱਲ ਅਬਾਦੀ ਦੇ 65 ਫੀਸਦੀ ਸਿੱਧੂ, ਗਿੱਲ, ਸਰਾਂ ਤੇ ਸੰਧੂ ਜੱਟ ਹਨ ਤੇ 35 ਫੀਸਦੀ ਹੋਰ ਜਾਤਾਂ ਦੇ ਲੋਕ ਹਨ।
ਇਸ ਪਿੰਡ ਵਿੱਚ ਕਈ ਗੁਰਦੁਆਰੇ ਤੇ ਡੇਰੇ ਹਨ। ਪਰ ਵਰਨਣਯੋਗ ਡੇਰਾ ਨਿਰਮਲਾ ਮਹਿਮੇ ਸ਼ਾਹੀ ਦਾ ਹੈ। ਇਹ ਡੇਰਾ 1836 ਤੋਂ ਕੰਮ ਕਰ ਰਿਹਾ ਹੈ। ਇਸ ਦੇ ਮੋਢੀ ਮਹੰਤ ਮਲੂਕ ਸਿੰਘ ਗੋਦੜੀਏ ਸਨ, ਜੋ ਸਾਰਾ ਜੀਵਨ ਇੱਕ ਹੀ ਗੋਦੜੀ ਵਿੱਚ ਰਹੇ। ਹਜ਼ਾਰਾਂ ਤੋਪੇ ਤੇ ਟਾਕੀਆਂ ਲੱਗੀ ਇਹ ਗੋਦੜੀ ਅਜੇ ਵੀ ਡੇਰੇ ਵਿੱਚ ਮੌਜੂਦ ਹੈ। ਇਸ ਦੇ ਇੱਕ ਮਹੰਤ ਅਤਰ ਸਿੰਘ ‘ਨਿਰਮਲ ਪੰਚਾਇਤੀ ਅਖਾੜਾ’ ਕੰਥਲ (ਹਰਦੁਆਰ) ਦੇ ਮੁਖੀ ਮਹੰਤ ਵੀ ਰਹੇ ਹਨ। ਇਸ ਡੇਰੇ ਦੀ ਆਮਦਨ ਵਿਚੋਂ ਇੱਕ ਲੱਖ ਰੁਪਏ ਨਾਲ ਸੰਤ ਅਤਰ ਸਿੰਘ ਐਜੂਕੇਸ਼ਨ ਟਰਸੱਟ ਬਣਾਇਆ ਗਿਆ ਹੈ। ਜਿਸ ਦੇ ਵਿਆਜ ਦੀ ਆਮਦਨ ਨਾਲ ਪਿੰਡ ਵਿੱਚ ਸਕੂਲ ਦੀ ਵਧੀਆ ਇਮਾਰਤ ਬਣਾਈ ਗਈ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ